ਅਜਮੇਰ ਔਲਖ! ਤੂੰ ਕਿਤੇ ਨਹੀਂ ਗਿਆ!

ਵਰਿਆਮ ਸਿੰਘ ਸੰਧੂ
ਅਜਮੇਰ ਔਲਖ ਨੇ ਆਪਣੇ ਨਾਟਕਾਂ ਵਿਚ ਛੋਟੀ ਕਿਸਾਨੀ ਦੀ ਬਾਤ ਨਿਆਰੇ ਢੰਗ ਨਾਲ ਪਾਈ ਹੈ। ਉਨ੍ਹਾਂ ਦੀਆਂ ਰਚਨਾਵਾਂ ਮਨੁੱਖੀ ਸਰੋਕਾਰਾਂ ਲਈ ਤਾਂਘਦੀਆਂ ਪਾਠਕਾਂ ਦੇ ਦਿਲਾਂ ਅੰਦਰ ਤਾਂਘ ਦੀਆਂ ਤਰਬਾਂ ਛੇੜਦੀਆਂ ਹਨ। ਉਘੇ ਲਿਖਾਰੀ ਵਰਿਆਮ ਸਿੰਘ ਸੰਧੂ ਨੇ ਆਪਣੇ ਇਸ ਸ਼ਬਦ ਚਿੱਤਰ ਵਿਚ ਆਪਣੇ ਮਿੱਤਰ ਅਜਮੇਰ ਔਲਖ ਦੀਆਂ ਇਨ੍ਹਾਂ ਤਾਂਘਾਂ ਨੂੰ ਬਹੁਤ ਰੀਝ ਤੇ ਨੀਝ ਨਾਲ ਫੜਿਆ ਹੈ ਅਤੇਉਸ ਸ਼ਖਸ ਨਾਲਮਿਲਾਇਆ ਹੈਜਿਸ ਦਾ ਦਿਲ ਸਦਾ ਅਵਾਮ ਲਈ ਧੜਕਦਾ ਰਿਹਾ ਹੈ। ਇਸ ਲੰਮੇ ਲੇਖ ਦੀਪਹਿਲੀ ਕਿਸ਼ਤ ਅਸੀਂ ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ।

ਪੰਜਾਬੀ ਨਾਟਕ ਦੀ ਰੂਹ, ਪੰਜਾਬੀ ਸਾਹਿਤ ਦਾ ਮਾਣ, ਕਲਮ ਦਾ ਯੋਧਾ ਜਰਨੈਲ, ਲੋਕ-ਹੱਕਾਂ ਦਾ ਬੁਲਾਰਾ, ਮੁਹੱਬਤ ਦਾ ਸੁੱਚਾ ਪੈਗ਼ਾਮ ਅਜਮੇਰ ਸਿੰਘ ਔਲਖ ਮੇਰਾ ਵੱਡਾ ਭਰਾ, ਮੇਰੀ ਦੇਹ-ਜਾਨ ਸੀ। ਖੂਨ ਦੀ ਸਾਂਝ ਭਾਵੇਂ ਨਹੀਂ ਸੀ ਪਰ ਵਿਚਾਰਾਂ ਦੀ ਸਾਂਝ ਬੜੀ ਪੱਕੀ-ਪੀਡੀ ਸੀ। ਮੇਰੀਆਂ ਕਹਾਣੀਆਂ ਅਤੇ ਔਲਖ ਸਾਹਿਬ ਦੇ ਨਾਟਕਾਂ ਦੇ ਪਾਠਕ ਜਾਣਦੇ ਨੇ ਕਿ ਅਸੀਂ ਦੋਵਾਂ ਨੇ ਆਪਣੀਆਂ ਲਿਖਤਾਂ ਵਿਚ ਨਿਮਨ ਕਿਰਸਾਨੀ ਦੇ ਦਰਦ ਦੀ ਬਾਤ ਪਾਈ ਹੈ। ਆਲੋਚਕਾਂ ਦਾ ਕਹਿਣਾ ਏ ਕਿ ਜੋ ਕੰਮ ਔਲਖ ਆਪਣੇ ਨਾਟਕਾਂ ਵਿਚ ਕਰ ਰਿਹਾ ਸੀ, ਉਹੋ ਕੰਮ ਮੈਂ ਕਹਾਣੀ ਵਿਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਸਾਡੇ ਵਿਚਾਰਾਂ ਦਾ ਮੇਲ ਅਜਿਹਾ ਸੀ ਕਿ ਉਹਨੇ ਮੇਰੀਆਂ ਕਹਾਣੀਆਂ ‘ਭੱਜੀਆਂ ਬਾਹੀਂ’ ਅਤੇ ‘ਆਪਣਾ ਆਪਣਾ ਹਿੱਸਾ’ ਨੂੰ ਆਧਾਰ ਬਣਾ ਕੇ ਲਿਖੇ ਨਾਟਕ ਸੈਂਕੜਿਆਂ ਤੋਂ ਵੱਧ ਵਾਰ ਖੇਡੇ। ‘ਭੱਜੀਆਂ ਬਾਹੀਂ’ ਨਾਟਕ ਦੀ ਸਕ੍ਰਿਪਟ ਉਹਨੇ ‘ਭੱਜੀਆਂ ਬਾਹਾਂ’ ਦੇ ਨਾਂ ਹੇਠ ਪੁਸਤਕ ਰੂਪ ਵਿਚ ਵੀ ਛਪਵਾਈ। ਮੇਰੀ ਕਹਾਣੀ ਨੂੰ ਉਹਨੇ ਆਪਣੀ ਬਣਾ ਲਿਆ ਸੀ। ਆਪਣੀ ਬਣਾ ਕੇ ਲੋਕਾਂ ਦੀ ਬਣਾ ਦਿੱਤਾ ਸੀ। ਮੁਹਾਲੀ, ਜਲੰਧਰ, ਦਸੂਹੇ ਤੇ ਪੱਟੀ ਮੈਂ ਇਸ ਨਾਟਕ ਦੀਆਂ ਦਰਸ਼ਕਾਂ ਦੇ ਸਿਰ ਜਾਦੂ ਧੂੜਦੀਆਂ ਪੇਸ਼ਕਾਰੀਆਂ ਦਰਸ਼ਕਾਂ ਵਿਚ ਬੈਠ ਕੇ ਮਾਣੀਆਂ। ਉਹਨੇ ਕਹਾਣੀ ਨੂੰ ਜਿਊਂਦਿਆਂ ਕਰ ਦਿੱਤਾ ਸੀ। ਮੇਰੇ ਪਾਤਰ ਅੱਖਰਾਂ ਵਿਚੋਂ ਕੱਢ ਕੇ ਸਟੇਜ ਉੱਤੇ ਤੁਰਨ-ਬੋਲਣ ਲਾ ਦਿੱਤੇ ਸਨ।
ਔਲਖ ਨੇ ਮੇਰੀ ਖ਼ਾਤਰ ‘ਕਹਾਣੀ ਲਿਖਣੀ ਛੱਡ ਦਿੱਤੀ!’
ਪਹਿਲਾਂ-ਪਹਿਲਾਂ ਔਲਖ ਨੇ ਕਹਾਣੀਆਂ ਵੀ ਲਿਖੀਆਂ ਪਰ ਫਿਰ ਪੱਕੇ ਤੌਰ `ਤੇ ਨਾਟਕ ਨੂੰ ਸਮਰਪਤ ਹੋ ਗਿਆ। ਜੇ ਉਹ ਕਹਾਣੀ ਵੀ ਲਿਖਦਾ ਰਹਿੰਦਾ ਤਾਂ ਮੇਰਾ ਕੀ ਹੁੰਦਾ?
ਇੱਕ ਵਾਰ ਗੱਲਾਂ ਕਰਿਦਆਂ ਹਾਸੇ-ਹਾਸੇ ਵਿਚ ਸੰਤ ਸਿੰਘ ਸੇਖੋਂ ਨੇ ਕਿਹਾ ਸੀ ਕਿ ਮੈਂ ਨਾਵਲ, ਕਹਾਣੀਆਂ, ਨਾਟਕ, ਆਲੋਚਨਾ ਸਭ ਕੁਝ ਲਿਖਿਆ ਤੇ ਹਰ ਖੇਤਰ ਵਿਚ ਝੰਡੇ ਗੱਡੇ ਪਰ ਕਵਿਤਾ ਮੈਂ ਆਪਣੇ ਯਾਰ ਮੋਹਨ ਸਿੰਘ ਕਰ ਕੇ ਲਿਖਣੀ ਛੱਡ ਦਿੱਤੀ ਤਾਕਿ ਕਿਸੇ ਵਿਧਾ ਵਿਚ ਉਹਦਾ ਵੀ ਨਾਂ ਰਹਿ ਸਕੇ!
ਔਲਖ ਦਾ ਇਸ ਲਈ ਵੀ ਬਹੁਤ ਸ਼ੁਕਰੀਆ ਕਿ ਉਹਨੇ ਮੇਰੇ ਵਾਸਤੇ ਕਹਾਣੀ ਲਿਖਣੀ ਛੱਡ ਦਿੱਤੀ। ਆਪਣੇ ਛੋਟੇ ਭਰਾ ਵਾਸਤੇ। ਵੱਡੇ ਛੋਟਿਆਂ ਦਾ ਇੰਜ ਵੀ ਖ਼ਿਆਲ ਰੱਖਦੇ ਨੇ ਦੋਸਤੋ!
ਬੇਓੜਕ ਮੁਹੱਬਤਾਂ ਤੇ ਇਨਾਮਾਂ-ਸਨਮਾਨਾਂ ਦੀ ਬਾਰਸ਼
ਅਜਮੇਰ ਸਿੰਘ ਔਲਖ ਮੇਰਾ ਹੀ ਵੱਡਾ ਭਰਾ ਤੇ ਮੇਰਾ ਹੀ ਆਪਣਾ ਨਹੀਂ ਸੀਸਗੋਂ ਉਹਨਾਂ ਸਭਨਾਂ ਦਾ ਵੀ ਓਨਾ ਹੀ ਆਪਣਾ ਸੀਜਿਨ੍ਹਾਂ ਨੂੰ ਉਹਦੇ ਨਾਟਕਾਂ ਵਿਚ ਪਾਈ ਬਾਤ ਆਪਣੇ ਦਿਲ ਤੇ ਆਪਣੇ ਦੁੱਖ ਦੀ ਬਾਤ ਲੱਗਦੀ ਸੀ; ਜਿਨ੍ਹਾਂ ਨੂੰ ਉਹਦੇ ਬੋਲਾਂ ਵਿਚ ਆਪਣੇ ਰੋਹ-ਰੰਜ ਤੇ ਪੀੜ ਦੀ ਆਵਾਜ਼ ਸੁਣਦੀ ਸੀ; ਜਿਨ੍ਹਾਂ ਨੂੰ ਉਹਦੇ ਪਾਤਰਾਂ ਵਿਚੋਂ ਆਪਣੇ ਭੈਣ-ਭਰਾਵਾਂ, ਬਾਲ-ਬੱਚਿਆਂ, ਪਿਓ-ਪੁੱਤਾਂ ਤੇ ਮਾਵਾਂ-ਧੀਆਂ ਦੇ ਨਕਸ਼ ਨਜ਼ਰ ਆਉਂਦੇ ਸਨ।
ਉਹ ਵੱਡਾ ਲੇਖਕ ਸੀ, ਵੱਡਾ ਇਨਸਾਨ ਸੀ, ਵੱਡਾ ਯੋਧਾ ਸੀ ਪਰ ਇਹ ਸਾਰੀ ਵਡਿਆਈ ਭੁੱਲ ਕੇ ਉਹ ਸਦਾ ਧਰਤੀ ਦੇ ਜੀਆਂ ਨਾਲ ਉਹਨਾਂ ਵਰਗਾ ਹੋ ਕੇ ਜੀਵਿਆ-ਵਿਚਰਿਆ ਤੇ ਉਹਨਾਂ ਦੇ ਨਾਲ ਉਹਨਾਂ ਵਾਂਗ ਹੀ ਸਾਧਾਰਨ ਇਨਸਾਨ ਬਣ ਕੇ ਉਮਰ ਭਰ ਤੁਰਦਾ ਰਿਹਾ। ਉਮਰ ਭਰ ਉਹਨਾਂ ਲਈ ਲਿਖਦਾ ਰਿਹਾ, ਬੋਲਦਾ ਰਿਹਾ ਤੇ ਉਹਨਾਂ ਵਾਸਤੇ ਲੜਦਾ ਰਿਹਾ। ਜਦੋਂ ਕੁਦਰਤ ਨੇ ਉਹਨੂੰ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ ਤਾਂ ਉਹਦੇ ਉਹ ਸਾਰੇ ਮਿੱਤਰ-ਪਿਆਰੇ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਦਲ਼ੇ-ਮਲ਼ੇ ਲੋਕਜਿਨ੍ਹਾਂ ਦੀ ਪੀੜ ਵਿਚ ਉਹ ਸਦਾ ਹੂੰਗਦਾ ਰਿਹਾ ਸੀ, ਉਹਦੀ ਧਿਰ ਬਣ ਕੇ ਉਹਦੇ ਨਾਲ ਆਣ ਖਲੋਤੇ। ਉਹਨਾਂ ਨੇ ਸੰਕਟ ਭਰੇ ਸਮੇਂ `ਤੇ ਉਹਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਉਸ ਵੱਲ ਵਹੀਰਾਂ ਘੱਤ ਲਈਆਂ। ਬਕੌਲ ਅਜਮੇਰ ਔਲਖ, “ਵਰ੍ਹਾ ਦਿੱਤੇ ਆਪਣੀਆਂ ਮਿਹਰਾਂ ਦੇ ਮੀਂਹ, ਵਾਰ ਸੁੱਟੇ ਮੇਰੇ ਉੱਤੋਂ ਨੋਟਾਂ ਦੇ ਨੋਟ!”
ਆਪਣੇ ਲੋਕਾਂ ਕੋਲੋਂ ਅਜਿਹਾ ਮਾਣ-ਸਤਿਕਾਰ ਤੇ ਅਜਿਹਾ ਡੁੱਲ੍ਹ-ਡੁੱਲ੍ਹ ਪੈਂਦਾ ਪਿਆਰ ਕਿਸੇ ਲੇਖਕ ਨੂੰ ਅੱਜ ਤੱਕ ਭਲਾ ਕਿੱਥੇ ਮਿਲਿਆ ਸੀ!
ਆਮ ਤੌਰ `ਤੇ ਲੇਖਕ/ਕਲਾਕਾਰ ਆਪਣੀ ਬੇਕਦਰੀ ਦਾ ਰੌਲਾ ਅਕਸਰ ਪਾਉਂਦੇ ਰਹਿੰਦੇ ਨੇ। ਇਹ ਸਚਾਈ ਵੀ ਹੈ ਕਿ ਸਾਹਿਤ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਕਈ ਵੱਡੇ ਲੇਖਕਾਂ ਨੂੰ ਅਤਿ ਦੀ ਗਰੀਬੀ ਤੇ ਦੁੱਖ ਵਿਚ ਆਪਣਾ ਜੀਵਨ ਗੁਜ਼ਾਰਨ ਲਈ ਮਜਬੂਰ ਹੋਣਾ ਪਿਆ। ਨੰਦ ਲਾਲ ਨੂਰਪੁਰੀ ਵਰਗੇ ਮੰਨੇ-ਪ੍ਰਮੰਨੇ ਗੀਤਕਾਰ ਨੂੰ ਪਿਛਲੀ ਉਮਰੇ ਖੂਹ ਵਿਚ ਡੁੱਬ ਕੇ ਆਤਮ-ਹੱਤਿਆ ਕਰਨੀ ਪਈ। ਸਾਈਂ ਹਯਾਤ ਪਸਰੂਰੀ ਦਾ ਸ਼ਿਅਰ ਹੈ:
ਜਿਊਂਦੀ ਜਾਨ ਜਿਹਨੂੰ ਕਿਸੇ ਪੁੱਛਿਆ ਨਹੀਂ,
ਦਿਨ ਨੂੰ ਖਾਏਂ ਕਿੱਥੋਂ, ਖਾਏਂ ਰਾਤ ਨੂੰ ਕੀ?
ਮਰਨੋਂ ਬਾਅਦ ਜੇ ਕਬਰ ‘ਤੇ ਹੋਣ ਮੇਲੇ,
ਭਾਵੇਂ ਹੋਣ ਨਾ ਹੋਣ ਹਯਾਤ ਨੂੰ ਕੀ!
ਪਰ ਇਹ ਅਜਮੇਰ ਔਲਖ ਹੀ ਸੀ ਜਿਸ ਨੂੰ ਉਹਦੀ ਕਲਾ ਦੇ ਆਸ਼ਕਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਇੱਕੱਠੇ ਹੋ ਕੇ ਉਹਦਾ ਮਾਣ/ਸਨਮਾਨ ਕੀਤਾ ਸੀ। ਉਹਨੂੰ ਮਾਣ ਸਨਮਾਨ ਦੀ ਕਦੀ ਕੋਈ ਥੋੜ ਨਹੀਂ ਸੀ ਰਹੀ। ਲੋਕ-ਸਨਮਾਨ ਤਾਂ ਉਹਨੂੰ ਆਖ਼ਰਾਂ ਦਾ ਮਿਲਿਆ ਹੀ ਪਰ ਇਸ ਦੇ ਨਾਲ ਹੀ ਸਾਹਿਤ-ਸਭਿਆਚਾਰ ਨਾਲ ਜੁੜੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਨੇ ਵੀ ਉਹਦਾ ਬਣਦਾ ਮਾਣ-ਸਨਮਾਨ ਕਰਨ ਵਿਚ ਕੋਈ ਕਸਰ ਨਾ ਛੱਡੀ।
ਸਾਹਿਤ ਅਕਾਦਮੀ ਦਿੱਲੀ ਵੱਲੋਂ ਇਨਾਮ, ਨਾਟਕ ਤੇ ਥੀਏਟਰ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੀਐੱਚ.ਡੀ. ਆਨਰੇਰੀ ਡਿਗਰੀ ਤੇ ਹੋਰ ਅਨੇਕਾਂ ਇਨਾਮ-ਸਨਮਾਨ ਉਹਦੀ ਝੋਲੀ ਵਿਚ ਪੱਕੇ ਹੋਏ ਬੇਰਾਂ ਵਾਂਗ ਆਪ-ਮੁਹਾਰੇ ਡਿੱਗਦੇ ਰਹੇ। ਇਹ ਵੀ ਸੱਚ ਹੈ ਕਿ ਉਹਨੇ ਕਦੇ ਕਿਸੇ ਇਨਾਮ-ਸਨਮਾਨ ਜਾਂ ਅਹੁਦੇ ਲਈ ਲਾਲਸਾ ਨਹੀਂ ਸੀ ਪ੍ਰਗਟਾਈ।
ਉਂਝ, ਇਹੋ ਜਿਹਾ ਸਨਮਾਨ ਤੇ ਇਨਾਮ ਕਿਸੇ ਨੂੰ ਕਿੱਥੇ ਮਿਲਦਾ ਹੈ। ਇੱਕ ਵਾਰ ਨਾਟਕ ਖ਼ਤਮ ਹੋਣ ਤੋਂ ਪਿੱਛੋਂ ਤਿੰਨ-ਚਾਰ ਕਿਸਾਨ ਔਲਖ ਕੋਲ ਆਏ ਤੇ ਆਪਣੇ ਹੱਥਾਂ ਵਿਚ ਫੜੇ ਹੋਏ ਦਸ-ਦਸ ਦੇ ਨੋਟ ਔਲਖ ਵੱਲ ਵਧਾਉਂਦੇ ਹੋਏ ਉਹਨੂੰ ਇਨਾਮ ਦੇਣ ਦੇ ਇਰਾਦੇ ਨਾਲ ਕਹਿਣ ਲੱਗੇ, “ਆਹ ਕੇਰਾਂ ਫੜੀਂ ਬਾਈ ਸਾਡਾ ਇਨਾਮ।”
ਔਲਖ ਨੇ ਨੋਟ ਫੜਨ ਤੋਂ ਇਨਕਾਰ ਕਰਦਿਆਂ ਹੋਇਆਂ ਕਿਹਾ, “ਨਹੀਂ ਬਾਈ ਜੀ, ਇਹ ਤੁਸੀਂ ਆਪਣੇ ਕੋਲ਼ ਈ ਰੱਖੋ। ਅਸੀਂ ਇਸ ਤਰ੍ਹਾਂ ਇਨਾਮ ਨੀ ਲੈਂਦੇ ਹੁੰਦੇ। ਪ੍ਰਬੰਧਕਾਂ ਨਾਲ ਜਿੰਨਾ ਖੋਲ੍ਹਿਆ ਹੁੰਦੈ, ਓਸੇ ਵਿਚ ਈ ਕਰਦੇ ਹੁੰਨੇ ਆਂ ਨਾਟਕ। ਇਸ ਤਰ੍ਹਾਂ ਨੋਟ ਲੈਣ ਨੂੰ ਅਸੀਂ ਕਿਹੜਾ ਗਾਉਣ ਵਾਲੇ ਆਂ? ਥੋਡੀ ਬਹੁਤ ਮਿਹਰਬਾਨੀ!” ਪਰ ਉਹਨਾਂ ਵਿਚੋਂ ਇੱਕ ਉਹਦੀ ਗੱਲ ਦੇ ਜਵਾਬ ਵਿਚ ਕਹਿਣ ਲੱਗਾ, “ਅਸੀਂ ਥੋਨੂੰ ਗਾਉਣ ਵਾਲੇ ਸਮਝ ਕੇ ਨੀ ਦੇ ਰਹੇ ਇਹ ਇਨਾਮ ਬਾਈ। ਅਸੀਂ ਤਾਂ ਇਸ ਕਰਕੇ ਦਿੰਨੇ ਆਂ ਬਈ ਅੱਜ ਤੱਕ ਸਾਡੇ ਪਿੰਡ ਵਿਚ ਤਗੜਿਆਂ ਨੂੰ ਗਾਲ਼ ਨੀ ਕੱਢ ਸਕਿਆ ਕੋਈ ਜਿਵੇਂ ਤੇਰੇ ਨਾਟਕ ਦੇ ਪੀਤੇ ਅਮਲੀ ਨੇ ਕੱਢੀ ਐ। ਅਸ਼ਕੇ ਤੇਰੇ! ਕੇਰਾਂ ਤਾਂ ਰੂਹ ਖ਼ੁਸ਼ ਕਰ’ਤੀ; ਫੜ ਲੈ ਸਾਡਾ ਗਰੀਬਾਂ ਦਾ ਇਨਾਮ, ਸਾਡਾ ਦਿਲ ਨਾ ਤੋੜ।”
ਇਹ ਤਾਂ ਸੀ ‘ਗਰੀਬਾਂ’ ਵੱਲੋਂ ਆਪਣੇ ਮਹਾਨ ਕਲਾਕਾਰ ਨੂੰ ਬਖ਼ਸ਼ਿਆ ਸਭ ਤੋਂ ਕੀਮਤੀ ਇਨਾਮ ਪਰ ਸਾਹਿਤ ਤੇ ਸਭਿਆਚਾਰ ਦੀਆਂ ‘ਅਮੀਰ ਹਸਤੀਆਂ’ ਦੇ ਪਿਆਰ ਤੇ ਸਨਮਾਨ ਦੀ ਮਿਸਾਲ ਵੀ ਵੇਖੋ:
ਚੰਡੀਗੜ੍ਹ ਵਿਚ ‘ਬਗਾਨੇ ਬੋਹੜ ਦੀ ਛਾਂ’ ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਡਾ. ਅਤਰ ਸਿੰਘ ਨੇ ਔਲਖ ਦਾ ਹੱਥ ਫੜਿਆ ਤੇ ਉਹਨੂੰ ਨਾਲ ਲੈ ਕੇ ਨਾਟਕ ਵੇਖਣ ਲਈ ਪਹਿਲੀ ਕਤਾਰ ਵਿਚ ਬੈਠੇ ਪੰਜਾਬੀ ਯੂਨੀਵਰਸਿਟੀ ਦੇ ਤਦੋਕੇ ਵਾਈਸ-ਚਾਂਸਲਰ ਡਾ. ਅਮਰੀਕ ਸਿੰਘ ਦੇ ਸਾਹਮਣੇ ਕਰਦੇ ਹੋਏ ਕਹਿਣ ਲੱਗਾ, “ਇਸ ਮੁੰਡੇ ਨੂੰ ਆਪਣੀ ਯੂਨੀਵਰਸਿਟੀ ਦੇ ਥੀਏਟਰ ਡਿਪਾਰਟਮੈਂਟ ਵਿਚ ਲੈ ਕੇ ਜਾਉ!”
ਡਾ. ਅਮਰੀਕ ਸਿੰਘ ਤੁਰੰਤ ਬੋਲੇ, “ਆ’ਜੇ, ਕੱਲ੍ਹ ਹੀ ਆ ਕੇ ਜੁਆਇਨ ਕਰ ਲਵੇ।”
ਇਹ ਸੀ ਔਲਖ ਦੀ ਕਲਾ ਦਾ ਜਾਦੂ ਜੋ ‘ਵੱਡਿਆਂ-ਛੋਟਿਆਂ’, ‘ਅਮੀਰਾਂ-ਗਰੀਬਾਂ’, ‘ਸਾਧਾਰਨ ਬੁੱਧ’ ਸਮਝੇ ਜਾਂਦੇ ਲੋਕਾਂ ਤੇ ‘ਵੱਡੇ ਬੁੱਧੀਜੀਵੀਆਂ’ ਦੇ ਸਿਰ `ਤੇ ਜਾਦੂ ਬਣ ਕੇ ਛਾ ਜਾਂਦਾ ਰਿਹਾ।
ਏਸੇ ਨਾਟਕ ਨੂੰ ਵੇਖਣ ਤੋਂ ਬਾਅਦ ਪੰਜਾਬੀ ਦੇ ਮੰਨੇ-ਪ੍ਰਮੰਨੇ ਯਥਾਰਥਵਾਦੀ ਲੇਖਕ ਤੇ ਮਾਰਕਸਵਾਦੀ ਆਲੋਚਕ ਮਰਹੂਮ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਆਪ-ਮੁਹਾਰੇ ਛਲਕ ਪਏ ਉਤਸ਼ਾਹ ਨਾਲ ਔਲਖ ਨੂੰ ਕਿਹਾ ਸੀ, “ਬਈ ਔਲਖ, ਤੂੰ ਮੈਨੂੰ ਮੇਰੇ ਮਾਂ-ਬਾਪ ਯਾਦ ਕਰਵਾ ਦਿੱਤੇ! ਨਾਟਕ ਵੇਖਦਾ-ਵੇਖਦਾ ਮੈਂ ਕਈ ਵਾਰ ਰੋਇਆ! ਉਹ ਵੀ ਤੇਰੇ ਨਾਟਕ ਦੇ ਗੱਜਣ ਤੇ ਗੁਰਨਾਮ ਕੁਰ ਵਾਂਗ ਹੀ ਲੜਦੇ ਹੁੰਦੇ ਸੀ!’
ਜਦੋਂ ਉਹ ਮਹਾਨ ਨਾਟਕਕਾਰ ਆਪਣਾ ਰੋਲ ਅਦਾ ਕਰ ਕੇ ਮੰਚ ਤੋਂ ਸਦਾ ਲਈ ਓਹਲੇ ਹੋ ਗਿਆ ਤਾਂ ਨਿਸਚੈ ਹੀ ਸਾਡੇ ਅੰਦਰ ਦਾ ਹੱਸਦਾ ਹਿੱਸਾ ਬੁਝ ਗਿਆ ਜਾਪਦਾ ਸੀ ਪਰ ਇਹਦੇ ਨਾਲ ਇਹ ਵੀ ਖ਼ੂਬਸੂਰਤ ਸਚਾਈ ਹੈ ਕਿ ਦੇਸ਼-ਵਿਦੇਸ਼ ਵਿਚ ਉਹਦੇ ਦਰਸ਼ਕਾਂ ਦੀ ਲੱਖਾਂ ਦੀ ਭੀੜ ਅੱਖਾਂ ਵਿਚ ਅੱਥਰੂ ਲੈ ਕੇ, ਦਿਲ ਵਿਚ ਜੁਝਾਰੂ ਜਜ਼ਬਿਆਂ ਦਾ ਸੇਕ ਭਰ ਕੇ ਤਾੜੀਆਂ ਦੀ ਗੜਗੜਾਹਟ ਨਾਲ ਐਲਾਨ ਕਰ ਰਹੀ ਸੀ ਕਿ ਸਾਡੇ ਪਿਆਰੇ ਜਿਹੇ ਨਿੱਕੇ ਸੂਰਜ ਅਸੀਂ ਤੇਰੀ ਰੌਸ਼ਨੀ ਨੂੰ ਬੁਝਣ ਨਹੀਂ ਦਿਆਂਗੇ ਸਗੋਂ ਇਸ ਸੂਰਜ ਨੂੰ ਆਪਣੇ ਚਿੱਤ ਅਤੇ ਚੇਤਿਆਂ ਵਿਚ ਸਦਾ ਜਗਦਾ ਤੇ ਜਾਗਦਾ ਰੱਖਾਂਗੇ। ਤੇਰੀ ਕਹਿਣੀ, ਕਰਨੀ ਤੇ ਲੇਖਣੀ ਦਾ ਕਦੀ ਮਾਣ ਭੰਗ ਨਹੀਂ ਹੋਣ ਦਿਆਂਗੇ।
ਸਾਡੀ ਭੈਣ ਮਨਜੀਤ ਕੌਰ ਤੇ ਸਾਡੀਆਂ ਧੀਆਂ ਤੇ ਪਰਿਵਾਰ ਦੇ ਹੋਰ ਜੀਆਂ ਦਾ ਦੁੱਖ ਭਾਵੇਂ ਬੜਾ ਵੱਡਾ ਸੀ ਤੇ ਹੈ ਵੀ ਪਰ ਉਹਨਾਂ ਦੀਆਂ ਅੱਖਾਂ ਵਿਚ ਇਸ ਤਸੱਲੀ ਦੇ ਅੱਥਰੂ ਵੀ ਜ਼ਰੂਰ ਹੋਣਗੇ ਕਿ ਉਹ ਮਹਾਨ ਆਦਮੀ ਉਹਨਾਂ ਲਈ ਕਿੰਨਾ ਵੱਡਾ ਪਰਿਵਾਰ ਪਿੱਛੇ ਛੱਡ ਕੇ ਗਿਆ ਹੈ। ਉਹਨਾਂ ਦੀਆਂ ਅੱਖਾਂ ਸਾਹਮਣੇ ਅਸਮਾਨ ਵੱਲ ਉਲਰੀਆਂ ਹਜ਼ਾਰਾਂ ਬਾਹਵਾਂ ਉਹਨਾਂ ਨੂੰ ਕਲਾਵੇ ਵਿਚ ਲੈ ਕੇ ਉਹਨਾਂ ਦਾ ਦੁੱਖ ਵੰਡਾਉਣ ਲਈ ਤਿਆਰ ਹਨ। ਇਸ ਕਲਾਵੇ ਵਿਚ ਮੇਰੀਆਂ ਤੇ ਮੇਰੇ ਪਰਿਵਾਰ ਦੀਆਂ ਬਾਹਵਾਂ ਵੀ ਸ਼ਾਮਲ ਹਨ।
ਮੈਂ ਔਲਖ ਨੂੰ ਪਹਿਲੀ ਵਾਰ ਕਿੱਥੇ ਮਿਲਿਆ ਸਾਂ ਭਲਾ!
ਕਦੀ-ਕਦੀ ਤਾਂ ਲੱਗਦਾ ਹੈ ਕਿ ਅਸੀਂ ਤਾਂ ਇੱਕ ਦੂਜੇ ਨੂੰ ਜਨਮ-ਜਨਮਾਂਤਰਾਂ ਤੋਂ ਜਾਣਦੇ ਸਾਂ! ਉਹਨਾਂ ਦਿਨਾਂ ਵਿਚ ਨਕਸਲੀ ਲਹਿਰ ਦੇ ਪ੍ਰਭਾਵ ਅਧੀਨ ਨੌਜਵਾਨ ਲੇਖਕਾਂ ਦੀ ਵੱਡੀ ਗਿਣਤੀ ਸਥਾਪਤੀ ਵਿਰੋਧੀ ਤੱਤੀਆਂ ਲਿਖਤਾਂ ਲਿਖਣ ਲੱਗੀ ਸੀ। ਸਥਾਪਤ ਸਾਹਿਤਕ ਪਰਚੇ ਸਰਕਾਰੀ ਕਰੋਪੀ ਦੇ ਡਰੋਂ ਅਜਿਹੀਆਂ ‘ਗਰਮ ਲਿਖਤਾਂ’ ਛਾਪਣ ਤੋਂ ਤ੍ਰਹਿੰਦੇ। ਨੌਜਵਾਨ ਲੇਖਕਾਂ ਨੂੰ ਆਪਣੇ ਸਾਹਿਤਕ ਵਿਚਾਰਾਂ ਦੇ ਪ੍ਰਗਟਾਵੇ ਲਈ ‘ਆਪਣੇ’ ਪਰਚਿਆਂ ਦੀ ਲੋੜ ਸੀ। ਇਸ ਮਕਸਦ ਦੀ ਪੂਰਤੀ ਲਈ ਸਭ ਤੋਂ ਪਹਿਲਾਂ ‘ਹੇਮ ਜਯੋਤੀ’ ਮਾਸਿਕ ਪੱਤਰ ਮੈਦਾਨ ਵਿਚ ਨਿੱਤਰਿਆ ਜਿਸ ਵਿਚ ਨੌਜਵਾਨ ਲੇਖਕਾਂ ਦੀਆਂ ਸਥਾਪਤ ਨਿਜ਼ਾਮ ਪ੍ਰਤੀ ਰੋਹ-ਵਿਦਰੋਹ ਨਾਲ ਭਰੀਆਂ ਰਚਨਾਵਾਂ ਛਪਣ ਲੱਗੀਆਂ। ਉਹ ਸਥਾਪਤ ਹੋਣ ਲੱਗੇ।
ਇਕੱਲਾ ‘ਹੇਮ ਜਯੋਤੀ’ ਲੇਖਕਾਂ ਦੀ ਏਨੀ ਵੱਡੀ ਗਿਣਤੀ ਨੂੰ ਛਾਪਣ ਦੇ ਸਮਰੱਥ ਨਹੀਂ ਸੀ। ਇਸ ਲਈ ਕੁਝ ਹੋਰ ‘ਇਨਕਲਾਬੀ ਤੱਤ’ ਵਾਲੇ ਪਰਚੇ ਵੀ ਛਪਣ ਲੱਗੇ। ‘ਸਿਆੜ’, ‘ਰੋਹਿਲੇ ਬਾਣ’, ‘ਮਾਂ’ ਵਰਗੇ ਕੁਝ ਹੋਰ ਅਜਿਹੇ ਪਰਚਿਆਂ ਦੇ ਵਾਂਙ ਹੀ ਅਜਮੇਰ ਔਲਖ ਨੇ ਮਾਨਸੇ ਤੋਂ ‘ਨਾਗ ਨਿਵਾਸ’ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸ ਪਰਚੇ ਵਿਚ ਉਹ ‘ਵਕਤ ਦੇ ਸ਼ੇਰ’ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕ ਸਕਣ ਵਾਲੀਆਂ ਲਿਖਤਾਂ ਛਾਪਦਾ। ਇਹਨਾਂ ਲਿਖਤਾਂ ਦੀ ਚੋਣ ਅਤੇ ਪੇਸ਼ਕਾਰੀ ਪਿੱਛੇ ਉਹਦੀ ਇਨਕਲਾਬੀ ਤੇ ਲੋਕ ਹਿਤੈਸ਼ੀ ਵਿਚਾਰਧਾਰਾ ਸ਼ਾਮਲ ਸੀ। ਪੰਜਾਬ ਦੀ ਕੇਂਦਰੀ ਲੇਖਕ ਸਭਾ `ਤੇ ਸਦਾ ਹੀ ਕਮਿਊਨਿਸਟ ਪਾਰਟੀਆਂ ਨਾਲ ਜੁੜੇ ਜਾਂ ਉਹਨਾਂ ਦੀ ਮਰਜ਼ੀ ਨਾਲ ਚੁਣੇ ਲੇਖਕ ਹੀ ਆਗੂ ਰੋਲ ਨਿਭਾਉਂਦੇ ਆ ਰਹੇ ਸਨ। ਕੇਂਦਰੀ ਪੰਜਾਬੀ ਲੇਖਕ ਸਭਾ `ਤੇ ਕਾਬਜ਼ ਦੋਵੇਂ ਕਮਿਊਨਿਸਟ ਪਾਰਟੀਆਂ ਕਿਉਂਕਿ ਵਿਚਾਰਧਾਰਕ ਤੌਰ `ਤੇ ਨਕਸਲੀ ਵਿਚਾਰਧਾਰਾ ਦੇ ਵਿਰੁੱਧ ਸਨ, ਇਸ ਲਈ ਨਕਸਲੀ ਲਹਿਰ ਨਾਲ ਜੁੜੇ ਲੇਖਕਾਂ ਦਾ ਉਹਨਾਂ ਨਾਲ ਤਿੱਖਾ ਵਿਰੋਧ ਸੀ। ਇਨਕਲਾਬੀ ਨੌਜਵਾਨ ਲੇਖਕਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਸਥਾਪਤੀ ਦਾ ਪੱਖ ਪੂਰਨ ਵਾਲੀ ‘ਸਰਕਾਰੀ’ ਸਭਾ ਆਖ਼ਣਾ ਸੁਰੂ ਕਰ ਦਿੱਤਾ ਤੇ ਉਹਨਾਂ ਦੇ ਮੁਕਾਬਲੇ ਵਿਚ ਆਪਣੀ ਵੱਖਰੀ ਕੇਂਦਰੀ ਪੰਜਾਬੀ ਲੇਖਕ ਸਭਾ (ਗ਼ੈਰ-ਸਰਕਾਰੀ) ਬਣਾ ਲਈ।
ਕੇਂਦਰੀ ਪੰਜਾਬੀ ਲੇਖਕ ਸਭਾ (ਗ਼ੈਰ-ਸਰਕਾਰੀ) ਦੇ ਬੜੇ ਜੋਸ਼ੀਲੇ ਸਮਾਗਮ ਹੁੰਦੇ। ਬਹੁਤੀ ਵਾਰ ਅਸੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਜੁੜਦੇ। ਔਲਖ ਦੀ ਵਿਚਾਰਧਾਰਕ ਪ੍ਰਤੀਬੱਧਤਾ ਵੇਖਦੇ ਹੋਏ ਇੱਕ ਵਾਰ ਤਾਂ ਉਹਨੂੰ ਇਸ ਸਭਾ ਦਾ ਖ਼ਜ਼ਾਨਚੀ ਵੀ ਬਣਾਇਆ ਗਿਆ ਸੀ। ਇਸ ਸਭਾ ਦੇ ਸਮਾਗਮਾਂ `ਤੇ ਮੈਂ ਵੀ ਜਾਂਦਾ। ਇੰਝ ਅਕਸਰ ਹੀ ਸਾਡਾ ਮੇਲ-ਗੇਲ ਹੋ ਜਾਂਦਾ। ਮਾੜੀ-ਮੋਟੀ ਗੱਲਬਾਤ ਵੀ ਹੋ ਜਾਂਦੀ ਪਰ ਸਮਾਗਮਾਂ ਵਿਚ ਹੋਣ ਵਾਲੀਆਂ ਛੋਟੀਆਂ ਮੁਲਾਕਾਤਾਂ ਨਾਲ ਬਹੁਤੀ ਪੀਚਵੀਂ ਸਾਂਝ ਬਣਨੀ ਮੁਸ਼ਕਿਲ ਸੀ ਪਰ ਮਿਲਣੀਆਂ ਦਾ ਇਹ ਸਿਲਸਿਲਾ ਜਾਰੀ ਰਿਹਾ। ਏਨਾ ਤਾਂ ਪਤਾ ਸੀ ਕਿ ਅਸੀਂ ਇੱਕੋ ਰਾਹ ਦੇ ਪਾਂਧੀ ਹਾਂ। ਸਾਡੀ ਸਾਂਝੇ ਸਫ਼ਰ ਦੀ ਸਾਂਝ ਹੈ। ਹੌਲੀ-ਹੌਲੀ ਇਹ ਸਾਂਝ ਵਧ ਕੇ ਅਪਣੱਤ ਦੇ ਰਿਸ਼ਤੇ ਵਿਚ ਬਦਲ ਗਈ। ਔਲਖ ਨੇ ਖੁਦ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ- ‘ਮੈਂ ਉਸ ਵੇਲੇ ਦੇ ‘ਨਕਸਲੀ’ ਲੇਖਕਾਂ- ਪਾਸ਼, ਵਰਿਆਮ ਸਿੰਘ ਸੰਧੂ, ਅਮਰਜੀਤ ਚੰਦਨ, ਅਤਰਜੀਤ, ਸੰਤ ਰਾਮ ਉਦਾਸੀ, ਸੁਰਿੰਦਰ ਦੁਸਾਂਝ ਆਦਿ ਨਾਲ ਵੀ ਕਿਸੇ ਨਾ ਕਿਸੇ ਬਹਾਨੇ ਮੇਲ-ਜੋਲ ਰਖਦਾ ਸਾਂ।’
ਉਹਨਾਂ ਦਿਨਾਂ ਵਿਚ ਨਕਸਲੀ ਵੀ ਕਈ ਧਿਰਾਂ ਵਿਚ ਵੰਡੇ ਗਏ ਸਨ। ਅਸੀਂ ਨਾਗੀ ਰੈਡੀ ਗਰੁੱਪ ਵਿਚ ਸ਼ਾਮਲ ਹੋ ਗਏ। ਪਾਰਟੀ ਨੇ ਪਾਸ਼, ਔਲਖ, ਹਲਵਾਰਵੀ, ਚਮਨ ਲਾਲ ਪ੍ਰਭਾਕਰ, ਅਤਰਜੀਤ, ਸੁਰੇਂਦਰ ਹੇਮ ਜਯੋਤੀ, ਨਿਰੰਜਨ ਢੇਸੀ ਤੇ ਕੁਝ ਕੁ ਹੋਰ ਲੇਖਕਾਂ-ਸਾਹਿਤਕਾਰਾਂ ਦੀ ਸ਼ਮੂਲੀਅਤ ਵਾਲਾ ਛੋਟਾ ਜਿਹਾ ਸਾਹਿਤਕ ਮੰਚ ਕਾਇਮ ਕੀਤਾ। ਇਹ ਅੱਠ-ਦਸ ਲੇਖਕ ਮਹੀਨੇ-ਦੋ ਮਹੀਨੇ ਬਾਅਦ ਕਿਸੇ ਨਾ ਕਿਸੇ ਸ਼ਹਿਰ ਵਿਚ, ਕਿਸੇ ਮੈਂਬਰ ਦੇ ਘਰ ਜੁੜ ਬੈਠਦੇ। ਕਦੀ ਜਲੰਧਰ, ਕਦੀ ਅੰਬਰਸਰ, ਕਦੀ ਲੁਧਿਆਣੇ ਤੇ ਕਦੀ ਕਿਤੇ ਹੋਰ। ਸਾਹਿਤ ਸਿਧਾਂਤ, ਛਪ ਰਹੀਆਂ ਰਚਨਾਵਾਂ, ਲੇਖਕ ਦੀ ਪ੍ਰਤੀਬੱਧਤਾ ਬਾਰੇ ਅਤੇ ਹੋਰ ਅਨੇਕਾਂ ਚਲੰਤ ਸਾਹਿਤਕ ਮਸਲਿਆਂ `ਤੇ ਵਿਚਾਰ-ਚਰਚਾ ਹੁੰਦੀ। ਹੋਰਨਾਂ ਨਾਲ ਔਲਖ ਤੇ ਮੈਂ ਵੀ ਉਹਨਾਂ ਮੀਟਿੰਗਾਂ ਵਿਚ ਸ਼ਾਮਲ ਹੁੰਦੇ। ਇਹਨਾਂ ਮੀਟਿੰਗਾਂ ਵਿਚ ਮੈਨੂੰ ਔਲਖ ਦੇ ਵਿਚਾਰ ਤਾਂ ਚੰਗੇ ਲੱਗਦੇ ਹੀ ਪਰ ਇਸ ਤੋਂ ਵੀ ਵੱਧ ਉਹਦੀ ਸਾਦਗੀ, ਸਾਫ਼ਗੋਈ ਤੇ ਸਾਧਾਰਨਤਾ ਵਧੇਰੇ ਮੋਂਹਦੀ।
ਜਿਵੇਂ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ (ਗੈਰ-ਸਰਕਾਰੀ) ਬਣਾ ਲਈ ਸੀ, ਓਸੇ ਤਰਜ਼ `ਤੇ ਔਲਖ ਨੇ ਮਾਨਸਾ ਵਿਖੇ ਪੁਰਾਣੀ ਤੇ ਇੱਕ ਤਰ੍ਹਾਂ ਨਾਲ ਮਰ ਚੁੱਕੀ ‘ਸਾਹਿਤ ਸਭਾ’ ਦੇ ਮੁਕਾਬਲੇ ‘ਲਿਖਾਰੀ ਸਭਾ’ ਮਾਨਸਾ ਬਣਾ ਲਈ ਜਿਸ ਦੇ ਬੈਨਰ ਅਤੇ ਔਲਖ ਦੀ ਸਰਪ੍ਰਸਤੀ ਹੇਠ ਕਈ ‘ਇਨਕਲਾਬੀ’ ਸਾਹਿਤਕ ਤੇ ਸਭਿਆਚਾਰਕ ਸਮਾਗਮ (ਗੋਸ਼ਟੀਆਂ, ਕਵੀ ਦਰਬਾਰ ਆਦਿ) ਕਰਵਾਏ ਗਏ। ਇਹਨਾਂ ਸਮਾਗਮਾਂ ਵਿਚ ਨਕਸਲੀ ਲੇਖਕਾਂ, ਕਵੀਆਂ ਤੇ ਪ੍ਰਬੰਧਕਾਂ ਦਾ ਹੀ ਬੋਲ-ਬਾਲਾ ਹੁੰਦਾ। ਕਵੀ ਦਰਬਾਰਾਂ ਵਿਚ ਪਾਸ਼, ਉਦਾਸੀ, ਜੈਮਲ ਪੱਡਾ ਵਰਗੇ ਸ਼ਾਇਰ ਜ਼ਰੂਰ ਬੁਲਾਏ ਜਾਂਦੇ। ਇੱਕ ਵਾਰ ਜਲੰਧਰ ਤੋਂ ਕੇਵਲ ਕੌਰ ਵੀ ਕਵੀ ਦਰਬਾਰ ਵਿਚ ਹਿੱਸਾ ਲੈਣ ਪਹੁੰਚੀ।
ਔਲਖ ਦੀ ਏਸੇ ਸਭਾ ਵੱਲੋਂ ਪੰਜਾਬ ਪੱਧਰ ਦੇ ਕਰਵਾਏ ਵੱਡੇ ਸਾਹਿਤਕ ਤੇ ਸਭਿਆਚਾਰਕ ਸਮਾਗਮ ਦੀ ਯਾਦ ਉੱਭਰ ਕੇ ਸਾਹਮਣੇ ਆਉਂਦੀ ਹੈ। ਇਸ ਇਕੱਠ ਵਿਚ ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿਚੋਂ ਲੇਖਕ ਹੁੰਮ-ਹੁਮਾ ਕੇ ਪਹੁੰਚੇ ਸਨ। ਹਰਭਜਨ ਹਲਵਾਰਵੀ ਉਹਨੀਂ ਦਿਨੀਂ ਅੰਡਰ-ਗਰਾਊਂਡ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਮੇਰੇ ਪਿੰਡ ਮੇਰੇ ਕੋਲ ਹੀ ਟਿਕਿਆ ਹੋਇਆ ਸੀ। ਅਸੀਂ ਦੋਵੇਂ ਸੁਰ ਸਿੰਘ ਤੋਂ ਚੱਲ ਕੇ ਮਾਨਸਾ ਪਹੁੰਚੇ। ਜੇ ਹਲਵਾਰਵੀ ਉਹਨੀਂ ਦਿਨੀਂ ਮੇਰੇ ਕੋਲ ਨਾ ਹੁੰਦਾ ਤਾਂ ਸ਼ਾਇਦ ਮੈਂ ਆਪਣੇ ਪਿੰਡ ਤੋਂ ਚੱਲ ਕੇ, ਬੱਸਾਂ ਵਿਚ ਧੱਕੇ ਖਾਂਦਾ, ਏਨੀ ਦੂਰ ਮਾਨਸੇ ਨਾ ਹੀ ਜਾਂਦਾ।
ਓਥੇ ਮੇਲੇ ਵਰਗਾ ਮਾਹੌਲ ਸੀ। ਦਿਨ ਦੇ ਸਮਾਗਮ ਵਿਚ ਮਾਹੌਲ ਭਖਿਆ ਹੋਇਆ ਸੀ। ਲੇਖਕਾਂ ਵਿਚ ਜੋਸ਼ ਠਾਠਾਂ ਮਾਰ ਰਿਹਾ ਸੀ। ਔਲਖ ਨੇ ਮਘਦੇ ਹੋਏ ਦਿਲਾਂ ਦੀ ਲੋਅ ਨੂੰ ਇੱਕ ਹਾਲ ਵਿਚ ਲਿਸ਼ਕਣ ਦਾ ਮੌਕਾ ਮੁਹੱਈਆ ਕਰਵਾ ਕੇ ਪੁੰਨ ਦਾ ਕੰਮ ਕੀਤਾ ਸੀ। ਏਥੇ ਮੈਨੂੰ ਕਈ ਹੋਰ ਨਵੇਂ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸੰਤ ਰਾਮ ਉਦਾਸੀ ਨੇ ਗੀਤ ਗਾਇਆ:
ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ,
ਖ਼ੈਰ ਸੁੱਖ ਦਾ ਸੁਨੇਹੜਾ ਲਿਆ।
ਓਸ ਮਾਂ ਦਾ ਬਣਿਆ ਕੀ ਆਂਦਰਾਂ ਦੀ ਅੱਗ ਜਿਹਦੀ
ਗਈ ਕਸਤੂਰੀਆਂ ਖਿੰਡਾ!
ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਨਕਸਲੀ ਮਿੱਤਰਾਂ ਦੀ ਯਾਦ ਦੀ ਪੀੜ ਅੱਗ ਵਰਗੇ ਹਉਕੇ ਵਿਚ ਤਬਦੀਲ ਹੋ ਰਹੀ ਸੀ। ਵਾਰ-ਵਾਰ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲੱਗਦੇ ਤੇ ਅਸਮਾਨ ਵੱਲ ਬਾਹਾਂ ਉੱਲਰਦੀਆਂ। ਰਾਤ ਦੇ ਸਮਾਗਮ ਵਿਚ ਕਵੀ ਦਰਬਾਰ ਤੇ ਨਾਟਕ ਹੋਏ। ਮਘੇ ਹੋਏ ਮਾਹੌਲ ਦਾ ਜਾਦੂ ਹੀ ਸੀ ਕਿ ਕਵੀ ਦਰਬਾਰ ਵਿਚ ਮੈਂ ਵੀ ਆਪਣਾ ਗੀਤ ‘ਲਾਲੋਆਂ ਦਾ ਯਾਰ, ਦੇ ਕੇ ਭਾਗੋ ਨੂੰ ਵੰਗਾਰ, ਗੱਲ ਸੱਚ ਦੀ ਕਹੇ’ ਗਾਉਣ ਲੱਗ ਪਿਆ। ਅੰਡਰ-ਗਰਾਊਂਡ ਹੋਣ ਕਰ ਕੇ ਹਲਵਾਰਵੀ ਤਾਂ ਸਟੇਜ `ਤੇ ਨਹੀਂ ਸੀ ਜਾ ਸਕਦਾ। ਰਾਤ ਦੇ ਸਮਾਗਮ ਤੋਂ ਵਿਹਲੇ ਹੋਣ ਤੋਂ ਬਾਅਦ ਅਸੀਂ ਉਹ ਰਾਤ ਅਜਮੇਰ ਔਲਖ ਦੀ ਸੰਗਤ ਵਿਚ ਕੱਟੀ। ਲੰਮੀਆਂ ਗੱਲਾਂ ਹੋਈਆਂ। ਅਜਿਹਾ ਬਾ-ਕਮਾਲ ਤੇ ਬੇਮਿਸਾਲ ਸਮਾਗਮ ਕਰਵਾ ਸਕਣ ਦੀ, ਔਲਖ ਦੀ ਸਮਰੱਥਾ ਬਾਰੇ ਹਲਵਾਰਵੀ ਤੇ ਮੈਂ, ਔਲਖ ਦੀ ਤਾਰੀਫ਼ ਕਰ ਰਹੇ ਸਾਂ ਪਰ ਇਹ ਔਲਖ ਦੀ ਨਿਰਮਾਣਤਾ ਸੀ ਕਿ ਉਹਨੇ ਥੋੜੀ ਕੁ ਧੌਣ ਟੇਢੀ ਕੀਤੀ ਤੇ ਇੱਕ ਅੱਖ ਮੀਟ ਕੇ ਮੁਸਕਰਾਉਂਦੇ ਹੋਏ ਏਨਾ ਆਖ ਕੇ ਗੱਲ ਮੁਕਾ ਦਿੱਤੀ, “ਹਾਂ, ਠੀਕ ਈ ਹੋ ਗਿਐ! ਤੁਸੀਂ ਸਾਰੇ ਆ’ਗੇ। ਮੇਲਾ ਬਣ ਗਿਆ। ਮੈਂ ਤਾਂ ਤੁਹਾਨੂੰ ‘ਕੱਠੇ ਕਰਨ ਲਈ ਵਸੀਲਾ ਬਣਿਆਂ। ਹੋਰ ਕੁਸ ਨੀਂ।”
ਦਿਨ ਚੜ੍ਹਿਆ। ਛਾਹ ਵੇਲਾ ਕਰਨ ਤੋਂ ਬਾਅਦ ਤੁਰਨ ਲੱਗੇ ਤਾਂ ਅਸੀਂ ਔਲਖ ਦੇ ਪਰਿਵਾਰ ਨੂੰ ਮਿਲ ਰਹੇ ਸਾਂ। ਇੱਕ ਗੱਲ ਮੇਰੇ ਚੇਤਿਆਂ ਵਿਚ ਅੱਜ ਵੀ ਜਗ ਰਹੀ ਹੈ। ਔਲਖ ਨੇ ਆਪਣੀ ਵੱਡੀ ਧੀ ਦੇ ਸਿਰ `ਤੇ ਹੱਥ ਰੱਖ ਕੇ ਕਿਹਾ, “ਸਾਡੀ ਵੱਡੀ ਧੀ ਸੁਪਨਦੀਪ।”
ਹਲਵਾਰਵੀ ਨੇ ਬਾਲੜੀ ਧੀ ਦੇ ਗੋਭਲੇ ਚਿਹਰੇ ਨੂੰ ਹੱਥਾਂ ਵਿਚ ਲੈ ਕੇ ਮੁਸਕਰਾਉਂਦਿਆਂ ਕਿਹਾ, “ਇਹ ‘ਸੁਪਨਦੀਪ’ ਕਿੱਥੇ ਏ, ਇਹ ਤਾਂ ‘ਵਾਸਤਵ-ਦੀਪ’ ਏ।”
ਹਲਵਾਰਵੀ ਦੀ ਗੱਲ ਸੱਚੀ ਸੀ। ਔਲਖ ਨੇ ਆਪਣੀਆਂ ਧੀਆਂ ਦੀ ਅਜਿਹੀ ਪਰਵਰਿਸ਼ ਕੀਤੀ ਕਿ ਉਹ ‘ਵਾਸਤਵ-ਦੀਪ’ ਬਣ ਕੇ ਜਗੀਆਂ। ਪਿਤਾ ਦੀ ਬਾਲ਼ੀ ਜੋਤ ਨੂੰ ਆਪਣੇ ਹੱਥਾਂ ਵਿਚ ਲੈ ਕੇ ਪਹਿਲਾਂ ਉਹਦੇ ਬਰਾਬਰ ਦੌੜਦੀਆਂ ਰਹੀਆਂ ਤੇ ਉਹਦੇ ਜਾਣ ਤੋਂ ਬਾਅਦ ਵੀ ਇਹ ਜੋਤ ਜਗਦੀ ਰੱਖੀ।
ਇਹ ਵੀ ਦੱਸਦਾ ਜਾਵਾਂ ਕਿ ‘ਸੁਪਨਦੀਪ’ ਨਾਂ ਮੈਨੂੰ ਏਨਾ ਚੰਗਾ ਲੱਗਾ ਕਿ ਜਦ ਮੇਰੇ ਘਰ ਪੁੱਤ ਜੰਮਿਆਂ ਤਾਂ ਮੈਂ ਉਹਦਾ ਨਾਂ ਵੀ ‘ਸੁਪਨਦੀਪ’ ਰੱਖਿਆ।
ਸਾਡੇ ਪਰਿਵਾਰਾਂ ਦੀ ਮੁਕੰਮਲ ਮਿਲਣੀ ਹਰਭਜਨ ਹਲਵਾਰਵੀ ਦੇ ਪਹਿਲੇ ਵਿਆਹ ਮੌਕੇ ਹੋਈ। ਮੇਲ ਵਾਲੇ ਦਿਨ ਔਲਖ ਦੰਪਤੀ ਤੇ ਬੱਚੀਆਂ ਅਤੇ ਅਸੀਂ ਦੋਵੇਂ ਜੀਅ ਆਪਣੀ ਬੱਚੀ ਰੂਪ ਸਮੇਤ ਹਲਵਾਰਵੀ ਦੇ ਸੁਧਾਰ ਵਾਲੇ ਘਰ ਪਹੁੰਚੇ। ‘ਦੋਵੇਂ ਭੈਣਾਂ’, ਸਾਡੀਆਂ ਪਤਨੀਆਂ ਆਪਸ ਵਿਚ ਘੁਲ-ਮਿਲ ਗਈਆਂ। ਕੋਈ ਓਪਰਪਨ ਨਾ ਰਿਹਾ। ਉਸ ਤੋਂ ਬਾਅਦ ਜਦ ਵੀ ਮਿਲੇ ਮਨਜੀਤ ਭੈਣ ਨੇ ਸਦਾ ਵੱਡੀ ਭੈਣ ਵਾਲਾ ਮੋਹ ਤੇ ਅਪਣੱਤ ਜਤਾਈ। ਜਦ ਵੀ ਮਿਲਦੇ ਲੱਗਦਾ, ਜਿਵੇਂ ਆਪਣੇ ਹੀ ਪਰਿਵਾਰ ਦੇ ਕਿਸੇ ਜੀਅ ਨੂੰ ਮਿਲ ਰਹੇ ਹੋਈਏ।
1981 ਵਿਚ ਪੰਜਾਬੀ ਸਾਹਿਤ ਅਕਾਦਮੀ ਨੇ ਜਿਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਨੂੰ ਇਨਾਮ ਦਿੱਤਾ, ਉਹਨਾਂ ਵਿਚ ਸੁਰਜੀਤ ਪਾਤਰ ਤੇ ਅਜਮੇਰ ਔਲਖ ਦੇ ਨਾਲ ਮੇਰਾ ਨਾਂ ਵੀ ਸ਼ਾਮਲ ਸੀ। ਅਗਲੇ ਦਿਨ ਇੰਡੀਅਨ ਐਕਸਪ੍ਰੈੱਸ, ਅੰਗਰੇਜ਼ੀ ਤੇ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸਫ਼ਿਆਂ `ਤੇ ਸਾਡੀ ਛੇ ਕਾਲਮੀ ਤਸਵੀਰ ਛਪੀ। ਇਨਾਮ ਮਿਲਣ `ਤੇ ਮੈਂ ਇਹ ਕਿਹਾ ਸੀ, “ਮੈਨੂੰ ਇਹ ਇਨਾਮ ਮਿਲਣ ਦੀ ਇਸ ਕਰ ਕੇ ਵੀ ਬਹੁਤ ਖ਼ੁਸ਼ੀ ਹੈ ਕਿ ਮੈਨੂੰ ਇਹ ਇਨਾਮ ਮੇਰੇ ਸਮਕਾਲੀ ਦੋ ਵੱਡੇ ਲੇਖਕਾਂ- ਪਾਤਰ ਤੇ ਔਲਖ ਦੇ ਨਾਲ ਮਿਲ ਰਿਹਾ ਹੈ। ਇਹਨਾਂ ਦੋਵਾਂ ਲੇਖਕਾਂ ਦੇ ਬਰਾਬਰ ਖਲੋਣਾ ਹੀ ਮੇਰੀ ਵੱਡੀ ਪ੍ਰਾਪਤੀ ਹੈ।”
ਨਿਰਸੰਦੇਹ ਇਹ ਦੋਵੇਂ ਲੇਖਕ ਉਦੋਂ ਵੀ ਤੇ ਹੁਣ ਵੀ ਮੇਰੇ ਨਾਲੋਂ ਕਿਤੇ ਵੱਡੇ ਸਨ/ਹਨ ਪਰ ਇਹ ਇਹਨਾਂ ਦੀ ਵਡਿਆਈ ਹੈ ਕਿ ਮੈਨੂੰ ‘ਬੈਠੇ’ ਹੋਏ ਨੂੰ ਬਾਹੋਂ ਫੜ ਕੇ ਆਪਣੇ ਨਾਲ ਬਰਾਬਰ ਖੜ੍ਹਾ ਕਰ ਲੈਂਦੇ ਰਹੇ ਹਨ।
ਮੈਨੂੰ ਕੋਈ ਇਨਾਮ ਸਨਮਾਨ ਮਿਲਣਾ ਹੁੰਦਾ ਤਾਂ ਔਲਖ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ‘ਸ਼ਾਨਾਂਮੱਤਾ ਬਣਾ ਦਿੰਦਾ। ਜਦ ਕਦੀ ਉਹਨੂੰ ਕਾਲਜ ਵਿਚ ਰੂਬਰੂ ਕਰਨ ਲਈ ਬੁਲਾਇਆ, ਉਹ ਮਾਨਸੇ ਤੋਂ ਜਲੰਧਰ ਤੱਕ ਆਪਣੀ ਮਾਰੂਤੀ ਕਾਰ ਭਜਾਉਂਦਾ ਸਮੇਂ ਤੋਂ ਪਹਿਲਾਂ ਪਹੁੰਚਿਆ ਹੁੰਦਾ। ਜਦ ਕਿਤੇ ਨਾਟਕ ਕਰਨ ਲਈ ਬੇਨਤੀ ਕਰਦਾ, ਉਹ ਆਪਣੀ ਟੀਮ ਨਾਲ ਉੱਡਿਆ ਆਉਂਦਾ। ਅਸੀਂ ਆਪਣੇ ਪਿੰਡ ਦੇ ਗ਼ਦਰੀ ਸ਼ਹੀਦਾਂ ਦੀ ਯਾਦ ਵਿਚ ਹਾਲ ਉਸਾਰਿਆ। ਉਸ ਹਾਲ ਦਾ ਉਦਘਾਟਨ ਕਰਨ ਵਾਸਤੇ ਕੀਤੇ ਜਾਣ ਵਾਲੇ ਸਮਾਗਮ ਵਿਚ ਅਸੀਂ ਅਜਮੇਰ ਔਲਖ ਦਾ ਨਾਟਕ ਕਰਵਾਉਣ ਦਾ ਫ਼ੈਸਲਾ ਕੀਤਾ। ਜਦੋਂ ਤੱਕ ਅਸੀਂ ਜਲੰਧਰੋਂ ਚੱਲ ਕੇ ਸਮਾਗਮ ਸਥਾਨ `ਤੇ ਪਹੁੰਚੇ, ਉਦੋਂ ਕਿਤੇ ਪਹਿਲਾਂ ਔਲਖ ਦੰਪਤੀ ਆਪਣੀ ਟੀਮ ਸਮੇਤ ਸੈਂਕੜੇ ਮੀਲ ਦਾ ਪੈਂਡਾ ਕਰ ਕੇ ਸਾਡੇ ਪਿੰਡ ਪਹੁੰਚ ਚੁੱਕੀ ਸੀ ਤੇ ਔਲਖ ਨਾਟਕ ਲਈ ਸਟੇਜ ਤਿਆਰ ਕਰਨ ਵਿਚ ਰੁੱਝਾ ਹੋਇਆ ਸੀ। ਓਥੇ ਉਹਨੇ ਮੇਰੀ ਹੀ ਕਹਾਣੀ `ਤੇ ਆਧਾਰਿਤ ਨਾਟਕ ‘ਆਪਣਾ ਆਪਣਾ ਹਿੱਸਾ’ ਖੇਡ ਕੇ ਪਿੰਡ ਦੇ ਦਰਸ਼ਕਾਂ ਨੂੰ ਕੀਲ ਲਿਆ।
ਮੇਰੇ ਬੇਟੇ ਸੁਪਨਦੀਪ ਨੇ ਕੈਨੇਡਾ ਵਿਚ ਆ ਕੇ ਮਾਸਿਕ ਪੱਤਰ ‘ਸੀਰਤ’ ਦੀ ਪ੍ਰਕਾਸ਼ਨਾ ਸ਼ੁਰੂ ਕੀਤੀ ਤਾਂ ਉਹਨੇ ਅਜਮੇਰ ਔਲਖ ਨੂੰ ਬੇਨਤੀ ਕੀਤੀ ਕਿ ਉਹ ‘ਸੀਰਤ’ ਵਾਸਤੇ ਜ਼ਰੂਰ ਕੁਝ ਲਿਖ ਕੇ ਭੇਜਿਆ ਕਰੇ। ਕੁਝ ਮੇਰਾ ਲਿਹਾਜ, ਕੁਝ ਭਤੀਜੇ ਦਾ ਮਾਣ; ਔਲਖ ਨੇ ‘ਸੀਰਤ’ ਵਾਸਤੇ ਲਗਾਤਾਰ ਆਪਣੀ ਸਵੈ-ਜੀਵਨੀ ਲਿਖਣੀ ਸ਼ੁਰੂ ਕੀਤੀ। ਸੁਪਨਦੀਪ ਨੇ ‘ਪ੍ਰਾਈਮ ਏਸ਼ੀਆ’ ਟੀ.ਵੀ. `ਤੇ ਅਜਮੇਰ ਔਲਖ ਦੇ ਜੀਵਨ ਅਤੇ ਕਲਾ ਬਾਰੇ ਵਿਸ਼ੇਸ਼ ਪ੍ਰੋਗਰਾਮ ਕੀਤਾ। ਇਸ ਤੋਂ ਇਲਾਵਾ ਇੱਕ ਪ੍ਰੋਗਰਾਮ ਉਹਨੇ ਉਚੇਚੇ ਤੌਰ `ਤੇ ਔਲਖ ਦੀ ਮਾਂ ਦੀ ਵਿਸ਼ੇਸ਼ਤਾ ਤੇ ਔਲਖ ਦੇ ਜੀਵਨ ਵਿਚ ਉਹਦੇ ਯੋਗਦਾਨ ਬਾਰੇ ਵੀ ਬਾਰੇ ਕੀਤਾ ਸੀ। ਦੋਵੇਂ ਪ੍ਰੋਗਰਾਮ ਅੱਜ ਵੀ ਯੂਟਿਊਬ `ਤੇ ਵੇਖੇ ਜਾ ਸਕਦੇ ਹਨ।
ਮੈਨੂੰ ਲੇਖਕ ਹੋਣ ਦਾ ਸਰਟੀਫਿਕੇਟ ਦਿੱਤਾ
ਲੇਖਕ ਭਾਵੇਂ ਕੋਈ ਵੀ ਹੋਵੇ, ਆਪਣੀਆਂ ਲਿਖਤਾਂ ਦੇ ਕਦਰਦਾਨ ਬੋਲਾਂ ਦੀ ਉਡੀਕ ਵਿਚ ਰਹਿੰਦਾ ਹੈ। ਜੇ ਉਹਦੀ ਕਦਰ ਕਿਸੇ ਵੱਡੇ ਆਲੋਚਕ ਦੀ ਥਾਂ ਉਹਦੇ ਕਿਸੇ ਵੱਡੇ ਸਮਕਾਲੀ ਲੇਖਕ ਨੇ ਕੀਤੀ ਹੋਵੇ ਤਾਂ ਉਹ ਰਾਇ ਉਸ ਲਈ ਹੋਰ ਵੀ ਵਧੇਰੇ ਮਹੱਤਵਪੂਰਨ ਹੁੰਦੀ ਹੈ। ਮੇਰੇ ਬਾਰੇ ਲਗਭਗ ਸਾਰੇ ਕਹਿੰਦੇ-ਕਹਾਉਂਦੇ ਆਲੋਚਕਾਂ ਨੇ ਲਿਖਿਆ ਹੈ ਪਰ ਜੋ ਖ਼ੁਸ਼ੀ ਮੈਨੂੰ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਗੁਰਸ਼ਰਨ ਸਿੰਘ, ਰਾਮ ਸਰੂਪ ਅਣਖ਼ੀ, ਪਾਸ਼, ਸੁਰਜੀਤ ਪਾਤਰ ਦੀਆਂ ਮੁਹੱਬਤੀ ਸਤਰਾਂ ਨੇ ਦਿੱਤੀ ਹੈ, ਓਨੀ ਵੱਡੇ ਆਲੋਚਕਾਂ ਦੇ ਵੱਡੇ ਲੇਖਾਂ ਨੇ ਨਹੀਂ ਦਿੱਤੀ। ਸਮੇਂ-ਸਮੇਂ ਅਜਮੇਰ ਔਲਖ ਨੇ ਵੀ ਮੇਰੀਆਂ ਲਿਖਤਾਂ ਅਤੇ ਮੇਰੇ ਵਿਚਾਰਾਂ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ। ‘ਭੱਜੀਆਂ ਬਾਹੀਂ’ ਬਾਰੇ ਲਿਖੀ ਉਸ ਦੀ ਰਾਇ ਇਸ ਦੇ ਸਬੂਤ ਵਜੋਂ ਦਰਜ ਕੀਤੀ ਗਈ ਸੀ। ਏਥੇ ਮੈਂ ਅਜਮੇਰ ਔਲਖ ਦਾ ਇੱਕ ਈ-ਮੇਲ ਪੱਤਰ ਸਾਂਝਾ ਕਰ ਰਿਹਾਂ ਜੋ ਉਹਨੇ 25 ਅਪਰੈਲ 2013 ਨੂੰ ਲਿਖਿਆ ਸੀ। ਉਹਦੇ ਇਸ ਪੱਤਰ ਨੂੰ ਮੈਂ ‘ਸਰਟੀਫਿਕੇਟ’ ਵਜੋਂ ਆਪਣੇ ਨਵੇਂ ਛਪੇ ਕਹਾਣੀ ਸੰਗ੍ਰਹਿ ‘ਜਮਰੌਦ’ ਦੇ ਪਿਛਲੇ ਪੰਨੇ `ਤੇ ਦਰਜ ਕੀਤਾ ਹੈ। ਪਰਿਵਾਰ ਦੀ ਸੁੱਖ-ਸਾਂਦ ਪੁੱਛਣ ਤੋਂ ਬਾਅਦ ਉਹਨੇ ਲਿਖਿਆ ਸੀ:
ਪਿਆਰੇ ਸੰਧੂ-
‘ਸਿਰਜਣਾ’ ਵਿਚ ਪਹਿਲਾਂ ਤੁਹਾਡੀਆਂ ਕਹਾਣੀਆਂ ‘ਜਮਰੌਦ’ ਤੇ ‘ਰਿਮ ਝਿਮ ਪਰਬਤ’ ਪੜ੍ਹੀਆਂ ਸਨ ਤੇ ਹੁਣ ਤੁਹਾਡੀ ਸਵੈ-ਜੀਵਨੀ ਦਾ ਹਿੱਸਾ ਪੜ੍ਹਿਆ। ਇਹ ਤੁਹਾਡੀ ਸਵੈ-ਜੀਵਨੀ ਦਾ ਹਿੱਸਾ ਤਾਂ ਹੈ ਹੀ ਪਰ ਬਹੁਤ ਖ਼ੂਬਸੂਰਤ ਲਿਟਰੇਰੀ ਪੀਸ ਵੀ ਬਣ ਗਿਆ ਹੈ। ਰਿਸ਼ਤਿਆਂ ਦੀ ਥਹੁ ਪਾਉਣ ਵਾਲਾ ਲਿਟਰੇਰੀ ਪੀਸ। ਬੇਸ਼ੱਕ ਪੰਜਾਬੀ ਕਹਾਣੀ ਜਗਤ ਵਿਚ ਅਜੇ ਵੀ ਝੰਡਾ ਵਰਿਆਮ ਸੰਧੂ ਦੇ ਹੱਥ ਹੀ ਹੈ। ਤੁਹਾਡੇ ਵਰਗੇ ਜਿਹੜੇ ਲੇਖਕ ਜ਼ਿੰਦਗੀ ਨਾਲ ਵਫ਼ਾ ਨਿਭਾਉਂਦੇ ਹਨ, ਉਹਨਾਂ ਦੇ ਹੱਥੋਂ ਸਾਹਿਤਕ ਝੰਡਾ ਕੋਈ ਲੱਲੂ-ਪੰਜੂ ਨਹੀਂ ਖੋਹ ਸਕਦਾ। ਬਹੁਤ-ਬਹੁਤ ਵਧਾਈਆਂ ਛੋਟੇ ਵੀਰ ਤੇ ਵੱਡੇ ਲੇਖਕ। ਰਜਵੰਤ ਭੈਣ ਨੂੰ ਸਤਿਕਾਰ, ਸੁਪਨ ਤੇ ਧੀਆਂ ਨੂੰ ਪਿਆਰ। -ਤੁਹਾਡਾ ਆਪਣਾ, ਅਜਮੇਰ ਔਲਖ
(ਚੱਲਦਾ)