ਮਾਧੁਰੀ ਦੀਕਸ਼ਿਤ ਦਾ ਹੁਣ ‘ਮਾਜਾ ਮਾਂ’ ਦਾ ਜਾਦੂ

ਕੁਦਰਤ ਕੌਰ
ਆਪਣੇ ਵੇਲਿਆਂ ਦੀ ਸੁਪਰ ਸਟਾਰ ਆਧੁਰੀ ਦੀਕਸ਼ਿਤ ਨੇਨੇ ਨੇ ਕਿਹਾ ਹੈ ਕਿ ਹੁਣ ਡਿਜੀਟਲ ਪਲੈਟਫਾਰਮਾਂ ਨੇ ਫਿਲਮਾਂ ਨੂੰ ਬਾਕਸ ਆਫਿਸ ਦੇ ਟਰੈਪ ਤੋਂ ਮੁਕਤ ਕਰਵਾ ਦਿੱਤਾ ਹੈ। ਹੁਣ ਸਭ ਅਦਾਕਾਰ ਆਪਣੀ ਮਰਜ਼ੀ ਦੇ ਰੋਲ ਨਿਭਾਉਣ ਲਈ ਕਮਰ ਕੱਸ ਰਹੇ ਹਨ। ਉਹ ‘ਪ੍ਰਾਈਮ ਵੀਡੀਓ’ ‘ਤੇ ਰਿਲੀਜ਼ ਹੋਈ ਆਪਣੀ ਫਿਲਮ ‘ਮਾਜਾ ਮਾਂ’ ਬਾਰੇ ਵਿਚਾਰ ਪ੍ਰਗਟ ਕਰ ਰਹੀ ਸੀ। ਇਸ ਫਿਲਮ ਵਿਚ ਮਾਧੁਰੀ ਨੇ ਪੱਲਵੀ ਪਟੇਲ ਨਾਂ ਦਾ ਕਿਰਦਾਰ ਨਿਭਾਇਆ ਹੈ ਜੋ ਸਮਲਿੰਗੀ ਹੈ। ਇਸ ਫਿਲਮ ਵਿਚ ਤਣਾਅ ਸਿਖਰਾਂ ‘ਤੇ ਹੈ। ਉਹ ਆਪਣੀ ਵਿਅਕਤੀਗਤ ਇੱਛਾਵਾਂ ਨੂੰ ਵੀ ਮਰਨ ਨਹੀਂ ਦਿੰਦੀ ਅਤੇ ਨਾਲ ਦੀ ਨਾਲ ਆਪਣੇ ਪਰਿਵਾਰ ਦੇ ਜ਼ਾਬਤੇ ਵਿਚ ਰਹਿਣ ਦੀ ਕੋਸ਼ਿਸ਼ ਵੀ ਕਰਦੀ ਹੈ।

ਯਾਦ ਰਹੇ ਕਿ ਮਾਧੁਰੀ ਦੀਕਸ਼ਿਤ ਨੇ ਇਸੇ ਸਾਲ ਨੈੱਟਫਲਿਕਸ ਸੀਰੀਜ਼ ਰਾਹੀਂ ਪਹਿਲੀ ਵਾਰ ‘ਦਿ ਫੇਮ ਗੇਮ’ ਨਾਲ ਓ.ਟੀ.ਟੀ. ‘ਤੇ ਹਾਜ਼ਰੀ ਲੁਆਈ ਸੀ ਅਤੇ ਉਸ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਸੀ। ਮਾਧੁਰੀ ਦੀਕਸ਼ਿਤ ਨੇ ਇਸ ਸਬੰਧੀ ਕਿਹਾ, “ਅਸਲ ਵਿਚ 1990ਵਿਆਂ ਵਾਲਾ ਦੌਰ ਬਿਲਕੁਲ ਵੱਖਰਾ ਸੀ। ਹੁਣ ਓ.ਟੀ.ਟੀ. ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਹੈ। ਨਵੀਂਆਂ-ਨਵੀਆਂ ਕਹਾਣੀ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ। ਸਭ ਨੂੰ ਵੱਡੇ ਪੱਧਰ ‘ਤੇ ਮੌਕਾ ਮਿਲ ਰਿਹਾ ਹੈ।”
ਚੇਤੇ ਰਹੇ ਕਿ ਮਾਧੁਰੀ ਦੀਕਸ਼ਿਤ ਨੇ ‘ਤੇਜ਼ਾਬ’, ‘ਦਿਲ’, ‘ਖਲਨਾਇਕ’, ‘ਹਮ ਆਪ ਕੇ ਹੈਂ ਕੌਨ’ ਵਰਗੀਆਂ ਵਪਾਰਕ ਤੌਰ ‘ਤੇ ਸਫਲ ਫਿਲਮਾਂ ਕੀਤੀਆਂ ਹਨ; ਇਸ ਤੋਂ ਇਲਾਵਾ ‘ਮ੍ਰਿਤਯੂਦੰਡ’, ‘ਪ੍ਰਹਾਰ’, ‘ਲੱਜਾ’, ‘ਡੇਢ ਇਸ਼ਕੀਆ’ ਤੇ ‘ਪੁਕਾਰ’ ਵਰਗੀਆਂ ਫਿਲਮਾਂ ਵੀ ਕੀਤੀਆਂ ਹਨ ਜੋ ਵਪਾਰਕ ਪੱਖੋਂ ਤਾਂ ਸਫਲ ਰਹੀਆਂ ਹੀ, ਕਲਾ ਕਰਕੇ ਵੀ ਇਨ੍ਹਾਂ ਫਿਲਮਾਂ ਦੀ ਚਰਚਾ ਹੋਈ।
ਫਿਲਮ ‘ਮਾਜਾ ਮਾਂ’ ਦਾ ਨਿਰਦੇਸ਼ਨ ਆਨੰਦ ਤਿਵਾੜੀ ਨੇ ਕੀਤਾ ਹੈ। ਫਿਲਮ ਬਾਰੇ ਆਨੰਦ ਤਿਵਾੜੀ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਵਿਸ਼ਾ ਰਤਾ ਕੁ ਹਟਵਾਂ ਹੈ। ਇਸ ਵਿਸ਼ੇ ‘ਤੇ ਭਾਵੇਂ ਪਹਿਲਾਂ ਵੀ ਕੁਝ ਫਿਲਮਾਂ ਬਣ ਚੁੱਕੀਆਂ ਹਨ ਪਰ ਇਸ ਫਿਲਮ ਵਿਚ ਪਰਿਵਾਰ ਅਤੇ ਸਮਾਜ ਨੂੰ ਓਨੀ ਹੀ ਅਹਿਮੀਅਤ ਦਿੱਤੀ ਗਈ ਹੈ। ਮਾਧੁਰੀ ਦੀਕਸ਼ਿਤ ਨੇ ਫਿਲਮ ਵਿਚ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।
ਇਸੇ ਦੌਰਾਨ ਮਾਧੁਰੀ ਦੀਕਸ਼ਿਤ ਨੇ ਕਿਹਾ ਕਿ ਉਸ ਨੇ ਆਪਣੇ ਕਰੀਅਰ ਦੌਰਾਨ ਹਰ ਤਰ੍ਹਾਂ ਦੀ ਫਿਲਮ ਅਤੇ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣ ਦਾ ਯਤਨ ਕੀਤਾ ਹੈ। ਸੁਪਰ ਸਟਾਰ ਹੋਣ ਨੇ ਉਸ ਦੇ ਕੰਮ ਵਿਚ ਕਦੀ ਅੜਿੱਕਾ ਨਹੀਂ ਪਾਇਆ। 15 ਮਈ 1967 ਨੂੰ ਜਨਮੀ ਮਾਧੁਰੀ ਦੀਕਸ਼ਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਅਬੋਧ’ ਨਾਲ ਸਾਲ 1984 ਵਿਚ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ‘ਅਵਾਰਾ ਬਾਪ’, ‘ਸਵਾਤੀ’, ‘ਮਾਨਵ ਹੱਤਿਆ’, ‘ਹਿਫਾਜ਼ਤ’, ‘ਉਤਰ ਦਕਸ਼ਿਨ’, ‘ਮੋਹਰੇ’ ਆਦਿ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਨ੍ਹਾਂ ਵਿਚੋਂ ਕੋਈ ਵੀ ਫਿਲਮ ਵਪਾਰਕ ਪੱਖੋਂ ਸਫਲ ਨਾ ਹੋ ਸਕੀ ਅਤੇ ਉਸ ਦਾ ਕਰੀਅਰ ਉਡਾਰੀ ਨਹੀਂ ਭਰ ਸਕਿਆ। ਫਿਰ 1988 ਵਿਚ ਜਦੋਂ ਫਿਲਮ ‘ਦਯਾਵਾਨ’ ਰਿਲੀਜ਼ ਹੋਈ ਤਾਂ ਉਸ ਦੀ ਚਰਚਾ ਆਰੰਭ ਹੋਈ। ਇਹ ਫਿਲਮ ਫਿਰੋਜ਼ ਖਾਨ ਨੇ ਨਿਰਦੇਸ਼ਤ ਕੀਤੀ ਸੀ ਅਤੇ ਇਸ ਵਿਚ ਮਾਧੁਰੀ ਦੀਕਸ਼ਿਤ ਨਾਲ ਵਿਨੋਦ ਖੰਨਾ, ਫਿਰੋਜ਼ ਖਾਨ ਤੇ ਆਦਿੱਤਿਆ ਪੰਚੋਲੀ ਵੀ ਸਨ। ਇਹ ਫਿਲਮ ਬਾਕਸ ਆਫਿਸ ‘ਤੇ ਹਿੱਟ ਰਹੀ ਅਤੇ ਫਿਲਮ ਆਲੋਚਕਾ ਨੇ ਵੀ ਇਸ ਦਾ ਨੋਟਿਸ ਲਿਆ। ਇਸ ਦੇ ਨਾਲ ਹੀ ਮਾਧੁਰੀ ਦੀਕਸ਼ਿਤ ਦਾ ਨੋਟਿਸ ਲਿਾਅ ਗਿਆ।
ਇਸੇ ਹੀ ਸਾਲ ਮਾਧੁਰੀ ਦੀਕਸ਼ਿਤ ਦੀ ਫਿਲਮ ‘ਤੇਜ਼ਾਬ’ ਰਿਲੀਜ਼ ਹੋਈ ਤਾਂ ਫਿਲਮੀ ਦੁਨੀਆ ਅੰਦਰ ਮਾਨੋ ਤਹਿਲਕਾ ਹੀ ਮੱਚ ਗਿਆ। ਇਸ ਫਿਲਮ ਲਈ ਉਹ ਫਿਲਮਫੇਅਰ ਇਨਾਮਾਂ ਲਈ ਸਰਵੋਤਮ ਅਦਾਕਾਰ ਵਜੋਂ ਨਾਮਜ਼ਦ ਹੋਈ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਇਸ ਤੋਂ ਬਾਅਦ ਆਈਆਂ ਫਿਲਮਾਂ ‘ਰਾਮ ਲਖਨ’, ‘ਤ੍ਰੀਦੇਵ’, ‘ਦਿਲ’, ‘ਪ੍ਰਹਾਰ’, ‘ਬੇਟਾ’, ‘ਖਲਨਾਇਕ’, ‘ਹਮ ਆਪ ਕੇ ਹੈਂ ਕੌਨ?’, ‘ਰਾਜਾ’ ਨੇ ਫਿਲਮੀ ਦੁਨੀਆ ਵਿਚ ਉਸ ਦੀ ਪੈਂਠ ਬਣਾ ਦਿੱਤੀ।
ਮਾਧੁਰੀ ਦੀਕਸ਼ਿਤ ਨੇ 17 ਅਕਤੂਬਰ 1999 ਨੂੰ ਅਮਰੀਕਾ ਵੱਸਦੇ ਡਾਕਟਰ ਸ਼੍ਰੀਰਾਮ ਮਾਧਵ ਨੇਨੇ ਨਾਲ ਵਿਆਹ ਕਰਵਾ ਲਿਆ ਅਤੇ ਕਾਫੀ ਲੰਮਾ ਸਮਾ ਫਿਲਮਾਂ ਵਿਚ ਕੰਮ ਨਹੀਂ ਕੀਤਾ ਅਤੇ ਅਮਰੀਕਾ ਵਿਚ ਹੀ ਵਸੇਬਾ ਰੱਖਿਆ ਪਰ 2011 ਵਿਚ ਉਹ ਮੁੜ ਮੁੰਬਈ ਆ ਗਈ। ਫਿਰ ਤਾਂ 2018 ਵਿਚ ਉਸ ਨੇ ਆਪਣੇ ਪਤੀ ਨਾਲ ਰਲ ਕੇ ‘ਆਰ.ਐਨ.ਐਮ. ਮੂਵਿੰਗ ਪਿਕਚਰਜ਼’ ਨਾਂ ਦੀ ਕੰਪਨੀ ਬਣਾ ਲਈ।
ਮਾਧੁਰੀ ਦੀਕਸ਼ਿਤ ਦਾ ਮੰਨਣਾ ਹੈ ਕਿ ਫਿਲਮਾਂ ਹਰ ਆਮ-ਖਾਸ ਵਿਅਕਤੀ ਦੇ ਜੀਵਨ ਵਿਚ ਕੋਈ ਨਾ ਕੋਈ ਭੂਮਿਕਾ ਜ਼ਰੂਰ ਨਿਭਾਉਂਦੀਆਂ ਹਨ ਹਾਲਾਂਕਿ ਇਹ ਵੀ ਸੱਚ ਹੈ ਕਿ ਜਦੋਂ ਨੇਨੇ ਨੇ ਮਾਧੁਰੀ ਨਾਲ ਵਿਆਹ ਕਰਵਾਇਆ ਸੀ ਤਾਂ ਉਹ ਅਦਾਕਾਰ ਵਜੋਂ ਮਾਧੁਰੀ ਨੂੰ ਨਹੀਂ ਸੀ ਜਾਣਦਾ ਅਤੇ ਨਾ ਹੀ ਮਾਧੁਰੀ ਦੀ ਕੋਈ ਫਿਲਮ ਦੇਖੀ ਸੀ।