ਆਖ਼ਰੀ ਚਿੱਠੀ (ਹਿੰਦੀ ਕਹਾਣੀ)

ਮੂਲ: ਅਦਿਤੀ ਸਿੰਘ ਭਦੌਰੀਆ
ਅਨੁ: ਪ੍ਰੋ. ਨਵ ਸੰਗੀਤ ਸਿੰਘ
ਫੋਨ: 94176-92015
ਅੱਜ ਵਿਨੋਦ ਬਾਬੂ ਬਹੁਤ ਉਦਾਸ ਹਨ। ਆਪਣੀ ਪਤਨੀ ਸੰਧਿਆ ਦੀ ਤੇਰ੍ਹਵੀਂ ਮਨਾ ਕੇ ਆਪਣੇ ਕਮਰੇ ਵਿਚ ਅੱਖਾਂ ਮੀਚ ਕੇ ਕੁਝ ਚਿਰ ਬੈਠਣਾ ਚਾਹੁੰਦੇ ਹਨ। ਪਰ ਜਿਉਂ ਹੀ ਅੱਖਾਂ ਬੰਦ ਕੀਤੀਆਂ, ਉਨ੍ਹਾਂ ਦੀਆਂ ਅੱਖਾਂ ਮੂਹਰੇ ਆਪਣੀ ਬੇਟੀ ਦਿਵਿਆ ਦਾ ਚਿਹਰਾ ਆ ਗਿਆ। ਅੱਜ ਵਿਨੋਦ ਜੀ ਨੂੰ ਆਪਣੀ ਇਕੱਲਤਾ ਦੀ ਚਿੰਤਾ ਹੋ ਰਹੀ ਹੈ। ਉਹ ਉਠੇ ਅਤੇ ਦਿਵਿਆ ਦੇ ਕਮਰੇ ਵਿਚ ਗਏ। ਉਥੇ ਜਾ ਕੇ ਉਨ੍ਹਾਂ ਨੇ ਦਿਵਿਆ ਨੂੰ ਆਪਣੇ ਬਿਸਤਰੇ ‘ਤੇ ਉਦਾਸ ਲੇਟਿਆਂ ਵੇਖਿਆ ਅਤੇ ਉਹਦੇ ਸਿਰ ‘ਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ, “ਮੈਨੂੰ ਪਤਾ ਹੈ ਕਿ ਅੱਜ ਤੂੰ ਕੀ ਮਹਿਸੂਸ ਕਰ ਰਹੀ ਏਂ? ਇਹ ਮੇਰੇ ਲਈ ਕਹਿ ਸਕਣਾ ਮੁਸ਼ਕਿਲ ਹੈ। ਪਰ ਬੇਟਾ, ਤੂੰ ਮੇਰੇ ਲਈ ਬਹੁਤ ਹੀ ਅਨਮੋਲ ਹੈਂ। ਅੱਜ ਤੱਕ ਤੇਰੇ ਨਾਲ ਜੋ ਬੇਇਨਸਾਫ਼ੀ ਹੋਈ ਹੈ, ਮੈਂ ਵੀ ਉਹਦੇ ਲਈ ਜ਼ਿੰਮੇਵਾਰ ਹਾਂ। ਤੇਰੀ ਮਾਂ ਨੇ ਜਿਸ ਤਰ੍ਹਾਂ ਤੇਰੇ ਅਤੇ ਤੇਰੇ ਭਰਾਵਾਂ ਵਿਚ ਭੇਦਭਾਵ ਕੀਤਾ ਹੈ, ਹੁਣ ਮੈਂ ਉਸਦਾ ਪਛਤਾਵਾ ਕਰਾਂਗਾ ਅਤੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਨਹੀਂ ਹੋਣ ਦਿਆਂਗਾ।”

ਇੰਨਾ ਕਹਿ ਕੇ ਵਿਨੋਦ ਬਾਬੂ ਆਪਣੇ ਕਮਰੇ ਵਿਚ ਮੁੜ ਆਏ ਅਤੇ ਆਉਂਦਿਆਂ ਹੀ ਆਪਣੀ ਪਤਨੀ ਦੀ ਤਸਵੀਰ ਮੂਹਰੇ ਖੜ੍ਹੇ ਹੋ ਕੇ ਕਹਿਣ ਲੱਗੇ, “ਕਿਉਂ ਕੀਤਾ ਤੂੰ ਅਜਿਹਾ? ਆਖ਼ਰ ਕੀ ਕਮੀ ਸੀ ਮੇਰੇ ਪਿਆਰ ਵਿਚ…?”
ਉਹ ਆਪਣੀਆਂ ਅੱਖਾਂ ਬੰਦ ਕਰਕੇ ਅਤੀਤ ਵਿਚ ਚਲੇ ਗਏ, ਜਦੋਂ ਪਹਿਲੀ ਵਾਰੀ ਆਪਣੇ ਮਾਪਿਆਂ ਨਾਲ ਸੰਧਿਆ ਨੂੰ ਵੇਖਣ ਗਏ ਸਨ। ਸੰਧਿਆ ਦੀ ਸਾਦਗੀ ਨੇ ਵਿਨੋਦ ਬਾਬੂ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਨ ਮੋਹ ਲਿਆ ਅਤੇ ਸ਼ਾਦੀ ਪੱਕੀ ਹੋ ਗਈ। ਸੰਧਿਆ ਦੇ ਰੂਪ ਵਿਚ ਇਕ ਸੁਸ਼ੀਲ ਵਹੁਟੀ ਨਾਲ ਵਿਨੋਦ ਬਾਬੂ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਖੁਸ਼ੀਆਂ ਛਾ ਗਈਆਂ ਸਨ। ਵਿਨੋਦ ਬਾਬੂ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸਨ। ਪਰ ਸੰਧਿਆ ਦੇ ਆਉਣ ਪਿੱਛੋਂ ਉਨ੍ਹਾਂ ਦੇ ਘਰ ਵਿਚ ਬੇਟੀ ਦਾ ਵੀ ਆਗਮਨ ਹੋਇਆ। ਦੋਵਾਂ ਨੇ ਮਿਲ ਕੇ ਇੱਕ ਸੁਖੀ ਪਰਿਵਾਰ ਬਣਾਇਆ। ਇਸ ਖੁਸ਼ੀ ਨੂੰ ਚਾਰ ਚੰਨ ਲੱਗ ਗਏ, ਜਦੋਂ ਵਿਨੋਦ ਬਾਬੂ ਅਤੇ ਸੰਧਿਆ ਦੇ ਘਰ ਪਹਿਲੇ ਬੇਟੇ ਦਾ ਜਨਮ ਹੋਇਆ ਅਤੇ ਨਾਂ ਰੱਖਿਆ ਮੁਕੇਸ਼। ਪਰਿਵਾਰ ਵਧਣ ਲੱਗਿਆ। ਮੁਕੇਸ਼ ਪਿੱਛੋਂ ਛੋਟੇ ਬੇਟੇ ਰਤਨ ਦਾ ਜਨਮ ਹੋਇਆ।
ਸਮਾਂ ਆਪਣੀ ਚਾਲ ਚੱਲ ਰਿਹਾ ਸੀ। ਵਿਨੋਦ ਬਾਬੂ ਦੇ ਪਿਤਾ ਜੀ ਦੇ ਦੇਹਾਂਤ ਤੋਂ ਤਿੰਨ ਮਹੀਨੇ ਪਿੱਛੋਂ ਹੀ ਵਿਨੋਦ ਦੀ ਮਾਤਾ ਵੀ ਗੁਜ਼ਰ ਗਏ। ਇਸ ਮੁਸ਼ਕਿਲ ਸਮੇਂ ਵਿਚ ਸੰਧਿਆ ਦੇ ਤੀਜੀ ਵਾਰ ਮਾਂ ਬਣਨ ਦੀ ਖ਼ਬਰ ਨੇ ਹਲਕੀ ਜਿਹੀ ਖੁਸ਼ੀ ਦਿੱਤੀ। ਪਰ ਸੰਧਿਆ ਦੀ ਸਿਹਤ ਵਿਗੜ ਰਹੀ ਸੀ। ਇਸ ਲਈ ਉਹ ਆਪਣੇ ਪੇਕੇ ਚਲੀ ਗਈ। ਕੁਝ ਮਹੀਨਿਆਂ ਪਿੱਛੋਂ ਵਿਨੋਦ ਬਾਬੂ ਨੂੰ ਬੇਟੀ ਹੋਣ ਦੀ ਸੂਚਨਾ ਮਿਲੀ। ਉਹ ਖੁਸ਼ੀ-ਖੁਸ਼ੀ ਆਪਣੀ ਬੇਟੀ ਨੂੰ ਵੇਖਣ ਗਏ ਤਾਂ ਅੱਗੋਂ ਸੰਧਿਆ ਬੜੀ ਨਰਾਜ਼ ਸੀ। ਜਦੋਂ ਵਿਨੋਦ ਬਾਬੂ ਨੇ ਕਾਰਨ ਪੁੱਛਿਆ ਤਾਂ ਸੰਧਿਆ ਨੇ ਕਿਹਾ, “ਮੈਂ ਬੇਟੀ ਦੀ ਮਾਂ ਨਹੀਂ ਬਣਨਾ ਚਾਹੁੰਦੀ ਸਾਂ! ਕਿੰਨੀ ਮੁਸੀਬਤ ਦੀ ਗੱਲ ਹੈ!” ਸੰਧਿਆ ਦੀ ਗੱਲ ਸੁਣ ਕੇ ਵਿਨੋਦ ਬਾਬੂ ਹੈਰਾਨ ਤਾਂ ਬਹੁਤ ਹੋਏ ਪਰ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਸੰਧਿਆ ਥੱਕੀ ਹੋਈ ਹੋਵੇ। ਸੰਧਿਆ ਨੇ ਉਨ੍ਹਾਂ ਨੂੰ ਬੱਚਿਆਂ ਨਾਲ ਵੀ ਨਹੀਂ ਮਿਲਣ ਦਿੱਤਾ। ਉਹ ਬੱਚਿਆਂ ਨੂੰ ਬਿਨਾਂ ਮਿਲਿਆਂ ਹੀ ਪਰਤ ਆਏ।
ਜਦੋਂ ਕੁਝ ਮਹੀਨੇ ਪਿੱਛੋਂ ਵੀ ਸੰਧਿਆ ਘਰ ਨਾ ਪਰਤੀ ਤੇ ਨਾ ਹੀ ਵਿਨੋਦ ਬਾਬੂ ਨੂੰ ਮਿਲਣ ਆਉਣ ਦਿੱਤਾ ਤਾਂ ਉਹ ਪ੍ਰੇਸ਼ਾਨ ਹੋ ਗਏ। ਕਾਰਨ ਜਾਣਨ ਲਈ ਇੱਕ ਦਿਨ ਸੰਧਿਆ ਦੀ ਮਾਂ ਦੇ ਘਰ ਚਲੇ ਗਏ। ਸੰਧਿਆ ਦੇ ਸੁਭਾਅ ਵਿਚ ਆਈ ਤਬਦੀਲੀ ਨੂੰ ਉਹ ਸਮਝ ਨਾ ਸਕੇ।
ਸੰਧਿਆ ਤੋਂ ਕਾਰਨ ਪੁੱਛਿਆ ਤਾਂ ਉੁਹਨੇ ਕਿਹਾ, “ਮੈਂ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਤੁਸੀਂ ਤਾਂ ਮੈਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਬਣਾ ਰਹੇ ਹੋ ਅਤੇ ਹਾਂ, ਮੈਂ ਸਿਰਫ਼ ਬੱਚੇ ਹੀ ਨਹੀਂ ਪਾਲਾਂਗੀ, ਆਪਣੇ ਲਈ ਵੀ ਕੁਝ ਕਰਾਂਗੀ।”
ਵਿਨੋਦ ਬਾਬੂ ਨੇ ਸੰਧਿਆ ਨੂੰ ਸਮਝਾਉਣਾ ਚਾਹਿਆ, “ਸੰਧਿਆ, ਤੂੰ ਘਰ ਚੱਲ। ਆਪਾਂ ਘਰ ਦੇ ਕੰਮਾਂ ਲਈ ਕੋਈ ਨੌਕਰ ਰੱਖ ਲਵਾਂਗੇ। ਤੂੰ ਜੋ ਕਰਨਾ ਚਾਹੁੰਦੀ ਹੈਂ, ਕਰ ਲਵੀਂ!”
ਸੰਧਿਆ ਨੇ ਵਿਨੋਦ ਬਾਬੂ ਦੀ ਗੱਲ ਨੂੰ ਅਣਸੁਣਿਆ ਕਰਕੇ ਭਾਵਹੀਣ ਚਿਹਰੇ ਨਾਲ ਕਿਹਾ, “ਮੁੰਡਿਆਂ ਨੂੰ ਹੋਸਟਲ ਭੇਜ ਦਿਓ, ਮੈਂ ਬੇਟੀ ਨਾਲ ਆਪਣੀ ਮਾਂ ਕੋਲ ਹੀ ਰਹਾਂਗੀ।”
ਇਹ ਸੁਣ ਕੇ ਵਿਨੋਦ ਬਾਬੂ ਦਾ ਗਲਾ ਭਰ ਆਇਆ, “ਤਲਾਕ ਚਾਹੁੰਦੀ ਹੈਂ?” ਰੋਣ-ਹਾਕੇ ਹੋ ਕੇ ਉਨ੍ਹਾਂ ਨੇ ਪੁੱਛਿਆ।
“ਨਹੀਂ, ਦੂਰੀ…।” ਕਹਿ ਕੇ ਸੰਧਿਆ ਨੇ ਘਰ ਦਾ ਬੂਹਾ ਬੰਦ ਕਰ ਲਿਆ।
ਭਾਰੀ ਮਨ ਨਾਲ ਵਿਨੋਦ ਬਾਬੂ ਆਪਣੇ ਘਰ ਪਰਤੇ। ਮਾਂ-ਪਿਉ ਦੀ ਮੌਤ ਪਿੱਛੋਂ ਉਹ ਬੜੇ ਟੁੱਟ ਚੁੱਕੇ ਸਨ। ਹੁਣ ਪਤਨੀ ਤੋਂ ਵੀ ਦੂਰੀ। ਉਹ ਇਸ ਮਾਨਸਿਕ ਸਥਿਤੀ ਵਿਚ ਨਹੀਂ ਸਨ ਕਿ ਬੇਟਿਆਂ ਦੀ ਦੇਖਭਾਲ ਖ਼ੁਦ ਕਰ ਸਕਣ।
ਕੁਝ ਹੀ ਸਮੇਂ ਵਿਚ ਹੱਸਦੇ-ਖੇਡਦੇ ਪਰਿਵਾਰ ਨੂੰ ਨਜ਼ਰ ਲੱਗ ਗਈ। ਸਭ ਕੁਝ ਖਿੰਡਰ ਗਿਆ। ਸੰਧਿਆ ਆਪਣੀ ਬੇਟੀ ਨਾਲ ਮਾਂ ਦੇ ਘਰੇ ਰਹਿਣ ਲੱਗੀ। ਉਹ ਆਪਣੇ ਪੁੱਤਰਾਂ ਨੂੰ ਮਿਲਣ ਜਾਂਦੀ ਪਰ ਨੌਕਰੀ ਕਰਨ ਕਰਕੇ ਹੁਣ ਸਮਾਂ ਨਾ ਕੱਢ ਸਕਦੀ। ਵਿਨੋਦ ਬਾਬੂ ਨੇ ਵੀ ਹੁਣ ਉਹਨੂੰ ਸਮਝਾਉਣਾ ਛੱਡ ਦਿੱਤਾ ਸੀ। ਉਨ੍ਹਾਂ ਨੇ ਬੇਟਿਆਂ ਅਤੇ ਘਰ ਦੇ ਕੰਮਾਂ ਵਿਚ ਖੁਦ ਨੂੰ ਬਿਜ਼ੀ ਕਰ ਲਿਆ। ਕੰਮ ਵਿਚ ਵਧਦੀਆਂ ਜ਼ਿੰਮੇਵਾਰੀਆਂ ਕਰਕੇ ਉਹ ਆਪਣੀ ਧੀ ਨੂੰ ਵੀ ਵਧੇਰੇ ਨਹੀਂ ਮਿਲ ਸਕਦੇ ਸਨ। ਅਸਲ ਵਿਚ ਸੰਧਿਆ ਨੂੰ ਵੇਖ ਕੇ ਉਨ੍ਹਾਂ ਦਾ ਮਨ ਦੁਖੀ ਹੁੰਦਾ। ਸੰਧਿਆ ਦਿਨੋਂ-ਦਿਨ ਬਦਲਦੀ ਜਾ ਰਹੀ ਸੀ।
ਸਮਾਂ ਬੀਤਦਾ ਗਿਆ। ਦੋਵਾਂ ਬੇਟਿਆਂ ਨੂੰ ਚੰਗੇ ਥਾਈਂ ਨੌਕਰੀ ਮਿਲ ਗਈ ਅਤੇ ਦੋਹਾਂ ਦੀ ਸ਼ਾਦੀ ਵੀ ਹੋ ਗਈ। ਦੋਹਾਂ ਬੇਟਿਆਂ ਨੇ ਮਾਂ ਨੂੰ ਨਾਲ ਰਹਿਣ ਲਈ ਬੜਾ ਜ਼ੋਰ ਲਾਇਆ। ਪਰ ਸੰਧਿਆ ਨਿਰਲੇਪ ਰਹੀ। ਵਿਨੋਦ ਬਾਬੂ ਬੇਟਿਆਂ ਨਾਲ ਰਹਿਣ ਲੱਗ ਪਏ।
ਅਚਾਨਕ ਖ਼ਬਰ ਮਿਲੀ ਕਿ ਸੰਧਿਆ ਨੂੰ ਕੈਂਸਰ ਹੋ ਗਿਆ ਹੈ ਅਤੇ ਆਖ਼ਰੀ ਸਟੇਜ ‘ਤੇ ਹੈ। ਸਾਰੇ ਹਸਪਤਾਲ ਪੁੱਜੇ। ਸੰਧਿਆ ਦੇ ਹੱਥ ਵਿਚ ਦਿਵਿਆ ਦਾ ਹੱਥ ਸੀ। ਅਤੇ ਦੋਹਾਂ ਦੇ ਚਿਹਰਿਆਂ ‘ਤੇ ਡਰ ਸੀ। ਵਿਨੋਦ ਨੂੰ ਵੇਖਦੇ ਹੀ ਸੰਧਿਆ ਦੇ ਚਿਹਰੇ ‘ਤੇ ਡਰ ਦੀ ਥਾਂ ਸ਼ਾਂਤੀ ਆ ਗਈ।
ਉਹਨੇ ਬੜੇ ਯਤਨ ਨਾਲ ਆਪਣੇ ਸਿਰਹਾਣੇ ਹੇਠ ਰੱਖਿਆ ਇਕ ਲਿਫਾਫਾ ਕੱਢਿਆ ਅਤੇ ਵਿਨੋਦ ਦੇ ਹੱਥ ਦਿੰਦਿਆਂ ਕਿਹਾ, “ਮੇਰੇ ਜਾਣ ਪਿੱਛੋਂ ਪੜ਼੍ਹਨਾ।” ਕਹਿ ਕੇ ਸੰਧਿਆ ਨੇ ਹਮੇਸ਼ਾ ਲਈ ਅੱਖਾਂ ਮੀਚ ਲਈਆਂ।
ਦਿਵਿਆ ਚੁੱਪ-ਚੁੱਪ ਰਹਿਣ ਲੱਗੀ। ਕਿਸੇ ਨਾਲ ਕੋਈ ਗੱਲ ਨਾ ਕਰਦੀ। ਬਸ ਸੰਧਿਆ ਦੀ ਫ਼ੋਟੋ ਕੋਲ ਖਾਮੋਸ਼ ਬੈਠੀ ਰਹਿੰਦੀ। ਮਾਂ-ਧੀ ਵਿਚ ਬਹੁਤ ਪਿਆਰ ਸੀ। ਸਹੇਲੀਆਂ ਵਾਂਗ ਰਹਿੰਦੀਆਂ ਸਨ। ਵਿਨੋਦ ਬਾਬੂ ਨੂੰ ਚੁਭਦਾ ਵੀ ਸੀ। ਜੋ ਪਿਆਰ ਸੰਧਿਆ ਆਪਣੀ ਬੇਟੀ ਨੂੰ ਦਿੰਦੀ ਸੀ, ਬੇਟਿਆਂ ਦੀ ਕਿਸਮਤ ਵਿਚ ਉਹ ਪਿਆਰ ਨਹੀਂ ਸੀ। ਇਹੀ ਕਾਰਨ ਸੀ ਕਿ ਉਹ ਬੇਟਿਆਂ ਵੱਲ ਵਧੇਰੇ ਝੁਕ ਗਏ।
ਇਹ ਸਭ ਸੋਚਦਿਆਂ ਵਿਨੋਦ ਬਾਬੂ ਦੀ ਅੱਖ ਖੁੱਲ੍ਹ ਗਈ। ਉਹ ਉਠੇ ਅਤੇ ਆਪਣੀ ਅਲਮਾਰੀ ਕੋਲ ਗਏ। ਅਲਮਾਰੀ ਖੋਲ੍ਹ ਕੇ ਸੰਧਿਆ ਦਾ ਦਿੱਤਾ ਲਿਫ਼ਾਫ਼ਾ ਕੱਢਿਆ, ਜੋ ਉਹ ਰੱਖ ਕੇ ਭੁੱਲ ਚੁੱਕੇ ਸਨ। ਸੰਧਿਆ ਨੇ ਹਸਪਤਾਲ ਵਿਚ ਇਹ ਕਹਿ ਕੇ ਦਿੱਤਾ ਸੀ ਕਿ ਮੇਰੇ ਪਿੱਛੋਂ ਪੜ੍ਹਨਾ। ਵਿਨੋਦ ਬਾਬੂ ਨੇ ਲਿਫ਼ਾਫ਼ਾ ਖੋਲ੍ਹਿਆ ਤੇ ਚਿੱਠੀ ਪੜ੍ਹਨ ਲੱਗੇ। ਚਿੱਠੀ ਸੰਧਿਆ ਦੀ ਖ਼ੂਬਸੂਰਤ ਲਿਖਾਈ ਵਿਚ ਸੀ:
ਪਿਆਰੇ ਵਿਨੋਦ,
ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਨਾਲ ਨਾਰਾਜ਼ ਹੋ। ਤੁਸੀਂ ਮੈਨੂੰ ਸਭ ਕੁਝ ਦਿੱਤਾ, ਜਿਹਦੀ ਕਲਪਨਾ ਕੋਈ ਲੜਕੀ ਕਰਦੀ ਹੈ। ਬਹੁਤ ਸਾਰਾ ਪਿਆਰ ਅਤੇ ਇੱਜ਼ਤ। ਦੋਹਾਂ ਬੇਟਿਆਂ ਪਿੱਛੋਂ ਜਦੋਂ ਮਾਂ ਬਣਨ ਦੀ ਖ਼ਬਰ ਸੁਣੀ ਤਾਂ ਮੈਂ ਵੀ ਬੜੀ ਖੁਸ਼ ਹੋਈ। ਮੇਰੀ ਤਬੀਅਤ ਠੀਕ ਨਹੀਂ ਸੀ। ਮੈਂ ਮਾਂ ਕੋਲ ਆ ਗਈ। ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਪਰਮਾਤਮਾ ਦੀ ਮਰਜ਼ੀ ਸੀ ਕਿ ਮੈਂ ਇਸ ਬੱਚੇ ਨੂੰ ਮਾਂ ਕੋਲ ਜਨਮ ਦਿਆਂ। ਦਿਵਿਆ ਦੇ ਜਨਮ ਪਿੱਛੋਂ ਮੈਂ ਤੁਹਾਨੂੰ ਕਿਹਾ ਕਿ ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ ਅਤੇ ਬੇਟਿਆਂ ਨੂੰ ਵੀ ਦੂਰ ਕਰ ਦਿੱਤਾ, ਆਪਣੇ ਸਵਾਰਥ ਲਈ। ਦਿਵਿਆ ਨੂੰ ਵੀ ਤੁਹਾਨੂੰ ਜਾਂ ਕਿਸੇ ਨੂੰ ਮਿਲਣ ਨਹੀਂ ਦਿੱਤਾ। ਮੈਂ ਕਿਸੇ ਰਿਸ਼ਤੇਦਾਰ ਨਾਲ ਵੀ ਚੰਗਾ ਵਿਹਾਰ ਨਹੀਂ ਕੀਤਾ, ਜਿਸ ਕਰਕੇ ਸਾਰੇ ਮੈਥੋਂ ਦੂਰ ਹੋ ਗਏ।
ਮੈਂ ਸਭ ਕੁਝ ਆਪਣੀ ਬੇਟੀ ਲਈ ਕੀਤਾ। ਜਦੋਂ ਮੈਨੂੰ ਪਤਾ ਲੱਗਿਆ ਕਿ ਦਿਵਿਆ ਨਾ ਤਾਂ ਸਾਡੀ ਧੀ ਹੈ ਤੇ ਨਾ ਹੀ ਪੁੱਤਰ। ਮੈਂ ਡਰ ਗਈ ਸੀ ਕਿ ਕਿਤੇ ਲੋਕ ਉਹਨੂੰ ਆਪਣੇ ਮਨੋਰੰਜਨ ਦਾ ਸਾਧਨ ਨਾ ਬਣਾ ਲੈਣ! ਮੈਨੂੰ ਇਹੋ ਠੀਕ ਲੱਗਿਆ ਕਿ ਮੈਂ ਸਭ ਦੀਆਂ ਨਜ਼ਰਾਂ ਵਿਚ ਬੁਰੀ ਬਣ ਜਾਵਾਂ। ਪਰ ਆਪਣੀ ਧੀ ਨੂੰ ਬਚਾ ਲਵਾਂ। ਮੇਰੀ ਮਾਂ ਨੇ ਵੀ ਮੇਰੇ ਇਸ ਵਚਨ ਨੂੰ ਨਿਭਾਉਣ ਵਿਚ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ। ਮੈਨੂੰ ਮੁਆਫ਼ ਕਰ ਦੇਣਾ। ਮੈਂ ਤੁਹਾਥੋਂ ਵੀ ਇਹ ਗੱਲ ਛੁਪਾ ਲਈ, ਕਿਉਂਕਿ ਮੈਂ ਬਹੁਤ ਡਰ ਗਈ ਸਾਂ। ਤੁਸੀਂ ਇਹ ਗੱਲ ਕਿਸੇ ਨੂੰ ਨਾ ਦੱਸਣਾ। ਤੁਸੀਂ ਚਾਹੋ ਤਾਂ ਇਹਨੂੰ ਜ਼ਹਿਰ ਦੇ ਦੇਣਾ। ਅੱਜ ਮੈਨੂੰ ਪਤਾ ਲੱਗਿਆ ਹੈ ਕਿ ਮੈਂ ਵਧੇਰੇ ਦਿਨ ਨਹੀਂ ਬਚਾਂਗੀ, ਤਾਂ ਮੇਰੇ ਅੰਦਰ ਦਿਵਿਆ ਨੂੰ ਲੈ ਕੇ ਅਸੁਰੱਖਿਆ ਆ ਗਈ। ਹੁਣ ਇਹਦਾ ਕੀ ਬਣੇਗਾ…?
ਵਿਨੋਦ ਬਾਬੂ ਦੇ ਹੱਥਾਂ ਵਿਚੋਂ ਚਿੱਠੀ ਹੇਠਾਂ ਡਿੱਗ ਪਈ। ਅੱਜ ਉਹ ਆਪਣੀਆਂ ਹੀ ਨਜ਼ਰਾਂ ਵਿਚ ਡਿੱਗ ਪਏ ਸਨ। ਉਨ੍ਹਾਂ ਨੇ ਆਪਣੇ ਬੇਟਿਆਂ ਨੂੰ ਸੱਦਿਆ ਅਤੇ ਸੰਧਿਆ ਦੀ ਚਿੱਠੀ ਸਭ ਨੂੰ ਪੜ੍ਹਾਈ। ਸਭ ਦੀਆਂ ਨਜ਼ਰਾਂ ਵਿਚ ਆਪਣੀ ਮਾਂ ਲਈ ਸਨਮਾਨ ਸੀ।
ਉਦੋਂ ਹੀ ਵੱਡੀ ਵਹੁਟੀ ਨੇ ਕਿਹਾ, “ਅਸੀਂ ਮਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿਆਂਗੇ। ਦਿਵਿਆ ਦੀਦੀ ਹਮੇਸ਼ਾ ਸਾਡੇ ਨਾਲ ਰਹੇਗੀ।” ਦਿਵਿਆ ਨੂੰ ਵੀ ਸੱਦਿਆ ਗਿਆ। ਵਿਨੋਦ ਬਾਬੂ ਨੇ ਦਿਵਿਆ ਦੇ ਸਿਰ ਉਤੇ ਹੱਥ ਰੱਖ ਕੇ ਕਿਹਾ, “ਮੈਨੂੰ ਸਭ ਕੁਝ ਪਤਾ ਲੱਗ ਗਿਆ ਹੈ। ਤੂੰ ਘਬਰਾ ਨਾ। ਇਹ ਤੇਰੀ ਮਾਂ ਦੀ ਤਪੱਸਿਆ ਦਾ ਹੀ ਫਲ ਹੈ। ਅੱਜ ਤੋਂ ਤੂੰ ਕਦੇ ਉਦਾਸ ਨਹੀਂ ਹੋਵੇਂਗੀ।”
ਵਿਨੋਦ ਬਾਬੂ ਦੇ ਛੋਟੇ ਬੇਟੇ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਵੱਡੇ ਭਰਾ ਕੋਲ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਜਿਸ ਵਿਚ ਦਿਵਿਆ ਨੂੰ ਵੀ ਸ਼ਾਮਲ ਕੀਤਾ ਗਿਆ ਤਾਂ ਕਿ ਦਿਵਿਆ ਆਪਣੇ ਪੈਰਾਂ ‘ਤੇ ਖੜ੍ਹੀ ਹੋ ਸਕੇ।
ਹੁਣ ਦਿਵਿਆ ਦੀਆਂ ਅੱਖਾਂ ਵਿਚ ਉਦਾਸੀ ਨਹੀਂ, ਸਗੋਂ ਆਪਣੀ ਮਾਂ ਪ੍ਰਤੀ ਆਦਰ ਤੇ ਪਿਆਰ ਸੀ। ਉਹਦੀ ਮਾਂ ਦੀ ਆਖ਼ਰੀ ਚਿੱਠੀ ਨੇ ਉਹਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ ਸੀ…।