ਪੰਜਾਬ ਦਾ ਪ੍ਰਸ਼ਾਸਕੀ ਤਾਣਾ ਬਾਣਾ ਹਿੱਲਿਆ

ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਪੁਲਿਸ ਅਧਿਕਾਰੀਆਂ ਨਾਲ ਮਿਲੀਭੁਗਤ ਦੀਆਂ ਸਾਹਮਣੇ ਆਈਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਵੀਡੀਓ ਦੇ ਸਾਹਮਣੇ ਆਉਣ ਪਿੱਛੋਂ ਇਹ ਵੀ ਕਾਫੀ ਹੱਦ ਤੱਕ ਸਾਫ ਹੋ ਗਿਆ ਹੈ ਕਿ ਜੇਲ੍ਹਾਂ ਅੰਦਰ ਨਸ਼ਾ ਤੇ ਮੋਬਾਇਲ ਫੋਨ ਕਿਵੇਂ ਪੁੱਜਦੇ ਹਨ ਅਤੇ ਅੱਗੇ ਕੈਦੀਆਂ ਨੂੰ ਕਿਸ ਤਰ੍ਹਾਂ ਸਪਲਾਈ ਹੁੰਦੀ ਹੈ।

ਇਸ ਤੋਂ ਇਲਾਵਾ ਇਕ ਵੀਡੀਓ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਨੂੰ ਪੁਲਿਸ ਹਿਰਾਸਤ ਵਿਚੋਂ ਫਰਾਰ ਕਰਵਾਉਣ ਵਾਲੇ ਮਾਨਸਾ ਸੀ.ਆਈ.ਏ. ਦੇ ਸਾਬਕਾ ਇੰਚਾਰਜ ਪ੍ਰਿਤਪਾਲ ਸਿੰਘ ਦੀ ਵੀ ਹੈ। ਇਸ ਵੀਡੀਓ ਵਿਚ ਹਾਲ ਹੀ ਵਿਚ ਗ੍ਰਿਫਤਾਰ ਕੀਤੇ ਗੈਂਗਸਟਰ ਮੋਹਿਤ ਭਾਰਦਵਾਜ ਥਾਣੇਦਾਰ ਦੀ ਚੰਡੀਗੜ੍ਹ ਦੇ ਇਕ ਨਾਈਟ ਕਲੱਬ ਵਿਚ ਸੇਵਾ-ਪਾਣੀ ਕਰ ਰਿਹਾ ਹੈ। ਥਾਣੇਦਾਰ ਨਸ਼ੇ ਵਿਚ ਝੂਮ ਰਿਹਾ ਹੈ ਤੇ ਗੈਂਗਸਟਰ ਉਸ ਦੀ ਵੀਡੀਓ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਣ ਤੋਂ ਪਹਿਲਾਂ ਜੇਲ੍ਹ ਵਿਚੋਂ ਫੋਨ ਕਰਕੇ ਟੀਨੂ ਨੇ ਥਾਣੇਦਾਰ ਨੂੰ ਖੁਸ਼ ਕਰਨ ਲਈ ਮੋਹਿਤ ਦੀ ਡਿਊਟੀ ਲਾਈ ਸੀ। ਪੁਲਿਸ ਦੀ ਮਿਲੀਭੁਗਤ ਦੀ ਇਸੇ ਤਰ੍ਹਾਂ ਦੀ ਵੀਡੀਓ ਪਿਛਲੇ ਦਿਨੀਂ ਅਟਾਰੀ ਦੇ ਪਿੰਡ ਮਾਨਾਵਾਲਾ ਦਾ ਸਰਪੰਚ ਅੰਮ੍ਰਿਤਸਰ ਜੇਲ੍ਹ ਵਿਚੋਂ ਬਣਾ ਕੇ ਲਿਆਇਆ ਸੀ। ਇਹ ਸਰਪੰਚ ਕਿਸੇ ਝਗੜੇ ਕਾਰਨ ਚਾਰ ਦਿਨ ਜੇਲ੍ਹ ਰਿਹਾ ਸੀ ਤੇ ਅੰਦਰ ਗੁਪਤ ਕੈਮਰੇ ਨਾਲ ਵੀਡੀਓ ਬਣਾ ਲਈ ਜਿਸ ਵਿਚ ਜੇਲ੍ਹ ਦੇ ਵਾਰਡਨ ਵਿਚ ਕੈਦੀ ਸ਼ਰੇਆਮ ਨਸ਼ਾ ਤੇ ਮੌਜ ਮਸਤੀ ਕਰ ਰਹੇ ਸਨ। ਸਰਪੰਚ ਦਾ ਦਾਅਵਾ ਸੀ ਕਿ ਪੁਲਿਸ ਮੁਲਾਜ਼ਮ ਬਕਾਇਦਾ ਸ਼ਾਮ ਨੂੰ ਕੈਦੀਆਂ ਨੂੰ ਪੁੱਛਦੇ ਹਨ ਕਿ ‘ਅੱਜ ਕਿਹੜਾ ਨਸ਼ੇ ਪੇਸ਼ ਕੀਤਾ ਜਾਵੇ।` ਇਸ ਬਦਲੇ ਰਕਮ ਤੈਅ ਕੀਤੀ ਹੋਈ ਹੈ।
ਪਿਛਲੇ ਕੁਝ ਦਿਨਾਂ ਦੀ ਪੁਲਿਸ ਕਾਰਵਾਈ ਵੀ ਸਾਫ ਦੱਸਦੀ ਹੈ ਕਿ ਜੇਲ੍ਹਾਂ ਵਿਚ ਕੈਦੀਆਂ ਤੱਕ ਨਸ਼ਾ ਪਹੁੰਚਣ ਦਾ ਮੁੱਖ ਸਰੋਤ ਪੁਲਿਸ ਮੁਲਾਜ਼ਮ ਅਤੇ ਅਫਸਰ ਹੀ ਹਨ। ਪਟਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਨਸ਼ੀਲੇ ਪਦਾਰਥਾਂ ਸਣੇ ਇਕ ਥਾਣੇਦਾਰ ਤੇ ਜੇਲ੍ਹ ਦੇ ਦੋ ਹੋਰ ਸੁਰੱਖਿਆ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਪੀ.ਏ.ਪੀ. ਦਾ ਇਕ ਏ.ਐਸ.ਆਈ. ਪਰਮਜੀਤ ਸਿੰਘ ਤੇ ਜੇਲ੍ਹ ਦੇ ਦੋ ਹੈੱਡ ਵਾਰਡਰ ਰਾਜੀਵ ਕੁਮਾਰ ਤੇ ਨਰੇਸ਼ ਕੁਮਾਰ ਸ਼ਾਮਲ ਹਨ। ਇਸ ਘਟਨਾ ਤੋਂ ਹਫਤਾ ਪਹਿਲਾਂ ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਨੂੰ ਹੈਰੋਇਨ ਸਣੇ ਕਾਬੂ ਕੀਤਾ ਗਿਆ ਸੀ। ਇਸੇ ਤਰ੍ਹਾਂ ਫਰੀਦਕੋਟ ਵਿਚ ਇਕ ਏ.ਐਸ.ਪੀ, ਬਠਿੰਡਾ ‘ਚ ਇਕ ਮੈਡੀਕਲ ਸੁਪਰਡੈਂਟ ਤੇ ਦੋ ਡਿਪਟੀ ਸੁਪਰਡੈਂਟਾਂ ਸਣੇ ਫਿਰੋਜ਼ਪੁਰ ‘ਚ ਇਕ ਡਾਕਟਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਜੇਲ੍ਹ ਵਿਚ ਮੋਬਾਈਲ ਫੋਨ ਤੇ ਨਸ਼ੇ ਪਹੁੰਚਾਉਣ ਦੇ ਕੰਮ ਵਿਚ ਜੇਲ੍ਹ ਵਿਭਾਗ ਦੇ ਕੁਝ ਮੁਲਾਜ਼ਮਾਂ ਦੇ ਸ਼ਾਮਲ ਹੋਣ ਦੇ ਖ਼ਦਸ਼ੇ ਤਹਿਤ ਹੁਣ ਜੇਲ੍ਹਾਂ ਵਿਚ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਜੇਲ੍ਹ ਦੇ ਅੰਦਰ ਤੇ ਬਾਹਰ ਮਾੜੇ ਅਨਸਰਾਂ ਨਾਲ ਪੁਲਿਸ ਅਫਸਰਾਂ ਦੀ ਸਾਂਝ ਸਾਫ ਇਸ਼ਾਰਾ ਕਰਦੀ ਹੈ ਇਹ ਤਾਣਾ ਕਿਸ ਹੱਦ ਤੱਕ ਉਲਝਿਆ ਹੋਇਆ ਹੈ। ਬਦਲਾਅ ਦੇ ਨਾਂ ਉਤੇ ਪੰਜਾਬ ਦੀ ਸੱਤਾ ਸਾਂਭਣ ਵਾਲੀ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਏ ਸੱਤ ਮਹੀਨੇ ਪੂਰੇ ਹੋ ਗਏ ਹਨ। ਹਾਲਾਤ ਇਹ ਹਨ ਕਿ ਓਵਰਡੋਜ਼ ਕਾਰਨ ਨਿੱਤ ਦਿਨ 2 ਤੋਂ 3 ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਆ ਰਹੀਆਂ ਹਨ। ਅੰਮ੍ਰਿਤਸਰ ਵਿਚ ਦੋ ਸਕੇ ਭਰਾਂ ਦੀ ਮੌਤ ਵੀ ਸਰਕਾਰ ਉਤੇ ਸਵਾਲ ਖੜ੍ਹੇ ਕਰ ਗਈ।
ਅੰਕੜੇ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦੀ ਸੱਤਾ ਦੌਰਾਨ ਹੀ ਤਕਰੀਬਨ 100 ਤੋਂ ਵੱਧ ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ। ਸਵਾਲ ਇਹ ਹੈ ਕਿ ਪੰਜਾਬ ਪੁਲਿਸ ਦੇ ਇਸ ‘ਵੱਡੀ ਕਾਰਵਾਈ` ਦੇ ਦਾਅਵਿਆਂ ਦੇ ਬਾਵਜੂਦ ਸੂਬੇ ਵਿਚ ਨਸ਼ਿਆਂ ਦੀ ਆਮਦ ਉਸੇ ਤਰ੍ਹਾਂ ਜਾਰੀ ਹੈ ਤੇ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਦਰਅਸਲ, ਪਿਛਲੀ ਕਾਂਗਰਸ ਸਰਕਾਰ ਬਣਨ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ 4 ਮਹੀਨਿਆਂ ਵਿਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ, ਸਰਕਾਰ ਬਣਨ ਪਿੱਛੋਂ ਜਦੋਂ ਵੀ ਉਨ੍ਹਾਂ ਨੂੰ ਸਵਾਲ ਕੀਤਾ ਜਾਂਦਾ ਸੀ ਤਾਂ ਉਹ ਜਵਾਬ ਵਿਚ ਜੇਲ੍ਹਾਂ ਵਿਚ ਫੜ-ਫੜ ਡੱਕੇ ਨਸ਼ੇੜੀਆਂ ਦੇ ਅੰਕੜੇ ਪੇਸ਼ ਕਰ ਦਿੰਦੇ ਸਨ। ਹੁਣ ਇਹੀ ਹਾਲ ਮਾਨ ਸਰਕਾਰ ਦਾ ਹੈ।
ਪੰਜਾਬ ਪੁਲਿਸ ਨੇ ਇਸੇ ਹਫਤੇ ਦਾਅਵਾ ਕੀਤਾ ਹੈ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਵਿਭਾਗ ਵੱਲੋਂ ਨਸ਼ਾ ਤਸਕਰੀ ਦੇ ਦੋਸ਼ ਹੇਠ ਕੁੱਲ 6997 ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 1097 ਮੁਲਜ਼ਮ ਰਸੂਖਵਾਨ ਸਨ। ਇਸ ਸਮੇਂ ਦੌਰਾਨ ਪੁਲਿਸ ਵੱਲੋਂ 580 ਵਪਾਰਕ ਮਾਮਲਿਆਂ ਸਣੇ ਕੁੱਲ 5346 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਪੁਲਿਸ ਟੀਮਾਂ ਨੇ ਸੂਬੇ ਭਰ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿਚ ਨਾਕੇ ਲਾਉਣ ਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 259.7 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਵਿਚ ਇਨ੍ਹੀਂ ਦਿਨੀਂ ਲਾਕਾਨੂੰਨੀ, ਨਸ਼ੇ ਤੇ ਗੈਂਗਸਟਰਾਂ ਦਾ ਬੋਲਬਾਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਪਾਸੇ ਪੰਜਾਬ ਪੁਲਿਸ ਹਰ ਚੜ੍ਹਦੇ ਮਹੀਨੇ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖਿਲਾਫ ਕਾਰਵਾਈ ਦੀ ਆਪਣੀ ਰਿਪੋਰਟ ਜਾਰੀ ਕਰਕੇ ਆਪੇ ਆਪਣੀ ਪਿੱਠ ਥਾਪੜ ਲੈਂਦੀ ਤੇ ਅਗਲੇ ਦਿਨ ਕਿਸੇ ਪਿੰਡ ਵਿਚੋਂ ‘ਚਿੱੱਟਾ ਇਥੋਂ ਮਿਲਦਾ ਹੈ`, ਦੇ ਬੋਰਡ ਲੱਗੇ ਦਿੱਸ ਜਾਂਦੇ ਹਨ। ਆਪ ਸਰਕਾਰ ਨੂੰ ਸਵਾਲ ਇਹੀ ਕੀਤੇ ਜਾ ਰਹੇ ਹਨ ਕਿ ਜੇਕਰ ਇੰਨੀ ਵੱਡੀ ਕਾਰਵਾਈ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਸੱਤ ਮਹੀਨਿਆਂ ਦੀ ਸੱਤਾ ਦੇ ਬਾਅਦ ਵੀ ਹਾਲਾਤ ਸੁਧਰਨ ਦੀ ਬਜਾਏ ਵਿਗੜ ਕਿਵੇਂ ਰਹੇ ਹਨ?