ਵਿਸ਼ਵ ਦੇ ਮਹਾਨ ਖਿਡਾਰੀ: ਹਿੰਮਤ ਦੀ ਜਿੱਤ: ਵਿਲਮਾ ਰੁਡੋਲਫ਼

ਪ੍ਰਿੰ. ਸਰਵਣ ਸਿੰਘ

ਬੰਦੇ ਦੀ ਸਭ ਤੋਂ ਵੱਡੀ ਤਾਕਤ ਹੈ ਹਿੰਮਤ ਅਤੇ ਕੁਝ ਕਰਨ ਦੀ ਤੀਬਰ ਇੱਛਾ ਤੇ ਦ੍ਰਿੜ ਇਰਾਦਾ। ਜਿੱਥੇ ਇੱਛਾ, ਦ੍ਰਿੜ ਇਰਾਦਾ, ਹਿੰਮਤ ਤੇ ਹੌਂਸਲਾ ਹੋਵੇ ਉਥੇ ਕੁਝ ਵੀ ਕੀਤਾ ਜਾ ਸਕਦਾ ਹੈ। ਸੁਫ਼ਨੇ ਹਕੀਕਤਾਂ ਵਿਚ ਬਦਲੇ ਜਾ ਸਕਦੇ ਹਨ, ਬੰਜਰਾਂ `ਚ ਬਾਗ਼ ਖਿੜਾਏ ਜਾ ਸਕਦੇ ਤੇ ਉਜਾੜਾਂ ਨੂੰ ਬਹਾਰਾਂ `ਚ ਬਦਲਿਆ ਜਾ ਸਕਦਾ ਹੈ। ਗ਼ਰੀਬ, ਨਿਤਾਣੇ, ਅਪਾਹਜ ਤੇ ਅਣਗੌਲੇ ਬੱਚੇ ਵੀ ਜੇ ਹਿੰਮਤ ਕਰਨ ਤਾਂ ਉਹ ਜੋ ਨਹੀਂ ਸੋ ਕਰ ਸਕਦੇ ਹਨ। ਇਸੇ ਪ੍ਰਸੰਗ ਵਿਚ ‘ਟਰੈਕ ਦੀ ਰਾਣੀ’ ਅਮਰੀਕਨ ਅਥਲੀਟ ਵਿਲਮਾ ਰੁਡੋਲਫ਼ ਦੀ ਬਾਤ ਪਾਉਣੀ ਵਾਜਬ ਹੋਵੇਗੀ। ਉਸ ਨੂੰ ਰੋਮ ਓਲੰਪਿਕਸ ਦੇ ਦਰਸ਼ਕਾਂ ਨੇ ‘ਟਰੈਕ ਦੀ ਮੁਰਗਾਬੀ’ ਦਾ ਖਿ਼ਤਾਬ ਦਿੱਤਾ ਸੀ ਤੇ ਫਰਾਂਸੀਸੀਆਂ ਨੇ ਉਸ ਨੀਗਰੋ ਕੁੜੀ ਨੂੰ ‘ਕਾਲਾ ਮੋਤੀ’ ਕਹਿ ਕੇ ਵਡਿਆਇਆ ਸੀ। ਫਿਰ ਕਿਸੇ ਨੇ ਉਸ ਨੂੰ ‘ਟਾਰਨਾਡੋ’ ਕਿਹਾ ਤੇ ਕਿਸੇ ਨੇ ‘ਟ੍ਰੈਕ ਸਟਾਰ’।

ਹਾਸ਼ਮ ਸ਼ਾਹ ਦਾ ਕਥਨ ‘ਹਾਸ਼ਮ ਫਤਿਹ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ’ ਵਿਲਮਾ `ਤੇ ਇੰਨ ਬਿੰਨ ਢੁੱਕਦੈ। ਓਲੰਪਿਕ ਸਟਾਰ ਵਿਲਮਾ ਰੁਡੋਲਫ਼ ਦੀ ਬਾਤ ਪਾਉਂਦਿਆਂ ਮਨ `ਚ ਆਉਂਦੈ, “ਕੀ ਇੰਜ ਵੀ ਹੋ ਸਕਦੈ? ਗਰੀਬ ਘਰ ਦੀ ਅਪਾਹਜ ਅਤੇ ਬਿਮਾਰ ਰਹਿੰਦੀ ਬੱਚੀ ਵੀ ਖੇਡ ਅੰਬਰ ਦਾ ਤਾਰਾ ਬਣ ਸਕਦੀ ਐ ਤੇ ਇਕੋ ਓਲੰਪਿਕਸ ਵਿਚੋਂ ਤਿੰਨ ਗੋਲਡ ਮੈਡਲ ਜਿੱਤ ਸਕਦੀ ਐ!” ਮਨ ਫੇਰ ਆਪੇ ਈ ਆਖਦੈ, “ਕਿਉਂ ਨਹੀਂ ਹੋ ਸਕਦਾ? ਜੋ ਵਿਲਮਾ ਨੇ ਕਰ ਵਿਖਾਇਐ, ਹੋਰ ਬੱਚੇ ਵੀ ਕਰ ਸਕਦੇ ਨੇ ਬਸ਼ਰਤੇ ਉਹ ਵਿਲਮਾ ਵਾਂਗ ਹਿੰਮਤ ਕਰਨ।”
ਵਿਲਮਾ ਟੱਬਰ ਦੇ ਵਧੇਰੇ ਜੀਆਂ ਵਾਲੇ ਗ਼ਰੀਬ ਪਰਿਵਾਰ ਦੀ ਬੱਚੀ ਸੀ। ਉਸ ਦਾ ਪਿਤਾ ਰੇਲਵੇ ਦਾ ਕੁਲੀ ਸੀ ਜਿਸ ਦਾ ਕੰਮ ਮੁਸਾਫ਼ਰਾਂ ਦਾ ਭਾਰ ਢੋਣਾ ਸੀ। ਉਸ ਦੇ ਦੋ ਵਿਆਹਾਂ `ਚੋਂ ਬਾਈ ਬੱਚੇ ਸਨ ਜਿਨ੍ਹਾਂ `ਚ ਵਿਲਮਾ ਵੀਹਵੇਂ ਥਾਂ ਸਤਮਾਹੀ ਜੰਮੀ ਸੀ। ਜੰਮਣ ਸਮੇਂ ਉਸ ਦਾ ਵਜ਼ਨ ਸਿਰਫ਼ ਸਾਢੇ ਚਾਰ ਪੌਂਡ ਸੀ। ਝੀਖ ਜਿਹੀ ਉਸ ਬੱਚੀ ਦੇ ਬਚਣ ਦੀ ਆਸ ਘੱਟ ਹੀ ਸੀ। ਐਡੇ ਪਰਿਵਾਰ `ਚ ਬੱਚਿਆਂ ਦੀ ਪਾਲਣਾ-ਪੋਸ਼ਣਾ ਕਿਹੋ ਜਿਹੀ ਹੁੰਦੀ ਹੋਵੇਗੀ ਉਹਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਪਰ ਬਲਿਹਾਰੇ ਜਾਈਏ ਬੰਦੇ ਅੰਦਰ ਸੁੱਤੀਆਂ ਸੰਭਾਵਨਾਵਾਂ ਦੇ! ਵਿਲਮਾ ਦੀ ਬਾਤ ਕਮਜ਼ੋਰ, ਬਿਮਾਰ ਤੇ ਅਪਾਹਜ ਬੱਚਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਸਕਦੀ ਹੈ।
ਵਿਲਮਾ ਚਹੁੰ ਸਾਲਾਂ ਦੀ ਸੀ ਕਿ ਪੋਲੀਓ ਨਾਲ ਉਹਦੀ ਖੱਬੀ ਲੱਤ ਗ੍ਰਹਿਣੀ ਗਈ ਤੇ ਪੈਰ ਵਿੰਗਾ ਹੋ ਗਿਆ। ਫਿਰ ਮੋਹਰਕੇ ਦਾ ਤਾਪ ਚੜ੍ਹਿਆ ਅਤੇ ਡਬਲ ਨਮੂਨੀਆ ਹੋ ਗਿਆ। ਦੇਸੀ ਇਲਾਜ ਨਾਲ ਮੰਜੇ ਤੋਂ ਤਾਂ ਉਠ ਖੜ੍ਹੀ ਹੋਈ ਪਰ ਉਹਦਾ ਵਧੇਰੇ ਸਮਾਂ ਭੁੰਜੇ ਘਿਸਰਦਿਆਂ ਹੀ ਬੀਤਦਾ। ਬਿਮਾਰੀ ਨੇ ਉਸ ਬੱਚੀ ਨੂੰ ਅਪੰਗ ਬਣਾ ਦਿੱਤਾ ਜਿਸ ਵਿਚ ਉਹਦਾ ਆਪਣਾ ਕੋਈ ਕਸੂਰ ਨਹੀਂ ਸੀ। ਟੀਵੀ ਦੀ ਸਕਰੀਨ ਉਤੇ ਉਹ ਬੱਚਿਆਂ ਨੂੰ ਛਾਲਾਂ ਦੁੜੰਗੇ ਲਾਉਂਦਿਆਂ ਵੇਖਦੀ ਤਾਂ ਉਹਦਾ ਮਨ ਵੀ ਦੁੜੰਗੇ ਲਾਉਣ ਨੂੰ ਮਚਲਦਾ ਪਰ ਉਹਦੀ ਕੋਈ ਪੇਸ਼ ਨਾ ਜਾਂਦੀ। ਭੈਣਾਂ ਉਹਨੂੰ ਸਕੂਲੇ ਲੈ ਜਾਂਦੀਆਂ ਜਿਥੇ ਉਹ ਬਾਸਕਟਬਾਲ ਖੇਡਦੀਆਂ ਕੁੜੀਆਂ ਨੂੰ ਵੇਖ ਕੇ ਤਾੜੀਆਂ ਮਾਰਦੀ।
ਫਿਰ ਇਕ ਮਾਲਸ਼ੀਏ ਨੇ ਪਰਿਵਾਰ ਨੂੰ ਦੱਸਿਆ, ਜੇ ਵਿਲਮਾ ਦੀਆਂ ਲੱਤਾਂ ਦੀ ਬਾਕਾਇਦਾ ਮਾਲਸ਼ ਕੀਤੀ ਜਾਵੇ ਤਾਂ ਉਹ ਚੱਲ ਸਕਦੀਆਂ ਤੇ ਤਕੜੀਆਂ ਵੀ ਹੋ ਸਕਦੀਆਂ। ਉਸ ਦੀ ਦੱਸੀ ਵਿਧੀ ਅਨੁਸਾਰ ਵਿਲਮਾ ਦੀਆਂ ਮਾਲਸ਼ਾਂ ਕੀਤੀਆਂ ਜਾਣ ਲੱਗੀਆਂ। ਉਹ ਲੰਗੜਾਅ ਕੇ ਤੁਰਨ ਲੱਗ ਪਈ ਤੇ ਬੱਚਿਆਂ ਨਾਲ ਮਾੜਾ ਮੋਟਾ ਖੇਡਣ ਮੱਲ੍ਹਣ ਵੀ ਲੱਗੀ। ਉਹਦੇ ਪੈਰ `ਚ ਆਰਥੋ ਬੂਟ ਪੁਆ ਕੇ ਕਸਰਤਾਂ ਕਰਾਈਆਂ ਤਾਂ ਉਹਦੀ ਪੋਲੀਓ ਮਾਰੀ ਲੱਤ ਵੀ ਚੱਲ ਪਈ। ਬੱਚਿਆਂ ਨੂੰ ਖੇਡਦਿਆਂ ਵੇਖ ਉਹਦਾ ਮਨ ਵੀ ਖੇਡਣ ਲਈ ਉਤੇਜਿਤ ਹੋ ਜਾਂਦਾ। ਉਹ ਲੰਗੜਾਅ ਕੇ ਦੌੜਦੀ ਪਰ ਦੌੜਦਿਆਂ ਡਿੱਗ ਪੈਂਦੀ। ਫਿਰ ਉਠਦੀ, ਫਿਰ ਦੌੜਦੀ ਤੇ ਫਿਰ ਡਿੱਗਦੀ। ਉਹ ਹਿੰਮਤੀ ਬਹੁਤ ਸੀ। ਡਿੱਗਣ ਢਹਿਣ ਦੀ ਪਰਵਾਹ ਕੀਤੇ ਬਿਨਾਂ ਉਹ ਕਸਰਤਾਂ ਕਰੀ ਗਈ ਤੇ ਖੇਡ ਅਭਿਆਸ ਕਰਦਿਆਂ ਬਾਸਕਟਬਾਲ ਦੀ ਚੰਗੀ ਖਿਡਾਰਨ ਬਣ ਗਈ। ਉਸ ਦਾ ਕੱਦ ਵੀ ਕਾਫੀ ਲੰਮਾ ਹੋ ਗਿਆ ਜੋ ਬਾਸਕਟਬਾਲ ਖੇਡਣ ਦੇ ਵਧੇਰੇ ਯੋਗ ਸੀ। ਆਖ਼ਰ ਉਹ ਸਕੂਲ ਦੀ ਬਾਸਕਟਬਾਲ ਟੀਮ ਵਿਚ ਚੁਣੀ ਗਈ ਤੇ ਸਟੇਟ ਪੱਧਰ ਤਕ ਖੇਡੀ। ਉਹ ਦਸਵੀਂ `ਚ ਪੜ੍ਹਦੀ ਸੀ ਜਦੋਂ ਦੌੜਾਂ ਦੇ ਕੋਚ ਐਡ ਟੈਂਪਲ ਦੀ ਨਜ਼ਰੇ ਚੜ੍ਹੀ। ਉਹ ਉਹਦੇ ਅਸਾਧਾਰਨ ਲੰਮੇ ਕਦਮਾਂ ਤੋਂ ਹੈਰਾਨ ਸੀ!
ਅਜੇ ਉਹ ਪੰਦਰਵੇਂ ਸਾਲ `ਚ ਸੀ ਕਿ ਉਹਦਾ ਕੱਦ ਛੇ ਫੁੱਟ ਉੱਚਾ ਹੋ ਗਿਆ। ਉਹ ਪੋਲੀਓ ਵਾਲੀ ਲੱਤ `ਤੇ ਜੁ਼ਰਾਬ ਚੜ੍ਹਾ ਕੇ ਰੱਖਦੀ। ਪੋਲੀਓ ਨਾਲ ਵਿੰਗਾ ਹੋਇਆ ਪੈਰ ਉਸ ਨੇ ਵਿਸ਼ੇਸ਼ ਬੂਟ ਪਾ ਕੇ ਸਿੱਧਾ ਕਰ ਲਿਆ ਸੀ। ਉਸ ਦੀਆਂ ਲੱਤਾਂ, ਉਪਰਲੇ ਜੁੱਸੇ ਦੀ ਨਿਸਬਤ ਲੰਮੇਰੀਆਂ ਸਨ। 1956 `ਚ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਆਈਆਂ ਤਾਂ ਵਿਲਮਾ ਅਮਰੀਕਾ ਦੀ ਅਥਲੈਟਿਕਸ ਟੀਮ ਵਿਚ ਚੁਣੀ ਗਈ। ਸੋਲ੍ਹਵਾਂ ਜਨਮ ਦਿਨ ਉਸ ਨੇ ਮੈਲਬੌਰਨ ਵਿਚ ਮਨਾਇਆ। ਉਥੇ ਉਹ 4¿100 ਮੀਟਰ ਰਿਲੇਅ ਦੌੜ `ਚੋਂ ਤਾਂਬੇ ਦਾ ਤਮਗ਼ਾ ਜਿੱਤੀ। ਆਸਟ੍ਰੇਲੀਆ ਦੀ ਅਥਲੀਟ ਬੈਟੀ ਕਥਬਰਟ ਨੇ 100, 200 ਤੇ 400 ਮੀਟਰ ਦੌੜਾਂ `ਚੋਂ ਸੋਨੇ ਦੇ ਤਗ਼ਮੇ ਜਿੱਤੇ ਤਾਂ ਵਿਲਮਾ ਨੇ ਮਨ `ਚ ਧਾਰ ਲਿਆ ਕਿ ਹੋਰ ਚਹੁੰ ਸਾਲਾਂ ਤਕ ਰੋਮ ਦੀਆਂ ਓਲੰਪਿਕ ਖੇਡਾਂ `ਚੋਂ ਉਹ ਵੀ ਬੈਟੀ ਕਥਬਰਟ ਵਾਂਗ ਤਿੰਨ ਗੋਲਡ ਮੈਡਲ ਜਿੱਤ ਕੇ ਵਿਖਾਵੇਗੀ!
ਐੱਡ ਟੈਂਪਲ ਦੀ ਕੋਚਿੰਗ, ਵਿਲਮਾ ਦੀ ਲਗਨ, ਮਿਹਨਤ ਤੇ ਸਿਰੜ ਨੇ ਚੰਗੇ ਸਿੱਟੇ ਕੱਢੇ। ਵਿਲਮਾ ਜਿਸ ਮੁਕਾਬਲੇ ਵਿਚ ਵੀ ਜਾਂਦੀ ਧੰਨ-ਧੰਨ ਕਰਾ ਕੇ ਮੁੜਦੀ। ਮੁਰਗ਼ਾਬੀ ਵਾਂਗ ਟਰੈਕ ਦੀਆਂ ਤਾਰੀਆਂ ਲਾਉਂਦੀ। ਉਹਦਾ ਰੰਗ ਪੱਕਾ ਸੀ ਜੋ ਧੁੱਪਾਂ `ਚ ਤਪ ਕੇ ਲੋਹੇ-ਰੰਗੀ ਭਾਅ ਮਾਰਨ ਲੱਗ ਪਿਆ ਸੀ। ਨੈਣ ਨਕਸ਼ ਭਾਵੇਂ ਦਿਲਖਿਚਵੇਂ ਨਹੀਂ ਸਨ ਪਰ ਚਾਲ ਢਾਲ ਵਿਚ ਬੜੀ ਖਿੱਚ ਸੀ। ਉਹਦਾ ਨੱਕ ਨਿੱਕਾ ਤੇ ਮੋਟਾ ਸੀ ਪਰ ਸਿਹਲੀਆਂ ਤਰਾਸ਼ ਕੇ ਰੱਖਦੀ ਸੀ। ਬਾਹਾਂ ਪਤਲੀਆਂ ਤੇ ਸਿਰ ਉਤੇ ਨਿੱਕੇ ਪਟੇ ਸਨ ਜੋ ਦੌੜਦਿਆਂ ਨਿੱਕੀਆਂ ਨਿੱਕੀਆਂ ਛਾਲਾਂ ਮਾਰਦੇ।
ਰੋਮ ਦੀਆਂ ਓਲੰਪਿਕ ਖੇਡਾਂ-1960 ਲਈ ਵਿਲਮਾ ਫਿਰ ਅਮਰੀਕਾ ਦੀ ਟੀਮ ਵਿਚ ਚੁਣੀ ਗਈ। ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਦਾ ਨਾਂ ਉਦੋਂ ਕੈਸ਼ੀਅਸ ਕਲੇਅ ਸੀ ਅਤੇ ਉਹ ਵੀ ਅਮਰੀਕਾ ਦੇ ਦਲ ਵਿਚ ਸ਼ਾਮਲ ਸੀ। ਨੀਗਰੋ ਨਸਲ ਦੇ ਇਹ ਦੋਵੇਂ ਖਿਡਾਰੀ ਉਦੋਂ ਵੀਹਵੇਂ ਸਾਲ ਵਿਚ ਸਨ। ਬੈਟੀ ਵਾਂਗ ਸੋਨੇ ਦੇ ਤਿੰਨ ਤਗ਼ਮੇ ਜਿੱਤਣ ਦੀ ਚਿਣਗ ਉਸ ਨੂੰ ਟੇਕ ਨਹੀਂ ਸੀ ਆਉਣ ਦੇ ਰਹੀ। ਦੌੜ ਮੁਕਾਬਲੇ ਸ਼ੁਰੂ ਹੋਏ ਤਾਂ ਵਿਲਮਾ ਦਾ ਇਕ ਪੈਰ ਟੇਢਾ ਪੈ ਗਿਆ ਜਿਸ ਨਾਲ ਮੋਚ ਆ ਗਈ। ਪਰ ਉਹ ਪੈਰ ਦੇ ਦਰਦ ਨਾਲ ਵੀ ਦੌੜਦੀ ਗਈ ਤੇ ਆਪਣੀ ਹੀਟ ਵਿਚੋਂ ਪ੍ਰਥਮ ਆਈ। ਆਖ਼ਰ ਉਹ 100 ਮੀਟਰ ਦੌੜ ਦੇ ਫਾਈਨਲ ਵਿਚ ਅੱਪੜ ਗਈ। ਤਦ ਸਭ ਦੀਆਂ ਨਜ਼ਰਾਂ ਇਸ ਲੰਮੀ ਝੰਮੀ ਨੀਗਰੋ ਕੁੜੀ ਉਤੇ ਸਨ। ਸਟਾਰਟ ਦੇ ਫਾਇਰ ਨਾਲ ਉਹ ਗੋਲੀ ਵਾਂਗ ਨਿਕਲੀ ਤੇ 11.0 ਸਕਿੰਟ ਦੇ ਰਿਕਾਰਡ ਸਮੇਂ ਨਾਲ ਸੋਨ-ਤਗ਼ਮਾ ਜਿੱਤ ਗਈ। ਫਿਰ 200 ਮੀਟਰ ਦੌੜ ਦਾ ਸੋਨ-ਤਗ਼ਮਾ ਵੀ ਜਿੱਤ ਗਈ ਤੇ 4+100 ਰੀਲੇਅ ਦੌੜ ਦਾ ਗੋਲਡ ਮੈਡਲ ਵੀ। 200 ਮੀਟਰ ਦਾ ਸਮਾਂ ਸੀ 23.2 ਸੈਕੰਡ ਤੇ ਰੀਲੇਅ ਦੌੜ ਦਾ 44.5 ਸੈਕੰਡ।
ਇਕੋ ਓਲੰਪਿਕਸ `ਚੋਂ ਸੋਨੇ ਦੇ ਤਿੰਨ ਤਗਮੇ ਜਿੱਤਣ ਵਾਲੀ ਉਹ ਅਮਰੀਕਾ ਦੀ ਪਹਿਲੀ ਦੌੜਾਕ ਬਣੀ। ਅਪੰਗ ਤੋਂ ਓਲੰਪਿਕ ਚੈਂਪੀਅਨ ਬਣੀ ਉਸ ਲੜਕੀ ਨੇ ਸਾਰੀ ਦੁਨੀਆਂ ਵਿਚ ਬੱਲੇ ਬੱਲੇ ਕਰਾ ਦਿੱਤੀ। ਉਹਦੀਆਂ ਜਿੱਤਾਂ ਨੇ ਦੁਨੀਆ ਭਰ `ਚ ਸੰਦੇਸ਼ ਦਿੱਤਾ ਕਿ ਜਨਮੋਂ ਕੋਈ ਕਿੰਨਾ ਵੀ ਕਮਜ਼ੋਰ ਜਾਂ ਬਚਪਨ ਵਿਚ ਕਿੰਨਾ ਵੀ ਬਿਮਾਰ ਕਿਉਂ ਨਾ ਰਿਹਾ ਹੋਵੇ, ਜੇਕਰ ਉਹਦੇ ਵਿਚ ਕੁਝ ਕਰ ਵਿਖਾਉਣ ਦਾ ਜਜ਼ਬਾ ਤੇ ਹਿੰਮਤ ਹੈ ਤਾਂ ਉਹ ਜੋ ਚਾਹੇ ਕਰ ਸਕਦੈ। ਪੰਜਾਬੀ ਦੇ ਕਵੀ ਧਨੀ ਰਾਮ ਚਾਤ੍ਰਿਕ ਦਾ ਵੀ ਕਥਨ ਹੈ: ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ। ਖੇਡ ਸਹੂਲਤਾਂ ਖਿਡਾਰੀਆਂ ਦੀ ਆਪੋ ਆਪਣੀ ਲਗਨ, ਮਿਹਨਤ, ਹਿੰਮਤ ਤੇ ਜਿੱਤਾਂ ਜਿੱਤਣ ਦੇ ਦ੍ਰਿੜਤਾ ਨੂੰ ਹੀ ਸਾਣ ਚਾੜ੍ਹਦੀਆਂ ਹਨ।
ਤੰਗੀਆਂ ਤੁਰਸ਼ੀਆਂ ਵਾਲੇ ਘਰ ਦੀ ਜੰਮੀ ਜਾਈ ਵਿਲਮਾ ਵਾਵਰੋਲੇ ਵਾਂਗ ਚੜ੍ਹੀ ਤੇ ਅੰਬਰਾਂ `ਚ ਬਿਜਲੀ ਵਾਂਗ ਲਿਸ਼ਕੀ। ਉਹਦੀ ਚਮਕ ਦਮਕ ਨੇ ਸਾਧਨ ਸੰਪੰਨ ਤੇ ਸਾਧਨ ਵਿਹੂਣੇ ਸਭਨਾਂ ਲੋਕਾਂ ਨੂੰ ਚੁੰਧਿਆ ਦਿੱਤਾ। ਵਿਲਮਾ ਨੇ ਜੋ ਕੀਤਾ, ਆਪਣੇ ਇਰਾਦੇ, ਮਿਹਨਤ ਤੇ ਸਾਹਸ ਨਾਲ ਕੀਤਾ। ਜੇ ਕਿਤੇ ਅਸਫ਼ਲ ਹੋਈ ਤਾਂ ਵੀ ਆਪਣੀ ਕਿਸੇ ਕਮੀ ਕਮਜ਼ੋਰੀ ਕਾਰਨ ਹੋਈ। ਉਸ ਨੇ ਆਪਣੇ ਨਾਲ ਪੜ੍ਹਦੇ ਸਾਥੀ ਰੌਬਰਟ ਐਲਡਰਿਜ ਨਾਲ ਲਵ-ਮੈਰਿਜ ਕੀਤੀ। ਚਾਰ ਬੱਚੇ ਵੀ ਹੋਏ ਪਰ ਅਧੇੜ ਉਮਰ ਵਿਚ ਉਨ੍ਹਾਂ ਦੀ ਬਣ ਨਾ ਸਕੀ ਤੇ ਤਲਾਕ ਹੋ ਗਿਆ। ਅਮਰੀਕਾ `ਚ ਤਲਾਕ ਸਾਧਾਰਨ ਵਰਤਾਰਾ ਸਮਝਿਆ ਜਾਂਦਾ ਹੈ। ਵੈਸੇ ਵਿਲਮਾ ਦੀ ਡੇਟਿੰਗ ਉਹਦੇ ਹਾਣ ਦੇ ਮੁਹੰਮਦ ਅਲੀ ਨਾਲ ਵੀ ਹੋਈ ਸੀ ਪਰ ਸੰਜੋਗ ਨਹੀਂ ਸਨ ਰਲ਼ੇ। ਉਂਜ ਅਲੀ ਨੇ ਵੀ ਚਾਰ ਵਿਆਹ ਕਰਾਏ ਜਦ ਕਿ ਵਿਲਮਾ ਨੇ ਦੋਂਹ ਨਾਲ ਹੀ ਸਾਰ ਲਿਆ! ਮੁਹੰਮਦ ਅਲੀ ਬਾਰੇ ਕਦੇ ਫੇਰ ਲਿਖਾਂਗਾ।
ਵਿਲਮਾ ਨੇ ਆਪਣੀ ਸਵੈ-ਜੀਵਨੀ ਲਿਖੀ ਅਤੇ ਹਾਲੀਵੁੱਡ ਨੇ ‘ਵਿਲਮਾ’ ਨਾਂ ਦੀ ਫਿ਼ਲਮ ਬਣਾਈ। ਉਸ ਨੇ ਆਪਣੇ ਜੀਵਨ ਵਿਚ ਕਈ ਕਿੱਤੇ ਅਪਣਾਏ ਤੇ ਕਈ ਛੱਡੇ। ਕਈ ਸ਼ਹਿਰਾਂ ਵਿਚ ਕਿਆਮ ਕੀਤਾ। ਕਦੇ ਇੰਡੀਅਨਐਪੋਲਿਸ, ਸੇਂਟ ਲੂਈਸ, ਡਿਟਰਾਇਟ ਤੇ ਕਦੇ ਸਿ਼ਕਾਗੋ। ਉਹ ਅਧਿਆਪਕ, ਲੈਕਚਰਾਰ, ਖੋਜਕਾਰ, ਕੁਮੈਂਟੇਟਰ, ਮਾਡਲ ਤੇ ਮਿਸ਼ਨਰੀ ਬਣੀ। ਤਲਾਕ ਹੋ ਜਾਣ ਪਿਛੋਂ ਉਸ ਨੇ ਵਿਲਮਾ ਰੁਡੋਲਫ਼ ਫਾਊਂਡੇਸ਼ਨ ਬਣਾਈ ਜਿਸ ਲਈ ਲੱਖਾਂ ਡਾਲਰ ਖੁ਼ਦ ਪਾਏ ਤੇ ਬਾਕੀ `ਕੱਠੇ ਕੀਤੇ। ਇਹ ਫਾਊਂਡੇਸ਼ਨ ਸਾਧਨ ਵਿਹੂਣੇ ਬੱਚਿਆਂ ਨੂੰ ਸਾਧਨ ਮੁਹੱਈਆ ਕਰਦੀ ਹੈ ਤਾਂ ਜੋ ਜੀਹਦੇ ਅੰਦਰ ਵੀ ਅੱਗ ਦੀ ਚਿਣਗ ਮਘਣਾ ਚਾਹੁੰਦੀ ਹੈ, ਉਹ ਮਘ ਸਕੇ, ਜਗ ਸਕੇ ਤੇ ਆਪਣਾ ਆਲਾ-ਦੁਆਲਾ ਰੁਸ਼ਨਾ ਸਕੇ।
1994 ਵਿਚ ਵਿਲਮਾ ਦੀ ਮਾਂ ਗੁਜ਼ਰ ਗਈ। ਉਸ ਤੋਂ ਤੁਰੰਤ ਬਾਅਦ ਵਿਲਮਾ ਨੂੰ ਆਪਣੇ ਬ੍ਰੇਨ ਟਿਊਮਰ ਦਾ ਪਤਾ ਲੱਗਾ। ਉਸ ਨੂੰ ਗਲੇ ਦਾ ਕੈਂਸਰ ਵੀ ਹੋ ਗਿਆ। ਇਲਾਜ ਦੇ ਬਾਵਜੂਦ 12 ਨਵੰਬਰ 1994 ਨੂੰ ਉਸ ਦਾ ਆਪਣੇ ਜੱਦੀ ਸ਼ਹਿਰ ਨੈਸ਼ਵਿਲੇ ਵਿਚ ਦੇਹਾਂਤ ਹੋ ਗਿਆ। ਉਸ ਦੀ ਮੌਤ ਦੇ ਸੋਗ ਵਿਚ ਟੈਨੈਸੀ ਸਟੇਟ ਦੇ ਝੰਡੇ ਝੁਕਾਏ ਗਏ। ਉਸ ਦੀ ਦੇਹ ਦਫਨਾਉਣ ਸਮੇਂ ਉਹਦੇ ਚਾਰੇ ਪੁੱਤਰ, ਅੱਠ ਪੋਤੇ ਪੋਤਰੀਆਂ ਤੇ ਦਰਜਨਾਂ ਰਿਸ਼ਤੇਦਾਰ ਮੌਜੂਦ ਸਨ। ਉਸ ਦੇ ਫੈਨ ਵੀ ਅਣਗਿਣਤ ਸਨ। ਉਸ ਨੂੰ ਜਿਉਂਦੇ ਜੀਅ ਅਨੇਕਾਂ ਅਵਾਰਡ ਮਿਲੇ ਸਨ। ਮਰਨ ਉਪਰੰਤ ਉਸ ਦੀ ਯਾਦ ਵਿਚ ਅਵਾਰਡ ਜਾਰੀ ਕੀਤੇ ਗਏ। ਇਕ ਅਵਾਰਡ ਦਾ ਨਾਂ ‘ਵਿਲਮਾ ਰੁਡੋਲਫ਼ ਹਿੰਮਤ ਅਵਾਰਡ’ ਹੈ ਜੋ ਪ੍ਰਸਿੱਧ ਮਹਿਲਾ ਅਥਲੀਟ ਜੈਕੀ ਜਾਇਨਰ ਕਰਸੀ ਨੂੰ ਮਿਲਿਆ। ਇਕ ਸਕੂਲ ਦਾ ਨਾਂ, ਇਕ ਸੜਕ ਦਾ ਤੇ ਇਕ ਸਟੇਡੀਅਮ ਦਾ ਨਾਂ ਵਿਲਮਾ ਰੁਡੋਲਫ਼ ਦੇ ਨਾਂ ਉਤੇ ਰੱਖੇ ਗਏ। ਉਹਦੀ ਯਾਦ ਵਿਚ ਉਹਦਾ ਤਾਂਬੇ ਦਾ ਬੁੱਤ ਸਥਾਪਤ ਕੀਤਾ ਗਿਆ ਤੇ ਡਾਕ ਟਿਕਟ ਜਾਰੀ ਕੀਤੀ ਗਈ। ਕਈ ਲੇਖਕਾਂ ਨੇ ਉਹਦੀਆਂ ਜੀਵਨੀਆਂ ਲਿਖੀਆਂ ਤੇ ਕਈ ਫਿਲਮ ਪ੍ਰੋਡਿਊਸਰਾਂ ਨੇ ਫਿਲਮਾਂ ਬਣਾਈਆਂ। ਉਹ ਹਿੰਮਤ ਦੇ ਹੌਂਸਲੇ ਦੀ ਸਾਕਾਰ ਮੂਰਤ ਸੀ। ਉਹਦੀ ਬਾਤ ਵਿਸ਼ਵ ਭਰ ਦੇ ਨਿਤਾਣੇ, ਨਿਮਾਣੇ, ਅਪਾਹਜ ਤੇ ਬਿਮਾਰ ਬੱਚਿਆਂ ਨੂੰ ਉਤਸ਼ਾਹਿਤ ਕਰਦੀ ਰਹੇਗੀ। ਉਨ੍ਹਾਂ ਅੰਦਰ ਵੀ ਅੰਬਰਾਂ ਨੂੰ ਛੂਹਣ ਦੀਆਂ ਅੰਗੜਾਈਆਂ ਜਨਮ ਲੈਣਗੀਆਂ ਜੋ ਗੁਜ਼ਰ ਗਈ ਵਿਲਮਾ ਰੁਡੋਲਫ਼ ਦੀ ਰੂਹ ਨੂੰ ਸਕੂਨ ਦੇਣਗੀਆਂ!