1984 ਦੀਆਂ ਯਾਦਾਂ: ਜਲ ਰਹੀ ਦਿੱਲੀ

ਨੰਦਿਤਾ ਹਕਸਰ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਹੱਕਾਂ ਦੀ ਉਘੀ ਕਾਰਕੁਨ ਨੰਦਿਤਾ ਹਕਸਰ ਹੱਕਾਂ ਦੇ ਕਾਰਕੁਨਾਂ ਦੀ ਉਸ ਟੋਲੀ ਦੀ ਮੈਂਬਰ ਸੀ ਜਿਨ੍ਹਾਂ ਨੇ ਕਤਲੇਆਮ-1984 ਦੇ ਤੱਥ ਤੁਰੰਤ ਕਲਮਬੱਧ ਕਰਕੇ ਜੁਅਰਤਮੰਦ ਰਿਪੋਰਟ ‘ਦੋਸ਼ੀ ਕੋਣ ਹਨ?` ਪੇਸ਼ ਕੀਤੀ। ਦੂਜੇ ਮਹੱਤਵਪੂਰਨ ਮੈਂਬਰ ਗੌਤਮ ਨਵਲੱਖਾ ਹਨ ਜੋ ਭੀਮਾ-ਕੋਰੇਗਾਓਂ ਕੇਸ ‘ਚ ਜੇਲ੍ਹ ‘ਚ ਬੰਦ ਹਨ। ਹੱਕਾਂ ਦੇ ਇਨ੍ਹਾਂ ਪਹਿਰੇਦਾਰਾਂ ਨੇ ਘੋਰ ਨਫ਼ਰਤ ਤੇ ਹਿੰਸਾ ਦੇ ਆਲਮ ‘ਚ ਘੱਟਗਿਣਤੀ ਭਾਈਚਾਰੇ ਦਾ ਡਟ ਕੇ ਸਾਥ ਦਿੱਤਾ। ਅਨਿਆਂਕਾਰੀ ਰਾਜ ਵਿਰੁੱਧ ਇਨਸਾਫ਼ ਦੀ ਲੜਾਈ ਅੱਜ ਵੀ ਜਾਰੀ ਹੈ। 2014 ‘ਚ ਲਿਖੀ ਇਸ ਲਿਖਤ ਵਿਚ ਨੰਦਿਤਾ ਨੇ ਉਸ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸਨ ਜੋ ਉਦੋਂ ਦੇ ਹਾਲਾਤ ਨੂੰ ਸਮਝਣ ‘ਚ ਸਹਾਇਤਾ ਕਰ ਸਕਦੀਆਂ ਹਨ। ਇਸ ਮਹੱਤਵ ਦੇ ਮੱਦੇਨਜ਼ਰ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

-1-
ਜਿਸ ਪਲ ਮੈਂ ਸੁਣਿਆ ਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਮੈਂ ਉਮੀਦ ਕੀਤੀ ਕਿ ਕਾਤਲ ਸਿੱਖ ਨਹੀਂ ਸੀ। ਮੇਰੇ ਮਾਤਾ-ਪਿਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇਹ ਖ਼ਬਰ ਸੁਣੀ ਕਿ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਗਈ ਹੈ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਕਾਤਲ ਮੁਸਲਮਾਨ ਨਹੀਂ ਸੀ। ਅਸੀਂ ਅਜੀਬ ਮੁਲਕ ਵਿਚ ਰਹਿੰਦੇ ਹਾਂ; ਜਦੋਂ ਸਾਡੇ ਆਗੂਆਂ ਦਾ ਕਤਲ ਹੁੰਦਾ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਕਾਤਲ ਘੱਟ-ਗਿਣਤੀ ਭਾਈਚਾਰੇ ਵਿਚੋਂ ਨਹੀਂ ਹਨ; ਘੱਟੋ-ਘੱਟ ਸਾਡੇ ਵਿਚੋਂ ਜੋ ਚਾਹੁੰਦੇ ਹਨ ਕਿ ਭਾਰਤ ਸਾਰੇ ਭਾਈਚਾਰਿਆਂ ਦਾ ਹੋਵੇ।
-2-
ਅਗਲੀ ਸਵੇਰ ਮੈਂ ਮੁਨਿਰਕਾ ਵਿਚ ਆਪਣੇ ਘਰ ਦੇ ਸਾਹਮਣੇ ਗੁਰੂ ਹਰਕ੍ਰਿਸ਼ਨ ਸਕੂਲ ਸੜਦਾ ਦੇਖਿਆ। ਸਾਡੀ ਕਲੋਨੀ ਦੀ ਛੋਟੀ ਜਿਹੀ ਭੀੜ ਖੜ੍ਹੀ ਦੇਖ ਰਹੀ ਸੀ ਅਤੇ ਕਿਸੇ ਨੇ ਕਿਹਾ: “ਅੰਦਰ ਬੱਚੇ ਹੋ ਸਕਦੇ ਹਨ।”
ਤਦ ਮੇਰੇ ਕੋਲ ਖੜ੍ਹੇ ਇਕ ਨੌਜਵਾਨ ਨੇ ਕਿਹਾ: “ਆਓ ਆਂਟੀ।” ਮੈਨੂੰ ਨਹੀਂ ਪਤਾ ਕਿ ਬਾਕੀ ਪੰਜ ਆਦਮੀ ਕੌਣ ਸਨ ਪਰ ਅਸੀਂ ਖੁੱਲ੍ਹੇ ਮੈਦਾਨ ਵਿਚੋਂ ਦੀ ਸਕੂਲ ਵੱਲ ਭੱਜੇ। ਪੁਲਿਸ ਵਾਲਿਆਂ ਨਾਲ ਭਰੀ ਜੀਪ ਉੱਥੇ ਮੌਜੂਦ ਸੀ। ਉਨ੍ਹਾਂ ਨੂੰ ਦੇਖ ਕੇ ਮੈਨੂੰ ਰਾਹਤ ਮਿਲੀ। ਜਿਉਂ ਹੀ ਅਸੀਂ ਪਹੁੰਚੇ, ਪੁਲਿਸ ਵਾਲੇ ਸਕੂਲ ਸੜਦਾ ਅਤੇ ਸਿੱਖਾਂ ਨੂੰ ਕਲਾਸ ਰੂਮ ਵਿਚ ਫਸੇ ਛੱਡ ਕੇ ਚਲੇ ਗਏ, ਤੇ ਹਿੰਸਕ ਭੀੜ ਮੁਨਿਰਕਾ ਪਿੰਡ ਤੋਂ ਸਾਡੇ ਵੱਲ ਆ ਰਹੀ ਸੀ।
-3-
ਮੈਂ ਕਮਰੇ ਅੰਦਰ ਲੁਕੇ ਸਿੱਖਾਂ ਨੂੰ ਬਾਹਰ ਆਉਣ ਲਈ ਕਿਹਾ ਕਿ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਥਾਂ ਲੈ ਜਾਵਾਂਗੇ। ਇਕ ਆਦਮੀ ਨੇ ਮੈਨੂੰ ਮੇਰੇ ਘਰ ਦੀਆਂ ਚਾਬੀਆਂ ਦੇਣ ਲਈ ਕਿਹਾ ਕਿ ਉਹ ਉਨ੍ਹਾਂ ਨੂੰ ਉੱਥੇ ਲੈ ਜਾਵੇਗਾ। ਉਹ ਜਾਟ ਸੀ। ਮੈਂ ਉਸ ਨੂੰ ਚਾਬੀ ਦਿੱਤੀ ਅਤੇ ਕਿਹਾ ਕਿ ਮੇਰਾ ਫਲੈਟ ਨੰਬਰ 56 ਹੈ, ਤੇ ਉਹ ਸਕੂਲ ਦੇ ਅਧਿਆਪਕਾਂ ਨੂੰ ਨਾਲ ਲੈ ਕੇ ਚਲਾ ਗਿਆ। ਇਕ ਕਮਰੇ ਵਿਚ ਇਕ ਬਜ਼ੁਰਗ ਵ੍ਹੀਲਚੇਅਰ ‘ਤੇ ਬੈਠਾ ਸੀ ਅਤੇ ਨਾਲ ਉਸ ਦੀ ਪੋਤੀ ਤੇ ਉਸ ਦਾ ਪਤੀ ਸੀ। ਮੈਂ ਨੌਜਵਾਨ ਜੋੜੇ ਨੂੰ ਚਲੇ ਜਾਣ ਲਈ ਕਿਹਾ ਪਰ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦਾ ਜੀ ਨੂੰ ਛੱਡ ਕੇ ਨਹੀਂ ਜਾਣਗੇ। ਮੈਂ ਉਨ੍ਹਾਂ ਨੂੰ ਛੱਡ ਦਿੱਤਾ। ਜਦੋਂ ਮੈਂ ਕਾਹਲੀ-ਕਾਹਲੀ ਵਾਪਸ ਜਾ ਰਹੀ ਸੀ ਤਾਂ ਇਕ ਮੁਟਿਆਰ ਆਈ ਅਤੇ ਉਸ ਨੇ ਆਪਣਾ ਬੱਚਾ ਮੈਨੂੰ ਸੌਂਪ ਦਿੱਤਾ। ਉਸ ਨੇ ਕਿਹਾ ਕਿ ਸਕੂਲ ਦੀ ਦੇਖਭਾਲ ਕਰਨ ਦੀ ਲੋੜ ਹੈ। ਮੈਂ ਬੱਚੇ ਨਾਲ ਆਪਣੇ ਫਲੈਟ ਵਿਚ ਵਾਪਸ ਆ ਗਈ। ਸਿੱਖ ਮੇਰੇ ਫਲੈਟ ਵਿਚ ਬੈਠੇ ਸਨ। ਮੈਂ ਉਸ ਜਾਟ ਦਾ ਜਾਂ ਜਿਸ ਮੁਟਿਆਰ ਦਾ ਬੱਚਾ ਮੈਂ ਘਰ ਲੈ ਗਈ ਸੀ, ਉਸ ਦਾ ਨਾਮ ਨਹੀਂ ਜਾਣਦੀ।
-4-
ਇਕ ਨੌਜਵਾਨ ਜੋ ਸਾਡੀ ਬਸਤੀ ਦਾ ਨਹੀਂ ਸੀ, ਜਲਦੀ ਹੀ ਦਾਦੇ ਨੂੰ ਆਪਣੇ ਦੋਪਹੀਆ ਵਾਹਨ ‘ਤੇ ਬਿਠਾ ਕੇ ਲੈ ਆਇਆ ਅਤੇ ਨੌਜਵਾਨ ਜੋੜਾ ਵੀ ਸਾਡੇ ਨਾਲ ਆ ਰਲਿਆ। ਇਕ ਹੋਰ ਨੌਜਵਾਨ ਪ੍ਰਿੰਸੀਪਲ ਦੇ ਘਰ ਗਿਆ ਜੋ ਆਪਣੇ ਘਰ ਵਿਚ ਘਿਰ ਗਿਆ ਸੀ। ਦਰਵਾਜ਼ੇ ਨੂੰ ਜੰਦਰਾ ਲੱਗਿਆ ਹੋਇਆ ਸੀ। ਨੌਜਵਾਨ ਨੇ ਆਪਣੇ ਹੱਥਾਂ ਨਾਲ ਸ਼ੀਸ਼ਾ ਤੋੜਿਆ ਅਤੇ ਉਸ ਨੇ ਦੇਖਿਆ ਕਿ ਮੁੱਖ ਅਧਿਆਪਕ ਨੇ ਉਸ ਉੱਪਰ ਤਲਵਾਰ ਨਾਲ ਵਾਰ ਕੀਤਾ ਹੈ। ਫਿਰ ਪ੍ਰਿੰਸੀਪਲ ਅਤੇ ਉਸ ਦਾ ਬਚਾਅ ਕਰਨ ਵਾਲਾ, ਦੋਵੇਂ ਸਾਡੇ ‘ਚ ਸ਼ਾਮਿਲ ਹੋ ਗਏ।
-5-
ਭਾਰਤੀ ਫੌਜ ਦੀ ਵਰਦੀ ਵਿਚ ਇਕ ਆਦਮੀ ਮੇਰੇ ਕੋਲ ਆਇਆ ਅਤੇ ਚੀਕਿਆ: “ਤੁਸੀਂ ਸਿੱਖਾਂ ਨੂੰ ਲਿਆ ਕੇ ਕਲੋਨੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।” ਮੈਂ ਉਹਨੂੰ ਕਿਹਾ ਕਿ ਜੇ ਉਸ ਨੂੰ ਇਹ ਆਪਣਾ ਦੇਸ਼ਭਗਤੀ ਦਾ ਫਰਜ਼ ਲੱਗਦਾ ਹੈ ਤਾਂ ਉਹ ਸਾਰੇ ਸਿੱਖਾਂ ਸਮੇਤ ਮੇਰੇ ਫਲੈਟ ਨੂੰ ਅੱਗ ਲਗਾ ਕੇ ਸਾੜ ਸਕਦਾ ਹੈ।
ਅਸੀਂ ਕਲੋਨੀ ਦੇ ਲੋਕਾਂ ਨੂੰ ਇਕ ਪਰਿਵਾਰ ਨੂੰ ਪਨਾਹ ਦੇਣ ਲਈ ਕਿਹਾ। ਔਰਤਾਂ ਤਾਂ ਵਧੇਰੇ ਇੱਛਕ ਸਨ ਪਰ ਮਰਦਾਂ ਨੇ ਕਿਹਾ ਕਿ ਉਹ ਸਿਰਫ਼ ਔਰਤਾਂ ਅਤੇ ਬੱਚਿਆਂ ਨੂੰ ਹੀ ਲੈਣਗੇ। ਅਸੀਂ ਸਿੱਖਾਂ ਨੂੰ ਕਾਰ ਪਿੱਛੇ ਬਿਠਾਇਆ, ਉਨ੍ਹਾਂ ਨੂੰ ਕੰਬਲ ਨਾਲ ਢਕਿਆ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਲੈ ਗਏ ਜਿੱਥੇ ਉਨ੍ਹਾਂ ਨੂੰ ਪਨਾਹ ਦਿੱਤੀ ਗਈ ਪਰ ਸਾਡੀ ਬਸਤੀ ਵਿਚ ਵੀ ਕੁਝ ਪਰਿਵਾਰ ਅਜਿਹੇ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਪਨਾਹ ਦਿੱਤੀ। ਕਰਨਾਟਕ ਦਾ ਇਕ ਬ੍ਰਾਹਮਣ ਪਰਿਵਾਰ ਇਕ ਪਰਿਵਾਰ ਨੂੰ ਆਪਣੇ ਘਰ ਲੈ ਗਿਆ। ਮਾਂ ਨੇ ਤਾਂ ਸਿੱਖ ਦੇ ਕੇਸ ਵੀ ਕੱਟ ਦਿੱਤੇ ਜਦੋਂ ਕਿ ਇਹ ਭਾਈਚਾਰੇ ਦੀ ਰਹਿਤ ਦੇ ਵਿਰੁੱਧ ਸੀ। ਉਹ ਦਿੱਲੀ ਹਾਈ ਕੋਰਟ ਦੇ ਭਵਿੱਖੀ ਜੱਜ ਦੀ ਮਾਂ ਸੀ। ਭਵਿੱਖ ਦਾ ਜੱਜ ਉਨ੍ਹਾਂ ਪੰਜਾਂ ਵਿਚੋਂ ਇਕ ਸੀ ਜੋ ਬਚਾਅ ਮਿਸ਼ਨ ‘ਤੇ ਸਾਡੇ ਨਾਲ ਆਏ ਸਨ।
-6-
ਮੈਨੂੰ ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ ਦੇ ਸਾਥੀ ਮੈਂਬਰ ਸੁਮੰਤੋ ਬੈਨਰਜੀ ਦਾ ਫੋਨ ਆਇਆ। ਉਸ ਨੇ ਮੈਨੂੰ ਪੰਚਸ਼ੀਲ ਐਨਕਲੇਵ ਆਉਣ ਲਈ ਕਿਹਾ ਜਿੱਥੇ ਉਹ ਹੋਰ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ।
“ਪਰ ਸੁਮੰਤੋ, ਕਰਫਿਊ ਲੱਗਿਆ ਹੋਇਐ।”
“ਕਰਫ਼ਿਊ ਤੁਹਾਨੂੰ ਕੁਝ ਕਰਨ ਤੋਂ ਕਿਵੇਂ ਰੋਕ ਸਕਦਾ ਹੈ?”
ਮੈਂ ਉਸ ਘਰ ਪਹੁੰਚਣ ‘ਚ ਕਾਮਯਾਬ ਹੋ ਗਈ। ਇਹ ਕਾਰਕੁਨਾਂ ਦੀ ਨਿੱਕੀ ਜਿਹੀ ਟੋਲੀ ਸੀ ਜਿਸ ਨੇ ਜਲਦੀ ਹੀ ਆਪਣੇ ਆਪ ਨੂੰ ‘ਨਾਗਰਿਕ ਏਕਤਾ ਮੰਚ’ ਦਾ ਨਾਂ ਦਿੱਤਾ। ਸਾਰਿਆਂ ਨੇ ਮਹਿਸੂਸ ਕੀਤਾ ਕਿ ਸਾਨੂੰ ਵਿਰੋਧੀ ਧਿਰ ਦੇ ਆਗੂਆਂ ਨੂੰ ਜਾ ਕੇ ਮਿਲਣਾ ਚਾਹੀਦਾ ਹੈ ਜੋ ਸ਼ਾਇਦ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਲਈ ਫ਼ੌਜ ਭੇਜਣ ਵਿਚ ਮਦਦ ਕਰ ਸਕਦੇ ਹਨ। ਸੁਮੰਤੋ ਨੇ ਆਪ ਸਿੱਖਾਂ ਨੂੰ ਜਿਉਂਦੇ ਸੜਦੇ ਦੇਖਿਆ ਸੀ।
-7-
ਅਸੀਂ ਪੰਜ ਜਣੇ ਕਾਰ ਵਿਚ ਬੈਠ ਕੇ ਵਿੱਠਲਭਾਈ ਪਟੇਲ ਭਵਨ ਪਹੁੰਚ ਗਏ ਅਤੇ ਉੱਥੇ ਵਿਰੋਧੀ ਧਿਰ ਦੇ ਆਗੂ ਇਸ ਉਲਝਣ ‘ਚ ਬੈਠੇ ਦੇਖੇ ਕਿ ਉਹ ਕੀ ਕਰ ਸਕਦੇ ਹਨ।
ਸੁਮੰਤੋ ਅਤੇ ਹੋਰਾਂ (ਮੈਂ ਨਾਂ ਭੁੱਲ ਗਈ ਹਾਂ) ਨੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਪ੍ਰਧਾਨ ਮੰਤਰੀ ਦੇ ਘਰ ਜਾਣਾ ਚਾਹੀਦਾ ਹੈ ਅਤੇ ਫ਼ੌਜ ਭੇਜਣ ਦੀ ਮੰਗ ਕਰਨੀ ਚਾਹੀਦੀ ਹੈ। ਨਹੀਂ ਤਾਂ ਸਾਨੂੰ ਸੰਸਕਾਰ ਰੋਕ ਦੇਣਾ ਚਾਹੀਦਾ ਹੈ। ਉਹ ਬੇਹੱਦ ਗੰਭੀਰ ਸੀ।
ਇਕ ਆਗੂ, ਮੈਨੂੰ ਲੱਗਦਾ ਹੈ ਕਿ ਇਹ ਦੰਡਵਤੇ ਜੀ ਸਨ, ਸਾਡੀ ਕਾਰ ਵਿਚ ਬੈਠ ਗਏ। ਸੁਮੰਤੋ ਨੇ ਜ਼ੋਰ ਦਿੱਤਾ ਕਿ ਮੈਂ ਸਾਹਮਣੀ ਸੀਟ ‘ਤੇ ਬੈਠਾਂ ਅਤੇ ਸਕਿਉਰਿਟੀ ਵਿਚੋਂ ਦੀ ਉਨ੍ਹਾਂ ਨੂੰ ਅੰਦਰ ਲੈ ਜਾਵਾਂ। ਮੇਰੇ ਪਿਤਾ ਜੀ (ਪੀ.ਐਨ. ਹਕਸਰ) ਇੰਦਰਾ ਗਾਂਧੀ ਦੇ ਸਕੱਤਰ ਰਹਿ ਚੁੱਕੇ ਹਨ। ਉਸ ਸਮੇਂ ਉਹ ਅਤੇ ਮੇਰੀ ਮਾਂ ਇਕ ਗੁਪਤ ਮਿਸ਼ਨ ‘ਤੇ ਚੀਨ ਵਿਚ ਸਨ। ਜਦੋਂ ਅਸੀਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੇ ਤਾਂ ਸੁਰੱਖਿਆ ਕਰਮਚਾਰੀਆਂ ਨੇ ਸਾਨੂੰ ਅੰਦਰ ਜਾਣ ਦਿੱਤਾ। ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਮੈਂ ਦੁੱਖ ਪ੍ਰਗਟ ਕਰਨ ਆਈ ਹਾਂ। ਮੈਂ ਅਰੁਣ ਨਹਿਰੂ ਨੂੰ ਮਿਲੀ।
“ਮਿਸਟਰ ਨਹਿਰੂ, ਮੈਂ ਨੰਦਿਤਾ ਹਕਸਰ ਹਾਂ। ਜੇ ਤੁਸੀਂ ਪੱਛਮੀ ਦਿੱਲੀ ਵਿਚ ਫ਼ੌਜ ਨਹੀਂ ਭੇਜਦੇ ਤਾਂ ਅਸੀਂ ਅੰਤਿਮ ਸੰਸਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ।”
ਅਰੁਣ ਨਹਿਰੂ ਨੇ ਕਿਹਾ ਕਿ ਉਹ ਫ਼ੌਜ ਭੇਜ ਦੇਵੇਗਾ। ਸਾਡੇ ਵਿਚੋਂ ਕਿਸੇ ਨੇ ਇਹ ਸਵਾਲ ਨਹੀਂ ਕੀਤਾ ਕਿ ਮਹਿਜ਼ ਕਿਸੇ ਸੰਸਦ ਮੈਂਬਰ ਕੋਲ ਅਜਿਹਾ ਕਰਨ ਦੀ ਤਾਕਤ ਕਿਵੇਂ ਹੈ ਪਰ ਜਦੋਂ ਤੱਕ ਅਸੀਂ ਤ੍ਰਿਲੋਕਪੁਰੀ ਪਹੁੰਚੇ, ਉਦੋਂ ਤੱਕ ਫ਼ੌਜ ਭੇਜ ਦਿੱਤੀ ਗਈ ਸੀ।
-8-
ਅਸੀਂ ਫਰਸ਼ ਬਾਜ਼ਾਰ ਥਾਣੇ ਆ ਗਏ। ਇਹ ਇਕੋ ਇਕ ਥਾਣਾ ਸੀ ਜਿਸ ਨੇ ਬਚਾਅ ਅਤੇ ਰਾਹਤ ਦੇ ਗੰਭੀਰ ਕਾਰਜ ਕੀਤੇ। ਉੱਥੇ ਰਾਹਤ ਕੈਂਪ ਬਣਾਇਆ ਗਿਆ ਸੀ। ਕਿਸੇ ਨੇ ਸੁਝਾਅ ਦਿੱਤਾ ਕਿ ਅਸੀਂ ਸਿੱਖਾਂ ਲਈ ਮਿੱਠੇ ਵਾਲੀ ਚਾਹ ਬਣਾਈਏ ਜੋ ਸਦਮੇ ‘ਚ ਸਨ। ਮੈਨੂੰ ਯਾਦ ਨਹੀਂ ਕਿ ਮੈਂ ਕਿਸ ਨਾਲ ਗਈ ਸੀ ਪਰ ਇਕ ਔਰਤ ਜੋ ਗੱਡੀ ਸਾਊਥ ਐਕਸਟੈਂਸਨ ਲੈ ਗਈ ਜਿੱਥੇ ਉਹ ਇਕ ਟੈਂਟ ਵਾਲੇ ਨੂੰ ਜਾਣਦੀ ਸੀ। ਉਸ ਨੇ ਆਪਣੀ ਦੁਕਾਨ ਖੋਲ੍ਹੀ ਅਤੇ ਸਾਨੂੰ ਦੇਗਚੀ ਦੇ ਦਿੱਤੀ; ਫਿਰ ਉਸ ਨੇ ਪਤਾਸੇ ਖ਼ਰੀਦੇ ਕਿਉਂਕਿ ਸਾਨੂੰ ਖੰਡ ਲੈਣ ਲਈ ਰਾਸ਼ਨ ਦੀ ਦੁਕਾਨ ਨਹੀਂ ਮਿਲੀ, ਤੇ ਦੁੱਧ ਲਿਆ।
ਮੈਂ ਚਾਹ ਬਣਾਉਣ ਲੱਗ ਪਈ। ਪਾਣੀ ਉੱਬਲ ਰਿਹਾ ਸੀ ਅਤੇ ਮੈਂ ਸ਼ਸ਼ੋਪੰਜ ‘ਚ ਸੀ ਕਿ ਬਰਤਨ ਵਿਚ ਕਿੰਨੀ ਕੁ ਚਾਹ-ਪੱਤੀ ਪਾਵਾਂ। ਇਸ ਤੋਂ ਪਹਿਲਾਂ ਕਿ ਮੈਂ ਚਾਹ ਦਾ ਪੈਕੇਟ ਪਾਉਂਦੀ, ਇਕ ਸਰਦਾਰ ਨੇ ਕਿਹਾ: “ਤੁਸੀਂ ਇਸ ਨੂੰ ਪੁਣੋਗੇ ਕਿਵੇਂ?” ਉਨ੍ਹਾਂ ਨੇ ਮੈਨੂੰ ਦੁਪੱਟਾ ਲੈ ਕੇ ਉਸ ਵਿਚ ਚਾਹ-ਪੱਤੀ ਪਾਉਣ ਲਈ ਕਿਹਾ। ਟੀ-ਬੈਗ! ਫਿਰ ਮੈਂ ਪੁੱਛਿਆ ਕਿ ਦੁੱਧ ਕਿੰਨਾ ਪਾਵਾਂ? ਇਕ ਨੌਜਵਾਨ ਅੱਖਾਂ ‘ਚ ਚਮਕ ਲਿਆ ਕੇ ਬੋਲਿਆ, “ਤੁਸੀਂ ਤਾਂ ਇਕ ਕੱਪ ਚਾਹ ਬਣਾਉਣ ਵਾਲੇ ਹੋ; ਦੋ ਸੌ ਬੰਦਿਆਂ ਲਈ ਨਹੀਂ ਨਾ ਕਦੀ ਬਣਾਈ… ਦੋ ਬਾਲਟੀਆਂ ਪਾਓ।”
ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਘੰਟਾ ਪਹਿਲਾਂ ਮੌਤ ਦੇ ਮੂੰਹ ‘ਚੋਂ ਬਚਣ ਤੋਂ ਬਾਅਦ ਹੀ ਇਹ ਨੌਜਵਾਨ ਹੱਸ ਸਕਦੇ ਹਨ ਅਤੇ ਮਜ਼ਾਕ ਕਰ ਸਕਦੇ ਹਨ। ਇਹ ਮੇਰੇ ਲਈ ਸਿੱਖ ਭਾਈਚਾਰੇ ਦੇ ਚੜ੍ਹਦੀ ਕਲਾ ਦੇ ਜਜ਼ਬੇ ਦੀ ਪਹਿਲੀ ਝਲਕ ਸੀ।
-9-
ਵੱਖ-ਵੱਖ ਗੈਰ-ਸਰਕਾਰੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਸਾਨੂੰ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਰਾਹਤ ਕਾਰਜ ਉਨ੍ਹਾਂ ‘ਤੇ ਛੱਡਣ ਅਤੇ ਤੱਥਾਂ ਦੀ ਖੋਜ ਕਰਨ ਲਈ ਕਿਹਾ। ਤਿੰਨ ਤੱਥ ਖੋਜ ਟੀਮਾਂ ਬਣਾਈਆਂ ਗਈਆਂ। ਅਸੀਂ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ.ਯੂ.ਡੀ.ਆਰ.- ਜਿਸ ਦੀ ਨੁਮਾਇੰਦਗੀ ਸੁਮੰਤੋ ਬੈਨਰਜੀ ਅਤੇ ਮੈਂ ਕੀਤੀ) ਅਤੇ ਪੀਪਲਜ਼ ਯੂਨੀਅਨ ਆਫ ਸਿਵਲ ਰਾਈਟਸ (ਪੀ.ਯੂ.ਸੀ.ਐਲ.- ਜਿਸ ਦੀ ਨੁਮਾਇੰਦਗੀ ਦਿਨੇਸ਼ ਮੋਹਨ ਅਤੇ ਸਮਿਤੂ ਕੋਠਾਰੀ ਨੇ ਕੀਤੀ) ਦੀ ਸਾਂਝੀ ਟੀਮ ਸਾਂ। ਅਸੀਂ ਟੀਮ ਦੇ ਦੋ ਹਿੱਸੇ ਬਣਾ ਲਏ ਅਤੇ ਮੈਂ ਆਈ.ਆਈ.ਟੀ. ਤੋਂ ਦਿਨੇਸ਼ ਮੋਹਨ ਨਾਲ ਗਈ। ਜਿਉਂ ਹੀ ਅਸੀਂ ਆਪਣੀ ਤੱਥ ਖੋਜ ਸ਼ੁਰੂ ਕੀਤੀ, ਪਤਾ ਲੱਗਾ ਕਿ ਸ਼ਹਿਰ ਨੂੰ ਕਿਸ ਹੱਦ ਤੱਕ ਸਾੜ ਦਿੱਤਾ ਗਿਆ ਸੀ। ਇਸ ਅੱਗਜ਼ਨੀ ਲਈ ਹੁਨਰ ਅਤੇ ਮਿੱਟੀ ਦਾ ਤੇਲ ਜਾਂ ਗੰਧਕ ਤੱਕ ਪਹੁੰਚ ਜ਼ਰੂਰੀ ਸੀ ਜੋ ਉਪਲਬਧ ਨਹੀਂ ਸੀ ਕਿਉਂਕਿ ਸਾਰੀਆਂ ਦੁਕਾਨਾਂ ਤਾਂ ਬੰਦ ਸਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਾਂਗਰਸੀ ਆਗੂਆਂ ਕੋਲ ਸਿੱਖਾਂ ਦੇ ਘਰਾਂ ਦੀ ਪਛਾਣ ਕਰਨ ਵਾਲੇ ਰਜਿਸਟਰ ਦੇਖੇ ਸਨ। ਇਸ ਤਰ੍ਹਾਂ ਦੱਖਣੀ ਦਿੱਲੀ ਦੀਆਂ ਪੌਸ਼ ਕਾਲੋਨੀਆਂ ਵਿਚ ਵੀ ਕੰਕਰੀਟ ਦੇ ਵੱਡੇ-ਵੱਡੇ ਢਾਂਚਿਆਂ/ਇਮਾਰਤਾਂ ਨੂੰ ਅੱਗ ਲਾ ਦਿੱਤੀ ਗਈ ਸੀ। ਸੀਨੀਅਰ ਕਾਂਗਰਸੀ ਆਗੂਆਂ ਦੀ ਅਗਵਾਈ ਵਿਚ ਭੀੜ ਵੱਲੋਂ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਅਸੀਂ ਇੰਦਰ ਗੁਜਰਾਲ ਨੂੰ ਉਨ੍ਹਾਂ ਦੇ ਨਿਊ ਫਰੈਂਡਜ਼ ਕਲੋਨੀ ਵਾਲੇ ਘਰ ‘ਚ ਮਿਲੇ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਇਹ ਸੱਚ ਹੋ ਸਕਦਾ ਹੈ ਕਿ ਇਹ ਕਤਲੇਆਮ ਤੇ ਅੱਗਜ਼ਨੀ ਉੱਚ ਲੀਡਰਸਿ਼ਪ ਦੀ ਪ੍ਰਵਾਨਗੀ ਨਾਲ ਕੀਤੀ ਗਈ ਹੋ ਸਕਦੀ ਹੈ ਤਾਂ ਉਹ ਇੰਨਾ ਉਦਾਸ ਨਜ਼ਰ ਆਇਆ ਕਿ ਇਹ ਕਾਫ਼ੀ ਜਵਾਬ ਸੀ।
-10-
ਉਸ ਰਾਤ ਨੂੰ ਪੀ.ਯੂ.ਡੀ.ਆਰ. ਦੀ ਪੂਰੀ ਟੀਮ ਪ੍ਰੈੱਸ ਐਨਕਲੇਵ ਵਿਚ ਸੁਮੰਤੋ ਬੈਨਰਜੀ ਦੇ ਘਰ ਜੁੜੀ। ਇਸ ਗੱਲ ‘ਤੇ ਬਹਿਸ ਹੋਈ ਕਿ ਸਾਨੂੰ ਉਨ੍ਹਾਂ ਲੋਕਾਂ ਦੁਆਰਾ ਦੱਸੇ ਕਾਂਗਰਸੀ ਆਗੂਆਂ ਦੇ ਨਾਮ ਛਾਪ ਦੇਣੇ ਚਾਹੀਦੇ ਹਨ ਜਿਨ੍ਹਾਂ ਦੀਆਂ ਅਸੀਂ ਇੰਟਰਵਿਊ ਕੀਤੀਆਂ ਸਨ। ਕੁਝ ਮੈਂਬਰ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਦਾ ਨਾਮ ਲੈਣ ਨਾਲ ਅਸੀਂ ਆਪਣੇ ਪ੍ਰਧਾਨ ਗੋਵਿੰਦ ਮੁਖੌਟੀ ਦੀ ਜਾਨ ਨੂੰ ਖ਼ਤਰੇ ਵਿਚ ਪਾ ਦੇਵਾਂਗੇ। ਉਸ ਦੀ ਕਾਰ ਨੂੰ ਪਹਿਲਾਂ ਹੀ ਰਹੱਸਮਈ ਢੰਗ ਨਾਲ ਅੱਗ ਲੱਗ ਗਈ ਸੀ। ਮੁਨਿਰਕਾ ਟੋਕਸ ਦੇ ਮੁਕਾਮੀ ਆਗੂ ਨੇ ਆਪਣੇ ਬੰਦਿਆਂ ਨੂੰ ਮੇਰਾ ਪਿੱਛੇ ਲਗਾਇਆ ਹੋਇਆ ਸੀ।
ਫਿਰ ਇਕ ਹੋਰ ਸੋਚ-ਵਿਚਾਰ ਹੋਈ। ਕੀ ਸਿੱਖ ਸਾਡੀ ਰਿਪੋਰਟ ਦੀ ਵਰਤੋਂ ਹਿੱਟ ਲਿਸਟ ਬਣਾਉਣ ਲਈ ਕਰਨਗੇ? ਪਰ ਸਿੱਖਾਂ ਨੇ ਆਪ ਹੀ ਤਾਂ ਸਾਨੂੰ ਇਹ ਨਾਮ ਦਿੱਤੇ ਸਨ। ਆਖ਼ਿਰਕਾਰ ਅਸੀਂ ਨਾਮ ਛਾਪਣ ਦਾ ਫ਼ੈਸਲਾ ਕੀਤਾ। ਪੂਰੀ ਰਾਤ ਨਾਵਾਂ ਦੀ ਜਾਂਚ ਕੀਤੀ ਗਈ ਅਤੇ ਵੱਖ-ਵੱਖ ਸਬੂਤਾਂ ਨਾਲ ਇਨ੍ਹਾਂ ਨੂੰ ਕਰਾਸ ਚੈੱਕ ਕੀਤਾ ਗਿਆ। ਸੂਚੀ ਬਣਾਈ ਗਈ ਅਤੇ ਰਿਪੋਰਟ ਲਿਖੀ ਗਈ। ਸਾਡੀ ਰਿਪੋਰਟ ਦਾ ਸਿਰਲੇਖ ਸੀ: ‘ਦੋਸ਼ੀ ਕੌਣ ਹਨ?’
ਇਸ ‘ਤੇ ਪਾਬੰਦੀ ਲਗਾਈ ਗਈ। ਪੁਲਿਸ ਨੇ ਸਾਡੇ ਪ੍ਰਿੰਟਰ ਦੇ ਛਾਪਾ ਮਾਰਿਆ। ਉਸ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ। ਸਿੱਖ ਜਥੇਬੰਦੀਆਂ ਨੇ ਪਾਬੰਦੀ ਨੂੰ ਟਿੱਚ ਜਾਣ ਕੇ ਸਾਡੀ ਸਹਿਮਤੀ ਤੋਂ ਬਿਨਾ ਹੀ ਰਿਪੋਰਟ ਦੁਬਾਰਾ ਛਾਪ ਦਿੱਤੀ ਅਤੇ ਇਹ ਵਿਆਪਕ ਪੈਮਾਨੇ ‘ਤੇ ਵੰਡੀ ਗਈ। ਇਸ ਦਾ ਪੰਜਾਬੀ ‘ਚ ਅਨੁਵਾਦ ਕੀਤਾ ਗਿਆ।
ਜਦੋਂ ਮੈਂ ਪੰਜਾਬ ਗਈ ਤਾਂ ਬਹੁਤ ਸਾਰੇ ਸਿੱਖਾਂ ਨੇ ਦੱਸਿਆ ਕਿ ਉਸ ਰਿਪੋਰਟ ਕਾਰਨ ਉਹ ਅਜੇ ਵੀ ਭਾਰਤ ਪ੍ਰਤੀ ਵਫ਼ਾਦਾਰੀ ਮਹਿਸੂਸ ਕਰਦੇ ਹਨ। ਇਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇੱਥੇ ਐਸੇ ਭਾਰਤੀ ਸਨ ਜੋ ਉਨ੍ਹਾਂ ਦੇ ਨਾਲ ਉਦੋਂ ਖੜ੍ਹੇ ਜਦੋਂ ਇਹ ਸਭ ਤੋਂ ਜ਼ਰੂਰੀ ਸੀ।
-11-
ਅਸੀਂ ਆਪਣੀ ਤੱਥ ਖੋਜ ਦੌਰਾਨ ਜੋ ਸਮੱਗਰੀ ਇਕੱਠੀ ਕੀਤੀ ਸੀ, ਉਸ ਦੇ ਆਧਾਰ ‘ਤੇ ਦਿੱਲੀ ਹਾਈ ਕੋਰਟ ਵਿਚ ਰਿੱਟ ਦਾਇਰ ਕਰ ਦਿੱਤੀ। ਕੇਸ ਜਸਟਿਸ ਰਜਿੰਦਰ ਸੱਚਰ ਕੋਲ ਲੱਗਿਆ ਜੋ ਬਾਅਦ ਵਿਚ ਚੀਫ ਜਸਟਿਸ ਬਣੇ। ਉਨ੍ਹਾਂ ਨੇ ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਅਸੀਂ ਮੰਗ ਕੀਤੀ ਕਿ ਪੀੜਤਾਂ ਦੇ ਹਲਫ਼ਨਾਮਿਆਂ ਵਿਚ ਨਾਮਜ਼ਦ ਆਗੂਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀਆਂ ਜਾਣ। ਜਦੋਂ ਕੇਸ ਮੁੜ ਸੁਣਵਾਈ ਲਈ ਆਇਆ ਤਾਂ ਇਸ ਨੂੰ ਰਜਿੰਦਰ ਸੱਚਰ ਦੀ ਅਦਾਲਤ ਤੋਂ ਲੈ ਕੇ ਦੋ ਹੋਰ ਜੱਜਾਂ ਦੀ ਅਦਾਲਤ ਵਿਚ ਤਬਦੀਲ ਕਰ ਦਿੱਤਾ ਗਿਆ।
ਉਨ੍ਹਾਂ ਜੱਜਾਂ ਨੇ ਤੱਥਾਂ ਦੀ ਸਚਾਈ ਬਾਰੇ ਖੁੱਲ੍ਹੀ ਅਦਾਲਤ ਵਿਚ ਅਪਮਾਨਜਨਕ ਟਿੱਪਣੀਆਂ ਕੀਤੀਆਂ। ਉਨ੍ਹਾਂ ਵਿਚੋਂ ਇਕ ਨੇ ਤਾਂ ਇਹ ਵੀ ਪੁੱਛਿਆ ਕਿ ਪੀੜਤ ਔਰਤ ਪੁਲਿਸ ਕੋਲ ਕਿਉਂ ਨਹੀਂ ਗਈ। ਉਹ ਉਸ ਔਰਤ ਦੇ ਹਲਫ਼ਨਾਮੇ ਤੋਂ ਪੜ੍ਹ ਕੇ ਕਹਿ ਰਿਹਾ ਸੀ ਜਿਸ ਦੇ ਸਾਹਮਣੇ ਉਸ ਦੀ ਧੀ ਨਾਲ ਬਲਾਤਕਾਰ ਕੀਤਾ ਗਿਆ ਸੀ। ਬਲਾਤਕਾਰੀਆਂ ਦੇ ਨਾਮ ਹਲਫ਼ਨਾਮੇ ਵਿਚ ਸਨ।
ਮੈਂ ਜਾਣਦੀ ਹਾਂ ਕਿ ਇਹ ਹਲਫ਼ਨਾਮੇ ਤਿਆਰ ਕਰਨ ਸਮੇਂ ਅਸੀਂ ਕਿੰਨੇ ਸਾਵਧਾਨ ਸੀ। ਉਸ ਨੇ ਪੰਜਾਬੀ ਵਿਚ ਦੱਸਿਆ, ਇਸ ਦਾ ਹਿੰਦੀ ਵਿਚ ਅਨੁਵਾਦ ਹੋਇਆ ਅਤੇ ਹਲਫ਼ਨਾਮਾ ਅੰਗਰੇਜ਼ੀ ਵਿਚ ਲਿਖਿਆ ਗਿਆ ਸੀ। ਇਸ ਤੋਂ ਪਹਿਲਾਂ ਕਿ ਉਹ ਇਸ ‘ਤੇ ਦਸਤਖ਼ਤ ਕਰਦੀ, ਇਸ ਨੂੰ ਪੈਰਾ-ਦਰ-ਪੈਰਾ ਪੜ੍ਹ ਕੇ ਸੁਣਾਇਆ ਗਿਆ।
ਹਾਈ ਕੋਰਟ ਦੇ ਜੱਜ ਨੇ ਪੰਨਾ ਪਲਟਿਆ ਅਤੇ ਹਲਫ਼ਨਾਮੇ ‘ਤੇ ਹੱਸ ਪਿਆ।
ਪਟੀਸ਼ਨ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਸਾਹਮਣੇ ਰਹੱਸਮਈ ਤਰੀਕੇ ਨਾਲ ਦਾਇਰ ਕੀਤੀ ਗਈ ਸੀ। ਗੋਵਿੰਦ ਮੁਖੌਟੀ ਹਾਜ਼ਰ ਨਹੀਂ ਸਨ। ਮੈਂ ਪੇਸ਼ ਹੋਈ। ਜਸਟਿਸ ਏ.ਐਨ. ਸੇਨ ਪ੍ਰਧਾਨਗੀ ਕਰ ਰਿਹਾ ਸੀ। ਉਸ ਨੇ ਬੈਂਚ ਤੋਂ ਹੇਠਾਂ ਵੱਲ ਦੇਖਿਆ ਅਤੇ ਮੁਸਕਰਾਇਆ ਅਤੇ ਮੈਨੂੰ ਹੌਲੀ-ਹੌਲੀ ਪ੍ਰੇਰਨ ਵਾਲੇ ਤਰੀਕੇ ਨਾਲ ਕਿਹਾ: “ਕਿਰਪਾ ਕਰ ਕੇ ਰਾਸ਼ਟਰੀ ਹਿਤ ‘ਚ ਇਸ ਪਟੀਸ਼ਨ ਨੂੰ ਵਾਪਸ ਲੈ ਲਓ।” ਮੈਂ ਨਾਂਹ ਕਰ ਦਿੱਤੀ। ਪਟੀਸ਼ਨ ਖਾਰਜ ਕਰ ਦਿੱਤੀ ਗਈ। ਉਹ ਸ਼ਬਦ ਮੇਰੇ ਕੰਨਾਂ ਵਿਚ ਗੂੰਜਦੇ ਹਨ ਅਤੇ ਮੈਨੂੰ ਅਜੇ ਵੀ ਘੋਰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।
-12-
ਨਾਗਰਿਕ ਏਕਤਾ ਮੰਚ ਨੇ ਸ਼ਾਨਦਾਰ ਰਾਹਤ ਕਾਰਜ ਕੀਤਾ ਪਰ ਸਭ ਤੋਂ ਪ੍ਰੇਰਕ ਚਰਚਾਵਾਂ ਅਤੇ ਬਹਿਸਾਂ ਰਾਹਤ ਦੀ ਸਿਆਸਤ ਨੂੰ ਲੈ ਕੇ ਹੋਈਆਂ। ਹਰ ਕੈਂਪ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਕਾਰਕੁਨਾਂ ਦੁਆਰਾ ਚਲਾਇਆ ਜਾਂਦਾ ਸੀ: ਸਮਾਜਵਾਦੀ, ਨਕਸਲੀ, ਸਮਾਜ ਸੇਵਕ ਤੇ ਨਾਰੀਵਾਦੀ। ਵਿਚਾਰ-ਚਰਚਾਵਾਂ ਸਾਡੇ ਸਾਰਿਆਂ ਦੇ ਇਕੱਠੇ ਕੰਮ ਕਰਨ ‘ਚ ਅੜਿੱਕਾ ਨਹੀਂ ਬਣੀਆਂ।
ਜਦੋਂ ਸਰਕਾਰ ਨੇ ਹਿੰਸਾ ਦੇ ਕਾਰਨਾਂ ਦੀ ਜਾਂਚ ਲਈ ਰੰਗਨਾਥ ਮਿਸ਼ਰਾ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਤਾਂ ਨਾਗਰਿਕ ਏਕਤਾ ਮੰਚ ਨੇ ਮੈਨੂੰ ਉਨ੍ਹਾਂ ਦੀ ਨੁਮਾਇੰਦਗੀ ਕਰਨ ਲਈ ਕਿਹਾ। ਮੈਂ ਜਸਟਿਸ ਰੰਗਨਾਥ ਮਿਸ਼ਰਾ ਦੇ ਸਾਹਮਣੇ ਪੇਸ਼ ਹੋਈ। ਸਿੱਖ ਪੀੜਤਾਂ ਪ੍ਰਤੀ ਉਸ ਦਾ ਪੱਖਪਾਤ ਹਰ ਪੱਧਰ ‘ਤੇ ਪ੍ਰਤੱਖ ਸੀ। ਫ਼ੈਸਲਾ ਹੋਇਆ ਕਿ ਨਾਗਰਿਕ ਏਕਤਾ ਮੰਚ ਕਮਿਸ਼ਨ ਦਾ ਬਾਈਕਾਟ ਕਰੇਗਾ। ਮੈਂ ਆਪਣਾ ਨਾਮ ਵਾਪਸ ਲੈ ਲਿਆ ਅਤੇ ਲੰਮਾ ਲੇਖ ਲਿਖਿਆ ਕਿ ਅਸੀਂ ਇਹ ਫ਼ੈਸਲਾ ਕਿਉਂ ਕੀਤਾ। ਲੇਖ ਛਪ ਗਿਆ।
ਇਸ ਤੋਂ ਪਹਿਲਾਂ, ਜਦੋਂ ਰੰਗਨਾਥ ਮਿਸ਼ਰਾ ਸੁਪਰੀਮ ਕੋਰਟ ਦਾ ਸਿਟਿੰਗ ਜੱਜ ਸੀ, ਮੈਂ ਮੇਰਠ ਹਿੰਸਾ ਨਾਲ ਸਬੰਧਿਤ ਕੇਸ ਦਰਜ ਕਰਾਉਣ ਵੇਲੇ ਮੁਸਲਮਾਨਾਂ ਪ੍ਰਤੀ ਉਸ ਦਾ ਪੱਖਪਾਤ ਦੇਖ ਚੁੱਕੀ ਸੀ। ਉਸ ਮਾਮਲੇ ‘ਚ ਪੀ.ਏ.ਸੀ. (ਉੱਤਰ ਪ੍ਰਦੇਸ਼ ਦੀ ਹਥਿਆਰਬੰਦ ਪੁਲਿਸ) ਨੇ 33 ਮੁਸਲਮਾਨਾਂ ਨੂੰ ਗੋਲੀਆਂ ਮਾਰ ਕੇ ਲਾਸ਼ਾਂ ਨਹਿਰ ਵਿਚ ਸੁੱਟ ਦਿੱਤੀਆਂ ਸਨ। ਰੰਗਨਾਥ ਮਿਸ਼ਰਾ ਨੂੰ ਜੂਨੀਅਰ ਵਕੀਲ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ ਜਿਸ ਨੇ ਲੇਖ ਛਪਵਾ ਕੇ ਉਸ ਵਿਰੁੱਧ ਦੋਸ਼ ਲਾਇਆ ਸੀ। (ਮਗਰੋਂ) ਜਸਟਿਸ ਰੰਗਨਾਥ ਮਿਸ਼ਰਾ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਬਣਿਆ।
-13-
ਇਸ ਤੋਂ ਤੁਰੰਤ ਬਾਅਦ ਇਕ ਹੋਰ ਹਿੰਸਾ ਹੋਈ। ਇਸ ਵਾਰ ਵਾਲਡ ਸਿਟੀ (ਚਾਰ-ਦੀਵਾਰੀ ਵਾਲੇ ਇਲਾਕੇ) ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੋਈ ਵੀ ਨਾਗਰਿਕ ਕਮੇਟੀ ਅੱਗੇ ਨਹੀਂ ਆਈ। ਵਲੰਟੀਅਰਾਂ ਲਈ ਖਾਣਾ ਭੇਜਣ ਵਾਲਾ ਨਿਰੂਲਾ ਪੁਰਾਣੀ ਦਿੱਲੀ ਨਹੀਂ ਆਇਆ। ਮੈਂ ਤੱਥ ਖੋਜਣ ਲਈ ਗਈ ਅਤੇ ਪੀ.ਯੂ.ਡੀ.ਆਰ. ਨੇ ਰਿਪੋਰਟ ਛਾਪੀ। ਉਸ ਤਰ੍ਹਾਂ ਦੀ (ਸਿੱਖਾਂ ਦੇ ਕਤਲੇਆਮ ਵਾਲੀ) ਕੋਈ ਹਮਦਰਦੀ ਜਾਂ ਗੁੱਸਾ ਨਹੀਂ ਸੀ।
ਉਦੋਂ ਮੈਨੂੰ ਅਹਿਸਾਸ ਹੋਇਆ ਕਿ ਨਾਗਰਿਕ ਏਕਤਾ ਮੰਚ ਦੇ ਕਾਰਕੁਨ ਜ਼ਿਆਦਾਤਰ ਪੰਜਾਬੀ ਸਨ ਅਤੇ ਉਨ੍ਹਾਂ ਸਾਰਿਆਂ ਦੇ ਦੋਸਤ ਸਨ ਜੋ ਸਿੱਖ ਭਾਈਚਾਰੇ ਨਾਲ ਸਬੰਧਿਤ ਸਨ। ਪਿੱਛੋਂ, ਜਦੋਂ ਮੈਂ ਵਰਕਰਾਂ ਦੀਆਂ ਇੰਟਰਵਿਊ ਕੀਤੀਆਂ ਤਾਂ ਪਤਾ ਲੱਗਾ ਕਿ ਸਿੱਖਾਂ ਵਿਚ ਸਿਰਫ਼ ਸੁਮੰਤੋ ਅਤੇ ਮੇਰੇ ਦੋਸਤ ਨਹੀਂ ਸਨ; ਤੇ ਸਾਡੇ ਸਬੰਧ ਮੁਸਲਮਾਨਾਂ ਨਾਲ ਸਨ।
-14-
ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ‘ਚ ਮੇਰੀ ਇਤਿਹਾਸ ਦੀ ਅਧਿਆਪਕਾ ਉਮਾ ਚਕਰਵਰਤੀ ਨੇ ਮੈਨੂੰ ਪੀੜਤਾਂ ਦੀਆਂ ਇੰਟਰਵਿਊ ਲੈਣ ਵਿਚ ਮਦਦ ਕਰਨ ਲਈ ਕਿਹਾ। ਇਹ ਇਤਿਹਾਸ ਦਾ ਐਸਾ ਪਲ ਸੀ ਜਦੋਂ ਇਕ ਭਾਈਚਾਰਾ ਘੱਟ ਗਿਣਤੀ ਵਿਚ ਬਦਲ ਗਿਆ ਸੀ। ਫਿਰ ਅਸੀਂ ਗੈਰ-ਸਿੱਖ ਗੁਆਂਢੀਆਂ ਅਤੇ ਕਾਰਕੁਨਾਂ ਦੀਆਂ ਇੰਟਰਵਿਊ ਕੀਤੀਆਂ। ਇੰਟਰਵਿਊਆਂ ਨੇ ਫੌਰੀ ਕਾਰਨਾਂ ਤੋਂ ਇਲਾਵਾ ਹਿੰਸਾ ਦੇ ਪਿੱਛੇ ਕੰਮ ਕਰਦੇ ਗੁੰਝਲਦਾਰ ਕਾਰਨ ਵੀ ਦਰਸਾਏ। ਮੁਨਿਰਕਾ ਵਰਗੀਆਂ ਕਈ ਥਾਵਾਂ ‘ਤੇ ਪਿੰਡ ਦੀ ਜ਼ਮੀਨ ਲਏ ਜਾਣ ਨੂੰ ਲੈ ਕੇ ਰੋਸ ਸੀ। ਗੁਰੂ ਹਰਕ੍ਰਿਸ਼ਨ ਸਕੂਲ ਉਸ ਜ਼ਮੀਨ ਉੱਪਰ ਬਣਾਇਆ ਗਿਆ ਸੀ ਜੋ ਕਦੇ ਮੁਨਿਰਕਾ ਪਿੰਡ ਦੇ ਜਾਟਾਂ ਦੀ ਸੀ। ਜਦੋਂ ਸਕੂਲ ਬਣ ਰਿਹਾ ਸੀ ਤਾਂ ਪਿੰਡ ਦੇ ਲੋਕ ਆਏ ਅਤੇ ਗਰਾਊਂਡ ਨੂੰ ਸਵੇਰ ਵੇਲੇ ਜੰਗਲ-ਪਾਣੀ ਜਾਣ ਲਈ ਵਰਤਿਆ। ਹੁਣ ਉਨ੍ਹਾਂ ਨੇ ਬਦਲਾ ਲੈਣ ਲਈ ਸਕੂਲ ਨੂੰ ਅੱਗ ਲਗਾ ਦਿੱਤੀ ਸੀ।
ਆਪਣੇ ਸਿੱਖ ਗੁਆਂਢੀਆਂ ਦੀ ਰੱਖਿਆ ਕਰਨ ਵਾਲੇ ਲੋਕਾਂ ਦੀਆਂ ਕਹਾਣੀਆਂ ਦਿਲ ਨੂੰ ਸਕੂਨ ਦੇਣ ਵਾਲੀਆਂ ਸਨ; ਅਤੇ ਉਨ੍ਹਾਂ ‘ਚੋਂ ਬਿਹਤਰੀਨ ਰਵਾਇਤੀ ਅਖਾੜਿਆਂ ਦੇ ਪਹਿਲਵਾਨ ਸਨ ਜਿਨ੍ਹਾਂ ਨੇ ਸਿੱਖਾਂ ਦੀ ਰੱਖਿਆ ਕੀਤੀ ਕਿਉਂਕਿ ਅਖਾੜਾ ਸਾਰੇ ਭਾਈਚਾਰਿਆਂ ਨੇ ਸਵੀਕਾਰ ਕਰਦਾ ਸੀ।
ਪੁਸਤਕ ਛਪ ਗਈ। ਇਸ ਦਾ ਨਾਂ ਸੀ: ਦਿੱਲੀ ਦੰਗੇ: ਰਾਸ਼ਟਰ ਦੀ ਜ਼ਿੰਦਗੀ ‘ਚ ਤਿੰਨ ਦਿਨ।
-15-
1984 ਦੇ ਕਤਲੇਆਮ ਦੇ ਪੀੜਤ ਅੱਜ ਵੀ ਇਨਸਾਫ਼ ਲਈ ਲੜ ਰਹੇ ਹਨ। ਉਨ੍ਹਾਂ ਨੂੰ ਉਤਸ਼ਾਹੀ ਵਾਲੰਟੀਅਰਾਂ ਦੀ ਹਮਾਇਤ ਨਹੀਂ ਹੈ; ਕਈ ਕਾਰਕੁਨਾਂ ਨੇ ਆਪਣੇ ਲਈ ਚੰਗੇ ਪ੍ਰੋਜੈਕਟ ਪ੍ਰਾਪਤ ਕਰਨ ਲਈ ਉਸ ਤਜਰਬੇ ਦੀ ਵਰਤੋਂ ਕੀਤੀ; ਕੁਝ ਵਕੀਲਾਂ ਨੇ ਇਸ ਤਜਰਬੇ ਤੋਂ ਆਪਣਾ ਕਰੀਅਰ ਬਣਾਇਆ।
ਦਿੱਲੀ ਦੇ ਨਾਗਰਿਕ ਫਿਰ ਕਦੇ ਕਿਸੇ ਕਾਰਨ ਇਕੱਠੇ ਨਹੀਂ ਹੋਏ (ਇਹ ਲਿਖਤ ਸ਼ਾਹੀਨ ਬਾਗ਼ ਮੋਰਚੇ ਤੋਂ ਪਹਿਲਾਂ ਲਿਖੀ ਗਈ ਸੀ- ਅਨੁਵਾਦਕ) ਗਰੁੱਪ 1984 ਦੀਆਂ ਘਟਨਾਵਾਂ ਨੂੰ ਯਾਦ ਕਰਨ ਅਤੇ ਕਾਂਗਰਸ ਪਾਰਟੀ ਦੀ ਨਿੰਦਾ ਕਰਨ ਲਈ ਇਕੱਠੇ ਹੋਏ ਹਨ। ਹਾਂ, ਕਾਂਗਰਸ ਪਾਰਟੀ ਦੀ ਨਿੰਦਾ ਹੋਣੀ ਚਾਹੀਦੀ ਹੈ ਪਰ ਕੀ ਸੋਨੀਆ ਗਾਂਧੀ ਨੇ ਜਨਤਕ ਤੌਰ ‘ਤੇ ਮੁਆਫ਼ੀ ਨਹੀਂ ਮੰਗੀ?
ਕਾਂਗਰਸ ਪਾਰਟੀ ਦੀ ਨਿਖੇਧੀ ਕਰਨ ਲਈ ਇਕੱਠੀਆਂ ਹੋਈਆਂ ਪਾਰਟੀਆਂ ਅਤੇ ਜਥੇਬੰਦੀਆਂ ਨੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਜਾਂ ਇਸ ਮੁੱਦੇ ਨੂੰ ਹਿੰਦੂ ਅਤੇ ਸਿੱਖ ਫਿਰਕੂ ਤਾਕਤਾਂ ਵੱਲੋਂ ਆਪਣੇ ਹੱਥਾਂ ਵਿਚ ਲੈਣ ਤੋਂ ਰੋਕਣ ਲਈ ਕੁਝ ਨਹੀਂ ਕੀਤਾ; ਹੁਣ ਪੀੜਤਾਂ ਲਈ ਇਨਸਾਫ਼ ਲਈ ਸੰਘਰਸ਼ ਫਿਰਕੂ ਸਿਆਸਤ ਦਾ ਹਿੱਸਾ ਹੈ। ਕੀ ਇਸ ਵਰ੍ਹੇਗੰਢ ਨੂੰ ਨਾ ਸਿਰਫ 1984 ਦੇ ਪੀੜਤਾਂ ਲਈ ਲੜਨ ਲਈ ਸਗੋਂ ਭਾਰਤ ਦੇ ਇਕ ਹੋਰ ਦ੍ਰਿਸ਼ਟੀ ਦੀ ਲੜਾਈ ਵਿਚ ਇਕਜੁੱਟ ਹੋਣ ਲਈ ਮੁੜ ਇਕੱਠੇ ਹੋਣ ਦਾ ਮੌਕਾ ਨਹੀਂ ਬਣਾਇਆ ਜਾ ਸਕਦਾ?
-16-
ਸਿੱਖਾਂ ਵੱਲੋਂ 1984 ਬਾਰੇ ਨਾਵਲ ਲਿਖੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਅਮਨਦੀਪ ਸੰਧੂ ਦਾ ਹੈ। ਉਸ ਦੇ ਨਾਵਲ ਦਾ ਨਾਂ ‘ਰੋਲ ਆਫ ਆਨਰ’ ਹੈ। ਇਸ ਨੂੰ ਹਿੰਦੂ ਸਾਹਿਤ ਪੁਰਸਕਾਰ 2013 ਲਈ ਨਾਮਜ਼ਦ ਕੀਤਾ ਗਿਆ ਸੀ। ਉਹ 1984 ਦੀਆਂ ਘਟਨਾਵਾਂ ਨੂੰ ਪੰਜਾਬ ਦੀ ਵਿਆਪਕ ਸਿਆਸਤ ਦੇ ਪ੍ਰਸੰਗ ‘ਚ ਦੇਖਦੇ ਹਨ। ਉਹ ਸੌੜੀ ਫਿਰਕੂ ਸਿਆਸਤ ਜਾਂ ਝੂਠੇ ਪੈਗੰਬਰਾਂ ਤੋਂ ਪ੍ਰੇਰਨਾ ਨਹੀਂ ਲੈਂਦੇ। ਉਹ ਆਪਣੇ ਆਪ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਨਹੀਂ ਜੋੜਦੇ, ਉਹ ਆਪਣੇ ਆਪ ਨੂੰ ਕਿਸੇ ਸਿਆਸੀ ਨਜ਼ਰੀਏ ਨਾਲ ਵੀ ਜੋੜਦੇ ਨਹੀਂ ਜਾਪਦੇ।
ਮੈਂ ਅਮਨਦੀਪ ਨੂੰ ਗੋਆ ਵਿਚ ਇਕ ਸਾਹਿਤ ਉਤਸਵ ਵਿਚ ਮਿਲੀ। ਉਹ ਮੈਨੂੰ ਮਿਲਣ ਬਾਰੇ ਉਤਸ਼ਾਹਿਤ ਹੈ। ਉਹ ਕਹਿੰਦਾ ਹੈ ਕਿ ਉਸ ਨੇ ਸੁਣਿਆ ਹੈ ਕਿ ਮੈਂ 1984 ਵਿਚ ਕੀ ਕੀਤਾ ਸੀ। ਉਸ ਨੇ ਮੈਨੂੰ ਆਪਣੀ ਕਿਤਾਬ ਭੇਂਟ ਕੀਤੀ। ਅਮਨਦੀਪ ਨੇ ਕਿਤਾਬ ਦੀ ਸਮਾਪਤੀ ਇਨ੍ਹਾਂ ਸ਼ਬਦਾਂ ਨਾਲ ਕੀਤੀ: “ਇਹ ਇਤਫ਼ਾਕ ਹੈ ਕਿ ਮੈਂ ਇਕ ਖ਼ਾਸ ਪਰਿਵਾਰ, ਜਾਂ ਇਕ ਭਾਈਚਾਰੇ, ਇਕ ਸਮਾਜ ਜਾਂ ਇਕ ਕੌਮ ਵਿਚ ਪੈਦਾ ਹੋਇਆ ਹਾਂ ਪਰ ਜਦੋਂ ਮੈਂ ਜਨਮ ਸਮੇਂ ਮੈਨੂੰ ਵਿਰਸੇ ‘ਚ ਮਿਲੇ ਹੁਕਮਨਾਮਿਆਂ- ਰੰਗ, ਧਰਮ, ਸਥਾਨ, ਬੋਲੀ, ਪਰਿਵਾਰ ਅਤੇ ਪਛਾਣ ਦੇ ਹੋਰ ਚਿੰਨ੍ਹਾਂ ਦੀ ਨੁਮਾਇਸ਼ ਲਾਉਂਦਾ ਹਾਂ ਤਾਂ ਮੇਰਾ ਜਨਮ ਮਜ਼ਾਕ ਬਣ ਜਾਂਦਾ ਹੈ ਜੋ ਮੇਰੀ ਪੂਰੀ ਜ਼ਿੰਦਗੀ ਚੱਲਦਾ ਹੈ। ਮੈਂ ਹੈਰਾਨ ਹਾਂ ਕਿ ਇਸ ‘ਤੇ ਕੌਣ ਹੱਸਦਾ ਹੈ। ਕਿਉਂਕਿ ਜਦੋਂ ਮੈਂ ਇਸ ਤਰ੍ਹਾਂ ਜਿਉਂਦਾ ਹਾਂ ਜਾਂ ਉਨ੍ਹਾਂ ਦੀ ਖ਼ਾਤਰ ਮਰਨ ਲਈ ਤਿਆਰ ਹਾਂ ਤਾਂ ਮੈਂ ਉਸ ਦਾ ਵਿਅੰਗ ਮਹਿਸੂਸ ਕਰਦਾ ਹਾਂ ਜੋ ਮੈਂ ਹੋ ਸਕਦਾ ਸੀ।
… ਜ਼ਿੰਦਗੀ ਦਾ ਸਾਹਮਣਾ ਕਰਨ ਨੂੰ ਥੋੜ੍ਹਾ ਲੰਮਾ ਲੱਗਾ ਹੈ, ਢਾਈ ਦਹਾਕਿਆਂ ਤੋਂ ਵੱਧ ਸਮਾਂ ਪਰ ਆਖ਼ਿਰਕਾਰ ਮੈਂ ਖੜ੍ਹਾ ਹੋ ਗਿਆ ਹਾਂ। ਆਖ਼ਿਰਕਾਰ ਮੈਨੂੰ ਐਸੀ ਜਗ੍ਹਾ ਮਿਲ ਗਈ ਹੈ ਜਿੱਥੇ ਮੈਂ ਆਪਣੇ ਆਪ ਤੋਂ, ਮੇਰੇ ਆਲੇ-ਦੁਆਲੇ ਦੀ ਦੁਨੀਆ ਤੋਂ ਮਹਿਫ਼ੂਜ਼ ਹਾਂ। ਇਹ ਅਜਿਹੀ ਸਪੇਸ ਹੈ ਜਿੱਥੇ ਹਰ ਸਵੇਰ ਆਜ਼ਾਦ ਪੰਛੀ ਚੋਗਾ ਚੁਗਣ ਲਈ ਆਉਂਦੇ ਹਨ।”
ਅਸੀਂ ਪੀੜਤਾਂ ਦੇ ਇਨਸਾਫ਼ ਦੇ ਹੱਕਾਂ ਲੈਣ ਲਈ ਲੜਦੇ ਹਾਂ, ਉੱਥੇ ਪੀੜਤਾਂ ਨੂੰ ਆਪਣੇ ਆਪ ਨੂੰ ਨਫ਼ਰਤ ਅਤੇ ਬਦਲੇ ਦੀ ਕੈਦ ਤੋਂ ਮੁਕਤ ਕਰਨ ਲਈ ਸਪੇਸ ਲਈ ਵੀ ਲੜਨਾ ਚਾਹੀਦਾ ਹੈ। ਮੈਂ ਅਜਿਹਾ ਕਹਿਣ ਦੀ ਹਿੰਮਤ ਨਹੀਂ ਕਰਾਂਗੀ ਪਰ ਅਮਨਦੀਪ ਨੇ ਰਾਹ ਦਿਖਾ ਦਿੱਤਾ ਹੈ। ਇਸ ਲਈ ਮੈਂ ਇਹ ਲੇਖ 1984 ਦੇ ਪੀੜਤਾਂ ਦੇ ਬੱਚਿਆਂ ਜਾਂ ਸ਼ਾਇਦ ਉਨ੍ਹਾਂ ਦੇ ਪੋਤੇ-ਪੋਤੀਆਂ ਨੂੰ ਸਮਰਪਿਤ ਕਰਦੀ ਹਾਂ।