ਰਾਜ ਬਿਨਾ ਨਹਿ ਧਰਮ ਚਲੈ ਹੈਂ! ਧਰਮ ਬਿਨਾ ਸਭ ਦਲੈ ਮਲੈ ਹੈਂ!

ਗੁਰਬਚਨ ਸਿੰਘ
ਫੋਨ: 98156-98451
ਅੱਜ ਪੰਜਾਬ ਦੇ ਸਿਆਸੀ ਪਿੜ ਵਿਚ ਭਾਵੇਂ ਮਾਰਕਸਵਾਦੀਆਂ ਅਤੇ ਸਿੱਖਾਂ ਵਿਚ ਆਪਸੀ ਵਿਰੋਧ ਦੀਆਂ ਝਾਕੀਆਂ ਅਕਸਰ ਦੇਖਣ-ਸੁਣਨ ਨੂੰ ਮਿਲ ਰਹੀਆਂ ਹਨ ਪਰ ਸ. ਗੁਰਬਚਨ ਸਿੰਘ ਨੇ ਆਪਣੇ ਇਸ ਲੇਖ ਵਿਚ ਗੁਰਮਤਿ ਅਤੇ ਮਾਰਕਸਵਾਦ ਦੀ ਸਾਂਝ ਦੀਆਂ ਕੁਝ ਧਾਰਨਾਵਾਂ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ। ਉਂਝ ਵੀ, ਅਸਲ ਮੁੱਦਾ ਤਾਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦਾ ਹੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ:
ਜਿਸ ਕਾ ਰਾਜ ਤਿਸੈ ਕਾ ਸੁਪਨਾ॥ (ਪੰਨਾ 179)
ਜਿਸ ਹੀ ਕੀ ਸਿਰਕਾਰ ਤਿਸ ਹੀ ਕਾ ਸਭ ਕੋਇ॥ (ਪੰਨਾ 27)
ਭਾਵ ਜੇ ਸਿੱਖਾਂ ਨੇ ਆਪਣੀ ਆਤਮਿਕ, ਮਾਨਸਿਕ ਤੇ ਸਭਿਆਚਾਰਕ ਆਜ਼ਾਦੀ ਮਾਣਨ ਦੇ ਸੁਪਨੇ ਨੂੰ ਪੂਰਾ ਕਰਨਾ ਹੈ ਤਾਂ ਉਨ੍ਹਾਂ ਲਈ ਰਾਜ ਲੈਣਾ ਲਾਜ਼ਮੀ ਹੈ। ਕਿਉਂਕਿ ਆਪਣੇ ਰਾਜ ਵਿਚ ਹੀ ਇਹ ਸੁਪਨਾ ਪੂਰਾ ਹੋ ਸਕਦਾ ਹੈ। ਇਹ ਗੱਲ ਬਾਅਦ ਵਿਚ ਮਾਰਕਸ ਨੇ ਵੀ ਕਹੀ ਹੈ ਕਿ ਜਿਸ ਜਮਾਤ ਦਾ ਰਾਜ ਹੁੰਦਾ ਹੈ, ਸਮਾਜ ਵਿਚ ਉਸੇ ਜਮਾਤ ਦਾ ਸਭਿਆਚਾਰ ਭਾਰੂ ਹੁੰਦਾ ਹੈ।
ਖਾਲਸਈ ਸਭਿਆਚਾਰ ਭਾਰੂ ਕਰਨ ਲਈ ਸਿੱਖਾਂ ਨੂੰ ਖਾਲਸਾ ਰਾਜ ਦੀ ਲੋੜ ਹੈ। ਗੁਰਮਤਿ ਨੇ ਹਲੇਮੀ ਰਾਜ ਅਤੇ ਬੇਗਮਪੁਰਾ ਸਮਾਜ ਦੇ ਮੌਲਿਕ ਸੰਕਲਪ ਮਨੁੱਖ ਜਾਤੀ ਨੂੰ ਦਿੱਤੇ ਹਨ। ਪਰ ਇਨ੍ਹਾਂ ਸੰਕਲਪਾਂ ਨੂੰ ਹਾਲੇ ਤਕ ਅਜੋਕੀ ਰਾਜਸੀ ਬੋਲੀ ਵਿਚ ਸਪੱਸ਼ਟ ਨਹੀਂ ਕੀਤਾ ਗਿਆ। ਸਿੱਖਾਂ ਨੇ ਰਾਜ ਦਾ ਦਾਅਵਾ ਆਪਣੀ ਬਹੁਗਿਣਤੀ ਦੇ ਆਧਾਰ ਉਤੇ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੇ ਸਿਧਾਂਤਾਂ ਦੇ ਆਧਾਰ ਉਤੇ ਕਰਨਾ ਹੈ ਅਤੇ ਇਹ ਸਿਧਾਂਤ ਸਰਬ-ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਹਾਮੀ ਭਰਦੇ ਹਨ।
ਹਰੇਕ ਫਿਲਾਸਫੀ ਆਪਣੇ ਸੰਕਲਪ ਅਨੁਸਾਰ ਮਨੁੱਖੀ ਸਮਾਜ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਲਈ ਰਾਜ ਦਾ ਸੁਪਨਾ ਆਪਣੇ ਨਾਲ ਲੈ ਕੇ ਆਉਂਦੀ ਹੈ। ਆਪਣੇ ਰਾਜ ਦੇ ਇਸੇ ਸੰਕਲਪ ਭਾਵ ਰਾਜਨੀਤੀ ਰਾਹੀਂ ਫਿਲਾਸਫੀ ਸਮਾਜੀ ਅਮਲ ਵਿਚ ਪ੍ਰਗਟ ਹੁੰਦੀ ਹੈ। ਇਸਾਈਅਤ ਅਤੇ ਇਸਲਾਮ ਦੇ ਆਧਾਰ ਉਤੇ ਬੜੀਆਂ ਵੱਡੀਆਂ ਪਾਤਸ਼ਾਹੀਆਂ ਕਾਇਮ ਹੋਈਆਂ ਹਨ। ਮੌਜੂਦਾ ਪੱਛਮੀ ਤਰਜ਼ ਦੀ ਜਮਹੂਰੀਅਤ ਦਾ ਆਧਾਰ ਵੀ ਇਸਾਈਅਤ ਅਤੇ ਪਲੈਟੋ ਦੀ ਫਿਲਾਸਫੀ ਨੂੰ ਮੰਨਿਆ ਜਾਂਦਾ ਹੈ। ਪਿਛਲੀ ਸਦੀ ਵਿਚ ਮਾਰਕਸਵਾਦੀ ਵਿਚਾਰਧਾਰਾ ਦੇ ਆਧਾਰ ਉਤੇ ਲਗਪਗ ਅੱਧੀ ਦੁਨੀਆ ਵਿਚ ਸਮਾਜਵਾਦੀ ਰਾਜ ਸਿਰਜਣ ਦੇ ਯਤਨ ਕੀਤੇ ਗਏ ਪਰ ਮਾਰਕਸਵਾਦੀ ਫਿਲਾਸਫੀ ਨੂੰ ਅਣਗੌਲਿਆ ਕਰਨ ਕਰਕੇ ਇਹ ਸਾਰੇ ਯਤਨ ਮਾਰਕਸ ਦਾ ਕਲਪਿਆ ਸਮਾਜਵਾਦੀ ਸਮਾਜ ਨਾ ਸਿਰਜ ਸਕੇ। ਸਿੱਟੇ ਵਜੋਂ ਅੱਜ ਯੂਕਰੇਨ ਉਤੇ ਕੀਤੇ ਰੂਸੀ ਹਮਲੇ ਕਾਰਨ ਦੁਨੀਆ ਤੀਜੀ ਸੰਸਾਰ ਸਾਮਰਾਜੀ ਜੰਗ ਦੇ ਦਹਾਨੇ ਉਤੇ ਖੜ੍ਹੀ ਹੈ।
ਮਾਰਕਸ ਦਾ ਫਿਊਰਬਾਖ ਦੀ ਫਿਲਾਸਫੀ ਬਾਰੇ ਕਥਨ ਹੈ,‘‘ਫਿਊਰਬਾਖ ਦੀ ਫਿਲਾਸਫੀ ਦੀ ਵਿਆਖਿਆ ਮੈਨੂੰ ਸਿਰਫ ਇਕ ਪੱਖ ਤੋਂ ਗਲਤ ਜਾਪਦੀ ਹੈ ਕਿ ਉਹ ਕੁਦਰਤ ਦਾ ਜ਼ਿਆਦਾ ਪਰ ਰਾਜਨੀਤੀ ਦਾ ਜ਼ਿਕਰ ਬਹੁਤ ਘੱਟ ਕਰਦਾ ਹੈ। ਜਦੋਂਕਿ ਕੁਦਰਤ ਅਤੇ ਰਾਜਨੀਤੀ ਦੀ ਸਿਰਫ ਸਾਂਝ ਹੀ ਅਜੋਕੀ ਫਿਲਾਸਫੀ ਨੂੰ ਅਮਲ ਵਿਚ ਢਾਲ ਸਕਦੀ ਹੈ।’’
ਗੁਰਮਤਿ ਅਤੇ ਮਾਰਕਸਵਾਦ ਦੀ ਇਨਕਲਾਬੀ ਰੂਹ ਨੂੰ ਜੇ ਸੁਹਿਰਦਤਾ ਨਾਲ ਫੜਨ ਦਾ ਯਤਨ ਕੀਤਾ ਜਾਏ ਤਾਂ ਸਪੱਸ਼ਟ ਹੈ ਕਿ ਦੋਹਾਂ ਫਿਲਾਸਫੀਆਂ ਵਿਚ ਮੌਜੂਦਾ ਮਾਨਸਖਾਣੇ ਸਮਾਜ ਨੂੰ ਬਦਲਣ ਦੀ ਇਕੋ ਜਿੰਨੀ ਤਾਂਘ ਹੈ। ਫਰਕ ਸਿਰਫ ਏਨਾ ਹੈ ਕਿ ਗੁਰੂ ਸਾਹਿਬ ਵੇਲੇ ਰਾਜਪ੍ਰਬੰਧ ਰਜਵਾੜਿਆਂ ਦੇ ਹੱਥ ਵਿਚ ਸੀ, ਜਿਨ੍ਹਾਂ ਨੂੰ ਗੁਰਮਤਿ ਨੇ ਰਾਜੇ ਸੀਹ ਮੁਕਦਮ ਕੁਤੇ ਕਿਹਾ ਹੈ ਅਤੇ ਮਾਰਕਸ ਵੇਲੇ ਰਾਜਪ੍ਰਬੰਧ ਪੂੰਜੀਪਤੀਆਂ ਦੇ ਹੱਥ ਆ ਗਿਆ ਸੀ, ਜਿਨ੍ਹਾਂ ਨੂੰ ਮਾਰਕਸ ਨੇ ਪੈਸੇ ਦੇ ਪੁਜਾਰੀ ਤੇ ਰੂਹ-ਵਿਹੂਣੇ ਪਸੂ਼ ਕਿਹਾ ਹੈ।
ਗੁਰਮਤਿ ਸਿਰਫ ਆਪਣੇ ਵੇਲੇ ਦੀ ਰਾਜਨੀਤੀ ਦੀ ਪੜਚੋਲ ਹੀ ਨਹੀਂ ਕਰਦੀ ਬਲਕਿ ਹਰ ਉਸ ਕਿਸਮ ਦੀ ਰਾਜਨੀਤੀ ਦੀ ਤਿੱਖੀ ਪੜਚੋਲ ਕਰਦੀ ਹੈ, ਜਿਹੜੀ ਇਕ ਮਨੁੱਖ ਦੀ ਦੂਜੇ ਮਨੁੱਖ ਹੱਥੋਂ ਹੁੰਦੀ ਲੁੱਟ-ਖਸੁਟ ਨੂੰ ਸਹਿਮਤੀ ਦੇਂਦੀ ਹੈ ਅਤੇ ਜਿਹੜੀ ਸਾਰੇ ਮਨੁੱਖਾਂ ਦੀ ਬਰਾਬਰੀ ਦੀ ਹਾਮੀ ਨਹੀਂ ਭਰਦੀ। ਗੁਰਮਤਿ ਹਰ ਉਸ ਕਿਸਮ ਦੀ ਰਾਜਨੀਤੀ ਨੂੰ ਵਹਿਸ਼ੀਪੁਣਾ ਐਲਾਨਦੀ ਹੈ, ਜਿਹੜੀ ਰਾਜਨੀਤੀ ਹੱਥੀਂ ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਅਮਲ ਵਿਚ ਲਾਗੂ ਨਹੀਂ ਕਰਦੀ।
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ੍ ਬੈਠੇ ਸੁਤੇ॥ …
ਜਿਥੈ ਜੀਆਂ ਹੋਸੀ ਸਾਰ॥ ਨਂਕੀ ਵਂਢੀ ਲਾਇਤਬਾਰ॥ (ਪੰਨਾ 1288)
ਯਥਾ ਰਾਜੇ ਬਘਿਆੜ ਹਨ ਤੇ ਇਨ੍ਹਾਂ ਦੇ ਪੈਂਚ ਖੜਪੈਂਚ ਸਾਰੇ ਕੁੱਤੇ ਹਨ, ਜਿਹੜੇ ਆਮ ਲੋਕਾਂ ਨੂੰ ਅਮਨ ਚੈਨ ਨਾਲ ਜਿਉਣ ਨਹੀਂ ਦੇਂਦੇ। ਸਰਕਾਰੀ ਨੌਕਰ ਭਾਵ ਅਫਸਰਸ਼ਾਹੀ ਤੇ ਹੋਰ ਅਹਿਲਕਾਰ ਬਘਿਆੜਾਂ ਦੀਆਂ ਨਹੁੰਦਰਾਂ ਵਾਂਗ ਲੋਕਾਂ ਨੂੰ ਜਿਬ੍ਹਾ (ਜ਼ਖ਼ਮੀ) ਕਰਦੇ ਹਨ ਅਤੇ ਦੂਜੇ ਪੈਂਚ-ਖੜਪੈਂਚ ਤੇ ਬਾਕੀ ਦੇ ਸਾਰੇ ਕਰਮਚਾਰੀ ਕੁੱਤਿਆਂ ਵਾਂਗ ਉਨ੍ਹਾਂ ਦਾ ਬਾਕੀ ਬਚਿਆ ਖੂਨ ਤੇ ਮਾਸ ਚਟਮ ਕਰ ਜਾਂਦੇ ਹਨ। ਜਿਹੜੇ ਵੀ ਰਾਜ ਵਿਚ ਆਮ ਲੋਕਾਂ ਦੀ ਸਾਰ ਲਈ ਜਾਏਗੀ, ਉਸ ਰਾਜ ਵਿਚ ਇਨ੍ਹਾਂ ਨੱਕ-ਵੱਢ ਭਾਵ ਬੇਸ਼ਰਮ ਅਹਿਲਕਾਰ ਕੁੱਤਿਆਂ (ਅਫਸਰਸ਼ਾਹੀ) ਦਾ ਕੋਈ ਇਤਬਾਰ ਨਹੀਂ ਕਰੇਗਾ। ਇਨ੍ਹਾਂ ਦੀ ਕੋਈ ਵੁੱਕਤ ਨਹੀਂ ਹੋਵੇਗੀ। ਇਹ ਫਿਟਕਾਰੇ ਜਾਣਗੇ। ਗੁਰਮਤਿ ਅਨੁਸਾਰ ਉਹ ਰਾਜੇ, ਰਾਜੇ ਹੀ ਨਹੀਂ, ਜਿਨ੍ਹਾਂ ਦਾ ਧੰਦਾ ਧਨ-ਦੌਲਤ ਅਤੇ ਆਪਣੀ ਜ਼ਮੀਨ ਦਾ ਵਿਸਥਾਰ ਕਰਨ ਲਈ ਆਪਸ ਵਿਚ ਲੜ ਮਰਨਾ ਹੈ।
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ॥ (ਪੰਨਾ 590)
ਗੁਰਮਤਿ ਪਰਾਏ ਹੱਕ ਭਾਵ ਕਿਸੇ ਦੂਜੇ ਦੀ ਕੀਤੀ ਕਿਰਤ ਨੂੰ ਖਾਣ ਦੀ ਲਾਲਸਾ ਨੂੰ ਕਿਸੇ ਹਿੰਦੂ ਲਈ ਗਾਂ ਖਾਣ ਦੇ ਨਿਆਈਂ ਅਤੇ ਕਿਸੇ ਮੁਸਲਮਾਨ ਲਈ ਸੂਰ ਖਾਣ ਦੇ ਨਿਆਈਂ ਸਮਝਦੀ ਹੈ। ਗੁਰਮਤਿ ਅਨੁਸਾਰ ਕਿਸੇ ਮਨੁੱਖ ਦੀ ਉਸਦਾ ਗੁਰੂ-ਪੀਰ ਵੀ ਹਾਮੀ ਸਿਰਫ ਤਾਂ ਹੀ ਭਰਦਾ ਹੈ, ਜੇ ਉਹ ਮੁਰਦਾਰ ਭਾਵ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ ਸਗੋਂ ਆਪਣੀ ਕਿਰਤ-ਕਮਾਈ ਹੀ ਖਾਂਦਾ ਹੈ।
ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ 141)
ਬੇਸ਼ਕ ਅਜੋਕੀ ਦੁਨੀਆਂ ਭਰ ਦੇ ਸਾਮਰਾਜੀ ਸਮਾਜਾਂ ਦੀ ਨੀਂਹ ਬਹੁਗਿਣਤੀ ਲੋਕਾਂ ਦੇ ਪਰਾਇਆ ਹੱਕ ਖਾਣ ਉਤੇ ਟਿਕੀ ਹੋਈ ਹੈ। ਪਰਾਇਆ ਹੱਕ ਖਾਣਾ ਨਾ ਸਿਰਫ ਆਪਣਾ ਹੱਕ ਸਮਝਿਆ ਜਾਂਦਾ ਹੈ ਬਲਕਿ ਸੰਸਾਰ ਭਰ ਦੇ ਕਾਨੂੰਨ ਇਸ ਨੂੰ ਮਾਨਤਾ ਦੇਂਦੇ ਹਨ।
ਕਾਰਲ ਮਾਰਕਸ ਨੇ ਅੱਜ ਤੋਂ ਤਕਰੀਬਨ ਪੌਣੇ ਦੋ ਸੌ ਸਾਲ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਮੰਡੀ ਤੇ ਮੁਨਾਫਾ ਆਧਾਰਿਤ ਰਾਜ ਤੇ ਸਮਾਜ ਕਦੀ ਵੀ ਸੰਸਾਰ ਭਰ ਵਿਚ ਅਮਨ ਸ਼ਾਂਤੀ ਕਾਇਮ ਨਹੀਂ ਕਰ ਸਕਦੇ ਅਤੇ ਇਹ ਮਨੁੱਖਤਾ ਦੇ ਬੇਮਿਸਾਲ ਦੁੱਖਾਂ ਦਾ ਕਾਰਨ ਬਣੇ ਰਹਿਣਗੇ। ਸਮੁੱਚੀ ਦੁਨੀਆਂ ਅੱਜ ਜਿਹੜਾ ਸੰਤਾਪ ਹੰਢਾ ਰਹੀ ਹੈ, ਇਸ ਦਾ ਕਾਰਨ ਵੀ ਪਰਾਇਆ ਹੱਕ ਖਾਣ ਦੀ ਇਹੀ ਲਾਲਸਾ ਹੈ। ਮਾਰਕਸ ਨੇ ਇਹੀ ਖੋਜ ਕੀਤੀ ਸੀ ਕਿ ਪੂੰਜੀ ਮੁਰਦਾ ਕਿਰਤ ਹੈ, ਜਿਹੜੀ ਕਿਰਤੀਆਂ ਦਾ ਖੂਨ ਪੀ ਕੇ ਵਧਦੀ ਫੁਲਦੀ ਹੈ। ਮੁਨਾਫੇ ਦੇ ਰੂਪ ਵਿਚ ਕਿਰਤ ਦਾ ਇਕ ਹਿੱਸਾ ਪੂੰਜੀਪਤੀ ਹੜੱਪਦਾ ਹੈ, ਜਿਸ ਨੂੰ ਆਧਾਰ ਬਣਾ ਕੇ ਉਹ ਆਪਣਾ ਸਾਰਾ ਲੋਟੂ ਢਾਂਚਾ ਕਾਇਮ ਕਰਦਾ ਹੈ। ਇਸ ਲੋਟੂ ਢਾਂਚੇ ਨੂੰ ਕਾਇਮ ਰੱਖਣ ਲਈ ਫਿਰ ਉਹ ਕਰੋੜਾਂ ਨਹੀਂ ਬਲਕਿ ਅਰਬਾਂ-ਖਰਬਾਂ ਰੁਪਏ ਫੌਜ ਤੇ ਪੁਲਿਸੀ ਤਾਣੇਬਾਣੇ ਨੂੰ ਕਾਇਮ ਕਰਨ ਲਈ ਖਰਚਦਾ ਹੈ। ਮਾਰਕਸ ਦੇ ਵੇਲੇ ਦਾ ਪੂੰਜੀਵਾਦ ਅੱਜ ਸਾਮਰਾਜੀ ਰੂਪ ਧਾਰ ਕੇ ਸਮੁੱਚੀ ਦੁਨੀਆਂ ਦੇ ਦੁੱਖਾਂ-ਕਲੇਸ਼ਾਂ ਦਾ ਕਾਰਨ ਬਣਿਆ ਹੋਇਆ ਹੈ। ਇਹ ਰਾਜਪ੍ਰਬੰਧ ਕਦੀ ਵੀ ਮਨੁੱਖਤਾ ਦਾ ਭਲਾ ਨਹੀਂ ਕਰ ਸਕਦਾ।
ਦਿੱਲੀ ਸਰਕਾਰ ਦੀ ਸਿੱਖਾਂ ਨਾਲ ਸਿਰਫ ਇਹੀ ਦੁਸ਼ਮਣੀ ਹੈ ਕਿ ਪੰਜਾਬ ਦੀ ਸਿੱਖ ਕਿਸਾਨੀ ਆਪਣੇ ਕੁਦਰਤੀ ਸਾਧਨਾਂ ਤੇ ਆਪਣੀ ਕਿਰਤ ਦਾ ਫਲ ਆਪ ਖਾਣਾ ਚਾਹੁੰਦੀ ਹੈ ਪਰ ਦਿੱਲੀ ਸਰਕਾਰ ਇਸ ਕਿਰਤ ਦਾ ਵੱਡਾ ਹਿੱਸਾ ਟੈਕਸਾਂ ਦੇ ਰੂਪ ਵਿਚ ਹੜੱਪ ਲੈਂਦੀ ਹੈ। ਜਦੋਂ ਸਿੱਖ ਇਸ ਲੁੱਟ ਦਾ ਵਿਰੋਧ ਕਰਦੇ ਹਨ ਤਾਂ ਅਨੇਕ ਨਾਂ-ਕੁਨਾਂ ਦੇ ਕੇ ਤੇ ਖਾਲਿਸਤਾਨੀ ਕਹਿ ਕੇ ਉਨ੍ਹਾਂ ਨੂੰ ਸਰਕਾਰੀ ਜਬਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਗੁਰਮਤਿ ਦਾ ਰਾਹ ਕਿਰਤ ਕਰ ਕੇ ਉਸ ਦੇ ਇਕ ਹਿਸੇ ਨੂੰ ਵੰਡਣਾ ਹੈ :
ਘਾਲ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਕਿਰਤ ਕਰੋ ਤੇ ਵੰਡ ਛਕੋ ਦਾ ਗੁਰਮਤਿ ਸਿਧਾਂਤ ਇੱਥੋਂ ਹੀ ਰੌਸ਼ਨੀ ਲੈਂਦਾ ਹੈ। ਸਿਰਫ ਇਹੀ ਰਾਹ ਅੱਜ ਮਨੁੱਖਤਾ ਨੂੰ ਬਚਾ ਸਕਦਾ ਹੈ। ਸੰਤ ਭਿੰਡਰਾਂਵਾਲਿਆ ਦੀ ਸ਼ਹੀਦੀ ਤੋਂ ਪਹਿਲਾਂ ਆਮ ਸਿੱਖ ਖਾਲਿਸਤਾਨ ਸ਼ਬਦ ਪ੍ਰਤੀ ਏਨੇ ਸੁਚੇਤ ਨਹੀਂ ਸਨ। ਪਰ ਜੂਨ 1984 ਵਿਚ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਇਹ ਨਾਂ ਸਿੱਖ ਮਨਾਂ ਉਤੇ ਉਕਰਿਆ ਗਿਆ ਹੈ। ਬੇਸ਼ੱਕ ਸਿੱਖਾਂ ਸਮੇਤ ਹਰੇਕ ਮਨੁੱਖ ਦੇ ਮਨ ਵਿਚ ਖਾਲਿਸਤਾਨ ਦਾ ਸ਼ਬਦ ਸੁਣ ਕੇ ਇਕਦਮ ਹਿੰਦੁਸਤਾਨ ਤੇ ਪਾਕਿਸਤਾਨ ਦੀ ਤਰਜ਼ ਦੇ ਕਿਸੇ ਧਰਮ ਆਧਾਰਿਤ ਦੇਸ਼ ਦਾ ਤਸੱਵਰ ਉਭਰਦਾ ਹੈ। ਇਸ ਨੂੰ ਇਕ ਹੋਰ ਕੌਮੀ ਰਾਜ (ਨੇਸ਼ਨ ਸਟੇਟ) ਦੇ ਤੌਰ ਉਤੇ ਚਿਤਵਿਆ ਜਾਂਦਾ ਹੈ ਪਰ ਇਹ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਗੁਰੂ ਸਾਹਿਬ ਜਦੋਂ ਹਲੇਮੀ ਰਾਜ ਦੀ ਗੱਲ ਕਰਦੇ ਹਨ, ਉਦੋਂ ਹਾਲੇ ਨੇਸ਼ਨ ਸਟੇਟ ਨਾਂ ਦੇ ਸੰਕਲਪ ਦੀ ਕੋਈ ਹੋਂਦ ਹੀ ਨਹੀਂ ਸੀ। ਫਿਰ ਵੀ ਗੁਰੂ ਸਾਹਿਬ ਧਰਮ ਦੇ ਪਸਾਰ ਤੇ ਰਾਖੀ ਲਈ ਰਾਜ ਲੈਣ ਦੀ ਅਟਲ ਲੋੜ ਨੂੰ ਉਭਾਰਦੇ ਹਨ। ਰਾਜ ਬਿਨਾਂ ਨਹਿ ਧਰਮ ਚਲੈ ਹੈਂ। ਧਰਮ ਬਿਨਾਂ ਸਬ ਦਲੈ ਮਲੈ ਹੈਂ। ਪਰ ਗੁਰੂ ਸਾਹਿਬ ਜਿਹੜੇ ਧਰਮ ਆਧਾਰਿਤ ਰਾਜ ਦੀ ਗੱਲ ਕਰਦੇ ਹਨ, ਉਸ ਦੀ ਸਪੱਸ਼ਟ ਵਿਆਖਿਆ ਕਰਦੇ ਹਨ।
ਧੌਲੁ ਧਰਮੁ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ (ਪੰਨਾ 3)
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ( ਪੰਨਾ 471)
ਮਨਿ ਸੰਤੋਖੁ ਸਰਬ ਜੀਅ ਦਇਆ॥
ਇਨ ਬਿਧਿ ਬਰਤੁ ਸੰਪੂਰਨ ਭਇਆ॥ (ਪੰਨਾ 299)
ਮਨੁੱਖੀ ਧਰਮ ਦੀ ਵਿਆਖਿਆ ਕਰਦੇ ਹੋਏ ਗੁਰੂ ਸਾਹਿਬ ਆਪਣੇ ਤੋਂ ਪਹਿਲੀ ਚਲੀ ਆ ਰਹੀ ਇਸ ਧਾਰਨਾ ਦਾ ਪੂਰਨ ਰੂਪ ਵਿਚ ਖੰਡਨ ਕਰਦੇ ਹਨ ਕਿ ਇਹ ਧਰਤੀ ਕਿਸੇ ਧੌਲੇ ਬੌਲਦ ਦੇ ਸਿੰਙਾਂ ਉਤੇ ਖੜ੍ਹੀ ਹੈ। ਗੁਰੂ ਸਾਹਿਬ ਸਪੱਸ਼ਟ ਐਲਾਨ ਕਰਦੇ ਹਨ ਕਿ ਇਹ ਧਰਤੀ ਕਿਸੇ ਧੌਲੇ ਬੌਲਦ ਦੇ ਸਿੰਙਾਂ ਉਤੇ ਨਹੀਂ ਬਲਕਿ ਧਰਮ ਦੀ ਬੁਨਿਆਦ ਉਤੇ ਖੜ੍ਹੀ ਹੈ। ਧਰਮ ਜਿਹੜਾ ਦਇਆ ਦਾ ਪੁੱਤਰ ਹੈ ਅਤੇ ਜਿਸ ਨੂੰ ਸੰਤੋਖ ਨੇ ਬੰਨ੍ਹ ਕੇ ਰੱਖਿਆ ਹੋਇਆ ਹੈ। ਭਾਵ ਅਸਲੀ ਧਰਮ ਕੋਈ ਕਰਮਕਾਂਡ ਕਰਨਾ ਜਾਂ ਭੇਖ ਧਾਰਨ ਕਰਨਾ ਨਹੀਂ ਬਲਕਿ ਦਇਆ ਅਤੇ ਸੰਤੋਖ ਦੇ ਜਜ਼ਬਿਆਂ ਨੂੰ ਅਪਨਾਉਣਾ ਅਤੇ ਪਰਉਪਕਾਰੀ ਬਣ ਕੇ ਜਿ਼ੰਦਗੀ ਜਿਉਣਾ ਹੈ।
ਦਇਆ ਅਤੇ ਸੰਤੋਖ ਦੇ ਜਜ਼ਬੇ ਹੀ ਪਰਉਪਕਾਰ ਤੇ ਮਨੁੱਖੀ ਸਦਾਚਾਰ ਦਾ ਮੂਲ ਆਧਾਰ ਹਨ। ਇਤਿਹਾਸਕ ਤੌਰ ਉਤੇ ਵਿਕਸਿਤ ਹੋਈ ਸਮਾਜੀ ਚੇਤਨਾ ਅਤੇ ਸਦਾਚਾਰ ਦੀ ਪੁਸ਼ਟੀ ਕਰਦੇ ਹੋਏ ਗੁਰੂ ਸਾਹਿਬ ਇਸ ਨੂੰ ਸਰਬਸਾਂਝੀਵਾਲਤਾ ਦੀ ਭਾਵਨਾ ਤੇ ਸਰਬਤ ਦੇ ਭਲੇ ਦੇ ਸਦਾਚਾਰ ਦੀਆਂ ਬੁਲੰਦੀਆਂ ਉਤੇ ਲੈ ਕੇ ਜਾਂਦੇ ਹਨ। ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੀ ਚੇਤਨਾ ਇਸ ਦਇਆ ਅਤੇ ਸੰਤੋਖ ਦੇ ਧਰਮ ਦਾ ਵਿਹਾਰੀ ਪ੍ਰਗਟ ਰੂਪ ਹੈ। ਮਨੁੱਖ ਜਾਤੀ ਦੀ ਸਾਰੀ ਸਮਾਜੀ ਚੇਤਨਾ ਅਤੇ ਮਨੁੱਖੀ ਸਦਾਚਾਰ ਦਾ ਇਹੀ ਮੂਲ ਆਧਾਰ ਹੈ। ਸਾਮਰਾਜੀ ਖਪਤਕਾਰੀ ਤਰਜ਼ੇ ਜਿ਼ੰਦਗੀ ਨੇ ਮਨੁੱਖ ਜਾਤੀ ਦੇ ਇਹੀ ਦੋ ਜਜ਼ਬੇ ਮਾਰ ਦਿੱਤੇ ਹਨ। ਇਸੇ ਕਰਕੇ ਯੂਕਰੇਨ ਅੰਦਰ ਵੱਡੀ ਪੱਧਰ ਉਤੇ ਲੋਕਾਂ ਦੇ ਹੋ ਰਹੇ ਘਾਣ ਵਿਰੁੱਧ ਦੁਨੀਆਂ ਭਰ ਵਿਚ ਕਿਤੇ ਕੋਈ ਆਵਾਜ਼ ਨਹੀਂ ਉਠ ਰਹੀ।
ਗੁਰੂ ਸਾਹਿਬ ਰਾਜ ਦੀ ਚਰਚਾ ਕਰਦੇ ਹਨ ਪਰ ਕਿਤੇ ਨੇਸ਼ਨ ਸਟੇਟ ਦੀ ਗੱਲ ਨਹੀਂ ਕਰਦੇ। ਨੇਸ਼ਨ ਸਟੇਟ ਦਾ ਸੰਕਲਪ ਤਾਂ 19ਵੀਂ ਸਦੀ ਦੇ ਪੂੰਜੀਵਾਦੀ ਪ੍ਰਬੰਧ ਦੀ ਦੇਣ ਹੈ, ਜਿਸ ਨੇ ਪਿਛਲੀਆਂ ਦੋ ਸਦੀਆਂ ਤੋਂ ਦੁਨੀਆਂ ਭਰ ਦੇ ਲੋਕਾਂ ਨੂੰ ਬਲਦੀ ਦੇ ਬੂਥੇ ਦਿੱਤਾ ਹੋਇਆ ਹੈ। ਸੈਂਕੜੇ ਸਥਾਨਕ ਜੰਗਾਂ ਤੋਂ ਬਿਨਾਂ ਇਹ ਦੋ ਸੰਸਾਰ ਸਾਮਰਾਜੀ ਜੰਗਾਂ ਲੜ ਚੁੱਕਾ ਹੈ ਅਤੇ ਇਸੇ ਪੈਟਰਨ ਉਤੇ ਚਲਦਿਆਂ ਹੁਣ ਰੂਸੀ ਤੇ ਯੂਕਰੇਨੀ ਲੋਕ ਆਪਣੀ ਆਪਣੀ ਨੇਸ਼ਨ ਸਟੇਟ ਦੀ ਰਾਖੀ ਲਈ ਲੜਦੇ ਹੋਏ ਤੀਜੀ ਸੰਸਾਰ ਸਾਮਰਾਜੀ ਜੰਗ ਵੱਲ ਵਧ ਰਹੇ ਹਨ। ਇਸੇ ਕਰਕੇ ਬਹੁਤੇ ਸੁਹਿਰਦ ਵਿਦਵਾਨ ਨੇਸ਼ਨ ਸਟੇਟ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਮੋਦੀਕਿਆਂ ਦਾ ਭਾਰਤੀ ਰਾਸ਼ਟਰਵਾਦ ਵੀ ਇਸੇ ਨੇਸ਼ਨ ਸਟੇਟ ਦੇ ਸੰਕਲਪ ਦੀ ਦੇਣ ਹੈ, ਜਿਸ ਨੇ ਘੱਟ-ਗਿਣਤੀਆਂ ਤੇ ਦਲਿਤ-ਪਛੜੇ ਵਰਗਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ ਅਤੇ ਤਾਮਿਲ, ਮਲਿਆਲੀ, ਕੰਨੜ, ਤੇਲਗੂ, ਬੰਗਾਲੀ, ਮਰਾਠੀ, ਪੰਜਾਬੀ, ਕਸ਼ਮੀਰੀ ਵਰਗੇ ਅਮੀਰ ਸਭਿਆਚਾਰਾਂ ਨੂੰ ਘਸਿਆਰਾ ਬਣਾਇਆ ਹੋਇਆ ਹੈ।
ਗੁਰਮਤਿ ਦਾ ਨਿਰਨਾ ਹੈ
ਰਾਜੇ ਰਯਤਿ ਸਿੱਖਦਾਰ ਕੋਇ ਨ ਰਹਸੀਓ॥ …
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥ (ਪੰਨਾ ੧੪੧)
ਭਾਵ ਰਾਜੇ, ਪਰਜਾ ਤੇ ਚੌਧਰੀ ਸਾਰੇ ਨਾਸਵੰਤ ਜੀਵ ਹਨ। ਵਸਤੂਆਂ ਨਾਲ ਭਰੇ ਵੱਡੇ-ਵੱਡੇ ਹੱਟ, ਖੂਬਸੂਰਤ ਪੋਸ਼ਾਕਾਂ ਨਾਲ ਭਰੇ ਬਾਜ਼ਾਰ (ਹੁਣ ਦੀ ਭਾਸ਼ਾ ਵਿਚ ਵੱਡੇ ਵੱਡੇ ਮਾਲ) ਸਾਰੇ ਉਸ ਕਰਤਾ ਦੇ ਹੁਕਮ ਅਨੁਸਾਰ ਇਕ ਦਿਨ ਢਹਿ ਜਾਣੇ ਹਨ ਭਾਵ ਹਰੇਕ ਮਨੁੱਖ ਲਈ ਉਨ੍ਹਾਂ ਦੀ ਵਰਤੋਂ ਖਤਮ ਹੋ ਜਾਣੀ ਹੈ। ਮੂਰਖ ਮਨੁੱਖ ਸਮਝਦਾ ਹੈ ਕਿ ਇਹ ਪੱਕੇ ਬਣੇ ਘਰ ਬਾਰ ਸਾਰੇ ਮੇਰੇ ਹਨ। ਪਰ ਉਹ ਇਹ ਸੱਚ ਭੁਲਿਆ ਬੈਠਾ ਹੈ ਕਿ ਇਕ ਦਿਨ ਖ਼ਜ਼ਾਨੇ ਦੇ ਭਰੇ ਇਹ ਸਾਰੇ ਭੰਡਾਰ ਉਸ ਲਈ ਖਾਲੀ ਹੋ ਜਾਣੇ ਹਨ ਤਥਾ ਉਸ ਲਈ ਇਨ੍ਹਾਂ ਦੀ ਕੋਈ ਕੀਮਤ ਨਹੀਂ ਰਹਿਣੀ। ਅਰਬੀ ਘੋੜੇ, ਸੁੁਨਹਿਰੀ ਰੱਥ ਤੇ ਝਾਲਰਾਂ ਨਾਲ ਝੂਲਦੇ ਹਾਥੀ ਬਾਗ ਘਰ-ਬਾਰ ਦੌਲਤ ਨਿਵਾਰੀ ਪਲੰਘ ਸੰੁਦਰ ਕਾਇਨਾਤਾਂ ਨਾਲ ਸਜੇ ਤੰਬੂ ਸਭ ਇਕ ਦਿਨ ਛੱਡਣੇ ਪੈਣੇ ਹਨ। (ਗੁਰੂ) ਨਾਨਕ (ਸਾਹਿਬ) ਦੇ ਬਚਨ ਹਨ ਕਿ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਦਾਤਾਰ ਭਾਵ ‘ਰੱਬੀ ਹੋਂਦ’ ਦੀ ਸ਼ਿਨਾਖਤ ਕੁਦਰਤ ਵਿਚੋਂ ਹੁੰਦੀ ਹੈ।
ਕੋਊ ਹਰਿ ਸਮਾਨ ਨਹੀਂ ਰਾਜਾ॥
ਏ ਭੂਪਤਿ ਸਭਿ ਦਿਵਸ ਚਾਰ ਕੇ ਝੂਠੈ ਕਰਤ ਦਿਵਾਜਾ॥ (856)
ਗੁਰਮਤਿ ਅਨੁਸਾਰ ਹਰਿ ਦੇ ਬਰਾਬਰ ਹੋਰ ਕੋਈ ਰਾਜਾ ਨਹੀਂ ਅਤੇ ਇਹ ਦਿਸਦੇ ਰਾਜੇ ਧਰਤੀ ਦੇ ਧੱਕੇ ਨਾਲ ਬਣੇ ਮਾਲਕ ਹਨ। ਇਹ ਖੁ਼ਦ ਚਾਰ ਦਿਨਾਂ ਦੇ ਪ੍ਰਾਹੁਣੇ ਹਨ, ਜਿਹੜੇ ਝੂਠੇ ਕਾਰਜ ਕਰ ਰਹੇ ਹਨ।
ਹਰਿ ਜੀਉ ਕੀ ਹੈ ਸਭ ਸਿਰਕਾਰਾ॥ ਏਹੁ ਜਮੁ ਕਿਆ ਕਰੇ ਵਿਚਾਰਾ॥
ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ॥ (1054)
ਇਹ ਸਾਰੀ ਸਰਕਾਰ ਹਰਿ ਜੀਉ ਦੀ ਹੈ। ਇੱਥੇ ਹਰਿ ਜੀਉ ਦੀ ਸਰਕਾਰ ਦਾ ਕਾਨੂੰਨ ਚੱਲਦਾ ਹੈ। ਜਿਸ ਯਮਦੂਤ ਦਾ ਨਾਂ ਲੈ ਕੇ ਬ੍ਰਾਹਮਣ ਹੁਣ ਤਕ ਮਨੁੱਖ ਜਾਤੀ ਨੂੰ ਡਰਾਉਂਦਾ ਆਇਆ ਹੈ, ਉਸ ਬਾਰੇ ਗੁਰਮਤਿ ਦੀ ਧਾਰਨਾ ਹੈ ਕਿ ਇਸ ਵਿਚਾਰੇ ਯਮਦੂਤ ਦੀ ਕੀ ਔਕਾਤ ਹੈ ਕਿ ਇਹ ਹਰਿ ਜੀਉ ਦੀ ਸਰਕਾਰ ਦੇ ਹੁਕਮ (ਭਾਵ ਕੁਦਰਤੀ ਨੇਮਾਂ) ਵਿਚ ਕੋਈ ਦਖਲ ਦੇ ਸਕੇ। ਕੁਦਰਤੀ ਨੇਮਾਂ (ਹੁਕਮੁ) ਅਨੁਸਾਰ ਜੰਮਿਆ ਬੰਦਾ ਸਾਰੀ ਉਮਰ ਇਨ੍ਹਾਂ ਨੇਮਾਂ ਵਿਚ ਰਹਿ ਕੇ ਹੀ ਆਪਣਾ ਜੀਵਨ ਬਸਰ ਕਰਦਾ ਹੈ ਅਤੇ ਇੱਥੋਂ ਤਕ ਕਿ ਉਹ ਆਪਣਾ ਹਰ ਸਾਹ ਵੀ ਇਨ੍ਹਾਂ ਨੇਮਾਂ ਅਨੁਸਾਰ ਹੀ ਲੈਂਦਾ ਹੈ।
ਗੁਰਮਤਿ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਹਰਿ ਜੀਉ ਕੌਣ ਹੈ?
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥ (922)
ਭਾਵ ਆਪਣੇ ਚਾਰ-ਚੁਫੇਰੇ ਫੈਲਿਆ ਇਹ ਜਿਹੜਾ ਸੰਸਾਰ ਤੰੂ ਵੇਖ ਰਿਹਾ ਹੈਂ, ਇਹੀ ਹਰਿ ਜੀਉ ਦਾ ਪ੍ਰਗਟ ਰੂਪ ਹੈ ਅਤੇ ਇਸ ਵਿਚੋਂ ਹੀ ਹਰਿ ਜੀਉ ਨਜ਼ਰ ਆਉਂਦੇ ਹਨ।
ਗੁਰਮਤਿ ਅਨੁਸਾਰ ਅਸਲੀ ਸਰਕਾਰ ਕੁਦਰਤ ਦੇ ਕਣ-ਕਣ ਵਿਚੋਂ ਪ੍ਰਗਟ ਹੁੰਦੇ ਹਰਿ ਜੀਉ ਦੀ ਹੈ ਅਤੇ ਸਾਰੇ ਦੁਨਿਆਵੀ ਕਾਨੂੰਨ ਕੁਦਰਤੀ (ਬ੍ਰਹਿਮੰਡੀ) ਨੇਮਾਂ (ਹੁਕਮੁ) ਅਨੁਸਾਰ ਘੜੇ ਜਾਣੇ ਜ਼ਰੂਰੀ ਹਨ, ਤਾਂ ਹੀ ਇਹ ‘ਹਰਿ ਜੀਉ’ ਦੇ ਹੁਕਮ ਨੂੰ ਪ੍ਰਗਟ ਕਰਨਗੇ। ਕੁਦਰਤ ਦੇ ਕਣ-ਕਣ ਵਿਚ ਰਮਿਆ ਹੋਇਆ ਏਕੋ ਕਰਤਾ ਹੀ ਉਹ ਰੱਬੀ ਹਸਤੀ ਹੈ, ਜਿਸਦੇ ਨੇਮਾਂ (ਹੁੁਕਮੁ) ਅਨੁਸਾਰ ਜਿੰ਼ਦਗੀ ਜਿਉਣੀ ਮਨੁੱਖ ਦੀ ਹੋਣੀ ਹੈ। ਇਸ ਧਰਤੀ ਉਤੇ ਇਸ ਕਰਤਾ ਦੇ ਹੁਕਮੁ ਅਨੁਸਾਰੀ ਰਾਜ ਸਥਾਪਤ ਕਰਨਾ ਹੀ ਹਲੇਮੀ ਰਾਜ ਦੀ ਸਿਰਜਣਾ ਕਰਨਾ ਹੈ। ਯਥਾ ਦੁਨਿਆਵੀ ਕਾਨੂੰਨਾਂ ਦਾ ਕੁਦਰਤੀ ਨੇਮਾਂ ਨਾਲ ਤਾਲਮੇਲ ਬਿਠਾਉਣਾ ਹੀ ਹਲੇਮੀ ਰਾਜ ਦੀ ਸਥਾਪਨਾ ਹੈ। ਜਿਸਦਾ ਪ੍ਰਗਟ ਰੂਪ ਕੁਦਰਤ ਦੇ ਨੇਮਾਂ ਨਾਲ ਇਕਸੁਰ ਹੋ ਕੇ ਮਨੁਖੀ ਜਿ਼ੰਦਗੀ ਜਿਉਣਾ ਹੈ।
ਗੁਰਮਤਿ ਦੇ ਮੌਜੂਦਾ ਰਾਜ ਤੇ ਰਾਜਿਆਂ ਬਾਰੇ ਵਿਚਾਰ ਵੀ ਬੜੇ ਸਪੱਸ਼ਟ ਹਨ। ਗੁਰਮਤਿ ਕਿਤੇ ਵੀ ਦੁਨਿਆਵੀ ਰਾਜਿਆਂ, ਜਾਬਰ ਸਰਕਾਰੀ ਸੰਸਥਾਵਾਂ ਤੇ ਅਫਸਰਸ਼ਾਹੀ ਦੀ ਪੈਰਵਾਈ ਨਹੀਂ ਕਰਦੀ ਬਲਕਿ ਇਨ੍ਹਾਂ ਦਾ ਪੂਰੀ ਦ੍ਰਿੜ੍ਹਤਾ ਨਾਲ ਖੰਡਨ ਕਰਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਇਕ ਵਾਰ ਵੀ ਦੁਨਿਆਵੀ ਰਾਜਿਆਂ ਦੀ ਸਿਫਤ ਨਹੀਂ ਕੀਤੀ ਗਈ। ਸਗੋਂ ਇਨ੍ਹਾਂ ਨੂੰ ਪੂਰੀ ਦ੍ਰਿੜ੍ਹਤਾ ਨਾਲ ਨਕਾਰਿਆ ਗਿਆ ਹੈ। ਗੁਰਮਤਿ ਸਿਰਫ ਦੋ ਹੀ ਸੱਚੇ ਪਾਤਸ਼ਾਹਾਂ ਨੂੰ ਮੰਨਦੀ ਹੈ। ਸਭ ਤੋਂ ਪਹਿਲਾਂ ਕੁਦਰਤ ਦੇ ਕਣ-ਕਣ ਵਿਚੋਂ ਪ੍ਰਗਟ ਹੁੰਦੇ ਹਰਿ ਜੀਉ ਕਰਤਾ ਨੂੰ ਸੱਚੇ ਪਾਤਸ਼ਾਹ ਦੇ ਰੂਪ ਵਿਚ ਸਲਾਹਿਆ ਗਿਆ ਹੈ। ਸਿਰਜਣਹਾਰ, ਸਰਬਵਿਆਪਕ ਤੇ ਸਰਬਸ਼ਕਤੀਮਾਨ ਵਜੋਂ ਉਸ ਦੇ ਗੁਣ ਗਾਉਣ ਲਈ ਕਿਹਾ ਗਿਆ ਹੈ ਅਤੇ ਦੂਜਾ ਇਸ ਹਰਿ ਜੀਉ ਕਰਤਾ ਦੇ ਆਤਮਿਕ ਗਿਆਨ ਨੂੰ ਅੱਖਰੀ ਸ਼ਬਦਾਂ ਰਾਹੀਂ ਪ੍ਰਗਟ ਕਰਨ ਵਾਲੇ ਸਤਿਗੁਰੂ ਨੂੰ ਸੱਚਾ ਪਾਤਸ਼ਾਹ ਕਿਹਾ ਗਿਆ ਹੈ। ਜਿਸ ਕੋਲ ਸਬਦੁ ਗੁਰੂ ਦੇ ਆਤਮਿਕ ਗਿਆਨ ਦਾ ਅਖੁਟ ਭੰਡਾਰ ਹੈ ਅਤੇ ਜਿਹੜਾ ਇਹ ਆਤਮਿਕ ਗਿਆਨ ਬਿਨਾਂ ਕਿਸੇ ਭਿੰਨ-ਭੇਦ ਦੇ ਸਾਰਿਆਂ ਨੂੰ ਵੰਡਦਾ ਹੈ। ਇਹੀ ਆਤਮਿਕ ਗਿਆਨ ਮਨੁੱਖ ਨੂੰ ਹਰੇਕ ਤਰ੍ਹਾਂ ਦੇ ਭਰਮਾਂ-ਵਹਿਮਾਂ ਤੇ ਹਉੁਮੈ-ਤ੍ਰਿਸ਼ਨਾ ਤੋਂ ਮੁਕਤ ਕਰ ਕੇ ਉਸ ਨੂੰ ਪਰਉਪਕਾਰੀ ਬਣਨ ਲਈ ਪ੍ਰੇਰਦਾ ਹੈ। ਗੁਰਮਤਿ ਇਸੇ ਆਤਮਿਕ ਗਿਆਨ ਦੀ ਪਾਤਸ਼ਾਹੀ ਸਾਰੇ ਸੰਸਾਰ ਵਿਚ ਫੈਲਾਉਣਾ ਚਾਹੁੰਦੀ ਹੈ।
ਸਤਿਗੁਰ ਸਚਾ ਪਾਤਿਸਾਹੁ ਪਾਤਿਸਾਹਾਂ ਪਾਤਿਸਾਹ ਜੁਹਾਰੀ।
ਸਾਧਸੰਗਤ ਸਚਿ ਖੰਡ ਹੈ ਆਇ ਝਰੋਖੈ ਖੋਲੈ ਬਾਰੀ। (ਭਾਈ ਗੁਰਦਾਸ ਵਾਰ ੧੧ਵੀਂ)
ਸਿੱਖਾਂ ਦੀ ਭਗਤ ਮਾਲਾ ਵਿਚ ਇਨ੍ਹਾਂ ਤੁਕਾਂ ਦੀ ਵਿਆਖਿਆ ਕੀਤੀ ਗਈ ਹੈ : ‘ਔਰ ਜਿਤਨੇ ਬਾਦਸ਼ਾਹ ਹੈਨ ਝੂਠਾ ਧਨੁ ਸੰਚ ਕੇ ਫੇਰ ਛੋਡਿ ਜਾਂਦੇ ਹੈਨ। ਪਰ ਸਤਿਗੁਰ ਜੋ ਹੈਨਿ ਸੋ ਸਚੇ ਪਾਤਿਸਾਹਿ ਹੈਨ। ਜਿਹਨਾ ਦੇ ਪਾਸ ਨਾਮ ਦਾ ਅਰ ਗਿਆਨ ਦਾ ਸਚਾ ਧਨ ਹੈ। ਜੋ ਓਹਨਾਂ ਦੀ ਸੇਵਾ ਕਰਦੇ ਹੈਨਿ, ਤਿਨਾ ਨੂੰ ਸਚਾ ਧਨੁ ਦੇ ਕੇ ਉਹਨਾਂ ਦਾ ਜਨਮ ਮਰਨ ਕਟ ਦੇਂਦੇ ਹੈਨਿ। ਇਸ ਤੇ ਸਤਿਗੁਰ ਸਚੇ ਪਾਤਸਾਹਿ ਹੈਨਿ।’
ਗੁਰਮਤਿ ਨੇ ਪਹਿਲੀ ਵਾਰ ਨਾਸਵੰਤ ਦੇਹ ਨੂੰ ਗੁਰੂ ਮੰਨਣ ਦੀ ਬਜਾਏ ਸਤਿਗੁਰੂ ਵਲੋਂ ਸ਼ਬਦ ਭਾਵ ਭਾਸ਼ਾਈ ਅੱਖਰਾਂ ਰਾਹੀਂ ਪ੍ਰਗਟ ਕੀਤੇ ਆਤਮਿਕ ਗਿਆਨ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਅਤੇ ਇਸ ਨੂੰ ਮੰਨਣ ਦੀ ਤਾਕੀਦ ਕੀਤੀ ਹੈ।
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943)
ਯਥਾ ਸ਼ਬਦ ਰਾਹੀਂ ਪ੍ਰਗਟ ਹੋਇਆ ਆਤਮਿਕ ਗਿਆਨ ਗੁਰੂ ਹੈ ਅਤੇ ਮਨੁੱਖੀ ਸੁਰਤ ਭਾਵ ਮਨ ਇਸ ਗਿਆਨ ਦਾ ਚੇਲਾ ਭਾਵ ਧਾਰਕ ਹੈ। ਇਸ ਤਾਕੀਦ ਦੀ ਸਿਖਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਪੰਥ ਨੂੰ ਦਿਤੱਾ ਗਿਆ ਇਹ ਆਦੇਸ਼ ਹੈ :
ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਭਾਵ ਹੁਣ ਤੋਂ ਬਾਅਦ ਕੋਈ ਮਨੁੱਖ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦਾ ਆਤਮਿਕ ਗਿਆਨ ਹੀ ਸਿੱਖਾਂ ਦਾ ਗੁਰੂ ਹੈ ਅਤੇ ਹਰੇਕ ਖੇਤਰ ਵਿਚ ਇਹ ਆਤਮਿਕ ਗਿਆਨ ਹੀ ਪੰਥ ਦੀ ਅਗਵਾਈ ਕਰੇਗਾ।
ਗੁਰਮਤਿ ਨੇ ਬੜੇ ਜ਼ੋਰਦਾਰ ਅਤੇ ਮਨੋਵਿਗਿਆਨਕ ਢੰਗ ਨਾਲ ਇਸ ਧਰਤੀ ਉਤਲੇ ਸਾਰੇ ਰਾਜਿਆਂ ਨੂੰ ਨਾ ਸਿਰਫ ਨਕਾਰ ਦਿੱਤਾ ਹੈ ਬਲਕਿ ਆਮ ਲੋਕਾਂ ਦੇ ਮਨਾਂ ਵਿਚ ਇਨ੍ਹਾਂ ਦੇ ਸਰਬਸ਼ਕਤੀਮਾਨ ਹੋਣ ਦੇ ਬਣੇ ਭਰਮ ਨੂੰ ਵੀ ਸਦਾ-ਸਦਾ ਲਈ ਖਤਮ ਕਰ ਦਿੱਤਾ ਹੈ। ਗੁਰਮਤਿ ਵਿਚ ਰਾਜ ਦਾ ਸੰਕਲਪ ਅਤੇ ਕੁਦਰਤੀ ਨੇਮਾਂ ਨਾਲ ਰਾਜਨੀਤੀ ਦਾ ਰਿਸ਼ਤਾ ਵੀ ਬੜਾ ਸਪੱਸ਼ਟ ਹੈ। ਗੁਰਮਤਿ ਇਸ ਮਤਿ ਦੀ ਧਾਰਨੀ ਹੈ ਕਿ ਰਾਜ ਕਰਨ ਦੀ ਜ਼ਿੰਮੇਵਾਰੀ ਸਿਰਫ ਉਸ ਮਨੁੱਖ ਨੂੰ ਓਟਣੀ ਚਾਹੀਦੀ ਹੈ, ਜਿਹੜਾ ਇਸ ਦੇ ਲਾਇਕ ਹੋਵੇ। ਗੁਰਮਤਿ ਕੁਦਰਤੀ ਸੋਮਿਆਂ ਉਤੇ ਕਬਜ਼ਾ ਕਰੀ ਬੈਠੇ ਅਖੌਤੀ ਰਾਜਿਆਂ ਨੂੰ ਰਾਜੇ ਹੀ ਨਹੀਂ ਮੰਨਦੀ, ਜਿਹੜੇ ਕੁਦਰਤੀ ਨੇਮਾਂ ਦੀ ਬਜਾਇ ਮਨ-ਕਲਪਿਤ ਕਾਨੂੰਨਾਂ ਨੂੰ ਮੰਨਣ ਵਾਲੇ ਹਨ ਤੇ ਜਿਨ੍ਹਾਂ ਨੂੰ ਮੰਨਣ ਨਾਲ ਚਾਰਚੁਫੇਰੇ ਦੁਖ ਫੈਲਿਆ ਹੋਇਆ ਹੈ।
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੋਈ॥
ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ॥ (ਪੰਨਾ 1088)
ਤਖਤਿ ਬਹੈ ਤਖਤੈ ਕੀ ਲਾਇਕ॥
ਪੰਚ ਸਮਾਏ ਗੁਰਮਤਿ ਪਾਇਕ॥ (ਪੰਨਾ 1039)
ਗੁਰਮਤਿ ਅਨੁਸਾਰ ਰਾਜ ਕਰਨ ਦਾ ਹੱਕਦਾਰ ਸਿਰਫ ਉਹ ਮਨੁੱਖ ਹੈ, ਜਿਸ ਨੇ ਆਪਣਾ ਆਤਮਿਕ ਅਤੇ ਮਾਨਸਿਕ ਵਿਕਾਸ ਕਰ ਕੇ ਆਪਣੇ ਜਜ਼ਬਿਆਂ ਨੂੰ ਸਵੈਕਾਬੂ ਵਿਚ ਕੀਤਾ ਹੋਇਆ ਹੈ। ਜਿਹੜਾ ਆਪਣੀ ਨਾਸਵੰਤ ਹੋਂਦ ਪ੍ਰਤੀ ਸੁਚੇਤ ਹੈ। ਜਿਸ ਨੇ ਸਦੀਵੀ ਸਚ ਭਾਵ ਕੁਦਰਤੀ ਨੇਮਾਂ ਨੂੰ ਬੁੱਝ ਲਿਆ ਹੈ ਅਤੇ ਫਿਰ ਇਸ ਸੱਚ ਦੀ ਰੋਸ਼ਨੀ ਵਿਚ ਹੀ ਸਾਰੇ ਫੈਸਲੇ ਪੰਚਾਇਤੀ ਰੂਪ ਵਿਚ ਲੈਂਦਾ ਹੈ। ਗੁਰਮਤਿ ਨੇ ਦੁਨਿਆਵੀ ਰਾਜਿਆਂ ਦੇ ਤਖਤਾਂ ਨੂੰ ਨਕਾਰ ਕੇ ਮਨੁੱਖ ਦੀ ਚੇਤਨਾ ਵਿਚ ਸਰਬਸ਼ਕਤੀਮਾਨ ਸਰਬਵਿਆਪੀ ਕੁਦਰਤ ਦੇ ਤਖਤ ਨੂੰ ਸਾਕਾਰ ਕੀਤਾ ਹੈ, ਜਿਹੜਾ ਤਖਤ ਹਰ ਮਸਲੇ ਦਾ ਨਿਬੇੜਾ ਸੱਚ ਭਾਵ ਅਟਲ ਕੁਦਰਤੀ ਨੇਮਾਂ ਦੇ ਆਧਾਰ ਉਤੇ ਕਰਦਾ ਹੈ। ਕੁਦਰਤਿ ਤਖਤੁ ਰਚਾਇਆ ਸਚਿ ਨਬੇੜਣਹਾਰੋ॥ (ਪੰਨਾ 580)
ਏਂਗਲਜ਼ ਦਾ ਕਥਨ ਹੈ, ‘‘ਕਮਿਊਨਿਜ਼ਮ ਸਿਰਫ਼ ਮਜ਼ਦੂਰ ਜਮਾਤ ਦੇ ਪਾਰਟੀ ਨੇਮ ਹੀ ਨਹੀਂ ਹਨ ਸਗੋਂ ਇਕ ਸਿਧਾਂਤ ਹੈ ਜਿਸ ਦਾ ਮੰਤਵ ਪੂੰਜੀਪਤੀ ਵਰਗ ਸਮੇਤ ਮੌਜੂਦਾ ਜ਼ਿੰਦਗੀ ਦੇ ਸੌੜੇਪਣ ਤੋਂ ਸਮੁੱਚੇ ਸਮਾਜ ਦੀ ਮੁਕਤੀ ਹੈ।’’
ਇਸ ਮੁਕਤੀ ਬਾਰੇ ਮਾਰਕਸ ਦਾ ਕਥਨ ਵੀ ਬੜਾ ਸਪੱਸ਼ਟ ਹੈ, ‘‘ਅਸਲ ਵਿਚ ਮਨੁੱਖੀ ਮੁਕਤੀ ਸਿਰਫ ਉਦੋਂ ਹੀ ਹਕੀਕੀ ਅਰਥ ਗ੍ਰਹਿਣ ਕਰਦੀ ਹੈ, ਜਦੋਂ ਮਨੁੱਖੀ ਕਿਰਤ ਦਾ ਫੈਸਲਾ ਮਨੁੱਖੀ ਲੋੜਾਂ ਤੇ ਦੁਨਿਆਵੀ ਥੁੜਾਂ ਨਹੀਂ ਕਰਦੀਆਂ ਤੇ ਇਸ ਤਰ੍ਹਾਂ ਸਾਰੀਆਂ ਵਸਤੂਆਂ ਦਾ ਖਾਸਾ ਜਿਣਸੀ (ਵਿਕਾਊ) ਪੈਦਾਵਾਰ ਦੇ ਘੇਰੇ ਵਿਚੋਂ ਬਾਹਰ ਨਿਕਲ ਜਾਂਦਾ ਹੈ। ਜਿਵੇਂ ਬਾਕੀ ਪਸੂ਼ ਤੇ ਜੀਵ ਜਗਤ ਆਪਣੀਆਂ ਲੋੜਾਂ ਦੀ ਪੂਰਤੀ ਲਈ ਸਿੱਧਾ ਕੁਦਰਤ ਉਤੇ ਨਿਰਭਰ ਕਰਦੇ ਹਨ, ਇਸੇ ਤਰ੍ਹਾਂ ਹੀ ਸਭਿਅਕ ਮਨੁੱਖ ਸਗਲ ਸਮਾਜੀ ਤਾਣੇ ਬਾਣੇ ਤੇ ਪੈਦਾਵਾਰ ਦੇ ਸਾਰੇ ਸੰਭਵ ਢੰਗਾਂ ਸਮੇਤ ਸਿੱਧਾ ਕੁਦਰਤੀ ਨੇਮਾਂ ਦੇ ਅਧੀਨ ਵਿਚਰਦਾ ਹੈ।’’ (ਗੁਰਬਚਨ ਸਿੰਘ,