ਪ੍ਰਾਪਤੀ ਅਤੇ ਵਿਹਾਰ

ਰਿਸ਼ੀ ਸੂਨਕ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਣਨ ‘ਤੇ ਪੰਜਾਬੀਆਂ ਦਾ ਵੱਖਰਾ ਜਿਹਾ ਵਿਹਾਰ ਸਾਹਮਣੇ ਆਇਆ ਹੈ। ਪਹਿਲਾਂ ਵੀ ਜਦੋਂ ਪੰਜਾਬੀ ਵਿਦੇਸ਼ੀ ਧਰਤੀਆਂ ਉਤੇ ਕੋਈ ਮਾਅਰਕਾ ਮਾਰਦੇ ਹਨ ਤਾਂ ਅਜਿਹਾ ਵਿਹਾਰ ਸਾਹਮਣੇ ਆਉਂਦਾ ਰਿਹਾ ਹੈ। ਵੱਖ-ਵੱਖ ਮੁਲਕਾਂ ਵਿਚ ਪੰਜਾਬੀਆਂ, ਖਾਸਕਰ ਸਿੱਖਾਂ ਨੇ ਵਾਹਵਾ ਮੱਲਾਂ ਮਾਰੀਆਂ ਹਨ ਅਤੇ ਇਨ੍ਹਾਂ ਪੰਜਾਬੀਆਂ/ਸਿੱਖਾਂ ਦਾ ਪੰਜਾਬ ਲਈ ਮੋਹ-ਮੁਹੱਬਤ ਵੀ ਗਾਹੇ-ਬਗਾਹੇ ਚਰਚਾ ਵਿਚ ਆਉਂਦੇ ਰਹੇ ਹਨ।

ਐਤਕੀਂ ਸਿੱਖਾਂ ਦੇ ਇਕ ਹਿੱਸੇ ਅੰਦਰ ਜੇ ਰਿਸ਼ੀ ਸੂਨਕ ਦੀ ਇਸ ਪ੍ਰਾਪਤੀ ਬਾਰੇ ਕੋਈ ਚਰਚਾ ਨਹੀਂ ਚੱਲੀ ਤਾਂ ਇਸ ਦੇ ਕਾਰਨ ਸਮਝੇ ਜਾ ਸਕਦੇ ਹਨ। ਅਸਲ ਵਿਚ ਅਸੀਂ ਧਰਮ, ਜਾਤ, ਨਸਲ ਦੇ ਆਧਾਰ ‘ਤੇ ਚਰਚਾ ਕਰਨ ਦੇ ਆਦੀ ਹੋ ਚੁੱਕੇ ਹਾਂ। ਇਸ ਪਿਛੋਕੜ ਵਿਚ ਵਿਦੇਸ਼ਾਂ ਧਰਤੀਆਂ ਉਤੇ ਪੰਜਾਬੀਆਂ/ਸਿੱਖਾਂ ਦੀਆਂ ਪ੍ਰਾਪਤੀਆਂ ਲਈ ਅਸੀਂ ਹੁੱਬਦੇ ਹਾਂ ਪਰ ਪੰਜਾਬ ਵਿਚ ਭਾਰਤ ਦੇ ਹੋਰ ਸੂਬਿਆਂ ਤੋਂ ਆ ਕੇ ਵੱਸਣ ਵਾਲਿਆਂ ‘ਤੇ ਇਤਰਾਜ਼ ਕਰਦੇ ਹਾਂ। ਪੰਜਾਬ ਦਾ ਪਰਵਾਸ ਨਾਲ ਬੜਾ ਗਹਿਰਾ ਸਬੰਧ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਪੰਜਾਬ ਤੋਂ ਹੋਰ ਥਾਈਂ ਪਰਵਾਸ ਕੀਤਾ ਹੈ ਅਤੇ ਇਸੇ ਤਰ੍ਹਾਂ ਹੋਰ ਥਾਵਾਂ ਤੋਂ ਲੋਕ ਆਣ ਕੇ ਪੰਜਾਬ ਵਿਚ ਵੱਸਦੇ-ਰਸਦੇ ਰਹੇ ਹਨ। ਉਂਝ ਵੀ ਸੰਸਾਰ ਪੱਧਰ ‘ਤੇ ਪਰਵਾਸ ਦਾ ਇਹ ਵਰਤਾਰਾ ਘੱਟ ਜਾਂ ਵੱਧ ਲਗਾਤਾਰ ਚੱਲਦਾ ਰਹਿੰਦਾ ਹੈ ਪਰ ਪੰਜਾਬ ਵਿਚੋਂ ਪਿਛਲੇ ਕੁਝ ਸਾਲਾਂ ਤੋਂ ਬਾਹਰਲੇ ਮੁਲਕਾਂ ਵਿਚ ਜਾਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਸ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ ਜੋ ਚੰਗੇਰੇ ਭਵਿੱਖ ਲਈ ਪੱਛਮੀ ਮੁਲਕਾਂ ਦਾ ਰੁਖ ਕਰ ਰਹੇ ਹਨ।
ਰਿਸ਼ੀ ਸੂਨਕ ਦੀ ਕਹਾਣੀ ਰਤਾ ਵੱਖਰੀ ਹੈ। ਉਸ ਦਾ ਪੜਦਾਦਾ ਰਾਮਦਾਸ ਸੂਨਕ ਲਹਿੰਦੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ਵਿਚ ਜੰਮਿਆ ਸੀ ਅਤੇ 1935 ਵਿਚ ਕੀਨੀਆ ਦੇ ਨੈਰੋਬੀ ਸ਼ਹਿਰ ਵਿਚ ਨੌਕਰੀ ਕਰਨ ਗਿਆ। ਉਸ ਦਾ ਪੜਨਾਨਾ ਰਘੁਬੀਰ ਬੈਰੀ ਤਨਜ਼ਾਨੀਆ ਦੇ ਇਕ ਹਿੱਸੇ ਤੰਗਨਈਕਾ ਜੋ 1916 ਤੋਂ 1961 ਤਕ ਅੰਗਰੇਜ਼ ਸਾਮਰਾਜ ਦੀ ਬਸਤੀ ਸੀ, ਵਿਚ ਸਰਕਾਰੀ ਅਧਿਕਾਰੀ ਸੀ। ਇਹ ਪਰਿਵਾਰ 1960ਵਿਆਂ ਵਿਚ ਇੰਗਲੈਂਡ ਪੁੱਜੇ। ਸੂਨਕ ਦਾ ਪਿਤਾ ਯਸ਼ਵੀਰ ਸੂਨਕ ਡਾਕਟਰ ਸੀ ਅਤੇ ਮਾਂ ਊਸ਼ਾ ਸੂਨਕ ਫਾਰਮਾਸਿਸਟ। ਸੂਨਕ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਵਿਚ ਪੜ੍ਹਿਆ। ਉਸ ਦਾ ਵਿਆਹ ਭਾਰਤੀ ਕੰਪਨੀ ਇੰਫੋਸਿਸ ਦੇ ਬਾਨੀ ਐੱਚ.ਆਰ. ਨਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਨਾਲ ਹੋਇਆ। 2015 ਵਿਚ ਉਹ ਪਹਿਲੀ ਵਾਰ ਕੰਜ਼ਰਵੇਟਿਵ ਪਾਰਟੀ ਦੀ ਟਿਕਟ `ਤੇ ਰਿਚਮੰਡ ਹਲਕੇ ਤੋਂ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਕਾਮਨਜ਼` ਦਾ ਮੈਂਬਰ ਚੁਣਿਆ ਗਿਆ। ਉਸ ਨੇ 2017 ਅਤੇ 2019 ਦੀਆਂ ਚੋਣਾਂ ਵਿਚ ਵੀ ਇਸੇ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। 2017 ਵਿਚ ਉਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵਿਚ ਥਾਂ ਮਿਲੀ। 2020 ਵਿਚ ਉਹ ਵਿੱਤ ਮੰਤਰੀ ਬਣਿਆ ਅਤੇ 5 ਜੁਲਾਈ 2022 ਤਕ ਇਸ ਅਹੁਦੇ `ਤੇ ਰਿਹਾ। ਕਰੋਨਾ ਮਹਾਮਾਰੀ ਦੌਰਾਨ ਉਸ ਨੇ ਇੰਗਲੈਂਡ ਦੇ ਅਰਥਚਾਰੇ ਨੂੰ ਸਥਿਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ। 2021 ਦੇ ਬਜਟ ਵਿਚ ਉਸ ਨੇ ਕਾਰਪੋਰੇਟ ਅਦਾਰਿਆਂ `ਤੇ ਟੈਕਸ 19 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰ ਦਿੱਤਾ। 1974 ਤੋਂ ਬਾਅਦ ਉਹ ਇਸ ਟੈਕਸ ਵਿਚ ਵਾਧਾ ਕਰਨ ਵਾਲਾ ਪਹਿਲਾ ਵਿੱਤ ਮੰਤਰੀ ਸੀ। ਜੂਨ-ਜੁਲਾਈ 2022 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਕਰੋਨਾ ਮਹਾਮਾਰੀਆਂ ਦੌਰਾਨ ਦਿੱਤੀਆਂ ਪਾਰਟੀਆਂ ਅਤੇ ਕਰਿਸ਼ ਪਿੰਚਰ ਜਿਸ `ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਹੋਏ ਸਨ, ਦੀ ਨਿਯੁਕਤੀ ਕਰਨ ਬਾਰੇ ਵਿਵਾਦ ਭਖਿਆ ਅਤੇ ਜੌਹਨਸਨ ਨੂੰ ਵੀ ਅਸਤੀਫ਼ਾ ਦੇਣਾ ਪਿਆ। ਸੂਨਕ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਿਆ ਪਰ ਕੰਜ਼ਰਵੇਟਿਵ ਪਾਰਟੀ ਦੀਆਂ ਅੰਦਰੂਨੀ ਚੋਣਾਂ ਵਿਚ ਉਹ ਲਿਜ਼ ਟਰੱਸ ਤੋਂ ਹਾਰ ਗਿਆ। ਲਿਜ਼ ਟਰੱਸ ਸਰਕਾਰ ਚਲਾਉਣ ਵਿਚ ਅਸਫ਼ਲ ਰਹੀ ਅਤੇ ਸੂਨਕ ਬਿਨਾ ਮੁਕਾਬਲਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁਣ ਲਿਆ ਗਿਆ ਹੈ।
ਨਸਲਵਾਦ ਵਿਰੋਧੀ ਕੋਣ ਤੋਂ ਸੂਨਕ ਦਾ ਪ੍ਰਧਾਨ ਮੰਤਰੀ ਬਣਨਾ ਬਹੁਤ ਅਹਿਮ ਹੈ। ਉਹ ਪਹਿਲਾ ਪ੍ਰਧਾਨ ਮੰਤਰੀ ਹੈ ਜੋ ਗੋਰੀ ਨਸਲ ਵਿਚੋਂ ਨਹੀਂ। ਉਂਝ, ਉਸ ਨੂੰ ਵਧ ਰਹੀ ਮਹਿੰਗਾਈ, ਤੇਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਵਰਗੀਆਂ ਚੁਣੌਤੀਆਂ ਉਸ ਦੇ ਸਾਹਮਣੇ ਹਨ। ਇਸ ਦੇ ਨਾਲ ਹੀ ਇਹ ਵੀ ਸਚਾਈ ਹੈ ਕਿ ਉਹ ਇੰਗਲੈਂਡ ਦੀ ਸੱਜੇ-ਪੱਖੀ ਹਾਕਮ ਜਮਾਤ ਦਾ ਨੁਮਾਇੰਦਾ ਹੈ। ਪਰਵਾਸੀ ਮਸਲਿਆਂ ਬਾਰੇ ਉਸ ਦੀ ਕੀ ਪਹੁੰਚ ਹੋਵੇਗੀ, ਇਹ ਤਾਂ ਆਉਣ ਵਾਲੇ ਸਮੇਂ ਦੌਰਾਨ ਹੀ ਸਾਹਮਣੇ ਆਉਣੀ ਹੈ ਪਰ ਉਹ ਕਿਵੇਂ ਵੀ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਲਾਂਭੇ ਜਾ ਨਹੀਂ ਸਕੇਗਾ। ਇਸੇ ਕਰਕੇ ਇਸ ਮਸਲੇ ਉਤੇ ਉਹ ਸ਼ਾਇਦ ਉਹ ਕੁਝ ਕਦੀ ਵੀ ਨਾ ਕਰ ਸਕੇ ਜਿਸ ਦੀ ਤਵੱਕੋ ਉਸ ਦੇ ਭਾਰਤੀ ਮੂਲ ਹੋਣ ਕਰਕੇ ਲੋਕ ਇਸ ਵਕਤ ਕਰ ਰਹੇ ਹਨ। ਅਸਲ ਵਿਚ ਸੱਤਾ ਦੀ ਸਿਆਸਤ ਦੀਆਂ ਆਪਣੀ ਵੱਖਰੀਆਂ ਗੁਝੰਲਾਂ ਹਨ। ਇਹ ਗੁੰਝਲਾਂ ਸਬੰਧਤ ਪਾਰਟੀ ਦੀਆਂ ਨੀਤੀਆਂ ਨਾਲ ਹੀ ਖੁੱਲ੍ਹਣੀਆਂ ਜਾਂ ਪਹਿਲਾਂ ਨਾਲੋਂ ਵੀ ਪੀਡੀਆਂ ਹੋਣੀਆਂ ਹੁੰਦੀਆਂ ਹਨ। ਸਮੁੱਚੇ ਸੰਸਾਰ ਦੀ ਸਿਆਸਤ ਦਾ ਮਿਜ਼ਾਜ ਇਸ ਵਕਤ ਦੱਸਦਾ ਹੈ ਕਿ ਬਹੁਤ ਸਾਰੇ ਮੁਲਕਾਂ ਵਿਚ ਸੱਜੇ-ਪੱਖੀ ਸਿਆਸਤ ਦੀ ਚੜ੍ਹਤ ਹੈ। ਪੰਜਾਬੀਆਂ ਅਤੇ ਭਾਰਤੀਆਂ ਨੇ ਰਿਸ਼ੀ ਸੂਨਕ ਦੇ ਪ੍ਰਧਾਨ ਮੰਤਰੀ ਬਣਨ ‘ਤੇ ਜਸ਼ਨ ਮਨਾਏ ਹਨ ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਉਹ ਇੰਗਲੈਂਡ ਦਾ ਨਾਗਰਿਕ ਹੈ ਅਤੇ ਉਸ ਨੇ ਇੰਗਲੈਂਡ ਤੇ ਆਪਣੀ ਪਾਰਟੀ ਨਾਲ ਹੀ ਤੁਰਨਾ ਹੈ। ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਤੋਂ ਉਸ ਦਾ ਪ੍ਰਧਾਨ ਮੰਤਰੀ ਬਣਨਾ ਇੰਗਲੈਂਡ ਵਿਚ ਨਵਾਂ ਇਤਿਹਾਸ ਸਿਰਜ ਗਿਆ ਹੈ। ਉਸ ਦੇ ਪੁਰਖੇ ਜਦੋਂ ਪੰਜਾਬ ਤੋਂ ਗਏ ਸਨ ਤਾਂ ਮੁਲਕ ਅੰਗਰੇਜ਼ਾਂ ਦਾ ਗੁਲਾਮ ਸੀ ਅਤੇ ਹੁਣ ਉਹ ਅੰਗਰੇਜ਼ਾਂ ਦੇ ਮੁਲਕ ਦਾ ਮੁਖੀ ਬਣ ਗਿਆ ਹੈ। ਇਹ ਸਭ ਲੋਕਤੰਤਰ ਕਰ ਕੇ ਸੰਭਵ ਹੋ ਸਕਿਆ ਹੈ। ਅਜਿਹੀਆਂ ਘਟਨਾਵਾਂ ਨੇ ਇਤਿਹਾਸ ਵਿਚ ਆਪਣਾ ਯੋਗਦਾਨ ਪਾਇਆ ਹੈ ਅਤੇ ਬਹੁਤ ਵਾਰ ਸੱਤਾ ਤੇ ਸਿਆਸਤ ਦੇ ਮੁਹਾਣ ਮੋੜੇ ਹਨ। ਦੇਖਦੇ ਹਾਂ ਕਿ ਰਿਸ਼ੀ ਸੂਨਕ ਦੀ ਇਹ ਪ੍ਰਾਪਤੀ ਪੰਜਾਬੀਆਂ ਜਾਂ ਭਾਰਤੀਆਂ ਲਈ ਕਿੰਨਾ ਕੁ ਹੁਲਾਰਾ ਲੈ ਕੇ ਆਉਂਦੀ ਹੈ।