‘ਮਧੂਬਾਲਾ ਤਾਂ ਤੁਸੀਂ ਹੋ…ਕੋਈ ਸ਼ਕ ਨਹੀਂ’

ਔਰਤ ਵੀ ਬਹੁਤ ਅਜੀਬ ਪ੍ਰਾਣੀ ਹੈ। ਜਿਸ ਦਿਨ ਦੀ ਜੰਮੀ ਹੈ ਇਹਦੀ ਲੜਾਈ ਨਹੀਂ ਮੁੱਕੀ ਕਦੇ ਆਪਣੇ ਹੱਕਾਂ ਲਈ ਲੜਾਈ, ਕਦੇ ਆਪਣੀ ਵੱਖਰੀ ਪਛਾਣ ਲਈ ਲੜਾਈ, ਸਮਝੋ ਚੌਵੀ ਘੰਟੇ ਇਹਦੇ ਹੱਥ ‘ਚ ਤਲਵਾਰ ਰਹਿੰਦੀ ਹੈ ਜੇ ਕਿਧਰੇ ਚੰਗੇ ਕਰਮਾਂ ਨੂੰ ਇਹਦੇ ਹੱਥ ਕਲਮ ਆ ਜਾਵੇ ਤਾਂ ਇਹਦਾ ਰੂਪ ਹੋਰ ਵੀ ਨਿਖਰ ਜਾਂਦਾ ਹੈ। ਲਿਖਦੀ ਲਿਖਦੀ ਇਹ ਅਸਮਾਨਾਂ ਦੀ ਹਿੱਕ ਚੀਰ ਦਿੰਦੀ ਹੈ ਪਤਾਲਾਂ ਵਿਚੋਂ ਹਜ਼ਾਰਾਂ ਸਾਲ ਪੁਰਾਣੇ ਬੌਣੇ ਲੋਕ ਲੱਭ ਲੈਂਦੀ ਹੈ। ਸਰੀਰ ਭਾਵੇਂ ਇਹਦਾ ਨਾਜ਼ੁਕ ਜਿਹਾ ਹੋਵੇ ਪਰ ਸ਼ਬਦਾਂ ‘ਚ ਪਰਬਤ ਹਿਲਾ ਦਿੰਦੀ ਹੈ। ਹੋਰ ਤੇ ਹੋਰ ਚਿਹਰਾ ਭਾਵੇਂ ਇਹਦਾ ਸਾਡੇ ਪਿੰਡ ਵਾਲੀ ਸੁੰਦਰੀ ਵਰਗਾ ਹੋਵੇ ਪਰ ਅੱਖਰਾਂ ‘ਚ ਆਪਣੇ ਆਪ ਨੂੰ ਹੁਸਨ ਦੀ ਪਰੀ ਵੀ ਸਮਝ ਲੈਂਦੀ ਹੈ।

ਅੱਜ ਔਰਤ ਹਰ ਅਹੁਦੇ `ਤੇ ਪਹੁੰਚ ਗਈ ਹੈ ਤੇ ਹਰ ਖੇਤਰ ਵਿਚ ਮਰਦ ਦੇ ਬਰਾਬਰ ਹੈ, ਪਰ ਅੱਜ ਵੀ ਜਦੋਂ ਔਰਤ ਦੀ ਖੂ਼ਬਸੂਰਤੀ ਦੀ ਗੱਲ ਹੁੰਦੀ ਹੈ ਤਾਂ ਇਹ ਕਮਲੀ ਦੂਸਰਿਆਂ ਦੀ ਮਨਜ਼ੂਰੀ ਜ਼ਰੂਰੀ ਸਮਝਦੀ ਹੈ। ਭਾਵੇਂ ਕੁਦਰਤ ਨੇ ਹਰੇਕ ਔਰਤ ਨੂੰ ਕਿਸੇ ਨਾ ਕਿਸੇ ਢੰਗ ਦੀ ਖੂ਼ਬਸੂਰਤੀ ਦਿੱਤੀ ਹੋਵੇ ਪਰ ਅੱਜ ਵੀ ਇਹਨੂੰ ਜਦੋਂ ਕੋਈ ਦੂਸਰਾ ਖੂ਼ਬਸੂਰਤ ਕਹਿੰਦਾ ਹੈ ਤਾਂ ਇਹ ਛੂਈ-ਮੂਈ ਹੋ ਜਾਂਦੀ ਹੈ। ਖਾਸ ਕਰਕੇ ਜੇ ਇਹਦੀ ਕੋਈ ਫਿਲਮ ਦੀ ਐਕਟਰੈੱਸ ਨਾਲ ਤੁਲਨਾ ਕਰ ਦੇਵੇ ਤਾਂ ਇਹਦੇ ਪੈਰ ਜ਼ਮੀਨ `ਤੇ ਨਹੀਂ ਟਿਕਦੇ।
ਮੈਂ ਆਪਣੇ ਸਹੁਰਿਆਂ ਦੇ ਟੱਬਰ ਵਿਚ ਸਭ ਤੋਂ ਘੱਟ ਸੋਹਣੀ ਨੂੰਹ ਹਾਂ। ਜਿਸ ਦਿਨ ਵਿਆਹੀ ਆਈ ਸੀ ਉਸੇ ਦਿਨ ਤੋਂ ਮੇਰੀ ਤੁਲਨਾ ਬਾਕੀ ਨੂੰਹਾਂ ਨਾਲ ਸ਼ੁਰੂ ਹੋ ਗਈ ਸੀ। ਉਸ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਐਨੀ ਬਦਸੂਰਤ ਹਾਂ। ਮੇਰੇ ਸਾਹਮਣੇ ਇਹ ਗੱਲ ਕੋਈ ਘੱਟ ਹੀ ਕਹਿੰਦਾ ਪਰ ਮੇਰੀ ਪਿੱਠ ਪਿੱਛੇ ਮੇਰੇ ਰੰਗ, ਮੇਰੀਆਂ ਅੱਖਾਂ, ਮੇਰੇ ਘੁੰਗਰਾਲੇ ਛੋਟੇ ਵਾਲ ਹਰ ਚੀਜ਼ ਦੀ ਗੱਲ ਹੁੰਦੀ। ਉਨ੍ਹਾਂ ਲੋਕਾਂ ਲਈ ਮੈਂ ਸ਼ਾਇਦ ਬਦਸੂਰਤ ਨਹੀਂ ਸੀ ਪਰ ਮੇਰੇ ਕੋਲ ਆਪਣੀਆਂ ਜਠਾਣੀਆਂ ਦੇ ਬਰਾਬਰ ਦਾ ਕੁਝ ਵੀ ਨਹੀਂ ਸੀ। ਨਾ ਹੀ ਮੇਰੇ ਕੋਲ ਉਨ੍ਹਾਂ ਦੇ ਉੱਚੇ-ਲੰਬੇ ਕੱਦ, ਗੋਰੇ-ਨਿਛੋਹ ਰੰਗ, ਲੰਬੇ ਵਾਲ ਤੇ ਹਰੀਆਂ-ਨੀਲੀਆਂ ਅੱਖਾਂ ਸਨ, ਤੇ ਨਾ ਹੀ ਮੈਂ ਘਰ ਦੇ ਕਿਸੇ ਕੰਮ ਵਿਚ ਨਿਪੁੰਨ ਸਾਂ। ਨਿਆਣੀ ਤੇ ਬੇਅਕਲ ਸਾਂ ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਆਪਣਾ ਆਪ ਕੋਝਾ ਲਗਦਾ ਤੇ ਖ਼ਬਰੇ ਕਿਹੜੇ ਵੇਲੇ ਮੈਂ ਆਪਣੇ ਆਪ ਵਿਚ ਸੁੰਘੜ ਕੇ ਰਹਿ ਗਈ ਸਾਂ।
ਇਹ ਗੱਲ ਸ਼ਾਇਦ ਮੇਰੇ ਚਿਹਰੇ ਉੱਪਰ ਲਿਖੀ ਗਈ ਸੀ ਤੇ ਉਹਨੇ ਵੀ ਪੜ੍ਹ ਲਈ ਸੀ ਜੀਹਦੀ ਮੈਂ ਪਸੰਦ ਸਾਂ ਤੇ ਇੱਕ ਦਿਨ ਅਚਾਨਕ ਉਹਦੇ ਮੰਨ ‘ਚ ਪਤਾ ਨਹੀਂ ਕੀ ਗੱਲ ਆਈ ਮੇਰੀ ਤੁਲਨਾ ਇੱਕ ਐਕਟਰੈੱਸ ਨਾਲ ਕਰ ਦਿੱਤੀ।
“ਤੈਨੂੰ ਪਤੈ ਤੂੰ ਉਸ ਐਕਟਰੈੱਸ ਵਰਗੀ ਲਗਦੀ ਏ”
“ਕਿਹੜੀ”
ਮੈਂ ਵੀ ਉਤਸੁਕਤਾ ਨਾਲ ਪੁੱਛਿਆ, ਸ਼ਾਇਦ ਮੇਰੇ ਅੰਦਰਲੀ ਔਰਤ ਨੂੰ ਆਪਣਾ ਸੁਹੱਪਣ ਸੁਣਨ ਦਾ ਚਾਅ ਚੜ੍ਹ ਗਿਆ ਸੀ।
“ਉਹੀ ਜੀਹਦਾ ਵਿੰਗਾ ਜਿਹਾ ਨੱਕ ਆ…ਮਧੂ ਬਾਲਾ”
ਇਸ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਮਧੂ ਬਾਲਾ ਕੌਣ ਸੀ, ਪਰ ਜਿਸਦਾ ਨੱਕ ਹੀ ਵਿੰਗਾ ਹੋਇਆ ਭਲਾ ਉਹ ਕਿਥੋਂ ਸੋਹਣੀ ਹੋਊ?
ਇਹ ਸਵਾਲ ਮੇਰੇ ਅੰਦਰ ਕਿੰਨਾ ਚਿਰ ਸੁਲਗਦਾ ਰਿਹਾ ਤੇ ਮੈਂ ਆਪਣੀ ਜਿ਼ੰਦਗੀ ਦੇ ਕੁਝ ਕੀਮਤੀ ਵਰੇ੍ਹ ਇਉਂ ਹੀ ਆਪਣੇ ਆਪ ਵਿਚ ਸੁੰਘੜ ਕੇ ਗੁਆ ਦਿੱਤੇ ਤੇ ਫੇਰ ਇਕ ਦਿਨ ਅਚਾਨਕ ਮੇਰਾ ਸਾਹਮਣਾ ਮੇਰੇ ਬਚਪਨ ਨਾਲ ਹੋ ਗਿਆ ਤੇ ਮੇਰੇ ਅੰਦਰਲੀ ਉਹ ਗੁਆਚੀ ਚੁਲਬੁਲੀ ਜਿਹੀ ਕੁੜੀ ਮੇਰੇ ਮੂਹਰੇ ਆ ਖੜ੍ਹੀ ਹੋਈ ਤੇ ਮੈਨੂੰ ਆਪਣੀ ਖੂਬਸੂਰਤੀ ਦਾ ਅਹਿਸਾਸ ਹੋਇਆ, ਉਹ ਖੂਬਸੂਰਤੀ ਜਿਹੜੀ ਮੇਰੇ ਅੰਦਰ ਸੀ। ਨਿੱਕੀਆਂ ਅੱਖਾਂ ਤੇ ਵਿੰਗੇ ਟੇਢੇ ਨਕਸ਼ਾਂ ਵਾਲੀ ਸੰਧੂਆਂ ਦੀ ਨੂੰਹ ਪਲਾਂ ਵਿਚ ਕਿਧਰੇ ਗੁਆਚ ਗਈ। ਦੁਬਾਰਾ ਕਲਮ ਨਾਲ ਸਾਬ-ਸਲਾਮ ਕੀਤੀ ਤੇ ਮੇਰੇ ਦੁਆਲੇ ਦੀ ਸੁੰਘੜੀ ਹੋਈ ਜਿ਼ੰਦਗੀ ਮੁਸਕਰਾਉਣ ਲੱਗ ਪਈ।
ਆਪਣੀ ਰਮਨ ਵਿਰਕ ਜਿਸ ਦਿਨ ਦੀ ਮੈਨੂੰ ਜਾਣਦੀ ਹੈ ਮੈਨੂੰ ਮਧੂ ਬਾਲਾ ਕਹਿੰਦੀ ਹੈ ਤੇ ਹੋਰ ਵੀ ਬਹੁਤ ਸਾਰੇ ਦੋਸਤ ਅਕਸਰ ਇਉਂ ਹੀ ਕਹਿੰਦੇ ਨੇ ਤੇ ਮੈਨੂੰ ਹਰ ਵਾਰ ਵਿੰਗੇ ਨੱਕ ਵਾਲੀ ਗੱਲ ਯਾਦ ਕਰਕੇ ਹਾਸਾ ਆ ਜਾਂਦਾ ਹੈ। ਮੇਰੇ ਆਲੇ-ਦੁਆਲੇ ਬਹੁਤ ਸਾਰੀਆਂ ਮਧੂ ਬਾਲਾ, ਨੀਤੂ ਸਿੰਘ, ਸਮਿਤਾ ਪਾਟਿਲ ਤੇ ਸ਼੍ਰੀ ਦੇਵੀਆਂ ਤੁਰੀਆਂ ਫਿਰਦੀਆਂ ਨੇ। ਜਿਨ੍ਹਾਂ ਨੂੰ ਲੋਕ ਨਹੀਂ ਕਹਿੰਦੇ, ਪਰ ਉਹ ਆਪਣੇ ਆਪ ਨੂੰ ਇਉਂ ਕਹਿ ਕੇ ਖੁਸ਼ ਹੁੰਦੀਆਂ ਨੇ। ਵੈਸੇ ਇਹ ਗੱਲ ਬੁਰੀ ਨਹੀਂ ਹੈ ਕਿ ਸਾਡੀ ਤੁਲਨਾ ਕੋਈ ਸੋਹਣੀ ਔਰਤ ਨਾਲ ਕਰਦਾ ਹੈ, ਪਰ ਜੇ ਦੇਖਿਆ ਜਾਵੇ ਤਾਂ ਫ਼ਿਲਮੀ ਲੋਕਾਂ ਨਾਲ ਸਾਡੀ ਤੁਲਨਾ ਬਾਹਲੀ ਵੱਡੇ ਮਾਅਰਕੇ ਵਾਲੀ ਗੱਲ ਨਹੀਂ ਹੈ ਕਿਉਂਕਿ ਉਹ ਲੋਕ ਹਮੇਸ਼ਾਂ ਕੈਮਰੇ ਦੇ ਮੂਹਰੇ ਰਹਿੰਦੇ ਨੇ। ਉਹ ਤਾਂ ਸ਼ਾਇਦ ਆਪਣੇ-ਆਪ ਨੂੰ ਵੀ ਪਛਾਣਦੇ ਨਹੀਂ ਹੋਣੇ। ਮੇਕ-ਅੱਪ ਦੀ ਮੋਟੀ ਤਹਿ ਹੇਠਾਂ ਲੁਕਿਆ ਚਿਹਰਾ ਉਨ੍ਹਾਂ ਖੁਦ ਨਹੀਂ ਦੇਖਿਆ ਹੋਣਾ।
ਸਿਫਤ ਉਹ ਨਹੀਂ ਹੁੰਦੀ ਜਿਹੜੀ ਅਸੀਂ ਆਪਣੀ ਆਪ ਕਰਦੇ ਹਾਂ, ਆਪਣੇ-ਆਪ ਨੂੰ ਭਾਵੇਂ ਅਰਸ਼ਾਂ ਦੀ ਪਰੀ ਕਹਿ ਲਉ ਜਾਂ ਹੂਰ ਕਹਿ ਲਉ ਕੋਈ ਫਰਕ ਨਹੀਂ ਪੈਂਦਾ ਸਗੋਂ ਤੁਸੀਂ ਆਪਣੇ ਆਪ ਨੂੰ ਹਲਕਾ ਬਣਾ ਲੈਂਦੇ ਹੋ। ਸਿਫਤ ਤਾਂ ਉਹ ਹੁੰਦੀ ਹੈ ਜਿਹੜੀ ਤੁਹਾਡੇ ਚਿਹਰੇ ਦੀ ਮੁਸਕਾਨ ਦੇਖ ਕੇ ਕੋਈ ਕਰਦਾ ਹੈ ਤੇ ਨਾਲੇ ਸਿਫਤ ਸੁਣ ਕੇ ਯਕੀਨ ਕਰਨ ਦੀ ਵੀ ਇੱਕ ਉਮਰ ਹੁੰਦੀ ਹੈ।
ਪਿਛਲੇ ਮਹੀਨੇ ਨਵਾਂ ਪਾਸਪੋਰਟ ਬਣਨਾ ਭੇਜਿਆ। ਆਂਟੀ ਇੰਦਰਜੀਤ ਹੋਰਾਂ ਦੀ ਕਿਤਾਬ ਰਿਲੀਜ਼ `ਤੇ ਜਾਣ ਲਈ ਸਿਟੀਜ਼ਨਸ਼ਿਪ ਸਰਟੀਫਿਕੇਟ ਕੱਢਿਆ। ਆਪਣੀ ਪੁਰਾਣੀ ਫੋਟੋ ਦੇਖ ਕੇ ਦਿਲ ਇੱਕ ਵਾਰ ਤਾਂ ਘਾਊਂ-ਮਾਊਂ ਜਿਹਾ ਹੋਇਆ। ਬਾਰਡਰ ਟੱਪ ਕੇ ਘਰੇ ਫੋਨ ਕੀਤਾ ਕਿ ਮੈਂ ਇਧਰ ਆ ਗਈ ਦੇ ਨਾਲ ਨਾਲ ਸਾਲਾਂ ਪੁਰਾਣੀ ਫੋਟੋ ਤੇ ਅੱਜ ਦੇ ਚਿਹਰੇ ਦੀ ਗੱਲ ਵੀ ਕਰ ਦਿੱਤੀ,
“ਮੈਨੂੰ ਤਾਂ ਤੂੰ ਉਹੋ ਜਿਹੀ ਲਗਦੀ ਏਂ”
ਰੱਬ ਨੂੰ ਮੰਨਣ ਵਾਲਾ ਬੰਦਾ ਕੋਰਾ ਝੂਠ ਬੋਲ ਗਿਆ ਸੀ। ਗੱਲ ਸੁਣ ਕੇ ਮੈਨੂੰ ਹਾਸਾ ਆ ਗਿਆ। ਕੈਨੇਡਾ ਭੈਣ ਨੂੰ ਉਹੀ ਗੱਲ ਦੱਸੀ ਤਾਂ ਉਹਨੇ ਵੀ ਉਹੀ ਝੂਠ ਬੋਲ ਦਿੱਤਾ।
ਕਿਤਾਬ ਰਿਲੀਜ਼ ਤੋਂ ਬਾਅਦ ਗੁਰਪ੍ਰੀਤ ਧਾਲੀਵਾਲ ਦੀ ਜਾਣੂ ਨੂੰ ਮਿਲੀ। ਉਨ੍ਹਾਂ ਪਹਿਲੀ ਗੱਲ ਇਹ ਕਹੀ ਕਿ ਭਾਜੀ ਗੁਰਪ੍ਰੀਤ ਕਹਿੰਦੇ ਸੀ ਜਿਹੜੀ ਸਭ ਨਾਲੋਂ ਸੋਹਣੀ ਕੁੜੀ ਹੋਵੇਗੀ, ਉਹ ਮੇਰੀ ਦੋਸਤ ਹੈ। ਗੱਲ ਸੁਣ ਕੇ ਮੈਂ ਅੰਦਰੋਂ-ਅੰਦਰ ਹੱਸੀ ਸੋਚਿਆ ਕਿ ਅੱਜ ਸਾਰੇ ਜਣੇ ਐਨਾ ਕੁਫਰ ਕਿਉਂ ਤੋਲ ਰਹੇ ਨੇ। ਪਤਾ ਨਹੀਂ ਇਨ੍ਹਾਂ ਦੀ ਇਹ ਮੁਹਬੱਤ ਹੈ ਜਾਂ ਫੇਰ ਮੇਰੇ ਤੋਂ ਡਰਦੇ ਹੀ ਕਹਿ ਦਿੰਦੇ ਨੇ।
ਅੱਜ ਮੈਂ ਜਿ਼ੰਦਗੀ ਦੇ ਇਸ ਮੋੜ `ਤੇ ਖੜ੍ਹ ਕੇ ਪਿਛਲੀ ਜਿ਼ੰਦਗੀ ਵੱਲ ਝਾਤ ਮਾਰਦੀ ਹਾਂ ਤਾਂ ਮੈਨੂੰ ਉਹ ਵਰੇ੍ਹ ਯਾਦ ਆਉਂਦੇ ਨੇ ਜਿਹੜੇ ਮੈਂ ਲੋਕਾਂ ਵਰਗੀ ਬਣਨ ਵਿਚ ਖਰਾਬ ਕਰ ਦਿੱਤੇ ਸਨ। ਕਦੇ ਕਿਸੇ ਜਠਾਣੀ ਵਰਗੀ ਸੁਘੜ-ਸਿਆਣੀ ਕਦੇ ਕਿਸੇ ਵਰਗੀ ਬੋਲ-ਚਾਲ ਪਰ ਮੈਂ ਕਦੇ ਕਿਸੇ ਵਰਗੀ ਬਣ ਨਹੀਂ ਸਕੀ। ਜਿਸ ਦਿਨ ਮੈਂ ਆਪਣੇ ਅੰਦਰਲੀ ਸ਼ਰਾਰਤੀ ਕੁੜੀ ਨੂੰ ਦੁਬਾਰਾ ਮਿਲੀ ਮੈਂ ਉਸੇ ਦਿਨ ਤੋਂ ਆਪਣੀ ਖੂਬਸੂਰਤੀ ਨੂੰ ਆਪਣੀਆਂ ਨਜ਼ਰਾਂ ਨਾਲ ਦੇਖਣ ਲੱਗ ਪਈ ਸਾਂ।
ਮੈਨੂੰ ਕਿਸੇ ਵਰਗਾ ਬਣਨ ਦੀ ਲੋੜ ਨਹੀਂ ਮਹਿਸੂਸ ਹੁੰਦੀ। ਸਹੁਰਿਆਂ ਦੇ ਘਰ ਅੱਜ ਵੀ ਮੈਂ ਸਭ ਤੋਂ ਘੱਟ ਸੋਹਣੀ ਨੂੰਹ ਹਾਂ, ਪਰ ਮੈਂ ਉਸ ਵੇਲੇ ਬਹੁਤ ਖੂਬਸੂਰਤ ਮਹਿਸੂਸ ਕਰਦੀ ਹਾਂ, ਜਦੋਂ ਮੇਰਾ ਬੇਟਾ ਕਹਿੰਦਾ ਹੈ ਮਾਂ ਹੁਣ ਭਾਵੇਂ ਤੂੰ ਆਂਟੀ ਬਣ ਗਈ ਏਂ ਪਰ ਹੈ ਅਜੇ ਵੀ ਸੋਹਣੀ।
ਮੈਂ ਉਸ ਵੇਲੇ ਸੋਹਣੀ ਹੁੰਦੀ ਹਾਂ ਜਦੋਂ ਮੇਰੇ ਵੱਡੇ ਭੈਣ-ਭਰਾ ਮੈਨੂੰ ਲਾਡ ਲਡਾਉਂਦੇ ਨੇ ਜਾਂ ਨਿਆਣਿਆਂ ਦਾ ਬਾਪੂ ਮੇਰੀਆਂ ਝੱਲ-ਵਲੱਲੀਆਂ ਸਹਿ ਜਾਂਦਾ ਹੈ ਜਾਂ ਮੇਰੀਆਂ ਸਹੇਲੀਆਂ ਮੈਨੂੰ ਮੋਹ ਨਾਲ ਕੁਝ ਕਹਿੰਦੀਆਂ ਨੇ ਜਾਂ ਫੇਰ ਜਦੋਂ ਮੈਂ ਆਪਣੇ ਡੈਡ ਦੀਆਂ ਅੱਖਾਂ ‘ਚ ਲਿਸ਼ਕ ਦੇਖਦੀ ਹਾਂ ਜਦੋਂ ਉਹ ਕਹਿੰਦੇ ਨੇ, “ਸ਼ੇਰਾ ਜਦ ਤੂੰ ਜੰਮਿਆ ਸੀ…।’
ਤੇ ਉਦੋਂ ਮੈਂ ਰੱਜ ਕੇ ਖੂ਼ਬਸੂਰਤ ਹੁੰਦੀ ਹਾਂ ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਦੀ ਹਾਂ ਤੇ ਸ਼ੀਸ਼ੇ ਵਿਚਲੇ ਅਕਸ ਵਿਚ ਮੈਨੂੰ ਉਹ ਔਰਤ ਦਿਸਦੀ ਹੈ, ਜਿਹੜੀ ਇੱਕ ਆਮ ਔਰਤ ਹੈ ਹਰ ਰੋਜ਼ ਹਜ਼ਾਰਾਂ ਗਲਤੀਆਂ ਕਰਦੀ ਹੈ। ਕਈ ਵਾਰ ਤਾਂ ਵਿਚਾਰੀ ਦੀਆਂ ਝਮੂਟੜੀਆਂ ਵੀ ਨਹੀਂ ਵਾਹੀਆਂ ਹੁੰਦੀਆਂ। ਸ਼ੀਸ਼ੇ ਦੇ ਵਿਚਲੀ ਉਹ ਔਰਤ ਅਰਸ਼ਾਂ ਦੀ ਹੂਰ-ਪਰੀ ਨਹੀਂ ਹੁੰਦੀ ਪਰ ਸੱਚ ਜਾਣਿਓ, ਉਹ ਬਹੁਤ ਖੂਬਸੂਰਤ ਹੁੰਦੀ ਹੈ। ਕਿਉਂਕਿ ਉਸ ਵੇਲੇ ਉਹ ਆਪਣੀਆਂ ਨਿੱਕੀਆਂ ਚੀਨੀ ਅੱਖਾਂ ਤੇ ਵਿੰਗੇ ਨੱਕ ਨੂੰ ਨਹੀਂ ਦੇਖ ਰਹੀ ਹੁੰਦੀ, ਸਗੋਂ ਉਹ ਆਪਣੇ ਅੰਦਰਲੀਆਂ ਖਾਮੀਆਂ ਨੂੰ ਵੀ ਦੇਖ ਰਹੀ ਹੁੰਦੀ ਹੈ ਤੇ ਜਿਹੜੀ ਹਰ ਤਕਲੀਫ਼ ਨੂੰ ਹੱਸ ਕੇ ਸਹਿਣਾ ਜਾਣਦੀ ਹੈ…।
ਕਵਿੱਤਰੀਓ/ ਲੇਖਕ ਭੈਣੋ ਗੁੱਸਾ ਨਾ ਕਰ ਜਾਇਓ…ਐਵੇਂ ਐਵੇਂ ਲਿਖ ਦਿੱਤਾ।
ਭਾਈ ਸਾਧ ਸੰਗਤੋ ਆਪਣੀਆਂ ਕਵਿਤਾਵਾਂ/ ਗ਼ਜ਼ਲਾਂ ਵਿੱਚ ਆਪਣੇ ਹੁਸਨ ਦੇ ਚਰਚੇ ਕਰਨ ਤੋਂ ਪਹਿਲਾਂ ਮੰਨ ਦਾ ਸ਼ੀਸ਼ਾ ਦੇਖ ਲਿਆ ਕਰੋ।
ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਔਰਤ ਵੀ ਇੱਕ ਅਜੀਬ ਪ੍ਰਾਣੀ ਹੈ ਤੇ ਮੈਂ ਵੀ ਉਨ੍ਹਾਂ ਪ੍ਰਾਣੀਆਂ ਵਿੱਚੋਂ ਹੀ ਇੱਕ ਹਾਂ…।