ਗੁਰੂ ਨਾਨਕ ਪ੍ਰਕਾਸ਼-ਪੁਰਬ: ਕੱਤਕ ਕਿ ਵਿਸਾਖ ਕਿ ਦੋਵੇਂ?

ਡਾ: ਆਸਾ ਸਿੰਘ ਘੁੰਮਣ, (ਕਪੂਰਥਲਾ)
ਫੋਨ: 97798 53245
ਅਸਲੀਅਤ ਵਿਚ ‘ਕੱਤਕ ਕਿ ਵਿਸਾਖ?’ ਜਾਂ ‘ਵਸਾਖ ਕਿ ਕੱਤਕ?’ ਦਾ ਵਿਵਾਦ ਨਿਰਮੂਲ਼ ਹੈ। ਦੋਵੇਂ ਹੀ ਦਿਹਾੜੇ ਗੁਰੂ ਜੀ ਦੇ ਜੀਵਨ-ਇਤਿਹਾਸ ਵਿਚ ਬਹੁਤ ਮਹੱਤਵਪੂਰਨ ਹਨ। ਵਿਸਾਖ ਸੁਦੀ ਤਿੰਨ ਵੀ ਅਤੇ ਕੱਤਕ ਪੂਰਨਮਾਸ਼ੀ ਵੀ। ਵਿਸਾਖ ਸੁਦੀ ਤਿੰਨ ਉਨ੍ਹਾਂ ਦਾ ਜਨਮ-ਦਿਹਾੜਾ ਹੈ ਅਤੇ ਕੱਤਕ ਪੂਰਨਮਾਸ਼ੀ ਨੂੰ ਉਨ੍ਹਾਂ ਦਾ ਪ੍ਰਭ-ਮਿਲਨ ਦਿਹਾੜਾ ਜਾਂ ‘ਗੁਰਪਰਮੇਸਰ’ ਪ੍ਰਾਪਤੀ ਦਾ ਦਿਹਾੜਾ ਹੈ ਜਾਂ ਪਵਿੱਤਰ-ਵੇਈਂ ਦੇ ਪਾਣੀਆਂ ‘ਚੋਂ ਪੁਨਰ-ਜਨਮ ਦਾ ਦਿਹਾੜਾ ਕਿਹਾ ਜਾ ਸਕਦਾ ਹੈ।

ਸਿੱਖ ਜਗਤ ਨੇ ਭਾਵੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਤਕ-ਪੂਰਨਮਾਸ਼ੀ ਨੂੰ ਮਨਾਉਣ ਦੀ ਪਰੰਪਰਾ ਪੂਰੀ ਤਰ੍ਹਾਂ ਸਥਾਪਤ ਕਰ ਲਈ ਹੈ ਪਰ ਵਿਦਵਾਨਾਂ, ਇਤਿਹਾਸਕਾਰਾਂ ਅਤੇ ਤਾਰੀਖ਼ਦਾਨਾਂ ਵਿਚ ਇਹ ਅੱਜ ਵੀ ਵਿਵਾਦ ਦਾ ਵਿਸ਼ਾ ਹੈ ਕਿ ਗੁਰੂ ਜੀ ਦਾ ਜਨਮ-ਦਿਹਾੜਾ ਕੱਤਕ-ਪੂਰਨਮਾਸ਼ੀ ਹੈ ਕਿ ਵਿਸਾਖ ਸੁਦੀ ਤਿੰਨ। ਬਹੁਮੱਤ ਵਿਸਾਖ ਸੁਦੀ ਤਿੰਨ ਦੇ ਹੱਕ ਵਿਚ ਹੈ, ਜਦੋਂਕਿ ਜਨਮ ਦੇ ਸਾਲ ਬਾਰੇ ਕੋਈ ਮਤਭੇਦ ਨਹੀਂ। ਬਾਲੇ ਵਾਲੀ ਜਨਮ-ਸਾਖੀ ਤੋਂ ਬਿਨਾਂ ਬਾਕੀ ਸਭ ਜਨਮ-ਸਾਖੀਆਂ ਮੰਨਦੀਆਂ ਹਨ ਕਿ ਗੁਰੂ ਜੀ ਦਾ ਜਨਮ-ਦਿਹਾੜਾ ਵਿਸਾਖ ਸੁਦੀ ਤਿੰਨ 1526 ਅਥਵਾ 15 ਅਪਰੈਲ, 1469 ਸੀ। ਕੇਵਲ ਭਾਈ ਬਾਲੇ ਵਾਲੀ ਜਨਮ ਸਾਖੀ ਦਾਅਵਾ ਕਰਦੀ ਹੈ ਕਿ ਗੁਰੂ ਜੀ ਦਾ ਪ੍ਰਕਾਸ਼-ਦਿਹਾੜਾ ਕੱਤਕ ਪੂਰਨਮਾਸ਼ੀ ਸੀ।
ਸਿੱਖ-ਸੰਗਤਾਂ ਵਿਚ ਭਾਈ ਬਾਲੇ ਵਾਲੀ ਜਨਮ-ਸਾਖੀ ਲੋੜੋਂ ਵੱਧ ਪ੍ਰਸਿੱਧ ਰਹੀ ਹੈ। ਇਸਦੇ ਇੱਕ ਤੋਂ ਵੱਧ ਕਾਰਨ ਹਨ। ਸਿੱਖ ਜਗਤ ਵਿਚ ਇਹ ਧਾਰਨਾ ਚਲੀ ਆਈ ਹੈ ਕਿ ਇਹ ਜਨਮ ਸਾਖੀ ਸਭ ਤੋਂ ਵੱਧ ਪੁਰਾਣੀ ਅਤੇ ਭਰੋਸੇਯੋਗ ਹੈ ਕਿਉਂਕਿ ਇਹ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਭਾਈ ਬਾਲੇ ਰਾਹੀਂ ਪੈੜੇ ਮੋਖੇ ਸੁਲਤਾਨਪੁਰੀਏ ਤੋਂ ਲਿਖਵਾਈ ਸੀ। ਭਾਈ ਬਾਲਾ ਇਹ ਜਨਮ-ਸਾਖੀ ਇੰਝ ਲਿਖਵਾਂਦਾ ਹੈ ਜਿਵੇਂ ਉਹ ਹਰ ਸਮੇਂ ਗੁਰੂ ਜੀ ਦੇ ਨਾਲ ਸੀ ਅਤੇ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੁੰਦਾ ਹੈ। ਇਸ ਦੀ ਭਾਸ਼ਾ ਆਧੁਨਿਕ ਅਤੇ ਰੌਚਿਕ ਹੋਣ ਕਰਕੇ ਅਤੇ ਸਾਖੀਆਂ ਲੋਕ-ਮਾਨਸਿਕਤਾ ਦੇ ਨੇੜੇ ਹੋਣ ਕਰਕੇ ਇਹ ਸਿੱਖ-ਜਗਤ ਵਿਚ ਖੂਬ ਪ੍ਰਵਾਨ ਚੜੀ ਅਤੇ ਪ੍ਰਸਿੱਧ ਹੋਈ। ਇਸ ਦੀ ਕਥਾ ਸ਼ਾਮ ਨੂੰ ਗੁਰਦੁਆਰਿਆਂ ਵਿਚ ਕੀਤੀ ਜਾਂਦੀ ਸੀ, ਜਿਸਨੂੰ ਖਾਸ ਤੌਰ ‘ਤੇ ਔਰਤਾਂ ਅਤੇ ਬੱਚੇ ਵੱਧ ਦਿਲਚਸਪੀ ਨਾਲ ਸੁਣਦੇ ਸਨ। ਬਾਅਦ ਵਿਚ 1820-21 ਦੇ ਕਰੀਬ ਮਹਾਂ-ਕਵੀ ਭਾਈ ਸੰਤੋਖ ਸਿੰਘ ਨੇ ‘ਨਾਨਕ-ਪ੍ਰਕਾਸ਼’ ਵੀ ਭਾਈ ਬਾਲੇ ਵਾਲੀ ਜਨਮ-ਸਾਖੀ ਨੂੰ ਅਧਾਰ ਬਣਾ ਕੇ ਲਿਖਿਆ, ਜੋ ਸਿੱਖ ਸੰਗਤਾਂ ਵਿਚ ਬਹੁਤ ਮਕਬੂਲ ਹੋਇਆ। ਇਸ ਵਿਚ ਵੀ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ-ਪੂਰਨਮਾਸ਼ੀ ਹੀ ਲਿਖਿਆ ਮਿਲਦਾ ਹੈ:
ਉਰਜ ਮਾਸ ਕੀ ਪੂਰਨਮਾਸ਼ੀ। ਬਿੰਸਤ ਸਪਤ ਨਿਛੱਤ੍ਰ ਸੁਰਾਸੀ।
ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਭਾਈ ਗੁਰਦਾਸ ਜੀ ਵੱਲੋਂ ਕੱਤਕ ਪੂਰਨਮਾਸ਼ੀ ਬਾਰੇ ਲਿਖਿਆ ਕਬਿੱਤ ਵੀ ਇਹੀ ਦਰਸਾਂਦਾ ਹੈ ਕਿ ਗੁਰੂ ਜੀ ਦਾ ਅਵਤਾਰ-ਪੁਰਬ ਕੱਤਕ-ਪੂਰਨਮਾਸ਼ੀ ਹੀ ਸੀ:
ਕਾਰਤਕ ਮਾਸ ਰੁਤਿ ਸਰਦ ਪੂਰਨਮਾਸ਼ੀ
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ
ਅਉਸਰ ਅਭੀਚ ਬਹੁ ਨਾਇਕ ਕੀ ਨਾਇਕ ਹੋਇ
ਰੂਪ ਗੁਣ ਜੋਬਨ ਸਿੰਗਾਰ ਅਧਿਕਾਰੀ ਹੈ
ਚਾਤਰ ਚਤੁਰ ਪਾਠ ਸੇਵਕ ਸਹੇਲੀ ਸਾਠ
ਸੰਪਦਾ ਸਮੱਗਰੀ ਸੁਖ ਸਹਿਜ ਸਚਾਰੀ ਹੈ
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ
ਜੀਵਨ ਜਨਮ ਧਨ ਪ੍ਰੀਤਮ ਪਿਆਰੀ ਹੈ (345)
ਪਰ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਬਾਰੇ ਲਿਖੀ ਪਹਿਲੀ ਵਾਰ ਵਿਚ ਉਹ ਕੱਤਕ ਪੂਰਨਮਾਸ਼ੀ ਦਾ ਕੋਈ ਜ਼ਿਕਰ ਨਹੀਂ ਕਰਦੇ ਸਗੋਂ ਵਿਸਾਖੀ ਦਾ ਜ਼ਿਕਰ ਕਰਦੇ ਹਨ:
ਘਰਿ ਘਰਿ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ॥ ਵਿਸੋਆ ਦਾ ਅਰਥ ਹੈ ਵਿਸਾਖੀ।
ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਕਾਰਤਿਕ ਵਾਲਾ ਕਬਿੱਤ ਗੁਰੂ ਜੀ ਦੇ ਪ੍ਰਭੂ-ਮਿਲਾਪ ਨੂੰ ਵਰਨਣ ਕਰਦਾ ਹੈ ਜਦੋਂਕਿ ‘ਹੋਵੈ ਕੀਰਤਨ ਸਦਾ ਵਿਸੋਆ’ ਉਨ੍ਹਾਂ ਦੇ ਸੰਸਾਰ ‘ਤੇ ਸਰੀਰਕ ਆਗਮਾਨ ਬਾਰੇ ਹੈ। ਡਾ: ਕਿਰਪਾਲ ਸਿੰਘ ਅਨੁਸਾਰ, ‘ਭਾਈ ਗੁਰਦਾਸ ਜੀ ਨੇ ਪ੍ਰਭੂ-ਮਿਲਾਪ ਦੀ ਦ੍ਰਿਸ਼ਟੀ ਤੋਂ ਇਹ ਕਬਿੱਤ ਲਿਖਿਆ ਹੈ। ਇਸ ਵਿਚ ਗੁਰੂ ਨਾਨਕ ਦੇ ਜਨਮ ਦਾ ਕੋਈ ਕਥਨ ਨਹੀਂ ਹੈ’।
ਸਿੰਘ ਸਭਾ ਲਹਿਰ ਸਮੇਂ ‘ਪੁਰਾਤਨ ਜਨਮ-ਸਾਖੀ’ ਅਥਵਾ ‘ਵਲਾਇਤ ਵਾਲੀ ਜਨਮ-ਸਾਖੀ’ ਦਾ ਬਹੁਤ ਪ੍ਰਚਾਰ ਹੋਇਆ ਅਤੇ ‘ਕੱਤਕ ਕਿ ਵਿਸਾਖ’ ਵਾਲਾ ਵਿਸ਼ਾ ਖੂਬ ਭਖਣ ਲੱਗਾ। ਕਰਮ ਸਿੰਘ ਹਿਸਟੋਰੀਅਨ ਨੇ ਇਸ ਵਿਸ਼ੇ ‘ਤੇ ਪੂਰੀ ਪੁਸਤਕ ਲਿਖ ਮਾਰੀ ਅਤੇ ਭਾਈ ਬਾਲੇ ਵਾਲੀ ਜਨਮ-ਸਾਖੀ ਨੂੰ ਮੂਲੋਂ ਨਕਾਰ ਦਿੱਤਾ। ਉਨ੍ਹਾਂ ਅਨੁਸਾਰ ਭਾਈ ਬਾਲਾ ‘ਕਪੋਲ ਕਲਪਿਤ ਵਸਤੂ’ ਹੈ, ਜਿਸਦਾ ਜ਼ਿਕਰ ਨਾਂ ਤਾਂ ਦੂਜੀਆਂ ਜਨਮ-ਸਾਖੀਆਂ ਵਿਚ ਮਿਲਦਾ ਹੈ ਅਤੇ ਨਾਂ ਹੀ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚ ਭਾਈ ਬਾਲੇ ਦਾ ਜ਼ਿਕਰ ਕਰਦੇ ਹਨ। ਕਰਮ ਸਿੰਘ ਦੀ ਇਹ ਦਲੀਲ ਵੀ ਸਹੀ ਲੱਗਦੀ ਹੈ ਕਿ ਜੇ ਗੁਰੂ ਅੰਗਦ ਦੇਵ ਜੀ ਨੇ ਅਜਿਹੀ ਜਨਮ-ਸਾਖੀ ਲਿਖਵਾਈ ਹੁੰਦੀ ਤਾਂ ਆਉਣ ਵਾਲੇ ਸਾਰੇ ਗੁਰੂਆਂ ਨੇ ਇਸ ਨੂੰ ਸਤਿਕਾਰ ਸਹਿਤ ਸੰਭਾਲ ਲੈਣਾ ਸੀ। ਪਰ ਭਾਈ ਗੁਰਦਾਸ ਦਾ ਭਾਈ ਬਾਲੇ ਤੋਂ ਅਨਜਾਣ ਹੋਣਾ, ਮੋਹਸਨ ਫਾਨੀ ਦਾ ਅਜਿਹੀ ਜਨਮ-ਸਾਖੀ ਤੋਂ ਨਾ-ਵਾਕਿਫ ਹੋਣਾ, ਸਿੱਖਾਂ ਦਾ ਭਾਈ ਮਨੀ ਸਿੰਘ ਹੁਰਾਂ ਨੂੰ ਨਵੀਂ ਜਨਮ-ਸਾਖੀ ਲਿਖਣ ਲਈ ਕਹਿਣਾ, ਭਲੀ-ਭਾਂਤ ਸਾਬਤ ਕਰਦਾ ਹੈ ਕਿ ਭਾਈ ਬਾਲੇ ਵਾਲੀ ਜਨਮ-ਸਾਖੀ ਕਾਫੀ ਬਾਅਦ ਵਿਚ ਲਿਖੀ ਗਈ। ਅਸਲ ਵਿਚ ਇਹ ਜਨਮ-ਸਾਖੀ ਹਿੰਦਾਲੀਆਂ ਵੱਲੋਂ ਬਾਬਾ ਹਿੰਦਾਲ ਨੂੰ ਬਾਬਾ ਨਾਨਕ ਤੋਂ ਉਪਰ ਸਾਬਤ ਕਰਨ ਲਈ ਲਿਖਵਾਈ ਗਈ ਸੀ। ਹਾਲਾਂਕਿ ਕਰਮ ਸਿੰਘ ਦੀ ਇਕੋ-ਇੱਕ ਇਹ ਦਲੀਲ ਕਿ ਭਾਈ ਬਾਲੇ ਵਾਲੀ ਜਨਮ-ਸਾਖੀ ਵਿਚ ਗੁਰੂ ਜੀ ਦਾ ਜਨਮ-ਦਿਹਾੜਾ ਕੱਤਕ-ਪੂਰਨਮਾਸ਼ੀ ਇਸ ਲਈ ਲਿਖਿਆ ਗਿਆ ਹੈ ਕਿਉਂਕਿ ਕੱਤਕ ਦੀ ਕਨੇਤ ਹੁੰਦੀ ਹੈ ਅਤੇ ਕੱਤਕ ਦਾ ਜੰਮਿਆ ਨਹਿਸ਼ ਹੁੰਦਾ ਹੈ, ਬੜੀ ਕਮਜ਼ੋਰ ਦਲੀਲ ਲੱਗਦੀ ਹੈ।
ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵਿਸਾਖ’ ਦਾ ਜੁਆਬ-ਦਾਅਵਾ ਗਿਆਨੀ ਈਸ਼ਰ ਸਿੰਘ ਨਾਰਾ ਨੇ 1970 ਵਿਚ ‘ਵਸਾਖ ਨਹੀਂ ਕੱਤਕ: ਗੁਰੂ ਨਾਨਕ ਅਵਤਾਰ’ ਪੁਸਤਕ ਲਿਖ ਕੇ ਦਿੱਤਾ, ਜਿਸ ਵਿਚ ਲੇਖਕ ਦਾ ਸਾਰਾ ਜ਼ੋਰ ‘ਪੁਰਾਤਨ ਜਨਮ ਸਾਖੀ’(ਵਲਾਇਤਵਾਲੀ/ਹਫਜ਼ਾਬਾਦ ਵਾਲੀ/ਮਕਾਲਿਫ ਵਾਲੀ ਜਨਮ-ਸਾਖੀ) ਨੂੰ ਝੁਠਲਾਉਣ ‘ਤੇ ਲੱਗਦਾ ਹੈ। ਕੱਤਕ ਪੂਰਨਮਾਸ਼ੀ ਦਾ ਪ੍ਰਕਾਸ਼-ਦਿਹਾੜਾ ਸਾਬਤ ਕਰਨ ਲਈ ਨਾਰਾ ਜੀ ਭਾਈ ਗੁਰਦਾਸ ਦੇ ਕਬਿੱਤ 343 ਤੋਂ 348 ‘ਤੇ ਸਾਰੀ ਟੇਕ ਲਾਉਂਦੇ ਹਨ। ਉਨ੍ਹਾਂ ਅਨੁਸਾਰ ‘ ਆਜ ਤੇਰੀ ਬਾਰੀ ਹੈ’ ਤੋਂ ਭਾਵ ਹੈ ਕਿ ਜਿਵੇਂ ਭਾਦਰੋਂ ਵਿਚ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਪ੍ਰਗਟ-ਦਿਹਾੜਾ ਸੀ, ਉਸੇ ਤਰ੍ਹਾਂ ਕੱਤਕ ਵਿਚ ਹੁਣ ਗੁਰੂ ਨਾਨਕ ਦੇਵ ਜੀ ਦੀ ਵਾਰੀ ਹੈ।
ਭਾਈ ਨਾਰਾ ਜੀ ਅਨੁਸਾਰ ਸਭ ਤੋਂ ਪੁਰਾਤਨ ਭਾਈ ਮਿਹਰਬਾਨ ਵਾਲੀ ਜਨਮ-ਸਾਖੀ ਮੰਨੀ ਜਾ ਸਕਦੀ ਹੈ। ਭਾਈ ਮਿਹਰਬਾਨ ਕਿਉਂਕਿ ਮੀਨਿਆਂ ਵਿਚੋਂ ਸੀ, ਉਸਨੇ ਗੁਰੂ ਨਾਨਕ ਜੀ ਦਾ ਜਨਮ-ਦਿਹਾੜਾ ਆਪਣੇ ਪਿਤਾ ਪ੍ਰਿਥੀ ਚੰਦ ਵਾਲਾ ਲਿਖ ਦਿੱਤਾ ਤਾਂ ਕਿ ਆਉਣ ਵਾਲੀਆਂ ਪੀੜੀਆਂ ਗੁਰੂ ਨਾਨਕ ਦੇਵ ਜੀ ਦੇ ਭੁਲੇਖੇ ਉਸਦੇ ਪਿਤਾ ਦਾ ਜਨਮ-ਦਿਹਾੜਾ ਮਨਾਉਂਦੀਆਂ ਰਹਿਣ। ਨਾਰਾ ਜੀ ਦੀ ਇਹ ਦਲੀਲ ਤਰਕ-ਸੰਗਤ ਨਹੀਂ, ਸਗੋਂ ਇੱਕ ਅੰਦਾਜ਼ਾ ਜਿਹਾ ਲੱਗਦਾ ਹੈ।
ਹੁਣ ਤੱਕ ਦੇ ਵਿਚਾਰ ਵਟਾਂਦਰੇ ਤੋਂ ਜ਼ਾਹਰ ਹੈ ਕਿ ਕੁਝ ਇਤਿਹਾਸਕਾਰ ਵਿਸਾਖ ਸੁਦੀ ਤਿੰਨ ਦੇ ਹੱਕ ਵਿਚ ਦਲੀਲਾਂ ਦੇਂਦੇ ਹਨ, ਜਦੋਂਕਿ ਕੁਝ ਕੱਤਕ-ਪੂਰਨਮਾਸ਼ੀ ਦੇ ਹੱਕ ਵਿਚ। ਸਭ ਤੋਂ ਨੇੜਲੇ ਅਤੇ ਵਿਸ਼ਵਾਸਯੋਗ ਸ੍ਰੋਤ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਤੋਂ ਵੀ ਇਹੀ ਜ਼ਾਹਰ ਹੈ। ਜਨਮ-ਸਾਖੀ ਦੇ ਲੇਖਕਾਂ ਬਾਰੇ ਸਾਨੂੰ ਕੁਝ ਨਹੀਂ ਪਤਾ, ਪਰ ਇਹ ਨਿਸ਼ਚਿਤ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਉਹ ਗੁਰੂ-ਘਰ ਦੇ ਨਜ਼ਦੀਕੀ ਸਨ ਅਤੇ ਉਨ੍ਹਾਂ ਇਹ ਜਨਮ-ਸਾਖੀਆਂ ਸ਼ਰਧਾਵਾਨ ਸਿੱਖਾਂ ਵਾਂਗ ਲਿਖੀਆਂ ਨਾਂ ਕਿ ਇਤਿਹਾਸਕਾਰਾਂ ਵਾਂਗ। ਉਨ੍ਹਾਂ ਨੂੰ ਜੋ ਕੁਝ ਸ਼ਰਧਾਲੂਆਂ ਤੋਂ ਜ਼ਬਾਨੀ-ਕਲਾਮੀ ਪ੍ਰਾਪਤ ਹੋਇਆ, ਉਨ੍ਹਾਂ ਕਾਨੀ-ਬੰਦ ਕਰ ਦਿੱਤਾ। ਕੁਝ ਸ਼ਰਧਾਲੂਆਂ ਨੇ ਸਾਖੀਕਾਰਾਂ ਨੂੰ ਗੁਰੂ ਜੀ ਦਾ ਪ੍ਰਕਾਸ਼-ਪੁਰਬ ਵਿਸਾਖੀ ਦਾ ਦੱਸਿਆ ਅਤੇ ਕੁਝ ਨੇ ਕੱਤਕ ਪੂਰਨਮਾਸ਼ੀ, ਕਿਉਂਕਿ ਗੁਰੂ ਜੀ ਦੇ ਜੀਵਨ ਸੰਬੰਧੀ ਉਨ੍ਹਾਂ ਇਹੀ ਦੋ ਦਿਹਾੜੇ ਸੁਣੇ ਸਨ। ਨਨਕਾਣਾ ਸਾਹਿਬ ਵੱਲ ਵਿਸਾਖ ਸੁਦੀ ਤਿੰਨ (ਵਿਸਾਖੀ ਦਾ ਨੇੜ ਹੋਣ ਕਰਕੇ ਵਿਸਾਖੀ ਹੀ ਕਹਿ ਲਿਆ ਜਾਂਦਾ ਸੀ) ਮਸ਼ਹੂਰ ਸੀ ਅਤੇ ਸੁਲਤਾਨਪੁਰ ਸਾਈਡ ਵੱਲ ਕੱਤਕ-ਪੂਰਨਮਾਸ਼ੀ।
ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਦਾ ਮੰਨਣਾ ਹੈ ਕਿ ਸ਼ਿੰਗਾਰ-ਰਸ ਨਾਲ ਭਰਪੂਰ ਭਾਈ ਗੁਰਦਾਸ ਜੀ ਦਾ ਕਬਿੱਤ 345 ਗੁਰੂ ਜੀ ਦਾ ਪਰਮੇਸ਼ਰ ਨਾਲ ਮਹਾਂ-ਮਿਲਨ ਦਾ ਮਾਹੌਲ ਸਿਰਜਦਾ ਹੈ। ਇਹ ਉਸ ਮੌਕੇ ਦੇ ਸੰਬੰਧ ਵਿਚ ਹੈ, ਜਦੋਂ ਪਵਿੱਤਰ ਕਾਲੀ ਵੇਈਂ ਦੇ ਪਾਣੀਆਂ ਵਿਚ ਇਸ਼ਨਾਨ ਕਰਨ ਉਪਰੰਤ ਗੁਰੁ ਨਾਨਕ ਦੇਵ ਜੀ ਨੂੰ ਪ੍ਰਭੂ-ਪ੍ਰਾਪਤੀ ਦਾ ਅਹਿਸਾਸ ਹੋਇਆ। ਉਨ੍ਹਾਂ ਦੀ ਦਲੀਲ ਹੈ ਕਿ ਭਾਈ ਗੁਰਦਾਸ ਜੀ ਜਨਮ-ਦਿਨ ਬਾਰੇ ਇਹ ਨਹੀ ਸਨ ਕਹਿ ਸਕਦੇ ਕਿ ‘ਆਜ ਤੇਰੀ ਬਾਰੀ ਹੈ’ ਹਾਲਾਂਕਿ ਇਹ ਗੱਲ ਮੌਤ-ਦਿਹਾੜੇ ਬਾਰੇ ਤਾਂ ਕਹੀ ਜਾ ਸਕਦੀ ਹੈ। ਹਰੀ ਰਾਮ ਗੁਪਤਾ ਅਨੁਸਾਰ ਪਰਮਾਤਮਾ-ਪ੍ਰਾਪਤੀ ਦਾ ਇਹ ਦਿਹਾੜਾ ਕੱਤਕ-ਪੂਰਨਮਾਸ਼ੀ ਦਾ ਦਿਹਾੜਾ ਸੀ। (ਹਿਸਟਰੀ ਆਫ ਦਿ ਸਿੱਖਜ਼, ਪੰਨਾ 54)
ਡਾ: ਕਿਰਪਾਲ ਸਿੰਘ ਵੀ ਇਹ ਮੰਨਦੇ ਹਨ ਕਿ ਇਹ ਕਬਿੱਤ ਪ੍ਰਭੂ-ਮਿਲਾਪ ਸੰਬੰਧੀ ਹੈ। (ਸ਼੍ਰੀ ਗੁਰ ਨਾਨਾਕ ਪ੍ਰਕਾਸ਼ ਪੂਰਬਾਰਧ (ਭਾਗ ਪਹਿਲਾ), ਸਫਾ 27)
ਡਾ: ਐਸ.ਰਾਮ ਕ੍ਰਿਸ਼ਨ ਜੋਧਪੁਰ, ਕਾਨਪੁਰੋਂ ਪ੍ਰਕਾਸ਼ਤ ਹੋਈ ‘ਸੈਂਟੇਨਰੀ ਵੋਲਿਊਮ ਮਹਾਰਾਜਾ ਰਣਜੀਤ ਸਿੰਘ’ ਦੇ ਪੰਨਾ 85 ‘ਤੇ ਲਿਖਦੇ ਹਨ, ‘ਸਾਨੂੰ ਇਹ ਪਤਾ ਨਹੀਂ ਕਿ ਸਿੱਖਾਂ ਨੇ ਕੱਤਕ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੀ ਪੂਰਨਮਾਸ਼ੀ ਕਿਵੇਂ ਮੰਨ ਲਿਆ। ਮੈਕਾਲਿਫ ਕਹਿੰਦਾ ਹੈ ਕਿ ਸਿੱਖ ਕੱਤਕ ਨੂੰ ਆਪਣੀ ਸੁਵਿਧਾ ਸੁਖਾਲੀ ਲਈ ਮਨਾ ਲੈਂਦੇ ਹਨ।
ਚੰਗੀ ਤਰ੍ਹਾਂ ਸਾਰੀਆਂ ਲਿਖਤਾਂ ਵਾਚਣ ਉਪਰੰਤ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਕੱਤਕ ਪੂਰਨਮਾਸ਼ੀ ਗੁਰੂ ਸਾਹਿਬ ਦਾ ਆਤਮਕ ਜਨਮ ਦਿਨ ਸੀ, ਜਿਸ ਦਿਨ ਉਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ। ਇਹੋ ਕਾਰਨ ਹੈ ਕਿ ਜਨਮ ਦਿਨ ਉਸ ਤਰੀਖ ਨੂੰ ਹੀ ਮਨਾਇਆ ਜਾਂਦਾ ਹੈ। (ਰਣਜੀਤ ਸਿੰਘ ਖੜਗ: ‘ਸਿੱਖ ਇਤਿਹਾਸ ਦੇ ਕੁਝ ਅਣਫਰੋਲੇ ਪੱਤਰੇ’ ਸਫਾ 4) ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਲਖਵੀਰ ਲੈਜ਼ੀਆ (‘ਸ੍ਰੀ ਗੁਰੂ ਨਾਨਕ ਦੇਵ ਜੀ: ਜੀਵਨ ਅਤੇ ਦਰਸ਼ਨ’) ਵੀ ਜਨਮ-ਦਿਹਾੜੇ ਦੇ ਵਿਵਾਦ ਬਾਰੇ ਇਹੀ ਕਹਿੰਦੇ ਹਨ ਕਿ ਕੱਤਕ ਮਹੀਨੇ ਵਿਚ ਗੁਰੂ ਜੀ ਨੂੰ ਗਿਆਨ-ਪ੍ਰਾਪਤੀ ਹੋਈ।
ਸਾਨੂੰ ਇਹ ਮੰਨਣਾ ਪਵੇਗਾ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚ ਸਭ ਤੋਂ ਅਹਿਮ ਘਟਨਾ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੇ ਪਾਣੀਆਂ ਕੰਢੇ ਹੋਈ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਇਕਦਮ ਵੱਡਾ ਮੋੜ ਲੈ ਆਂਦਾ ਅਤੇ ਉਹ ਆਪਣੇ ਅਨੁਭਵਾਂ ਅਤੇ ਅਹਿਸਾਸਾਂ ਦਾ ਪ੍ਰਚਾਰ/ਪ੍ਰਸਾਰ ਕਰਨ ਲਈ ਉਦਾਸੀਆਂ ‘ਤੇ ਚੱਲ ਪਏ। ਜਨਮ-ਸਾਖੀਆਂ ਦਾ ਬੜਾ ਘੋਖ-ਘੋਖ ਕੇ ਵਿਸ਼ਲੇਸ਼ਣ ਕਰਨ ਵਾਲਾ, ਇਤਿਹਾਸ ਦੀ ਹਰ ਗੱਲ ਦਾ ਡਾਕੂਮੈਂਟਰੀ ਸਬੂਤ ਚਾਹੁਣ ਵਾਲਾ, ਮੌਖਿਕ-ਪਰੰਪਰਾਵਾਂ ਪ੍ਰਤੀ ਸ਼ੰਕਾਵਾਦੀ ਨਜ਼ਰੀਆ ਰੱਖਣ ਵਾਲਾ ਅਤੇ ਬਹੁ-ਗਿਣਤੀ ਸਾਖੀਆਂ ਨੂੰ ‘ਨਾਂ-ਵਿਸ਼ਵਾਸ਼ਯੋਗ’ ਮੰਨਣ ਵਾਲਾ ਡਬਲਿਯੂ.ਐਚ. ਮਕਲੋਡ ਵੀ ਮੰਨਦਾ ਹੈ ਕਿ ਘਟਨਾ ਦਾ ਵੇਰਵਾ ਕੁਝ ਵੀ ਹੋਵੇ, ਪਰ ਸੁਲਤਾਨਪੁਰ ਲੋਧੀ ਵਿਖੇ ਕਿਸੇ ਇੱਕ ਵਿਸ਼ੇਸ਼ ਦਿਨ ਕੁਝ ਅਸਚਰਜ ਜ਼ਰੂਰ ਵਾਪਰਿਆ.
ਜਿਹੜੇ ਲੇਖਕ ਇਹ ਮੰਨਦੇ ਹਨ ਕਿ ਪ੍ਰਭੂ-ਮਿਲਨ ਜਾਂ ਗਿਆਨਵੰਤ/ਚਾਨਣਵੰਤ ਦਿਹਾੜਾ ਕੱਤਕ ਪੂਰਨਮਾਸ਼ੀ ਨੂੰ ਵਾਪਰਿਆ, ਉਹ ਇਸ ਬਾਰੇ ਸਾਨੂੰ ਕੋਈ ਸਬੂਤ ਨਹੀਂ ਦੇਂਦੇ ਕਿ ਇਹ ਦਿਹਾੜਾ ਕੱਤਕ ਪੂਰਨਮਾਸ਼ੀ ਦਾ ਸੀ। ਅਫਸੋਸ ਕਿ ਸਾਡੇ ਇਤਿਹਾਸਕਾਰਾਂ ਨੇ ਇਸ ਦਿਹਾੜੇ ਨੂੰ ਖੋਜਣ ਦੀ ਕੋਈ ਵਿਸ਼ੇਸ਼ ਖੇਚਲ ਵੀ ਨਹੀਂ ਕੀਤੀ, ਹਾਲਾਂ ਕਿ ਥੋੜਾ ਜਿਹਾ ਖੰਗਾਲਣ ਨਾਲ ਹੀ ਜਨਮ-ਸਾਖੀਆਂ ਵਿਚੋਂ ਉਸ ਵਿਸ਼ੇਸ਼ ਦਿਹਾੜੇ ਦਾ ਪਤਾ ਲੱਗ ਜਾਂਦਾ ਹੈ।
ਮਿਹਰਬਾਨ ਵਾਲੀ ਜਨਮ-ਸਾਖੀ ਅਨੁਸਾਰ ਇਹ ਦਿਹਾੜਾ ਭਾਦਰੋਂ ਦੀ ਪੂਰਨਮਾਸ਼ੀ ਦਾ ਸੀ ਅਤੇ ਉਸ ਸਮੇਂ ਗੁਰੂ ਜੀ ਦੀ ਉਮਰ ਸਾਢੇ ਛੱਤੀ ਸਾਲ ਹੋ ਚੁੱਕੀ ਸੀ। ਗੌਰਤਲਬ ਹੈ ਕਿ ਜੇ ਗੁਰੂ ਜੀ ਦਾ ਜਨਮ ਦਿਹਾੜਾ ਇਸ ਸਾਖੀ ਅਨੁਸਾਰ ਵਿਸਾਖ ਦਾ ਸੀ ਤਾਂ ਸਾਢੇ ਛੱਤੀ ਸਾਲ ਭਾਦਰੋਂ ਵਿਚ ਨਹੀਂ, ਸਗੋਂ ਕੱਤਕ ਵਿਚ ਬਣਦੇ ਹਨ। ਭਾਈ ਸਾਹਿਬ ਸਿੰਘ ਵੀ ‘ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ’ ਵਿਚ ਬਿਨਾਂ ਇਸ ਦੀ ਪੜਤਾਲ ਕੀਤੇ ਇਹ ਵਾਕਿਆ ਭਾਦਰੋਂ ਦਾ ਲਿਖ ਦੇਂਦੇ ਹਨ ਅਤੇ ਉਮਰ ਸਾਢੇ ਅਠੱਤੀ ਸਾਲ ਦੱਸਦੇ ਹਨ। ਉਮਰ ਸਾਢੇ ਛੱਤੀ ਹੋਵੇ ਜਾਂ ਸਾਢੇ ਅਠੱਤੀ, ਵਿਸਾਖ ਤੋਂ ਛੇ ਮਹੀਨੇ ਤਾਂ ਕੱਤਕ ਵਿਚ ਹੀ ਬਨਣਗੇ ਨਾਂ ਕਿ ਭਾਦਰੋਂ ਵਿਚ।
ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਵੇਈਂ ਵਾਲਾ ਵਾਕਿਆ ਵਾਪਰਣ ਸਮੇਂ ਗੁਰੂ ਜੀ ਦੀ ਉਮਰ 37 ਸਾਲ ਸੀ। ਭਾਈ ਬਾਲੇ ਅਨੁਸਾਰ ਗੁਰੂ ਜੀ ਦਾ ਜਨਮ-ਦਿਹਾੜਾ ਕੱਤਕ ਪੂਰਨਮਾਸ਼ੀ ਸੀ, ਇਸ ਲਈ ਪੂਰੇ 37 ਸਾਲ ਦੀ ਉਮਰ ਕੱਤਕ ਪੂਰਨਮਾਸ਼ੀ ਨੂੰ ਹੀ ਬਨਣੀ ਸੀ।
ਸਪਸ਼ਟ ਹੈ ਕਿ ਅਸਲੀਅਤ ਵਿਚ ‘ਕੱਤਕ ਕਿ ਵਿਸਾਖ?’ ਜਾਂ ‘ਵਸਾਖ ਕਿ ਕੱਤਕ?’ ਦਾ ਵਿਵਾਦ ਨਿਰਮੂਲ਼ ਹੈ। ਦੋਵੇਂ ਹੀ ਦਿਹਾੜੇ ਗੁਰੂ ਜੀ ਦੇ ਜੀਵਨ-ਇਤਿਹਾਸ ਵਿਚ ਬਹੁਤ ਮਹੱਤਵਪੂਰਨ ਹਨ। ਵਿਸਾਖ ਸੁਦੀ ਤਿੰਨ ਵੀ ਅਤੇ ਕੱਤਕ ਪੂਰਨਮਾਸ਼ੀ ਵੀ। ਵਿਸਾਖ ਸੁਦੀ ਤਿੰਨ ਉਨ੍ਹਾਂ ਦਾ ਜਨਮ-ਦਿਹਾੜਾ ਹੈ ਅਤੇ ਕੱਤਕ ਪੂਰਨਮਾਸ਼ੀ ਨੂੰ ਉਨ੍ਹਾਂ ਦਾ ਪ੍ਰਭ-ਮਿਲਨ ਦਿਹਾੜਾ ਜਾਂ ‘ਗੁਰਪਰਮੇਸਰ’ ਪ੍ਰਾਪਤੀ ਦਾ ਦਿਹਾੜਾ ਹੈ ਜਾਂ ਪਵਿੱਤਰ-ਵੇਈਂ ਦੇ ਪਾਣੀਆਂ ‘ਚੋਂ ਪੁਨਰ-ਜਨਮ ਦਾ ਦਿਹਾੜਾ ਕਿਹਾ ਜਾ ਸਕਦਾ ਹੈ।