ਨੋਟਾਂ `ਤੇ ਤਸਵੀਰਾਂ ਲਾਉਣ ਦਾ ਮਸਲਾ ਅਤੇ ਸਿਆਸਤ

ਨਵਕਿਰਨ ਸਿੰਘ ਪੱਤੀ
ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਬਹੁ-ਗਿਣਤੀ ਨੂੰ ਖੁਸ਼ ਕਰਨ ਦੀ ਸਿਆਸਤ ਦਾ ਹਿੱਸਾ ਹੈ ਪਰ ਕੇਜਰੀਵਾਲ ਤੋਂ ਪਹਿਲਾਂ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਸਮੇਤ ਹੋਰ ਵੀ ਸਿਆਸਤਦਾਨ ਇਸ ਤਰ੍ਹਾਂ ਦੀ ਮੰਗ ਕਰ ਚੁੱਕੇ ਹਨ। ਹੁਣ ਵੀ ਕੇਜਰੀਵਾਲ ਦਾ ਬਿਆਨ ਆਉਂਦਿਆਂ ਹੀ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਆਪਣੇ-ਆਪਣੇ ਹਿਸਾਬ ਨਾਲ ਨੋਟਾਂ ‘ਤੇ ਤਸਵੀਰਾਂ ਲਾਉਣ ਦੀ ਮੰਗ ਕਰ ਰਹੇ ਹਨ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਭਾਰਤੀ ਕਰੰਸੀ ਨੋਟਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ-ਨਾਲ ਮਾਤਾ ਲੱਛਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਛਾਪੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦਲੀਲ ਦਿੱਤੀ ਹੈ ਕਿ ਜੇ ਇਹ ਤਸਵੀਰਾਂ ਛਾਪੀਆਂ ਜਾਂਦੀਆਂ ਹਨ ਤਾਂ ਇਸ ਨਾਲ ਭਾਰਤ ਖੁਸ਼ਹਾਲ ਹੋਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਵਿੰਦ ਕੇਜਰੀਵਾਲ ਦਾ ਇਹ ਬਿਆਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਬਹੁ-ਗਿਣਤੀ ਨੂੰ ਖੁਸ਼ ਕਰਨ ਦੀ ਸਿਆਸਤ ਦਾ ਹਿੱਸਾ ਹੈ ਪਰ ਕੇਜਰੀਵਾਲ ਤੋਂ ਪਹਿਲਾਂ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਸਮੇਤ ਹੋਰ ਵੀ ਸਿਆਸਤਦਾਨ ਇਸ ਤਰ੍ਹਾਂ ਦੀ ਮੰਗ ਕਰ ਚੁੱਕੇ ਹਨ। ਹੁਣ ਵੀ ਕੇਜਰੀਵਾਲ ਦਾ ਬਿਆਨ ਆਉਂਦਿਆਂ ਹੀ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਆਪਣੇ-ਆਪਣੇ ਹਿਸਾਬ ਨਾਲ ਨੋਟਾਂ ‘ਤੇ ਤਸਵੀਰਾਂ ਲਾਉਣ ਦੀ ਮੰਗ ਕਰ ਰਹੇ ਹਨ।
ਟੈਲੀਵਿਜ਼ਨ ਦੇ ਕਿਸੇ ਚੈਨਲ ‘ਤੇ ਤੁਸੀਂ ਉਹ ‘ਬਾਬਾ` ਜ਼ਰੂਰ ਸੁਣਿਆ ਹੋਵੇਗਾ ਜਿਹੜਾ ਆਪਣੇ ਭਗਤ ਨੂੰ ਪੁੱਛਦਾ ਹੁੰਦਾ- “ਕਦੇ ਸਮੋਸਾ ਖਾਧਾ?”, ਜੇ ਭਗਤ ਕਹਿੰਦਾ- “ਨਹੀਂ ਖਾਧਾ ਜੀ” ਤਾਂ ਅੱਗਿਓਂ ਬਾਬਾ ਕਹਿੰਦਾ ਹੁੰਦਾ- “ਪਹਿਲਾਂ ਸਮੋਸਾ ਖਾਓ, ਕਿਰਪਾ ਸਮੋਸੇ ਵਿਚ ਹੀ ਰੁਕੀ ਹੋਈ ਹੈ।” ਉਸੇ ਤਰ੍ਹਾਂ ਕੇਜਰੀਵਾਲ ਇਹ ਕਹਿੰਦਾ ਪ੍ਰਤੀਤ ਹੋ ਰਿਹਾ ਹੈ ਕਿ ਜੇ ਭਾਰਤ ਦੇ ਕਰੰਸੀ ਦੇ ਨੋਟਾਂ ‘ਤੇ ਹੋਰ ਤਸਵੀਰਾਂ ਸ਼ਾਮਲ ਕਰ ਜਾਣ ਤਾਂ ਭਾਰਤ ਦੀ ਅਰਥ ਵਿਵਸਥਾ ਠੀਕ ਹੋ ਜਾਵੇਗੀ ਪਰ ਤੱਥ ਇਹ ਹੈ ਕਿ ਭਾਰਤੀ ਅਰਥ ਵਿਵਸਥਾ ਦਾ ਪੇਚ ਨੋਟਾਂ ‘ਤੇ ਤਸਵੀਰਾਂ ਲਾਉਣ ਵਿਚ ਨਹੀਂ ਬਲਕਿ ਸਰਕਾਰ ਦੀਆਂ ਨੀਤੀਆਂ ਵਿਚ ਫਸਿਆ ਹੋਇਆ ਹੈ। ਜੇ ਸਰਕਾਰਾਂ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਦੀ ਥਾਂ ਲੋਕ ਪੱਖੀਆਂ ਨੀਤੀਆਂ ਅਪਣਾਉਣ ਤਾਂ ਭਾਰਤੀ ਅਰਥ ਵਿਵਸਥਾ ਠੀਕ ਹੋ ਸਕਦੀ ਹੈ।
ਅੰਤਰਰਾਸ਼ਟਰੀ ਪੱਧਰ ‘ਤੇ ਕਾਰੰਸੀ ਦੀ ਦਰ ਆਯਾਤ, ਨਿਰਯਾਤ ਨਾਲ ਜੁੜੀ ਹੋਈ ਹੁੰਦੀ ਹੈ। ਕੋਈ ਸਮਾਂ ਸੀ ਜਦ ਭਾਰਤ ਵੱਡੀ ਪੱਧਰ ‘ਤੇ ਕੱਚਾ ਮਾਲ ਵਿਦੇਸ਼ਾਂ ਵਿਚ ਵੇਚਦਾ ਸੀ ਤੇ ਸੀਮਤ ਵਸਤਾਂ ਲਈ ਵਿਦੇਸ਼ਾਂ ‘ਤੇ ਨਿਰਭਰਤਾ ਸੀ। ਉਸ ਸਮੇਂ ਰੁਪਏ ਦੀ ਕੀਮਤ ਡਾਲਰ ਤੋਂ ਘੱਟ ਨਹੀਂ ਸੀ, 1947 ਵਿਚ ਇੱਕ ਡਾਲਰ ਦੀ ਕੀਮਤ ਲੱਗਭੱਗ ਇੱਕ ਰੁਪਏ ਬਰਾਬਰ ਸੀ। ਉਸ ਸਮੇਂ ਭਾਰਤ ਸਿਰ ਕੋਈ ਕਰਜ਼ਾ ਵੀ ਨਹੀਂ ਸੀ ਹਾਲਾਂਕਿ ਉਸ ਸਮੇਂ ਕਰੰਸੀ ਨੋਟਾਂ ‘ਤੇ ਬ੍ਰਿਟਸ਼ ਸਾਮਰਾਜੀਆਂ ਦੀ ਤਸਵੀਰ ਸੀ।
1951 ਵਿਚ ਸ਼ੁਰੂ ਕੀਤੀ ਪਹਿਲੀ ਪੰਜ ਸਾਲਾ ਯੋਜਨਾ ਦੌਰਾਨ ਵਿਦੇਸ਼ ਤੋਂ ਕਰਜ਼ਾ ਲੈਣ ਦੀ ਸ਼ੁਰੂਆਤ ਨਾਲ ਭਾਰਤੀ ਰੁਪਏ ਦੀ ਕੀਮਤ ਘਟਣ ਲੱਗੀ ਜੋ 1975 ਤੱਕ ਆ ਕੇ ਵੀ ਇੱਕ ਡਾਲਰ ਦੀ ਕੀਮਤ 8 ਰੁਪਏ ਸੀ ਤੇ 1985 ਵਿਚ 12 ਰੁਪਏ ਸੀ। 1990ਵਿਆਂ ਵਿਚ ਸ਼ੁਰੂ ਕੀਤੀਆਂ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਵਰਗੀਆਂ ਨੀਤੀਆਂ ਦਾ ਨਤੀਜਾ ਹੈ ਕਿ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ 82 ਰੁਪਏ ਨੂੰ ਪਾਰ ਕਰ ਗਈ ਹੈ। ਇਸ ਸੂਰਤ ਵਿਚ ਜਦ ਭਾਰਤ ਦੀ ਵਿੱਤ ਮੰਤਰੀ ਕਹਿ ਰਹੀ ਹੈ ਕਿ ਰੁਪਿਆ ਕਮਜ਼ੋਰ ਨਹੀਂ ਹੋ ਰਿਹਾ ਬਲਕਿ ਡਾਲਰ ਮਜ਼ਬੂਤ ਹੋ ਰਿਹਾ ਹੈ ਤਾਂ ਉਸ ਨੂੰ ਢੱਕਵਾਂ ਸਵਾਲ ਕਰਨ ਦੀ ਥਾਂ ਕੇਜਰੀਵਾਲ ਜੀ ਚਰਚਾ ਨੂੰ ਹੋਰ ਪਾਸੇ ਤਿਲਕਾਅ ਰਹੇ ਹਨ। ਹਕੀਕਤ ਇਹ ਹੈ ਕਿ ਭਾਰਤੀ ਅਰਥ ਵਿਵਸਥਾ ਦੀ ਡਾਵਾਂਡੋਲ ਹਾਲਤ ਲਈ ਦੇਸ਼ ਦੀ ਸੱਤਾ ‘ਤੇ ਕਾਬਜ਼ ਰਹੀਆਂ ਕਾਂਗਰਸ, ਭਾਜਪਾ ਹਕੂਮਤਾਂ ਮੁੱਖ ਰੂਪ ਵਿਚ ਜ਼ਿੰਮੇਵਾਰ ਹਨ ਤੇ ਇਹਨਾਂ ਹਕੂਮਤਾਂ ਨੂੰ ਜ਼ਿੰਮੇਵਾਰ ਟਿੱਕਣ ਦੀ ਥਾਂ ਜੇਕਰ ਕੋਈ ਰਾਜਸੀ ਆਗੂ ਚਰਚਾ ਦਾ ਦਾਇਰਾ ਹੋਰ ਪਾਸੇ ਤੋਰ ਰਿਹਾ ਹੈ ਤਾਂ ਉਹ ਗੁਮਰਾਹ ਕਰ ਰਿਹਾ ਹੈ।
ਵੈਸੇ ਭਾਰਤ ‘ਚ ਨੋਟਾਂ ਦੀ ਛਪਾਈ ਦਾ ਅਧਿਕਾਰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਅਤੇ ਕੇਂਦਰ ਸਰਕਾਰ ਕੋਲ ਹੈ। ਕੇਂਦਰ ਸਰਕਾਰ ਦੀ ਮਨਜ਼ੂਰੀ ਨਾਲ ਆਰ.ਬੀ.ਆਈ. ਨੋਟਾਂ ਦੇ ਡਿਜ਼ਾਈਨ ਸਮੇਤ ਹੋੋਰ ਬਦਲਾਅ ਕਰਦੀ ਹੈ। ਆਰ.ਬੀ.ਆਈ. ਐਕਟ 1934 ਦੀ ਧਾਰਾ 25 ਤਹਿਤ ਆਰ.ਬੀ.ਆਈ. ਅਤੇ ਕੇਂਦਰ ਸਰਕਾਰ ਦਾ ਪੈਨਲ ਹੀ ਤਸਵੀਰ ਛਾਪਣ ਬਾਰੇ ਫੈਸਲਾ ਕਰਦੇ ਹਨ।
1947 ਤੋਂ ਪਹਿਲਾਂ ਭਾਰਤ ਵਿਚ ਚੱਲਦੇ ਨੋਟਾਂ ‘ਤੇ ਬ੍ਰਿਟਿਸ਼ ਮਹਾਰਾਜਾ ਦੀ ਤਸਵੀਰ ਹੁੰਦੀ ਸੀ ਤੇ ਸੱਤਾ ਤਬਦੀਲੀ ਤੋਂ ਬਾਅਦ ਵੀ ਕੁਝ ਸਮਾਂ ਉਹੀ ਨੋਟ ਚੱਲਦੇ ਰਹੇ ਪਰ ਇਸ ਸਮੇਂ ਦੌਰਾਨ ਇਹ ਚਰਚਾ ਪੂਰੇ ਸਿਖਰਾਂ ‘ਤੇ ਰਹੀ ਕਿ ਕਿਸ ਦੀ ਤਸਵੀਰ ਨੋਟਾਂ ‘ਤੇ ਲਾਈ ਜਾਵੇ। ਇੱਕ ਵਾਰ ਬ੍ਰਿਟਿਸ਼ ਮਾਹਾਰਾਜੇ ਦੀ ਥਾਂ ਮਹਾਤਮਾ ਗਾਂਧੀ ਦੀ ਤਸਵੀਰ ਲਾਉਣ ਦੀ ਗੱਲ ਨੇ ਆਰ.ਬੀ.ਆਈ.ੋਰ ਫੜ ਲਿਆ ਸੀ। ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਤਸਵੀਰ ਵਾਲੇ ਨੋਟ ਦਾ ਡਿਜ਼ਾਈਨ ਵੀ ਤਿਆਰ ਕਰ ਲਿਆ ਗਿਆ ਸੀ ਪਰ ਆਖਰੀ ਸਮੇਂ ਸਹਿਮਤੀ ਨਾ ਹੋਣ ਕਾਰਨ ਉਹ ਨੋਟ ਜਾਰੀ ਨਹੀਂ ਕੀਤਾ ਗਿਆ। ਆਜ਼ਾਦ ਭਾਰਤ ਵੱਲੋਂ 1949 ਵਿਚ ਇੱਕ ਰੁਪਏ ਅਤੇ 1950 ਵਿਚ ਦੋ, ਪੰਜ, ਦਸ ਤੇ ਸੌ ਰੁਪਏ ਦੇ ਨੋਟ ਜਾਰੀ ਕੀਤੇ ਗਏ ਜਿਨ੍ਹਾਂ ਵਿਚ ਮਾਹਾਰਾਜੇ ਵਾਲੀ ਤਸਵੀਰ ਦੀ ਥਾਂ ਅਸ਼ੋਕ ਸਤੰਭ ਛਾਪਿਆ ਗਿਆ ਸੀ।
ਉਸ ਤੋਂ ਬਾਅਦ ਵੱਖ-ਵੱਖ ਸਮਿਆਂ ਦੌਰਾਨ ਛਾਪੇ ਗਏ ਨੋਟਾਂ ‘ਤੇ ਮੋਰ, ਸ਼ੇਰ, ਹਿਰਨ, ਸਮੁੰਦਰੀ ਕਿਸ਼ਤੀਆਂ, ਚਾਹ ਦੇ ਬਾਗਾਂ ਵਿਚ ਪੱਤੀਆਂ ਤੋੜਦੀਆਂ ਔਰਤਾਂ, ਟਰੈਕਟਰ ਨਾਲ ਹਲ ਵਾਹੁੰਦੇ ਕਿਸਾਨ, ਆਰੀਆ ਭੱਟ ਉਪਗ੍ਰਹਿ, ਤੇਲ ਦਾ ਖੂਹ ਆਦਿ ਤਸਵੀਰਾਂ ਛਪਦੀਆਂ ਰਹੀਆ ਹਨ। ਭਾਰਤੀ ਨੋਟਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਪਹਿਲੀ ਵਾਰ 1969 ਵਿਚ ਉਸ ਦੇ 100ਵੇਂ ਜਨਮ ਦਿਨ ਮੌਕੇ ਛਾਪੀ ਗਈ ਸੀ।
ਅਰਵਿੰਦ ਕੇਜਰੀਵਾਲ ਨੇ ਆਪਣਾ ਪੱਖ ਮਜ਼ਬੂਤ ਕਰਨ ਲਈ ਕਿਹਾ ਕਿ ਇੰਡੋਨੇਸ਼ੀਆ ਦੀ ਕਰੰਸੀ ‘ਤੇ ਭਗਵਾਨ ਗਣੇਸ਼ ਦੀ ਫੋਟੋ ਹੈ ਜਦਕਿ ਸਚਾਈ ਇਹ ਹੈ ਕਿ 1998 ‘ਚ ਇੰਡੋਨੇਸ਼ੀਆ ਨੇ ਸਿੱਖਿਆ ਦੇ ਵਿਸ਼ੇ ਤਹਿਤ 20 ਹਜ਼ਾਰ ਰੁਪਏ ਦੇ ਨੋਟ ‘ਤੇ ਭਗਵਾਨ ਗਣੇਸ਼ ਦੀ ਫੋਟੋ ਛਾਪੀ ਸੀ ਪਰ ਹੁਣ ਇਹ ਨੋਟ ਇੰਡੋਨੇਸ਼ੀਆ ਵਿਚ ਸਰਕੂਲੇਸ਼ਨ ‘ਚ ਨਹੀਂ ਹੈ। 20 ਹਜ਼ਾਰ ਰੁਪਏ ਦੇ ਇਸ ਨੋਟ ‘ਤੇ ਇਕ ਪਾਸੇ ਭਗਵਾਨ ਗਣੇਸ਼ ਅਤੇ ਇੰਡੋਨੇਸ਼ੀਆ ਦੇ ਪਹਿਲੇ ਸਿੱਖਿਆ ਮੰਤਰੀ ਹਜਰ ਦੇਵੰਤਰ ਦੀ ਫੋਟੋ ਹੈ; ਦੂਜੇ ਪਾਸੇ ਪੜ੍ਹਦੇ ਬੱਚਿਆਂ ਦੀ ਫੋਟੋ ਹੈ। ਗਣੇਸ਼ ਜੀ ਨੂੰ ਇੰਡੋਨੇਸ਼ੀਆ ਵਿਚ ਕਲਾ, ਬੁੱਧੀ ਅਤੇ ਸਿੱਖਿਆ ਦਾ ਦੇਵਤਾ ਮੰਨਿਆ ਜਾਂਦਾ ਹੈ।
ਅਰਵਿੰਦ ਕੇਜਰੀਵਾਲ ਵੱਲੋਂ ਲਿਖੀ ਚਿੱਠੀ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦਾ ਹਰ ਸੂਬੇ ਵਿਚ ਸਿਆਸਤ ਕਰਨ ਦਾ ਢੰਗ ਵੱਖੋ-ਵੱਖਰਾ ਹੈ। ਇਹ ਪੰਜਾਬ ਵਿਚ ਵੋਟਾਂ ਦੌਰਾਨ ਸ਼ਹੀਦ ਭਗਤ ਸਿੰਘ ਦੇ ਵਾਰਿਸ ਹੋਣ ਦਾ ਦਾਅਵਾ ਕਰਦੇ ਹਨ ਤੇ ਆਪਣੇ ਆਪ ਨੂੰ ਸਭ ਤੋਂ ਵੱਡੇ ਇਨਕਲਾਬੀ ਸਿੱਧ ਕਰਨ ਲਈ ਜ਼ੋਰ ਲਾਉਂਦੇ ਹਨ। ਗੁਜਰਾਤ ਜਾਂਦਿਆਂ ਹੀ ਇਹਨਾਂ ਦੀ ‘ਬਦਲਾਅ` ਵਾਲੀ ਰਾਜਨੀਤੀ ਬਦਲ ਜਾਂਦੀ ਹੈ ਤੇ ਉੱਥੇ ਇਹ ਭਾਜਪਾ ਵਾਂਗ ਬਹੁ ਗਿਣਤੀ ਨੂੰ ਖੁਸ਼ ਕਰਨ ਦੀ ਸਿਆਸਤ ਕਰਦੇ ਹਨ। ਗੁਜਰਾਤ ਵਿਚ ਬਹੁਤ ਸਾਰੇ ਧਾਰਮਿਕ ਸਥਾਨ ਹਨ ਲੇਕਿਨ ਕੇਜਰੀਵਾਲ ਜੀ ਅਜੇ ਤੱਕ ਸਿਰਫ ਗੁਜਰਾਤ ਦੇ ਮੰਦਰਾਂ ਵਿਚ ਹੀ ਗਏ ਹਨ ਤੇ ਉਹਨਾਂ ਦੀ ਸਿਆਸਤ ਆਪਣੇ ਆਪ ਨੂੰ ਭਾਜਪਾ ਤੋਂ ਵੱਧ ਹਿੰਦੂ ਪੱਖੀ ਹੋਣ ਦੁਆਲੇ ਘੁੰਮ ਰਹੀ ਹੈ।
ਭਾਰਤ ਧਰਮ ਨਿਰਪੱਖ ਦੇਸ਼ ਹੈ ਜਿੱਥੇ ਬਹੁਤ ਸਾਰੇ ਧਰਮਾਂ, ਕੌਮਾਂ ਦੇ ਲੋਕ ਰਹਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਧਾਰਮਿਕ ਘੱਟ-ਗਿਣਤੀਆਂ ਇੱਥੇ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਜਿਹੇ ਵਿਚ ਕੇਜਰੀਵਾਲ ਜੀ ਦਾ ਨੋਟਾਂ ‘ਤੇ ਸਿਰਫ ਇੱਕ ਧਰਮ ਦੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਾਉਣ ਦਾ ਬਿਆਨ ਨਿਰਪੱਖ ਨਹੀਂ ਹੋ ਸਕਦਾ ਹੈ।
ਕਰੰਸੀ ਨੋਟ ਤਾਂ ਹਰ ਕੋਈ ਆਪਣੇ-ਆਪਣੇ ਢੰਗ ਨਾਲ ਰੱਖਦਾ ਹੈ, ਇਸ ਲਈ ਮੰਨ ਲਓ ਜੇਕਰ ਨੋਟਾਂ ‘ਤੇ ਦੇਵੀ, ਦੇਵਤਿਆਂ ਦੀਆਂ ਤਸਵੀਰਾਂ ਛਪ ਜਾਂਦੀਆ ਹਨ ਤਾਂ ਇਹ ਵੀ ਸੰਭਵ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਨੋਟਾਂ ਦੀ ‘ਬੇਅਦਬੀ` ਕਾਰਨ ਕੁੱਟਿਆ, ਮਾਰਿਆ ਜਾਣ ਲੱਗ ਜਾਵੇ।
ਕੇਜਰੀਵਾਲ ਜੀ ਨੂੰ ਲੱਗਦੇ ਹੱਥ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਦੁਨੀਆ ਦੀਆਂ ਜਿਹੜੀਆਂ ਅਰਥ ਵਿਵਸਥਾਵਾਂ ਅੱਜ ਤਰੱਕੀ ਕਰ ਰਹੀਆਂ ਹਨ, ਕੀ ਉਹ ਆਪਣੇ ਕਰੰਸੀ ਨੋਟਾਂ ‘ਤੇ ਲੱਗੀਆਂ ਹੋਈਆ ਤਸਵੀਰਾਂ ਕਾਰਨ ਅੱਗੇ ਵਧ ਰਹੀਆਂ ਹਨ ਜਾਂ ਆਪਣੀਆਂ ਨੀਤੀਆਂ ਕਾਰਨ ਵਧ ਰਹੀਆਂ ਹਨ। 2016 ਦੌਰਾਨ ਭਾਰਤ ਵਿਚ ਹੋਈ ਬੇਲੋੜੀ ਨੋਟਬੰਦੀ ਨੇ ਆਮ ਆਦਮੀ ਦਾ ਜੋ ਹਸ਼ਰ ਕੀਤਾ, ਉਸ ਦਾ ਇਸ ਸਾਰੀ ਚਰਚਾ ਦੌਰਾਨ ਕਿੱਧਰੇ ਵੀ ਜ਼ਿਕਰ ਨਹੀਂ ਹੋ ਰਿਹਾ ਹੈ।
ਇਸ ਧਾਰਨਾ ਨਾਲ ਸਹਿਮਤੀ ਹੈ ਕਿ ਕਰੰਸੀ ਨੋਟਾਂ ‘ਤੇ ਹੋਰ ਤਸਵੀਰਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਪਰ ਵੋਟਾਂ ਨੂੰ ਮੁੱਖ ਰੱਖ ਕੇ ਸਿਰਫ ਇੱਕ ਵਰਗ ਨੂੰ ਖੁਸ਼ ਕਰਨ ਲਈ ਨੋਟਾਂ ‘ਤੇ ਤਸਵੀਰਾਂ ਛਾਪਣ ਮੰਗ ਕਰਨਾ ਸਿੱਧੇ ਤੌਰ ‘ਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਸਾਲ 2016 ਵਿਚ ਭਾਜਪਾ ਨੇ ਵੀ ਮਹਾਤਮਾ ਗਾਂਧੀ ਦੀ ਤਸਵੀਰ ਦੀ ਥਾਂ ਡਾਕਟਰ ਭੀਮ ਰਾਓ ਅੰਬੇਡਕਰ ਦੀ ਤਸਵੀਰ ਲਾਉਣ ਦੀ ਗੱਲ ਕਹੀ ਸੀ ਪਰ ਅਜੇ ਤੱਕ ਇਸ ਵਿਸ਼ੇ ‘ਤੇ ਕੰਮ ਸ਼ੁਰੂ ਨਹੀਂ ਹੋਇਆ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਆਪਣੇ ਆਪ ਨੂੰ ਇੱਕ ਲੋਕ ਪੱਖੀ ਸਿਆਸਤਦਾਨ ਵਜ਼ੋਂ ਪੇਸ਼ ਕਰਨ ਵਾਲੇ ਕੇਜਰੀਵਾਲ ਜੀ ਅੱਜ ਕੱਲ੍ਹ ਵੋਟਾਂ ਹਾਸਲ ਕਰਨ ਲਈ ਬਾਕੀ ਭਾਰਤੀ ਸਿਆਸਤਦਾਨਾਂ ਤੋਂ ਕਿਸੇ ਗੱਲੋਂ ਘੱਟ ਨਹੀਂ ਰਹਿ ਰਹੇ ਹਨ।