‘ਨੇਸ਼ਨ ਸਟੇਟ’ ਬਨਾਮ ਖਾਲਿਸਤਾਨ

ਗੁਰਬਚਨ ਸਿੰਘ
ਫੋਨ 9815698451

ਖਾਲਿਸਤਾਨ ਬਾਰੇ ਚਰਚਾ ਇਕ ਵਾਰ ਫਿਰ ਭਖੀ ਹੈ। ਇਸ ਵਕਤ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਆਰ.ਐਸ.ਐਸ. ਭਾਰਤ ਅੰਦਰ ਹਿੰਦੂ ਰਾਸ਼ਟਰ ਲਈ ਪੰਜੇ ਫੈਲਾ ਰਹੀਆਂ ਹਨ ਤਾਂ ਖਾਲਿਸਤਾਨ ਦੀ ਚਰਚਾ ਇਕ ਵੱਖਰਾ ਪ੍ਰਸੰਗ ਲੈ ਕੇ ਆਈ ਹੈ। ਇਹ ਖਦਸ਼ਾ ਇਸਾਈਆਂ ਨਾਲ ਟਕਰਾਅ ਨਾਲ ਵੀ ਪ੍ਰਗਟ ਹੋ ਰਿਹਾ ਹੈ। ਇਹ ਅਸਲ ਵਿਚ ਨੇਸ਼ਨ ਸਟੇਟ ਦੀਆਂ ਅਜਿਹੀਆਂ ਅਲਾਮਤਾਂ ਹਨ ਜੋ ਹਾਸ਼ੀਏ ਉਤੇ ਸੁੱਟੀ ਜਾਂਦੀ ਇਕ ਧਿਰ ਦੇ ਜੜ੍ਹੀ ਬੈਠ ਜਾਂਦੀਆਂ ਹਨ। ਸ. ਗੁਰਬਚਨ ਸਿੰਘ ਨੇ ਆਪਣੇ ਇਸ ਲੇਖ ਵਿਚ ਨੇਸ਼ਨ ਸਟੇਟ ਦੇ ਪ੍ਰਸੰਗ ਵਿਚ ਕੁਝ ਮਸਲੇ ਵਿਚਾਰੇ ਹਨ।

ਕੁਝ ਲੋਕਾਂ ਨੂੰ ਖਾਲਿਸਤਾਨ ਸ਼ਬਦ ਨਾਲ ਉਂਝ ਹੀ ਨਾਜਾਇਜ਼ ਚਿੜ੍ਹ ਹੈ। ਸਿੱਖਾਂ ਲਈ ਖਾਲਿਸਤਾਨ ਸ਼ਬਦ ਸਿਰਫ ਉਦੋਂ ਪਵਿੱਤਰ ਬਣਿਆ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 18ਵੀਂ ਸਦੀ ਅੰਦਰ ਚਮਕੌਰ ਦੀ ਗੜ੍ਹੀ ਵਿਚ ਲੜੀ ਗਈ ਅਸਲੋਂ ਹੀ ਅਸਾਵੀਂ ਜੰਗ ਦੀ ਸਿੱਖ ਮਨਾਂ ਵਿਚ ਯਾਦ ਤਾਜ਼ਾ ਕਰਵਾਉਂਦਿਆਂ, ਇਹ ਬਚਨ ਉਚਾਰੇ ਕਿ ‘ਜੇ ਭਾਰਤੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਹਦੂਦ ਅੰਦਰ ਪੈਰ ਰੱਖਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।’ ਪਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਖਾਲਿਸਤਾਨ ਸ਼ਬਦ ਸੰਤਾਂ ਦੇ ਮਨ ਦੀ ਕਾਢ ਨਹੀਂ ਸੀ ਬਲਕਿ ਪਹਿਲੀ ਵਾਰ ਖਾਲਿਸਤਾਨ ਸ਼ਬਦ ਦੀ ਵਰਤੋਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੇ ਸਰਕਾਰੀ ਦਸਤਾਵੇਜ਼ਾਂ ਵਿਚ ਕੀਤੀ ਸੀ।
‘ਹਿੰਦੋਸਤਾਨ ਟਾਈਮਜ਼’ ਦੇ ਸਾਬਕਾ ਸੰਪਾਦਕ ਤੇ ਔੜ ਦੇ ਪੰਜਾਬੀ ਹਿੰਦੂ ਦੁਰਗਾ ਦਾਸ ਨੇ ਆਪਣੀ ਕਿਤਾਬ ‘ਇੰਡੀਆ ਫਰੋਮ ਕਰਜਨ ਟੂ ਨਹਿਰੂ ਐਂਡ ਆਫਟਰ’ (ਸਫਾ 268-69) ਵਿਚ ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਕੀਤੇ ਗਏ ਸਰਕਾਰੀ ਮਿਨਟਸ ਦਾ ਹਵਾਲਾ ਦੇਂਦਿਆ ਲਿਖਿਆ ਹੈ, ‘‘ਪੰਡਿਤ ਨਹਿਰੂ ਨੇ (20 ਸਤੰਬਰ 1947 ਨੂੰ ਪੰਜਾਬੀ ਹਿੰਦੂਆਂ ਦੇ ਇਕ ਵਫਦ ਨੂੰ) ਜੁਆਬ ਦੇਂਦਿਆ ਕਿਹਾ ਕਿ ਇਕ ਦਿਨ ਪਹਿਲਾਂ ਮਾਸਟਰ ਤਾਰਾ ਸਿੰਘ ਉਸ ਨੂੰ ਮਿਲਿਆ ਸੀ ਅਤੇ ਉਸ ਨੇ ਸਿੱਖ ਆਗੂ ਨੂੰ ਪੁੱਛਿਆ ਸੀ ਕਿ ਕੀ ਉਸ ਦਾ ਭਾਈਚਾਰਾ ਖਾਲਿਸਤਾਨ ਚਾਹੁੰਦਾ ਹੈ। ਪੰਡਿਤ ਨਹਿਰੂ ਨੇ ਦੱਸਿਆ ਕਿ ਉਸ ਨੇ ਮਾਸਟਰ ਤਾਰਾ ਸਿੰਘ ਨੂੰ ਉਸ ਦਿਨ ਵਾਂਗ ਪਹਿਲਾਂ ਕਦੀ ਵੀ ਏਨੀ ਨਿਰਾਸ਼ਾਜਨਕ ਹਾਲਤ ਵਿਚ ਨਹੀਂ ਸੀ ਵੇਖਿਆ। ਸਿੱਖ ਆਗੂ ਨੇ ਖਾਲਿਸਤਾਨ ਦੇ ਕਿਸੇ ਵੀ ਵਿਚਾਰ ਨੂੰ ਪੂਰੇ ਜ਼ੋਰ ਨਾਲ ਨਕਾਰਦਿਆਂ ਕਿਹਾ ਕਿ ਭਾਰਤੀ ਲੋਕਾਂ ਦੇ ਮੁਕਾਬਲੇ ਸਿੱਖ ਬਹੁਤ ਹੀ ਛੋਟੀ ਜਿਹੀ ਗਿਣਤੀ ਵਿਚ ਹੋਣ ਕਾਰਨ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਲੜਨਾ ਨਹੀਂ ਚਾਹੁੰਣਗੇ। ਉਹ ਭਾਰਤ ਦੇ ਨਾਗਰਿਕ ਬਣਨਾ ਅਤੇ ਹਿੰਦੂਆਂ ਨਾਲ ਭਰਾਵਾਂ ਵਾਂਗ ਰਹਿਣਾ ਚਾਹੁੰਣਗੇ।’’
ਖਾਲਿਸਤਾਨ ਸ਼ਬਦ ਉਦੋਂ ਦਾ ਕੇਂਦਰ ਸਰਕਾਰ ਦੀਆਂ ਫਾਈਲਾਂ ਵਿਚ ਤੁਰਿਆ ਆਉਂਦਾ ਹੈ। ਇਸ ਦੀ ਪੁਸ਼ਟੀ ਸਾਬਕਾ ਕੇਂਦਰੀ ਮੰਤਰੀ ਸਵਰਨ ਸਿੰਘ ਦੇ ਜਵਾਈ ਅਤੇ ਸਾਬਕਾ ਰਾਅ ਅਫਸਰ ਜੀ.ਬੀ.ਐਸ. ਸਿੱਧੂ ਨੇ ਆਪਣੀ ਕਿਤਾਬ ‘ਦਿ ਖਾਲਿਸਤਾਨ ਸਾਜਿ਼ਸ਼’ ਵਿਚ ਵੀ ਕੀਤੀ ਹੈ, ਕਿ ਕਿਵੇਂ ਕੇਦਰ ਸਰਕਾਰ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਲੱਗੇ ‘ਧਰਮ ਯੁੱਧ ਮੋਰਚੇ’ ਨੂੰ ‘ਖਾਲਿਸਤਾਨੀ’ ਰੂਪ ਦੇ ਕੇ ਦੇਸ ਭਰ ਦੇ ਹਿੰਦੂਆਂ ਨੂੰ ਇਸ ਸੰਘਰਸ਼ ਵਿਰੁੱਧ ਲਾਮਬੰਦ ਕਰਦੀ ਰਹੀ ਤੇ ਦੂਜੇ ਪਾਸੇ ਸੰਤ ਭਿੰਡਰਾਂਵਾਲੇ ਇਸ ਸਿੱਖ ਵਿਰੋਧੀ ਪ੍ਰਚਾਰ ਦੀ ਵਰਤੋਂ ਸਿੱਖ ਮਨਾਂ ਵਿਚ ਪੰਥਕ ਜਜ਼ਬਾ ਭਰਨ ਲਈ ਕਰਦੇ ਰਹੇ।
ਬੇਸ਼ਕ ਇੱਥੇ ਇਕ ਨੁਕਤਾ ਖਾਸ ਧਿਆਨ ਦੀ ਮੰਗ ਕਰਦਾ ਹੈ, ਕਿ ‘ਖਾਲਿਸਤਾਨ’ ਸ਼ਬਦ ਦਾ ਭਾਵਅਰਥ ਨਹਿਰੂਕਿਆਂ ਤੇ ਸੰਤ ਭਿੰਡਰਾਂਵਾਲੇ ਵਾਸਤੇ ਇਕੋ ਜਿਹਾ ਨਹੀਂ ਸੀ। ਨਹਿਰੂਕਿਆਂ ਵਾਸਤੇ ਖਾਲਿਸਤਾਨ ਸ਼ਬਦ ਦਾ ਅਰਥ ਹਿੰਦੋਸਤਾਨ ਅਤੇ ਪਾਕਿਸਤਾਨ ਵਰਗੀ ਇਕ ਹੋਰ ‘ਨੇਸ਼ਨ ਸਟੇਟ’ ਸੀ ਪਰ ਸੰਤਾਂ ਵਾਸਤੇ ਖਾਲਿਸਤਾਨ ਦਾ ਭਾਵ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਲੇਮੀ ਰਾਜ, ਬੇਗਮਪੁਰਾ ਤੇ ਅਕਾਲ ਪੁਰਖ ਦੀ ਸਿਧੀ ਸਰਪ੍ਰਸਤੀ ਹੇਠ ਕਾਇਮ ਸਿੱਖ ਪਾਤਸ਼ਾਹੀ ਸੀ, ਜਿਸ ਨੂੰ ਸਿੱਖ ਹਰ ਰੋਜ਼ ਆਪਣੀ ਅਰਦਾਸ ਵਿਚ ‘ਰਾਜ ਕਰੇਗਾ ਖਾਲਸਾ’ ਦੇ ਰੂਪ ਵਿਚ ਬੁਲੰਦ ਕਰਦੇ ਹਨ ਅਤੇ ਜਿਹੜਾ ਸਮੁੱਚੀ ਮਨੁੱਖ ਜਾਤੀ ਨੂੰ ਦਰਪੇਸ਼ ਮੌਜੂਦਾ ਭਿਆਨਕ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਇਕੋ-ਇਕ ਹੱਲ ਹੈ। ਇਸ ਦੀ ਪੁਸ਼ਟੀ ਸੰਤ ਆਪਣੀਆਂ ਤਕਰੀਰਾਂ ਵਿਚ ਅਕਸਰ ਕਰਦੇ ਰਹਿੰਦੇ ਸਨ।
ਨਹਿਰੂ ਤੇ ਪਟੇਲ ਕਿੰਨੇ ਕੁ ਦੇਸ਼ ਭਗਤ ਤੇ ਧਰਮ ਨਿਰਪੱਖ ਸਨ, ਇਸ ਦਾ ਪਤਾ ਉਨ੍ਹਾਂ ਦੀ ਸਿੱਖਾਂ ਤੇ ਮੁਸਲਮਾਨਾਂ ਪ੍ਰਤੀ ਅਪਨਾਈ ਰਾਜਨੀਤੀ ਤੋਂ ਲੱਗਦਾ ਹੈ। ਸਰਕਾਰੀ ਦਸਤਾਵੇਜ਼ ਇਸ ਸੱਚ ਦੀ ਪੁਸ਼ਟੀ ਕਰਦੇ ਹਨ ਕਿ ਇਨ੍ਹਾਂ ਦੋਹਾਂ ਨੇ ਮਿੱਥ ਕੇ ਤੇ ਸਾਮਰਾਜੀਆਂ ਨਾਲ ਮਿਲ ਕੇ 1947 ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਅਤੇ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਮਿੱਥ ਕੇ ਦੁਸ਼ਮਣੀ ਪਵਾਈ। ਦੁਰਗਾ ਦਾਸ ਆਪਣੀ ਇਸੇ ਕਿਤਾਬ ਵਿਚ ਲਿਖਦਾ ਹੈ, ‘‘ਪਟੇਲ ਨੇ ਮੈਨੂੰ ਦੱਸਿਆ ਕਿ ਤਾਰਾ ਸਿੰਘ ਦੀ ਚੁਣੌਤੀ ਨਾਲ ਨਜਿੱਠਣ ਲਈ ਤਿੰਨ ਪੱਖਾਂ ਨੇ ਮੇਰੀ ਬਹੁਤ ਸਹਾਇਤਾ ਕੀਤੀ। ਅਕਾਲੀ ਕੈਂਪ ਵਿਚ ਚੱਲ ਰਹੀ ਆਪਸੀ ਪਾਟੋਧਾੜ ਬਾਰੇ ਖੁਫੀਆ ਤੰਤਰ ਮੈਨੂੰ ਲਗਾਤਾਰ ਜਾਣਕਾਰੀ ਦੇਂਦਾ ਰਿਹਾ ਅਤੇ ਤਾਰਾ ਸਿੰਘ ਦੇ ਖ਼ਜ਼ਾਨਚੀ ਰੱਖਿਆ ਮੰਤਰੀ ਬਲਦੇਵ ਸਿੰਘ ਦੀ ਮਦਦ ਨਾਲ ਮੈਂ ਇਸ ਪਾਟੋਧਾੜ ਨੂੰ ਤਾਰਾ ਸਿੰਘ ਦੇ ਵਿਰੁੱਧ ਵਰਤਦਾ ਰਿਹਾ। ਦੂਜਾ, ਪੰਜਾਬ ਦਾ ਮੇਰਾ ਕਮਿਸ਼ਨਰ ਇਕ ਸਿਵਲ ਅਫਸਰ ਐਮ ਆਰ ਭਿਦੇ ਮੈਨੂੰ ਸਾਰੇ ਸਾਬਕਾ ਸਿੱਖ ਰਜਵਾੜਿਆਂ ਤੇ ਸਿੱਖ ਰਾਜਸੀ ਆਗੂਆਂ ਨੂੰ ਮੂਰਖ ਬਣਾਉਣ (ਤੇ ਖਰੀਦਣ) ਦੀਆਂ ਜੁਗਤਾਂ ਦੱਸਦਾ ਰਿਹਾ। ਤੀਜਾ ਪਟੇਲ ਨੇ ਇਕ ਸਿਵਲ ਅਫਸਰ ਸ਼ੰਕਰ ਪਰਸਾਦ ਨੂੰ ਅਜਮੇਰ ਤੋਂ ਦਿੱਲੀ ਬਦਲ ਕੇ ਉਸ ਨੂੰ ਚੀਫ ਕਮਿਸ਼ਨਰ ਨਿਯੁਕਤ ਕਰ ਲਿਆ, ਜਿਹੜਾ ਅਮਨ ਕਾਨੂੰਨ ਦਾ ਪ੍ਰਬੰਧ ਕਾਇਮ ਰੱਖਣ ਤੇ ਸ਼ਰਾਰਤੀ ਰਾਜਸੀ ਆਗੂਆਂ ਨਾਲ ਨਜਿੱਠਣ ਦਾ ਬੜਾ ਮਾਹਿਰ ਸੀ।’’ (ਸਫਾ 280-81)
ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਖਾਲਿਸਤਾਨ ਧਰਤੀ ਦੇ ਕਿਸੇ ਟੁਕੜੇ ਉਤੇ ਹੀ ਬਣੇਗਾ ਅਤੇ ਸ਼ੁਰੂਆਤ ਕਰਨ ਲਈ ਇਸ ਵਾਸਤੇ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਹੀ ਸਭ ਤੋਂ ਵਧੀਆ ਥਾਂ ਹੈ ਅਤੇ ਜੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਕਿਲੇ ਉਤੇ ਕਬਜ਼ਾ ਨਾ ਕਰਦਾ ਤਾਂ ਸਰਕਾਰੇ ਖਾਲਸਾ ਦਾ ਮੁੱਢ ਨਹੀਂ ਸੀ ਬੱਝ ਸਕਦਾ। ਪਰ ਇੱਥੇ ਖਾਸ ਧਿਆਨ ਦੇਣ ਦੀ ਲੋੜ ਇਹ ਹੈ ਕਿ ਖਾਲਿਸਤਾਨ ਦੀ ਵਿਆਖਿਆ ਕਿਸੇ ਵੀ ਤਰ੍ਹਾਂ ‘ਨੇਸ਼ਨ ਸਟੇਟ’ ਦੇ ਚੌਖਟੇ ਵਿਚ ਰਹਿ ਕੇ ਨਹੀਂ ਕੀਤੀ ਜਾਣੀ ਚਾਹੀਦੀ। ਪਿਛਲੇ ਲਗਪਗ ਤਿੰਨ ਸੌ ਸਾਲ ਦੇ ਸੰਸਾਰ ਇਤਿਹਾਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੌਜੂਦਾ ਮਾਇਆਧਾਰੀ ‘ਨੇਸ਼ਨ ਸਟੇਟ’ ਦਾ ਚੌਖਟਾ ਆਪਣੇ ਆਪ ਵਿਚ ਹੀ ਜਮਹੂਰੀਅਤ ਵਿਰੋਧੀ, ਘੱਟ ਗਿਣਤੀਆਂ ਦਾ ਦੁਸ਼ਮਣ ਅਤੇ ਗਰੀਬ-ਕਿਰਤੀ-ਕਿਸਾਨ-ਮਜ਼ਲੂਮ ਘਾਤੀ ਹੈ। ਸਿੱਖ ਮਸਲਾ ਵੀ ‘ਇੰਡੀਅਨ ਨੇਸ਼ਨ ਸਟੇਟ’ ਦਾ ਹੀ ਪੈਦਾ ਕੀਤਾ ਹੋਇਆ ਹੈ।
ਡਾ. ਗੁਰਭਗਤ ਸਿੰਘ ਦੀ ਕਿਤਾਬ ‘ਵਿਸਮਾਦੀ ਪੂੰਜੀ’ ਵਿਚ ਇਸ ਮਸਲੇ ਨੂੰ ਹੋਰ ਵੀ ਸਪੱਸ਼ਟ ਕੀਤਾ ਗਿਆ ਹੈ, ‘‘ਅਜੋਕੇ ਦੌਰ ਵਿਚ ਵੱਡਾ ਮਸਲਾ ਇਹ ਹੈ ਕਿ ਵੱਖ-ਵੱਖ ਅੰਤਰ-ਰਾਸ਼ਟਰੀ ਸਭਿਆਚਾਰਾਂ ਦਾ ਸੰਵਾਦ ਕਿਵੇਂ ਸਥਾਪਿਤ ਕੀਤਾ ਜਾਵੇ। ਇਸ ਸੰਵਾਦ ਨਾਲ ਹੀ ਸੰਸਾਰ ਵਿਚ ਸ਼ਾਂਤੀ ਆ ਸਕਦੀ ਹੈ ਅਤੇ ਖੇੜਾ ਦੇਣ ਵਾਲਾ ਵਿਕਾਸ ਹੋ ਸਕਦਾ ਹੈ। ਇਸ ਸੰਵਾਦ ਲਈ ਇਕ ਵਧੀਆ ਗੱਲ ਇਹ ਵਾਪਰੀ ਹੈ ਕਿ ਹੁਣ ਅੰਤਰ-ਰਾਸ਼ਟਰੀ ਸਭਿਆਚਾਰਕ ਚਿੰਤਨ ਵਿਚ “ਕੌਮ” (ਨੇਸ਼ਨ) ਸ਼ਬਦ ਅਤੇ ਸੰਕਲਪ ਦਾ ਪਹਿਲਾਂ ਵਾਲਾ ਬੋਲਬਾਲਾ ਨਹੀਂ ਰਿਹਾ। ਅੱਜ ਅਸੀਂ ਇਹ ਸਮਝਦੇ ਹਾਂ ਕਿ ਹਰ ਵਿਲੱਖਣ ਖਿੱਤੇ ਜਾਂ ਧਰਤੀ ਦੇ ਲੋਕ ਇਕ ਸਭਿਆਚਾਰ ਹਨ, ਕੇਵਲ ਕੌਮ ਨਹੀਂ। ਕੌਮ ਇਕ ਸੌੜਾ ਸੰਕਲਪ ਹੈ। ਇਸ ਵਿਚ ਇਕ ਵਿਚਾਰਧਾਰਾ ਦੀ ਪ੍ਰਧਾਨਤਾ ਹੁੰਦੀ ਹੈ। ਆਮ ਤੌਰ ਉਤੇ ਜਿਹੜਾ ਵਰਗ ਤਾਕਤ ਵਿਚ ਹੁੰਦਾ ਹੈ, ਆਪਣੇ ਰਾਜਨੀਤਕ ਅਤੇ ਆਰਥਿਕ ਬਲ ਨਾਲ ਦੂਜੇ ਵਰਗਾਂ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਅਤੇ ਵਿਚਾਰਧਾਰਾਵਾਂ ਸਮੇਤ ਦਬਾ ਲੈਂਦਾ ਹੈ। ਆਪਣੀ ਵਿਚਾਰਧਾਰਾ ਸਥਾਪਿਤ ਕਰ ਲੈਂਦਾ ਹੈ। ਇਸ ਲਈ ਕੌਮ ਅਤੇ ਕੌਮਵਾਦ ਲਹੂ-ਲੁਹਾਣ ਕਰਨ ਵਾਲੀ ਅਤੇ ਅਧੀਨ ਕੀਤੀਆਂ ਕੌਮਾਂ ਅਤੇ ਉਪ-ਕੌਮਾਂ ਨੂੰ ਲੁੱਟਣ ਨਾਲ ਜੁੜੀ ਕਿਰਿਆ ਤੋਂ ਮੁਕਤ ਨਹੀਂ। ਸਭਿਆਚਾਰ ਵਿਸ਼ਾਲ ਸੰਕਲਪ ਹੈ।
.. ਸਭਿਆਚਾਰ ਵਿਚ ਕਈ ਕੌਮਾਂ ਸਹਿ-ਹੋਂਦ ਨਾਲ ਇਕੱਠੀਆਂ ਵਸ ਸਕਦੀਆਂ ਹਨ। ਉਨ੍ਹਾਂ ਦੇ ਪਰਿਪੇਖ ਵੀ ਅੰਤਰ-ਕੌਮੀ ਹੋ ਸਕਦੇ ਹਨ। ਸਾਡਾ ਵਿਸ਼ਵ ਅਸਲ ਵਿਚ ਸਭਿਆਚਾਰਾਂ ਦਾ ਹੀ ਰੰਗੀਨ ਸਮੂਹ ਹੈ। ਇਸ ਨੂੰ ਕੌਮ ਦੀ ਪਰਿਭਾਸ਼ਾ ਅਤੇ ਸੰਕਲਪ ਨਾਲ ਦੇਖਣਾ ਸੋਲ੍ਹਵੀਂ ਸਦੀ ਵਿਚ ਉਭਰੇ ਯੌਰਪੀ ਪੂੰਜੀਵਾਦ ਦੀ ਇਕ ਮਜਬੂਰੀ ਸੀ। ਇਸ ਮਜਬੂਰੀ ਨੂੰ ਉਸ ਪੂੰਜੀਵਾਦ ਦਾ ਨਿਆਇ ਜਾਂ ਲੌਜਿਕ ਵੀ ਆਖਿਆ ਜਾ ਸਕਦਾ ਹੈ। ਪੂੰਜੀ ਦੇ ਵਿਕਾਸ ਲਈ ਲੋਕਾਂ ਨੂੰ ਇਕ ਕੌਮ ਅਤੇ ਕੌਮੀ ਵਿਚਾਰਧਾਰਾ ਦੁਆਲੇ ਸੰਗਠਿਤ ਕਰ ਕੇ ਪ੍ਰੇਰਣਾ ਕਾਫ਼ੀ ਸੌਖਾ ਸੀ। ਇਸ ਲਈ ਚੜ੍ਹਤ ਵਿਚ ਆਏ ਪੂੰਜੀਵਾਦ ਅਤੇ ਇਸ ਦੇ ਸਿਧਾਂਤਕਾਰਾਂ ਨੇ ਕੌਮ ਦੇ ਸੰਕਲਪ ਨੂੰ ਉਤਸ਼ਾਹਿਤ ਕੀਤਾ। ਇਸ ਨਾਲ ਪੂੰਜੀ ਤੇ ਪੂੰਜੀਵਾਦ ਦਾ ਵਿਕਾਸ ਤਾਂ ਜ਼ਰੂਰ ਹੋਇਆ ਪਰ ਨਾਲ ਹੀ ਯੌਰਪੀ ਕੌਮਾਂ ਇਕ-ਦੂਜੇ ਨਾਲ ਮੁਕਾਬਲੇ ਵਿਚ ਰੁਝ ਗਈਆਂ। ਇਸ ਦੇ ਨਕਾਰਾਤਮਕ ਨਤੀਜੇ ਵੀ ਨਿਕਲੇ। ਵੱਡਾ ਨਕਾਰਾਤਮਕ ਨਤੀਜਾ ਸੀ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਜਿਸ ਦੀ ਲਪੇਟ ਵਿਚ ਏਸ਼ੀਆ, ਰੂਸ, ਚੀਨ ਆਦਿ ਸਭ ਆ ਗਏ। ਇਸ ਦਾ ਅਸਰ ਅਫ਼ਰੀਕਨ ਦੇਸ਼ਾਂ ਉਤੇ ਵੀ ਪਿਆ। ਯਹੂਦੀ ਸਮੱਸਿਆ ਵੱਡੇ ਰੂਪ ਵਿਚ ਖੜ੍ਹੀ ਹੋਈ। ਉਸ ਨੂੰ ਹੱਲ ਕਰਨ ਲਈ ਮੱਧ-ਪੂਰਬ ਅਤੇ ਇਸਲਾਮੀ ਦੇਸ਼ਾਂ ਨੂੰ ਵੀ ਬੇਚੈਨ ਕਰਨਾ ਪਿਆ।
ਐਂਡਰਸਨ ਦੇ “ਕੌਮ” ਬਾਰੇ ਸਿਧਾਂਤਕ ਕੰਮ ਪਿੱਛੋਂ ਹੁਣ ਇਸ ਗੱਲ ਬਾਰੇ ਅੰਤਰ-ਰਾਸ਼ਟਰੀ ਸਹਿਮਤੀ ਹੈ ਕਿ “ਕੌਮ” ਇਕ ਕਲਪਿਤ ਸੰਰਚਨਾ ਹੈ, ਅਸਲੀਅਤ ਨਹੀਂ। ਜਿਸ ਅਸਲੀਅਤ ਉਤੇ ਇਹ ਕਲਪਨਾ ਆਧਾਰਿਤ ਹੈ, ਉਸ ਨੂੰ ਹੋਰ ਰੂਪ ਜਾਂ ਪਰਿਭਾਸ਼ਾ ਵਿਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਵਾਲਟਰ ਬੈਂਜ਼ਾਮਨ, ਜੋ ਕਿ ਯਹੂਦੀ ਸੀ ਤੇ ਹਿਟਲਰ ਦੇ ਜ਼ੁਲਮ ਦਾ ਸ਼ਿਕਾਰ ਸੀ, ਦੀਆਂ ਲਿਖਤਾਂ ਇਸ ਗਿਆਨ ਨਾਲ ਭਰਪੂਰ ਹਨ ਕਿ ਕੌਮ ਅਤੇ ਕੌਮੀ ਪ੍ਰਭੂਤਾ ਲਹੂ-ਲੁਹਾਣ ਕਰਨ ਵਾਲੀ ਜੰਗ ਨਾਲ ਜੁੜੇ ਹੋਏ ਹਨ। ਕੌਮ ਬਾਰੇ ਇਸ ਚਰਚਾ ਤੋਂ ਭਾਵ ਇਹ ਹੈ ਕਿ ਜੇ ਕੌਮ ਦੇ ਸੰਕਲਪ ਨਾਲ ਚੱਲੀਏ ਤਾਂ ਵਿਸ਼ਵ ਵਿਚ ਸ਼ਾਂਤੀ ਸੰਭਵ ਨਹੀਂ ਕਿਉਂਕਿ ਕੌਮਾਂ ਆਪਸੀ ਮੁਕਾਬਲੇ ਵਿਚ ਇਕ ਦੂਜੇ ਨੂੰ ਹੀਣ ਕਹਿੰਦੀਆਂ ਹਨ। ਹਰ ਕੌਮ ਆਪਣੇ ਵਿਕਾਸ ਲਈ ਅਤੇ ਦੂਜੀ ਦੇ ਸ੍ਰੋਤ ਹਥਿਆਉਣ ਲਈ ਕਿਰਿਆਸ਼ੀਲ ਹੋ ਜਾਂਦੀ ਹੈ। ਨਤੀਜਾ ਘਾਤਕ ਜੰਗਾਂ ਵਿਚ ਨਿਕਲਦਾ ਹੈ।
ਕੌਮ ਦੇ ਸੰਕਲਪ ਜਾਂ ਕਲਪਨਾ ਬਾਰੇ ਇਹ ਗੱਲ ਵੀ ਸੱਚ ਹੈ ਕਿ “ਰੱਬ (ਧਰਮ) ਦੀ ਮੌਤ” ਪਿੱਛੋਂ ਯੌਰਪ ਨੇ ਆਪਣੀ ਚਿੰਤਨ ਸਪੇਸ ਨੂੰ ਸਮਾਜ ਅਤੇ ਵਿਸ਼ਵ ਦੇ ਯਥਾਰਥ ਨੂੰ ਸੰਗਠਿਤ ਰੱਖਣ ਲਈ ਕਿਸੇ ਸੰਕਲਪ ਨਾਲ ਭਰਨਾ ਸੀ। ਯੌਰਪ ਨੇ ਉਹ ਖ਼ਾਲੀ ਸਪੇਸ ਭਰਨ ਲਈ ਕੌਮ ਦੀ ਕਲਪਨਾ ਕਰ ਲਈ। ਇਸ ਨਾਲ ਪ੍ਰੇਰਿਤ ਕਰ ਕੇ ਲੋਕਾਂ ਨੂੰ ਆਪਣੇ ਆਰਥਿਕ ਅਤੇ ਰਾਜਸੀ ਹਿੱਤਾਂ ਲਈ ਵਰਤ ਲਿਆ। ਜੇ ਇਹ ਮੰਨ ਵੀ ਲਿਆ ਜਾਵੇ ਕਿ “ਕੌਮ” ਕਾਲਪਨਿਕ ਹੈ ਅਤੇ ਇਹ ਸੰਕਲਪ ਅਤੇ ਇਸ ਨਾਲ ਸੰਬੰਧਿਤ ਵਿਚਾਰਧਾਰਾਵਾਂ ਘਾਤਕ ਹਨ ਤਾਂ ਨਾਲ ਹੀ ਇਹ ਵੀ ਮੰਨਣਾ ਪਵੇਗਾ ਕਿ “ਕੌਮ” ਦੇ ਸੰਕਲਪ ਨੇ ਦੱਬੀਆਂ-ਕੁਚਲੀਆਂ ਕੌਮਾਂ ਨੂੰ ਆਜ਼ਾਦ ਹੋਣ ਵਿਚ ਵੀ ਸਹਾਇਤਾ ਕੀਤੀ। ਏਸ਼ੀਆ ਤੇ ਅਫ਼ਰੀਕਾ ਦੇ ਆਜ਼ਾਦੀ ਸੰਘਰਸ਼ ਇਸ ਸੰਕਲਪ ਤੋਂ ਬਿਨਾ ਸ਼ਿੱਦਤ ਨਾਲ ਨਹੀਂ ਸਨ ਲੜੇ ਜਾ ਸਕਦੇ। ਪਰ ਕਿਉਂਕਿ “ਕੌਮ” ਦਾ ਸੰਕਲਪ ਦੂਜਿਆਂ ਤੋਂ ਅਲਹਿਦਗੀ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਦਾ ਸੌੜਾ ਰਹਿਣਾ ਜਾਂ ਹੋਣਾ ਲਾਜ਼ਮੀ ਹੈ। ਵੱਖ-ਵੱਖ ਕਿਸਮ ਦੇ ਲੋਕਾਂ ਦੀ ਸਹਿ-ਹੋਂਦ ਜੋ ਹਰੇਕ ਖਿਤੇ ਵਿਚ ਹੀ ਮੌਜੂਦ ਹੁੰਦੀ ਹੈ, ਕੌਮ ਦੇ ਸੰਕਲਪ ਵਿਚ ਨਹੀਂ ਸਮਾਅ ਸਕਦੀ। ਕੌਮ ਦੇ ਸੰਕਲਪ ਨਾਲ ਵਿਸਫੋਟ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇੱਥੋਂ ਇਹ ਨਤੀਜਾ ਕੱਢਣਾ ਔਖਾ ਨਹੀਂ ਕਿ ਕੌਮ ਅਤੇ ਕੌਮਵਾਦ ਦੇ ਸੰਕਲਪ ਨਾਲ ਵਿਸ਼ਵ ਵਿਚ ਸੰਵਾਦ ਨਹੀਂ ਰਚਿਆ ਜਾ ਸਕਦਾ। ਵਿਸ਼ਵ ਦੇ ਲੋਕ ਸਭ ਨੂੰ ਕੌਮਾਂ ਦੀ ਥਾਂ ਸਭਿਆਚਾਰਾਂ ਵਿਚ ਹੀ ਦੇਖਦੇ ਹਨ। ਸਭਿਆਚਾਰ ਸਹਿ-ਹੋਂਦੀ ਹੈ, ਅਲਹਿਦਗੀ (ਐਕਸਕਲੂਯਨ) ਉਤੇ ਆਧਾਰਿਤ ਨਹੀਂ। ਵਿਸ਼ਵ ਨੂੰ ਸਭਿਆਚਾਰਾਂ ਦਾ ਸਮੂਹ ਮੰਨਣ ਨਾਲ ਸੰਵਾਦ ਦੀ ਸੰਭਾਵਨਾ ਵਧਦੀ ਹੈ। ਸ਼ਾਂਤੀ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਮਿਲਦਾ ਹੈ।’
ਪਿਛਲੇ ਪੌਣੇ ਦੋ ਸੌ ਸਾਲ ਦਾ ਸੰਸਾਰ ਇਤਿਹਾਸ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਕਮਿਊਨਿਸਟ ਲਹਿਰ ਦੇ ਬਾਨੀ ਕਾਰਲ ਮਾਰਕਸ ਸਾਰੀ ਉਮਰ ਕਮਿਊਨਿਜ਼ਮ ਦੀ ਸੰਸਾਰ ਪੱਧਰੀ (ਯੂਨੀਵਰਸਲ) ਵਿਆਖਿਆ ਕਰਦੇ ਰਹੇ ਅਤੇ ਉਨ੍ਹਾਂ ਨੇ ‘ਕਮਿਊਨਿਸਟ ਇੰਟਰਨੈਸ਼ਨਲ’ ਦੀ ਸਥਾਪਨਾ ਵੀ ਕੀਤੀ ਪਰ ਲੈਨਿਨ-ਸਟਾਲਿਨ ਦੀ ‘ਨੇਸ਼ਨ ਸਟੇਟ’ ਦੇ ਚੌਖਟੇ ਵਿਚ ਰਹਿ ਕੇ ਕਮਿਊਨਿਜ਼ਮ ਦੀ ਕੀਤੀ ਗਈ ਵਿਆਖਿਆ ਕਾਰਨ ਕਰੋੜਾਂ ਸ਼ਹਾਦਤਾਂ ਅਤੇ ਜਿਨੋਵੀਵ, ਕਾਲੇਨਿਨ, ਚੇ ਗੁਵੇਰਾ, ਹੋਚੀਮਿਨ ਤੇ ਮਾਓ-ਜੇ-ਤੁੰਗ ਵਰਗੇ ਵੱਡੇ ਆਗੂ ਪੈਦਾ ਕਰਨ ਦੇ ਬਾਵਜੂਦ ਕਮਿਊਨਿਸਟ ਲਹਿਰ ਅਸਫਲ ਹੋ ਗਈ। ਅੱਜ ਰੂਸ ਅਤੇ ਚੀਨ ਵਿਚ ਸਾਮਰਾਜੀ ਮਾਇਆਧਾਰੀਆਂ ਦਾ ਰਾਜ ਹੈ ਅਤੇ ‘ਉਗਰਾਹਾਂ’ ਵਰਗੇ ਕੁਝ ਲੋਕ ਟਰੇਡ ਯੂਨੀਅਨ ਦੇ ਝੰਡੇ ਹੇਠ ਸਾਮਰਾਜੀ ਖਪਤਕਾਰੀ ਦੀ ਜੂਠ ਉਤੇ ਪਲਦੇ ਹੋਏ, ਉਨ੍ਹਾਂ ਮਹਾਨ ਕਮਿਊਨਿਸਟ ਸ਼ਹਾਦਤਾਂ ਦੇ ਇਤਿਹਾਸ ਨਾਲ ਖਿਲਵਾੜ ਕਰ ਰਹੇ ਹਨ। ਰੂਸ ਅਤੇ ਯੂਕਰੇਨ ਦੀ ਜੰਗ ਵੀ ਇਸੇ ‘ਨੇਸ਼ਨ ਸਟੇਟ’ ਦੀ ਦੇਣ ਹੈ, ਜਿਸ ਨੇ ਸਮੁੱਚੀ ਮਨੁੱਖਤਾ ਦੀ ਹੋਂਦ ਹੀ ਦਾਅ ਉਤੇ ਲਾ ਦਿੱਤੀ ਹੈ।
ਸੰਤ ਭਿੰਡਰਾਂਵਾਲਿਆ ਦੇ ਆਪਣੇ ਬਚਨ ਹਨ, ‘‘ਅਨੰਦਪੁਰ ਦਾ ਮਤਾ ਕੇਵਲ ਏਨਾ ਨਹੀਂ ਕਿ ਦੋ ਚਾਰ ਚੀਜ਼ਾਂ, ਪਾਣੀ ਮੰਗ ਲਿਆ, ਬਿਜਲੀ ਮੰਗ ਲਈ, ਕਣਕ ਦਾ ਭਾਅ ਵਧਾ ਲਿਆ, ਏਨਾ ਕੰਮ ਕੇਵਲ ਅਨੰਦਪੁਰ ਦੇ ਮਤੇ ਵਿਚ ਨਹੀਂ ਹੈ। ਅਨੰਦਪੁਰ ਦਾ ਮਤਾ, ਅਨੰਦਪੁਰ ਦੀ ਠੇਰੀ ਉਤੇ ਸਤਿਗੁਰੂ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਉਨ੍ਹਾਂ ਵਿਚਾਰਾਂ ਦਾ ਆਪਾ ਧਾਰਨੀ ਬਣਨਾ ਹੈ।’’ .. ‘‘ਹਲੇਮੀ ਰਾਜ ਨੂੰ ਪ੍ਰਾਪਤ ਕਰਨ ਦਾ ਨਿਸ਼ਾਨਾਂ ਤਾਂ ਹੀ ਪ੍ਰਾਪਤ ਹੋਵੇਗਾ, ਜੇ ਕੇਸਰੀ ਨਿਸ਼ਾਨ ਸਾਹਿਬ ਥਲੇ ਰਹਾਂਗੇ। ਜੇ ਕਦੇ ਚਿਟੀ ਝੰਡੀ ਥਲੇ, ਕਦੇ ਹਰੀ ਝੰਡੀ ਥਲੇ, ਕਦੇ ਲਾਲ ਝੰਡੀ ਥਲੇ ਤੁਰੇ ਫਿਰਦੇ ਰਹੇ ਤਾਂ ਫਿਰ ਘਾਟਾ ਹੀ ਪਵੇਗਾ।’’
ਸਰਕਾਰ ਵਲੋਂ ਭੇਜਿਆ ਹਰੇਕ ਪੱਤਰਕਾਰ ਸੰਤ ਭਿੰਡਰਾਂਵਾਲੇ ਦੇ ਮੂੰਹ ਵਿਚ ਖਾਲਿਸਤਾਨ ਦਾ ਸ਼ਬਦ ਪਾਉਣ ਦੇ ਯਤਨ ਕਰਦਾ ਰਿਹਾ ਪਰ ਸੰਤ ਹਮੇਸ਼ਾਂ ਕਹਿੰਦੇ ਰਹੇ ਕਿ ਖਾਲਿਸਤਾਨ ਸਾਡੀ ਮੰਗ ਨਹੀਂ ਹੈ। ਹਾਂ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਜੇ ਫੌਜ ਨੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਪੈਰ ਰੱਖੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੰਤਾਂ ਦੇ ਕਿਆਸੇ ਖਾਲਿਸਤਾਨ ਦਾ ਸੰਕਲਪ ‘ਰਾਜ ਕਰੇਗਾ ਖਾਲਸਾ’ ਦੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਮੌਕੇ ਖਾਲਸਾ ਪੰਥ ਦੀ ਸਾਜਨਾ ਵੇਲੇ ਹੀ ਸਪੱਸ਼ਟ ਕਰ ਦਿੱਤਾ ਸੀ। ਹਲੇਮੀ ਰਾਜ ਤੇ ਬੇਗਮਪੁਰੇ ਦੇ ਰੂਪ ਵਿਚ ਇਸ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਡਾ. ਜਗਜੀਤ ਸਿੰਘ ਚੌਹਾਨ ਦੇ ਹਵਾਲੇ ਨਾਲ ਸੰਤਾਂ ਦੇ ਬਚਨ ਹਨ, ‘‘ਚਾਰ ਪੰਜ ਪ੍ਰੇਮੀ ਕੱਲ੍ਹ ਆਏ ਸੀਗੇ, ਉਹ ਪੁੱਛਣ ਲੱਗੇ, ਸੰਤ ਜੀ ਜੇ ਜਗਜੀਤ ਸਿੰਘ ਚੌਹਾਨ ਨੇ ਇੰਗਲੈਂਡ ਤੇ ਅਮਰੀਕਾ ਦੀ ਮਦਦ ਲੈ ਕੇ ਹਿੰਦੋਸਤਾਨ ਉਤੇ ਹਮਲਾ ਕਰ ਦਿੱਤਾ, ਤੁਸੀਂ ਕੀਹਦੀ ਮਦਦ ਕਰੋਗੇ? ਦਾਸ ਨੇ ਉਤਰ ਦਿੱਤਾ ਸੀ, ‘ਅਸੀਂ ਮਦਦ ਕਰਾਂਗੇ ਸਿੱਖੀ ਸਰੂਪ ਦੀ ਅਤੇ ਮਜ਼ਲੂਮ ਦੀ।’ ਉਨ੍ਹਾਂ ਦਾ ਖਿਆਲ ਸੀ ਕਿ ਕਹਿਣਗੇ ਮੈਂ ਜਗਜੀਤ ਸਿੰਘ ਦੀ ਮਦਦ ਕਰੂੰਗਾ ਜਾਂ ਹਿਦੋਸਤਾਨ ਦੀ। ਉਤਰ ਦਿੱਤਾ ਸੀ, ਸਿੱਖੀ ਧਰਮ ਦੀ, ਮਜ਼ਲੂਮ ਦੀ ਮਦਦ ਕਰਾਂਗੇ, ਜਿਹੜਾ ਮਜ਼ਲੂਮ ਹੋਇਆ, ਉਹਨੂੰ ਜ਼ਰੂਰ ਗਲ ਨਾਲ ਲਾਵਾਂਗੇ, ਜਿਹੜਾ ਜ਼ਾਲਮ ਐ, ਉਹਨੂੰ ਝਟਕਾਵਾਂਗੇ।’’
ਮਨੁੱਖੀ ਸੱਭਿਅਤਾ ਐਨ ਆਪਣੇ ਮੁੱਢ ਤੋਂ ਹੀ ਇਸ ਅਸੂਲ ਨੂੰ ਕੇਂਦਰ ਵਿਚ ਰੱਖ ਕੇ ਵਿਕਸਿਤ ਹੁੰਦੀ ਆ ਰਹੀ ਹੈ। ਗਰੀਬ-ਮਜ਼ਲੂਮ ਦੀ ਰੱਖਿਆ! ਜਰਵਾਣੇ ਦੀ ਭਖਿਆ! ਸਿੱਖੀ ਦਾ ਇਹ ਮੁਢਲਾ ਅਸੂਲ ਹੈ। ਇਹ ਹਰੇਕ ਸਿੱਖ ਦਾ ਧਰਮ ਹੈ। ਦਇਆ ਅਤੇ ਸੰਤੋਖ ਇਸ ਧਰਮ ਦੇ ਦੋ ਮੁਢਲੇ ਅਸੂਲ ਹਨ। ਇਹੀ ਧਰਮ ਸਾਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋਆਂ ਤੇ ਮਲਿਕ ਭਾਗੋਆਂ ਵਿਚਕਾਰ ਨਿਖੇੜਾ ਕਰ ਕੇ ਸਮਝਾਇਆ ਸੀ। ਮਸਲਾ ਭਾਈ ਲਾਲੋ ਅਤੇ ਮਲਿਕ ਭਾਗੋ ਦੀ ਰੋਟੀ ਦਾ ਨਹੀਂ ਸੀ। ਮਸਲਾ ਹੱਥੀਂ ਕਿਰਤ ਕਰ ਕੇ ਖਾਧੀ ਕੋਧਰੇ ਦੀ ਰੋਟੀ ਅਤੇ ਪਰਾਈ ਕਿਰਤ ਨਾਲ ਇਕੱਠੀ ਕੀਤੀ ਮਾਇਆ ਨਾਲ ਬਣੇ ਮਾਲ੍ਹ ਪੂੜਿਆਂ ਵਿਚ ਨਿਖੇੜਾ ਕਰਨ ਦਾ ਸੀ। ਕਿਰਤ ਦੀ ਰੋਟੀ ਸਰੀਰ ਦਾ ਰੱਜ ਬਣਦੀ ਹੈ ਜਦੋਂ ਕਿ ਪਰਾਈ ਕਿਰਤ ਦੇ ਮਾਲ੍ਹ ਪੂੜੇ ਸਰੀਰ ਵਿਚ ਵਿਕਾਰ ਪੈਦਾ ਕਰਦੇ ਹਨ। ਸਿੱਖ ਇਨਕਲਾਬ ਦੇ ਇਸੇ ਜਜ਼ਬੇ ਨੇ ਮੁਗ਼ਲ ਰਾਜ ਦੇ ਪੈਰ ਉਖਾੜੇ ਅਤੇ ਇਸੇ ਜਜ਼ਬੇ ਨੇ ਅੰਗਰੇਜ਼ ਸਾਮਰਾਜ ਨਾਲ ਟੱਕਰ ਲਈ। ਪਿਛਲੇ ਪੰਜ ਸੌ ਸਾਲ ਤੋਂ ਇਹੀ ਜਜ਼ਬਾ ਸਿੱਖਾਂ ਨੂੰ ਲਗਾਤਾਰ ਲੜਨ ਲਈ ਪਰੇਰਦਾ ਆ ਰਿਹਾ ਹੈ। ਪਰ ਬਦਕਿਸਮਤੀ ਨਾਲ ਸਿੱਖ ਸਰੂਪ ਵਿਚਲੇ ਮਲਿਕ ਭਾਗੋ ਹਰ ਕਦਮ ਉਤੇ ਭਾਈ ਲਾਲੋਆਂ ਨੂੰ ਧੋਖਾ ਦੇ ਜਾਂਦੇ ਹਨ ਅਤੇ ਹੁਣ ਵੀ ਇਹੀ ਕੁਝ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਿੱਖੀ ਦਾ ਕਿਸੇ ਨਾਲ ਵਿਰੋਧ ਨਹੀਂ। ਮਸਲਾ ‘ਰਾਜ ਕਰੇਗਾ ਖਾਲਸਾ’ ਨੂੰ ਅੱਜ ਦੇ ਆਲਮੀ ਰਾਜਸੀ ਪ੍ਰਸੰਗ ਵਿਚ ਸਪਸ਼ਟ ਕਰਨ ਦਾ ਹੈ।
ਸਿੱਖ ਹਰ ਰੋਜ਼ ਅਰਦਾਸ ਵਿਚ ਆਪਣੇ ਇਸ ਨਿਸ਼ਾਨੇ ਨੂੰ ਬੁਲੰਦ ਕਰਦੇ ਹਨ:
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।
ਇਥੇ ਆਕੀ ਸ਼ਬਦ ਬਾਰੇ ਸਪੱਸ਼ਟ ਹੋਣ ਦੀ ਲੋੜ ਹੈ। ਕੁਝ ਲੋਕ ਸਮਝਦੇ ਹਨ ਕਿ ਇੱਥੇ ਆਕੀ ਦਾ ਭਾਵ ਖਾਲਸਾ ਰਾਜ ਤੋਂ ਆਕੀ ਹੋਣਾ ਹੈ। ਪਰ ਗੁਰਮਤਿ ਦੀ ਰੌਸ਼ਨੀ ਵਿਚ ਇੱਥੇ ਆਕੀ ਹੋਣ ਦਾ ਭਾਵ ਹੁਕਮ ਤੋਂ ਆਕੀ ਹੋਣਾ ਹੈ।
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ॥
ਮਾਨੈ ਹੁਕਮੁ ਸੋਹੈ ਦਰ ਸਾਚੈ ਆਕੀ ਮਰੇ ਆਫਾਰੀ॥ (ਪੰਨਾ 992)
ਯਥਾ ਗੁਰਮਤਿ ਦਾ ਨਿਰਣਾ ਹੈ ਕਿ ਬ੍ਰਹਮਾ ਬਿਸਨ ਆਦਿ ਸਾਰੇ ਰਿਸ਼ੀ ਮੁਨੀ ਤੇ ਇੱਥੋਂ ਤਕ ਕਿ ਸ਼ੰਕਰ ਤੇ ਇੰਦਰ ਵੀ, ਸਾਰੇ ਤਪੀਆਂ ਸਮੇਤ, ਸਾਰੇ ਏਕੋ ਕਰਤਾ ਦੇ ਦਰ ਉਤੇ ਭੇਖਾਰੀ ਹਨ। ਜਿਹੜੇ ਉਸ ਦੇ ਹੁਕਮ ਨੂੰ ਮੰਨਦੇ ਹਨ, ਉਹ ਉਸ ਦੇ ਦਰਬਾਰ ਵਿਚ ਪ੍ਰਵਾਨਗੀ ਹਾਸਲ ਕਰਦੇ ਹਨ ਅਤੇ ਬਾਕੀ ਸਾਰੇ ਹੰਕਾਰ ਵਿਚ ਆਫਰੇ ਤਥਾ ਆਪਣੀ ਝੂਠੀ ਹੋਂਦ ਦੇ ਭਰਮ ਵਿਚ ਉਸ ਤੋਂ ਆਕੀ ਹੋ ਕੇ ਜਿਊਣ ਦੇ ਯਤਨ ਕਰ ਰਹੇ ਲੋਕ, ਮਾਨਸਿੱਖ ਕਲਪਣਾ (ਤ੍ਰਿਸਨਾ) ਵਿਚ ਭਟਕਦੇ ਹੋਏ ਹੀ ਮਰ ਜਾਂਦੇ ਹਨ। ਸਾਰਾ ਜਗਤ ਤੇ ਜੀਵ ਜੰਤੂ ਹੁਕਮ ਭਾਵ ਕੁਦਰਤ ਦੇ ਨੇਮਾਂ ਵਿਚ ਰਹਿ ਕੇ ਹੀ ਜਿੰ਼ਦਗੀ ਜਿਉਂਦੇ ਹਨ। ਕੋਈ ਵੀ ਇਸ ਹੁਕਮ ਤੋਂ ਬਾਹਰ ਨਹੀਂ। ਜੋ ਕੋਈ ਇਸ ਹੁਕਮ ਨੂੰ ਬੁੱਝ ਲੈਂਦਾ ਹੈ ਭਾਵ ਕੁਦਰਤੀ ਨੇਮਾਂ ਅਨੁਸਾਰ ਜਿ਼ੰਦਗੀ ਜਿਊਣ ਦੀ ਜਾਚ ਸਿੱਖ ਲੈਂਦਾ ਹੈ, ਉਹ ਹਉਮੈ ਭਾਵ ਮੈਂ-ਮੇਰੀ ਦੀ ਭਾਵਨਾ ਤੋਂ ਮੁਕਤ ਹੋ ਜਾਂਦਾ ਹੈ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ (ਪੰਨਾ 1)
ਗੁਰਮਤਿ ਅਨੁਸਾਰ ਖਾਲਿਸਤਾਨ ਦੀ ਰਾਜਨੀਤੀ ਦਾ ਤੱਤ ਅਜਿਹੇ ਰਾਜ ਦੀ ਸਥਾਪਨਾ ਕਰਨੀ ਹੈ, ਜਿੱਥੇ ਹਰ ਮਾਈ ਭਾਈ ਇਸ ਅਸੀਮ ਕੁਦਰਤ ਨਾਲ ਇਕਸੁਰਤਾ ਤੇ ਇਸਦੇ ਜਾਣੇ ਹੋਏ ਨੇਮਾਂ ਵਿਚ ਰਹਿਣ ਦੇ ਯਤਨ ਕਰਦਿਆਂ ਅਤੇ ਇਸਦੇ ਗੁਣ ਗਾਉਂਦਿਆਂ, ਆਤਮ-ਸੰਜਮੀ (ਸਦਾਚਾਰੀ) ਜਿ਼ੰਦਗੀ ਜੀਵੇ ਅਤੇ ਹੱਥੀਂ ਕਿਰਤ ਕਰਦਿਆਂ ਹੋਇਆਂ ਸਮੂਹ ਭਾਈਚਾਰੇ ਨਾਲ ਰਲਮਿਲ ਕੇ ਵੰਡ ਛਕਣ ਦੇ ਅਸੂਲ ਤਹਿਤ ਆਪਣੀਆਂ ਤਰਕਸੰਗਤ ਲੋੜਾਂ ਦੀ ਪੂਰਤੀ ਕਰੇ। ਸਰਬਸਾਂਝੀਵਾਲਤਾ ਦੀ ਭਾਵਨਾ ਨੂੰ ਲਗਾਤਾਰ ਫੈਲਾਉਣਾ ਅਤੇ ਸਰਬੱਤ ਦੇ ਭਲੇ ਦੇ ਸਮਾਜ ਲਈ ਨਿਰੰਤਰ ਯਤਨਸ਼ੀਲ ਰਹਿਣਾ, ਇਹੀ ਸਿੱਖ ਦਾ ਧਰਮ ਹੈ।
ਹੁਣ ਹੁਕਮੁ ਹੋਆ ਮਿਹਰਵਾਣ ਦਾ ਪੈ ਕੋਇ ਨ ਕਿਸੇ ਰਞਾਣ ਦਾ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਪੰਨਾ 74)
ਸਰਬਉਚ ਮਿਹਰਵਾਨ ਹਸਤੀ ਸੱਚੇ ਪਾਤਸ਼ਾਹ, ਕਰਤਾ ਪੁਰਖ, ਨਿਰੰਕਾਰ, ਹਰਿ ਜੀਉ ਦਾ ਹੁਕਮ ਹੋਇਆ ਹੈ ਕਿ ਹੁਣ ਇਸ ਧਰਤੀ ਉਤੇ ਕੋਈ ਵੀ ਮਨੁੱਖ ਕਿਸੇ ਦੂਜੇ ਮਨੁੱਖ ਨੂੰ ਦੁੱਖ ਨਾ ਦੇਵੇ ਭਾਵ ਪਰਾਈ ਕਿਰਤ ਦੀ ਲੁੱਟ ਨਾ ਕਰੇ ਕਿਉਂਕਿ ਹੁਣ ਸੱਚੇ ਪਾਤਸ਼ਾਹ ਨੇ ਇਸ ਧਰਤੀ ਉਤੇ ਹਲੇਮੀ ਰਾਜ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਹੈ। ਜਿਸ ਰਾਜ ਵਿਚ ਸਾਰੇ ਲੋਕ ਸੁਖੀ ਵਸਣਗੇ।
ਕੁਦਰਤਿ ਤਖਤੁ ਰਚਾਇਆ ਸਚਿ ਨਬੇੜਣਹਾਰੋ॥ (ਪੰਨਾ 580)
ਰਾਜ ਦਾ ਇਹ ਸੰਕਲਪ ਹੀ ਅਜੋਕੀ ਮਨੁੱਖ ਜਾਤੀ ਦਾ ਭਵਿੱਖ ਹੈ। ਇਸ ਸੰਕਲਪ ਨੂੰ ਅਜੋਕੀ ਰਾਜਨੀਤਕ ਭਾਸ਼ਾ ਵਿਚ ਢਾਲਣ ਦੀ ਲੋੜ ਹੈ। ਬੇਗਮਪੁਰੇ ਵਿਚ ਕੋਈ ਦੁਖੀ ਨਹੀਂ ਹੋਵੇਗਾ, ਕੋਈ ਚਿੰਤਾਗ੍ਰਸਤ ਨਹੀਂ ਹੋਵੇਗਾ, ਕੋਈ ਟੈਕਸ ਨਹੀਂ ਲਿਆ ਜਾਵੇਗਾ, ਕੋਈ ਮਾਲੀਆ ਨਹੀਂ ਉਗਰਾਹਿਆ ਜਾਵੇਗਾ, ਧਨ ਦੌਲਤ ਜਾਇਦਾਦ ਦੀ ਕੋਈ ਹੋਂਦ ਨਹੀਂ ਹੋਵੇਗੀ, ਸਾਰੇ ਲੋਕ ਇਕੋ ਜਿਹੇ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਗੇ ਅਤੇ ਰਲ-ਮਿਲ ਕੇ ਆਪਣੀਆਂ ਕੁਦਰਤੀ ਲੋੜਾਂ ਪੂਰੀਆਂ ਕਰਨਗੇੇ। ਰਲ-ਮਿਲ ਕੇ ਕਿਰਤ ਕਰੋ ਅਤੇ ਸਾਰਾ ਕੁਝ ਵੰਡ ਕੇ ਛਕੋ ਦੇ ਅਸੂਲ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇਗਾ।
ਸਤੁ ਸੰਤੋਖੁ ਦਇਆ ਕਮਾਵੈ॥ ਆਧਾਰਿਤ ਕਿਰਤ ਕਰੋ-ਵੰਡ ਛਕੋ-ਨਾਮ ਜਪੋ ਕੋਈ ਅਮੂਰਤ ਧਾਰਮਿਕ ਉਪਦੇਸ਼ ਨਹੀਂ ਬਲਕਿ ਮਨੁੱਖਤਾ ਦੀ ਹੁਣ ਤਕ ਦੀ ਇਕੱਠੀ ਹੋਈ ਸਗਲ ਅਨੁਭਵੀ ਸਿਆਣਪ ਦਾ ਨਿਕਲਿਆ ਤੱਤ-ਨਿਚੋੜ ਹੈ। ਸਤਿਗੁਰੂ ਨਾਨਕ ਪਾਤਸ਼ਾਹ ਦੇ ਤਿੰਨ ਸੌ ਸਾਲ ਬਾਅਦ ਮਾਰਕਸ ਨੇ ਪੱਛਮ ਵਿਚ ‘ਕਮਿਊਨਿਸਟ’ ਇਨਕਲਾਬ ਰਾਹੀਂ ਸਮਾਜਵਾਦੀ ਸਮਾਜ ਦੀ ਸਿਰਜਣਾ ਦਾ ਨਾਹਰਾ ਲਾ ਕੇ ਗੁਰੂ ਸਾਹਿਬ ਦੇ ਇਸੇ ਆਦਰਸ਼ ਨੂੰ ਰੂਪਮਾਨ ਕਰਨ ਦਾ ਯਤਨ ਕੀਤਾ ਸੀ। ਪਰ ਸਾਮਰਾਜੀ ਖਪਤਕਾਰੀ ਦੀ ਚਕਾਚੌਂਧ ਵਿਚ ਚੁੰਧਿਆਏ ਉਸ ਦੇ ‘ਕਮਿਊਨਿਸਟ’ ਪੈਰੋਕਾਰਾਂ ਨੇ ਉਸ ਦੇ ਆਦਰਸ਼ਾਂ ਨੂੰ ਪੈਰਾਂ ਹੇਠ ਰੋਲ ਦਿੱਤਾ।
ਮਾਰਕਸ ਦਾ ਆਪਣਾ ਕਥਨ ਹੈ, ‘‘ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕੰਮ ਕਰਦਿਆਂ ਹੋਇਆਂ ਹੀ ਮਨੁੱਖ ਆਪਣੀ ਪੂਰਨਤਾ ਹਾਸਲ ਕਰ ਸਕਦਾ ਹੈ। ਸਮਾਜੀ ਭਲਾਈ ਲਈ ਕੰਮ ਕਰਦਿਆਂ ਹੋਇਆਂ ਹੀ ਮਨੁੱਖ ਆਨੰਦਮਈ ਜਿੰ਼ਦਗੀ ਜੀਅ ਸਕਦਾ ਹੈ। ਆਪਣੇ ਨਿੱਜ ਲਈ ਕੰਮ ਕਰਦਾ ਹੋਇਆ ਮਨੁੱਖ ਪ੍ਰਸਿੱਧ ਵਿਦਵਾਨ ਬਣ ਸਕਦਾ ਹੈ, ਮਹਾਨ ਸੰਤ ਬਣ ਸਕਦਾ ਹੈ, ਸ਼ਾਨਦਾਰ ਕਵੀ ਬਣ ਸਕਦਾ ਹੈ ਪਰ ਉਹ ਪੂਰਨ ਅਤੇ ਮਹਾਨ ਮਨੁੱਖ ਨਹੀਂ ਬਣ ਸਕਦਾ। ਇਤਿਹਾਸ ਉਨ੍ਹਾਂ ਮਨੁੱਖਾਂ ਨੂੰ ਸਭ ਤੋਂ ਵੱਧ ਮਹਾਨ ਕਹਿੰਦਾ ਹੈ, ਜਿਹੜੇ ਸਰਬ-ਸਾਂਝੀਵਾਲਤਾ ਲਈ ਕੰਮ ਕਰਦੇ ਹੋਏ ਆਪਣੇ ਆਪ ਨੂੰ ਨਿਛਾਵਰ ਕਰ ਦੇਂਦੇ ਹਨ। ਧਰਮ ਵੀ ਸਾਨੂੰ ਇਹੀ ਸਿਖਾਉਂਦਾ ਹੈ ਕਿ ਮਨੁੱਖਤਾ ਦੀ ਖਾਤਰ ਆਪਣੇ-ਆਪ ਨੂੰ ਕੁਰਬਾਨ ਕਰ ਦੇਣ ਵਾਲੇ ਮਹਾਂਪੁਰਖ ਦੀ ਸਾਰੇ ਨਕਲ ਕਰਨਾ ਚਾਹੁੰਦੇ ਹਨ। ਜੇ ਅਸੀਂ ਜ਼ਿੰਦਗੀ ਵਿਚ ਬਹੁਤਾ ਕੰਮ ਮਨੁੱਖਤਾ ਦੀ ਭਲਾਈ ਲਈ ਕਰ ਸਕੀਏ ਤਾਂ ਕੋਈ ਵੀ ਜਾਬਰ ਸਾਨੂੰ ਝੁਕਾਅ ਨਹੀਂ ਸਕੇਗਾ। ਫਿਰ ਅਸੀਂ ਨਿੱਜ ਤਕ ਸੀਮਤ ਆਨੰਦ ਨਹੀਂ ਮਾਣਾਂਗੇ ਸਗੋਂ ਸਾਡੀ ਖੁਸ਼ੀ ਦਾ ਸੰਬੰਧ ਕਰੋੜਾਂ ਲੋਕਾਂ ਦੀ ਖੁਸ਼ੀ ਨਾਲ ਹੋਵੇਗਾ ਤੇ ਸਾਡੇੇ ਕੀਤੇ ਕੰਮ ਨਿਰੰਤਰ ਕਾਰਜਸ਼ੀਲ ਰਹਿਣਗੇੇ।’’
(ਸਾਮੂਹਿਕ ਲਿਖਤਾਂ, ਜਿਲਦ ਪਹਿਲੀ)