ਸੁਖਬੀਰ ਬਾਦਲ ਲਈ ਚੁਣੌਤੀ ਬਣੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਇਸ ਵਾਰ ਅਕਾਲੀ ਦਲ (ਬਾਦਲ) ਲਈ ਵੱਡੀ ਚੁਣੌਤੀ ਬਣਦੀ ਜਾਪ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਮੈਂਬਰ ਤੇ ਵਿਰੋਧੀ ਧਿਰਾਂ ਇਸ ਵਾਰ ਬਾਦਲਾਂ ਦੀ ਜੇਬ ਵਿਚੋਂ ਨਿਕਲਦੇ ‘ਲਿਫਾਫੇ ਵਾਲੇ ਪ੍ਰਧਾਨ` ਦੀ ਰਵਾਇਤ ਨੂੰ ਤੋੜਨ ਲਈ ਬਜ਼ਿਦ ਹਨ।

ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕਾ ਜਗੀਰ ਕੌਰ ਵੱਲੋਂ ਕਮੇਟੀ ਪ੍ਰਧਾਨ ਦੀ ਚੋਣ ਲੜਨ ਦਾ ਫੈਸਲਾ ਅਕਾਲੀ ਦਲ ਲਈ ਇਕ ਹੋਰ ਵੰਡ ਦਾ ਕਾਰਨ ਬਣਨ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਲਈ ਇਕ ਹੋਰ ਚੁਣੌਤੀ ਖੜ੍ਹੀ ਕਰ ਗਿਆ ਹੈ। ਜਗੀਰ ਕੌਰ ਨੇ ਸਾਫ ਆਖ ਦਿੱਤਾ ਹੈ ਕਿ ਉਹ ਹਰ ਹਾਲ ਚੋਣ ਲੜਨਗੇ। ਜਗੀਰ ਕੌਰ ਵੱਲੋਂ ਅਹੁਦੇਦਾਰਾਂ ਦੀ ਚੋਣ ਵਾਸਤੇ ਸੱਦੇ ਜਨਰਲ ਇਜਲਾਸ ਨੂੰ 9 ਨਵੰਬਰ ਦੀ ਥਾਂ ਅਗਾਂਹ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਤਕਰੀਬਨ ਇਕ ਦਰਜਨ ਤੋਂ ਵੱਧ ਕਮੇਟੀ ਮੈਂਬਰ ਵਿਦੇਸ਼ ਵਿਚ ਹਨ, ਉਹ ਵੋਟ ਪਾਉਣ ਤੋਂ ਵਾਂਝੇ ਰਹਿ ਜਾਣਗੇ; ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਜਨਰਲ ਹਾਊਸ ਸਿੱਖ ਗੁਰਦੁਆਰਾ ਐਕਟ ਮੁਤਾਬਕ 21 ਦਿਨਾਂ ਦੇ ਵਕਫ਼ੇ ਬਾਅਦ ਸੱਦਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸੂਚਨਾ ਵੀ ਭੇਜ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਵਿਦੇਸ਼ ਵਿਚ ਹਨ, ਉਨ੍ਹਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਜਗੀਰ ਕੌਰ ਨੂੰ ਚੋਣ ਨਾ ਲੜਨ ਲਈ ਮਨਾਉਣ ਵਾਸਤੇ ਹਰ ਹੀਲਾ ਵਰਤ ਰਹੇ ਹਨ। ਯਾਦ ਰਹੇ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਸਮੇਂ ਹਮੇਸ਼ਾ ਦੋਸ਼ ਲੱਗਦੇ ਆਏ ਹਨ ਕਿ ਜਮਹੂਰੀ ਢੰਗ ਦੀ ਥਾਂ ਬਾਦਲ ਪਰਿਵਾਰ ਵੱਲੋਂ ਪਹਿਲਾਂ ਹੀ ਤੈਅ ਕੀਤੇ ਨਾਮ ਦਾ ਐਲਾਨ ਕਰ ਕੇ ਸਿੱਖ ਸੰਗਤ ਨੂੰ ਗੁਮਰਾਹ ਕੀਤਾ ਜਾਂਦਾ ਹੈ। ਇਜਲਾਸ ਤੋਂ ਐਨ ਪਹਿਲਾਂ ਪ੍ਰਧਾਨ ਦੀ ਚੋਣ ਦੇ ਅਧਿਕਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ ਜਾਂਦੇ ਹਨ। ‘ਲਿਫਾਫਾ ਪ੍ਰਧਾਨ` ਦੀ ਇਸ ‘ਪਰੰਪਰਾ` ਖਿਲਾਫ ਕਈ ਵਾਰ ਬਾਗੀ ਸੁਰਾਂ ਉਠੀਆਂ ਹਨ ਪਰ ਕਿਸੇ ਦੀ ਕੋਈ ਪੇਸ਼ ਨਹੀਂ ਚੱਲੀ ਹਾਲਾਂਕਿ ਇਸ ਵਾਰ ਹਾਲਾਤ ਕੁਝ ਵੱਖਰੇ ਹਨ। ਅਕਾਲੀ ਦਲ (ਬਾਦਲ) ਇਸ ਵੇਲੇ ਅੰਦਰੂਨੀ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ। ਬਹਿਬਲ ਕਲਾਂ ਅਤੇ ਬੇਅਦਬੀ ਦੀਆਂ ਘਟਨਾਵਾਂ, ਸੀਨੀਅਰ ਲੀਡਰਾਂ ਵੱਲੋਂ ਪਾਰਟੀ ਛੱਡਣ, ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਚੁਣੌਤੀਆਂ ਨੇ ਬਾਦਲ ਧੜੇ ਨੂੰ ਪੈਰੋਂ ਕੱਢਿਆ ਹੋਇਆ ਹੈ। ਪਿਛਲੇ ਦਿਨੀਂ ਅਕਾਲੀ ਦਲ ਦੇ ਚੋਣ ਨਿਸ਼ਾਨ ਉਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜੇਤੂ ਰਹੇ ਧੜੇ ਨੇ ਭਾਜਪਾ ਦੀ ਸਰਪ੍ਰਸਤੀ ਨਾਲ ਅਕਾਲੀ ਦਲ ਤੋਂ ਤੋੜ-ਵਿਛੋੜਾ ਕਰ ਲਿਆ ਸੀ। ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਇਸ ਕਾਰਨ ਅਕਾਲੀ ਦਲ ਦੇ ਦਿੱਲੀ ਵਿਚ ਆਧਾਰ ਨੂੰ ਵੱਡਾ ਖੋਰਾ ਲੱਗਾ ਸੀ।
ਪੰਜਾਬ ‘ਚ ਪੰਜ ਸਾਲਾਂ ਦੇ ਵਕਫ਼ੇ ਦੌਰਾਨ ਹੀ ਦੋ ਵਿਧਾਨ ਸਭਾ ਅਤੇ ਇਕ ਸੰਸਦੀ ਚੋਣ ‘ਚ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਅਕਾਲੀ ਦਲ ਪੂਰੀ ਤਰ੍ਹਾਂ ਸੰਕਟ ‘ਚ ਘਿਰਿਆ ਹੋਇਆ ਹੈ। ਪਾਰਟੀ ਦੀ ਲੀਡਰਸ਼ਿਪ ਵੀ ਨਮੋਸ਼ੀ ਭਰੇ ਮਹੌਲ ‘ਚ ਲੰਘ ਰਹੀ ਹੈ। ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਬਣਾਈ ਕਮੇਟੀ ਦੀ ਰਿਪੋਰਟ ਤੋਂ ਬਾਅਦ ਪੈਦਾ ਹੋਏ ਹਾਲਾਤ ਨੇ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ। ਪਤਾ ਲੱਗਾ ਹੈ ਕਿ ਇਸ ਕਮੇਟੀ ਦੀ ਰਿਪੋਰਟ ਵਿਚ ਪ੍ਰਧਾਨ ਬਦਲਣ ਦਾ ਸਪਸ਼ਟ ਇਸ਼ਾਰਾ ਸੀ ਜਿਸ ਨੂੰ ਹੇਠਲੀ ਲੀਡਰਸ਼ਿਪ ਤਬਦੀਲੀ ਤੱਕ ਹੀ ਸੀਮਤ ਕਰ ਦਿੱਤਾ ਗਿਆ। ਇਸ ਪਿੱਛੋਂ ਬਾਗੀ ਸੁਰਾਂ ਉਠਣੀਆਂ ਸ਼ੁਰੂ ਹੋਈਆਂ। ਅਕਾਲੀ ਦਲ ਵੱਲੋਂ ਪੈਰਾਂ ਸਿਰ ਹੋਣ ਲਈ ਪੰਥਕ ਏਕੇ ਦੀ ਦੁਹਾਈ ਪਾਈ ਜਾ ਰਹੀ ਹੈ। ਅਕਾਲੀ ਤਖਤ ਦੇ ਜਥੇਦਾਰ ਵੱਲੋਂ ਅਕਾਲੀ ਦਲ ਨੂੰ ਤਕੜਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਹਾਲਾਂਕਿ ਕੁਝ ਪੰਥਕ ਧਿਰਾਂ ਵੱਲੋਂ ਇਸ ਏਕੇ ਲਈ (ਪੰਥਕ ਮੇਲ) ਲਈ ਬਾਦਲ ਪਰਿਵਾਰ ਖਾਸਕਰ ਸੁਖਬੀਰ ਬਾਦਲ ਨੂੰ ਲਾਂਭੇ ਕਰਨ ਦੀ ਮੰਗ ਰੱਖੀ ਜਾ ਰਹੀ ਹੈ। ਇਨ੍ਹਾਂ ਚੁਣੌਤੀਆਂ ਵਿਚਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅਕਾਲੀ ਦਲ ਲਈ ਕਾਫੀ ਅਹਿਮੀਅਤ ਰੱਖਦੀ ਹੈ।
ਐਤਕੀਂ ਪ੍ਰਧਾਨ ਲਿਫਾਫੇ `ਚੋਂ ਨਹੀਂ ਨਿਕਲੇਗਾ: ਢੀਂਡਸਾ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਬੰਧੀ ਉਹ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ ਜ਼ਮੀਰ ਦੀ ਆਵਾਜ਼ ਨਾਲ ਵੋਟ ਦਾ ਇਸਤੇਮਾਲ ਕਰ ਕੇ ਪ੍ਰਧਾਨ ਦੀ ਚੋਣ ਕਰਨ। ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਚੋਣ ਲੜਨ ਦੇ ਐਲਾਨ ਸਬੰਧੀ ਢੀਂਡਸਾ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਦੇ ਵਿਰੋਧ ਵਿਚ ਲੜਨ ਵਾਲੇ ਉਮੀਦਵਾਰ ਦਾ ਸਮਰਥਨ ਕਰਨਗੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਿਫਾਫੇ ਵਿਚੋਂ ਨਹੀਂ ਨਿਕਲੇਗਾ।