ਦਹਿਸ਼ਤਵਾਦੀ ਕੌਣ: ‘ਕਲਮਾਂ ਵਾਲੇ ਨਕਸਲੀ’ ਜਾਂ ਬੰਬ ਧਮਾਕਿਆਂ ਦੇ ਭਗਵੇਂ ਯੋਜਨਾਘਾੜੇ?

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਹਕੂਮਤੀ ਜਬਰ ਦੇ ਸੰਦਾਂ ਨੂੰ ਹੋਰ ਤਿੱਖੇ ਕਰਨਾ ਅਤੇ ਝੂਠੇ ਬਿਰਤਾਂਤਾਂ ਨੂੰ ਹੋਰ ਜ਼ਰਬਾਂ ਦੇਣਾ ‘ਚਿੰਤਨ ਸ਼ਿਵਰ’ ਦੀ ਕੁਲ ਚਰਚਾ ਦਾ ਨਿਚੋੜ ਹੈ। 2024 ਦੀਆਂ ਆਮ ਚੋਣਾਂ ਅਤੇ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼, ਗੁਜਰਾਤ, ਹਰਿਆਣਾ ਆਦਿ ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਆਰ.ਐੱਸ.ਐੱਸ.ਐੱਸ.-ਭਾਜਪਾ ਦੀ ਹਾਈਕਮਾਨ ਸੱਤਾ ਦੇ ਹਰ ਜਮਹੂਰੀ ਵਿਰੋਧ ਅਤੇ ਆਲੋਚਨਾ ਉੱਪਰ ਨਕਸਲਵਾਦ ਦਾ ਠੱਪਾ ਲਗਾ ਕੇ ਫਾਸ਼ੀਵਾਦੀ ਜਬਰ ਦੇ ਹੱਕ ‘ਚ ਆਮ ਰਾਇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਮੁੱਚੇ ਹਾਲਾਤ ਬਾਰੇ ਚਰਚਾ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਹਾਲ ਹੀ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਲਾਏ ‘ਚਿੰਤਨ ਸ਼ਿਵਰ’ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨਵੇਂ ਜਾਬਰ ਹਮਲੇ ਦੀ ਤਿਆਰੀ ਦੇ ਸੰਕੇਤ ਹਨ। 27-28 ਅਕਤੂਬਰ ਨੂੰ ਸੂਰਜਕੁੰਡ (ਹਰਿਆਣਾ) ‘ਚ ਲਾਏ ਇਸ ‘ਸ਼ਿਵਰ’ (ਕੈਂਪ) ਵਿਚ ਸਾਰੇ ਰਾਜਾਂ ਦੇ ਗ੍ਰਹਿ ਮੰਤਰੀਆਂ ਅਤੇ ਗ੍ਰਹਿ ਸਕੱਤਰਾਂ, ਪੁਲਿਸ ਫੋਰਸਾਂ, ਕੇਂਦਰੀ ਹਥਿਆਰਬੰਦ ਪੁਲਿਸ ਫੋਰਸਾਂ ਅਤੇ ਕੇਂਦਰੀ ਪੁਲਿਸ ਸੰਸਥਾਵਾਂ ਦੇ ਡੀ.ਜੀ.ਪੀਜ਼ ਨੇ ਹਿੱਸਾ ਲਿਆ। ਮੋਦੀ ਨੇ 15 ਅਗਸਤ 2022 ਦੇ ਭਾਸ਼ਣ ਵਿਚ ਜੋ ‘ਪੰਜ ਪ੍ਰਣ’ ਐਲਾਨੇ ਸਨ, ਉਨ੍ਹਾਂ ਮੁਤਾਬਿਕ ਅੰਦਰੂਨੀ ਸੁਰੱਖਿਆ ਨਾਲ ਸਬੰਧਿਤ ਮਾਮਲਿਆਂ ਬਾਰੇ ਨੀਤੀ ਬਣਾਉਣ ਨੂੰ ਰਾਸ਼ਟਰੀ ਭਵਿੱਖ-ਨਕਸ਼ਾ ਦੇਣਾ ਇਸ ‘ਚਿੰਤਨ ਸ਼ਿਵਰ’ ਦਾ ਉਦੇਸ਼ ਦੱਸਿਆ ਗਿਆ। ੀਕਹਾ ਬੇਸ਼ੱਕ ਇਹ ਗਿਆ ਕਿ ਇਹ ਕਾਨਫਰੰਸ ਸਾਈਬਰ ਕ੍ਰਾਈਮ, ਨਸ਼ਿਆਂ ਅਤੇ ਸਰਹੱਦ ਪਾਰੋਂ ਦਹਿਸ਼ਤਵਾਦ ਦੇ ਪਸਾਰ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਂਝਾ ਮੰਚ ਮੁਹੱਈਆ ਕਰਨ ਅਤੇ ਕੇਂਦਰ ਤੇ ਰਾਜਾਂ ਦਰਮਿਆਨ ਸਹਿਯੋਗ, ਤਾਲਮੇਲ ਤੇ ਸਾਂਝ ਵਧਾਉਣ ਲਈ ਸੀ ਪਰ ‘ਅੰਦਰੂਨੀ ਸੁਰੱਖਿਆ’ ਦੇ ਰਟਣ-ਮੰਤਰ ਤੋਂ ਜ਼ਾਹਿਰ ਹੈ ਕਿ ਇਹ ਕਵਾਇਦ ਆਉਣ ਵਾਲੇ ਸਮੇਂ ‘ਚ ਭਗਵੀਂ ਹਕੂਮਤ ਦੀ ਵਧ ਰਹੀ ਮੁਖ਼ਾਲਫ਼ਤ ਨੂੰ ਬੇਕਿਰਕ ਜਬਰ ਰਾਹੀਂ ਦਬਾਉਣ ਦੀ ਤਿਆਰੀ ਦਾ ਹਿੱਸਾ ਹੈ। ‘ਦਿ ਵਾਇਰ’ ਦੇ ਸੰਪਾਦਕ ਸਿਧਰਥ ਵਰਧਰਾਜਨ, ਐਮ.ਕੇ. ਵੇਣੂ ਅਤੇ ਪੱਤਰਕਰ ਜਾਹਨਵੀ ਦੇ ਘਰਾਂ ਵਿਚ ਕ੍ਰਾਈਮ ਬ੍ਰਾਂਚ ਦੇ ਹਾਲੀਆ ਛਾਪੇ ਆਲੋਚਕ ਆਵਾਜ਼ਾਂ ਦੀ ਜ਼ਬਾਨਬੰਦੀ ਲਈ ਹਮਲੇ ਦੀ ਕੜੀ ਹੈ।
ਮੋਦੀ ਨੇ ਪੂਰੇ ਮੁਲਕ ‘ਚ ਪੁਲਿਸ ਲਈ ‘ਇਕ ਵਰਦੀ’ ਦਾ ‘ਆਈਡੀਆ’ ਵੀ ਪੇਸ਼ ਕੀਤਾ। ਦਰਅਸਲ ਇਹ ਆਰ.ਐੱਸ.ਐੱਸ.-ਭਾਜਪਾ ਦੇ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਅਨੁਸਾਰ ਰਾਜਾਂ ਦੀ ਨਾਮ-ਨਿਹਾਦ ਪਛਾਣ ਦਾ ਭੋਗ ਪਾਉਣ ਦੇ ਹਿੱਸੇ ਵਜੋਂ ਪੁਲਿਸ ਤਾਕਤਾਂ ਨੂੰ ਸਿੱਧਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੰਟਰੋਲ ਹੇਠ ਲਿਆਉਣ ਲਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਾਰੇ ਰਾਜਾਂ ਵਿਚ ਕੌਮੀ ਜਾਂਚ ਏਜੰਸੀ ਦੇ ਦਫ਼ਤਰ ਖੋਲ੍ਹਣ ਦੇ ਐਲਾਨ ਪਿੱਛੇ ਵੀ ਇਹੀ ਮਨਸੂਬਾ ਹੈ।
ਇਸ ਵੀਡੀਓ ਸੰਬੋਧਨ ਵਿਚ ਮੋਦੀ ਵੱਲੋਂ ਨਕਸਲਵਾਦ ਨੂੰ ਹਰਾਉਣ ਉੱਪਰ ਉਚੇਚਾ ਜ਼ੋਰ ਦੇਣ ਤੋਂ ਜ਼ਾਹਿਰ ਹੈ ਕਿ ਸੰਘ ਬ੍ਰਿਗੇਡ ਨੂੰ ਬੌਧਿਕ ਚੁਣੌਤੀ ਦਾ ਭੂਤ ਕਿਸ ਕਦਰ ਸਤਾ ਰਿਹਾ ਹੈ। ਇਕ ਪਾਸੇ, ਮੋਦੀ ਸਰਕਾਰ ਨਕਸਲਵਾਦ ਦਾ ਲੱਕ ਤੋੜਨ ਦੇ ਦਾਅਵੇ ਕਰ ਰਹੀ ਹੈ; ਦੂਜੇ ਪਾਸੇ, ਬੁੱਧੀਜੀਵੀਆਂ ਨੂੰ ਹਥਿਆਰਬੰਦ ਨਕਸਲੀਆਂ ਤੋਂ ਵੀ ਖ਼ਤਰਨਾਕ ਦੱਸਣ ਤੋਂ ਇਸ ਦਾ ਡਰ ਜ਼ਾਹਿਰ ਹੋ ਰਿਹਾ ਹੈ। ‘ਨਕਸਲਵਾਦ ਦੇ ਹਰ ਰੂਪ ਨੂੰ ਹਰਾਉਣ’ ਦੀ ਗੱਲ ਕਰਦਿਆਂ ਮੋਦੀ ਨੇ ‘ਬੰਦੂਕ ਵਾਲਾ ਨਕਸਲਵਾਦ’ ਦੇ ਨਾਲ ‘ਕਲਮ ਵਾਲਾ ਨਕਸਲਵਾਦ’ ਉੱਪਰ ਖ਼ਾਸ ਜ਼ੋਰ ਦਿੱਤਾ। ਕਲਮ ਵਾਲੇ ਨਕਸਲਵਾਦ ਤੋਂ ਮੋਦੀ ਦਾ ਭਾਵ ਪੱਤਰਕਾਰਾਂ, ਲੇਖਕਾਂ, ਆਲੋਚਕਾਂ, ਜਮਹੂਰੀ ਕਾਰਕੁਨਾਂ ਆਦਿ ਸਮੇਤ ਉਨ੍ਹਾਂ ਤਮਾਮ ਜਾਗਰੂਕ ਦਿਮਾਗਾਂ ਤੋਂ ਹੈ ਜੋ ਅਵਾਮ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਲਈ ਆਵਾਜ਼ ਉਠਾਉਂਦੇ ਹਨ, ਜੋ ਲੋਕ ਵਿਰੋਧੀ ਹਕੂਮਤੀ ਨੀਤੀਆਂ ਉੱਪਰ ਸਵਾਲ ਉਠਾ ਕੇ ਲੋਕ ਰਾਇ ਤਿਆਰ ਕਰਦੇ ਹਨ। ਮੋਦੀ ਅਨੁਸਾਰ ‘ਕਲਮ ਵਾਲੇ ਨਕਸਲੀ’ ਮੁੱਦਿਆਂ ਨੂੰ ਗ਼ੈਰ-ਅਨੁਪਾਤਕ ਰੂਪ ‘ਚ ਉਭਾਰ ਕੇ ਸਮਾਜ ਵਿਚ ਪਾਟਕ ਪਾਉਂਦੇ ਹਨ, ਨੌਜਵਾਨਾਂ ਨੂੰ ਕੁਰਾਹੇ ਪਾਉਂਦੇ ਹਨ ਅਤੇ ਸਮਾਜ ਵਿਚ ਨਫ਼ਰਤ ਫੈਲਾਉਂਦੇ ਹਨ। ਇਸ ਬਿਰਤਾਂਤ ਤੋਂ ਮੌਜੂਦਾ ਹਕੂਮਤ ਦੇ ਫਾਸ਼ੀਵਾਦੀ ਮਨਸ਼ਿਆਂ ਨੂੰ ਸਮਝਿਆ ਜਾ ਸਕਦਾ ਹੈ। ਮੋਦੀ ਨੇ ਜ਼ੋਰ ਦਿੱਤਾ ਕਿ ‘ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਉੱਪਰ ਫੋਕਸ’ ਦੀ ਤਰਜ਼ ‘ਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ‘ਬੌਧਿਕ ਦਾਇਰਾ ਵਧਾ ਕੇ ਆਉਣ ਵਾਲੀ ਪੀੜ੍ਹੀ ਨੂੰ ਕੁਰਾਹੇ ਪਾਉਣ ਵਾਲਿਆਂ’ ਨੂੰ ਦਬਾਉਣ ਉੱਪਰ ਫੋਕਸ ਕਰਨਾ ਚਾਹੀਦਾ ਹੈ। ਇਹ ਮਾਮੂਲੀ ਬਿਆਨ ਨਹੀਂ, ਇਹ ਦਰਅਸਲ ਸਾਡੇ ਲੋਕਾਂ ਨੂੰ ਹਕੂਮਤ ਦੀਆਂ ਘਾਤਕ ਨੀਤੀਆਂ ਬਾਰੇ ਜਗਾਉਣ ਅਤੇ ਸੁਚੇਤ ਕਰਨ ਵਾਲੇ ਜਾਗਰੂਕ ਹਿੱਸਿਆਂ ਵਿਰੁੱਧ ਜੰਗ ਦਾ ਐਲਾਨ ਹੈ। ਇਹ ਨਵੇਂ ਸ਼ਬਦਾਂ ‘ਚ ਉਸੇ ਸਿੱਖਿਆ ਦਾ ਦੁਹਰਾਓ ਹੈ ਜੋ ਪਿੱਛੇ ਜਿਹੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪੁਲਿਸ ਟਰੇਨਿੰਗ ਪਾਸ ਕਰਨ ਵਾਲੇ ਨਵੇਂ ਪੁਲਿਸ ਅਫ਼ਸਰਾਂ ਨੂੰ ਦਿੱਤੀ ਸੀ। ਉਸ ਨੇ ਪੁਲਿਸ ਅਫ਼ਸਰਾਂ ਨੂੰ ਹੱਕਾਂ ਦੀ ਗੱਲ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਹੁਕਮਰਾਨ ਧਿਰ ਦੀ ਜ਼ਰੂਰਤ ਸਮਝਾਈ ਸੀ। ਉਸ ਨੇ ‘ਸਿਵਲ ਸੁਸਾਇਟੀ ਨੂੰ ਜੰਗ ਦਾ ਨਵਾਂ ਮੁਹਾਜ਼’ ਕਿਹਾ ਸੀ ਜਿਸ ਵਿਰੁੱਧ ਪੁਲਿਸ ਅਤੇ ਹੋਰ ਸਰਕਾਰੀ ਲਸ਼ਕਰਾਂ ਨੂੰ ਜੰਗ ਲੜਨ ਲਈ ਤਿਆਰ ਰਹਿਣ ਦੀ ਤਾਕੀਦ ਕੀਤੀ ਸੀ। ਹਾਲੀਆ ਸੰਬੋਧਨ ਵਿਚ ਮੋਦੀ ਦਾ ਇਹ ਕਹਿਣਾ ਕਿ ‘ਯੂ.ਏ.ਪੀ.ਏ. ਵਰਗੇ ਕਾਨੂੰਨਾਂ ਨੇ ਦਹਿਸ਼ਤਵਾਦ ਵਿਰੁੱਧ ਲੜਾਈ ‘ਚ ਪ੍ਰਬੰਧ ਨੂੰ ਮਜ਼ਬੂਤੀ ਦਿੱਤੀ ਹੈ’, ਵੀ ਇਸੇ ਦਾ ਸੰਕੇਤ ਹੈ ਕਿ ਹਕੂਮਤ ਦੀ ਟੇਕ ਪੁਲਿਸ ਦੇ ਬੰਦੂਕ-ਤੰਤਰ ਨੂੰ ਹੋਰ ਖ਼ੂੰਖਾਰ ਬਣਾਉਣ ਉੱਪਰ ਹੈ। ਇਸ ਦੇ ਨਾਲ ਹੀ ਇਸ ਦੀ ਟੇਕ ਇਨ੍ਹਾਂ ਬੇਕਿਰਕ ਕਾਨੂੰਨਾਂ ਨੂੰ ਵਾਪਸ ਲੈਣ ਦੀ ਜਮਹੂਰੀ ਮੰਗ ਨੂੰ ਘੋਰ ਨਫ਼ਰਤ ਨਾਲ ਠੁਕਰਾ ਕੇ ਐਸੇ ਕਾਨੂੰਨਾਂ ਨੂੰ ਹੋਰ ਬੇਕਿਰਕ ਬਣਾ ਕੇ ਵਰਤਣ ਉੱਪਰ ਹੈ। ਇਸੇ ਲਈ ‘ਕਲਮ ਵਾਲਾ ਨਕਸਲਵਾਦ’ ਦਾ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ ਜੋ ਪਹਿਲੇ ‘ਸ਼ਹਿਰੀ ਨਕਸਲੀ’ ਦਾ ਹੀ ਵਿਸਤਾਰ ਹੈ।
ਆਪਣੇ ਭਾਸ਼ਣ ਵਿਚ ਮੋਦੀ ਨੇ ਰਾਜਾਂ ਦੇ ਗ੍ਰਹਿ ਮੰਤਰੀਆਂ ਨੂੰ ‘ਫੇਕ ਨਿਊਜ਼’ ਤੋਂ ਸੁਚੇਤ ਰਹਿਣ ਅਤੇ ਅਵਾਮ ਨੂੰ ਪੋਸਟਾਂ ਸ਼ੇਅਰ ਕਰਨ ਤੋਂ ਪਹਿਲਾਂ ਜਾਣਕਾਰੀ ਦੇ ਦਸ ਸਰੋਤਾਂ ਤੋਂ ਪ੍ਰਮਾਣਿਕਤਾ ਦੀ ਤਸਦੀਕ ਕਰਨ ਦੀ ਅਪੀਲ ਕੀਤੀ ਪਰ ਕੁਲ ਆਲਮ ਜਾਣਦਾ ਹੈ ਕਿ ਫੇਕ ਨਿਊਜ਼, ਅਫ਼ਵਾਹਾਂ ਅਤੇ ਘੱਟਗਿਣਤੀਆਂ ਵਿਰੁੱਧ ਜ਼ਹਿਰੀਲੀ ਨਫ਼ਰਤੀ ਸਮੱਗਰੀ ਵੰਡਣ ਦਾ ਮੁੱਖ ਸਰੋਤ ਭਗਵਾਂ ਆਈ.ਟੀ. ਸੈੱਲ ਹੈ ਜੋ ਆਰ.ਐੱਸ.ਐੱਸ.-ਭਾਜਪਾ ਲੀਡਰਸ਼ਿਪ ਦੀ ਰਾਹਨੁਮਾਈ ਹੇਠ ਚੱਲ ਰਿਹਾ ਹੈ। ਇਸ ਬਾਰੇ ਮੋਦੀ ਨੇ ਕਦੇ ਜ਼ੁਬਾਨ ਨਹੀਂ ਖੋਲ੍ਹੀ।
ਹਕੂਮਤੀ ਜਬਰ ਦੇ ਸੰਦਾਂ ਨੂੰ ਹੋਰ ਤਿੱਖੇ ਕਰਨਾ ਅਤੇ ਝੂਠੇ ਬਿਰਤਾਂਤਾਂ ਨੂੰ ਹੋਰ ਜ਼ਰਬਾਂ ਦੇਣਾ ਹੀ ‘ਚਿੰਤਨ ਸ਼ਿਵਰ’ ਦੀ ਕੁਲ ਚਰਚਾ ਦਾ ਨਿਚੋੜ ਹੈ। 2024 ਦੀਆਂ ਆਮ ਚੋਣਾਂ ਅਤੇ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼, ਗੁਜਰਾਤ, ਹਰਿਆਣਾ ਆਦਿ ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਆਰ.ਐੱਸ.ਐੱਸ.ਐੱਸ.-ਭਾਜਪਾ ਦੀ ਹਾਈਕਮਾਨ ਸੱਤਾ ਦੇ ਹਰ ਜਮਹੂਰੀ ਵਿਰੋਧ ਅਤੇ ਆਲੋਚਨਾ ਉੱਪਰ ਨਕਸਲਵਾਦ ਦਾ ਠੱਪਾ ਲਗਾ ਕੇ ਫਾਸ਼ੀਵਾਦੀ ਜਬਰ ਦੇ ਹੱਕ ‘ਚ ਆਮ ਰਾਇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਝੂਠੇ ਬਿਰਤਾਂਤ ਵਿਰੁੱਧ ਪ੍ਰਭਾਵਸ਼ਾਲੀ ਮੁਹਿੰਮਾਂ ਚਲਾਉਣ ਦੀ ਜ਼ਰੂਰਤ ਹੈ ਤਾਂ ਜੋ ਅਵਾਮ ਇਸ ਹਕੀਕਤ ਨੂੰ ਸਮਝ ਸਕਣ ਕਿ ‘ਸਭ ਕਾ ਸਾਥ-ਸਭ ਕਾ ਵਿਕਾਸ-ਸਭ ਕਾ ਸਾਥ’ ਦਾ ਨਾਅਰਾ ਦੇਣ ਵਾਲੇ ਸੰਘ ਬ੍ਰਿਗੇਡ ਦੇ ਦਹਿਸ਼ਤਵਾਦੀ ਮਨਸੂਬੇ ਕਿੰਨੇ ਘਾਤਕ ਹਨ। ਆਪਣੇ ਘਿਨਾਉਣੇ ਦਹਿਸ਼ਤਵਾਦੀ ਕਿਰਦਾਰ ਨੂੰ ਲੁਕੋਣ ਲਈ ਇਹ ਦਹਿਸ਼ਤਵਾਦ, ਨਕਸਲਵਾਦ, ਅੰਦਰੂਨੀ ਸੁਰੱਖਿਆ ਦਾ ਹੋ-ਹੱਲਾ ਮਚਾਉਂਦੇ ਹਨ। ਰਾਜ ਢਾਂਚੇ ਦੇ ਵੱਖ-ਵੱਖ ਅੰਗਾਂ ਉੱਪਰ ਕੰਟਰੋਲ ਅਤੇ ਪਕੜ ਵਧਾਈ ਜਾ ਰਹੀ ਹੈ। ਮੁਲਕ ਦੀ ਅੰਦਰੂਨੀ ਸੁਰੱਖਿਆ ਦੀ ਚਿੰਤਾ ਦੇ ਨਾਂ ਹੇਠ ਕਾਰਪੋਰੇਟ-ਹਿੰਦੂਤਵ ਗੱਠਜੋੜ ਦੇ ਰਾਜ ਵਿਰੁੱਧ ਆਮ ਲੋਕਾਂ ‘ਚ ਪੈਦਾ ਹੋ ਰਹੀ ਅਸੰਤੁਸ਼ਟੀ ਨੂੰ ਕੁਚਲਣ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਆਰ.ਐੱਸ.ਐੱਸ.-ਭਾਜਪਾ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ‘ਚ ਇਹ ਅਸੰਤੁਸ਼ਟੀ ਅਤੇ ਸਮਾਜਿਕ-ਸਿਆਸੀ ਬੇਚੈਨੀ ਵਧੇਗੀ। ਇਸ ਨਾਲ ਨਜਿੱਠਣ ਅਤੇ ਕਾਰਪੋਰੇਟ ਇੰਡੀਆ-ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਨੂੰ ਸਲਾਮਤ ਰੱਖਣ ਦਾ ਇਕੋ-ਇਕ ਰਸਤਾ ਇਹ ਸੰਘਰਸ਼ਸ਼ੀਲ ਤਾਕਤਾਂ ਦੇ ਵਿਆਪਕ ਦਮਨ ‘ਚ ਹੀ ਦੇਖਦੇ ਹਨ।
ਲੋਕਾਂ ਨੂੰ ਸਮਝਣਾ ਪਵੇਗਾ ਕਿ ਸਮਾਜੀ ਨਿਆਂ ਅਤੇ ਬਰਾਬਰੀ ਲਈ ਸੰਘਰਸ਼ ਤਾਕਤਾਂ ਨੂੰ ਦਹਿਸ਼ਤਵਾਦੀ ਦੱਸਣ ਵਾਲੀ ਆਰ.ਐੱਸ.ਐੱਸ.-ਭਾਜਪਾ ਖ਼ੁਦ ਸਭ ਤੋਂ ਵੱਡੀ ਜਥੇਬੰਦ ਦਹਿਸ਼ਤਗਰਦ ਤਾਕਤ ਹੈ। ਸਮੇਂ-ਸਮੇਂ ‘ਤੇ ਬਣਨ ਵਾਲੀਆਂ ਸਰਕਾਰਾਂ ਨੇ ਆਪਣੇ ਸੌੜੇ ਮੁਫ਼ਾਦਾਂ ਲਈ ਭਗਵੇਂ ਫਾਸ਼ੀਵਾਦ ਨੂੰ ਬੇਰੋਕ-ਟੋਕ ਵਧਣ-ਫੁੱਲਣ ਦਿੱਤਾ। ਬਹੁਤ ਸਾਰੇ ਦਹਿਸ਼ਤਵਾਦੀ ਬੰਬ ਕਾਂਡਾਂ ਵਿਚ ਇਸ ਦੀ ਬਾਕਾਇਦਾ ਭੂਮਿਕਾ ਸਬੂਤਾਂ ਸਹਿਤ ਸਾਹਮਣੇ ਆਉਂਦੀ ਰਹੀ ਪਰ ਕਾਂਗਰਸ ਅਤੇ ਹੋਰ ਸਰਕਾਰਾਂ ਵੱਲੋਂ ਇਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਤੋਂ ਅਵਾਮ ਦੀ ਅਸੰਤੁਸ਼ਟੀ ਦਾ ਫ਼ਾਇਦਾ ਉਠਾ ਕੇ ਮਈ 2014 ‘ਚ ਆਰ.ਐੱਸ.ਐੱਸ. ਦਾ ਸਿਆਸੀ ਵਿੰਗ ਭਾਜਪਾ ਸੱਤਾ ਉੱਪਰ ਕਾਬਜ਼ ਹੋ ਗਈ ਤਾਂ ਸੰਘ ਲਈ ਆਪਣੇ ਏਜੰਡਿਆਂ ਨੂੰ ਰਾਜ ਮਸ਼ੀਨਰੀ ਦੀ ਮਦਦ ਨਾਲ ਖੁੱਲ੍ਹੇਆਮ ਅੱਗੇ ਵਧਾਉਣਾ ਹੋਰ ਵੀ ਸੌਖਾ ਹੋ ਗਿਆ। ਇਸ ਨੇ ਪੁਲਿਸ, ਜਾਂਚ ਏਜੰਸੀਆਂ, ਅਦਾਲਤੀ ਪ੍ਰਣਾਲੀ ਆਦਿ ਨੂੰ ਪੂਰੀ ਤਰ੍ਹਾਂ ਕੰਟਰੋਲ ਹੇਠ ਕਰ ਲਿਆ। ਇਹੀ ਵਜ੍ਹਾ ਹੈ ਕਿ ਦਹਿਸ਼ਤਵਾਦੀ ਕਾਂਡਾਂ ਦੀ ਯੋਜਨਾਬੰਦੀ ਅਤੇ ਅਮਲਦਾਰੀ ਦੇ ਠੋਸ ਸਬੂਤਾਂ ਅਤੇ ਨਫ਼ਰਤੀ ਭਾਸ਼ਣਾਂ ਦੇ ਬਾਵਜੂਦ ਪੁਲਿਸ ਅਤੇ ਜਾਂਚ ਏਜੰਸੀਆਂ ਭਗਵੇਂ ਦਹਿਸ਼ਤਵਾਦੀਆਂ ਨੂੰ ਹੱਥ ਨੂੰ ਪਾਉਂਦੀਆਂ ਸਗੋਂ ਭਗਵੇਂ ਹੁਕਮਰਾਨਾਂ ਦੇ ਇਸ਼ਾਰੇ ‘ਤੇ ਮਜ਼ਲੂਮ ਧਿਰ ਨੂੰ ਹੀ ਗ੍ਰਿਫ਼ਤਾਰ ਕਰਦੀਆਂ ਹਨ। ਭੀਮਾ-ਕੋਰੇਗਾਓਂ ਕੇਸ ਵਿਚ ਹਿੰਸਾ ਦੇ ਯੋਜਨਾਘਾੜੇ ਹਿੰਦੂਤਵੀ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਇ ਲੋਕ ਹੱਕਾਂ ਦੇ ਪਹਿਰੇਦਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਸੀ.ਏ.ਏ.-ਐੱਨ.ਆਰ.ਸੀ. ਮਾਮਲੇ ‘ਚ ਵੀ ਦਿੱਲੀ ਪੁਲਿਸ ਨੇ ਦਿੱਲੀ ਹਿੰਸਾ ਦੇ ਯੋਜਨਾਘਾੜਿਆਂ ਅਤੇ ਮੁਸਲਮਾਨਾਂ ਨੂੰ ਗੋਲੀ ਮਾਰਨ ਦੇ ਸੱਦੇ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਰੋਧ ਪ੍ਰਦਰਸ਼ਨਾਂ ‘ਚ ਸ਼ਾਮਿਲ ਅਮਨਪਸੰਦ ਅਤੇ ਨਿਆਂਪਸੰਦ ਲੋਕਾਂ ਨੂੰ ਝੂਠੇ ਕੇਸਾਂ ‘ਚ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਮੋਦੀ ਸਰਕਾਰ ਵੱਲੋਂ ਇਤਿਹਾਸਕ ਕਿਸਾਨ ਅੰਦੋਲਨ ਨੂੰ ਦਹਿਸ਼ਤਵਾਦੀ ਸਾਜ਼ਿਸ਼ਾਂ ਅਤੇ ਜਬਰ ਰਾਹੀਂ ਅਸਫ਼ਲ ਬਣਾਉਣ ਦੀ ਪੂਰੀ ਵਾਹ ਲਾਈ ਗਈ।
ਆਰ.ਐੱਸ.ਐੱਸ. ਦੇ ਕਾਰਕੁਨ ਯਸ਼ਵੰਤ ਸ਼ਿੰਦੇ ਨੇ ਪਿੱਛੇ ਜਿਹੇ ਸਨਸਨੀਖ਼ੇਜ਼ ਖ਼ੁਲਾਸੇ ਕੀਤੇ ਕਿ ਕਿਵੇਂ ਆਰ.ਐੱਸ.ਐੱਸ.-ਭਾਜਪਾ ਦੇ ਆਗੂ ਦਹਿਸ਼ਤਵਾਦੀ ਸਿਖਲਾਈ ਕੈਂਪ ਲਗਾਉਣ, ਬੰਬ ਧਮਾਕਿਆਂ ਅਤੇ ਹੋਰ ਦਹਿਸ਼ਤਵਾਦੀ ਵਾਰਦਾਤਾਂ ਦੀ ਯੋਜਨਾ ਬਣਾਉਣ ਅਤੇ ਦਹਿਸ਼ਤਵਾਦੀ ਕਾਰਵਾਈਆਂ ਕਰਨ ‘ਚ ਸ਼ਾਮਿਲ ਹਨ। ਉਸ ਵੱਲੋਂ ਨਾਂਦੇੜ ਦੀ ਅਦਾਲਤ ਵਿਚ ਹਲਫ਼ਨਾਮਾ ਦੇ ਕੇ ਗਵਾਹ ਵਜੋਂ ਪੇਸ਼ ਹੋਣ ਦੀ ਬੇਨਤੀ ਵੀ ਕੀਤੀ ਗਈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਪੁਲਿਸ ਦੇ ਸਾਬਕਾ ਉੱਚ ਅਧਿਕਾਰੀ ਐੱਸ.ਐੱਮ. ਮੁਸ਼ਰਿਫ਼ ਨੇ ਵੀ ਆਪਣੀਆਂ ਦੋ ਕਿਤਾਬਾਂ ‘ਕਰਕਰੇ ਦੀ ਹੱਤਿਆ ਕਿਸ ਨੇ ਕੀਤੀ’ ਅਤੇ ‘ਬਾ੍ਰਹਮਣਵਾਦੀਆਂ ਦੇ ਦਹਿਸ਼ਤੀ ਕਾਰੇ’ ਵਿਚ ਤੱਥਾਂ ਸਹਿਤ ਦਰਜਨਾਂ ਦਹਿਸ਼ਤਵਾਦੀ ਬੰਬ ਕਾਂਡਾਂ ਵਿਚ ਆਰ.ਐੱਸ.ਐੱਸ. ਅਤੇ ਹੋਰ ਹਿੰਦੂਤਵੀ ਜਥੇਬੰਦੀਆਂ ਦੀ ਭੂਮਿਕਾ ਬੇਪਰਦ ਕੀਤੀ ਸੀ।
ਮਹਾਰਾਸ਼ਟਰ ਦੇ ਦਹਿਸ਼ਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਦੇ ਮੁਖੀ ਮਰਹੂਮ ਹੇਮੰਤ ਕਰਕਰੇ ਵੱਲੋਂ ਬੰਬ ਧਮਾਕਿਆਂ ਦੀ ਜਾਂਚ ‘ਚ ਮਿਲੇ ਸਬੂਤਾਂ ਦੇ ਆਧਾਰ ‘ਤੇ ਆਰ.ਐੱਸ.ਐੱਸ. ਅਤੇ ਇਸ ਨਾਲ ਸਬੰਧਿਤ ਜਥੇਬੰਦੀਆਂ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਨਾਲ ਸੰਘ ਬ੍ਰਿਗੇਡ ਦੀ ਦਹਿਸ਼ਤਵਾਦੀ ਯੋਜਨਾ ਪਹਿਲਾਂ ਹੀ ਬੇਪਰਦ ਹੋ ਚੁੱਕੀ ਹੈ। ਯਸ਼ਵੰਤ ਸ਼ਿੰਦੇ ਦੇ ਦਾਅਵੇ ਐੱਸ.ਐੱਮ. ਮੁਸ਼ਰਿਫ਼ ਦੀਆਂ ਕਿਤਾਬਾਂ ਵਿਚ ਦਿੱਤੇ ਵੇਰਵਿਆਂ ਅਤੇ ਭਗਵੇਂ ਆਗੂਆਂ ਵਿਰੁੱਧ ਦਰਜ ਕੇਸਾਂ ‘ਚ ਜਾਂਚ ਏਜੰਸੀਆਂ ਵੱਲੋਂ ਪੇਸ਼ ਕੀਤੇ ਸਬੂਤਾਂ ਨਾਲ ਮੇਲ ਖਾਂਦੇ ਹਨ। ਇਨ੍ਹਾਂ ਤਮਾਮ ਖੁੱਲ੍ਹੇ ਭੇਤਾਂ ਦੇ ਬਾਵਜੂਦ ਮੋਦੀ-ਅਮਿਤ ਸ਼ਾਹ ਵਰਗੇ ਆਗੂਆਂ ਨੂੰ ਭਰਮ ਹੈ ਕਿ ਆਰ.ਐੱਸ.ਐੱਸ.-ਭਾਜਪਾ ਦਾ ਦਹਿਸ਼ਤਵਾਦੀ ਕਿਰਦਾਰ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਅਤੇ ਉਹ ਹਿਟਲਰ ਦੇ ਸਲਾਹਕਾਰ ਗੋਇਬਲਜ਼ ਵਾਂਗ ਝੂਠ ਨੂੰ ਸੌ ਵਾਰ ਦੁਹਰਾ ਕੇ ਸੱਚ ਸਾਬਤ ਕਰ ਦੇਣਗੇ।