ਇਕ ਵਾਰ ਫਿਰ ‘ਲਾਲ ਸਿੰਘ ਚੱਢਾ’

ਆਮਨਾ ਕੌਰ
ਉਘੇ ਅਦਾਕਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਬਾਕਸ ਆਫਿਸ ਉਤੇ ਭਾਵੇਂ ਸਫਲ ਨਹੀਂ ਹੋ ਸਕੀ ਸੀ ਪਰ ਇਨਸਾਨੀ ਪੱਖਾਂ ਦੀ ਚਰਚਾ ਦੇ ਪੱਖ ਤੋਂ ਇਸ ਦੀ ਖੂਬ ਤਾਰੀਫ ਹੋਈ ਹੈ। ਇਹ ਫਿਲਮ ਬਾਕਸ ਆਫਿਸ ਉਤੇ 100 ਕਰੋੜ ਰੁਪਏ ਦੀ ਕਮਾਈ ਵੀ ਨਹੀਂ ਕਰ ਸਕੀ ਸੀ ਜਦਕਿ ਇਸ ਦਾ ਬਜਟ 180 ਕਰੋੜ ਰੁਪਏ ਦਾ ਸੀ

। ਉਂਝ, ਇਹ ਫਿਲਮ ਜਦੋਂ ਦੀ ਇਸ ਮਹੀਨੇ ਤੋਂ ਨੈੱਟਫਲਿਕਸ ਉਤੇ ਆਈ ਹੈ, ਫਿਲਮ ਨੂੰ ਨਵੇਂ ਸਿਰਿਓਂ ਹੁਲਾਰਾ ਮਿਲਿਆ ਹੈ। ਦਰਸ਼ਕਾਂ ਨੇ ਇਸ ਫਿਲਮ ਨੂੰ ਖੂਬ ਹੁੰਗਾਰਾ ਭਰਿਆ ਹੈ। ਇਹ ਸੰਸਾਰ ਭਰ ਵਿਚ ਨੈੱਟਫਲਿਕਸ ਉਤੇ ਗੈਰ-ਅੰਗਰੇਜ਼ੀ ਫਿਲਮਾਂ ਵਿਚੋਂ ਅਜਿਹੀ ਦੂਜੀ ਫਿਲਮ ਬਣ ਗਈ ਹੈ ਜਿਸ ਨੂੰ ਸਭ ਤੋਂ ਵੱਧ ਦਰਸ਼ਕਾਂ ਨੇ ਦੇਖਿਆ ਹੈ। ਨੈੱਟਫਲਿਕਸ ਅਨੁਸਾਰ, ਇਹ ਸੰਸਾਰ ਭਰ ਵਿਚ 13 ਮੁਲਕਾਂ ਵਿਚ ਪਹਿਲੀਆਂ ਦਸ ਫਿਲਮਾਂ ਵਿਚ ਸ਼ੁਮਾਰ ਹੋ ਗਈ ਹੈ। ਇਨ੍ਹਾਂ ਮੁਲਕਾਂ ਵਿਚ ਮਾਰੀਸ਼ਸ਼, ਬੰਗਲਾਦੇਸ਼, ਸਿੰਗਾਪੁਰ, ਓਮਾਨ, ਸ੍ਰੀਲੰਕਾ, ਬਹਿਰੀਨ, ਮਲੇਸ਼ੀਆ, ਯੂ.ਏ.ਈ. ਸ਼ਾਮਿਲ ਹਨ।
ਯਾਦ ਰਹੇ ਕਿ ਹਿੰਦੂ ਕੱਟੜਪੰਥੀਆਂ ਨੇ ਇਸ ਫਿਲਮ ਦਾ ਲਗਾਤਾਰ ਵਿਰੋਧ ਕੀਤਾ ਸੀ ਅਤੇ ਫਿਲਮ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਸੀ। ਉਂਝ, ਜਿੰਨੇ ਵੱਡੇ ਪੱਧਰ ‘ਤੇ ਇਸ ਫਿਲਮ ਦਾ ਵਿਰੋਧ ਹੋਇਆ, ਓਨਾ ਹੀ ਇਸ ਦੇ ਹੱਕ ਵਿਚ ਆਵਾਜ਼ ਵੀ ਬੁਲੰਦ ਹੋਈ ਸੀ। ਧਰਮ ਨਿਰਪੱਖਤਾ ਨੂੰ ਪ੍ਰਣਾਏ ਲੋਕ ਹੋਕਾ ਦੇ ਰਹੇ ਸਨ ਕਿ ਇਸ ਫਿਲਮ ਦਾ ਵਿਰੋਧ ਕਿਸੇ ਖਾਸ ਵਜ੍ਹਾ ਕਰਕੇ ਨਹੀਂ ਸਗੋਂ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਇਹ ਆਮਿਰ ਖਾਨ ਦੀ ਫਿਲਮ ਹੈ ਅਤੇ ਆਮਿਰ ਖਾਨ ਬਾਰੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਭਾਰਤ ਨੂੰ ਰਹਿਣਯੋਗ ਮੁਲਕ ਨਹੀਂ ਮੰਨਦਾ ਹਾਲਾਂਕਿ ਸਚਾਈ ਇਹ ਹੈ ਕਿ ਜਦੋਂ ਹਿੰਦੂਤਵ ਨੂੰ ਪ੍ਰਣਾਈ ਮੋਦੀ ਸਰਕਾਰ ਮੁਸਲਮਾਨਾਂ ਖਿਲਾਫ ਨਾਗਰਿਕਤਾ ਸੋਧ ਬਿੱਲ ਲੈ ਕੇ ਆਈ ਸੀ ਤਾਂ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਨੇ ਸਹਿਜ-ਸੁਭਾਅ ਟਿੱਪਣੀ ਕੀਤੀ ਸੀ ਕਿ ਮੁਲਕ ਅਸਹਿਣਸ਼ੀਲ ਹੋ ਰਿਹਾ ਹੈ, ਇਥੇ ਤਾਂ ਰਹਿਣਾ ਵੀ ਮੁਸ਼ਕਿਲ ਹੋ ਰਿਹਾ ਹੈ! ਹੁਣ ਯਾਦ ਕਰਨਾ ਪਵੇਗਾ ਕਿ ਕਟੱੜਪੰਥੀ ਕਿਸ ਤਰ੍ਹਾਂ ਮੁਸਲਮਾਨਾਂ ਦੀਆਂ ਹਜੂਮੀ ਹੱਤਿਆਵਾਂ ਕਰ ਰਹੇ ਸਨ ਅਤੇ ਕਿਸ ਤਰ੍ਹਾਂ ਮੁਸਲਮਾਨਾਂ ਸਮੇਤ ਘੱਟਗਿਣਤੀਆਂ ਖਿਲਾਫ ਖੌਫ ਵਾਲਾ ਮਾਹੌਲ ਬਣਾਇਆ ਜਾ ਰਿਹਾ ਸੀ।
‘ਲਾਲ ਸਿੰਘ ਚੱਢਾ’ ਫਿਲਮ 1994 ਵਿਚ ਅੰਗਰੇਜ਼ੀ ਵਿਚ ਬਣੀ ਫਿਲਮ ‘ਫੌਰੈਸਟ ਗੰਪ’ ਦੀ ਰੀਮੇਕ ਹੈ। ਇਹ ਫਿਲਮ ਉਘੇ ਅਮਰੀਕੀ ਨਾਵਲਕਾਰ ਵਿੰਸਟਨ ਗਰੂਮ ਦੇ 1986 ਵਿਚ ਛਪੇ ਇਸੇ ਨਾਂ ਵਾਲੇ ਨਾਵਲ (ਫੌਰੈਸਟ ਗੰਪ) ‘ਤੇ ਆਧਾਰਿਤ ਹੈ। ਇਹ ਫਿਲਮ ਇਕ ਅਸਾਧਾਰਨ ਬੱਚੇ/ਮਨੁੱਖ ਦੁਆਲੇ ਘੁੰਮਦੀ ਹੈ। ਇਸ ਕਹਾਣੀ ਵਿਚ ਮਾਨਵਤਾ ਅਤੇ ਸੰਵੇਦਨਸ਼ੀਲਤਾ ਡੱਲ੍ਹ-ਡੁੱਲ੍ਹ ਪੈਂਦੀ ਹੈ। ਫਿਲਮ ਅਤੇ ਨਾਵਲ ‘ਫੌਰੈਸਟ ਗੰਪ’ ਕਈ ਅਮਰੀਕੀ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਹੈ। ਉਂਝ ਵੀ ਇਹ ਫਿਲਮ ਸਕੂਲਾਂ ਵਿਚ ਅਕਸਰ ਫਿਲਮ ਦਿਖਾਈ ਜਾਂਦੀ ਹੈ ਅਤੇ ਕਿਤਾਬ ਪੜ੍ਹਨ ਦੀ ਸਿਫਾਰਿਸ਼ ਵੀ ਕੀਤੀ ਜਾਂਦੀ ਹੈ ਤਾਂ ਕਿ ਬੱਚਿਆਂ ਅਤੇ ਆਮ ਲੋਕਾਂ ਨੂੰ ਅਮਨੁੱਖਤਾ ਪੱਖੀ ਸੁਨੇਹਾ ਦਿੱਤਾ ਜਾ ਸਕੇ ਪਰ ਭਾਰਤ ਵਿਚ ਸਭ ਉਲਟ ਹੋ ਰਿਹਾ ਹੈ।
ਅਸਲ ਵਿਚ ਭਾਰਤ ਵਿਚ ਜਿਸ ਤਰ੍ਹਾਂ ਦੀ ਸਿਆਸਤ ਸੱਤਾਧਾਰੀ ਧਿਰ ਚਲਾ ਰਹੀ ਹੈ, ਇਹ ਫਿਲਮ ਉਸ ਉਤੇ ਬੜਾ ਤਿੱਖਾ ਵਾਰ ਕਰਦੀ ਹੈ। ਇਸ ਤੋਂ ਵੀ ਵੱਧ, ਇਸ ਫਿਲਮ ਦਾ ਮੁੱਖ ਕਿਰਦਾਰ ਉਸ ਘੱਟਗਿਣਤੀ ਦੀ ਨੁਮਾਇੰਦਗੀ ਕਰਦਾ ਹੈ ਜਿਸ ਉਤੇ ਵਧੀਕੀਆਂ ਦੀ ਗੱਲ ਅਕਸਰ ਤੁਰਦੀ ਰਹਿੰਦੀ ਹੈ। ਇਸ ਪੱਖ ਤੋਂ ਫਿਲਮ ਦੇ ਪਟਕਥਾ ਲੇਖਕ ਅਤੁਲ ਕੁਲਕਰਨੀ ਦੀ ਤਾਰੀਫ ਕਰਨੀ ਬਣਦੀ ਹੈ ਜਿਸ ਨੇ ‘ਫੌਰੈਸਟ ਗੰਪ’ ਵਾਲੇ ਖਿਆਲ ਦਾ ਭਾਰਤੀਕਰਨ ਕਰਦਿਆਂ ਕਮਾਲ ਦੀ ਸੂਝਬੂਝ ਦਿਖਾਈ ਹੈ। ਉਸ ਨੇ ਇਹ ਕਾਰਜ ਉਸ ਵਕਤ ਕੀਤਾ ਹੈ ਜਦੋਂ ਭਾਰਤ ਵਿਚ ਅਜਿਹੇ ਰੂਪ ਵਿਚ ਇਹ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਸੀ। ਫਿਲਮ ਦੇ ਨਿਰਦੇਸ਼ਕ ਅਦਵੈਤ ਚੰਦਨ ਨੇ ਵੀ ਇਸ ਮਾਮਲੇ ਵਿਚ ਜੁਰਅਤ ਦਿਖਾਈ ਹੈ। ਅਦਵੈਤ ਚੰਦਨ ਅਤੇ ਪਟਕਥਾ ਲੇਖਕ ਅਤੁਲ ਕੁਲਕਰਨੀ ਨੇ ‘ਲਾਲ ਸਿੰਘ ਚੱਢਾ` ਨੂੰ ਭਾਰਤ ਦੇ ਹਿਸਾਬ ਨਾਲ ਢਾਲਿਆ ਹੈ।
ਫਿਲਮ ‘ਲਾਲ ਸਿੰਘ ਚੱਢਾ’ ਕਾਰਨ ਫਿਲਮ ਨਿਰਮਾਤਾਵਾਂ ਨੂੰ ਬਹੁਤ ਘਾਟਾ ਪਿਆ। ਬਾਅਦ ਵਿਚ ਆਮਿਰ ਖਾਨ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਫਿਲਮ ਲਈ ਆਪਣੀ ਫੀਸ ਜੋ 100 ਕਰੋੜ ਰੁਪਏ ਬਣਦੀ ਹੈ, ਨਹੀਂ ਲਵੇਗਾ। ਉਂਝ, ਅੱਖਾਂ ਖੋਲ੍ਹ ਵਾਲਾ ਇਕ ਤੱਥ ਇਹ ਵੀ ਹੈ ਕਿ ‘ਫੌਰੈਸਟ ਗੰਪ’ ਨੂੰ ਵੀ ਬਾਕਸਆਫਿਸ ‘ਤੇ ਬਹੁਤੀ ਸਫਲਤਾ ਨਹੀਂ ਸੀ ਮਿਲੀ। ਉਦੋਂ ਵੀ ਇਸ ਫਿਲਮ ਦੀ ਚਰਚਾ ਖੂਬ ਹੋਈ ਸੀ ਅਤੇ ਅੱਜ ਤੱਕ ਹੋ ਰਹੀ ਹੈ। ਇਹੀ ਹਾਲ ਭਾਰਤ ਵਿਚ ਹੋਇਆ ਹੈ। ਕਮਾਈ ਦੇ ਪੱਖ ਤੋਂ ਆਮਿਰ ਖਾਨ ਦੀ ਇਹ ਫਿਲਮ ਭਾਵੇਂ ਫੇਲ੍ਹ ਰਹੀ ਹੈ ਪਰ ਇਸ ਨੂੰ ਇਸ ਕਰ ਕੇ ਯਾਦ ਰੱਖਿਆ ਜਾਵੇਗਾ ਕਿ ਇਹ ਫਿਲਮ ਉਨ੍ਹਾਂ ਸਮਿਆਂ ਦੌਰਾਨ ਬਣਾਈ ਗਈ ਜਦੋਂ ਨਰਿੰਦਰ ਮੋਦੀ ਸਰਕਾਰ ਬੋਲਣ ਵਾਲੇ ਦੀ ਜ਼ਬਾਨ ਕੱਟ ਦੇਣ ‘ਤੇ ਉਤਾਰੂ ਹੋਈ ਪਈ ਹੈ।