ਰੌਸ਼ਨ ਮੁਨਾਰਾ: ਸਤਿਆਰਥੀ

ਸਾਹਿਰ ਲੁਧਿਆਣਵੀ
ਅਨੁਵਾਦ ਪਰਮਜੀਤ ਢੀਂਗਰਾ
ਬੇਜੋੜ ਪ੍ਰਤਿਭਾ ਦੇ ਮਾਲਕ ਦੇਵਿੰਦਰ ਸਤਿਆਰਥੀ (8 ਮਾਰਚ 1921-25 ਅਕਤੂਬਰ 1980) ਸਾਹਿਤ ਜਗਤ ਦੀ ਨਿਵੇਕਲੀ, ਨਿਆਰੀ ਅਤੇ ਵਿਲੱਖਣ ਸ਼ਖਸੀਅਤ ਸਨ। ਉਨ੍ਹਾਂ ਬਾਰੇ ਬਹੁਤ ਸਾਰੇ ਕਿੱਸੇ ਸਾਹਿਤ ਜਗਤ ਦਾ ਹਿੱਸਾ ਬਣੇ ਹੋਏ ਹਨ। ਉਰਦੂ ਦੇ ਉਮਦਾ ਸ਼ਾਇਰ ਸਾਹਿਰ ਲੁਧਿਆਣਵੀ ਨੇ ਉਰਦੂ ਵਿਚ ਲਿਖੀ ਆਪਣੀ ਇਸ ਲਿਖਤ ਵਿਚ ਦੇਵਿੰਦਰ ਸਤਿਆਰਥੀ ਦੀ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦੀ ਬਾਤ ਪਾਈ ਹੈ, ਜਿਸ ਦਾ ਅਨੁਵਾਦ ਪਰਮਜੀਤ ਸਿੰਘ ਢੀਂਗਰਾ ਨੇ ਕੀਤਾ ਹੈ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪੂਰਾ ਦਿਨ ਮੀਂਹ ਪੈਂਦਾ ਰਿਹਾ ਸੀ। ਸ਼ਾਮ ਨੂੰ ਭਾਵੇਂ ਮੀਂਹ ਰੁਕ ਗਿਆ ਸੀ ਪਰ ਅਕਾਸ਼ ’ਤੇ ਛਾਏ ਬੱਦਲਾਂ ਤੋਂ ਲਗ ਰਿਹਾ ਸੀ ਕਿ ਦੁਬਾਰਾ ਵਸਿਆ ਕਿ ਵਸਿਆ। ਮੈਂ ਤੇ ਗੋਪਾਲ ਮਿੱਤਲ ਮਕਤਬ-ਏ-ਉਰਦੂ ਤੋਂ ਬਰਾਂਡਰੈਥ ਰੋਡ ਵਲ ਜਾ ਰਹੇ ਸਾਂ। ਅਨਾਰਕਲੀ ਚੌਂਕ ਵਿਚ ਕਿਸੇ ਨੇ ਮਿੱਤਲ ਦਾ ਨਾਂ ਲੈ ਕੇ ਅਵਾਜ਼ ਮਾਰੀ। ਮੁੜ ਕੇ ਦੇਖਿਆ ਤਾਂ ਸੱਜੇ ਹੱਥ ਮੁੱਲਾ ਹੁਸੈਨ ਹਲਵਾਈ ਦੀ ਦੁਕਾਨ ਸਾਹਮਣੇ ਖੜਾ ਇਕ ਸਿੱਖ ਨੌਜਵਾਨ ਸਾਨੂੰ ਬੁਲਾ ਰਿਹਾ ਸੀ। ਇਹ ਨੌਜਵਾਨ ਰਜਿੰਦਰ ਸਿੰਘ ਬੇਦੀ ਸੀ, ਜਿਸਨੂੰ ਮੈਂ ਇਕ ਵਾਰ ਪਹਿਲਾਂ ਵੀ ਇਕ ਸਮਾਗਮ ਵਿਚ ਮਿਲ ਚੁੱਕਾ ਸਾਂ। ਉਹਦੇ ਨਾਲ ਇਕ ਹੋਰ ਬੰਦਾ ਵੀ ਸੀ-ਲੰਬੇ ਲੰਬੇ ਵਾਲਾਂ, ਸੰਘਣੀ ਦਾੜ੍ਹੀ ਤੇ ਮੈਲੇ-ਕੁਚੈਲੇ ਲੰਬੇ ਓਵਰਕੋਟ ਵਾਲਾ।
‘ਆ ਤੈਨੂੰ ਬਹੁਤ ਵੱਡੇ ਫਰਾਡ ਨਾਲ ਮਿਲਾਵਾਂ’ ਗੋਪਾਲ ਮਿੱਤਲ ਨੇ ਕਿਹਾ
‘ਕੀਹਦੇ ਨਾਲ? ‘ਦੇਵਿੰਦਰ ਸਤਿਆਰਥੀ ਨਾਲ’
ਸਤਿਆਰਥੀ ਗਜਰੇਲਾ ਖਾਣ ਵਿਚ ਮਸਤ ਸੀ। ਗੋਪਾਲ ਮਿੱਤਲ ਨੇ ਜਦੋਂ ਮੇਰੀ ਜਾਣ-ਪਛਾਣ ਕਰਾਈ ਤਾਂ ਉਹਨੇ ਕੋਈ ਧਿਆਨ ਨਾ ਦਿਤਾ।
ਮੈਂ ਉਨ੍ਹਾਂ ਦਿਨਾਂ ਵਿਚ ਦਿਆਲ ਸਿੰਘ ਕਾਲਜ ਲਾਹੌਰ ਵਿਚ ਬੀ.ਏ. ਦਾ ਵਿਦਿਆਰਥੀ ਸਾਂ ਤੇ ਨਵਾਂ-ਨਵਾਂ ਲੁਧਿਆਣੇ ਤੋਂ ਲਾਹੌਰ ਆਇਆ ਸਾਂ। ਲੇਖਕਾਂ ਨਾਲ ਮੇਰੀ ਜਾਣ-ਪਛਾਣ ਘੱਟ ਸੀ।
ਸਤਿਆਰਥੀ ਨੇ ਗਜਰੇਲੇ ਦੀ ਪਲੇਟ ਖਤਮ ਕਰਨ ਤੋਂ ਬਾਅਦ ਬੇਦੀ ਵੱਲ ਵੇਖਿਆ ਤੇ ਕਿਹਾ ‘ਬੜੀ ਸੁਆਦੀ ਚੀਜ਼ ਹੈ ਦੋਸਤ। ਇਕ ਪਲੇਟ ਹੋਰ ਨਹੀਂ ਲੈ ਕੇ ਦਏਂਗਾ?’
ਬੇਦੀ ਉਸ ਸਮੇਂ ਗੋਪਾਲ ਮਿੱਤਲ ਨਾਲ ਕਿਸੇ ਅਦਬੀ ਮਸਲੇ ’ਤੇ ਗੱਲਾਂ ਕਰ ਰਿਹਾ ਸੀ-‘ਲੈ ਲੈ’ ਉਹਨੇ ਛੇਤੀ ਨਾਲ ਕਿਹਾ।
‘ਪਰ ਪੈਸੇ?’ ਸਤਿਆਰਥੀ ਕਹਿਣ ਲੱਗਾ-‘ਤੂੰ ਪੈਸੇ ਦੇਵੇਂ ਤਦ ਨਾ’
‘ਓਹ’ ਬੇਦੀ ਨੇ ਲੰਬਾ ਸਾਹ ਖਿਚਿਆ ਤੇ ਹਲਵਾਈ ਨੂੰ ਪੈਸੇ ਦੇ ਕੇ ਪਲੇਟ ਸਤਿਆਰਥੀ ਨੂੰ ਫੜਾ ਦਿਤੀ।
ਸਤਿਆਰਥੀ ਫਿਰ ਗਜਰੇਲਾ ਖਾਣ ਵਿਚ ਮਸਤ ਹੋ ਗਿਆ।
ਬੇਦੀ ਅਤੇ ਮਿੱਤਲ ਆਪਸ ਵਿਚ ਗੱਲਾਂ ਕਰਦੇ ਰਹੇ ਤੇ ਮੈਂ ਚੁਪਚਾਪ ਇਕ ਪਾਸੇ ਖੜਾ ਰਿਹਾ।
ਗਜਰੇਲੇ ਦੀ ਦੂਸਰੀ ਪਲੇਟ ਖਤਮ ਕਰਨ ਤੋਂ ਬਾਅਦ ਸਤਿਆਰਥੀ ਨੇ ਆਪਣੀ ਜੇਬ ਵਿਚੋਂ ਇਕ ਮੈਲਾ ਜਿਹਾ ਖਾਕੀ ਰੰਗ ਦਾ ਰੁਮਾਲ ਕੱਢਿਆ ਤੇ ਹੱਥ ਪੂੰਝਣ ਲੱਗਾ। ਆਪਣਾ ਕੈਮਰਾ ਉਹਨੇ ਕੋਲ ਪਈ ਕੁਰਸੀ ’ਤੇ ਰਖ ਦਿਤਾ ਤੇ ਚਮੜੇ ਦਾ ਥੈਲਾ ਚੁਕ ਲਿਆ ਤੇ ਗੋਪਾਲ ਮਿੱਤਲ ਕੋਲ ਜਾ ਕੇ ਕਹਿਣ ਲੱਗਾ‘ਯਾਰ ਮਿੱਤਲ ਤੈਨੂੰ ਇਕ ਖ਼ੁਸ਼ਖਬਰੀ ਸੁਣਾਵਾਂ’
‘ਕੀ?’ ‘ਮੈਂ ਪ੍ਰਗਤੀਵਾਦੀ ਹੋ ਗਿਆਂ’
‘ਕਦੋਂ ਤੋਂ?’ ਮਿੱਤਲ ਨੇ ਮੁਸਕੁਰਾਂਦਿਆਂ ਪੁਛਿਆ।
‘ਸਾਂ ਤਾਂ ਭਾਵੇਂ ਮੁੱਢ ਤੋਂ ਪਰ ਇਹ ਕਹਾਣੀ ਜੋ ਮੈਂ ਹੁਣੇ ਹੁਣੇ ਲਿਖੀ ਏ ਇਹਦੇ ਬਾਅਦ ਤਾਂ ਸੌ ਫੀਸਦੀ ਪੱਕਾ ਹੋ ਗਿਆਂ’
‘ਤਾਂ ਤੂੰ ਕਹਾਣੀ ਲਿਖੀ ਏ?’
‘ਪਰ ਇਸ ਕਹਾਣੀ ਤੇ ਮੇਰੀਆਂ ਪਹਿਲੀਆਂ ਕਹਾਣੀਆਂ ਵਿਚ ਫਰਕ ਹੈ। ਇਹ ਕਹਾਣੀ ਮੈਂ ਸ਼ੁਧ ਪ੍ਰਗਤੀਵਾਦੀ ਅਸੂਲਾਂ ਨੂੰ ਸਾਹਮਣੇ ਰਖ ਕੇ ਲਿਖੀ ਹੈ।’ ਸਤਿਆਰਥੀ ਬੇਦੀ ਨਾਲ ਹੱਥ ਮਿਲਾਉਣ ਲਈ ਵਧਾਉਂਦਿਆਂ ਕਹਿਣ ਲੱਗਾ-‘ਚੰਗਾ ਯਾਰ ਬੇਦੀ ਤੂੰ ਹੁਣ ਚਲ, ਮੈਂ ਜ਼ਰਾ ਗੋਪਾਲ ਮਿੱਤਲ ਨੂੰ ਕਹਾਣੀ ਸੁਣਾ ਲਵਾਂ।’
‘ਬੇਦੀ ਨੂੰ ਕਿਉਂ ਨਹੀਂ?’ ਗੋਪਾਲ ਮਿੱਤਲ ਨੇ ਬੜੀ ਬੇਬਸੀ ਨਾਲ ਬੇਦੀ ਵਲ ਦੇਖਦਿਆਂ ਕਿਹਾ।
‘ਮੈਂ ਇਹ ਕਹਾਣੀ ਦੋ ਵਾਰ ਸੁਣ ਚੁਕਾਂ’-ਬੇਦੀ ਮੁਸਕੁਰਾਇਆ।
‘ਨਾਲੇ ਮੈਂ ਹੁਣ ਰੇਡੀਓ ਸਟੇਸ਼ਨ ਜਾਣੈ। ਸ਼ਾਮ ਦੀਆਂ ਖਬਰਾਂ ਤੋਂ ਬਾਅਦ ਮੇਰੀ ਟਾਕ ਐ।’
‘ਹਾਂ ਹਾਂ ਤੂੰ ਜਾ’ ਸਤਿਆਰਥੀ ਨੇ ਬੇਦੀ ਨੂੰ ਤੋਰਦਿਆਂ ਕਿਹਾ।
ਮੈਂ ਤੇ ਗੋਪਾਲ ਮਿੱਤਲ ਇਕ ਦੂਜੇ ਵੱਲ ਵੇਖਣ ਲੱਗੇ। ਸਤਿਆਰਥੀ ਨੇ ਆਪਣੇ ਚਮੜੇ ਦੇ ਥੈਲੇ ਵਿਚੋਂ ਕਾਗਜ਼ਾਂ ਦਾ ਇਕ ਪੁਲੰਦਾ ਕੱਢਿਆ ਤੇ ਸਫੇ ਪਲਟਦਿਆਂ ਕਹਿਣ ਲੱਗਾ, ‘ਤਾਂ ਫਿਰ ਹੁਣ ਕਿਥੇ ਬੈਠੀਏ?’
‘ਤੁਸੀਂ ਹੀ ਦਸੋ’
‘ਮੇਰਾ ਖਿਆਲ ਐ ਸਾਹਮਣੇ ਵਾਲਾ ਲਾਅਨ ਠੀਕ ਰਹੇਗਾ’
‘ਪਰ ਲਾਅਨ ਤਾਂ ਮੀਂਹ ਦੇ ਪਾਣੀ ਨਾਲ ਭਰਿਆ ਪਿਐ’
‘ਓਹ ਇਸ ਵੱਲ ਤਾਂ ਮੇਰਾ ਧਿਆਨ ਹੀ ਨਹੀਂ ਗਿਆ। ਤਾਂ ਤੁਸੀਂ ਇੰਜ ਕਰੋ ਥੋੜ੍ਹੀ ਦੇਰ ਮੇਰੇ ਨਾਲ ਚਲੋ। ਇਕ ਫਰਲਾਂਗ ’ਤੇ ਸੀਤਲਾ ਮੰਦਿਰ ਹੈ। ਓਥੇ ਅਰਾਮ ਨਾਲ ਬੈਠਾਂਗੇ।’
ਸੀਤਲਾ ਮੰਦਿਰ ਦਾ ਫਰਸ਼ ਯਾਤਰੀਆਂ ਦੀ ਆਵਾਜਾਈ ਕਰਕੇ ਚਿੱਕੜ ਨਾਲ ਲਥਪਥ ਸੀ ਤੇ ਉਸ ਵਿਚ ਵੱਡੇ ਵੱਡੇ ਕਾਲੇ ਮਕੌੜੇ ਕੁਲਬੁਲਾ ਰਹੇ ਸਨ। ਮਿੱਤਲ ਨੇ ਸਤਿਆਰਥੀ ਵੱਲ ਘੂਰ ਕੇ ਪੁਛਿਆ-‘ਕਹਾਣੀ ਜ਼ਰੂਰ ਸੁਣਾਉਣੀ ਏ?’
‘ਹਾਂ ਦੋਸਤ। ਜੇ ਤੁਸੀਂ ਨਹੀਂ ਸੁਣੋਗੇ ਤਾਂ ਮੈਨੂੰ ਬੜਾ ਦੁਖ ਹੋਏਗਾ।’ ਸਤਿਆਰਥੀ ਨੇ ਬੜੀ ਆਜਜ਼ੀ ਨਾਲ ਕਿਹਾ-‘ਮੈਂ ਤੁਹਾਡੀ ਰਾਏ ਲੈਣੀ ਚਾਹੁੰਦਾ ਹਾਂ।’
‘ਚੰਗਾ ਤਾਂ ਇਕ ਮਿੰਟ ਰੁਕੋ।’ ਮਿੱਤਲ ਨੇ ਕਿਹਾ ਤੇ ਮੰਦਰ ’ਚੋਂ ਬਾਹਰ ਚਲਾ ਗਿਆ।
ਥੋੜ੍ਹੀ ਦੇਰ ਬਾਅਦ ਇਕ ਟਾਂਗਾ ਮੰਦਿਰ ਦੇ ਦਰਵਾਜ਼ੇ ਦੇ ਬਾਹਰ ਆ ਕੇ ਰੁਕਿਆ। ਗੋਪਾਲ ਮਿੱਤਲ ਨੇ ਉਸ ਟਾਂਗੇ ’ਚੋਂ ਧੌਣ ਬਾਹਰ ਕੱਢ ਕੇ ਸਾਨੂੰ ਅਵਾਜ਼ ਦਿਤੀ। ਅਸੀਂ ਦੋਵੇਂ ਟਾਂਗੇ ਵਿਚ ਬਹਿ ਗਏ। ਸਾਰੇ ਰਾਹ ਗੋਪਾਲ ਮਿੱਤਲ ਨੇ ਕੋਈ ਗੱਲ ਨਾ ਕੀਤੀ। ਸਤਿਆਰਥੀ ਵੀ ਚੁਪ-ਚਾਪ ਬੈਠਾ ਰਿਹਾ। ਟਾਂਗਾ ਇੰਡੀਆ ਕਾਫੀ ਹਾਊਸ ਸਾਹਮਣੇ ਜਾ ਕੇ ਰੁਕ ਗਿਆ।
‘ਚਲੋ’ ਗੋਪਾਲ ਮਿੱਤਲ ਨੇ ਸਤਿਆਰਥੀ ਨੂੰ ਕਿਹਾ।
‘ਕਿਥੇ?’ ‘ਕੌਫੀ ਹਾਊਸ?’ ਸਤਿਆਰਥੀ ਦਾ ਚਿਹਰਾ ਇਕ ਦਮ ਖਿੜ ਗਿਆ।
‘ਚਲੋ ਆਓ, ਉਤਰੋ।’
‘ਯਾਰ ਮਿੱਤਲ ਤੂੰ ਸਚਮੁੱਚ ਕਮਿਊਨਿਸਟ ਏਂ। ਹੁਣ ਤਾਂ ਮੈਨੂੰ ਯਕੀਨ ਹੋ ਗਿਐ ਕਿ ਸੋਵੀਅਤ ਰੂਸ ਵਿਚ ਲੇਖਕਾਂ ਤੇ ਕਲਾਕਾਰਾਂ ਦਾ ਖਾਸ ਖਿਆਲ ਰਖਿਆ ਜਾਂਦਾ ਹੋਵੇਗਾ।’
ਸਤਿਆਰਥੀ ਮੁਸਕੁਰਾਇਆ ਤੇ ਕੌਫੀ ਹਾਊਸ ਦੀਆਂ ਪੌੜੀਆਂ ਚੜ੍ਹਦਿਆਂ ਖਰੜੇ ਦੇ ਸਫ਼ੇ ਉਲਟਨ-ਪਲਟਨ ਲੱਗਾ।
ਇਹ ਮੇਰੀ ਉਹਦੇ ਨਾਲ ਪਹਿਲੀ ਮੁਲਾਕਾਤ ਸੀ। ਉਸ ਤੋਂ ਬਾਅਦ ਉਹ ਮੈਨੂੰ ਕਈ ਵਾਰ ਮਿਲਿਆ। ਕਦੇ ਕਿਸੇ ਜਨਰਲ ਮਰਚੈਂਟ ਦੀ ਦੁਕਾਨ ਸਾਹਮਣੇ, ਕਦੇ ਡਾਕਖਾਨੇ ਦੇ ਗੇਟ ’ਤੇ, ਕਦੇ ਕਿਤਾਬਾਂ ਦੀ ਦੁਕਾਨ ’ਤੇ, ਕਦੇ ਮੈਕਲੋਡ ਰੋਡ ਤੇ ਕਦੇ ਬਸੰਤ ਰੋਡ ਦੇ ਚਾਹ ਦੇ ਖੋਖਿਆਂ ਵਿਚ ਤੇ ਕਦੇ ਉਂਜ ਹੀ ਰਾਹ ਜਾਂਦਿਆਂ।
ਹਰ ਵਾਰ ਉਹ ਮੇਰੇ ਕੋਲ ਆ ਕੇ ਪੁਛਦਾ, ‘ਕੀ ਹਾਲ-ਚਾਲ ਐ? ਕਿਧਰੋਂ ਆ ਰਿਹੈਂ, ਕਿਧਰ ਜਾਣੈ, ਲਿਖੀ ਕੋਈ ਨਵੀਂ ਨਜ਼ਮ?’
…ਤੇ ਮੈਂ ਜਾਣ ਲਗਦਾ ਤਾਂ ਉਹ ਰੋਕ ਕੇ ਮੈਨੂੰ ਕਹਿੰਦਾ ‘ਮੁਆਫ ਕਰੀਂ ਮੈਨੂੰ ਤੇਰਾ ਨਾਂ ਯਾਦ ਨਹੀਂ ਆ ਰਿਹਾ।’
ਮੈਂ ਉਹਨੂੰ ਫੇਰ ਆਪਣਾ ਨਾਂ ਦਸ ਦੇਂਦਾ।
‘ਹਾਂ…ਹਾਂ…ਹਾਂ…’ ਉਹ ਕਹਿੰਦਾ ਤੇ ਫਿਰ ਝੂਮਦਾ ਹੋਇਆ ਇਕ ਪਾਸੇ ਚਲਾ ਜਾਂਦਾ। ਏਸੇ ਤਰ੍ਹਾਂ ਕੋਈ ਦੋ ਮਹੀਨੇ ਬੀਤ ਗਏ। ਹੌਲੀ ਹੌਲੀ ਮੈਨੂੰ ਯਕੀਨ ਹੋ ਗਿਆ ਕਿ ਇਹ ਬੰਦਾ ਮੈਨੂੰ ਕਦੇ ਨਵਾਂ ਸੁਆਲ ਨਹੀਂ ਪੁਛੇਗਾ ਤੇ ਨਾ ਉਹਨੂੰ ਕਦੇ ਮੇਰਾ ਨਾਂ ਯਾਦ ਰਹੇਗਾ।
ਇਕ ਸ਼ਾਮ ਮੈਂ ਆਪਣੇ ਦੋਸਤ ਨਾਲ ਬਸੰਤ ਰੋਡ ’ਤੇ ਜਾ ਰਿਹਾ ਸਾਂ ਕਿ ਸਾਹਮਣਿਓਂ ਸਤਿਆਰਥੀ ਆਂਦਾ ਨਜ਼ਰੀਂ ਪਿਆ।
‘ਹੈਲੋ! ਕੀ ਹਾਲ-ਚਾਲ ਐ?’ ਉਹਨੇ ਪੁਛਿਆ।
‘ਤੁਹਾਡੀ ਮਿਹਰ ਐ ਇਸ ਵਕਤ ਲਾਅ ਕਾਲਜ ਦੇ ਹੋਸਟਲ ਤੋਂ ਆ ਰਿਹਾ ਹਾਂ। ਇਹ ਮੇਰਾ ਦੋਸਤ ਰਾਮ ਪ੍ਰਕਾਸ਼ ਅਸ਼ਕ ਐ। ਅਸੀਂ ਦੋਵੇ ਫਿਲਮ ਦੇਖਣ ਚਲੇ ਆਂ। ਮੈਂ ਕੋਈ ਨਜ਼ਮ ਨਹੀਂ ਲਿਖੀ, ਮੇਰਾ ਨਾਂ ਸਾਹਿਰ ਲੁਧਿਆਣਵੀ ਐ। ਕੀ ਤੁਸੀਂ ਸਾਡੇ ਨਾਲ ਫਿਲਮ ਦੇਖਣ ਚਲੋਗੇ?’
‘ਨਹੀਂ’, ਉਹਦੇ ਲਹਿਜੇ ਵਿਚ ਨਰਮ ਅਤੇ ਬੇਨਿਆਜ਼ੀ ਓਵੇਂ ਹੀ ਕਾਇਮ ਸੀ। ਮੈਂ ਦੇਖਿਆ ਉਹਦਾ ਚੇਹਰਾ ਇਕ ਦਮ ਮੁਰਝਾ ਗਿਆ। ਮੈਨੂੰ ਆਪਣੇ ਲਹਿਜੇ ’ਤੇ ਅਫਸੋਸ ਹੋਇਆ। ਮੇਰੇ ਅੰਦਰਲੀ ਬਦਲੇ ਦੀ ਭਾਵਨਾ ਦੇ ਬਾਵਜੂਦ ਜੋ ਹਰ ਵਾਰ ਅੱਖੋਂ-ਪਰੋਖੇ ਕੀਤੇ ਜਾਣ ਦੇ ਅਹਿਸਾਸ ਕਰਕੇ ਮੇਰੇ ਦਿਲ ਵਿਚ ਪੈਦਾ ਹੋਈ ਸੀ, ਮੈਂ ਸਤਿਆਰਥੀ ਦੀ ਬਹੁਤ ਇਜ਼ਤ ਕਰਦਾ ਸਾਂ ਕਿਉਂਕਿ ਉਹ ‘ਮੈਂ ਹਾਂ ਖਾਨਾ ਬਦੋਸ਼’ ਦਾ ਹਰਕਾਰਾ ਸੀ। ਉਹਨੇ ਪਿੰਡ ਪਿੰਡ ਘੁੰਮ ਫਿਰ ਕੇ ਹਿੰਦੋਸਤਾਨ ਦੀਆਂ ਵੱਖ ਵੱਖ ਜ਼ਬਾਨਾਂ ਦੇ ਕੋਈ ਢਾਈ ਲੱਖ ਤੋਂ ਵਧੇਰੇ ਗੀਤ ਇਕੱਠੇ ਕੀਤੇ ਸਨ। ਉਸ ਕੋਲੋਂ ਮੈਂ ਹਿੰਦੋਸਤਾਨ ਦੀ ਤਹਿਜ਼ੀਬ, ਆਰਟ ਤੇ ਕਲਚਰ ਬਾਰੇ ਬਹੁਤ ਕੁਝ ਸਿਖਿਆ ਸੀ। ਮੈਂ ਫੈਸਲਾ ਕੀਤਾ ਕਿ ਉਹਦੇ ਕੋਲ ਜਾ ਕੇ ਮੁਆਫੀ ਮੰਗਾਂ, ਪਰ ਉਹ ਜਾ ਚੁਕਾ ਸੀ। ਫਿਰ ਬਹੁਤ ਦਿਨਾਂ ਤੱਕ ਮੇਰੀ ਉਹਦੇ ਨਾਲ ਮੁਲਾਕਾਤ ਨਾ ਹੋਈ। ਉਸ ਤੋਂ ਬਾਅਦ ਜਦੋਂ ਉਹ ਲਾਹੌਰ ਦੇ ਇਕ ਮਸ਼ਹੂਰ ਪ੍ਰਕਾਸ਼ਕ ਦੀ ਦੁਕਾਨ ’ਤੇ ਮੈਨੂੰ ਮਿਲਿਆ ਤਾਂ ਉਹਨੂੰ ਮੇਰਾ ਨਾਂ ਯਾਦ ਸੀ।
ਪ੍ਰਕਾਸ਼ਕ ਦੀ ਦੁਕਾਨ ’ਤੇ ਉਹ ਉਹਦੇ ਕੋਲੋਂ ਮੁਆਫੀ ਮੰਗਣ ਆਇਆ ਸੀ। ਕੁਝ ਦਿਨ ਪਹਿਲਾਂ ਉਹਨੇ ‘ਅਗਲੇ ਤੂਫਾਨ-ਏ-ਨੂਹ ਤਕ’ ਨਾਂ ਹੇਠ ਹਲਕ-ਏ-ਅਰਬਾਬ-ਏ-ਜ਼ੋਕ ਦੀ ਹਫਤਾਵਾਰੀ ਮੀਟਿੰਗ ਵਿਚ ਉਸ ਪ੍ਰਕਾਸ਼ਕ ਦੇ ਖਿਲਾਫ ਇਕ ਕਹਾਣੀ ਪੜ੍ਹੀ ਸੀ, ਜਿਸ ਕਰਕੇ ਪ੍ਰਕਾਸ਼ਕ ਬੇਹਦ ਨਰਾਜ਼ ਸੀ। ਪਰ ਜਦੋਂ ਸਤਿਆਰਥੀ ਨੇ ਉਹਨੂੰ ਦਸਿਆ ਉਹ ਇਹ ਕਹਾਣੀ ਉਹਦੇ ਰਿਸਾਲੇ ਲਈ ਬਿਨਾਂ ਪੈਸਿਆਂ ਤੋਂ ਦੇਣ ਲਈ ਤਿਆਰ ਹੈ ਤਾਂ ਪ੍ਰਕਾਸ਼ਕ ਨੇ ਉਹਨੂੰ ਮੁਆਫ ਕਰ ਦਿਤਾ। ਉਹ ਉਹਨੂੰ ਹੋਟਲ ਵਿਚ ਚਾਹ ਪਿਆਉਣ ਲਈ ਲੈ ਗਿਆ। ਫਿਕਰ ਤੌਸਵੀਂ ਵੀ ਉਹਦੇ ਨਾਲ ਸੀ। ਰਸਤੇ ਵਿਚ ਸਤਿਆਰਥੀ ਪ੍ਰਕਾਸ਼ਕ ਦੇ ਮੋਢੇ ’ਤੇ ਹੱਥ ਰਖ ਕੇ ਚਲਦਾ ਕਹਿਣ ਲੱਗਾ, ‘ਚੌਧਰੀ ਤੇਰਾ ਰਿਸਾਲਾ ਉਸ ਜਿੰਨ ਦੇ ਢਿਡ ਵਰਗੈ, ਜੋ ਇਕ ਬਸਤੀ ਵਿਚ ਵੜ ਗਿਆ ਤੇ ਉਸ ਸਮੇਂ ਤੱਕ ਬਸਤੀ ’ਚੋਂ ਬਾਹਰ ਜਾਣ ਲਈ ਰਾਜ਼ੀ ਨਾ ਹੋਇਆ, ਜਦੋਂ ਤੱਕ ਓਥੋਂ ਦੇ ਲੋਕਾਂ ਨੇ ਉਹਨੂੰ ਯਕੀਨ ਨਾ ਦਿਵਾ ਦਿਤਾ ਕਿ ਉਹ ਹਰ ਰੋਜ਼ ਉਹਦੀ ਗੁਫਾ ਵਿਚ ਇਕ ਆਦਮੀ ਬਤੌਰ ਨਜ਼ਰਾਨਾ ਭੇਜਦੇ ਰਹਿਣਗੇ…ਤੂੰ ਵੀ ਉਹੋ ਜਿਹਾ ਇਕ ਜਿੰਨ ਏਂ ਤੇ ਰਸਾਲਾ ਤੇਰਾ ਪੇਟ। ਅਸੀਂ ਵਿਚਾਰੇ ਲੇਖਕ ਤੇ ਕਵੀ ਹਰ ਮਹੀਨੇ ਉਹਦੇ ਲਈ ਕਾਗਜ਼ ਲੈ ਕੇ ਦੇਂਦੇ ਹਾਂ ਪਰ ਉਹਦੀ ਭੁਖ ਮਿਟਦੀ ਹੀ ਨਹੀਂ ਤੇ ਇਹ ਫਿਕਰ ਤੌਂਸਵੀਂ’ ਉਹਨੇ ਫਿਕਰ ਵੱਲ ਮੁੜਦਿਆਂ ਕਿਹਾ ‘ਇਹ ਤੇਰਾ ਗੁਮਾਸ਼ਤਾ ਜੋ ਹਰ ਵੇਲੇ ਸਾਨੂੰ ਡਰਾਂਦਾ-ਧਮਕਾਂਦਾ ਰਹਿੰਦਾ ਹੈ ਕਿ ਜੇਕਰ ਜਿੰਨ ਦਾ ਰਾਸ਼ਨ ਪਹੁੰਚਣ ਵਿਚ ਦੇਰ ਹੋਈ ਤਾਂ ਜਿੰਨ ਤੁਹਾਡੀਆਂ ਕਿਤਾਬਾਂ, ਖਰੜੇ ਤੇ ਰਾਇਲਟੀ ਸਭ ਖਾ ਜਾਏਗਾ, ਕੁਝ ਵੀ ਬਾਕੀ ਨਹੀਂ ਬਚੇਗਾ।’
ਪ੍ਰਕਾਸ਼ਕ ਚੁਪ ਚਾਪ ਸੁਣਦਾ ਰਿਹਾ।
‘ਹੁਣ ਮੇਰੇ ਵੱਲ ਹੀ ਦੇਖ’ ਸਤਿਆਰਥੀ ਫਿਰ ਕਹਿਣ ਲੱਗਾ, ‘ਤੇਰੀ ਨਰਾਜ਼ਗੀ ਤੋਂ ਡਰਦਿਆਂ ਮੈਂ ਬਿਨਾ ਕੋਈ ਪੈਸਾ ਲਿਆਂ ਤੈਨੂੰ ਕਹਾਣੀ ਦੇ ਦਿਤੀ। ਤੂੰ ਹੀ ਦਸ ਕੀ ਮੇਰਾ ਜੀਅ ਨਹੀਂ ਕਰਦਾ ਕਿ ਮੈਂ ਸਾਫ-ਸੁਥਰੇ ਕਪੜੇ ਪਾਵਾਂ। ਮੇਰੇ ਬੂਟ ਤੇਰੇ ਬੂਟਾਂ ਵਾਂਗ ਚਮਕਦੇ ਹੋਣ, ਮੇਰੀ ਬੀਵੀ ਵੀ ਰੇਸ਼ਮੀ ਸਾੜੀ ਪਾਵੇ, ਮੇਰੀ ਬੱਚੀ ਵੀ ਤੇਰੀ ਬੱਚੀ ਵਾਂਗ ਟਾਂਗੇ ਤੇ ਬਹਿ ਕੇ ਸਕੂਲ ਜਾਵੇ, ਪਰ ਮੇਰੇ ਜਜ਼ਬਾਤਾਂ ਦੀ ਕੀਹਨੂੰ ਫਿਕਰ ਐ। ਕੋਈ ਮੇਰੀ ਕਹਾਣੀ ਦੇ ਵੀਹ ਰੁਪਿਆਂ ਤੋਂ ਵਧ ਨਹੀਂ ਦੇਂਦਾ। ਇਕ ਤੂੰ ਏਂ ਜੋ ਮੇਰੇ ਵੀਹ ਰੁਪਏ ਵੀ ਹਜ਼ਮ ਕਰ ਰਿਹਾ ਏਂ। ਚਲ ਤੇਰੀ ਮਰਜ਼ੀ ਏਨਾ ਬਹੁਤ ਏ ਕਿ ਤੂੰ ਚਾਹ ਤਾਂ ਪਿਲਾ ਦੇਂਦਾ ਏਂ।’
ਪ੍ਰਕਾਸ਼ਕ ਫਿਰ ਵੀ ਚੁਪ-ਚਾਪ ਸੁਣਦਾ ਰਿਹਾ।
ਅਸੀਂ ਹੋਟਲ ਦੇ ਗੇਟ ਅੰਦਰ ਵੜ ਗਏ। ਸਤਿਆਰਥੀ ਨੇ ਪ੍ਰਕਾਸ਼ਕ ਦੇ ਮੋਢੇ ਤੋਂ ਹੱਥ ਚੁੱਕ ਲਿਆ ਤੇ ਵਖਰਾ ਹੋ ਕੇ ਚਲਣ ਲੱਗਾ।
ਮੈਂ ਉਸ ਸ਼ਾਮ ਗੱਡੀ ਰਾਹੀਂ ਲਾਇਲਪੁਰ ਜਾ ਰਿਹਾ ਸਾਂ। ਹੋਟਲ ਵਿਚ ਪਹੁੰਚ ਕੇ ਪ੍ਰਕਾਸ਼ਕ ਨੇ ਪੁਛਿਆ ‘ਤੂੰ ਵਾਪਸ ਕਦੋਂ ਆਉਣੈ?’
‘ਤੂੰ ਕਿਤੇਂ ਬਾਹਰ ਜਾ ਰਿਹਾਂ ਏਂ?’ ਸਤਿਆਰਥੀ ਨੇ ਪੁਛਿਆ
‘ਹਾਂ ਮੈਂ ਇਕ ਦੋ ਦਿਨ ਲਈ ਲਾਇਲਪੁਰ ਜਾ ਰਿਹਾਂ।’ ਮੈਂ ਕਿਹਾ
‘ਲਾਇਲਪੁਰ?’ ਉਹਨੇ ਕਿਹਾ। ਫਿਰ ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਡੁੱਬ ਗਿਆ। ‘ਜੇ ਮੈਂ ਤੈਨੂੰ ਆਪਣਾ ਕੈਮਰਾ ਦਿਆਂ ਤਾਂ ਕੀ ਤੂੰ ਓਥੋਂ ਕਿਸਾਨਾਂ ਦੇ ਝੂੰਮਰ ਨਾਚ ਦੀਆਂ ਫੋਟੋਆਂ ਲਾਹ ਕੇ ਲਿਆ ਸਕਦੈਂ?’ ਉਹਨੇ ਥੋੜ੍ਹੀ ਦੇਰ ਬਾਅਦ ਪੁਛਿਆ।
‘ਮੇਰੇ ਲਈ ਤਾਂ ਇਹ ਮੁਸ਼ਕਲ ਐ, ਤੂੰ ਖੁਦ ਕਿਉਂ ਨਹੀਂ ਚਲਦਾ ਮੇਰੇ ਨਾਲ।’
‘ਮੈਂ? ਮੇਰਾ ਜੀਅ ਤਾਂ ਬਹੁਤ ਕਰਦੈ’ ਉਹ ਕਹਿਣ ਲੱਗਾ ‘ਪਰ’ ਉਹ ਇਕ ਮਿੰਟ ਲਈ ਰੁਕਿਆ ਤੇ ਫਿਰ ਚਮੜੇ ਦੇ ਥੈਲੇ ਵਿਚੋਂ ਕਾਗਜ਼ਾਂ ਦਾ ਇਕ ਪੁਲੰਦਾ ਕੱਢ ਕੇ ਪ੍ਰਕਾਸ਼ਕ ਨੂੰ ਦੇਂਦਿਆਂ ਕਹਿਣ ਲੱਗਾ ‘ਚੌਧਰੀ ਇਹ ਮੇਰੀ ਨਵੀਂ ਕਹਾਣੀ ਐ, ਜੇ ਤੂੰ ਇਹਦੇ ਬਦਲੇ ਮੈਨੂੰ ਵੀਹ ਰੁਪਏ ਦੇ ਦੇਵੇਂ ਤਾਂ…’
ਪ੍ਰਕਾਸ਼ਕ ਨੇ ਕਹਾਣੀ ਲੈ ਕੇ ਜੇਬ ਵਿਚ ਪਾ ਲਈ ਤੇ ਕਹਿਣ ਲੱਗਾ,
‘ਤੂੰ ਸਾਹਿਰ ਕੋਲੋਂ ਕਰਜ਼ਾ ਲੈ ਲੈ, ਜਦੋਂ ਤੁਸੀਂ ਵਾਪਸ ਆਓਗੇ ਮੈਂ ਇਹ ਰੁਪਏ ਸਾਹਿਰ ਨੂੰ ਦੇ ਦਿਆਂਗਾ।’
‘ਤੂੰ ਆਪਣੀ ਕਹਾਣੀ ਵਾਪਸ ਲੈ ਲੈ।’ ਮੈਂ ਸਤਿਆਰਥੀ ਨੂੰ ਕਿਹਾ ‘ਮੇਰੇ ਕੋਲ ਪੈਸੇ ਹੈਗੇ ਨੇ।’
ਪਰ ਪ੍ਰਕਾਸ਼ਕ ਨੇ ਕਹਾਣੀ ਵਾਪਸ ਨਾ ਮੋੜੀ। ਸਤਿਆਰਥੀ ਚੁਪ ਚਾਪ ਮੇਰੇ ਨਾਲ ਚਲ ਪਿਆ। ਰਾਹ ਵਿਚ ਮੈਂ ਉਹਨੂੰ ਕਿਹਾ ‘ਤੂੰ ਜਲਦੀ ਜਾ ਕੇ ਘਰ ਦਸ ਆ ਗੱਡੀ ਚਲਣ ਵਿਚ ਅਜੇ ਕਾਫੀ ਸਮਾਂ ਪਿਐ।’
‘ਨਹੀਂ ਇਹਦੀ ਕੋਈ ਲੋੜ ਨਹੀਂ।’ ਉਹ ਕਹਿਣ ਲੱਗਾ ‘ਮੇਰੀ ਬੀਵੀ ਮੇਰੀ ਇਸ ਆਦਤ ਤੋਂ ਜਾਣੂੰ ਹੈ। ਜੇ ਮੈਂ ਘਰੋਂ ਦੋ-ਚਾਰ ਦਿਨ ਗਾਇਬ ਹੋ ਜਾਵਾਂ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ। ਨਾ ਹੀ ਉਹ ਇਹਦੇ ਬਾਰੇ ਬਹੁਤੀ ਘੋਖ ਕਰਦੀ ਹੈ।’ ‘ਤੇਰੀ ਮਰਜ਼ੀ’ ਮੈਂ ਕਿਹਾ।
ਗੱਡੀ ਮੁਸਾਫਰਾਂ ਨਾਲ ਖਚਾਖਚ ਭਰੀ ਹੋਈ ਸੀ। ਕਿਤੇ ਤਿਲ ਧਰਨ ਦੀ ਥਾਂ ਨਹੀਂ ਸੀ। ਬਹੁਤੇ ਲੋਕ ਪਾਏਦਾਨ ’ਤੇ ਲਟਕ ਰਹੇ ਸਨ ਤੇ ਜਿਨ੍ਹਾਂ ਨੂੰ ਓਥੇ ਵੀ ਥਾਂ ਨਹੀਂ ਸੀ ਮਿਲੀ ਉਹ ਗੱਡੀ ਦੀ ਛੱਤ ’ਤੇ ਚੜ੍ਹਣ ਦਾ ਜਤਨ ਕਰ ਰਹੇ ਸਨ। ਸਿਰਫ ਫੌਜੀ ਡੱਬੇ ਵਿਚ ਥਾਂ ਸੀ ਪਰ ਉਹਦੇ ਵਿਚ ਗ਼ੈਰ ਫੌਜੀ ਨਹੀਂ ਸਨ ਚੜ੍ਹ ਸਕਦੇ।
‘ਹੁਣ ਕੀ ਕੀਤਾ ਜਾਏ’ ਮੈਂ ਸਤਿਆਰਥੀ ਨੂੰ ਪੁਛਿਆ
‘ਠਹਿਰ ਮੈਂ ਕਿਸੇ ਫੌਜੀ ਨਾਲ ਗੱਲ ਕਰਦਾਂ।’ ਉਹ ਕਹਿਣ ਲੱਗਾ
‘ਕੋਈ ਫਾਇਦਾ ਨਹੀਂ ਉਹ ਨਹੀਂ ਚੜ੍ਹਣ ਦੇਣਗੇ।’
‘ਤੂੰ ਆ ਤਾਂ ਸਹੀ’ ਉਹ ਮੈਨੂੰ ਬਾਹੋਂ ਫੜ ਘਸੀਟਦਾ ਬੋਲਿਆ ਤੇ ਜਾ ਕੇ ਇਕ ਫੌਜੀ ਨੂੰ ਕਹਿਣ ਲੱਗਾ, ‘ਮੈਂ ਸ਼ਾਇਰ ਹਾਂ, ਲਾਇਲਪੁਰ ਜਾਣੈ, ਤੁਸੀਂ ਮੈਨੂੰ ਆਪਣੇ ਡੱਬੇ ’ਚ ਬਿਠਾ ਲਓ। ਮੈਂ ਰਾਹ ਵਿਚ ਤੁਹਾਨੂੰ ਗੀਤ ਸੁਣਾਵਾਂਗਾ।’
‘ਨਹੀਂ ਨਹੀਂ ਅਸਾਂ ਨਹੀਂ ਗੀਤ-ਗੂਤ ਸੁਣਨੇ,’ ਡੱਬੇ ਵਿਚ ਬੈਠੇ ਫੌਜੀ ਨੇ ਜ਼ੋਰ ਨਾਲ ਹੱਥ ਝਟਕਦਿਆਂ ਕਿਹਾ।
‘ਕੀ ਮੰਗਦੈ?’ ਇਕ ਫੌਜੀ ਨੇ ਆਪਣੀ ਸੀਟ ਤੋਂ ਉਠਦਿਆਂ ਤੀਸਰੇ ਫੌਜੀ ਨੂੰ ਪੁਛਿਆ। ਤੀਜੇ ਫੌਜੀ ਨੇ ਬੰਗਾਲੀ ਵਿਚ ਉਹਨੂੰ ਕੋਈ ਜੁਆਬ ਦਿਤਾ।
‘ਸਚਮੁੱਚ ਮੈਂ ਸ਼ਾਇਰ ਆਂ, ਮੈਨੂੰ ਸਾਰੀਆਂ ਜ਼ਬਾਨਾਂ ਆਉਂਦੀਆਂ ਨੇ’ ਤੇ ਫਿਰ ਉਹ ਬੰਗਾਲੀ ਬੋਲਣ ਲੱਗਾ।
ਫੌਜੀ ਹੈਰਾਨ ਹੁੰਦਾ ਹੋਇਆ ਉਹਦੇ ਮੂੰਹ ਵਲ ਦੇਖਣ ਲੱਗਾ।
‘ਤਾਮਿਲ ਆਉਂਦੀ ਏ?’ ਇਕ ਗਠੇ ਜਿਹੇ ਸਰੀਰ ਵਾਲੇ ਸਿਆ ਰੰਗ ਦੇ ਫੌਜੀ ਨੇ ਡੱਬੇ ਦੀ ਬਾਰੀ ’ਚੋਂ ਸਿਰ ਕੱਢ ਕੇ ਉਹਨੂੰ ਪੁਛਿਆ।
‘ਤਾਮਿਲ, ਮਰਾਠੀ, ਗੁਜਰਾਤੀ, ਪੰਜਾਬੀ ਸਾਰੀਆਂ ਆਉਂਦੀਆਂ ਨੇ, ਤੁਹਾਨੂੰ ਸਾਰੀਆਂ ਜ਼ਬਾਨਾਂ ਦੇ ਗੀਤ ਸੁਣਾਵਾਂਗਾ।’
‘ਅੱਛਾ’ ਫੌਜੀ ਨੇ ਹੈਰਾਨ ਹੁੰਦਿਆਂ ਕਿਹਾ।
‘ਹਾਂ’ ਸਤਿਆਰਥੀ ਉਹਦੇ ਨਾਲ ਤਾਮਿਲ ’ਚ ਗੱਲਾਂ ਕਰਨ ਲੱਗਾ। ਏਨੇ ਵਿਚ ਇੰਜਨ ਨੇ ਸੀਟੀ ਮਾਰ ਦਿਤੀ।
‘ਕੀ ਮੈਂ ਅੰਦਰ ਆ ਜਾਵਾਂ?’ ਸਤਿਆਰਥੀ ਨੇ ਪੁਛਿਆ
ਦਰਵਾਜ਼ੇ ਕੋਲ ਬੈਠਾ ਇਕ ਫੌਜੀ ਕੁਝ ਸੋਚਣ ਲੱਗਾ।
‘ਗੀਤ ਨਾ ਪਸੰਦ ਆਉਣ ’ਤੇ ਅਗਲੇ ਸਟੇਸ਼ਨ ’ਤੇ ਉਤਾਰ ਦੇਣਾ’ ਫੌਜੀ ਹਸ ਪਿਆ ਤੇ ਕਹਿਣ ਲੱਗਾ, ‘ਚਲ ਆ ਜਾ।’
ਸਤਿਆਰਥੀ ਮੇਰੇ ਹੱਥੋਂ ਅਟੈਚੀ ਖੋਹ ਕੇ ਜਲਦੀ ਨਾਲ ਡੱਬੇ ’ਚ ਚੜ੍ਹ ਗਿਆ। ਮੈਂ ਡੱਬੇ ਦੇ ਬਾਹਰ ਬੁੱਤ ਬਣਿਆ ਖੜਾ ਰਿਹਾ।
‘ਆ ਜਾ, ਆ ਜਾ ਜਲਦੀ।’ ਸਤਿਆਰਥੀ ਨੇ ਸੀਟ ’ਤੇ ਥਾਂ ਬਣਾਉਂਦਿਆਂ ਦੋਹਾਂ ਹੱਥਾਂ ਨਾਲ ਇਸ਼ਾਰੇ ਕਰਦਿਆਂ ਮੈਨੂੰ ਕਿਹਾ।
ਫੌਜੀਆਂ ਨੇ ਘੂਰ ਕੇ ਮੈਨੂੰ ਦੇਖਿਆ।
ਮੈਂ ਦੋ ਕਦਮ ਪਿਛੇ ਹਟ ਗਿਆ।
‘ਇਹ ਵੀ ਸ਼ਾਇਰ ਐ’ ਇਹ ਵੀ ਤੁਹਾਨੂੰ ਗੀਤ ਗੁਣਾਏਗਾ। ਅਸੀਂ ਦੋਵੇਂ ਗੀਤ ਸੁਣਾਵਾਂਗੇ।’
ਫੌਜੀਆਂ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਗੌਰ ਨਾਲ ਦੇਖਿਆ। ਲਗਦਾ ਸੀ ਕਿ ਉਨ੍ਹਾਂ ਨੂੰ ਮੇਰੇ ਸ਼ਾਇਰ ਹੋਣ ’ਤੇ ਯਕੀਨ ਨਹੀਂ ਸੀ ਆ ਰਿਹਾ। ਉਹ ਸੋਚ ਰਹੇ ਸਨ ਕਿ ਕਿਥੇ ਇਹ ਤੇਈ ਚੌਵੀ ਵਰ੍ਹਿਆਂ ਦਾ ਛੋਕਰਾ ਉਹੋ ਜਿਹੀ ਚੀਜ਼ ਕਿਵੇਂ ਹੋ ਸਕਦੈ ਜੋ ਇਹ ਲੰਬੀ ਦਾੜ੍ਹੀ ਵਾਲਾ ਸੰਨਿਆਸੀ ਏ।
‘ਤੂੰ ਵੀ ਸਾਰੀਆਂ ਜ਼ਬਾਨਾਂ ਜਾਣਦਾ ਏਂ?’ ਇਕ ਫੌਜੀ ਨੇ ਦਰਵਾਜ਼ਾ ਖੋਲ੍ਹਦੇ ਹੋਏ ਮੈਨੂੰ ਪੁਛਿਆ।
‘ਨਹੀਂ’ ਮੈਂ ਜੁਆਬ ਦਿਤਾ।
‘ਹੂੰ..’ ਉਹਨੇ ਕੁਝ ਇਸ ਤਰ੍ਹਾਂ ਕਿਹਾ ਜਿਵੇਂ ਕਹਿ ਰਿਹਾ ਹੋਵੇ ਫਿਰ ਤੂੰ ਕੀ ਜਾਣਦੈ ਤੇਰਾ ਕੀ ਫਾਇਦਾ।’
ਮੈਂ ਸਤਿਆਰਥੀ ਦੇ ਕੋਲ ਸੀਟ ’ਤੇ ਜਾ ਬੈਠਾ ਜਦੋਂ ਟਰੇਨ ਚਲ ਪਈ ਤਾਂ ਮੈਂ ਕਿਹਾ
‘ਮੈਂ ਅਗਲੇ ਸਟੇਸ਼ਨ ’ਤੇ ਉਤਰ ਜਾਵਾਂਗਾ’
‘ਉਤਰ ਕੇ ਜਾਏਂਗਾ ਕਿਹੜੇ ਡੱਬੇ ’ਚ’ ਉਹ ਕਹਿਣ ਲੱਗਾ। ਮੈਂ ਚੁਪ ਰਿਹਾ। ਫੌਜੀ ਬੜ੍ਹੇ ਉਤਸ਼ਾਹ ਤੇ ਦਿਲਚਸਪੀ ਨਾਲ ਸਤਿਆਰਥੀ ਨਾਲ ਗੱਲਾਂ ਕਰਨ ਲੱਗਾ। ਸਤਿਆਰਥੀ ਬੜੇ ਪਿਆਰ ਨਾਲ ਉਹਦੇ ਪਿੰਡ ਕੋਲ ਵਹਿੰਦੇ ਨਦੀਆਂ, ਨਾਲਿਆਂ ਦੇ ਕਿਨਾਰੇ ਲਹਿਲਹਾਂਦੇ ਖੇਤਾਂ, ਰਸਮਾਂ, ਤਿਓਹਾਰਾਂ ਬਾਰੇ ਗੱਲਾਂ ਕਰ ਰਿਹਾ ਸੀ, ਜਿਵੇਂ ਉਹ ਉਨ੍ਹਾਂ ਸਾਰਿਆਂ ਨੂੰ ਜਾਣਦਾ ਹੋਵੇ। ਜਦੋਂ ਗੱਲਾਂ ਖਤਮ ਹੋ ਗਈਆਂ ਤਾਂ ਸਤਿਆਰਥੀ ਉਨ੍ਹਾਂ ਨੂੰ ਗੀਤ ਸੁਣਾਉਣ ਲੱਗਾ। ਫੌਜੀ ਉਹਦੇ ਤੋਂ ਬੜੇ ਪ੍ਰਭਾਵਤ ਹੋਏ। ਸਤਿਆਰਥੀ ਨੇ ਕਿਹਾ,
‘ਕੋੜੀ ਦਾ ਕੋੜੀ, ਕੋੜੀ ਦਾ ਕਾਟ ਲਾਲੀ (ਮਿਲਕੇ ਫਸੋ, ਮਿਲਕੇ ਫਸੋ, ਮੱਛੀਓ) ਉਸ ਡੱਬੇ ਵਿਚ ਜਿਥੇ ਹਰ ਸੂਬੇ ਦਾ ਫੌਜੀ ਬੈਠਾ ਸੀ, ਉਨ੍ਹਾਂ ਲਈ ਇਸ ਤੋਂ ਵਧ ਮਜ਼ਾਕ ਉਡਾਉਣ ਵਾਲਾ ਹੋਰ ਕੋਈ ਗੀਤ ਨਹੀਂ ਸੀ ਹੋ ਸਕਦਾ।
‘ਕੀ ਮਤਲਬ’ ਤਮਿਲ ਫੌਜੀ ਕਹਿਣ ਲੱਗਾ।
‘ਕੀ ਅਸੀਂ ਮੱਛੀਆਂ ਹਾਂ?’ ਪੰਜਾਬੀ ਫੌਜੀ ਚੀਕਿਆ।
‘ਗੁੱਸਾ ਕਿਉਂ ਕਰਦੇ ਹੋ ਮੇਰੇ ਦੋਸਤ’ ਸਤਿਆਰਥੀ ਨੇ ਓਸੇ ਲਹਿਜੇ ਤੇ ਹੌਂਸਲੇ ਨਾਲ ਕਿਹਾ
‘ਅਸੀਂ ਸਭ ਮੱਛੀਆਂ ਹਾਂ। ਤੁਸੀਂ ਬੰਦੂਕ ਵਾਲੀਆਂ ਮੱਛੀਆਂ ਹੋ ਤੇ ਮੈਂ ਦਾੜ੍ਹੀ ਵਾਲੀ ਮੱਛੀ ਹਾਂ।’
ਫੌਜੀ ਹੱਸਣ ਲੱਗੇ।
‘ਅਸੀਂ ਸਾਰੀਆਂ ਮਛੇਰਿਆਂ ਦੇ ਜਾਲ ਵਿਚ ਫਸੀਆਂ ਹੋਈਆਂ ਹਾਂ।’ ਸਤਿਆਰਥੀ ਨੇ ਕਿਹਾ ਤਾਂ ਸਾਰੇ ਫੌਜੀ ਗੰਭੀਰ ਹੋ ਗਏ।
ਟਰੇਨ ਤੇਜ਼ੀ ਨਾਲ ਦੌੜੀ ਜਾ ਰਹੀ ਸੀ। ਬਾਹਰ ਚਾਰੇ ਪਾਸੇ ਹਨੇਰਾ ਸੀ ਤੇ ਇਸ ਹਨੇਰੇ ਵਿਚ ਇਕਾ ਦੁਕਾ ਤਾਰੇ ਜਗ ਮਗਾ ਰਹੇ ਸਨ। ਫੌਜੀਆਂ ਨੇ ਸਾਨੂੰ ਸੌਣ ਲਈ ਸਾਨੂੰ ਜਗ੍ਹਾ ਬਣਾ ਦਿਤੀ ਤੇ ਕਿਹਾ ‘ਤੁਸੀਂ ਹੁਣ ਅਰਾਮ ਕਰ ਲਓ ਸਵੇਰੇ ਤੁਹਾਨੂੰ ਜਗਾ ਦਿਆਂਗੇ।’
ਅਗਲੇ ਦਿਨ ਜਦੋਂ ਸਾਹਿਬ ਦੇ ਟਿਕਾਣੇ ਪਹੁੰਚੇ, ਜਿਨ੍ਹਾਂ ਨੂੰ ਮਿਲਣਾ ਸੀ ਤਾਂ ਜਾ ਕੇ ਪਤਾ ਲਗਾ ਕਿ ਉਹ ਘਰ ਨਹੀਂ ਹਨ। ਉਹ ਮੈਜਿਸਟਰੇਟ ਦੇ ਘਰ ਇਕ ਦਾਅਵਤ ’ਤੇ ਗਏ ਹੋਏ ਸਨ।
ਉਹ ਮੈਜਿਸਟਰੇਟ ਮੈਨੂੰ ਵੀ ਜਾਣਦਾ ਸੀ। ਇਸ ਲਈ ਅਸੀਂ ਸਿਧਾ ਉਹਦੇ ਘਰ ਚਲੇ ਗਏ।
ਗੱਲਾਂ ਗੱਲਾਂ ਵਿਚ ਸਤਿਆਰਥੀ ਨੇ ਓਥੇ ਜਾ ਕੇ ਦਸਿਆ ਕਿ ਉਹ ਝੁੰਮਰ ਨਾਚ ਨੱਚਦੇ ਕਿਸਾਨਾਂ ਦੀਆਂ ਫੋਟੋਆਂ ਲੈਣੀਆਂ ਚਾਹੁੰਦਾ ਹੈ।
ਮੈਜਿਸਟਰੇਟ ਸਾਹਿਬ ਕਹਿਣ ਲੱਗੇ ‘ਅੱਜਕੱਲ੍ਹ ਤਾਂ ਕਿਸਾਨ ਵਾਢੀਆਂ ’ਚ ਰੁਝੇ ਹੋਏ ਨੇ ਨਾਚ ਤਾਂ ਛਡੋ ਉਨ੍ਹਾਂ ਕੋਲ ਤਾਂ ਸਿਰ ਖੁਰਕਣ ਦੀ ਵਿਹਲ ਨਹੀਂ’
‘ਫਿਰ’ ਸਤਿਆਰਥੀ ਨੇ ਕਿਹਾ ‘ਮੈਂ ਤਾਂ ਬੜੀ ਉਮੀਦ ਲੈ ਕੇ ਆਇਆ ਸਾਂ।’
ਮੈਜਿਸਟਰੇਟ ਸਾਹਿਬ ਚੁਪ ਕਰ ਗਏ। ਜਦੋਂ ਅਸੀਂ ਓਥੋਂ ਚਲਣ ਲੱਗੇ ਤਾਂ ਉਨ੍ਹਾਂ ਨੇ ਸਤਿਆਰਥੀ ਨੂੰ ਰੋਕ ਕੇ ਕਿਹਾ ‘ਤੁਸੀਂ ਜ਼ਰੂਰ ਫੋਟੋਆਂ ਲੈਣੀਆਂ ਚਾਹੁੰਦੇ ਹੋ?’
‘ਹਾਂ’
‘ਚੰਗਾ ਕੱਲ੍ਹ ਦੋ ਵਜੇ ਦੇ ਲਗਪਗ ਥਾਣੇ ਆ ਜਾਣਾ। ਮੈਂ ਬੰਦੋਬਸਤ ਕਰਵਾ ਦਿਆਂਗਾ।’
‘ਥਾਣੇ ਵਿਚ?’ ਸਤਿਆਰਥੀ ਨੇ ਹੈਰਾਨੀ ਵਿਚ ਮੈਨੂੰ ਘੂਰਦੇ ਹੋਏ ਕਿਹਾ।
‘ਹਾਂ ਅਸੀਂ ਥਾਣੇ ਵਿਚੋਂ ਕੁਝ ਸਿਪਾਹੀ ਭੇਜ ਕੇ ਦਸ=ਵੀਹ ਕਿਸਾਨਾਂ ਨੂੰ ਬੁਲਵਾ ਲਵਾਂਗੇ ਜਿਹੜੇ ਨੱਚਣਾ ਜਾਣਦੇ ਹੋਣ। ਫਿਰ ਤੁਸੀਂ ਜਿੰਨੀਆਂ ਚਾਹੋ ਫੋਟੋਆਂ ਲੈ ਲੈਣਾ।’
‘ਜੀ ਨਹੀਂ, ਤੁਸੀਂ ਤਕਲੀਫ ਨਾ ਕਰੋ। ਮੈਂ ਫਿਰ ਕਦੇ ਆ ਜਾਵਾਂਗਾ। ਥਾਣੇਦਾਰ ਦੇ ਸਾਹਮਣੇ ਕਿਸਾਨ ਕੀ ਨੱਚਣਗੇ?’
ਅਗਲੇ ਦਿਨ ਅਸੀਂ ਓਥੋਂ ਵਾਪਸ ਆ ਗਏ। ਸਾਰੇ ਰਸਤੇ ਮੈਜਿਸਟਰੇਟ ਦੀ ਤਜਵੀਜ਼ ’ਤੇ ਸਤਿਆਰਥੀ ਹੱਸਦਾ ਰਿਹਾ।
ਯੂਨੀਵਰਸਿਟੀ ਇਮਤਿਹਾਨਾਂ ਤੋਂ ਬਾਅਦ ਮੈਂ ਲੁਧਿਆਣੇ ਆ ਗਿਆ ਤੇ ਚਾਰ-ਪੰਜ ਮਹੀਨੇ ਘਰ ਹੀ ਰਿਹਾ। ਉਸ ਤੋਂ ਬਾਅਦ ਅਚਾਨਕ ਪ੍ਰੀਤ ਨਗਰ ਦੀ ਸਲਾਨਾ ਕਾਨਫਰੰਸ ਵਿਚ ਮੇਰੀ ਉਹਦੇ ਨਾਲ ਮੁਲਾਕਾਤ ਹੋ ਗਈ।
ਕਾਨਫਰੰਸ ਵਿਚ ਕੋਈ ਅੱਠ ਦਸ ਹਜ਼ਾਰ ਔਰਤਾਂ-ਮਰਦਾਂ ਦਾ ਇਕੱਠ ਸੀ। ਪੰਜਾਬ ਦੇ ਹਰ ਕੋਨੇ ਵਿਚੋਂ ਲੋਕ ਇਸ ਅਜੀਬੋ-ਗਰੀਬ ਬਸਤੀ ਨੂੰ ਦੇਖਣ ਆਏ ਸਨ ਜਿਸਦੇ ਅਹਾਤੇ ਵਿਚ ਮਸਜਿਦ, ਮੰਦਿਰ, ਗੁਰੂਦਵਾਰਾ ਜਾਂ ਗਿਰਜਾ ਬਣਾਉਣ ਦੀ ਆਗਿਆ ਨਹੀਂ ਸੀ। ਓਥੋਂ ਦੇ ਵਾਸੀ ਸਾਂਝੀ ਕਿਚਨ ਵਿਚ ਖਾਣਾ ਖਾਂਦੇ ਸਨ ਤੇ ਜਿਥੇ ਔਰਤਾਂ ਅਜ਼ਾਦੀ ਤੇ ਬੇਬਾਕੀ ਨਾਲ ਘੁੰਮਦੀਆਂ ਫਿਰਦੀਆਂ ਸਨ।
ਜਦੋਂ ਸਤਿਆਰਥੀ ਪੰਡਾਲ ਵਿਚ ਦਾਖਲ ਹੋਇਆ ਤਾਂ ਭੀੜ ਵਿਚੋਂ ਬਹੁਤ ਸਾਰੇ ਪੁਰਸ਼ਾਂ ਨੇ ਉਠ ਕੇ ਉਹਦੇ ਹੱਥ ਚੁੰਮੇ ਅਤੇ ਬਹੁਤ ਸਾਰੀਆਂ ਔਰਤਾਂ ਨੇ ਉਹਦੇ ਚਰਨ ਛੋਹੇ। ਸਤਿਆਰਥੀ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿਤਾ ਤੇ ਬੜੀਆਂ ਉਤਸੁਕ ਤੇ ਸ਼ਰਧਾਲੂ ਨਜ਼ਰਾਂ ਦੀ ਇਕ ਵੱਡੀ ਭੀੜ ’ਚੋਂ ਲੰਘਦਾ ਹੋਇਆ ਉਹ ਸਟੇਜ ਦੇ ਕੋਲ ਜਾ ਕੇ ਬਹਿ ਗਿਆ।
ਪ੍ਰੋਗਰਾਮ ਵਿਚ ਪਹਿਲੀ ਚੀਜ਼ ਇਕ ਡਰਾਮਾ ਸੀ ਜਿਸਨੂੰ ਪ੍ਰੀਤ ਨਗਰ ਦੇ ਪਾੜ੍ਹੇ ਪੇਸ਼ ਕਰ ਰਹੇ ਸਨ। ਡਰਾਮੇ ਤੋਂ ਬਾਅਦ ਪਹਿਲਾਂ ਪੰਜਾਬੀ ਕਵੀ ਦਰਬਾਰ ਤੇ ਫਿਰ ਉਰਦੂ ਮੁਸ਼ਾਇਰਾ ਸੀ। ਸਤਿਆਰਥੀ ਨੇ ਵੀ ਕਵੀ ਦਰਬਾਰ ਵਿਚ ਇਕ ਪੰਜਾਬੀ ਕਵਿਤਾ ਪੜ੍ਹੀ
ਓ ਹਿੰਦੋਸਤਾਨ! ਅੱਜ ਮਿੱਟੀ ਫਕ ਫਕ ਮੋਏ
ਤੇਰੇ ਹੱਲ ਨੇ ਲਹੂ ਲੁਹਾਨ ਓ ਹਿੰਦੋਸਤਾਨ!
ਓ ਹਿੰਦੋਸਤਾਨ! ਨਾਚ ਅਜੰਤਾ ਯੁੱਗ ਦੇ
ਤੇਰੇ ਲੀੜੇ ਲੀਰਾਂ ਲੀਰਾਂ ਕਿਉਂ ਨੱਚਦਾ ਏ ਓਦੇਸ਼ੰਕਰ
ਤੇਰੇ ਪੈਰੀਂ ਟੁੱਟੇ ਛਿਤਰ ਅੱਜ ਭੁੱਖਾ ਹੈ ਬੰਗਾਲ
ਤੇਰਾ ਢਿਡ ਕਬਰ ਸਦੀਆਂ ਦੀ ਓ ਹਿੰਦੋਸਤਾਨ!
ਓ ਹਿੰਦੋਸਤਾਨ! ਮੇਰੀ ਅੱਖ ਅਸਾਮ ’ਚ ਪਹੁੰਚੀ
ਬਹੁਤ ਅਨਾਜ ਉਪਜਾਓ ਮੈਂ ਵੇਖਾਂ ਲੱਖਾਂ ਪਿੰਜਰ
ਇਹ ਇਸ਼ਤਿਹਾਰ ਸਰਕਾਰੀ ਅੱਜ ਬਿਹੂ ਨਾਚ ਵੀ ਮੋਇਆ
ਪਰ ਕਣਕਾਂ ਦੇ ਪਿਓ ਅਨਪੜ੍ਹ ਓ ਹਿੰਦੋਸਤਾਨ!
ਓ ਹਿੰਦੋਸਤਾਨ! ਸਦੀਆਂ ਦੀ ਬੁੱਢੀ ਠੇਰੀ
ਮੈਂ ਕਾਲੀ ਦਾਸ ਨੂੰ ਆਖਾਂ ਬੇ ਸ਼ਰਮ ਵੰਝਲੀ ਵਜ ਵਜ
ਅਜੇ ਮੇਘਦੂਤ ਨੂੰ ਠੱਪ ਲੈ ਤੇਰੇ ਬੁਲ੍ਹਾਂ ’ਤੇ ਮੋਈ
ਦਸ ਭੁੱਖ ਨੇੜੇ ਕਿ ਬਿਰਹੋਂ ਓ ਹਿੰਦੋਸਤਾਨ!
ਓ ਹਿੰਦੋਸਤਾਨ! ਤੇਰਾ ਢਿਡ ਕਬਰ ਸਦੀਆਂ ਦੀ
ਮਹਾਂ ਨਦੀ ਪਈ ਦਸੇ ਓ ਹਿੰਦੋਸਤਾਨ!
ਬੰਦੇ ਪੂਰੇ ਛੀ ਵੀਹਾਂ
ਸਟੇਜ ’ਤੇ ਖੜਾ ਉਹ ਮਾਨਵਤਾ ਦਾ ਪੁਜਾਰੀ ਲਗ ਰਿਹਾ ਸੀ। ਉਹਦੀ ਸ਼ਖਸੀਅਤ ਦਾਰਸ਼ਨਿਕ, ਸੰਨਿਆਸੀ ਅਤੇ ਸ਼ਾਇਰ ਦੀ ਸ਼ਖਸੀਅਤ ਦਾ ਮਿਲਗੋਭਾ ਲਗ ਰਹੀ ਸੀ। ਉਹ ਹਿੰਦੋਸਤਾਨ ਦੇ ਵੱਖ ਵੱਖ ਖਿਤਿਆਂ ਦਾ ਜ਼ਿਕਰ ਏਨੀ ਕਮਾਲ ਨਾਲ ਕਰ ਰਿਹਾ ਸੀ ਕਿ ਸੁਣਨ ਵਾਲਿਆਂ ਨੂੰ ਲਗ ਰਿਹਾ ਸੀ ਜਿਵੇਂ ਉਹ ਉਨ੍ਹਾਂ ਖਿਤਿਆਂ ਵਿਚ ਸਾਹ ਲੈ ਰਹੇ ਹੋਣ। ਇਕ ਤੋਂ ਬਾਅਦ ਦੂਸਰੇ ਖਿੱਤੇ ਦੀ ਅਬਾਦੀ ਆਪਣੀ ਵਿਸ਼ੇਸ਼ ਤਹਿਜ਼ੀਬ ਦੇ ਰੂਪ ਵਿਚ, ਵਿਸ਼ੇਸ਼ ਲਿਬਾਸ ਪਾਈ, ਆਪਣੀ ਵਿਸ਼ੇਸ਼ ਜ਼ਬਾਨ ਬੋਲਦੀ ਹੌਲੀ ਹੌਲੀ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਪ੍ਰਗਟ ਹੋ ਕੇ ਫਿਰ ਦਿਸਹੱਦੇ ਵਿਚ ਗੁੰਮ ਹੋ ਜਾਂਦੀ ਸੀ। ਇਹ ਕੁਸ਼ਲਤਾ ਅਸਲ ਵਿਚ ਸਤਿਆਰਥੀ ਵਲੋਂ ਕੀਤਾ ਗਿਆ ਸੌਲਾਂ ਸਾਲਾਂ ਦਾ ਰਿਆਜ਼ ਤੇ ਗਾਹੇ ਗਏ ਹਿੰਦੋਸਤਾਨ ਦਾ ਫਲ ਸੀ। ਮੈਂ ਮਹਿਸੂਸ ਕੀਤਾ ਕਿ ਹਿੰਦੋਸਤਾਨ ਦਾ ਕੋਈ ਲੇਖਕ ਉਹ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਹਿੰਦੋਸਤਾਨ ਦੀ ਰੂਹ ਦਾ ਅਕਸ ਪੇਸ਼ ਕਰਨ ਵਿਚ ਸਤਿਆਰਥੀ ਦਾ ਮੁਕਾਬਲਾ ਨਹੀਂ ਕਰ ਸਕਦਾ।
ਪੰਜਾਬੀ ਕਵੀ ਦਰਬਾਰ ਦੀ ਸਮਾਪਤੀ ਤੋਂ ਬਾਅਦ ਪੰਦਰਾਂ ਮਿੰਟਾਂ ਦਾ ਵਕਫਾ ਦਿਤਾ ਗਿਆ ਤਾਂ ਉਰਦੂ ਪ੍ਰੀਤ ਲੜੀ ਦੇ ਸਹਿ ਸੰਪਾਦਕ ਸ਼ਮਸ਼ੇਰ ਸਿੰਘ ਖੰਜਰ ਨੇ ਮੈਨੂੰ ਦਸਿਆ ਕਿ ਉਰਦੂ ਮੁਸ਼ਾਇਰੇ ਦੀ ਪ੍ਰਧਾਨਗੀ ਕਰਨ ਵਾਲਾ ਸ਼ਾਇਰ ਅਜੇ ਤੱਕ ਨਹੀਂ ਪਹੁੰਚਿਆ। ਮੈਂ ਦਸਿਆ ਕਿ ਸ਼ਾਮ ਨੂੰ ਮੈਂ ਅਖਤਰ ਹੁਸੈਨ ਰਾਇਪੁਰੀ ਨੂੰ ਦੇਖਿਆ ਸੀ। ਉਹਨੂੰ ਕਹੋ ਮੁਸ਼ਾਇਰੇ ਦੀ ਪ੍ਰਧਾਨਗੀ ਕਰ ਦੇਣ। ਸ਼ਮਸ਼ੇਰ ਸਿੰਘ ਖੰਜਰ ਇਕ ਲੱਤ ਅਤੇ ਇਕ ਸੋਟੀ ਦੇ ਸਹਾਰੇ ਅਖਤਰ ਹੁਸੈਨ ਰਾਇਪੁਰੀ ਨੂੰ ਲੱਭਣ ਚਲਾ ਗਿਆ। ਸਤਿਆਰਥੀ ਮੇਰੇ ਕੋਲ ਆ ਕੇ ਕਹਿਣ ਲੱਗਾ, ‘ਤੂੰ ਸ਼ਮਸ਼ੇਰ ਸਿੰਘ ਖੰਜਰ ਨੂੰ ਕਦੋਂ ਦਾ ਜਾਣਨਾ ਏਂ?’
‘ਪਿਛਲੇ ਇਕ ਵਰ੍ਹੇ ਤੋਂ’
‘ਮੈਂ ਛਿਆਂ ਵਰ੍ਹਿਆਂ ਤੋਂ ਜਾਣਦਾ ਹਾਂ ਤੇ ਉਹਨੂੰ ਇਕ ਸੁਆਲ ਪੁਛਣਾ ਚਾਹੁੰਦਾ ਹਾਂ ਪਰ ਮੇਰਾ ਹੌਂਸਲਾ ਨਹੀਂ ਪੈਂਦਾ।’
‘ਸੁਆਲ ਕੀ ਐ’ ਮੈਂ ਪੁਛਿਆ
‘ਮੈਂ ਉਹਨੂੰ ਪੁਛਣਾ ਚਾਹੁੰਦਾ ਹਾਂ ਕਿ ਉਹਨੇ ਆਪਣਾ ਤਖੱਲਸ ਖੰਜਰ ਲੱਤ ਟੁੱਟਣ ਤੋਂ ਪਹਿਲਾਂ ਰਖਿਆ ਸੀ ਜਾਂ ਬਾਅਦ ’ਚ’
ਤੇ ਉਹ ਓਵਰ ਕੋਟ ਦੀਆਂ ਜੇਬਾਂ ਵਿਚ ਹੱਥ ਪਾ ਕੇ ਹੱਸਣ ਲੱਗਾ। ਸਾਹਮਣੇ ਪੰਜਾਬੀ ਦੀ ਇਕ ਕਵਿਤਰੀ ਆ ਰਹੀ ਸੀ। ਸਤਿਆਰਥੀ ਦਾ ਹਾਸਾ ਇਕ ਦਮ ਗੰਭੀਰਤਾ ਵਿਚ ਬਦਲ ਗਿਆ। ਉਹਨੇ ਦਵਾ-ਦਵ ਓਵਰ ਕੋਟ ਦੀਆਂ ਜੇਬਾਂ ’ਚੋਂ ਹੱਥ ਕੱਢ ਲਏ।
‘ਕਿਧਰ ਜਾ ਰਹੇ ਹੋ? ਉਰਦੂ ਦਾ ਮੁਸ਼ਾਇਰਾ ਨਹੀਂ ਸੁਣਨਾ’ ‘ਜ਼ਰੂਰ ਸੁਣਾਂਗੀ’ ‘ਬੈਠੀ ਬੈਠੀ ਥੱਕ ਗਈ ਸਾਂ ਇਸ ਲਈ ਏਧਰ ਆ ਗਈ।’
‘ਹਾਂ…ਹਾਂ…ਜ਼ਰੂਰ ਸੁਣਨਾ ਅੱਜ ਮੈਂ ਵੀ ਆਪਣੀ ਇਕ ਉਰਦੂ ਦੀ ਨਜ਼ਮ ਸੁਣਾਵਾਂਗਾ। ਸਾਹਿਰ ਤੂੰ ਇਨ੍ਹਾਂ ਦੀ ਕਵਿਤਾ ਸੁਣੀ ਸੀ।’
‘ਜੀ ਹਾਂ ਬੜੀ ਖੂਬਸੂਰਤ ਨਜ਼ਮ ਸੀ।’
‘ਉਸ ਵਿਚ ਬੜੀ ਰਵਾਨੀ, ਸ਼ਿਦਤ ਅਤੇ ਗਹਿਰਾਈ ਸੀ। ਵਾਹ ਵਾਹ ਮੈਂ ਤਾਂ ਸੋਚਦਾ ਹਾਂ ਕਿ ਮੈਨੂੰ ਕਵਿਤਾ ਲਿਖਣੀ ਹੀ ਛੱਡ ਦੇਣੀ ਚਾੰਹੀਦੀ ਏ।’ ਸਤਿਆਰਥੀ ਨੇ ਕਿਹਾ।
‘ਇਹ ਤੁਸੀਂ ਕੀ ਕਹਿ ਰਹੇ ਹੋ?’ ਕਵਿਤਰੀ ਕਹਿਣ ਲੱਗੀ ‘ਤੁਸੀਂ ਤਾਂ ਏਨਾ ਵਧੀਆ ਲਿਖਦੇ ਹੋ।’
‘ਜੀ ਹਾਂ…ਜੀ ਹਾਂ…‘ਪਰ ਉਹ ਗੱਲ ਨਹੀਂ ਬਣਦੀ।’
ਏਨੇ ਵਿਚ ਸ਼ਮਸ਼ੇਰ ਸਿੰਘ ਖੰਜਰ ਵਾਪਸ ਆ ਗਿਆ। ਉਹਨੇ ਦਸਿਆ ਕਿ ਅਖਤਰ ਹੁਸੈਨ ਰਾਏਪੁਰੀ ਵਾਪਸ ਚਲੇ ਗਏ ਨੇ ਤੇ ਸ਼ਾਇਰਾਂ ਦੀਆਂ ਤਿੰਨ ਟੋਲੀਆਂ ਤਿੰਨ ਵੱਖ ਵੱਖ ਸ਼ਾਇਰਾਂ ਨੂੰ ਪ੍ਰਧਾਨਗੀ ਕਰਨ ਲਈ ਕਹਿ ਰਹੀਆਂ ਹਨ।
‘ਫਿਰ ਤੁਸੀਂ ਕੀ ਫੈਸਲਾ ਕੀਤੈ’ ਮੈਂ ਪੁਛਿਆ।
‘ਮੈਂ ਕੋਈ ਫੈਸਲਾ ਨਹੀਂ ਕਰ ਸਕਿਆ’ ਉਹ ਕਹਿਣ ਲੱਗਾ।
ਕਵਿਤਰੀ ਮੁਸਕੁਰਾਈ ਤੇ ਪੁਛਣ ਲੱਗੀ, ‘ਕੀ ਤੁਹਾਡੇ ਵਿਚ ਪ੍ਰਧਾਨਗੀ ਲਈ ਦੰਗਾ-ਫਸਾਦ ਹੋ ਜਾਂਦੈ?’
‘ਕੁਝ ਅਜਿਹਾ ਹੀ ਏ’ ਮੈਂ ਕਿਹਾ
‘ਕਿਉਂ?’ ਉਹਨੇ ਕਿਹਾ ਤਾਂ ਮੈਨੂੰ ਉਹਦੀ ਸਾਦਗੀ ’ਤੇ ਪਿਆਰ ਆ ਗਿਆ।
‘ਅਜੇ ਇਨ੍ਹਾਂ ਸਾਹਮਣੇ ਵੱਡੇ ਤੇ ਅਹਿਮ ਮਕਸਦ ਪੈਦਾ ਨਹੀਂ ਹੋਏ, ਜਦੋਂ ਹੋ ਗਏ ਤਾਂ ਇਨ੍ਹਾਂ ਛੋਟੀਆਂ-ਮੋਟੀਆਂ ਗੱਲਾਂ ’ਤੇ ਲੜਨਾ-ਝਗੜਨਾ ਛੱਡ ਦੇਣਗੇ।’ ਕਵਿਤਰੀ ਚੁੱਪ ਕਰ ਗਈ। ‘ਕੀ ਤੁਸੀਂ ਇਸ ਵਿਚ ਸਾਡੀ ਕੋਈ ਮਦਦ ਨਹੀਂ ਕਰ ਸਕਦੇ’ ਮੈਂ ਪੁਛਿਆ
‘ਮੈਂ, ਮੈਂ ਕੀ ਮਦਦ ਕਰ ਸਕਦੀ ਹਾਂ?’ ਉਹਨੇ ਕਿਹਾ
‘ਤੁਸੀਂ ਸਾਡੇ ਮੁਸ਼ਾਇਰੇ ਦੀ ਪ੍ਰਧਾਨਗੀ ਕਰ ਦਿਓ।’
‘ਪਰ ਮੈਂ ਤਾਂ ਪੰਜਾਬੀ ਵਿਚ ਲਿਖਦੀ ਹਾਂ।’
‘ਇਹੀ ਤਾਂ ਇਕ ਚੰਗੀ ਗੱਲ ਐ, ਨਹੀਂ ਤਾਂ ਸਪਸ਼ਟ ਐ ਕਿ ਇਕ ਮੁਸ਼ਾਇਰੇ ’ਚ ਤਿੰਨ ਜਣੇ ਪ੍ਰਧਾਨਗੀ ਨਹੀਂ ਕਰ ਸਕਦੇ। ਇਸ ਨਾਲ ਦੋ ਜਣੇ ਤਾਂ ਪੱਕਾ ਨਰਾਜ਼ ਹੋ ਜਾਣਗੇ।
‘ਪਰ ਇਹ ਵੀ ਤਾਂ ਹੋ ਸਕਦੈ, ਮੇਰੇ ਪ੍ਰਧਾਨਗੀ ਕਰਨ ’ਤੇ ਤਿੰਨੇ ਹੀ ਨਰਾਜ਼ ਹੋ ਜਾਣ।
‘ਨਹੀਂ ਤੁਸੀਂ ਔਰਤ ਹੋ ਇਸ ਲਈ ਅਜਿਹਾ ਨਹੀਂ ਹੋਵੇਗਾ।’ ਸ਼ਮਸ਼ੇਰ ਸਿੰਘ ਖੰਜਰ ਕਹਿਣ ਲੱਗਾ।
ਕਵਿਤਰੀ ਸ਼ਰਮਾ ਗਈ। ਕੁਝ ਕਹਿਣਾ ਚਾਹੁੰਦੀ ਸੀ ਪਰ ਕਹਿ ਨਾ ਸਕੀ।
ਮੈਂ ਖੰਜਰ ਨੂੰ ਕਿਹਾ, ਤੁਸੀਂ ਜਾਓ ਤੇ ਪ੍ਰਧਾਨਗੀ ਲਈ ਇਨ੍ਹਾਂ ਦਾ ਨਾਂ ਸਟੇਜ ਸਕੱਤਰ ਨੂੰ ਦੇ ਆਓ।
ਖੰਜਰ ਚਲਾ ਗਿਆ।
ਇਕ ਮਿੰਟ ਬਾਅਦ ਕਵਿਤਰੀ ਵੀ ਚਲੀ ਗਈ।
‘ਓਏ ਹਰਾਮਜ਼ਾਦੇ’ ਸਤਿਆਰਥੀ ਚੀਕਿਆ ਤੇ ਉਹ ਵੀ ਚਲਾ ਗਿਆ।
ਮੈਨੂੰ ਉਹਦਾ ਇਕ ਮਜਮੂਨ ਯਾਦ ਆ ਗਿਆ ਜਿਸ ਵਿਚ ਉਹਨੇ ਲਿਖਿਆ ਸੀ, ‘ਵੈਰੀਨਾਗ ਦੇ ਨੀਲਗੂੰ ਪਾਣੀ ਵਿਚ ਥਕਾਵਟ ਨਾਲ ਚੂਰ ਪੈਰ ਪਾਈ ਮੈਂ ਸੋਚ ਰਿਹਾ ਸਾਂ ਕਿ ਆਪਣੀ ਉਮਰ ਦਾ ਵਧੀਆ ਹਿੱਸਾ ਬੇਕਾਰ ਹੀ ਮੈਂ ਖਾਨਾਬਦੋਸ਼ੀ ਵਿਚ ਜ਼ਾਇਆ ਕਰ ਦਿਤਾ। ਖਾਹ-ਮਖਾਹ ਲੋਕ ਗੀਤਾਂ ਦੀ ਤਲਾਸ਼ ’ਚ ਭਟਕਦਾ ਰਿਹਾ। ਐਵੇਂ ਹੀ ਘਾਟ-ਘਾਟ ਦਾ ਪਾਣੀ ਪੀਣ ਨੂੰ ਜ਼ਿੰਦਗੀ ਦਾ ਆਦਰਸ਼ ਮੰਨ ਕੇ ਜ਼ਿੰਦਗੀ ਬਰਬਾਦ ਕਰਦਾ ਰਿਹਾ।’
ਸਟੇਜ ’ਤੇ ਖੜਾ ਉਹ ਬਾਕਮਾਲ ਹਸਤੀ ਨਜ਼ਰ ਆ ਰਿਹਾ ਸੀ ਪਰ ਸਟੇਜ ਤੋਂ ਉਤਰਦਿਆਂ ਉਹ ਆਮ ਆਦਮੀ ਬਣ ਗਿਆ ਸੀ। ਉਹਦੇ ਦਿਲ ’ਚ ਅਸਫਲਤਾਵਾਂ ਦਾ ਦਰਦ ਜਾਗ ਪਿਆ ਸੀ। ਉਮਰ ਦੇ ਬੇਤ੍ਹਰੀਨ ਹਿੱਸੇ ਦੇ ਜ਼ਾਇਆ ਹੋਣ ਦਾ ਦਰਦ।
ਮੁਸ਼ਾਇਰੇ ਤੋਂ ਅਗਲੇ ਦਿਨ ਪ੍ਰੀਤ ਨਗਰ ਵਾਲਿਆਂ ਨੇ ਉਰਦੂ ਅਤੇ ਪੰਜਾਬੀ ਦੇ ਲੇਖਕਾਂ ਨੂੰ ਇਕ ਸ਼ਾਨਦਾਰ ਪਾਰਟੀ ਦਿਤੀ। ਕਵਿਤਰੀ ਤੇ ਸਤਿਆਰਥੀ ਨਾਲੋ ਨਾਲ ਬੈਠੇ ਸਨ। ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਸ਼ਾਇਰੀ ਦਾ ਦੌਰ ਵੀ ਚਲ ਰਿਹਾ ਸੀ। ਸਾਰੇ ਸ਼ਾਇਰਾਂ ਨੇ ਇਕ ਇਕ ਨਜ਼ਮ ਸੁਣਾਈ ਪਰ ਜਦੋਂ ਸਤਿਆਰਥੀ ਦੀ ਵਾਰੀ ਆਈ ਤਾਂ ਉਹ ਚੁੱਪ-ਚਾਪ ਬੈਠਾ ਰਿਹਾ। ਕਵਿਤਰੀ ਨੇ ਕਿਹਾ, ‘ਤੁਸੀਂ ਵੀ ਕੁਝ ਸੁਣਾਓ ਨਾ।’
‘ਛੱਡੋ ਜੀ, ‘ਮੇਰੀ ਨਜ਼ਮ ਵਿਚ ਕੀ ਰਖਿਐ। ਤੁਸੀਂ ਸੁਣਾਓ।’ ਸਤਿਆਰਥੀ ਨੇ ਚਾਹ ਦਾ ਘੁੱਟ ਭਰਦਿਆਂ ਕਿਹਾ।
‘ਹਾਦਸਾ’ ਇਕ ਕੋਨੇ ’ਚੋਂ ਅਵਾਜ਼ ਆਈ।
ਸਤਿਆਰਥੀ ਕੋਲੋਂ ਹਾਸਾ ਰੋਕਿਆ ਨਾ ਗਿਆ। ਉਹਦਾ ਮੂੰਹ ਖੁਲ੍ਹਾ ਤੇ ਸਾਰੀ ਚਾਹ ਫੁਰਕੜਾ ਵੱਜ ਕੇ ਉਹਦੀ ਦਾੜ੍ਹੀ ਤੇ ਕੋਟ ’ਤੇ ਡੁੱਲ੍ਹ ਗਈ। ਮੈਲੇ ਖਾਕੀ ਰੁਮਾਲ ਨਾਲ ਚੇਹਰੇ ’ਤੇ ਪਰਦਾ ਕਰਕੇ ਉਹ ਆਪਣੀ ਕੁਰਸੀ ਤੋਂ ਉਠਿਆ ਤੇ ਨਲਕੇ ’ਤੇ ਜਾ ਕੇ ਮੂੰਹ ਧੌਣ ਲੱਗਾ। ਜਦੋਂ ਉਹ ਮੂੰਹ ਧੋ ਕੇ ਵਾਪਸ ਆਇਆ ਤਾਂ ਉਹਦਾ ਚੇਹਰਾ ਉਦਾਸ ਸੀ। ਕਵਿਤਰੀ ਦੇ ਨਾਲ ਪਈ ਖਾਲੀ ਕੁਰਸੀ ਛੱਡ ਕੇ ਉਹ ਇਕ ਕੋਨੇ ਵਿਚ ਦੁਬਕ ਕੇ ਬਹਿ ਗਿਆ। ਸਾਰਾ ਸਮਾਂ ਕੋਈ ਗੱਲ ਨਾ ਕੀਤੀ।
ਪਾਰਟੀ ਤੋਂ ਬਾਅਦ ਮੈਂ ਚੁੱਪ ਦਾ ਕਾਰਨ ਪੁਛਿਆ ਤਾਂ ਬੜੇ ਦੁਖੀ ਮਨ ਨਾਲ ਕਹਿਣ ਲੱਗਾ, ‘ਮੈਂ ਇਨ੍ਹਾਂ ਭੱਦਰ ਲੋਕਾਂ ਦੀ ਸੋਸਾਇਟੀ ਵਿਚ ਬਹੁਤ ਘੱਟ ਬੈਠਾ ਹਾਂ। ਆਪਣੀ ਸਾਰੀ ਉਮਰ ਮੈਂ ਕਿਸਾਨਾਂ ਅਤੇ ਖਾਨਾਬਦੋਸ਼ਾਂ ਵਿਚ ਗੁਜ਼ਾਰੀ ਹੈ ਤੇ ਹੁਣ ਜਦੋਂ ਮੈਨੂੰ ਮਾਡਰਨ ਕਿਸਮ ਦੀਆਂ ਮਹਿਫਿਲਾਂ ਵਿਚ ਬੈਠਣਾ ਪੈਂਦਾ ਹੈ ਤਾਂ ਮੈਂ ਘਬਰਾ ਜਾਂਦਾ ਹਾਂ। ਮੈਂ ਜ਼ਿਆਦਾ ਤੋਂ ਜ਼ਿਆਦਾ ਸੰਜਮ ਵਰਤਣ ਦੀ ਕੋਸ਼ਿਸ਼ ਕਰਦਾ ਹਾਂ। ਫਿਰ ਵੀ ਮੇਰੇ ਕੋਲੋਂ ਕੋਈ ਨਾ ਕੋਈ ਅਜਿਹੀ ਗਲਤੀ ਹੋ ਹੀ ਜਾਂਦੀ ਹੈ ਜੋ ਆਮ ਲੋਕਾਂ ਦੇ ਪੱਖ ਤੋਂ ਚੰਗੀ ਨਹੀਂ ਸਮਝੀ ਜਾਂਦੀ।’
ਸਤਿਆਰਥੀ ਦੀ ਗੱਲ ਸੁਣ ਕੇ ਮੇਰਾ ਮਨ ਬੜਾ ਦੁਖੀ ਹੋਇਆ। ਉਹਨੇ ਸਚਮੁੱਚ ਬੜੀ ਵੱਡੀ ਕੁਰਬਾਨੀ ਦਿਤੀ ਸੀ। ਲੋਕਗੀਤਾਂ ਦੀ ਤਲਾਸ਼ ਵਿਚ ਉਹਨੇ ਹਿੰਦੋਸਤਾਨ ਦਾ ਕੋਨਾ-ਕੋਨਾ ਛਾਣ ਮਾਰਿਆ ਸੀ। ਅਣਗਣਿਤ ਲੋਕਾਂ ਸਾਹਮਣੇ ਝੋਲੀ ਫੈਲਾਈ ਸੀ। ਕਈ ਬੋਲੀਆਂ ਸਿਖੀਆਂ ਸਨ। ਕਿਸਾਨਾਂ ਨਾਲ ਕਿਸਾਨ ਤੇ ਖਾਨਾਬਦੋਸ਼ਾਂ ਨਾਲ ਖਾਨਾਬਦੋਸ਼ ਬਣ ਕੇ ਆਪਣੀਆਂ ਇਛਾਵਾਂ ਭਰੀਆਂ ਰਾਤਾਂ ਦਾ ਗਲਾ ਘੁੱਟਿਆ ਸੀ। ਪਰ ਇਸ ਮਿਹਨਤ-ਮੁਸ਼ੱਕਤ, ਕੁਰਬਾਨੀ ਦੇ ਸਿਲੇ ’ਚ ਉਹਨੂੰ ਮਿਲਿਆ ਕੀ? ਇਕ ਅਰਧ ਫਾਕਿਆਂ ਵਾਲੀ ਜ਼ਿੰਦਗੀ ਤੇ ਇਕ ਟੁੱਟਾ ਹੋਇਆ ਦੁਖੀ ਦਿਲ।
ਪ੍ਰੀਤ ਨਗਰ ਤੋਂ ਵਾਪਸ ਆ ਕੇ ਮੈਨੂੰ ਅਦਬ-ਏ-ਲਤੀਫ ਰਸਾਲੇ ਵਿਚ ਨੌਕਰੀ ਮਿਲ ਗਈ। ਸਤਿਆਰਥੀ ਆਪਣਾ ਕੀਮਤੀ ਸਮਾਂ ਮੇਰੇ ਕੋਲ ਬਿਤਾਉਣ ਲੱਗਾ। ਹਰ ਰੋਜ਼ ਸਵੇਰੇ ਸਵੇਰੇ ਉਹ ਮੈਨੂੰ ਬਿਸਤਰੇ ਤੋਂ ਉਠਾ ਦੇਂਦਾ ਤੇ ਰਾਤ ਦੇਰ ਤੱਕ ਮੇਰੇ ਨਾਲ ਘੁੰਮਦਾ ਫਿਰਦਾ ਰਹਿੰਦਾ। ਜਦੋਂ ਕਦੇ ਉਹਦੀ ਤਬੀਅਤ ਲਹਿਰ ਵਿਚ ਹੁੰਦੀ ਤਾਂ ਉਹ ਮੈਨੂੰ ਪੰਜਾਬ ਦੇ ਲੋਕਗੀਤ ਸੁਣਾਂਦਾ,
1. ਕਿਹੜੇ ਪਿੰਡ ਮੁਕਲਾਵੇ ਜਾਣਾ
ਨੀ ਟਾਲ੍ਹੀ ਦੇ ਸੰਦੂਕ ਵਾਲੀਏ।
2. ਅੱਗ ਬਾਲ ਕੇ ਧੂੰਏਂ ਦੇ ਪੱਜ ਰੋਵਾਂ
ਭੈੜੇ ਦੁਖ ਯਾਰੀਆਂ ਦੇ
ਗੀਤ ਸੁਣਾਂਦੇ-ਸੁਣਾਂਦੇ ਉਹ ਚੁੱਪ ਕਰ ਜਾਂਦਾ ਤੇ ਕਹਿੰਦਾ, ‘ਭਾਵੇਂ ਮੇਰੀ ਆਰਥਕ ਹਾਲਤ ਕਿੰਨੀ ਵੀ ਮਾੜੀ ਕਿਉਂ ਨਾ ਹੋਵੇ ਪਰ ਹੈ ਤਾਂ ਮੈਂ ਹੀਰਾ।’
ਉਹਨੇ ਸਾਰੇ ਕਾਲਜਾਂ ਅਤੇ ਹੋਸਟਲਾਂ ਵਿਚ ਆਪਣੇ ਅੱਡੇ ਬਣਾਏ ਹੋਏ ਸਨ। ਹਰ ਰੋਜ਼ ਉਹ ਕਿਸੇ ਨਾ ਕਿਸੇ ਹੋਸਟਲ ਚਲਾ ਜਾਂਦਾ ਤੇ ਓਥੇ ਬੈਠਾ ਗੱਪਾਂ ਮਾਰਦਾ ਰਹਿੰਦਾ। ਵਿਦਿਆਰਥੀ ਉਹਨੂੰ ਬੜੇ ਜੋਸ਼ ਅਤੇ ਸ਼ਿਦਤ ਨਾਲ ਮਿਲਦੇ। ਚਾਹ ਪਿਆਂਦੇ, ਰੋਟੀ ਖੁਆਂਦੇ ਤੇ ਜੇ ਸਤਿਆਰਥੀ ਮੰਨ ਜਾਂਦਾ ਤਾਂ ਆਪਣੇ ਨਾਲ ਫਿਲਮ ਦਿਖੌਣ ਲੈ ਜਾਂਦੇ।
ਇਕ ਦੁਪਹਿਰ ਜਦੋਂ ਮੈਂ ਦਫਤਰ ਪਹੁੰਚਿਆ ਤਾਂ ਇਕ ਸੋਹਣਾ-ਸੁਨੱਖਾ ਨੌਜਵਾਨ ਪਹਿਲਾਂ ਤੋਂ ਬੈਠਾ ਮੇਰੀ ਉਡੀਕ ਕਰ ਰਿਹਾ ਸੀ।
‘ਮੈਂ ਦੇਵਿੰਦਰ ਸਤਿਆਰਥੀ ਹਾਂ’ ਉਹਨੇ ਕਿਹਾ।
ਹੈਰਾਨੀ ਨਾਲ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ। ਦਾੜ੍ਹੀ ਮੁੱਛਾਂ ਸਾਫ ਤੇ ਸਿਰ ’ਤੇ ਕਾਲਜੀਅਨ ਕੱਟ ਦੇ ਥੋੜ੍ਹੇ ਜਿਹੇ ਵਾਲ। ਇਹ ਦੇਵਿੰਦਰ ਸਤਿਆਰਥੀ ਨੂੰ ਕੀ ਹੋ ਗਿਆ, ਮੈਂ ਸੋਚਣ ਲੱਗਾ।
‘ਬਹਿ ਜਾ’ ਉਹਨੇ ਮੈਨੂੰ ਹੈਰਾਨ ਖੜੇ ਹੋਏ ਨੂੰ ਦੇਖਿਆ ਤੇ ਕਿਹਾ, ਮੈਂ ਬਹਿ ਗਿਆ।
ਥੋੜ੍ਹੀ ਦੇਰ ਤੱਕ ਅਸੀਂ ਦੋਵੇਂ ਚੁਪ-ਚਾਪ ਬੈਠੇ ਰਹੇ। ਫਿਰ ਮੈਂ ਉਹਨੂੰ ਇਕ ਹੋਟਲ ’ਚ ਲੈ ਗਿਆ। ਜਦੋਂ ਮੁੰਡੂ ਚਾਹ ਲੈ ਆਇਆ ਤਾਂ ਮੈਂ ਪੁਛਿਆ, ‘ਤੂੰ ਇਹ ਹੁਲੀਆ ਕਿਉਂ ਬਦਲ ਲਿਐ?’ ‘ਉਂਜ ਹੀ’ ‘ਇਹ ਤਾਂ ਕੋਈ ਜੁਆਬ ਨਾ ਹੋਇਆ, ਕੋਈ ਤਾਂ ਗੱਲ ਹੋਵੇਗੀ।’
‘ਗੱਲ…ਗੱਲ ਦਰਅਸਲ ਇਹ ਹੈ ਕਿ ਮੈਂ ਇਸ ਸ਼ਕਲ ਤੋਂ ਤੰਗ ਆ ਗਿਆ ਸਾਂ। ਪਹਿਲਾਂ-ਪਹਿਲ ਜਦੋਂ ਮੈਂ ਗੀਤ ਇਕੱਠੇ ਕਰਨ ਨਿਕਲਿਆ ਤਾਂ ਮੇਰੀ ਸ਼ਕਲ ਇਹੋ ਜਿਹੀ ਨਹੀਂ ਸੀ। ਉਦੋਂ ਗੀਤ ਇਕੱਠੇ ਕਰਨ ਵਿਚ ਬੜੀ ਮੁਸ਼ਕਲ ਆਉਂਦੀ ਸੀ। ਲੋਕ ਮੇਰੇ ’ਤੇ ਭਰੋਸਾ ਨਹੀਂ ਸਨ ਕਰਦੇ। ਕੁੜੀਆਂ ਮੇਰੇ ਕੋਲ ਬਹਿਣ ਤੋਂ ਘਬਰਾਂਦੀਆਂ ਸਨ। ਫਿਰ ਮੈਂ ਦਾੜ੍ਹੀ ਰਖ ਲਈ ਤੇ ਸਿਰ ਦੇ ਵਾਲ ਵਧਾ ਲਏ। ਬਿਲਕੁਲ ਸੰਨਿਆਸੀਆਂ ਵਾਲੀ ਸ਼ਕਲ ਬਣਾ ਲਈ। ਇਸ ਸ਼ਕਲ ਨੇ ਮੇਰੇ ਰਾਹ ਬਹੁਤ ਅਸਾਨ ਕਰ ਦਿਤੇ। ਪੇਂਡੂ ਮੇਰੀ ਇਜ਼ਤ ਕਰਨ ਲੱਗੇ। ਕੁੜੀਆਂ ਮੈਨੂੰ ਦਰਵੇਸ਼ ਸਮਝ ਕੇ ਤਵੀਤ ਮੰਗਣ ਲੱਗੀਆਂ। ਹੁਣ ਉਨ੍ਹਾਂ ਨੂੰ ਮੇਰੇ ਨੇੜੇ ਆਉਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਸੀ ਹੁੰਦੀ। ਮੈਂ ਘੰਟਿਆਂ ਬੱਧੀ ਬੈਠਾ ਉਨ੍ਹਾਂ ਕੋਲੋਂ ਗੀਤ ਸੁਣਦਾ ਰਹਿੰਦਾ। ਹੁਣ ਮੈਨੂੰ ਭੀਖ ਵੀ ਅਸਾਨੀ ਨਾਲ ਮਿਲ ਜਾਂਦੀ ਤੇ ਬਿਨਾ ਟਿਕਟ ਰੇਲਵੇ ਸਫਰ ਕਰਨਾ ਵੀ ਸੁਖਾਲਾ ਹੋ ਗਿਆ। ਹੌਲੀ-ਹੌਲੀ ਦਾੜ੍ਹੀ ਤੇ ਜਟਾਵਾਂ ਮੇਰੀ ਸ਼ਖਸੀਅਤ ਦਾ ਅਟੁੱਟ ਅੰਗ ਬਣ ਗਈਆਂ।’
‘ਫਿਰ?’ ‘ਫਿਰ ਮੈਂ ਸ਼ਹਿਰ ਆ ਗਿਆ ਤੇ ਮਜਮੂਨ ਲਿਖ ਕੇ ਜ਼ਿੰਦਗੀ ਦੀ ਗੱਡੀ ਰੇੜ੍ਹਣ ਲੱਗਾ ਪਰ ਜਦੋਂ ਮੈਂ ਦੂਸਰੇ ਲੇਖਕਾਂ ਨੂੰ ਦੇਖਦਾ ਤਾਂ ਉਹ ਬੜੀ ਬੇਤਕੱਲਫੀ ਨਾਲ ਇਕ ਦੂਸਰੇ ਨੂੰ ਮਿਲਦੇ। ਸਾਰਾ ਸਮਾਂ ਉਹ ਇਕ ਦੂਜੇ ਨਾਲ ਹੱਸਦੇ-ਖੇਡਦੇ ਮਜ਼ਾਕ ਕਰਦੇ ਰਹਿੰਦੇ ਪਰ ਮੇਰੇ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਦਾ ਲਹਿਜਾ ਇਕ ਦਮ ਰਸਮੀ ਹੋ ਜਾਂਦਾ। ਮੇਰੇ ਤੇ ਉਨ੍ਹਾਂ ਵਿਚ ਇਕ ਰਸਮੀ ਜਿਹਾ ਇਕ ਬਨਾਉਟੀ ਪਰਦਾ ਤਨਿਆ ਰਹਿੰਦਾ, ਜਿਵੇਂ ਮੈਂ ਉਨ੍ਹਾਂ ਦੇ ਦਿਲਾਂ ਤੋਂ ਕੋਹਾਂ ਦੂਰ ਹੋਵਾਂ। ਆਮ ਲੋਕ ਵੀ ਜਦੋਂ ਮੇਰੇ ਸਾਹਮਣੇ ਆਉਂਦੇ ਤਾਂ ਬੜੇ ਅਦਬ ਨਾਲ ਬਹਿ ਜਾਂਦੇ, ਜਿਵੇਂ ਉਹ ਕਿਸੇ ਦਿਓਤੇ ਸਾਹਮਣੇ ਬੈਠੇ ਹੋਣ ਜੋ ਉਨ੍ਹਾਂ ਤੋਂ ਬੁਲੰਦ ਹੋਵੇ ਜਾਂ ਉਹ ਇਕ ਵੱਖਰੀ ਜਿਹੀ ਵੱਡੀ ਹਸਤੀ ਸਾਹਮਣੇ ਬੈਠੇ ਹੋਣ।’
‘ਫਿਰ?’ ਮੈਂ ਪੁਛਿਆ
‘ਆਮ ਮਰਦਾਂ ਦੀ ਨਿਗਾਹ ਪੈਂਦਿਆਂ ਹੀ ਕੁੜੀਆਂ ਦੇ ਚੇਹਰੇ ’ਤੇ ਸ਼ਰਮ ਦੀ ਲਾਲੀ ਦੌੜ ਜਾਂਦੀ, ਉਨ੍ਹਾਂ ਦੀਆਂ ਗਲਾਂ ਤਮਤਮਾ ਉਠਦੀਆਂ ਪਰ ਜਦੋਂ ਮੈਂ ਉਨ੍ਹਾਂ ਵਲ ਦੇਖਦਾ ਤਾਂ ਉਨ੍ਹਾਂ ਦੇ ਚੇਹਰੇ ਦਾ ਰੰਗ ਉਹੀ ਰਹਿੰਦਾ। ਉਹ ਫੈਸਲਾ ਨਾ ਕਰ ਸਕਦੀਆਂ ਕਿ ਮੈਂ ਉਨ੍ਹਾਂ ਨੂੰ ਪਿਤਾ ਵਾਂਗ ਵੇਖ ਰਿਹਾ ਹਾਂ ਜਾਂ ਕਿ ਆਸ਼ਿਕਾਨਾ ਨਿਗ੍ਹਾ ਨਾਲ। ਮੈਂ ਅਜਿਹੀ ਜ਼ਿੰਦਗੀ ਤੋਂ ਤੰਗ ਆ ਗਿਆ ਸਾਂ। ਮੈਂ ਫੈਸਲਾ ਕਰ ਲਿਆ ਕਿ ਮੈਂ ਇਸ ਸ਼ਕਲ ਨੂੰ ਬਦਲ ਦਿਆਂਗਾ। ਮੈਂ ਦਿਓਤਾ ਨਹੀਂ, ਇਨਸਾਨ ਹਾਂ ਤੇ ਇਨਸਾਨ ਬਣ ਕੇ ਹੀ ਜਿਊਣਾ ਚਾਹੁੰਦਾ ਹਾਂ।’
‘ਫਿਰ?’ ਮੈਂ ਆਖਰੀ ਵਾਰ ਕਿਹਾ।
‘ਫਿਰ…ਫਿਰ…ਮੈਂ ਤੇਰੇ ਸਾਹਮਣੇ ਬੈਠਾ ਹਾਂ ਕੀ ਹੁਣ ਮੇਰੀ ਸ਼ਕਲ ਇਕ ਆਮ ਇਨਸਾਨ ਵਰਗੀ ਨਹੀਂ ਲਗਦੀ?’
‘ਹਾਂ ਬਿਲਕੁਲ ਲਗਦੀ ਹੈ, ਪਰ ਇਕ ਗੱਲ ਦਸ, ਨਾਈ ਨੇ ਤੇਰੇ ਕੋਲੋਂ ਕਿੰਨੇ ਪੈਸੇ ਲਏ ਨੇ?’
‘ਪੰਜ ਰੁਪਏ, ਪਰ ਤੂੰ ਇਹ ਕਿਉਂ ਪੁਛ ਰਿਹਾ ਏਂ?’
‘ਉਂਜ ਹੀ’ ਮੈਂ ਕਿਹਾ ਤੇ ਅਸੀਂ ਦੋਵੇਂ ਹੱਸਣ ਲੱਗੇ।
ਕਵਿਤਰੀ ਨੇ ਸੁਣਿਆ ਤਾਂ ਹੈਰਾਨ ਰਹਿ ਗਈ। ‘ਮੈਂ ਸਤਿਆਰਥੀ ਜੀ ਨੂੰ ਇਸ ਰੂਪ ਵਿਚ ਇਕ ਵਾਰ ਦੇਖਣਾ ਚਾਹੁੰਦੀ ਹਾਂ। ਕੀ ਤੁਸੀਂ ਉਨ੍ਹਾਂ ਨੂੰ ਏਥੇ ਲਿਆ ਸਕਦੇ ਹੋ?’ ‘ਮੈਂ ਕੋਸ਼ਿਸ਼ ਕਰਾਂਗਾ।’
ਅਗਲੇ ਦਿਨ ਮੈਂ ਸਤਿਆਰਥੀ ਨੂੰ ਦਸਿਆ ਕਿ ਕਵਿਤਰੀ ਉਹਨੂੰ ਮਿਲਣਾ ਚਾਹੁੰਦੀ ਹੈ।
‘ਸੱਚ’ ਉਹਨੇ ਅੱਖਾਂ ਪਾੜਦਿਆਂ ਕਿਹਾ
‘ਸੱਚ’ ਮੈਂ ਕਿਹਾ
‘ਤਾਂ ਫਿਰ ਕਦੋਂ ਚਲੀਏ’
‘ਕੱਲ੍ਹ ਕਿਸੇ ਸਮੇਂ ਆ ਜਾਣਾ, ਮੈਂ ਘਰ ਹੀ ਹੋਵਾਂਗਾ’
‘ਚੰਗਾ’ ਉਹਨੇ ਕਿਹਾ
ਅਗਲੇ ਦਿਨ ਸਵੇਰੇ ਠੀਕ ਪੌਣੇ ਛੇ ਵਜੇ ਉਹਨੇ ਮੈਨੂੰ ਬਿਸਤਰੇ ਤੋਂ ਉਠਾ ਦਿਤਾ।
‘ਤੂੰ ਸਾਰੀ ਰਾਤ ਸੁੱਤਾਂ ਵੀ ਏਂ ਕਿ ਨਹੀਂ?’ ਮੈਂ ਪੁਛਿਆ
‘ਯਾਰ ਤੂੰ ਇਕ ਗੱਲ ਦਸ’ ਉਹਨੇ ਬੜੇ ਭੇਦ-ਭਰੇ ਤਰੀਕੇ ਨਾਲ ਪੁਛਿਆ
‘ਮੈਂ ਕਵਿਤਰੀ ਦੀ ਫੋਟੋ ਲੈਣੀ ਚਾਹੁੰਦਾ ਹਾਂ। ਕੀ ਉਹ ਮੰਨ ਜਾਏਗੀ?’
‘ਓਥੇ ਜਾ ਤਾਂ ਰਹੇ ਹਾਂ, ਪੁਛ ਲਈਂ’
‘ਮੈਂ ਕੈਮਰਾ ਨਾਲ ਲੈ ਕੇ ਆਇਆ ਹਾਂ’ ਉਹਨੇ ਕਿਹਾ
‘ਬੜਾ ਚੰਗਾ ਕੀਤੈ, ਦੁਸ਼ਮਨ ਦੇ ਘਰ ਖਾਲ੍ਹੀ ਹੱਥ ਨਹੀਂ ਜਾਣਾ ਚਾਹੀਦਾ’ ਮੈਂ ਕਿਹਾ
ਸਤਿਆਰਥੀ ਨੂੰ ਦੇਖਦਿਆਂ ਹੀ ਕਵਿਤਰੀ ਖਿੜ ਗਈ-‘ਤੁਸੀਂ ਤਾਂ ਬਿਲਕੁਲ ਨੌਜਵਾਨ ਲਗ ਰਹੇ ਹੋ’ ਉਹ ਕਹਿਣ ਲੱਗੀ।
ਸਤਿਆਰਥੀ ਕੁਝ ਕਹਿਣਾ ਚਾਹੁੰਦਾ ਸੀ ਪਰ ਓਸੇ ਵੇਲੇ ਉਹਦਾ ਪਤੀ ਕਮਰੇ ਵਿਚ ਆ ਗਿਆ।
‘ਤੁਸੀਂ ਇਨ੍ਹਾਂ ਨੂੰ ਪਛਾਣਿਐ, ਇਹ ਦੇਵਿੰਦਰ ਸਤਿਆਰਥੀ ਨੇ’ ਉਹਦੇ ਪਤੀ ਨੇ ਸਤਿਆਰਥੀ ਨੂੰ ਸਿਰ ਤੋਂ ਪੈਰਾਂ ਤੱਕ ਘੂਰਿਆ। ਫਿਰ ਉਹਦੇ ਕੋਲ ਬਹਿ ਕੇ ਹੌਲੀ ਹੌਲੀ ਗੱਲਾਂ ਕਰਨ ਲੱਗਾ।
‘ਮੈਂ ਤੁਸਾਂ ਦੋਵਾਂ ਦੀ ਫੋਟੋ ਖਿਚਣੀ ਚਾਹੁੰਦਾ ਹਾਂ।’
‘ਫੋਟੋ…ਫੋਟੋ ਨੂੰ ਕੀ ਕਰੋਗੇ’ ਕਵਿਤਰੀ ਨੇ ਮੁਸਕਰਾਂਦਿਆਂ ਪੁਛਿਆ।
‘ਮੈਂ ਆਪਣੀ ਐਲਬਮ ਵਿਚ ਲਾਵਾਂਗਾ, ਤਕਰੀਬਨ ਸਾਰੇ ਲੇਖਕਾਂ ਦੀਆਂ ਫੋਟੋਆਂ ਮੈਂ ਲਈਆਂ ਹਨ।’
‘ਤੁਹਾਨੂੰ ਸ਼ਾਇਦ ਪਤਾ ਨਹੀਂ, ਸਤਿਆਰਥੀ ਜੀ ਬਹੁਤ ਵਧੀਆ ਫੋਟੋਗ੍ਰਾਫਰ ਵੀ ਹਨ।’ ਕਵਿਤਰੀ ਨੇ ਆਪਣੇ ਪਤੀ ਨੂੰ ਕਿਹਾ।
‘ਮੈਂ ਬਹੁਤ ਵਧੀਆ ਕਹਾਣੀਕਾਰ ਤੇ ਕਵੀ ਵੀ ਹਾਂ’ ਸਤਿਆਰਥੀ ਨੇ ਕਿਹਾ ਤਾਂ ਕਵਿਤਰੀ ਸ਼ਰਮਾ ਗਈ।
‘ਤਾਂ ਫਿਰ ਦਸੋ, ਮੈਂ ਤਾਂ ਸਾਰੇ ਲੇਖਕਾਂ ਦੀਆਂ ਫੋਟੋਆਂ ਲੈ ਚੁੱਕਾ ਹਾਂ।’
‘ਤੁਸੀਂ ਇਨ੍ਹਾਂ ਨੂੰ ਕਿਉਂ ਨਹੀਂ ਪੁਛ ਲੈਂਦੇ, ਮੈਨੂੰ ਤਾਂ ਤੁਸੀਂ ਜਾਣਦੇ ਹੀ ਹੋ, ਅਦਬ ਨਾਲ ਮੇਰਾ ਕੋਈ ਵਾਸਤਾ ਨਹੀਂ।’ ਕਵਿਤਰੀ ਦੇ ਪਤੀ ਨੇ ਮੁਸਕਰਾਂਦੇ ਕਿਹਾ
‘ਅਦਬ ਨਾਲ ਨਾ ਸਹੀ ਅਦੀਬਾ ਨਾਲ ਤਾਂ ਹੈ। ਤੁਹਾਡੀ ਆਗਿਆ ਬਿਨਾ ਮੈਂ ਫੋਟੋ ਕਿਵੇਂ ਲੈ ਸਕਦਾ ਹਾਂ।’ ਸਤਿਆਰਥੀ ਨੇ ਕਿਹਾ
‘ਮੈਂ ਇਨ੍ਹਾਂ ਨੂੰ ਹਰ ਗੱਲ ਦੀ ਆਗਿਆ ਦਿਤੀ ਹੋਈ ਹੈ।’ ਕਵਿਤਰੀ ਦੇ ਪਤੀ ਨੇ ਕਿਹਾ।
‘ਤਾਂ ਆਪਾਂ ਦੋਵੇਂ ਚਲੀਏ?’
‘ਕਿਥੇ?’ ਕਵਿਤਰੀ ਨੇ ਕਿਹਾ
‘ਛੱਤ ’ਤੇ, ਓਥੇ ਪੂਰੀ ਲਾਈਟ ਮਿਲ ਜਾਏਗੀ।’
ਅਸੀਂ ਸਾਰੇ ਜਣੇ ਛੱਤ ’ਤੇ ਚਲੇ ਗਏ। ਸਤਿਆਰਥੀ ਕੋਈ ਦੋ ਘੰਟੇ ਕਵਿਤਰੀ ਤੇ ਉਹਦੇ ਪਤੀ ਦੀਆਂ ਫੋਟੋਆਂ ਖਿਚਦਾ ਰਿਹਾ। ਤਿੰਨ ਫੋਟੋਆਂ ਉਹਨੇ ਕਵਿਤਰੀ ਤੇ ਉਹਦੇ ਪਤੀ ਦੀਆਂ ਲਈਆਂ ਤੇ ਸੱਤ ਫੋਟੋਆਂ ਵੱਖਰੀਆਂ। ਉਹਨੇ ਮੈਨੂੰ ਦਸਿਆ ਕਿ ਤਿੰਨਾਂ ਫੋਟੋਆਂ ਵਿਚ ਕਵਿਤਰੀ ਦੇ ਪਤੀ ਨੂੰ ਮੈਂ ਉਹਦੇ ਤੋਂ ਥੋੜ੍ਹੇ ਜਿਹੇ ਫਾਸਲੇ ’ਤੇ ਖੜਾ ਕੀਤਾ ਤਾਂ ਕਿ ਕਵਿਤਰੀ ਦੀ ਫੋਟੋ ਦਾ ਵੱਖਰਾ ਪ੍ਰਿੰਟ ਕੱਢਣ ਵਿਚ ਅਸਾਨੀ ਰਹੇ।
ਇਕ ਮਹੀਨਾ ਬੀਤ ਗਿਆ। ਹਰ ਦੂਸਰੇ-ਤੀਸਰੇ ਦਿਨ ਸਤਿਆਰਥੀ ਕਵਿਤਰੀ ਦੀ ਫੋਟੋ ਦਾ ਇਨਲਾਰਜਮੈਂਟ ਬਣਾ ਲਿਆਂਦਾ ਤੇ ਆ ਕੇ ਮੈਨੂੰ ਕਹਿੰਦਾ ‘ਚਲ ਇਹ ਇਨਲਾਰਜਮੈਂਟ ਉਹਨੂੰ ਦੇ ਆਈਏ।’
ਇਕ ਦਿਨ ਸਤਿਆਰਥੀ ਨੇ ਕਵਿਤਰੀ ਨੂੰ ਕਿਹਾ, ‘ਮੈਂ ਤੁਹਾਡੀਆਂ ਕੁਝ ਹੋਰ ਫੋਟੋਆਂ ਖਿਚਣੀਆਂ ਚਾਹੁੰਦਾ ਹਾਂ।’
‘ਹੋਰ ਫੋਟੋਆਂ ਕੀ ਕਰੋਗੇ?’ ਕਵਿਤਰੀ ਨੇ ਮੁਸਕਰਾਂਦੇ ਹੋਏ ਕਿਹਾ। ਉਸ ਦਿਨ ਏਨੀਆਂ ਸਾਰੀਆਂ ਫੋਟੋਆਂ ਤਾਂ ਤੁਸੀਂ ਲੈ ਚੁਕੇ ਹੋ।’
‘ਤੁਸੀਂ ਮੈਨੂੰ ਕੋਈ ਅਜਿਹਾ ਵੇਲਾ ਦਸੋ ਜਦੋਂ ਤੁਹਾਡੇ ਪਤੀ ਘਰ ਨਾ ਹੋਣ।’
‘ਉਹ ਕਿਉਂ?’
‘ਦਰਅਸਲ ਗੱਲ ਇਹ ਹੈ ਕਿ’ ਤੇ ਫਿਰ ਲਾਇਲਪੁਰ ਦੇ ਮੈਜਿਸਟਰੇਟ ਅਤੇ ਕਿਸਾਨਾਂ ਦਾ ਕਿੱਸਾ ਸੁਣਾਉਣ ਲੱਗਾ। ‘ਤਾਂ ਮੁਆਫੀ ਚਾਹੁੰਣਾ’ ਉਹਨੇ ਪੂਰਾ ਕਿੱਸਾ ਸੁਣਾਉਣ ਤੋਂ ਬਾਅਦ ਕਿਹਾ- ‘ਤੁਹਾਡੇ ਪਤੀ ਸਾਹਮਣੇ ਫੋਟੋ ਖਿਚਣੀ ਬਿਲਕੁਲ ਇੰਜ ਹੈ ਜਿਵੇਂ ਥਾਣੇਦਾਰ ਸਾਹਮਣੇ ਕਿਸਾਨ ਨਚਾਉਣੇ।’
ਕਵਿਤਰੀ ਦਾ ਪਤੀ ਦੂਸਰੇ ਕਮਰੇ ਵਿਚ ਸਾਰੀਆਂ ਗੱਲਾਂ ਸੁਣ ਰਿਹਾ ਸੀ। ਉਹ ਸਤਿਆਰਥੀ ਨਾਲ ਬੜਾ ਖ਼ਫਾ ਹੋਇਆ, ਨਾਲ ਹੀ ਉਹਨੇ ਕਵਿਤਰੀ ਨੂੰ ਵੀ ਝਿੜਕਿਆ।
ਅਗਲੇ ਦਿਨ ਕਵਿਤਰੀ ਨੇ ਮੈਨੂੰ ਦਫਤਰੋਂ ਰੁੱਕਾ ਭੇਜ ਕੇ ਬੁਲਾਇਆ ਤੇ ਕਿਹਾ, ‘ਤੁਸੀਂ ਤਾਂ ਜਾਣਦੇ ਹੀ ਹੋ ਮੇਰੀ ਜ਼ਿੰਦਗੀ ਬੜੀ ਮਜਬੂਰ ਕਿਸਮ ਦੀ ਜ਼ਿੰਦਗੀ ਐ। ਸਤਿਆਰਥੀ ਜੀ ਨੇ ਉਸ ਦਿਨ ਕੁਝ ਅਜਿਹੀਆਂ ਗੱਲਾਂ ਕਰ ਦਿਤੀਆਂ ਜਿਨ੍ਹਾਂ ਨਾਲ ਮੇਰੇ ਪਤੀ ਸਖਤ ਨਰਾਜ ਨੇ। ਤੁਸੀਂ ਸਤਿਆਰਥੀ ਜੀ ਨੂੰ ਕਹਿ ਦਿਉ ਕਿ ਮੇਰੀਆਂ ਫੋਟੋਆਂ ਦੇ ਜਿਹੜੇ ਨੈਗੇਟਿਵ ਉਨ੍ਹਾਂ ਕੋਲ ਹਨ, ਉਹ ਕਿਸੇ ਦੇ ਹੱਥ ਮੇਰੇ ਪਤੀ ਕੋਲ ਭਿਜਵਾ ਦੇਣ।’
ਸਤਿਆਰਥੀ ਨੇ ਨੈਗੇਟਿਵ ਵਾਪਸ ਕਰ ਦਿਤੇ। ਕਵਿਤਰੀ ਦੇ ਪਤੀ ਨੇ ਕਿਹਾ, ‘ਤੁਸੀਂ ਇਨ੍ਹਾਂ ਦੀ ਕੀਮਤ ਲੈ ਲਓ।’
ਸਤਿਆਰਥੀ ਦੀਆਂ ਅੱਖਾਂ ’ਚ ਜਿਵੇਂ ਖੂਨ ਉਤਰ ਆਇਆ।
‘ਮੈਂ ਬਹੁਤ ਗਰੀਬ ਆਦਮੀ ਹਾਂ, ਇਹ ਠੀਕ ਹੈ ਪਰ ਅਜੇ ਤੱਕ ਮੈਂ ਫੋਟੋਗ੍ਰਾਫੀ ਨੂੰ ਜ਼ਿੰਦਗੀ ਦਾ ਧੰਦਾ ਨਹੀਂ ਬਣਾਇਆ। ਜਦੋਂ ਬਣਾਇਆ ਲੈ ਲਵਾਂਗਾ ਤੇ ਤੁਹਾਨੂੰ ਦਸ ਵੀ ਦਿਆਂਗਾ।’
ਉਹ ਚਲਾ ਗਿਆ। ਫਿਰ ਦੋ-ਤਿੰਨ ਮਹੀਨੇ ਮੈਂ ਉਹਦੀ ਸ਼ਕਲ ਨਹੀਂ ਦੇਖੀ। ਏਸੇ ਦੌਰਾਨ ਮੈਨੂੰ ਬੰਬਈ ਵਿਚ ਇਕ ਫਿਲਮ ਕੰਪਨੀ ਵਿਚ ਨੌਕਰੀ ਮਿਲ ਗਈ। ਮੈਂ ਸਤਿਆਰਥੀ ਨੂੰ ਮਿਲਣ ਉਹਦੇ ਘਰ ਗਿਆ।
ਉਹ ਟੇਬਲ ਲੈਂਪ ਦੀ ਰੌਸ਼ਨੀ ਵਿਚ ਆਪਣੇ ਛੋਟੇ ਜਿਹੇ ਕਮਰੇ ਵਿਚ ਮੇਜ਼ ’ਤੇ ਝੁਕਿਆ ਬੈਠਾ ਕੁਝ ਲਿਖ ਰਿਹਾ ਸੀ। ਕਦਮਾਂ ਦੀ ਆਹਟ ਸੁਣ ਕੇ ਉਹਨੇ ਦਰਵਾਜ਼ੇ ਵੱਲ ਵੇਖਿਆ,
‘ਹੈਲੋ ਸਾਹਿਰ।’
ਮੈਂ ਅੰਦਰ ਚਲਾ ਗਿਆ।
ਸਤਿਆਰਥੀ ਨੇ ਦਾੜ੍ਹੀ ਤੇ ਸਿਰ ਦੇ ਵਾਲ ਫਿਰ ਵਧਾ ਲਏ ਸਨ।
‘ਮੈਂ ਕੱਲ੍ਹ ਸ਼ਾਮ ਦੀ ਗੱਡੀ ’ਚ ਜਾ ਰਿਹਾਂ’ ਮੈਂ ਕਿਹਾ
‘ਕਿਉਂ?’
‘ਮੈਨੂੰ ਇਕ ਫਿਲਮੀ ਕੰਪਨੀ ’ਚ ਨੌਕਰੀ ਮਿਲ ਗਈ ਏ।’
‘ਚੰਗਾ, ਫਿਰ ਤਾਂ ਅੱਜ ਤੇਰੇ ਨਾਲ ਲੰਬੀਆਂ ਚੌੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ।’ ਉਹਨੇ ਫਾਊਂਨਟੈਨ ਪੈੱਨ ਬੰਦ ਕਰਕੇ ਮੇਜ਼ ’ਤੇ ਰਖ ਦਿਤਾ।
ਏਨੇ ਵਿਚ ਸਤਿਆਰਥੀ ਦੀ ਬੀਵੀ ਅੰਦਰ ਆ ਗਈ। ਸ਼ਕਲ ਸੂਰਤ ਤੋਂ ਉਹ ਉਨੱਤੀ-ਤੀਹ ਵਰ੍ਹਿਆਂ ਦੀ ਲਗਦੀ ਸੀ। ਮੈਂ ਹੱਥ ਜੋੜ ਕੇ ਨਮਸਤੇ ਕੀਤੀ।
‘ਨਮਸਤੇ’
ਸਤਿਆਰਥੀ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਇਹ ਅੱਜ ਏਥੇ ਰਹੇਗਾ ਤੇ ਖਾਣਾ ਵੀ ਏਥੇ ਹੀ ਖਾਏਗਾ।’
ਉਹ ਜਾ ਕੇ ਖਾਣਾ ਲੈ ਆਈ। ਸਤਿਆਰਥੀ ਦੀ ਨੌਂ ਸਾਲ ਦੀ ਬੱਚੀ ਕਵਿਤਾ ਵੀ ਆ ਗਈ। ਅਸੀਂ ਸਾਰੇ ਖਾਣਾ ਖਾਣ ਲੱਗੇ। ਸਤਿਆਰਥੀ ਦੀ ਬੀਵੀ ਸਾਡੇ ਕੋਲ ਬੈਠੀ ਪੱਖੀ ਝਲਦੀ ਰਹੀ।
‘ਖਾਣਾ ਠੀਕ ਐ’ ਉਸ ਪੁਛਿਆ
‘ਸਿਰਫ ਠੀਕ ਹੀ ਨਹੀਂ ਬੇਹੱਦ ਸੁਆਦੀ ਵੀ ਹੈ’ ਮੈਂ ਕਿਹਾ
‘ਅਸੀਂ ਬੜੇ ਗਰੀਬ ਹਾਂ’ ਉਹ ਕਹਿਣ ਲੱਗੀ।
ਅਚਾਨਕ ਮੈਨੂੰ ਆਪਣੇ ਸੂਟ ਦਾ ਖਿਆਲ ਆਇਆ, ‘ਮੇਰੇ ਕੋਲ ਇਹੀ ਇਕ ਸੂਟ ਹੈ, ਇਹ ਵੀ ਮੇਰੇ ਮਾਮੂ ਨੇ ਮੈਨੂੰ ਬਣਵਾ ਕੇ ਦਿਤਾ ਸੀ।’ ਮੈਂ ਕਿਹਾ
ਉਹ ਹੱਸਣ ਲੱਗੀ। ਇਕ ਬੜਾ ਬੇਝਿਜਕ ਅਤੇ ਪਵਿਤਰ ਹਾਸਾ। ਜਦੋਂ ਉਹ ਖਾਣੇ ਵਾਲੇ ਜੂਠੇ ਭਾਂਡੇ ਲੈ ਕੇ ਗਈ ਤਾਂ ਸਤਿਆਰਥੀ ਨੇ ਮੈਨੂੰ ਦਸਿਆ, ‘ਇਸ ਔਰਤ ਨੇ ਅਨੇਕਾਂ ਮੁਸੀਬਤਾਂ ਝਲੀਆਂ ਨੇ। ਹਿੰਦੋਸਤਾਨ ਦਾ ਕੋਈ ਸੂਬਾ ਅਜਿਹਾ ਨਹੀਂ ਜਿਥੇ ਮੇਰੇ ਵਰਗੇ ਮੰਗਤੇ ਦੇ ਨਾਲ ਉਹ ਮੰਗਤੀ ਬਣ ਕੇ ਮਾਰੀ-ਮਾਰੀ ਫਿਰੀ ਨਾ ਹੋਵੇ। ਜੇ ਇਹ ਮੇਰਾ ਸਾਥ ਨਾ ਦੇਂਦੀ ਤਾਂ ਸ਼ਾਇਦ ਮੈਂ ਆਪਣੇ ਮਕਸਦ ਵਿਚ ਕਦੇ ਕਾਮਯਾਬ ਨਾ ਹੋ ਸਕਦਾ।’
‘ਤੇਰੀ ਜ਼ਿੰਦਗੀ ਤਾਂ ਗਰਵ ਕਰਨ ਵਾਲੀ ਏ।’ ਮੈਂ ਕਿਹਾ
‘ਜ਼ਿੰਦਗੀ? ਸ਼ਾਇਦ ਜ਼ਿੰਦਗੀ ਤੋਂ ਤੇਰਾ ਮਤਲਬ ਬੀਵੀ ਹੈ। ਮੇਰੀ ਬੀਵੀ ਹੈ ਹੀ ਗਰਵ ਕਰਨ ਵਾਲੀ। ਹਾਲਾਂ ਕਿ ਕਈ ਵਾਰ ਮੈਂ ਉਹਦੀ ਮਾਮੂਲੀ ਜਿਹੀ ਸ਼ਕਲ ਸੂਰਤ ਤੋਂ ਪਰੇਸ਼ਾਨ ਵੀ ਹੋਇਆ ਹਾਂ। ‘
ਮੈਂ ਕੰਧ ’ਤੇ ਲੱਗੀਆਂ ਫੋਟੋਆਂ ਵੱਲ ਦੇਖਣ ਲੱਗਾ। ਲੈਨਿਨ-ਟੈਗੋਰ-ਇਕਬਾਲ
‘ਇਨ੍ਹਾਂ ਤਿੰਨਾਂ ਦੀਆਂ ਸ਼ਕਲਾਂ-ਸੂਰਤਾਂ ਬਾਰੇ ਤੇਰਾ ਕੀ ਖਿਆਲ ਹੈ?’
ਮੈਂ ਮੁਸਕੁਰਾਂਦਿਆਂ ਪੁਛਿਆ
‘ਇਨ੍ਹਾਂ ਤਿੰਨਾਂ ਦਾ ਮੇਰੀ ਜ਼ਿੰਦਗੀ ’ਤੇ ਬਹੁਤ ਗਹਿਰਾ ਅਸਰ ਹੈ।’ ਸਤਿਆਰਥੀ ਨੇ ਦਸਿਆ ਤੇ ਫਿਰ ਪਤਾ ਨਹੀਂ ਕਿਹੜੀਆਂ ਯਾਦਾਂ ’ਚ ਗੁੰਮ ਹੋ ਗਿਆ, ‘ਜਦੋਂ ਮੈਂ ਬਿਲਕੁਲ ਅਜੇ ਕਿਸ਼ੌਰ ਸਾਂ, ਤਾਂ ਮੈਂ ਖ਼ੁਦਕੁਸ਼ੀ ਕਰਨ ਦੀ ਸੋਚੀ ਸੀ। ਕੁਝ ਦੋਸਤਾਂ ਨੂੰ ਪਤਾ ਚਲ ਗਿਆ। ਉਹ ਮੈਨੂੰ ਫੜ ਕੇ ਡਾਕਟਰ ਇਕਬਾਲ ਕੋਲ ਲੈ ਗਏ। ਇਕਬਾਲ ਬੜੀ ਦੇਰ ਤੱਕ ਸਮਝਾਂਦੇ ਰਹੇ। ਉਨ੍ਹਾਂ ਦੀਆਂ ਗੱਲਾਂ ਦਾ ਮੇਰੇ ’ਤੇ ਬੜਾ ਡੂੰਘਾ ਅਸਰ ਹੋਇਆ ਤੇ ਮੈਂ ਖ਼ੁਦਕੁਸ਼ੀ ਦਾ ਖਿਆਲ ਛੱਡ ਦਿਤਾ।’
‘ਫਿਰ ਮੈਂ ਲੈਨਿਨ ਦੀ ਵਿਚਾਰਧਾਰਾ ਬਾਰੇ ਪੜ੍ਹਿਆ ਤਾਂ ਮੇਰੇ ਦਿਲ ਵਿਚ ਪਿੰਡ ਪਿੰਡ ਜਾ ਕੇ ਦੇਹਾਤੀ ਗੀਤ ਇਕੱਠੇ ਕਰਨ ਦੀ ਇੱਛਾ ਪੈਦਾ ਹੋ ਗਈ।’
‘ਟੈਗੋਰ ਨੇ ਮੇਰੇ ਇਸ ਖਿਆਲ ਨੂੰ ਸਲਾਹਿਆ ਤੇ ਮੇਰੀ ਹੌਂਸਲਾ ਅਫਜ਼ਾਈ ਕੀਤੀ। ਮੈਂ ਗੀਤ ਇਕੱਠੇ ਕਰਦਾ ਰਿਹਾ ਤੇ ਹੁਣ ਜਦੋਂ ਇਹ ਤਿੰਨੋਂ ਮਰ ਚੁਕੇ ਹਨ ਤਾਂ ਰਾਤਾਂ ਦੀ ਖਾਮੋਸ਼ ਤਨਹਾਈ ਵਿਚ ਇਨ੍ਹਾਂ ਗੀਤਾਂ ਨੂੰ ਉਰਦੂ, ਹਿੰਦੀ ਜਾਂ ਅੰਗਰੇਜ਼ੀ ਵਿਚ ਢਾਲਦੇ ਸਮੇਂ ਕਦੇ-ਕਦੇ ਮੈਨੂੰ ਅਜਿਹਾ ਜਾਪਦਾ ਹੈ, ਜਿਵੇਂ ਕਿਸਾਨ ਔਰਤਾਂ ਤੇ ਮਰਦ ਮੇਰੇ ਆਲੇ-ਦੁਆਲੇ ਘੇਰਾ ਬਣਾ ਕੇ ਖੜੇ ਹੋਣ ਤੇ ਕਹਿ ਰਹੇ ਹੋਣ-‘ਸੰਨਿਆਸੀ! ਅਸਾਂ ਤਾਂ ਤੈਨੂੰ ਆਪਣਾ ਸਮਝਿਆ ਸੀ, ਤੇਰੇ ’ਤੇ ਭਰੋਸਾ ਕੀਤਾ ਸੀ। ਤੂੰ ਸਾਡੀ ਸਦੀਆਂ ਦੀ ਪੂੰਜੀ ਸਾਡੇ ਕੋਲੋਂ ਖੋਹ ਕੇ ਸ਼ਹਿਰਾਂ ਵਿਚ ਵੇਚ ਦਏਂਗਾ-ਇਹਦਾ ਸਾਨੂੰ ਭੋਰਾ ਵੀ ਸ਼ੱਕ ਨਹੀਂ ਸੀ ਹੋਇਆ ਪਰ ਤੂੰ ਸਾਡੇ ਵਿਚੋਂ ਜੋ ਨਹੀਂ ਸੈਂ। ਤੂੰ ਸ਼ਹਿਰੋਂ ਆਇਆ ਸੈਂ ਤੇ ਸ਼ਹਿਰ ਹੀ ਵਾਪਸ ਪਰਤ ਗਿਆ। ਹੁਣ ਤੂੰ ਇਨ੍ਹਾਂ ਗੀਤਾਂ ਨੂੰ ਜੋ ਸਾਡੇ ਦੁਖ-ਸੁਖ ਦੇ ਸਾਥੀ ਸਨ, ਜਿਨ੍ਹਾਂ ’ਤੇ ਅਜੇ ਤੱਕ ਕਿਸੇ ਬੰਦੇ ਦੇ ਨਾਂ ਦੀ ਮੋਹਰ ਨਹੀਂ ਸੀ ਲੱਗੀ, ਤੂੰ ਆਪਣੇ ਨਾਂ ਦੀ ਛਾਪ ਨਾਲ ਬਜ਼ਾਰ ਵਿਚ ਵੇਚ ਰਿਹਾ ਏਂ ਤੇ ਆਪਣੀ ਬੀਵੀ ਬੱਚਿਆਂ ਦਾ ਪੇਟ ਪਾਲ ਰਿਹਾਂ ਏਂ, ਤੂੰ ਬਹੁਰੂਪੀਆ ਏਂ, ਫਰੇਬੀ, ਦਗਾਬਾਜ਼ ਤੇ ਫਿਰ ਉਹ ਜਲਦੀਆਂ ਹੋਈਆਂ ਅੱਖਾਂ ਨਾਲ ਮੈਨੂੰ ਘੂਰਨ ਲੱਗਦਾ ਏ।’
‘ਇਹ ਤੇਰਾ ਜਜ਼ਬਾਤੀਪੁਣਾ ਏ, ਤੂੰ ਤਾਂ ਇਨ੍ਹਾਂ ਗੀਤਾਂ ਨੂੰ ਪਿੰਡ ਦੇ ਸੀਮਤ ਘੇਰੇ ਵਿਚੋਂ ਕੱਢ ਕੇ ਵਿਸ਼ਾਲ ਕਰ ਦਿਤਾ ਹੈ। ਇਕ ਮਰਦੀ ਹੋਈ ਤਹਿਜ਼ੀਬ ਦੀ ਗੋਦੀ ਵਿਚ ਮਹਿਕਣ ਵਾਲੇ ਫੁਲਾਂ ਨੂੰ ਪਤਝੜ ਤੋਂ ਬਚਾ ਕੇ ਉਹਦੀ ਮਹਿਕ ਨੂੰ ਸਦੀਵੀ ਬਣਾ ਦਿਤਾ ਹੈ।’ ਮੈਂ ਕਿਹਾ।
‘ਇਹ ਤੇਰਾ ਕਾਰਨਾਮਾ ਹੈ, ਅਜ਼ਾਦ ਅਤੇ ਬਰਾਬਰੀ ਵਾਲੇ ਹਿੰਦੋਸਤਾਨ ’ਚ ਜਦੋਂ ਸਿਖਿਆ ਆਮ ਹੋ ਜਾਏਗੀ ਤੇ ਸਨਅਤੀ ਜ਼ਿੰਦਗੀ ਸਿਖਰ ’ਤੇ ਆ ਜਾਏਗੀ ਤਾਂ ਇਹੀ ਕਿਸਾਨ ਜੋ ਅਜ ਤੇਰੇ ਖਿਆਲਾਂ ਵਿਚ ਤੈਨੂੰ ਜਲਦੀਆਂ ਅੱਖਾਂ ਨਾਲ ਘੂਰਦੇ ਨੇ, ਤੈਨੂੰ ਮੁਹੱਬਤ ਅਤੇ ਪਿਆਰ ਨਾਲ ਦੇਖ ਕੇ ਮੁਸਕੁਰਾਣਗੇ। ਉਨ੍ਹਾਂ ਦੇ ਬੱਚੇ ਤੈਨੂੰ ਅਕੀਦਤ ਅਤੇ ਦਿਲੀ ਜਜ਼ਬਾਤਾਂ ਨਾਲ ਯਾਦ ਕਰਨਗੇ ਅਤੇ ਫੁਰਸਤ ਵੇਲੇ ਤੇਰੇ ਇਨ੍ਹਾਂ ਮਜਮੂਨਾਂ ਅਤੇ ਕਹਾਣੀਆਂ ਨੂੰ ਪੜ੍ਹ ਕੇ, ਜਿਨ੍ਹਾਂ ਵਿਚ ਤੂੰ ਉਨ੍ਹਾਂ ਦੇ ਪੁਰਖਿਆਂ ਦੇ ਦਿਲਾਂ ਦੀਆਂ ਧੜਕਨਾਂ ਸਮਾ ਦਿਤੀਆਂ ਨੇ, ਤੇ ਇਕ ਵਾਰ ਫਿਰ ਉਹ ਇਸ ਤਹਿਜ਼ੀਬ ਦੀਆਂ ਝਲਕਾਂ ਦੇਖ ਸਕਣਗੇ, ਜੋ ਉਸ ਸਮੇਂ ਤੱਕ ਗੁੰਮ ਹੋ ਚੁਕੀਆਂ ਹੋਣਗੀਆਂ।’
ਉਹ ਮੁਸਕਰਾਣ ਲੱਗਾ
ਅਗਲੇ ਦਿਨ ਮੈਂ ਲਾਹੌਰ ਚਲਾ ਗਿਆ ਤੇ ਬੰਬਈ ਜਾ ਕੇ ਫਿਲਮੀ ਗੀਤ ਲਿਖਣ ਲੱਗਾ। ਥੋੜੇ ਦਿਨਾਂ ਬਾਅਦ ਪਤਾ ਲੱਗਾ ਕਿ ਸਤਿਆਰਥੀ ਨੇ ਲਾਹੌਰ ਛੱਡ ਕੇ ਦਿੱਲੀ ਦੇ ਕਿਸੇ ਅਰਧ ਸਰਕਾਰੀ ਅਖਬਾਰ ਵਿਚ ਨੌਕਰੀ ਕਰ ਲਈ ਏ। ਮੈਨੂੰ ਯਕੀਨ ਹੈ ਕਿ ਹੁਣ ਸਤਿਆਰਥੀ ਦਾ ਲਿਬਾਸ ਪਹਿਲੇ ਵਾਂਗ ਮੈਲਾ ਕੁਚੈਲਾ ਨਹੀਂ ਹੋਵੇਗਾ। ਉਹਦੇ ਬੂਟ ਵੀ ਹੁਣ ਲਾਹੌਰ ਦੇ ਮਸ਼ੂਹਰ ਪ੍ਰਕਾਸ਼ਕ ਦੇ ਬੂਟਾਂ ਵਾਂਗ ਕੀਮਤੀ ਅਤੇ ਚਮਕੀਲੇ ਹੋਣਗੇ। ਨੰਨ੍ਹੀ ਮੁਨ੍ਹੀ ਕਵਿਤਾ ਹੁਣ ਵੱਡੀ ਹੋ ਗਈ ਹੈ ਤੇ ਟਾਂਗੇ ਵਿਚ ਸਕੂਲ ਜਾਂਦੀ ਹੋਵੇਗੀ ਪਰ ਕਿਸਾਨ?
ਸ਼ਾਇਦ ਸਤਿਆਰਥੀ ਹੁਣ ਵੀ ਉਨ੍ਹਾਂ ਬਾਰੇ ਸੋਚਦਾ ਹੋਵੇਗਾ।
94173-58120