ਕੈਨੇਡਾ ਤਿੰਨ ਲੱਖ ਲੋਕਾਂ ਨੂੰ ਨਾਗਰਿਕਤਾ ਦੇਵੇਗਾ

ਓਟਵਾ: ਕੈਨੇਡਾ ਨੇ ਵਿੱਤੀ ਵਰ੍ਹੇ 2022-23 ‘ਚ ਤਿੰਨ ਲੱਖ ਲੋਕਾਂ ਨੂੰ ਮੁਲਕ ਦੀ ਨਾਗਰਿਕਤਾ ਦੇਣ ਦਾ ਟੀਚਾ ਰੱਖਿਆ ਹੈ। ਕੈਨੇਡਾ ਦੇ ਇਸ ਕਦਮ ਨਾਲ ਬਹੁਤੇ ਭਾਰਤੀਆਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ।

ਇਮੀਗਰੇਸ਼ਨ, ਰਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਕਿਹਾ ਹੈ ਕਿ ਉਨ੍ਹਾਂ ਕੁੱਲ 2,85,000 ਅਰਜ਼ੀਆਂ ਦਾ ਅਮਲ ਆਰੰਭਿਆ ਹੈ ਤੇ 31 ਮਾਰਚ, 2023 ਤੱਕ ਤਿੰਨ ਲੱਖ ਹੋਰ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਸਿਫਾਰਸ਼ ਕੀਤੀ ਹੈ। ਵਿਭਾਗ ਨੇ ਇਹ ਵੀ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਨਾਗਰਿਕਤਾ ਲਈ ਸਾਲ ਦੇ ਅਖੀਰ ‘ਚ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ। ਪਿਛਲੇ ਵਿੱਤੀ ਵਰ੍ਹੇ 2021-22 ਨਾਲੋਂ ਇਹ ਗਿਣਤੀ ਬਹੁਤ ਜ਼ਿਆਦਾ ਹੈ। ਕਰੋਨਾ ਮਹਾਮਾਰੀ ਤੋਂ ਪਹਿਲਾਂ 2019-20 ਦੇ ਟੀਚਿਆਂ ਨਾਲੋਂ ਵੀ ਇਹ ਵਧ ਹੈ ਜਦੋਂ 253,000 ਸਿਟੀਜ਼ਨਸ਼ਿਪ ਅਰਜ਼ੀਆਂ ਦਾ ਅਮਲ ਆਰੰਭਿਆ ਗਿਆ ਸੀ। ਮਹਾਮਾਰੀ ਫੈਲਣ ਕਾਰਨ ਵਿਭਾਗ ਮਾਰਚ 2020 ‘ਚ ਅਰਜ਼ੀਆਂ ‘ਤੇ ਵਿਚਾਰ ਨਹੀਂ ਕਰ ਸਕਿਆ ਸੀ। ਮੌਜੂਦਾ ਵਿੱਤੀ ਵਰ੍ਹੇ ‘ਚ ਕੈਨੇਡਾ ਨੇ 1,16,000 ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ ਹੈ ਤੇ ਉਹ ਟੀਚਾ ਹਾਸਲ ਕਰਨ ਵੱਲ ਅੱਗੇ ਵਧ ਰਿਹਾ ਹੈ। ਇਸੇ ਵਕਫ਼ੇ ਦੌਰਾਨ 2021 ‘ਚ ਸਿਰਫ 35 ਹਜ਼ਾਰ ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ ਸੀ। ਉਂਜ ਮੁਲਕਾਂ ਦੇ ਹਿਸਾਬ ਨਾਲ ਨਾਗਰਿਕਤਾ ਹਾਸਲ ਕਰਨ ਵਾਲਿਆਂ ਦਾ ਕੋਈ ਅੰਕੜਾ ਨਹੀਂ ਦਿੱਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ 2022 ‘ਚ ਬਹੁਤੇ ਭਾਰਤੀਆਂ ਨੂੰ ਇਸ ਦਾ ਲਾਭ ਮਿਲਿਆ ਹੈ।