ਨੁਸਰਤ ਫਤਿਹ ਅਲੀ ਖਾਨ: ਸੁਰਾਂ ਦੀ ਛਹਿਬਰ

ਈਮਾਦ ਖਾਲਿਦ
1960 ਵਾਲੇ ਦਹਾਕੇ ਵਿਚ ਫੈਸਲਾਬਾਦ ਦੇ ਬਜ਼ੁਰਗ ਸਾਈਂ ਮੁਹੰਮਦ ਬਖਸ਼ ਉਰਫ ਲਸੂੜੀ ਸ਼ਾਹ ਦੇ ਦਰਬਾਰ ਵਿਚ ਛੋਟੀ ਉਮਰ ਦਾ ਮੁੰਡਾ ਪਰਮਾਤਮਾ ਅਤੇ ਮੁਹੰਮਦ ਸਾਹਿਬ ਦੀ ਕਦਰਦਾਨੀ ਵਿਚ ਨਾਤੀਆ ਕਲਾਮ ਪੜ੍ਹਦਾ ਸੀ। ਇਹ ਕੋਈ ਵੱਡੀ ਗੱਲ ਨਹੀਂ ਸੀ ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਪੰਜਾਬ ਦੇ ਇਸ ਮੁੰਡੇ ਨੂੰ ਆਉਣ ਵਾਲੇ ਸਮੇਂ ਵਿਚ ਸੰਗੀਤ ਦੀ ਦੁਨੀਆ ਦਾ ‘ਸ਼ਹਿਨਸ਼ਾਹ-ਏ-ਕਵਾਲੀ’ ਕਿਹਾ ਜਾਵੇਗਾ।

ਉਸ ਨੌਜਵਾਨ ਦਾ ਸਬੰਧ ਕਵਾਲ ਘਰਾਨੇ ਨਾਲ ਹੀ ਸੀ। ਉਸ ਦੇ ਵਰਗੇ ਕਈ ਨੌਜਵਾਨਾਂ ਨੂੰ ਬਚਪਨ ਵਿਚ ਹੀ ਸੁਰ, ਤਾਲ ਅਤੇ ਲੈਅ ਸਿਖਾ ਦਿੱਤੀ ਜਾਂਦੀ ਸੀ, ਚਾਹੇ ਉਹ ਚਾਹੁੰਦੇ ਹੋਣ ਜਾਂ ਨਾ ਪਰ ਉਸ ਮੁੰਡੇ ਦੀ ਸੁਰਾਂ ਵਿਚ ਅਜਿਹੀ ਲੈਅ ਅਤੇ ਉੱਚੀ ਸੁਰ ਸੀ ਕਿ ਸੁਣਨ ਵਾਲੇ ਸੁਰਾਂ ਵਿਚ ਹੀ ਗੁਆਚ ਜਾਂਦੇ।
ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜਲੰਧਰ ਤੋਂ ਆਏ ਇੱਕ ਪਰਿਵਾਰ ਵਿਚ ਜਨਮੇ ਇਸ ਮੁੰਡੇ ਦਾ ਨਾਮ ਨੁਸਰਤ ਫਤਿਹ ਅਲੀ ਖਾਨ ਰੱਖਿਆ ਗਿਆ ਸੀ। ਉਨ੍ਹਾਂ ਦਾ ਪਰਿਵਾਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦਾ ਸੀ ਪਰ ਇਹ ਉਹ ਸਮਾਂ ਸੀ ਜਦੋਂ ਨੁਸਰਤ ਨੂੰ ਕੋਈ ਨਹੀਂ ਜਾਣਦਾ ਸੀ। ਹਾਂ ਸਾਰਿਆਂ ਨੂੰ ਇਹ ਜ਼ਰੂਰ ਪਤਾ ਸੀ ਕਿ ਉਹ ਉਸ ਸਮੇਂ ਦੇ ਮਕਬੂਲ ਕਵਾਲ ਉਸਤਾਦ ਫਤਿਹ ਅਲੀ ਖਾਨ ਦਾ ਬੇਟਾ ਹੈ।
ਨੁਸਰਤ ਨੇ ਬਚਪਨ ਤੋਂ ਹੀ ਸੰਗੀਤ ਨੂੰ ਆਪਣਾ ਜਨੂਨ ਬਣਾ ਲਿਆ ਸੀ ਅਤੇ ਮਹਿਜ਼ 10 ਸਾਲ ਦੀ ਉਮਰ ਵਿਚ ਹੀ ਤਬਲੇ ਵਿਚ ਮੁਹਾਰਤ ਹਾਸਲ ਕਰ ਲਈ ਸੀ। 1960 ਦੇ ਦਹਾਕੇ ਦੇ ਸ਼ੁਰੂ ਵਿਚ ਹੀ ਆਪਣੇ ਪਿਤਾ ਉਸਤਾਦ ਫਤਿਹ ਅਲੀ ਖਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਆਪਣੇ ਚਾਚੇ ਉਸਤਾਦ ਮੁਬਾਰਕ ਅਲੀ ਖਾਨ ਅਤੇ ਸਲਾਮਤ ਅਲੀ ਖਾਨ ਤੋਂ ਕਵਾਲੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਸੱਤਰਵੇਂ ਦਹਾਕੇ ਵਿਚ ਚਾਚੇ ਮੁਬਾਰਕ ਅਲੀ ਖਾਨ ਦੀ ਮੌਤ ਤੋਂ ਬਾਅਦ ਆਪਣੇ ਕਵਾਲ ਘਰਾਨੇ ਦੀ ਵਾਗਡੋਰ ਸੰਭਾਲ ਲਈ। ਫੈਸਲਾਬਾਦ ਦੇ ਮਸ਼ਹੂਰ ਝੰਗ ਬਾਜ਼ਾਰ ਦੇ ਇੱਕ ਦਰਬਾਰ ਤੋਂ ਆਪਣਾ ਸੰਗੀਤਕ ਸਫਰ ਸ਼ੁਰੂ ਕਰਨ ਵਾਲੇ ਇਸ ਲੜਕੇ ‘ਤੇ ਪਹਿਲੀ ਪਾਰਖੀ ਨਜ਼ਰ ਮੀਆਂ ਰਹਿਮਤ ਦੀ ਪਈ ਜੋ ਫੈਸਲਾਬਾਦ ਵਿਚ ਹੀ ਗ੍ਰਾਮੋਫੋਨ ਰਿਕਾਰਡਜ਼ ਦੀ ਦੁਕਾਨ ਦਾ ਮਾਲਕ ਸੀ। ਉਸ ਦੇ ਨੁਸਰਤ ਦੇ ਪਿਤਾ ਉਸਤਾਦ ਫਤਿਹ ਅਲੀ ਖਾਨ ਨਾਲ ਚੰਗੇ ਸਬੰਧ ਸਨ।
ਰਹਿਮਤ ਗ੍ਰਾਮੋਫੋਨ ਰਿਕਾਰਡਜ਼ ਸਟੂਡੀਓ ਦੇ ਮਾਲਕ ਮੀਆਂ ਰਹਿਮਤ ਦੇ ਬੇਟੇ ਮੀਆਂ ਅਸਦ ਉਸਤਾਦ ਨੁਸਰਤ ਅਲੀ ਖਾਨ ਬਾਰੇ ਦੱਸਦੇ ਹਨ ਕਿ ਉਨ੍ਹਾਂ ਨਾਲ ਜੁੜੀਆਂ ਕਈ ਯਾਦਾਂ ਹਾਲੇ ਵੀ ਤਾਜ਼ਾ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੁਸਰਤ ਦੇ ਪਰਿਵਾਰ ਨੂੰ 1960 ਦੇ ਦਹਾਕੇ ਤੋਂ ਜਾਣਦੇ ਸਨ। ਉਨ੍ਹਾਂ ਦੱਸਿਆ, “ਸਭ ਤੋਂ ਪਹਿਲਾਂ ਮੇਰੇ ਪਿਤਾ ਦੀ ਮੁਲਾਕਾਤ ਨੁਸਰਤ ਦੇ ਪਿਤਾ ਨਾਲ ਹੋਈ ਸੀ ਜੋ ਫੈਸਲਾਬਾਦ ਦੇ ਮਕਬੂਲ ਕਵਾਲ ਸਨ। ਨੁਸਰਤ ਨਾਲ ਮੇਰੇ ਪਿਤਾ ਦੀ ਜਾਣ-ਪਛਾਣ ਤਾਂ ਬਚਪਨ ਤੋਂ ਹੀ ਸੀ ਪਰ ਜਦੋਂ ਆਪਣੇ ਚਾਚਾ ਉਸਤਾਦ ਮੁਬਾਰਕ ਖਾਨ ਦੀ ਮੌਤ ਤੋਂ ਬਾਅਦ ਨੁਸਰਤ ਨੇ ਆਪਣੇ ਕਵਾਲ ਘਰਾਣੇ ਦੇ ਕੰਮ ਦੀ ਜਿ਼ੰਮੇਵਾਰੀ ਲਈ ਤਾਂ ਮੇਰੇ ਪਿਤਾ ਨੇ ਉਨ੍ਹਾਂ ਨੂੰ ਬਤੌਰ ਗਾਇਕ ਨੋਟਿਸ ਕੀਤਾ।”
ਮੀਆਂ ਅਸਦ ਦੱਸਦੇ ਹਨ, “ਸ਼ੁਰੂਆਤ ਵਿਚ ਨੁਸਰਤ ਫੈਸਲਾਬਾਦ ਦੇ ਸੂਫੀ ਬਜ਼ੁਰਗ ਸਾਈਂ ਮੁਹੰਮਦ ਬਖਸ਼ ਅਲਮਾਰੂਫ ਬਾਬਾ ਲਸੂੜੀ ਸ਼ਾਹ ਦੇ ਦਰਬਾਰ ‘ਤੇ ਨਾਤੀਆ ਕਲਾਮ ਪੜ੍ਹਦੇ ਅਤੇ ਕਵਾਲੀਆਂ ਗਾਉਂਦੇ ਸਨ। ਉਨ੍ਹਾਂ ਦਾ ਘਰ ਵੀ ਦਰਬਾਰ ਦੇ ਸਾਹਮਣੇ ਹੀ ਸੀ।” ਮੀਆਂ ਅਸਦ ਮੁਤਾਬਿਕ, ਉਸਤਾਦ ਨੁਸਰਤ ਨੇ ਕਵਾਲੀ ਤੋਂ ਪਹਿਲਾਂ ਤਬਲਾ ਵਜਾਉਣ ਦੀ ਸਿੱਖਿਆ ਲਈ ਸੀ ਅਤੇ ਤਬਲਾ ਵਜਾਉਣ ਵਿਚ ਉਨ੍ਹਾਂ ਨੂੰ ਬਹੁਤ ਮੁਹਾਰਤ ਹਾਸਲ ਸੀ। ਉਨ੍ਹਾਂ ਨੇ ਆਪਣੇ ਪਿਤਾ ਤੋਂ ਸੁਣੇ ਕਿੱਸੇ ਦਾ ਜਿ਼ਕਰ ਕਰਦਿਆਂ ਕਿਹਾ, “ਨੁਸਰਤ ਜਦੋਂ 10-11 ਸਾਲ ਦੇ ਸਨ ਤਾਂ ਕਵਾਲੀ ਦੀ ਇੱਕ ਮਹਿਫਲ ਵਿਚ ਕੋਈ ਤਬਲਾ ਵਜਾਉਣ ਵਾਲਾ ਨਹੀਂ ਸੀ ਮਿਲ ਰਿਹਾ ਤਾਂ ਨੁਸਰਤ ਨੂੰ ਤਬਲਾ ਵਜਾਉਣ ਲਈ ਕਿਹਾ ਗਿਆ। ਉਥੇ ਉਨ੍ਹਾਂ ਨੇ ਇੰਨਾ ਮਗਨ ਹੋ ਕੇ ਤਬਲਾ ਵਜਾਇਆ ਕਿ ਗਾਉਣ ਵਾਲਾ ਤਾਂ ਥੱਕ ਗਿਆ ਅਤੇ ਸੁਣਨ ਵਾਲਿਆਂ ‘ਤੇ ਉਨ੍ਹਾਂ ਨੇ ਕੋਈ ਜਾਦੂ ਜਿਹਾ ਕਰ ਦਿੱਤਾ।”
ਮੀਆਂ ਅਸਦ ਦਾ ਉਸਤਾਦ ਨੁਸਰਤ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ, ਕਦੀ ਗ੍ਰਾਮੋਫੋਨ ਰਿਕਾਰਡਿੰਗ ਸਟੂਡੀਓ ਅਤੇ ਕਦੀ ਘਰ; ਹਾਲਾਂਕਿ ਉਨ੍ਹਾਂ ਦਾ ਨੁਸਰਤ ਨਾਲ ਪੇਸ਼ੇਵਰ ਸਬੰਧ 1992 ਵਿਚ ਬਣਿਆ ਜਦੋਂ ਉਹ ਆਪਣੇ ਪਿਤਾ ਦੇ ਕਾਰੋਬਾਰ ਵਿਚ ਉਨ੍ਹਾਂ ਦਾ ਹੱਥ ਵੰਡਾਉਣ ਲੱਗੇ। ਮੀਆਂ ਅਸਦ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ 1970ਦੇ ਦਹਾਕੇ ‘ਚ ਨੁਸਰਤ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਲੈ ਆਏ ਜਿਥੋਂ ਉਨ੍ਹਾਂ ਨੇ ਆਪਣੀਆਂ ਕਵਾਲੀਆਂ ਅਤੇ ਗ਼ਜ਼ਲਾਂ ਦੀ ਰਿਕਾਰਡਿੰਗ ਸ਼ੁਰੂ ਕੀਤੀ ਅਤੇ ਫਿਰ ਤਰੱਕੀ ਅਤੇ ਸ਼ੋਹਰਤ ਦੀਆਂ ਮੰਜਿ਼ਲਾਂ ਨੂੰ ਛੂੰਹਦੇ ਤੁਰੇ ਗਏ। ਮੀਆਂ ਅਸਦ ਦੱਸਦੇ ਹਨ ਕਿ ਰਹਿਮਤ ਗ੍ਰਾਮੋਫੋਨ ਸਟੂਡੀਓ ਵਿਚ ਰਿਕਾਰਡ ਕੀਤੀਆਂ ਨੁਸਰਤ ਦੀਆਂ ਸ਼ੁਰੂਆਤੀ ਕਵਾਲੀਆਂ ਵਿਚੋਂ ਇੱਕ ‘ਯਾਦਾਂ ਵਿਛੜੇ ਸਜਨ ਦੀਆਂ’ ਅਤੇ ਦੂਸਰੀ ‘ਅਲੀ ਮੌਲਾ, ਅਲੀ ਮੌਲਾ’ ਸਨ ਜੋ ਦੁਨੀਆ ਭਰ ‘ਚ ਮਕਬੂਲ ਹੋਈਆਂ। ਇਨ੍ਹਾਂ ਤੋਂ ਇਲਾਵਾ ਹੋਰ ਵੀ ਸੈਂਕੜੇ ਕਵਾਲੀਆਂ ਰਿਕਾਰਡ ਕੀਤੀਆਂ ਗਈਆਂ।
ਮੀਆਂ ਅਸਦ ਮੁਤਾਬਿਕ ਰਹਿਮਤ ਗ੍ਰਾਮੋਫੋਨ ਹਾਊਸ ਰਿਕਾਰਡਿੰਗ ਕੰਪਨੀ ਨੇ ਨੁਸਰਤ ਦੇ 100 ਤੋਂ ਵੱਧ ਮਿਊਜਿ਼ਕ ਐਲਬਮ ਰਿਕਾਰਡ ਕਰ ਕੇ ਮਾਰਕਿਟ ਵਿਚ ਰਿਲੀਜ਼ ਕੀਤੇ ਜਿਨ੍ਹਾਂ ਵਿਚ ਸੂਫੀ ਬੁੱਲ੍ਹੇ ਸ਼ਾਹ ਕਲਾਮਾਂ ਸਮੇਤ ਹੋਰ ਦੂਸਰੇ ਲੇਖਕਾਂ ਦੇ ਕਲਾਮ ਵੀ ਸ਼ਾਮਲ ਸਨ। ਅਜਿਹੇ ਇੱਕ ਸ਼ਖਸ ਇਲਿਆਸ ਹੁਸੈਨ ਹਨ ਜੋ ਨੁਸਰਤ ਦੇ ਜਵਾਨੀ ਦੇ ਦਿਨਾਂ ਤੋਂ ਉਨ੍ਹਾਂ ਦੇ ਸ਼ਗਿਰਦ ਹਨ ਅਤੇ ਉਸ ਦੀ ਕਵਾਲ ਪਾਰਟੀ ਵਿਚ ਸ਼ਾਮਿਲ ਹੁੰਦੇ ਆਏ ਸਨ। 58 ਸਾਲਾਂ ਦੇ ਇਲਿਆਸ ਹੁਸੈਨ ਕਹਿੰਦੇ ਹਨ, “ਸਾਡਾ ਖਾਨਦਾਨ ਫਤਿਹ ਅਲੀ ਖਾਨ ਦੇ ਘਰਾਣੇ ਦੀ ਕਈ ਪੁਸ਼ਤਾਂ ਤੋਂ ਸੇਵਾ ਕਰ ਰਿਹਾ ਹੈ। ਮੈਂ 1975 ਤੋਂ ਨੁਸਰਤ ਫਤਿਹ ਅਲੀ ਖਾਨ ਨੂੰ ਜਾਣਦਾ ਹਾਂ। ਮੈਂ ਸਕੂਲ ਜਾਂਦਾ ਬੱਚਾ ਸੀ ਅਤੇ ਆਪਣੇ ਪਿਤਾ ਨਾਲ ਉਨ੍ਹਾਂ ਦੇ ਘਰ ਕੰਮ ਕਰਨ ਜਾਂਦਾ ਸੀ। ਮੈਂ ਉਨ੍ਹਾਂ ਦਾ ਸ਼ਗਿਰਦ ਸੀ ਅਤੇ 1983 ਤੋਂ ਲੈ ਕੇ 1997 ਵਿਚ ਉਨ੍ਹਾਂ ਦੀ ਮੌਤ ਤੱਕ ਉਨ੍ਹਾਂ ਦੀ ਕਵਾਲ ਪਾਰਟੀ ਵਿਚ ਸ਼ਾਮਲ ਰਿਹਾ।”
ਉਨ੍ਹਾਂ ਕਿਹਾ, “ਮੇਰੇ ਦਾਦਾ ਅਤੇ ਪਿਤਾ ਵੀ ਇਸ ਘਰਾਣੇ ਵਿਚ ਸ਼ਗਿਰਦ ਸਨ, ਸਾਨੂੰ ਇਸ ਘਰਾਣੇ ਨਾਲ ਇਸ਼ਕ ਸੀ।” ਉਹ ਕਹਿੰਦੇ ਹਨ, “10 ਸਾਲ ਦੀ ਉਮਰ ਵਿਚ ਜਦੋਂ ਮੈਂ ਉਨ੍ਹਾਂ ਦੇ ਘਰ ਜਾਣਾ ਸ਼ੁਰੂ ਕੀਤਾ ਤਾਂ ਰਾਹਤ ਫਤਿਹ ਅਲੀ ਖਾਨ ਦੇ ਪਿਤਾ ਉਸਤਾਦ ਫਾਰੂਖ ਫਤਿਹ ਅਲੀ ਖਾਨ ਨੇ ਕਿਹਾ ਕਿ ਮੈਂ ਪ੍ਰੌਮਪਟ ਦਾ ਕੰਮ ਸਿੱਖਾਂ। ਹੌਲੀ-ਹੌਲੀ ਮੈਨੂੰ ਉਸਤਾਦ ਨੁਸਰਤ ਅਤੇ ਫਾਰੂਖ ਫਤਿਹ ਅਲੀ ਖਾਨ ਨੇ ਇਹ ਸਿਖਾਉਣਾ ਸ਼ੁਰੂ ਕਰ ਦਿੱਤਾ।” ਉਹ ਦੱਸਦੇ ਹਨ ਕਿ ਇਸ ਤੋਂ ਬਾਅਦ ਕਲਾਮ ਚੁਣਨਾ, ਪੜ੍ਹਨਾ, ਲਿਖਣਾ ਸਭ ਨੁਸਰਤ ਫਤਿਹ ਅਲੀ ਖਾਨ ਨੇ ਹੀ ਉਨ੍ਹਾਂ ਨੂੰ ਸਿਖਾਇਆ। ਇਲਿਆਸ ਹੁਸੈਨ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਰਹਿਮਤ ਗ਼੍ਰਾਮੋਫੋਨ ਤੋਂ ਰਿਕਾਰਡ ਕਰਵਾਈਆਂ ਮਸ਼ਹੂਰ ਕਵਾਲੀਆਂ ਵਿਚ ‘ਜਲਪਾਲ ਨਬੀ ਮੇਰੇ ਦਰਦ ਦੀ ਦਵਾ’ ਅਤੇ ਗ਼ਜ਼ਲਾਂ ਵਿਚ ‘ਯਾਦਾਂ ਵਿਛੜੇ ਸਜਨ ਦੀਆਂ ਆਈਆਂ’ ਵੀ ਸ਼ਾਮਲ ਹਨ।
ਮੀਆਂ ਅਸਦ ਉਸਤਾਦ ਨੁਸਰਤ ਅਲੀ ਖਾਨ ਦੀ ਪਹਿਲੀ ਸੋਲੋ ਰਿਕਾਰਡਿੰਗ ਦਾ ਕਿੱਸਾ ਕੁਝ ਇਸ ਤਰ੍ਹਾਂ ਦੱਸਦੇ ਹਨ, “ਇਹ ਅੱਸੀਂਵਾਂ ਦਹਾਕਾ ਸੀ ਅਤੇ ਇੱਕ ਦਿਨ ਉਸਤਾਦ ਨੁਸਰਤ ਅਲੀ ਖਾਨ ਰਿਕਾਰਡਿੰਗ ਲਈ ਹਮੇਸ਼ਾ ਵਾਂਗ ਸਮੇਂ ਤੋਂ ਪਹਿਲਾਂ ਆ ਗਏ ਅਤੇ ਉਡੀਕ ਦੇ ਬਾਵਜੂਦ ਉਨ੍ਹਾਂ ਦੇ ਸਾਥੀ ਸਮੇਂ ‘ਤੇ ਨਾ ਪਹੁੰਚੇ, ਇਸ ਤੋਂ ਮੇਰੇ ਪਿਤਾ ਨੇ ਉਨ੍ਹਾਂ ਨੂੰ ਪੰਜਾਬੀ ਵਿਚ ਹੀ ਕਿਹਾ, “ਆਓ ਖਾਨ ਸਾਹਿਬ, ਅੱਜ ਸੋਲੋ ਹੀ ਰਿਕਾਰਡ ਕਰਦੇ ਹਾਂ।”
“ਇਸ ‘ਤੇ ਨੁਸਰਤ ਫਤਿਹ ਅਲੀ ਖਾਂ ਸਾਹਿਬ ਪਹਿਲਾਂ ਤਾਂ ਪਰੇਸ਼ਾਨ ਹੋਏ ਪਰ ਫਿਰ ਮੇਰੇ ਪਿਤਾ ਦੇ ਜਿ਼ਦ ਕਰਨ ‘ਤੇ ਹਾਮੀ ਭਰ ਦਿੱਤੀ ਅਤੇ ਫੌਰਨ ਸਟੂਡੀਓ ਵਿਚ ਮੌਜੂਦ ਸ਼ਾਇਰ ਤੋਂ ਗ਼ਜ਼ਲ ਲਿਖਵਾਈ ਗਈ ਅਤੇ ਉਨ੍ਹਾਂ ਨੇ ਪਹਿਲੀ ਵਾਰ ਸੋਲੋ ਰਿਕਾਰਡਿੰਗ ਦੀ ਸ਼ੁਰੂਆਤ ਕੀਤੀ।” ਮੀਆਂ ਅਸਲ ਕਹਿੰਦੇ ਹਨ, “ਉਨ੍ਹਾਂ ਦੀ ਸ਼ੁਰੂਆਤੀ ਸੋਲੋ ਰਿਕਾਰਡਿੰਗ ਜਿਹੜੀ ਸਭ ਤੋਂ ਵੱਧ ਮਸ਼ਹੂਰ ਹੋਈ, ‘ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ’ ਸੀ। ਜਦੋਂ ਇਹ ਗ਼ਜ਼ਲ ਬਾਜ਼ਾਰ ਵਿਚ ਆਈ ਤਾਂ ਉਨ੍ਹਾਂ ਦੀ ਗਾਇਕੀ ਨੂੰ ਨਵੀਂ ਤਰ੍ਹਾਂ ਦੀ ਪ੍ਰਸਿੱਧੀ ਮਿਲੀ। ਇਸ ਕਰਕੇ ਕਈ ਗਾਇਕ ਅਤੇ ਕਲਾਕਾਰ ਸਾਡੇ ਨਾਲ ਨਾਰਾਜ਼ ਵੀ ਹੋ ਗਏ ਕਿ ਸ਼ਾਇਦ ਹੁਣ ਖਾਨ ਸਾਹਿਬ ਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਰਹੇਗੀ।”
ਰਹਿਮਤ ਗ੍ਰਾਮੋਫੋਨ ਦੇ ਮਾਲਕ ਮੀਆਂ ਅਸਦ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਨੁਸਰਤ ਦਾ ਉਨ੍ਹਾਂ ਦੇ ਪਿਤਾ ਨਾਲ ਸਬੰਧ ਬਹੁਤ ਗਹਿਰਾ ਅਤੇ ਦੋਸਤਾਨਾ ਸੀ, ਉਹ ਗੱਲਾਬਾਤਾਂ ਦੇ ਸ਼ੌਕੀਨ ਸਨ ਅਤੇ ਅਕਸਰ ਦੁਕਾਨ ‘ਤੇ ਆ ਜਾਂਦੇ ਸੀ, “ਭਾਰੀ ਸਰੀਰ ਕਾਰਨ ਉਨ੍ਹਾਂ ਨੂੰ ਉਥੇ ਬੈਠਣ ਵਿਚ ਖਾਸੀ ਦਿੱਕਤ ਆਉਂਦੀ ਸੀ। ਇਸ ਲਈ ਮੇਰੇ ਵੱਡੇ ਭਰਾ ਨੇ ਉਨ੍ਹਾਂ ਲਈ ਖਾਸ ਸੋਫਾ ਬਣਵਾਇਆ ਤਾਂ ਕਿ ਉਹ ਉਸ ‘ਤੇ ਬੈਠ ਸਕਣ।”
ਉਸਤਾਦ ਨੁਸਰਤ ਦੇ ਸ਼ਾਗਿਰਦ ਅਤੇ ਸਾਥੀ ਰਹੇ ਇਲਿਆਸ ਹੁਸੈਨ ਕਹਿੰਦੇ ਹਨ, “ਖਾਨ ਸਾਹਿਬ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਕਿੰਨਾ ਵੀ ਲੰਮਾ ਸ਼ੋਅ ਕਰਨ ਕਰ ਕੇ ਵਾਪਸ ਹੋਟਲ ਵਿਚਲੇ ਆਪਣੇ ਕਮਰੇ ਵਿਚ ਆਉਂਦੇ ਕਹਿੰਦੇ ਕਿ ਉਨ੍ਹਾਂ ਦਾ ਹਰਮੋਨੀਅਮ ਕਮਰੇ ਵਿਚ ਰੱਖ ਦਿੱਤਾ ਜਾਵੇ, ਅਸੀਂ ਆਪਣੀ ਨੀਂਦ ਪੂਰੀ ਕਰ ਕੇ ਜਦੋਂ ਉੱਠਦੇ ਤਾਂ ਉਨ੍ਹਾਂ ਨੂੰ ਉਸ ਦੇ ਰਿਆਜ਼ ਕਰਦਿਆਂ ਦੇਖਦੇ।” ਇਲਿਆਸ ਹੁਸੈਨ ਮੁਤਾਬਿਕ, ਉਸਤਾਦ ਸੌਣ ਵੇਲੇ ਵੀ ਆਪਣਾ ਹਰਮੋਨੀਅਮ ਬਿਸਤਰੇ ‘ਤੇ ਰੱਖਦੇ ਅਤੇ ਉਨ੍ਹਾਂ ਦੀ ਇੱਕ ਉਂਗਲੀ ਹਰਮੋਨੀਅਮ ‘ਤੇ ਹੀ ਰਹਿੰਦੀ ਸੀ। ਉਹ ਕਹਿੰਦੇ ਹਨ ਕਿ ਸਫਰ ਦੌਰਾਨ ਜਦੋਂ ਜਹਾਜ਼ ਵਿਚ ਹਰਮੋਨੀਅਮ ਨਹੀਂ ਸੀ ਹੁੰਦਾ ਤਾਂ ਉਸਤਾਦ ਨੁਸਰਤ ਸੀਨੇ ਜਾਂ ਪੇਟ ‘ਤੇ ਹੀ ਉਂਗਲੀਆਂ ਰੱਖ ਕੇ ਸੁਰਾਂ ਦਾ ਰਿਆਜ਼ ਕਰਿਆ ਕਰਦੇ ਸਨ। ਉਹ ਦੱਸਦੇ ਹਨ, “ਮੈਂ ਸਾਰੀ ਉਮਰ ਉਨ੍ਹਾਂ ਨੂੰ ਕਦੀ ਹਰਮੋਨੀਅਮ ਤੋਂ ਬਿਨਾਂ ਨਹੀਂ ਦੇਖਿਆ।”
ਮੀਆਂ ਅਸਦ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੀ ਸੰਗੀਤ ਅਤੇ ਸੁਰਾਂ ਨੂੰ ਲੈ ਕੇ ਸਮਝ ਦਾ ਕਿੱਸਾ ਸੁਣਾਉਂਦੇ ਹਨ, “ਇੱਕ ਨਿੱਜੀ ਸਮਾਗਮ ਵਿਚ ਜਦੋਂ ਉਸਤਾਦ ਨੁਸਰਤ ਗਾ ਰਹੇ ਸੀ ਤਾਂ ਉਨ੍ਹਾਂ ਦੇ ਸੰਗੀਤ ‘ਤੇ ਲੋਕ ਨੋਟ ਸੁੱਟ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਇੱਕ ਸਾਜਿ਼ੰਦੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਹਰਮੋਨੀਅਮ ਦਾ ਸੁਰ ਠੀਕ ਨਹੀਂ, ਦੇਖੋ ਇਸ ਵਿਚ ਕੀ ਦਿੱਕਤ ਹੈ। ਜਦੋਂ ਧਿਆਨ ਨਾਲ ਦੇਖਿਆ ਗਿਆ ਤਾਂ ਉਸ ਵਾਜੇ ਦੀ ਹਵਾ ਵਾਲੀ ਜਗ੍ਹਾ ਇੱਕ ਹਜ਼ਾਰ ਦਾ ਨੋਟ ਫਸਿਆ ਹੋਇਆ ਸੀ ਜਿਹੜਾ ਸੁਰ ਨੂੰ ਦਬਾ ਰਿਹਾ ਸੀ।”
ਮੀਆਂ ਅਸਦ ਕਹਿੰਦੇ ਹਨ ਕਿ ਉਸਤਾਦ ਨੁਸਰਤ ਬੇਹੱਦ ਮਿਲਣਸਾਰ, ਇਮਾਨਦਾਰ ਅਤੇ ਦੂਸਰਿਆਂ ਦਾ ਲਿਹਾਜ਼ ਕਰਨ ਵਾਲੇ ਵਿਅਕਤੀ ਸਨ ਅਤੇ ਉਹ ਬੇਹੱਦ ਹੀ ਸੰਵੇਦਨਸ਼ੀਲ ਇਨਸਾਨ ਵੀ ਸਨ। ਉਹ ਕਹਿੰਦੇ ਹਨ, “ਜਿਵੇਂ ਮੇਰੇ ਪਿਤਾ ਨੇ ਉਨ੍ਹਾਂ ਨੂੰ ਆਪਣੇ ਰਿਕਾਰਡਿੰਗ ਸਟੂਡੀਓ ਜ਼ਰੀਏ ਬਰੇਕ ਦਿੱਤੀ, ਉਸ ਤੋਂ ਬਾਅਦ ਉਹ ਮੇਰੇ ਪਿਤਾ ਨੂੰ ਬਹੁਤ ਮੰਨਦੇ ਸਨ ਅਤੇ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਕਹਿੰਦੇ ਸਨ ਜਦਕਿ ਦੋਨਾਂ ਦੀ ਉਮਰ ਵਿਚ ਬਹੁਤਾ ਫਾਸਲਾ ਨਹੀਂ ਸੀ।” ਮੀਆਂ ਅਸਦ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ ਵਿਚ ਨੁਸਰਤ ਨੂੰ ਪ੍ਰਸਿੱਧੀ ਮਿਲੀ ਤਾਂ ਰਹਿਮਤ ਗ੍ਰਾਮੋਫੋਨ ਦਾ ਨਾਮ ਵੀ ਉੱਚਾ ਹੋਇਆ। ਉਹ ਨੁਸਰਤ ਦੇ ਨਰਮ ਸੁਭਾਅ ਦਾ ਕਿੱਸਾ ਸੁਣਾਉਂਦੇ ਹਨ ਕਿ ਨੁਸਰਤ ਜਦੋਂ 90 ਵਾਲੇ ਦਹਾਕੇ ਵਿਚ ਸ਼ੁਹਰਤ ਦੀਆਂ ਬੁਲੰਦੀਆਂ ‘ਤੇ ਸਨ, ਉਦੋਂ ਉਨ੍ਹਾਂ ਨੂੰ ਮਿਲਣ ਮੇਰੇ ਪਿਤਾ ਅਤੇ ਭਰਾ ਲਾਹੌਰ ਗਏ, “ਉਸ ਸਮੇਂ ਕੋਈ ਵਿਦੇਸ਼ੀ ਗਰੁੱਪ ਉਨ੍ਹਾਂ ਨੂੰ ਮਿਲਣ ਆਇਆ ਹੋਇਆ ਸੀ ਤਾਂ ਮੇਰੇ ਪਿਤਾ ਅਤੇ ਭਰਾ ਨੂੰ ਉਨ੍ਹਾਂ ਦੇ ਸਟਾਫ ਨੇ ਇੰਤਜ਼ਾਰ ਕਰਨ ਨੂੰ ਕਹਿ ਦਿੱਤਾ। ਘੰਟਾ ਹੋ ਗਿਆ। ਇਸ ਗੱਲ ਦਾ ਪਤਾ ਜਦੋਂ ਖਾਨ ਸਾਹਿਬ ਨੂੰ ਲੱਗਿਆ ਤਾਂ ਫੌਰਨ ਮੁਲਾਕਾਤ ਛੱਡ ਕੇ ਨੰਗੇ ਪੈਰੀਂ ਬਾਹਰ ਭੱਜੇ ਆਏ ਅਤੇ ਫੌਰਨ ਮੇਰੇ ਪਿਤਾ ਅਤੇ ਵੱਡੇ ਭਰਾ ਨੂੰ ਅੰਦਰ ਲੈ ਗਏ ਅਤੇ ਆਪਣੇ ਸਟਾਫ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਇਹ ਕੌਣ ਹੈ?”
ਮੀਆਂ ਅਸਦ ਕਹਿੰਦੇ ਹਨ ਕਿ ਉਸਤਾਦ ਨੁਸਰਤ ਵਿਚ ਕਈ ਦੂਸਰੇ ਕਲਾਕਾਰਾਂ ਦੀ ਤਰ੍ਹਾਂ ਪੈਸੇ ਦਾ ਲਾਲਚ ਨਹੀਂ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਜਦੋਂ ਕਦੀ ਵੀ ਕਿਤੇ ਪ੍ਰਫਾਰਮ ਕਰਨ ਨੂੰ ਕਹਿੰਦੇ, ਉਹ ਕਰ ਦਿੰਦੇ। ਉਹ ਨਾ ਕਦੀ ਪੈਸਿਆਂ ਦਾ ਪੁੱਛਦੇ ਅਤੇ ਨਾ ਹੀ ਮੰਗਦੇ। ਇਲਿਆਸ ਹੁਸੈਨ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ‘ਜਿਸ ਕਿਸੇ ਨੇ ਵੀ ਪਿਆਰ ਨਾਲ ਉਸਤਾਦ ਨੁਸਰਤ ਨੂੰ ਕਵਾਲੀ ਗਾਉਣ ਲਈ ਕਿਹਾ, ਉਹ ਬਿਨਾ ਪੈਸਿਆਂ ਦੇ ਇਸ ਨੂੰ ਕਬੂਲ ਕਰ ਲੈਂਦੇ ਸਨ।’ ਉਹ ਦੱਸਦੇ ਹਨ ਕਿ ਜਦੋਂ ਕੋਈ ਮੱਧ ਵਰਗ ਦਾ ਵਿਅਕਤੀ ਉਨ੍ਹਾਂ ਨੂੰ ਸੱਦਾ ਦਿੰਦਾ ਤਾਂ ਉਹ ਆਪਣੇ ਸਟਾਫ ਨੂੰ ਕਹਿ ਦਿੰਦੇ ਕਿ ਇਸ ਵਿਅਕਤੀ ਨੂੰ ਪੈਸਿਆਂ ਲਈ ਤੰਗ ਨਾ ਕਰਨ। ਇਲਿਆਸ ਹੁਸੈਨ ਕਹਿੰਦੇ ਹਨ, “ਮੇਰਾ ਉਸਤਾਦ ਦਰਵੇਸ਼ ਸੀ। ਮੈਨੂੰ ਉਸ ਦੇ ਨਾਲ ਰਹਿੰਦੇ ਹੋਏ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਕਿਸ ਕਦਰ ਖਾਸ ਸ਼ਖਸੀਅਤ ਸਨ। ਉਨ੍ਹਾਂ ਨੂੰ ਜ਼ਮੀਨ ‘ਤੇ ਵੀ ਬਿਠਾ ਦਿੰਦੇ ਤਾਂ ਉਹ ਬੈਠ ਜਾਂਦੇ।”
ਇਲਿਆਸ ਹੁਸੈਨ ਦਾ ਕਹਿਣਾ ਹੈ ਕਿ ਜਦੋਂ 1992 ਵਰਲਡ ਕੱਪ ਤੋਂ ਬਾਅਦ ਇਮਰਾਨ ਖਾਨ ਨੇ ਸ਼ੌਕਤ ਖਾਨ ਹਸਪਤਾਲ ਬਣਵਾਉਣ ਦਾ ਐਲਾਨ ਕੀਤਾ ਤਾਂ ਇਸ ਕੰਮ ਲਈ ਪੈਸੇ ਇਕੱਠੇ ਕਰਨ ਲਈ ਉਨ੍ਹਾਂ ਨੇ ਨੁਸਰਤ ਫਤਿਹ ਅਲੀ ਖਾਨ ਨਾਲ ਯੂਰਪ ਅਤੇ ਅਮਰੀਕਾ ਦਾ ਟੂਰ ਕੀਤਾ। ਇਲਿਆਸ ਹੁਸੈਨ ਕਹਿੰਦੇ ਹਨ ਕਿ ਉਨ੍ਹਾਂ ਦੇ ਉਸਤਾਦ ਨੇ ਇਸ ਕੰਮ ਵਿਚ ਇਮਰਾਨ ਖਾਨ ਦਾ ਪੂਰਾ ਸਾਥ ਦਿੱਤਾ ਅਤੇ ਸਾਰੇ ਸ਼ੋਅ ਬਿਨਾ ਕੋਈ ਪੈਸਾ ਲਿਆਂ ਮੁਫਤ ਕੀਤੇ। ਨੁਸਰਤ ਸਿਰਫ ਆਪਣੇ ਪ੍ਰਸ਼ੰਸਕਾਂ ਅਤੇ ਵੱਡੀਆਂ ਹਸਤੀਆਂ ਨਾਲ ਹੀ ਨਹੀਂ ਬਲਕਿ ਆਪਣੇ ਸਾਜ਼ਿੰਦਿਆਂ ਅਤੇ ਸਾਥੀਆਂ ਨਾਲ ਵੀ ਬਹੁਤ ਚੰਗੇ ਅੰਦਾਜ਼ ਵਿਚ ਪੇਸ਼ ਆਉਂਦੇ ਹਨ।
ਮੀਆਂ ਅਸਦ ਦੱਸਦੇ ਹਨ ਕਿ ਜਦੋਂ ਵੀ ਉਹ ਰਿਕਾਰਡਿੰਗ ਲਈ ਸਟੂਡੀਓ ਆਉਂਦੇ ਤਾਂ ਘੰਟਾ ਦੋ ਘੰਟੇ ਪਹਿਲਾ ਆ ਜਾਂਦੇ ਪਰ ਉਨ੍ਹਾਂ ਦੀ ਕਵਾਲੀ ਪਾਰਟੀ ਦੇ ਲੋਕ ਬਹੁਤ ਦੇਰ ਨਾਲ ਆਉਂਦੇ ਪਰ ਖਾਨ ਸਾਹਿਬ ਇਸ ਗੱਲ ‘ਤੇ ਕਦੀ ਵੀ ਗੁੱਸਾ ਨਾ ਕਰਦੇ। ਇਲਿਆਸ ਹੁਸੈਨ ਦਾ ਕਹਿਣਾ ਹੈ ਕਿ ਉਸਤਾਦ ਨੁਸਰਤ ਆਪਣੇ ਪਾਰਟੀ ਦੇ ਸਾਥੀਆਂ ਨੂੰ ਸਿਰਫ ਘਰ ਵਿਚ ਹੀ ਝਿੜਕਦੇ। ਉਹ ਕਹਿੰਦੇ ਸਨ ਕਿ ਜਿਹੜੀ ਵੀ ਗ਼ਲਤੀ ਹੋਵੇ ਘਰ ਵਿਚ ਹੀ ਹੋਣੀ ਚਾਹੀਦੀ ਹੈ, ਪ੍ਰਫਾਰਮੈਂਸ ਦੌਰਾਨ ਕੋਈ ਗ਼ਲਤੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਨੇ ਕਦੀ ਪ੍ਰਫਾਰਮੈਂਸ ਦੌਰਾਨ ਝਿੜਕਿਆ।
ਨੁਸਰਤ ਫਤਿਹ ਅਲੀ ਖਾਨ ਨੇ ਸੰਗੀਤ ਨੂੰ ਨਸਲ, ਰੰਗ, ਧਰਮ ਅਤੇ ਭਾਸ਼ਾ ਤੋਂ ਅਲੱਗ ਉਹ ਰੌਸ਼ਨੀ ਦਿੱਤੀ ਕਿ ਹਰ ਕੋਈ ਉਨ੍ਹਾਂ ਦੇ ਸੁਰਾਂ, ਧੁਨਾਂ ਅਤੇ ਸੰਗੀਤ ਦਾ ਦਿਵਾਨਾ ਹੋ ਗਿਆ। ਏਸ਼ੀਆ, ਯੂਰਪ ਜਾਂ ਅਮਰੀਕਾ ਹਰ ਜਗ੍ਹਾ ਉਨ੍ਹਾਂ ਨੂੰ ਸੰਗੀਤ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਅਤੇ ਸ਼ਹਿਨਸ਼ਾਹ ਕਵਾਲ ਕਿਹਾ ਜਾਣ ਲੱਗਿਆ। ਇਲਿਆਸ ਹੁਸੈਨ ਕਹਿੰਦੇ ਹਨ ਕਿ ਨੁਸਰਤ ‘ਤੇ ਸੂਫੀਆਨਾ ਕਲਾਮ ਦਾ ਇੰਨਾ ਰੁਹਾਨੀ ਅਸਰ ਹੁੰਦਾ ਕਿ ਉਹ ਉਸ ਵਿਚ ਗੁਆਚ ਜਾਂਦੇ ਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ। ਉਹ ਕਹਿੰਦੇ ਹਨ, “ਯੂਰਪ ਦੇ ਦੌਰੇ ਵੇਲੇ ਉਨ੍ਹਾਂ ਨੇ ‘ਅੱਲ੍ਹਾ ਹੂ ਅੱਲ੍ਹਾ ਹੂ’ ਗਾਇਆ ਤਾਂ ਗੋਰਿਆ ਨੂੰ ਇਹ ਸਮਝ ਨਹੀਂ ਆਉਂਦਾ ਸੀ ਪਰ ਉਹ ਦੀਵਾਨੇ ਹੋ ਕੇ ਝੂਮਦੇ ਰਹਿੰਦੇ ਹਨ, ਉਨ੍ਹਾਂ ਨੂੰ ਫਰਾਂਸ ਵਿਚ ਲੋਕਾਂ ਨੇ ‘ਮਿਸਟਰ ਅੱਲ੍ਹਾ ਹੂ’ ਦਾ ਖਿਤਾਬ ਦਿੱਤਾ।” ਇਲਿਆਸ ਹੁਸੈਨ ਕਹਿੰਦੇ ਹਨ ਕਿ ਨੁਸਰਤ ਯੂਰਪ ਵਿਚ ਕਿਤੇ ਵੀ ਜਾਂਦੇ ਤਾਂ ਲੋਕ ਉਨ੍ਹਾਂ ਨੂੰ ‘ਮਿਸਟਰ ਅੱਲ੍ਹਾ ਹੂ’ ਕਹਿ ਕੇ ਬੁਲਾਉਂਦੇ।
ਜਪਾਨ ਵਿਚ ਜਦੋਂ ਉਨ੍ਹਾਂ ਨੇ ਫੂਕੂਓਕਾ ਦੇ ਸੰਗੀਤ ਮੇਲੇ ਵਿਚ ਪ੍ਰਫਾਰਮ ਕੀਤਾ ਤਾਂ ਜਪਾਨ ਦੇ ਲੋਕਾਂ ਨੇ ਉਨ੍ਹਾਂ ਨੂੰ ਸੁਰਾਂ ਅਤੇ ਗਾਇਕੀ ਲਈ ‘ਸਿੰਗਿੰਗ ਬੁੱਧਾ’ ਯਾਨੀ ਸੰਗੀਤ ਦੇ ਦੇਵਤਾ ਦਾ ਖਿਤਾਬ ਦਿੱਤਾ। ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਜਾਦੂ ਤੋਂ ਸ਼ਾਇਦ ਹੀ ਕੋਈ ਬਚਿਆ ਹੋਵੇ। ਮੀਆਂ ਅਸਦ ਉਸੇ ਦਾ ਕਿੱਸਾ ਸੁਣਾਉਂਦੇ ਹਨ, ਉਨ੍ਹਾਂ ਦੇ ਵੱਡੇ ਭਰਾ ਦੇ ਵਿਆਹ ਵਿਚ ਚੋਟੀ ਦੇ ਗਾਇਕ ਆਏ। ਉਸੇ ਦੌਰਾਨ ਨੁਸਰਤ ‘ਵਾਰੀ ਆਂ ਸਾਈਆਂ ਤੇਰੇ ਵਾਰੀ ਆਂ’ ਗਾ ਰਹੇ ਸਨ ਅਤੇ ਇਸ ‘ਤੇ ਅਤਾਉਲ੍ਹਾ ਈਸਾਖੇਲਵੀ ਝੂਮ ਰਹੇ ਸਨ। ਇਲਿਆਸ ਹੁਸੈਨ ਅਮਰੀਕਾ ਵਿਚ ਹੋਏ ਲਾਈਵ ਸ਼ੋਅ ਦਾ ਕਿੱਸਾ ਸੁਣਾਉਂਦੇ ਹਨ ਕਿ ਜਦੋਂ ਉਸਤਾਦ ਨੁਸਰਤ ‘ਮੇਰਾ ਪੀਆ ਘਰ ਆਇਆ’ ਗਾਉਣ ਲੱਗੇ ਤਾਂ ਗੋਰੇ ਵੀ ਝੂਮਣ ਲੱਗੇ, ਇੱਕ ਔਰਤ ਇੰਨਾ ਨੱਚੀ ਕਿ ਪੈਰਾਂ ਵਿਚੋਂ ਖੂਨ ਵਗਣ ਲੱਗਿਆ।
ਰਹਿਮਤ ਗ੍ਰਾਮੋਫੋਨ ਦੇ ਮਾਲਕ ਮੀਆਂ ਰਹਿਮਤ ਦੇ ਬੇਟੇ ਮੀਆਂ ਅਸਦ ਦਾ ਦਾਅਵਾ ਕਿ ਅੱਜ ਵੀ ਉਨ੍ਹਾਂ ਕੋਲ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੇ ਗਾਣਿਆਂ ਦੀ ਪੰਜਾਹ ਘੰਟਿਆਂ ਦੀ ਅਜਿਹੀ ਰਿਕਾਰਡਿੰਗ ਹੈ ਜੋ ਕਦੀ ਮਾਰਕਿਟ ਵਿਚ ਨਹੀਂ ਆਈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਅਤੇ ਵੱਡੇ ਭਰਾ ਅਰਸ਼ਦ ਦੀ ਮੌਤ ਤੋਂ ਬਾਅਦ ਇਸ ਕੰਪਨੀ ਨੂੰ ਖਤਮ ਕਰਕੇ ਤਮਾਮ ਚੀਜ਼ਾਂ ਨੂੰ ਬੰਦ ਕਰ ਕੇ ਰੱਖ ਦਿੱਤਾ ਗਿਆ। ਉਸਤਾਦ ਨੁਸਰਤ ਫਤਿਹ ਅਲੀ ਖਾਨ ਦੂਸਰੇ ਕਲਾਕਾਰਾਂ ਦੀ ਬਹੁਤ ਮਦਦ ਕਰਦੇ ਸੀ। ਇਲਿਆਸ ਹੁਸੈਨ ਕਹਿੰਦੇ ਹਨ ਕਿ ਇੰਨੀ ਕਾਮਯਾਬੀ ਦੇ ਬਾਵਜੂਦ ਉਹ ਦੂਸਰੇ ਕਲਾਕਾਰਾਂ ਨੂੰ ਨਹੀਂ ਸਨ ਭੁੱਲਦੇ। ਉਨ੍ਹਾਂ ਨੇ ਫੈਸਲਾਬਾਦ ਦੇ ਇੱਕ ਮਸ਼ਹੂਰ ਸੋਲੋ ਗ਼ਜ਼ਲ ਗਾਇਕ ਇਜਾਜ਼ ਕੈੱਸਰ ਨੂੰ ਆਪਣੀਆਂ ਧੁਨਾਂ ਅਤੇ ਕਲਾਮ ਦੇ ਕੇ ਗਵਾਇਆ ਅਤੇ ਉਨ੍ਹਾਂ ਦੀ ਬਹੁਤ ਹੌਸਲਾ ਅਫਜ਼ਾਈ ਕੀਤੀ। ਇਲਿਆਸ ਹੁਸੈਨ ਦੱਸਦੇ ਹਨ ਕਿ ਉਹ ਉਸ ਦੀਆਂ ਰਿਕਾਰਡਿੰਗ ਵਿਦੇਸ਼ੀ ਪ੍ਰਮੋਟਰਾਂ ਨੂੰ ਸੁਣਾਉਂਦੇ ਸਨ ਤਾਂ ਕਿ ਇਜਾਜ਼ ਕੈੱਸਰ ਨੂੰ ਵੀ ਵਿਦੇਸ਼ੀ ਟੂਰ ਮਿਲ ਸਕਣ।
ਉਸਤਾਦ ਨੁਸਰਤ ਅਲੀ ਖਾਨ ਨੇ 90ਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿਚ ਲਾਹੌਰ ਵਿਚ ਆਪਣਾ ਸਟੂਡੀਓ ਸਰਗਮ ਬਣਾਇਆ ਅਤੇ ਫਿਰ ਬਹੁਤ ਸਾਰੀਆਂ ਰਿਕਾਰਡਿੰਗਜ਼ ਉਥੇ ਕਰਨ ਲੱਗੇ। ਉਹ 90ਵੇਂ ਦਹਾਕੇ ਦੇ ਸ਼ੁਰੂ ਵਿਚ ਹੀ ਫੈਸਲਾਬਾਦ ਤੋਂ ਲਾਹੌਰ ਆ ਗਏ ਸਨ। ਇਲਿਆਸ ਹੁਸੈਨ ਦੱਸਦੇ ਹਨ ਕਿ ਬਾਲੀਵੁੱਡ ਫਿਲਮ ‘ਕੱਚੇ ਧਾਗੇ’ ਦੇ ਗੀਤ ਲਈ ਜਦੋਂ ਉਹ ਭਾਰਤ ਗਏ ਤਾਂ ਹੋਟਲ ਦੀ ਲੌਬੀ ਵਿਚ ਉਨ੍ਹਾਂ ਦੇ ਪ੍ਰਸੰਸਕਾਂ ਅਤੇ ਕਲਾਕਾਰਾਂ ਦੀ ਲੰਮੀ ਲਾਈਨ ਲੱਗੀ ਹੋਈ ਸੀ। ਉਹ ਕਹਿੰਦੇ ਹਨ, “ਹੋਟਲ ਲੌਬੀ ਪੂਰੀ ਤਰ੍ਹਾਂ ਨਾਲ ਭਰ ਚੁੱਕੀ ਸੀ। ਆਮ ਲੋਕਾਂ ਦੇ ਨਾਲ-ਨਾਲ ਉਥੇ ਹੇਮਾ ਮਾਲਿਨੀ ਵਰਗੇ ਵੱਡੇ ਕਲਾਕਾਰ ਵੀ ਸਨ।”
ਇੰਗਲੈਂਡ ਦੇ ਦੌਰੇ ਦੌਰਾਨ ਹੀ ਨੁਸਰਤ ਦੀ ਮੌਤ ਹੋ ਗਈ। ਇਸ ਬਾਰੇ ਇਲਿਆਸ ਕਹਿੰਦੇ ਹਨ, “ਦੌਰੇ ਤੋਂ ਪਹਿਲਾਂ ਕਵਾਲ ਪਾਰਟੀ ਨੂੰ ਸਰਗਮ ਬੁਲਾਇਆ ਗਿਆ ਅਤੇ ਕਿਹਾ ਗਿਆ ਕਿ ਇੰਗਲੈਂਡ ਜਾ ਰਹੇ ਹਾਂ ਅਤੇ ਉਸ ਤੋਂ ਬਾਅਦ ਅਮਰੀਕਾ ਦਾ ਦੌਰਾ ਹੈ ਜਿਥੇ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ, ਇਸ ਕਰਕੇ ਵਾਪਸ ਆ ਕੇ ਬਸ ਭਾਰਤ ਨੂੰ ਅਮਰੀਕਾ ਬਣਾ ਦੇਵਾਂਗੇ ਅਤੇ ਉਥੇ ਹੀ ਸ਼ੋਅ ਕਰਾਂਗੇ”, ਪਰ ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਪੂਰੀ ਦੁਨੀਆ ਉਨ੍ਹਾਂ ਦੀ ਕਵਾਲੀ ‘ਤੇ ਝੂਮਦੀ ਰਹੇਗੀ।
ਉਸਤਾਦ ਨੁਸਰਤ ਅਲੀ ਖਾਨ ਦੀ ਇਕਲੌਤੀ ਧੀ ਨਿਦਾ ਨੁਸਰਤ ਹੈ ਜੋ ਹੁਣ ਕਨੇਡਾ ਰਹਿੰਦੀ ਹੈ। ਨਿਦਾ ਨੁਸਰਤ ਨੇ ਆਪਣੇ ਪਿਤਾ ਦੀਆਂ ਯਾਦਾਂ ਬਾਰੇ ਕਿਹਾ, “ਮੈਂ ਉਸ ਸਮੇਂ 13-14 ਸਾਲ ਦੀ ਸੀ ਜਦੋਂ ਉਨ੍ਹਾਂ ਦੀ ਮੌਤ ਹੋ ਗਈ। ਮੇਰਾ ਉਨ੍ਹਾਂ ਨਾਲ ਜਿ਼ਆਦਾ ਸਮਾਂ ਤਾਂ ਨਹੀਂ ਬੀਤਿਆ ਪਰ ਬਚਪਨ ਤੋਂ ਲੈ ਕੇ ਹੋਸ਼ ਸੰਭਾਲਣ ਦੇ ਬਾਅਦ ਦੇ 6-7 ਸਾਲਾਂ ਦੀਆਂ ਯਾਦਾਂ ਅੱਜ ਵੀ ਮੇਰੇ ਨਾਲ ਹਨ।” ਉਨ੍ਹਾਂ ਦਾ ਕਹਿਣਾ ਹੈ ਕਿ ਲੇਜੰਡਰੀ ਕਲਾਕਾਰ ਦੀ ਧੀ ਕਹਾਉਣ ਵਿਚ ਬਹੁਤ ਮਾਣ ਮਹਿਸੂਸ ਕਰਦੀ ਹੈ, ਉਨ੍ਹਾਂ ਵਰਗਾ ਕਲਾਕਾਰ ਅਤੇ ਪਿਤਾ ਸ਼ਾਇਦ ਹੀ ਕੋਈ ਹੋਵੇਗਾ। ਉਹ ਕਹਿੰਦੀ ਹੈ ਕਿ ਲੋਕ ਉਸ ਨੂੰ ਪੁੱਛਦੇ ਨੇ ਕਿ ਉਹ ਹੁਣ ਦੁਨੀਆ ਦੇ ਸਾਹਮਣ ਕਿਉਂ ਆਈ ਹੈ ਕਿਉਂਕਿ ਉਹ ਉਸ ਬਾਰੇ ਜਿ਼ਆਦਾ ਜਾਣਦੇ ਨਹੀਂ ਤਾਂ ਉਹ ਕਹਿੰਦੀ ਹੈ ਕਿ ਉਸ ਦੇ ਪਿਤਾ ਕੋਈ ਆਮ ਇਨਸਾਨ ਨਹੀਂ ਸਨ ਅਤੇ ਉਹ ਅੱਜ ਵੀ 16 ਅਗਸਤ ਦੇ ਦਿਨ ਜਿਸ ਦਿਨ ਉਸ ਦੇ ਪਿਤਾ ਦੀ ਮੌਤ ਹੋਈ ਸੀ, ਵਿਚ ਹੀ ਜਿਊਂਦੀ ਹੈ।
ਨਿਦਾ ਨੁਸਰਤ ਆਪਣੇ ਪਿਤਾ ਦੀ ਮੁਹੱਬਤ ਬਾਰੇ ਦੱਸਦੀ ਹੈ, “ਮੈਨੂੰ ਬਚਪਨ ਤੋਂ ਹੀ ਪੈੱਨ ਅਤੇ ਕਲਰ ਪੈਂਸਿਲਾਂ ਦਾ ਬਹੁਤ ਸ਼ੌਕ ਸੀ। ਉਹ ਦੁਨੀਆ ਵਿਚ ਜਿਥੇ ਵੀ ਜਾਂਦੇ ਅਲੱਗ-ਅਲੱਗ ਤਰ੍ਹਾਂ ਦੇ ਪੈੱਨ, ਕਲਰਿੰਗ ਬੁੱਕਸ ਅਤੇ ਕਲਰਜ਼ ਮੇਰੇ ਲਈ ਲੈ ਕੇ ਆਉਂਦੇ। ਉਨ੍ਹਾਂ ਦੇ ਸਮਾਨ ਵਿਚ ਅੱਧਾ ਸਮਾਨ ਮੇਰੀਆਂ ਚੀਜ਼ਾਂ ਦਾ ਹੁੰਦਾ।” ਉਹ ਦੱਸਦੀ ਹੈ ਕਿ ਰੁੱਝੇ ਹੋਣ ਕਾਰਨ ਉਸ ਦੇ ਪਿਤਾ ਪਰਿਵਾਰ ਨੂੰ ਬਹੁਤਾ ਸਮਾਂ ਨਹੀਂ ਸੀ ਦੇ ਸਕਦੇ ਅਤੇ ਇਸ ਗੱਲ ਦਾ ਉਨ੍ਹਾਂ ਨੂੰ ਅਹਿਸਾਸ ਸੀ। ਉਹ ਦੱਸਦੀ ਹੈ, “ਇਕ ਵਾਰ ਵਿਦੇਸ਼ ਤੋਂ ਜਦੋਂ ਸ਼ੋਅ ਕਰ ਕੇ ਉਹ ਵਾਪਸ ਆਏ ਤਾਂ ਮੈਨੂੰ ਗੋਦ ਵਿਚ ਬਿਠਾ ਕੇ ਕਹਿਣ ਲੱਗੇ ਕਿ ਉਹ ਹੁਣ ਮੇਰੇ ਨਾਲ ਸਮਾਂ ਬਿਤਾਉਣਗੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਬਾਬਾ ਹੁਣ ਤੁਸੀਂ ਕਿੰਨੇ ਦਿਨ ਮੇਰੇ ਨਾਲ ਰਹੋਗੇ ਤਾਂ ਇਸ ਗੱਲ ‘ਤੇ ਜ਼ੋਰ-ਜ਼ੋਰ ਨਾਲ ਰੋਣ ਲੱਗੇ।” ਨਿਦਾ ਨੁਸਰਤ ਮੁਤਾਬਿਕ, ਉਸ ਦੇ ਪਿਤਾ ਬੇਹੱਦ ਸੰਵੇਦਨਸ਼ੀਲ ਸੁਭਾਅ ਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ ਦੌਰਿਆਂ ਦੌਰਾਨ ਵੀ ਜੇ ਕਦੀ ਉਸ ਨੂੰ ਪਿਤਾ ਨਾਲ ਜਾਣ ਦਾ ਮੌਕਾ ਮਿਲਿਆ ਤਾਂ ਉਹ ਉਸ ਨੂੰ ਬਿਲਕੁਲ ਸਾਹਮਣੇ ਬਿਠਾਉਂਦੇ ਅਤੇ ਬ੍ਰੇਕ ਦੌਰਾਨ ਸਟੇਜ ‘ਤੇ ਬੁਲਾ ਕੇ ਪੁੱਛਦੇ ਰਹਿੰਦੇ।
ਨਿਦਾ ਨੁਸਰਤ ਬਚਪਨ ਦਾ ਕਿੱਸਾ ਦੱਸਦੀ ਹੈ, “ਮੇਰੀ ਉਮਰ ਉਸ ਸਮੇਂ ਤਕਰੀਬਨ ਛੇ ਸਾਲ ਦੀ ਸੀ ਅਤੇ ਲੰਡਨ ਦੇ ਸ਼ੋਅ ਲਈ ਮੈਂ ਉਨ੍ਹਾਂ ਦੇ ਨਾਲ ਗਈ ਸੀ। ਘਰ ਤੋਂ ਜਲਦੀ ਨਿਕਲਣ ਕਰਕੇ ਮੇਰੀ ਮੂੰਹ ਵਿਚ ਰੱਖਣ ਵਾਲੀ ਨਿਪਲ ਘਰ ਰਹਿ ਗਈ, ਜਦੋਂ ਸ਼ੋਅ ਲਈ ਹਾਲ ਵਿਚ ਪਹੁੰਚੇ ਤਾਂ ਮੈਂ ਰੋਣਾ ਸ਼ੁਰੂ ਕਰ ਦਿੱਤਾ ਜਿਸ ਕਰ ਕੇ ਬਾਬਾ ਪਰੇਸ਼ਾਨ ਹੋ ਗਏ। ਉਹ ਮੈਨੂੰ ਪਰੇਸ਼ਾਨ ਨਹੀਂ ਸਨ ਦੇਖ ਸਕਦੇ, ਦੂਸਰੇ ਪਾਸੇ ਸ਼ੋਅ ਦੇ ਪ੍ਰਬੰਧਕ ਉਨ੍ਹਾਂ ਨੂੰ ਸ਼ੋਅ ਸ਼ੁਰੂ ਕਰ ਨੂੰ ਕਹਿ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮੇਰੀ ਧੀ ਚੁੱਪ ਨਹੀਂ ਹੋਵੇਗੀ, ਮੈਂ ਇਹ ਸ਼ੋਅ ਸ਼ੁਰੂ ਨਹੀਂ ਕਰ ਸਕਦਾ। ਫਿਰ ਇੱਕ ਵਿਅਕਤੀ ਨੂੰ ਘਰ ਭੇਜ ਕੇ ਨਿਪਲ ਮੰਗਵਾਇਆ ਗਿਆ ਅਤੇ ਜਦੋਂ ਮੈਂ ਚੁੱਪ ਹੋ ਗਈ ਤਾਂ ਉਨ੍ਹਾਂ ਸ਼ੋਅ ਸ਼ੁਰੂ ਕੀਤਾ। ਸ਼ੋਅ ਦੌਰਾਨ ਵੀ ਉਹ ਮੇਰੇ ਕੋਲ ਆ ਕੇ ਮੈਨੂੰ ਪਿਆਰ ਕਰਦੇ ਰਹੇ।” ਉਹ ਕਹਿੰਦੀ ਹੈ ਕਿ ਜਦੋਂ ਉਸ ਦੇ ਪਿਤਾ ਦੀ ਕੋਈ ਐਲਬਮ ਆਉਂਦੀ ਸੀ, ਉਹ ਸਭ ਤੋਂ ਪਹਿਲਾਂ ਉਸ ਨੂੰ ਦਿੰਦੇ ਸਨ ਅਤੇ ਅਗਲੇ ਦਿਨ ਉਸ ਨੂੰ ਰਿਲੀਜ਼ ਕਰਦੇ ਸਨ, ਉਹ ਪਿਤਾ ਦੀ ਐਲਬਮ ਨੂੰ ਸਿਰਹਾਣੇ ਰੱਖ ਕੇ ਸੌਂਦੀ ਸੀ। ਜਦੋਂ ਨਿਦਾ ਨੂੰ ਪੁੱਛਿਆ ਗਿਆ ਕਿ ਕੀ ਕਦੀ ਨੁਸਰਤ ਨੇ ਉਸ ਨੂੰ ਗਾਉਣ ਲਈ ਕਿਹਾ ਤਾਂ ਨਿਦਾ ਨੇ ਕਿਹਾ, “ਸਾਡੇ ਘਰਾਣੇ ਦੀ ਪਰੰਪਰਾ ਹੈ ਕਿ ਔਰਤਾਂ ਨਹੀਂ ਗਾਉਂਦੀਆਂ ਪਰ ਜਦੋਂ ਕਦੀ ਉਹ ਘਰ ਹੁੰਦੇ ਸੀ ਤਾਂ ਰਿਆਜ਼ ਕਰਨ ਵੇਲੇ ਮੈਨੂੰ ਬੁਲਾ ਲੈਂਦੇ ਸਨ ਅਤੇ ਕਹਿੰਦੇ ਸੀ ਕਿ ਮੇਰੇ ਨਾਲ ਗਾਓ ਤਾਂ ਮੈਂ ਉਨ੍ਹਾਂ ਦੇ ਨਾਲ ਕੁਝ ਗੁਣਗੁਣਾ ਲੈਂਦੀ ਸੀ।”
ਉਹ ਦੱਸਦੀ ਹੈ ਕਿ ਪੇਸ਼ੇਵਾਰਨਾ ਤੌਰ ‘ਤੇ ਉਨ੍ਹਾਂ ਨੇ ਕਦੀ ਕੁਝ ਨਹੀਂ ਗਾਇਆ ਪਰ ਹਾਲੇ ਵੀ ਘਰੇਲੂ ਪ੍ਰੋਗਰਾਮਾਂ ਵਿਚ ਉਹ ਗੁਣਗੁਣਾ ਲੈਂਦੀ ਹੈ। ਨੁਸਰਤ ਦੀ ਬੇਟੀ ਦਾ ਕਹਿਣਾ ਸੀ ਕਿ ਉਹ ਬਚਪਨ ਤੋਂ ਹੀ ਛੋਟੀਆਂ-ਛੋਟੀਆਂ ਗੱਲਾਂ ਤੋਂ ਡਰ ਜਾਂਦੀ ਸੀ। ਜੇ ਅੱਬਾ ਨਾਲ ਹੁੰਦੇ ਤਾਂ ਉਨ੍ਹਾਂ ਪਿੱਛੇ ਲੁਕ ਜਾਂਦੀ ਸੀ, “ਉਹ ਹਮੇਸ਼ਾ ਕਹਿੰਦੇ ਕਿ ਤੂੰ ਮੇਰੀ ਧੀ ਨਹੀਂ, ਮੇਰਾ ਪੁੱਤ ਹੈਂ, ਕਦੇ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ ਅਤੇ ਹਮੇਸ਼ਾ ਹਰ ਚੀਜ਼ ਦਾ ਬਹਾਦਰੀ ਨਾਲ ਸਾਹਮਣਾ ਕਰਨਾ। ਮੈਨੂੰ ਅਤੇ ਮੇਰੀ ਮਾਂ ਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਹੇਗਾ ਕਿ ਕਾਸ਼! ਅਸੀਂ ਵੀ ਲੰਡਨ ਦੇ ਉਨ੍ਹਾਂ ਦੇ ਆਖਰੀ ਦੌਰੇ ਸਮੇਂ ਉਨ੍ਹਾਂ ਦੇ ਨਾਲ ਚਲੇ ਜਾਂਦੀਆਂ।” (ਬੀ.ਬੀ.ਸੀ. ਉਰਦੂ ਤੋਂ ਧੰਨਵਾਦ ਸਹਿਤ)