ਪੁਰਖਿਆਂ ਦੇ ਦੇਸ਼ (4): ਨਨਕਾਣਾ ਸਾਹਿਬ ਵਿਖੇ ਚੰਨ ਦੇ ਦੀਦਾਰੇ

ਡਾ ਗੁਰਬਖ਼ਸ਼ ਸਿੰਘ ਭੰਡਾਲ
ਅਗਲੇ ਦਿਨ ਘਰੋਂ ਨਿਕਲੇ ਤਾਂ ਸੜਕ `ਤੇ ਜਾਂਦਿਆਂ ਸਾਡੇ ਕੋਲ ਆ ਕੇ, ਮੋਟਰ-ਸਾਈਕਲ ਨੂੰ ਰੋਕ ਕੇ ਦੋ ਨੌਜਵਾਨਾਂ ਨੇ ਕਿਹਾ ਕਿ ਸਰਦਾਰ ਜੀ ਕਿਵੇਂ ਹੋ? ਸਾਡੇ ਵਤਨ ਆਓ ਹੋ, ਆਓ ਤੁਹਾਡੀ ਸੇਵਾ ਕਰੀਏ। ਸਾਧਾਰਨ ਵਿਅਕਤੀਆਂ ਦਾ ਇਹ ਮੋਹ ਭਿੱਜਾ ਵਰਤਾਅ ਦੇਖ ਕੇ ਮਨ ਬਾਗੋ-ਬਾਗ ਹੋ ਗਿਆ। ਉਨ੍ਹਾਂ ਦਾ ਸ਼ੁਕਰੀਆ ਕਰਦਿਆਂ, ਉਨ੍ਹਾਂ ਦੀ ਮੁਹੱਬਤ ਲਈ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ। ਸੁਹੇਲ ਹੁਰਾਂ ਦਾ ਕਹਿਣਾ ਸੀ ਕਿ ਅੱਜ ਲਾਹੌਰ ਵਿਖੇ ਗੁਰਦੁਆਰਾ ਡੇਹਰਾ ਸਾਹਿਬ ਦੇਖਦੇ ਹਾਂ। ਡਾਂ. ਨਬੀਲਾ ਰਹਿਮਾਨ ਨੂੰ ਮਿਲਾਂਗੇ ਤੇ ਫਿਰ ਬਾਅਦ ਦੁਪਹਿਰ ਆਪਾਂ ਨਾਨਕਾਣਾ ਸਾਹਿਬ ਜਾਂਵਾਂਗੇ ਕਿਉਂਕਿ ਨਨਕਾਣਾ ਸਾਹਿਬ ਸਿਰਫ਼ ਲਾਹੌਰ ਤੋਂ ਡੇਢ ਕੁ ਘੰਟੇ ਦੀ ਵਾਟ ਹੈ।

ਲਾਹੌਰ ਵਿਚ ਮੀਨਾਰ-ਏ-ਪਾਕਿਸਤਾਨ, ਸ਼ਾਹੀ ਮਸਜਦ ਅਤੇ ਗੁਰਦੁਆਰਾ ਡੇਹਰਾ ਸਾਹਿਬ ਇਕ ਹੀ ਕੰਪਲੈਕਸ ਵਿਚ ਸਥਿਤ ਹਨ ਜਿਸਦੇ ਚੌਗਿਰਦੇ ਨੂੰ ਫੁੱਲ-ਬੂਟਿਆਂ ਨੇ ਕੁਦਰਤੀ ਦਿੱਖ ਨਾਲ ਸੁੰਦਰਤਾ ਪ੍ਰਦਾਨ ਕੀਤੀ ਹੋਈ ਹੈ। 230 ਫੁੱਟ ਉਚੀ ‘ਮੀਨਾਰ-ਏ-ਪਾਕਿਸਤਾਨ’ 1960-68 ਦੇ ਦਰਮਿਆਨ ਉਸਾਰੀ ਗਈ ਸੀ। ਇਹ ਆਲ ਇੰਡੀਆ ਮੁਸਲਿਮ ਲੀਗ ਵਲੋਂ 23 ਮਾਰਚ 1940 ਨੂੰ ਲਾਹੌਰ ਵਿਖੇ ਪਾਕਿਸਤਾਨ ਬਣਾਉਣ ਵਾਲੇ ਪਾਸ ਕੀਤੇ ਗਏ ਮਤੇ ਦੀ ਜਗ੍ਹਾ `ਤੇ ਬਣਾਈ ਗਈ ਹੈ ਜੋ ਲਾਹੌਰ ਦੀ ਰਿੰਗ ਰੋਡ ਤੋਂ ਵੀ ਦਿਖਾਈ ਦਿੰਦਾ ਹੈ।
ਗੁਰਦੁਆਰਾ ਡੇਹਰਾ ਸਾਹਿਬ ਉਸ ਅਸਥਾਨ `ਤੇ ਸੁਸ਼ੋਭਿਤ ਹੈ ਜਿੱਥੇ ਤੱਤੀ ਤਵੀ `ਤੇ ਬਿਠਾ ਕੇ ਤਸੀਹੇ ਦੇਣ ਅਤੇ ਦੇਗ ਵਿਚ ਉਬਾਲਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਰਾਵੀ ਵਿਚ ਇਸ਼ਨਾਨ ਕਰਨ ਗਏ ਅਤੇ 43 ਸਾਲ ਦੀ ਉਮਰ ਵਿਚ 30 ਮਈ 1606 ਨੂੰ ਗੁਰੂ ਚਰਨਾਂ ਵਿਚ ਜਾ ਕੇ ਸ਼ਹਾਦਤ ਪ੍ਰਾਪਤ ਕਰ ਗਏ। ਮਨ ਵਿਚ ਵਾਰ ਵਾਰ ਆਉਂਦਾ ਸੀ ਕਿ ‘ਤੇਰਾ ਕੀਆ ਮੀਠਾ ਲਾਗੈ’ ਜਪਦੇ ਹੋਏ ਗੁਰੂ ਜੀ ਨੇ ਤਸੀਹਿਆਂ ਨੂੰ ਹੱਸ ਕੇ ਜਰਦਿਆਂ ਕਿਵੇਂ ਜਹਾਂਗੀਰ ਦੀਆਂ ਗੁਰੂ ਜੀ ਨੂੰ ਡੁਲਾਉਣ ਦੀਆਂ ਚਾਲਾਂ ਨੂੰ ਨਾਕਾਮ ਕੀਤਾ। ਦੀਦਿਆਂ ਸਾਹਵੇਂ ਉਹ ਦ੍ਰਿਸ਼ ਵੀ ਆ ਗਿਆ ਜਦੋਂ ਰੋਹ ਨਾਲ ਭਰੇ-ਭਰੀਤੇ ਸਾਈਂ ਮੀਰ ਜੀ ਗੁਰੂ ਜੀ ਕੋਲ ਆਏ ਹੋਣਗੇ। ਆਪਣੇ ਪਿਆਰੇ ਮਿੱਤਰ ਦੀ ਪੀੜ ਵਿਚ ਪਸੀਜੇ ਹੋਣਗੇ। ਪਰ ਗੁਰੂ ਜੀ ਚੜ੍ਹਦੀ ਕਲਾ ਦੇਖ ਕੇ ਅੰਦਰੋਂ-ਅੰਦਰੀ ਖੁਸ਼ ਵੀ ਹੋਏ ਹੋਣਗੇ ਕਿਉਂਕਿ ਪਹੁੰਚੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਅਜੇਹੀ ਸ਼ਹਾਦਤ ਨੇ ਭਵਿੱਖ ਨੂੰ ਕਿਵੇਂ ਨਿਰਧਾਰਤ ਕਰਨਾ ਹੈ? ਇਸ ਵਿਚੋਂ ਕਿਸ ਸੋਚ ਨੇ ਪੈਦਾ ਹੋ ਕੇ ਨਵੀਂ ਪੀੜ੍ਹੀ ਨੂੰ ਜੁ਼ਲਮ ਅਤੇ ਤਸ਼ੱਦਦ ਦਾ ਮੁਕਾਬਲਾ ਕਰਨ ਲਈ ਮੁੱਢ ਬੰਨ੍ਹਣਾ ਹੈ? ਇਸ ਸ਼ਹਾਦਤ ਨੇ ਹੀ ਆਉਣ ਵਾਲੇ ਸਮੇਂ ਵਿਚ ਚਾਰ ਪੀੜ੍ਹੀਆਂ ਤੀਕ ਚੱਲੀ ਸ਼ਹਾਦਤ ਦੀ ਪਿਰਤ ਨੂੰ ਸ਼ੁਰੂ ਕਰਨਾ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿਖੇ 24 ਨਵੰਬਰ 1675 ਨੂੰ 54 ਸਾਲ ਦੀ ਉਮਰ ਵਿਚ ਸ਼ਹਾਦਤ ਪ੍ਰਾਪਤ ਕੀਤੀ, ਪੜਪੋਤਰੇ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਨੂੰ ਗੁਰਚਰਨਾਂ ਵਿਚ ਜਾ ਬਿਰਾਜੇ। ਪਰ ਪੜਪੋਤਰੇ ਦੀ ਸ਼ਹਾਦਤ ਤੋਂ ਪਹਿਲਾਂ ਹੀ ਪੜ-ਪੋਤਰੇ ਦੇ ਚਾਰ ਪੁੱਤਰ, ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਵਿਖੇ ਅਤੇ ਸਾਹਿਬਜ਼ਾਦਾ ਜੋ਼ਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਹੋਏ। ਦਰਅਸਲ ਇਕ ਸ਼ਹਾਦਤ ਵਿਚੋਂ ਹੀ ਬਹੁਤ ਸਾਰੀਆਂ ਸ਼ਹਾਦਤਾਂ ਜਨਮ ਲੈਂਦੀਆਂ ਨੇ। ਗੁਰੂ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਨਮਨ ਕਰਦਿਆਂ, ਜਦ ਨਵੇਂ ਉਸਰ ਰਹੇ ਹਾਲ ਕੋਲ ਪਹੁੰਚੇ ਤਾਂ ਸਾਡੀ ਅਗਵਾਈ ਕਰ ਰਹੇ ਮੁਸਲਮਾਨ ਨੌਜਵਾਨ ਜਿਸਨੂੰ ਸਿੱਖ ਇਤਿਹਾਸ ਬਾਰੇ ਬਾਰੀਕੀ ਨਾਲ ਸਾਰੀ ਜਾਣਕਾਰੀ ਸੀ, ਦੱਸਣ ਲੱਗਾ ਕਿ ਜਦ ਇਸ ਹਾਲ ਦੀ ਉਸਾਰੀ ਹੋਣੀ ਸੀ ਤਾਂ ਅਸੀਂ ਇਹ ਯਕੀਨੀ ਬਣਾਇਆ ਕਿ ਕੇਂਦਰ ਵਿਚ ਬਣੇ ਗੁਰੂ ਜੀ ਦੇ ਸ਼ਹੀਦੀ ਅਸਥਾਨ ਨੂੰ ਪੁਰਾਤਨ ਰੂਪ ਵਿਚ ਰੱਖਣਾ ਹੈ। ਇਸਨੂੰ ਪਹਿਲੇ ਸਰੂਪ ਵਿਚ ਰੱਖਦਿਆਂ ਹੀ ਇਸਦੇ ਚਾਰ-ਚੁਫੇਰੇ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ। ਸੋਚਣ ਲੱਗਾ ਕਿ ਜੇ ਪੰਜਾਬ ਹੁੰਦਾ ਤਾਂ ਕਾਰ-ਸੇਵਾ ਵਾਲੇ ਬਾਬਿਆਂ ਨੇ ਸਭ ਤੋਂ ਪਹਿਲਾਂ ਪੁਰਾਣੇ ਅਸਥਾਨ ਨੂੰ ਤਹਿਸ-ਨਹਿਸ ਕਰ ਦੇਣਾ ਸੀ। ਫਿਰ ਪੱਥਰ ਲਾ ਕੇ ਅਜੇਹੀ ਇਮਾਰਤ ਖੜ੍ਹੀ ਕਰ ਦੇਣੀ ਸੀ ਕਿ ਪਤਾ ਹੀ ਨਹੀਂ ਸੀ ਲੱਗਣਾ ਕਿ ਸ਼ਹਾਦਤ ਦੀ ਜਗ੍ਹਾ ਕਿਹੜੀ ਹੈ? ਫਤਹਿਗੜ੍ਹ ਸਾਹਿਬ ਜਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਪੁਰਾਣੀ ਕੰਧ ਕਿੰਝ ਲੱਭੋਗੇ? ਅਤੇ ਜ਼ਰਾ ਇਨ੍ਹਾਂ ਬਾਬਿਆਂ ਨੂੰ ਪੁੱਛਿਓ ਕਿ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਕਿੱਥੇ ਹੈ? ਸੰਵੇਦਨਸ਼ੀਲ ਸਿੱਖ ਕਦੇ ਵੀ ਇਨ੍ਹਾਂ ਕਾਰ-ਸੇਵਾ ਵਾਲੇ ਕੁਝ ਕੁ ਬਾਬਿਆਂ ਨੂੰ ਮੁਆਫ਼ ਨਹੀਂ ਕਰਨਗੇ।
ਸਾਡਾ ਅਗਲਾ ਪੜਾਅ ਸੀ ਪ੍ਰੋਫੈਸਰ ਡਾ. ਨਬੀਲਾ ਰਹਿਮਾਨ, ਡਾਇਰੈਕਟਰ, ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰਲ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਲਾਹੌਰ ਨੂੰ ਮਿਲਣਾ। (ਅੱਜ ਕੱਲ ਡਾ. ਨਬੀਲਾ ਰਹਿਮਾਨ, ਝੰਗ ਯੂਨੀਵਰਸਿਟੀ ਦੀ ਵੀਸੀ ਵਜੋਂ ਸੇਵਾਵਾਂ ਨਿਭਾ ਰਹੀ ਹੈ)। ਪੰਜਾਬੀਆਂ ਵਰਗੀ ਖੁਸ਼ਮਿਜ਼ਾਜ਼ੀ ਅਤੇ ਖੁੱਲ੍ਹਦਿਲੀ ਨਾਲ ਉਸਨੇ ਸਾਡਾ ਸੁਆਗਤ ਕੀਤਾ। ਹੱਥਲੇ ਕੰਮ ਨੂੰ ਪਾਸੇ ਛੱਡ ਕੇ, ਸਾਡੇ ਨਾਲ ਹਸਾਸ ਪਲਾਂ ਨੂੰ ਮਾਨਣ ਲੱਗੀ। ਡਾ. ਨਬੀਲਾ ਰਹਿਮਾਨ ਦਾ ਪੰਜਾਬੀ ਅਦਬ ਵਿਚ ਬਹੁਤ ਵੱਡਾ ਮਾਣਮੱਤਾ ਨਾਮ ਹੈ ਜਿਸਨੇ ਆਪਣੀ ਲਗਨ, ਮਿਹਨਤ ਅਤੇ ਪ੍ਰਤੀਬੱਧਤਾ ਨਾਲ ਪੰਜਾਬੀ ਬੋਲੀ ਨੂੰ ਉਚੇ ਮੁਕਾਮ `ਤੇ ਪਹੁੰਚਾਇਆ ਹੈ ਅਤੇ ਉਸ ਦੀਆਂ ਕੋਸਿ਼ਸ਼ਾਂ ਨਿਰੰਤਰ ਜਾਰੀ ਹਨ। ਡਾ. ਨਬੀਲਾ ਦੱਸਣ ਲੱਗੀ ਕਿ ਉਸਨੇ ਇਸ ਮੁਕਾਮ `ਤੇ ਪਹੁੰਚਣ ਲਈ ਸਖ਼ਤ ਮਿਹਨਤ ਵੀ ਕੀਤੀ ਹੈ ਅਤੇ ਆਪਣੇ ਜਿਗਰ ਦਾ ਲਹੂ ਵੀ ਪਾਇਆ ਹੈ। ਉਸਦੀ ਅੱਖ ਨਮ ਹੋ ਗਈ ਜਦ ਉਸਨੇ ਦੱਸਿਆ ਕਿ ਜਦ ਉਸਦੇ ਘਰ ਬੇਟੇ ਨੇ ਜਨਮ ਲਿਆ ਤਾਂ ਉਸਨੂੰ ਸਿਰਫ਼ ਇਕ ਮਹੀਨੇ ਦੀ ਹੀ ਛੁੱਟੀ ਮਿਲੀ ਸੀ। ਉਸਦਾ ਬੇਟਾ ਬਿਮਾਰ ਹੋ ਗਿਆ। ਛੁੱਟੀ ਨਾ ਮਿਲਣ ਕਰਕੇ ਆਪਣੇ ਬੱਚੇ ਦੀ ਪੂਰੀ ਤਾਮੀਰਦਾਰੀ ਨਾ ਕਰ ਸਕੀ ਅਤੇ ਉਹ ਨਿੱਕੀ ਜਹੀ ਉਮਰੇ ਇਸ ਜਹਾਨ ਤੋਂ ਤੁਰ ਗਿਆ ਅਤੇ ਮੇਰੇ ਪੱਲੇ ਹਿਰਖ਼ ਪਾ ਗਿਆ। ਪਰ ਮੈਨੂੰ ਆਪਣੀਆਂ ਤਿੰਨ ਧੀਆਂ ਦੀਆਂ ਪ੍ਰਾਪਤੀਆਂ `ਤੇ ਨਾਜ਼ ਹੈ।
ਸਾਡਾ ਵਿਚਾਰ ਸੀ ਕਿ ਚਾਹ ਦਾ ਕੱਪ ਪੀ ਕੇ ਡਾ. ਨਬੀਲਾ ਜੀ ਕੋਲੋਂ ਜਾਣ ਦੀ ਆਗਿਆ ਲੈ ਲਵਾਂਗੇ। ਪਰ ਉਸਨੇ ਪੰਜਾਬੀਆਂ ਵਾਲੀ ਪ੍ਰਾਹੁਣਚਾਰੀ ਦਿਖਾਉਂਦਿਆ ਕਿਹਾ ਕਿ ਹੁਣ ਲੰਚ ਦਾ ਟਾਈਮ ਹੈ। ਆਪਾਂ ਦਫ਼ਤਰ ਵਿਚ ਹੀ ਲੰਚ ਕਰਾਂਗੇ ਅਤੇ ਢੇਰ ਸਾਰੀਆਂ ਗੱਲਾਂ ਕਰਾਂਗੇ। ਉਹ ਬਹੁਤ ਹੀ ਮਿਲਣਸਾਰ, ਨਰਮਦਿਲ, ਦਲੇਰ ਅਤੇ ਆਪਣੇ ਹੱਕਾਂ ਲਈ ਡਟਣ ਵਾਲੀ ਸ਼ਖ਼ਸੀਅਤ ਦੀ ਮਾਲਕ ਹੈ। ਆਪਣੀ ਬੀਤੀ ਜਿੰ਼ਦਗੀ ਦੇ ਕੁਝ ਵਰਕੇ ਫਰੋਲਦਿਆਂ, ਉਸਨੇ ਦੱਸਿਆ ਕਿ ਐਮ.ਏ ਪੰਜਾਬੀ ਵਿਚ ਉਹ ਪਹਿਲੇ ਸਥਾਨ `ਤੇ ਆ ਰਹੀ ਸੀ। ਪਰ ਫਾਈਨਲ ਨਤੀਜਿਆਂ ਵਿਚ ਉਸਨੂੰ ਦੂਸਰੀ ਪੁਜ਼ੀਸ਼ਨ `ਤੇ ਤਿਲਕਾ ਦਿੱਤਾ ਗਿਆ। ਮਨ ਵਿਚ ਬੜਾ ਰੋਹ ਤੇ ਰੋਸ ਪੈਦਾ ਹੋਇਆ। ਉਸਨੇ ਇਸ ਬਾਰੇ ਘਰ ਆ ਕੇ ਦੱਸਿਆ ਤਾਂ ਉਸਦਾ ਵੱਡਾ ਭਰਾ ਕਹਿਣ ਲੱਗਾ ਕਿ ਸਾਡੇ ਕੋਲ ਰੋਂਦੂ ਮੂੰਹ ਬਣਾ ਕੇ ਆਉਣ ਦੀ ਕੋਈ ਲੋੜ ਨਹੀਂ। ਆਹ ਫੜ ਇਕ ਲੱਖ ਰੁਪਇਆ। ਆਪਣੇ ਹੱਕ ਲਈ ਲੜ, ਭਾਵੇਂ ਕੋਰਟ-ਕਚਹਿਰੀ ਜਾ। ਉਸ ਸਮੇਂ ਦੇ ਸਭ ਤੋਂ ਮਹਿੰਗੇ ਵਕੀਲ (ਜਿਸਨੇ ਭੁੱਟੋ ਦਾ ਕੇਸ ਲੜਿਆ ਸੀ) ਨੂੰ ਉਹ ਮਿਲੀ ਅਤੇ ਆਪਣੀ ਕਹਾਣੀ ਦੱਸੀ। ਵਕੀਲ ਉਸਦੀ ਕਹਾਣੀ ਸੁਣ ਕੇ ਅਤੇ ਦਲੇਰੀ ਤੋਂ ਇੰਨਾ ਮੁਤਾਸਰ ਹੋਇਆ ਕਿ ਉਸਨੇ ਬਗੈਰ ਫੀਸ ਦੇ ਕੇਸ ਲੜਨ ਦੀ ਹਾਮੀ ਭਰੀ। ਇੰਨਾ ਕਹਿ ਕੇ ਉਸਦਾ ਗਲਾ ਭਰ ਆਇਆ। ਕਹਿਣ ਲੱਗੀ, “ਜਦ ਕੁਝ ਸਮੇਂ ਬਾਅਦ ਮੈਂ ਪੋ੍ਰਫੈਸਰ ਬਣਨ ਲਈ ਇਮਤਿਹਾਨ ਦੇਣ ਗਈ ਤਾਂ ਦੇਖਿਆ ਕਿ ਐਮ ਏ ਵਿਚ ਪਹਿਲੀ ਪੁਜ਼ੀਸ਼ਨ `ਤੇ ਆਉਣ ਵਾਲੇ ਵਿਦਿਆਥੀ ਨੂੰ ਉਸਦਾ ਬਾਪ ਵ੍ਹੀਲ ਚੇਅਰ `ਤੇ ਬਿਠਾ ਕੇ ਇਮਤਿਹਾਨ ਹਾਲ ਵਿਚ ਲੈ ਕੇ ਆਇਆ। ਪਤਾ ਲੱਗਾ ਕਿ ਉਸਦੇ ਦਿਮਾਗ ਦੀ ਨਾੜੀ ਵਿਚ ਕੋਈ ਨੁਕਸ ਪੈਣ ਕਾਰਨ ਉਸਦੀਆਂ ਦੋਵੇਂ ਲੱਤਾਂ ਚੱਲਣ ਤੋਂ ਅਸਮਰਥ ਹੋ ਗਈਆਂ ਅਤੇ ਉਹ ਵ੍ਹੀਲ ਚੇਅਰ ਦਾ ਮੁਥਾਜ ਹੋ ਗਿਆ ਸੀ। ਮਨ ਬਹੁਤ ਹੀ ਉਦਾਸ ਹੋਇਆ ਅਤੇ ਮੈਂ ਅਗਲੇ ਦਿਨ ਹੀ ਵਕੀਲ ਨੂੰ ਮਿਲ ਕੇ ਆਪਣਾ ਕੇਸ ਵਾਪਸ ਲੈ ਲਿਆ।”
ਬਹੁਤ ਹੀ ਪਾਕਦਿਲ ਡਾ. ਨਬੀਲਾ ਰਹਿਮਾਨ ਦੱਸਣ ਲੱਗੀ, ‘ਮੇਰੀ ਅੰਮੀ ਦੀ ਮੌਤ ਜਵਾਨੀ ਵਿਚ ਹੀ ਹੋ ਗਈ ਸੀ ਜਦ ਅਸੀਂ ਭੈਣ-ਭਰਾ ਛੋਟੇ ਸਾਂ। ਮੇਰੇ ਬਾਪ ਨੇ ਸਾਡੀ ਪਰਵਰਿਸ਼ ਖਾਤਰ ਮੁੜ ਵਿਆਹ ਨਹੀਂ ਸੀ ਕਰਵਾਇਆ। ਮੈਂ ਆਪਣੇ ਅੱਬੂ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਅੱਜ ਕੱਲ੍ਹ ਉਹ ਮੇਰੇ ਕੋਲ ਲਾਹੌਰ ਆਏ ਹੋਏ ਹਨ। `ਕੇਰਾਂ ਮੈਂ ਪੇਕੇ ਗਈ ਸਾਂ ਤਾਂ ਅੱਬੂ ਨੂੰ ਕਿਹਾ ਕਿ ਅਸੀਂ ਸਾਰੇ ਭੈਣ ਭਰਾ ਹੁਣ ਆਪਣੇ ਆਪਣੇ ਥਾਂ ਸੈੱਟ ਹਾਂ। ਤੁਸੀਂ ਹੁਣ ਦੂਸਰਾ ਨਿਕਾਹ ਕਰਵਾ ਲਓ। ਉਹ ਚੁੱਪ ਰਹੇ ਅਤੇ ਅਗਲੇ ਦਿਨ ਜਦ ਮੈਂ ਆਪਣੀ ਅੰਮੀ ਦੀ ਕਬਰ `ਤੇ ਅਕੀਦਤ ਭੇਟ ਕਰਨ ਗਈ ਤਾਂ ਮੇਰੇ ਅੱਬਾ ਨੇ ਮੇਰੀ ਅੰਮੀ ਦੀ ਕਬਰ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਤੈਨੂੰ ਪਤਾ ਹੈ ਕਿ ਤੂੰ ਰਾਤੀਂ ਮੈਨੂੰ ਕੀ ਕਿਹਾ ਸੀ? ਦੱਸ! ਮੈਂ ਇਸ ਕਬਰ ਵਿਚ ਬੈਠੀ ਤੇਰੀ ਅੰਮੀ ਨੂੰ ਕੀ ਜਵਾਬ ਦੇਵਾਂਗਾ ਜੇ ਦੁਬਾਰਾ ਨਿਕਾਹ ਕਰਵਾ ਲਿਆ। ਮੈਂ ਆਪਣੇ ਬਾਪ ਦੇ ਗੱਲ ਲੱਗ ਕੇ ਸਿਸਕਣ ਲੱਗ ਪਈ ਸਾਂ।’
ਡਾ. ਨਬੀਲਾ ਰਹਿਮਾਨ ਹਸਾਸ ਵੀ ਬਹੁਤ ਹੈ। ਪੰਜਾਬੀ ਅਦਬ ਦੀਆਂ ਗੱਲਾਂ ਦੇ ਨਾਲ ਨਾਲ, ਉਸ ਦੀਆਂ ਠਹਾਕੇ ਭਰੀਆਂ ਪੰਜਾਬੀਆਂ ਵਾਲੀਆਂ ਠੇਠ ਗੱਲਾਂ ਅਤੇ ਵਰਤਾਅ ਨੇ ਸਾਨੂੰ ਅਪਣੱਤ ਨਾਲ ਭਰ ਦਿੱਤਾ। ਦੱਸਣ ਲੱਗੀ ਕਿ ਇਕ ਵਾਰ ਮੈਂ ਅੱਬੂ ਕੋਲ ਗਈ ਸਾਂ। ਕੋਈ ਮੰਗਣ ਵਾਲੀ ਘਰ ਆਈ। ਅੱਬੂ ਬਾਹਰ ਦੇਖਣ ਗਏ ਅਤੇ ਜਦ ਵਾਪਸ ਆਏ ਤਾਂ ਮੁਸਕਰਾ ਰਹੇ ਸਨ। ਪੁੱਛਣ `ਤੇ ਅੱਬੂ ਨੇ ਦੱਸਿਆ ਕਿ ਕੋਈ ਔਰਤ ਮੰਗਣ ਆਈ ਸੀ ਅਤੇ ਕਹਿੰਦੀ ਸੀ ਕਿ ਮੈਂ ਬੇਵਾ ਹਾਂ। ਮੈਂ ਉਸ ਔਰਤ ਨੂੰ ਕਿਹਾ ਕਿ ਮੈਂ ਵੀ ਬੇਵਾ ਹਾਂ। ਇੰਨਾ ਕਹਿ ਕੇ ਡਾ. ਨਬੀਲਾ ਅਤੇ ਅਸੀਂ ਸਾਰੇ ਖੂਬ ਹੱਸੇ।
ਲੰਚ ਕਰਦਿਆਂ ਅਤੇ ਨਿੱਕੀਆਂ ਤੇ ਨਿੱਘੀਆਂ ਗੱਲਾਂ ਵਿਚ ਦੋ ਢਾਈ ਘੰਟੇ ਪਲਾਂ ਵਿਚ ਹੀ ਬੀਤ ਗਏ। ਉਹ ਕਹਿਣ ਲੱਗੀ ਕਿ ਯਕੀਨ ਨਹੀਂ ਆ ਰਿਹਾ ਕਿ ਡਾ. ਭੰਡਾਲ ਮੇਰੇ ਦਫ਼ਤਰ ਵਿਚ ਮੇਰੇ ਕੋਲ ਬੈਠੇ ਹਨ। ਮੇਰਾ ਮਨ ਚਾਹੁੰਦਾ ਹੈ ਕਿ ਤੁਸੀਂ ਨਿਊਕਲੀਅਰ ਫਿਜਿ਼ਕਸ ਬਾਰੇ ਮੁੱਢਲੀ ਜਾਣਕਾਰੀ ਨਾਲ ਭਰਪੂਰ ਕਿਤਾਬ ਲਿਖੋ। ਇਸਨੂੰ ਛਪਵਾਉਣ ਦੀ ਜਿ਼ੰਮੇਵਾਰੀ ਮੇਰੀ ਹੋਵੇਗੀ। ਮੈਂ ਉਸਦੀ ਇਸ ਪੇਸ਼ਕਸ਼ ਨੂੰ ਮੰਨਦਿਆਂ ਬਹੁਤ ਹੀ ਅਦਬ ਨਾਲ ਉਸ ਕੋਲੋਂ ਰੁਖ਼ਸਤ ਹੋਣ ਦੀ ਇਜਾਜ਼ਤ ਲਈ। ਉਸ ਦੀ ਮੁਸਕਰਾਹਟ ਭਰੀ ਤੱਕਣੀ ਬਹੁਤ ਦੂਰ ਤੀਕ ਸਾਡਾ ਪਿੱਛਾ ਕਰਦੀ ਰਹੀ।
ਯੂਨੀਵਰਸਿਟੀ ਤੋਂ ਬਾਹਰ ਸੜਕ `ਤੇ ਆਏ ਤਾਂ ਅਸ਼ਰਫ ਸੁਹੇਲ ਹੁਰੀਂ ਕਹਿਣ ਲੱਗੇ ਕਿ ਆਓ ਤੁਹਾਨੂੰ ਲਾਹੌਰ ਦਾ ਮਸ਼ਹੂਰ ਅਨਾਰਕਲੀ ਬਾਜ਼ਾਰ ਦਿਖਾਵਾਂ। ਤੁਰ ਕੇ ਚੱਲਦੇ ਹਾਂ ਕਿਉਂਕਿ ਇਸ ਬਾਜ਼ਾਰ ਵਿਚ ਵਹੀਕਲ ਤਾਂ ਜਾਂਦਾ ਨਹੀਂ। ਕਿਤਾਬਾਂ ਵਿਚ ਪੜ੍ਹਿਆ ਅਨਾਰਕਲੀ ਬਾਜ਼ਾਰ ਕਿੱਧਰੇ ਨਜ਼ਰੀਂ ਨਹੀਂ ਆਇਆ। ਇਉਂ ਲੱਗਾ ਜੀਕੂੰ ਇਹ ਬਾਜ਼ਾਰ ਬੀਤੇ ਦੀ ਕਹਾਣੀ ਬਣ ਕੇ ਰਹਿ ਗਿਆ ਹੋਵੇ। ਭੀੜ ਭੜੱਕੇ ਅਤੇ ਰੌਲਾ-ਰੱਪਾ।
ਇਕ ਸਿਰੇ `ਤੇ ਜਾ ਕੇ ਅਸੀਂ ਆਟੋ ਲਿਆ ਅਤੇ ਲਾਹੌਰ ਵਿਚ ਬਾਬਾ ਸ਼ਾਹ ਅਨਾਇਤ ਅਲੀ ਦੀ ਦਰਗਾਹ `ਤੇ ਨਤਮਸਤਕ ਹੋਣ ਲਈ ਚੱਲ ਪਏ। ਮੇਰੇ ਪਿੰਡ ਦੇ ਹਰ ਬਾਸਿ਼ੰਦੇ ਲਈ ਅਦਬ ਅਤੇ ਸਤਿਕਾਰ ਦੇ ਪਾਤਰ ਅਤੇ ਪਿੰਡ ਨੂੰ ਨਿਆਮਤਾਂ ਬਖਸ਼ਣ ਵਾਲੇ ਬਾਬਾ ਸ਼ਾਹ ਅਨਾਇਤ ਅਲੀ ਦੀ ਦਰਗਾਹ `ਤੇ ਜਾ ਕੇ ਇਉਂ ਜਾਪਿਆ ਜਿਵੇਂ ਮੈਂ ਸਮੁੱਚੇ ਪਿੰਡ ਵਲੋਂ ਉਨ੍ਹਾਂ ਦੀ ਦਰਗਾਹ `ਤੇ ਅਕੀਦਤ ਦੇ ਫੁੱਲ ਚੜ੍ਹਾਉਣ ਅਤੇ ਉਨ੍ਹਾਂ ਦੀਆਂ ਬਖਸਿ਼ਸ਼ਾਂ ਲਈ ਦੁਆਵਾਂ ਕਰ ਰਿਹਾ ਹੋਵਾਂ ਜਿਹੜੀਆਂ ਉਨ੍ਹਾਂ ਨੇ ਮੇਰੇ ਗਰਾਈਂਆਂ ਨੂੰ ਝੋਲੀਆਂ ਭਰ ਕੇ ਵੰਡਣਨੀਆਂ ਨੇ, ਵੰਡ ਵੀ ਰਹੇ ਨੇ ਅਤੇ ਵੰਡੀਆਂ ਵੀ ਨੇ।
ਇੰਨੇ ਚਿਰ ਨੂੰ ਮੁਹੰਮਦ ਇਰਫ਼ਾਨ ਦਾ ਫ਼ੋਨ ਆਇਆ ਕਿ ਮੈਂ ਹੁਣ ਵਿਹਲਾ ਹੋ ਗਿਆ ਹਾਂ। ਮੈਂ ਆਉਂਦਾ ਹਾਂ ਅਤੇ ਫਿਰ ਆਪਾਂ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਕੇ ਆਉਂਦੇ ਹਾਂ। ਅਸ਼ਰਫ਼ ਹੁਰੀਂ ਕੋਲ ਹੀ ਰਹਿੰਦੇ ਪੰਜਾਬੀ ਪਬਲਿਸ਼ਰ ਨੂੰ ਮਿਲਾਉਣ ਲਈ ਨਾਲ ਲੱਗਦੀ ਬਿਲਡਿੰਗ ਵਿਚ ਵੜ ਗਏ। ਪੰਜਾਬੀ ਨਾਲ ਮੁਹੱਬਤ ਕਰਨ ਵਾਲਿਆਂ ਦੀ ਲਾਹੌਰ ਵਿਚ ਕੋਈ ਕਮੀ ਨਹੀਂ ਅਤੇ ਉਹ ਪੰਜਾਬੀ ਅਦਬ ਦੀ ਪ੍ਰਫੁਲੱਤਾ ਲਈ ਨਿੱਠ ਕੇ ਕੰਮ ਕਰ ਰਹੇ ਹਨ।
ਨਨਕਾਣਾ ਸਾਹਿਬ, ਲਾਹੌਰ ਤੋਂ 60 ਕੁ ਮੀਲ ਦੂਰ। ਸ਼ੇਖੂਪੂਰ ਦੇ ਕੋਲ। ਜਦ ਅਸੀਂ ਨਨਕਾਣਾ ਸਾਹਿਬ ਪਹੁੰਚੇ ਤਾਂ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ। ਪਾਠ ਸੁਣਿਆ, ਅਰਦਾਸ ਵਿਚ ਸ਼ਾਮਲ ਹੋਏ ਅਤੇ ਹੁਕਮਨਾਮਾ ਸੁਣ ਕੇ ਖੁਦ ਨੂੰ ਧੰਨ ਭਾਗਾਂ ਵਾਲੇ ਸਮਝਿਆ। ਚਿਰੋਕਣੀ ਰੀਝ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕਰ ਕੇ ਪੂਰੀ ਹੋਈ। ਰਾਏ ਭੋਇੰ ਦੀ ਤਲਵੰਡੀ ਕਰਕੇ ਜਾਣੇ ਜਾਂਦੇ ਨਗਰ ਨੂੰ ਚੌਧਰੀ ਰਾਏ ਬੁਲਾਰ ਨੇ ਨਨਕਾਣਾ ਸਾਹਿਬ ਦਾ ਨਾਮ ਦਿੱਤਾ ਸੀ ਜੋ ਗੁਰੂ ਨਾਨਕ ਦੇ ਪਲੇਠੇ ਸ਼ਰਧਾਲੂਆਂ ਵਿਚੋਂ ਇਕ ਸੀ।
ਮੱਥਾ ਟੇਕ ਅਤੇ ਪ੍ਰਸ਼ਾਦ ਲੈ ਕੇ ਬਾਹਰ ਨਿਕਲੇ ਤਾਂ ਇਸਦੇ ਕੋਲ ਹੀ ਉਹ ਜੰਡ ਦਿਖਾਈ ਦਿਤਾ ਜਿਸ ਨਾਲ ਬੰਨ੍ਹ ਨੇ ਭਾਈ ਲਛਮਣ ਸਿੰਘ ਧਾਰੋਵਾਲ ਨੂੰ ਮਹੰਤ ਨਰੈਣ ਦਾਸ ਦੇ ਗੁੰਡਿਆਂ ਵਲੋਂ ਜਿੰਦਾ ਸਾੜਿਆ ਗਿਆ ਸੀ। ਅੱਖਾਂ ਸਾਹਵੇਂ ਸਾਖਸ਼ਾਤ ਹੋਣ ਲੱਗਾ ਕਿ ਕੇਹੀ ਭਿਆਨਕ ਸਵੇਰ ਹੋਵੇਗੀ 20 ਫਰਵਰੀ 2021 ਦੀ, ਜਦ ਮਹੰਤ ਨਰੈਣ ਦਾਸ ਅਤੇ ਉਸਦੇ ਗੁੰਡਿਆਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠਿਆ ਅਤੇ ਉਸਦੀ ਹਜ਼ੂਰੀ ਵਿਚ ਬੈਠੀ ਸਿੱਖ-ਸੰਗਤ ਨੂੰ ਗੋਲੀਆਂ ਨਾਲ ਭੁੰਨਿਆ ਹੋਵੇਗਾ, ਤਲਵਾਰਾਂ ਨਾਲ ਵੱਢਿਆ ਅਤੇ ਨੇਜਿਆਂ `ਚ ਪਰੋਇਆ ਹੋਵੇਗਾ। ਲਹੂ-ਲੁਹਾਣ ਹੋਈ ਬਾਬਾ ਨਾਨਕ ਦੀ ਜਨਮ ਭੂਮੀ ਨੇ ਖੁ਼ਦ ਨੂੰ ਅੱਥਰੂਆਂ ਨਾਲ ਗਾਲਿਆ ਹੋਵੇਗਾ। ਬਾਬੇ ਨਾਨਕ ਦਾ ਤਾਂ ਕਦਾਚਿੱਤ ਅਜੇਹਾ ਪੈਗ਼ਾਮ ਨਹੀਂ ਸੀ ਕਿ ਬੇਦੋਸਿ਼ਆਂ ਦੇ ਲਹੂ ਵਿਚ ਹੱਥ ਰੰਗੇ ਜਾਣ ਅਤੇ ਖ਼ੁਦ ਨੂੰ ਪਾਕੀਜ਼ ਸਮਝਿਆ ਜਾਵੇ। ਦਰਅਸਲ ਮਹੰਤਾਂ ਨੇ ਬਹੁਤ ਸਾਰੇ ਗੁਰਦੁਆਰਿਆਂ ਨੂੰ ਨਿੱਜੀ ਜਾਗੀਰਾਂ ਬਣਾ ਲਿਆ ਸੀ। ਇਨ੍ਹਾਂ ਅਸਥਾਨਾਂ ਨੂੰ ਐਸ਼ੋ-ਇਸ਼ਰਤ ਅਤੇ ਕੁਕਰਮਾਂ ਲਈ ਵਰਤਦੇ ਸਨ। ਭਾਵੇਂ ਕਿ ਕੁਝ ਮਹੰਤ ਜਿਵੇਂ ਕੇਸਗੜ੍ਹ ਦੇ ਮਹੰਤ ਭਗਵਾਨ ਦਾਸ ਨੇ ਖੁਦ ਹੀ ਕੇਸਗੜ੍ਹ ਤਖਤ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ। ਉਸਦਾ ਬੇਟਾ ਭਾਈ ਕਰਮ ਸਿੰਘ ਪੰਜਾ ਸਾਹਿਬ ਦੇ ਸਾਕੇ ਵਿਚ ਸ਼ਹੀਦ ਵੀ ਹੋਇਆ ਸੀ। ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਸਿੱਖਾਂ ਦੀ ਇਸ ਅਜ਼ੀਮ ਕੁਰਬਾਨੀ ਨੂੰ ਨਤਮਸਤਕ ਹੁੰਦਿਆਂ, ਅਸੀਂ ਵਾਪਸ ਮੁੜਨ ਲੱਗੇ। ਗੁਰਦੁਆਰੇ ਵੱਲ ਝਾਤੀ ਮਾਰੀ ਤਾਂ ਚੰਦਰਮਾ ਦੀ ਚਿੱਪਰ ਗੁਰਦੁਆਰੇ ਦੇ ਉਪਰ ਦੀ ਚਾਨਣ ਬਰਸਾ ਰਹੀ ਸੀ। ਈਕੂੰ ਲੱਗਾ ਜੀਕੂੰ ਬਾਬਾ ਨਾਨਕ ਜੀ ਖੁਦ ਸਾਡੀ ਆਮਦ `ਤੇ ਖੁਸ਼ ਹੋ ਕੇ ਸਾਨੂੰ ਚਾਨਣੀ ਨਾਲ ਵਰਸੋ ਰਹੇ ਹੋਣ। ਅਸੀਂ ਚਾਨਣ-ਰੱਤੇ ਹੋ ਕੇ ਘਰ ਨੂੰ ਚਾਲੇ ਪਾਉਣ ਦੀ ਤਿਆਰੀ ਕਰਨ ਲੱਗੇ।
ਸੂਰਜ ਡੁੱਬਣ ਕਾਰਨ ਹਨੇਰਾ ਪਸਰ ਰਿਹਾ ਸੀ। ਤੁਰਨ ਲੱਗੇ ਤਾਂ ਸਕਿਉਰਿਟੀ ਵਾਲਿਆਂ ਨੇ ਕਿਹਾ ਕਿ ਤੁਸੀਂ ਹੁਣ `ਕੱਲੇ ਲਾਹੌਰ ਨਹੀਂ ਜਾ ਸਕਦੇ। ਤੁਹਾਡੇ ਨਾਲ ਸਾਡੀ ਐਸਕਾਰਟ ਜਾਵੇਗੀ ਜੋ ਤੁਹਾਨੂੰ ਹਾਈਵੇਅ `ਤੇ ਚਾੜ੍ਹ ਕੇ ਸ਼ੇਖੂਪੁਰ ਦੀ ਐਸਕਾਰਟ ਦੇ ਹਵਾਲੇ ਕਰੇਗੀ ਤਾਂ ਕਿ ਤੁਸੀਂ ਸੁਰੱਖਿਅਤ ਰੂਪ ਵਿਚ ਵਾਪਸ ਲਾਹੌਰ ਪਹੁੰਚ ਸਕੋ। ਸਾਡੀ ਕਾਰ ਦੇ ਅੱਗੇ ਅੱਗੇ ਜਾ ਰਹੀ ਕਮਾਂਡੋਜ਼ ਨਾਲ ਭਰੀ ਹੋਈ ਐਸਕਾਰਟ ਨੇ ਸਾਨੂੰ ਹਾਈਵੇਅ `ਤੇ ਚਾੜ੍ਹਿਆ ਅਤੇ ਸ਼ੇਖੂਪੁਰ ਦੀ ਐਸਕਾਰਟ ਨੂੰ ਸੂਚਨਾ ਦੇ ਦਿੱਤੀ। ਰਾਹ ਵਿਚ ਸਾਡੇ ਡਰਾਈਵਰ ਮੁਹੰਮਦ ਇਰਫ਼ਾਨ ਨੂੰ ਕਈ ਵਾਰ ਫੋਨ ਆਇਆ ਕਿ ਤੁਸੀਂ ਕਿੱਥੇ ਪਹੁੰਚੇ ਹੋ? ਅਖੀਰ ਵਿਚ ਜਦ ਮੁਹੰਮਦ ਇਰਫ਼ਾਨ ਨੇ ਦੱਸਿਆ ਕਿ ਅਸੀਂ ਲਾਹੌਰ ਪਹੁੰਚ ਗਏ ਤਾਂ ਸਕਿਉਰਿਟੀ ਵਾਲਿਆਂ ਨੇ ਸੁੱਖ ਦਾ ਸਾਹ ਲਿਆ। ਅਸੀਂ ਰਾਤ ਨੂੰ ਦਸ ਕੁ ਵਜੇ ਲਾਹੌਰ ਵਿਖੇ ਅਸ਼ਰਫ਼ ਸੁਹੇਲ ਹੁਰਾਂ ਦੇ ਘਰ ਪਹੁੰਚ ਗਏ।