ਪੁਰਖਿਆਂ ਦੇ ਦੇਸ਼ (2) : ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹੇ

ਡਾ ਗੁਰਬਖ਼ਸ਼ ਸਿੰਘ ਭੰਡਾਲ
ਪਿਆਰਾ ਅਸ਼ਰਫ਼ ਸੁਹੇਲ ਬਹੁਤ ਹੀ ਸੰਜੀਦਾ, ਸਿਆਣਾ, ਸੁਹਿਰਦ ਅਤੇ ਸਮਰਪਿਤ ਵਿਅਕਤੀ। ਹਰ ਕੰਮ ਨੂੰ ਯੋਜਨਾਬੱਧ ਤਰੀਕੇ ਨਾਲ ਵਿਉਂਤਣਾ ਅਤੇ ਨੇਪਰੇ ਚਾੜ੍ਹਨਾ, ਉਸਦਾ ਸੁਭਾਅ। ਸਮੇਂ ਦਾ ਸਦਉਪਯੋਗ ਕੋਈ ਉਸ ਕੋਲੋਂ ਸਿੱਖੇ। ਪਿਛਲੇ 27 ਸਾਲ ਤੋਂ ਬੱਚਿਆਂ ਦਾ ‘ਪੰਖ਼ੇਰੂ’ ਮੈਗਜ਼ੀਨ ਕੱਢ ਰਿਹਾ ਜਿਸ ਵਿਚ ਦੋਹਾਂ ਪੰਜਾਬਾਂ ਦੇ ਬਾਲ ਲੇਖਕ ਆਪਣੀਆਂ ਰਚਨਾਵਾਂ ਰਾਹੀਂ ਬੱਚਿਆਂ ਨੂੰ ਪੰਜਾਬੀ ਅਦਬ ਅਤੇ ਸਭਿਆਚਾਰ ਨਾਲ ਬਾਵਾਸਤਾ ਰੱਖਣ ਲਈ ਆਪਣਾ ਯੋਗਦਾਨ ਪਾ ਰਹੇ। ਸਾਡਾ ਪੰਜ ਕੁ ਦਿਨਾਂ ਪੂਰਾ ਪ੍ਰੋਗਰਾਮ ਉਹ ਪਹਿਲਾਂ ਹੀ ਬਣਾਈ ਬੈਠਾ ਸੀ ਜਿਸ ਲਈ ਉਸਨੇ ਆਪਣੇ ਸਹਿਕਰਮੀ ਅਤੇ ਬਹੁਤ ਹੀ ਨਫ਼ੀਸ ਨੌਜਵਾਨ ਮੁਹੰਮਦ ਇਰਫ਼ਾਨ ਨੂੰ ਪਹਿਲਾਂ ਤੋਂ ਹੀ ਤਿਆਰ ਕੀਤਾ ਹੋਇਆ ਸੀ।

ਪਹਿਲੇ ਹੀ ਦਿਨ ਲਾਹੌਰ ਪਹੁੰਚ ਕੇ ਬਾਅਦ ਦੁਪਹਿਰ, ਅਸੀਂ ਕਸੂਰ ਵਿਖੇ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ `ਤੇ ਸਿਜਦਾ ਕਰਨ ਅਤੇ ਰਸਤੇ ਵਿਚ ਪੰਜਾਬੀ ਦੇ ਸਮਰੱਥ ਲੇਖਕ ਅਤੇ ਮੋਹਵੰਤੇ ਇਕਬਾਲ ਕੈਸਰ ਹੁਰਾਂ ਦਾ ਪੰਜਾਬੀ ਖੋਜਗੜ੍ਹ ਦੇਖਣ ਲਈ ਤੁਰ ਪਏ। ਨਿੱਕੀਆਂ-ਨਿੱਕੀਆਂ ਗੱਲਾਂ ਅਤੇ ਆਲੇ-ਦੁਆਲੇ ਦੇ ਵਾਤਾਵਰਨ ਵਿਚ ਪਤਾ ਹੀ ਨਹੀਂ ਸੀ ਲੱਗਦਾ ਕਿ ਅਸੀਂ ਕਸੂਰ ਨੂੰ ਜਾ ਰਹੇ ਹਾਂ ਜਾਂ ਕਪੂਰਥਲੇ ਨੂੰ। ਇਹੀ ਸੜਕ ਅੱਗੇ ਫਿਰੋਜ਼ਪੁਰ ਨੂੰ ਜਾਂਦੀ ਹੁੰਦੀ ਸੀ। ਆਪਣੇ ਵਰਗੇ ਲੋਕ, ਉਹੀ ਟਰੈਫਿਕ, ਸੜਕਾਂ ਅਤੇ ਚੌਗਿਰਦਾ। ਲਲਿਆਣੀ ਦੇ ਕੋਲ ਵਿਕਲੋਤਰੇ ਜਹੇ ਹੈ ਇਕਬਾਲ ਕੈਸਰ ਜੀ ਦਾ ਪੰਜਾਬੀ ਖੋਜਗੜ੍ਹ। ਪੰਜਾਬੀ ਰਹਿਤਲ ਦੇ ਖੋਜਾਰਥੀਆਂ ਲਈ ਨਿਵੇਕਲਾ ਅਤੇ ਉਮਦਾ ਸਥਾਨ। ਪੰਜਾਬੀ ਸਭਿਆਚਾਰ, ਸਾਹਿਤ, ਸੰਗੀਤ ਅਤੇ ਮਨੋਰੰਜਨ ਦਾ ਸਮੁੱਚਾ ਇਤਿਹਾਸ ਤਸਵੀਰਾਂ ਦੀ ਜ਼ੁਬਾਨੀ ਕੰਧਾਂ `ਤੇ ਬਿਰਾਜਮਾਨ। ਇਸਦੀ ਤਾਮੀਰਦਾਰੀ ਵਿਚ ਪੰਜਾਬੀ ਸਭਿਆਚਾਰ ਦਾ ਮੁਹਾਂਦਰਾ। ਪੰਜਾਬੀ ਅਦਬ, ਇਸਦੇ ਸਰੋਕਾਰਾਂ ਅਤੇ ਪਾਕਿਸਤਾਨ ਵਿਚ ਵੱਸਦੇ ਪੰਜਾਬੀ ਪਿਆਰਿਆਂ ਵਲੋਂ ਇਸਦੀ ਸਲਾਮਤੀ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਇਕਬਾਲ ਕੈਸਰ ਵਲੋਂ ਆਰੰਭੇ ਜਾ ਰਹੇ ਹੋਰ ਪ੍ਰੋਜੈਕਟਾਂ ਬਾਰੇ ਗੱਲਾਂ-ਬਾਤਾਂ ਵਿਚ ਰੁੱਝਿਆਂ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਦੋ ਘੰਟੇ ਬੀਤ ਗਏ। ਇਕਬਾਲ ਕੈਸਰ ਹੋਰੀਂ ਪੰਜਾਬੀ ਅਦਬ ਨਾਲ ਪ੍ਰਣਾਏ ਅਜੇਹੇ ਸ਼ਖ਼ਸ ਨੇ ਜਿਨ੍ਹਾਂ ਨੇ ਆਪਣਾ ਸਮੁੱਚ ਹੀ ਪੰਜਾਬੀ ਅਦਬ ਨੂੰ ਅਰਪਿਤ ਕੀਤਾ ਹੋਇਆ ਹੈ। ਇਲਿਆਸ ਘੁੰਮਣ ਜੀ ਨਾਲ ਮਿਲ ਕੇ ਲਿਖੀ, ਪਾਕਿਸਤਾਨ ਵਿਚਲੇ ਸਿੱਖਾਂ ਦੇ ਗੁਰਦੁਆਰਿਆਂ ਬਾਰੇ ਅਨਮੋਲ ਪੁਸਤਕ `ਤੇ ਜਿਥੇ ਇਕਬਾਲ ਕੈਸਰ ਹੋਰਾਂ ਨੂੰ ਨਾਜ਼ ਹੈ ਉਥੇ ਹੀ ਦੁਨੀਆਂ ਭਰ ਵਿਚ ਵੱਸਦੀ ਸਮੁੱਚੀ ਸਿੱਖ ਕੌਮ ਉਨ੍ਹਾਂ ਦੀ ਸਦਾ ਰਿਣੀ ਰਹੇਗੀ ਕਿ ਉਨ੍ਹਾਂ ਨੇ ਸਿੱਖਾਂ ਦੇ ਮੁਕੱਦਸ ਸਥਾਨਾਂ ਬਾਰੇ ਇੰਨੀ ਬਾਰੀਕਬੀਨੀ ਨਾਲ ਸਟੀਕ ਜਾਣਕਾਰੀ ਇਕੱਤਰ ਕਰਕੇ, ਤਸਵੀਰਾਂ ਸਮੇਤ ਤਿੰਨ ਭਾਸ਼ਾਵਾਂ (ਉਰਦੂ, ਪੰਜਾਬੀ ਅਤੇ ਅੰਗਰੇਜ਼ੀ) ਵਿਚ ਪ੍ਰਕਾਸ਼ਤ ਕਰਵਾਈ ਹੈ। ਇਹ ਰੈਫਰੈਂਸ ਕਿਤਾਬ ਹੈ ਅਤੇ ਹਰ ਪੰਜਾਬੀ ਕੋਲ ਜ਼ਰੂਰ ਹੋਣੀ ਚਾਹੀਦੀ ਹੈ।
ਪੰਜਾਬੀ ਖੋਜਗੜ੍ਹ ਦੀ ਸਮੁੱਚੀ ਆਬੋ-ਹਵਾ ਪੰਜਾਬੀ। ਬਾਬਾ ਨਾਨਕ ਦੀ ਯਾਦ ਵਿਚ ਬਾਗੀਚੀ। ਬਿਰਖ਼ਾਂ ਤੇ ਪੰਛੀਆਂ ਦੀ ਚਹਿਕਣੀ `ਚ ਕਿਸੇ ਖੂਹ ਤੇ ਬੈਠਣ ਦਾ ਵਿਸਮਾਦ। ਬਚਪਨੇ ਦੀ ਨਿੱਘੀ ਜਿਹੀ ਯਾਦ। ਪੁਰਾਣੀਆਂ ਯਾਦਾਂ ਵਿਚ ਹੀ ਅੱਜ ਦੀ ਮਿਲਣੀ ਦੀ ਪਿਆਰੀ ਜਹੀ ਯਾਦ ਨੂੰ ਆਪਣੀ ਮਨ-ਬੁੱਕਲ ਵਿਚ ਸਾਂਭ, ਅਸਾਂ ਕਸੂਰ ਦੀ ਸੜਕ `ਤੇ ਗੱਡੀ ਪਾ ਲਈ।
‘ਕਸੂਰੀ ਮੇਥੀ’ ਅਤੇ ‘ਜੁੱਤੀ ਕਸੂਰੀ, ਪੈਰੀਂ ਨਾ ਪੂਰੀ’ ਵਾਲਾ ਕਸੂਰ ਸ਼ਹਿਰ। ਇਸ ਦੀਆਂ ਭੀੜੀਆਂ ਗਲੀਆਂ ਥੀਂ ਰਾਹ ਬਣਾਉਂਦੀ ਸਾਡੀ ਕਾਰ। ਸ਼ਹਿਰ ਦੇ ਕੇਂਦਰ ਅਤੇ ਬਜ਼ਾਰ `ਚ ਹੀ ਬਣੇ ਹੋਏ ਬਾਬਾ ਬੁੱਲ੍ਹੇ ਸ਼ਾਹ ਦਾ ਦਰਬਾਰ। ਖੁੱਲ੍ਹਾ ਵਿਹੜਾ। ਨਤਮਸਤਕ ਹੋਣ ਵਾਲੇ ਪ੍ਰੇਮੀਆਂ ਦੀ ਰੌਣਕ। ਵਿਹੜੇ ਵਿਚ ਕੱਵਾਲੀਆਂ ਦੀ ਸੰਗੀਤਕ ਛਹਿਬਰ। ਮਖ਼ਸੂਸੀ ਆਲਮ ਵਿਚ ਭਿੱਜੇ ਹੋਏ ਸ਼ਰਧਾਲੂ ਬੁੱਲ੍ਹੇ ਸ਼ਾਹ ਦੇ ਦਰਬਾਰ ਵਿਚ ਮੰਨਤਾਂ ਮੰਗਣ ਅਤੇ ਮੰਨਤਾਂ ਪੂਰੀਆਂ ਹੋਣ ਤੋਂ ਬਾਅਦ ਸਿਜਦਾ ਕਰਨ ਆਉਂਦੇ। ਮੰਗੀਆਂ ਮੁਰਾਦਾਂ ਦੇ ਪੂਰੀਆਂ ਹੋਣ ਦੀ ਆਸਥਾ, ਉਨ੍ਹਾਂ ਦੇ ਚਿਹਰਿਆਂ ਤੋਂ ਸਪੱਸ਼ਟ ਝਲਕਦੀ।
ਦਰਗਾਹ ਵਿਚ ਦਾਖਲ ਹੋਣ ਤੋਂ ਪਹਿਲਾਂ ਸ਼ੀਸ਼ੇ ਦੇ ਬਕਸੇ ਵਿਚ ਬੁੱਲ੍ਹੇ ਸ਼ਾਹ ਜੀ ਵਲੋਂ ਪਹਿਨੇ ਹੋਏ ਬਸਤਰ ਅਤੇ ਉਨ੍ਹਾਂ ਦਾ ਸਾਜ਼ ਕਿਸੇ ਆਸਮਈ ਰਮਜ਼ ਵਿਚ ਨਜ਼ਰ ਆਉਂਦੇ ਕਿ ਕਦੋਂ ਫਿਰ ਬਾਬਾ ਬੁੱਲੇ ਸ਼ਾਹ ਆਵੇਗਾ? ਮੇਰੀਆਂ ਤਾਰਾਂ ਨੂੰ ਛੇੜ, ਗੁੱਝੀਆਂ ਰਮਜ਼ਾਂ ਦੀਆਂ ਤਰਜ਼ਾਂ ਮੇਰੇ ਹਿੱਕ ਵਿਚ ਪੈਦਾ ਕਰੇਗਾ। ਫਿਰ ਵਿਸਮਾਦ ਵਿਚ ਰੰਗਿਆ ਬਾਬਾ ਕਸੂਰ ਦੀਆਂ ਬੀਹੀਆਂ ਅਤੇ ਬੂਹਿਆਂ ਨੂੰ ਆਪਣੇ ਰਮਜ਼ੀ ਬੋਲਾਂ ਤੇ ਰਹਿਬਰੀ ਦਸਤਕ ਨਾਲ ਨੂਰੋ-ਨੂਰ ਕਰੇਗਾ। ਹਰ ਦਰ ਤੇ ਘਰ ਨੂੰ ਨਿਆਮਤਾਂ ਸੰਗ ਵਰੇਗਾ। ਇਹ ਸਾਜ਼ ਉਨ੍ਹਾਂ ਦੇ ਅੰਗ-ਸੰਗ ਰਿਹਾ। ਇਹ ਸਾਜ਼ ਇਸ ਗੱਲ ਦਾ ਚਸ਼ਮਦੀਦ ਹੈ ਕਿ ਕਿਵੇਂ ਉਹ ਆਪਣੇ ਮੁਰਸ਼ਦ ਸਾਈਂ ਸ਼ਾਹ ਅਨਾਇਤ ਅਲੀ ਸਾਹਵੇਂ ਨੱਚਦਾ ਰਿਹਾ ਕਿਉਂਕਿ ਉਨ੍ਹਾਂ ਨੂੰ ਜਾਚ ਸੀ ਨੱਚ ਕੇ ਆਪਣੇ ਪੀਰ ਨੂੰ ਮਨਾਉਣ ਦੀ। ਸਾਈਂ ਦੀ ਸੰਗਤ ਮਾਣਦਿਆਂ ਉਸਦਾ ਅੰਦਰ ਨੱਚਦਾ ਅਤੇ ਇਹ ਅੰਦਰਲਾ ਨਾਚ ਹੀ ਜਦ ਬਾਹਰ ਨਿਕਲਦਾ ਤਾਂ ਉਸਦੇ ਪੈਰਾਂ ਵਿਚ ਤਾਲ ਅਤੇ ਬੰਨ੍ਹੇ ਹੋਏ ਘੁੰਗਰੂਆਂ ਵਿਚ ਨਾਦ ਪੈਦਾ ਹੁੰਦਾ ਸੀ। ਦਰਗਾਹ ਦੀ ਪ੍ਰਕਰਮਾ ਵਿਚ ਬੈਠੇ ਕੁਝ ਲੋਕ ਕੱਵਾਲੀਆਂ ਗਾ ਰਹੇ ਸਨ ਪਰ ਕਿਸਨੇ ਪੈਰਾਂ ਵਿਚ ਘੁੰਗਰੂ ਬੰਨ੍ਹ ਕੇ ਆਪਣੇ ਸਾਈਂ ਸ਼ਾਹ ਅਨਾਇਤ ਅਲੀ ਨੂੰ ਨੱਚ ਕੇ ਮਨਾਉਣਾ ਅਤੇ ਆਪਣਾ ਗਵਾ ਕੇ ਖ਼ੁਦ ਨੂੰ ਪਾਉਣਾ ਹੈ?
ਬਾਬਾ ਬੁੱਲ੍ਹੇ ਸ਼ਾਹ ਪਹੁੰਚਿਆ ਹੋਇਆ ਫ਼ਕੀਰ ਸੀ ਤਾਂ ਹੀ ਉਸਦਾ ਕਹਿਣਾ ਸੀ, “ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ, ਗੌਰ ਪਿਆ ਕੋਈ ਹੋਰ”। ਸਾਈਂ ਲੋਕ ਜਾਣਦੇ ਨੇ ਕਿ ਉਹ ਮਰ ਕੇ ਵੀ ਨਹੀਂ ਮਰਦੇ ਕਿਉਂਕਿ ਉਹ ਆਪਣੇ ਕਲਾਮ, ਕੀਰਤੀਆਂ ਅਤੇ ਕਰਮਯੋਗਤਾ ਰਾਹੀਂ ਸਮੇਂ ਦੇ ਹਰ ਗੇੜ ਵਿਚ ਹਾਜ਼ਰ-ਨਾਜ਼ਰ ਰਹਿੰਦੇ ਨੇ। ਬਕਸੇ ਵਿਚ ਬੰਦ ਇਹ ਸਾਜ਼ ਅਤੇ ਬਸਤਰ ਬਾਬਾ ਬੁੱਲ੍ਹੇ ਸ਼ਾਹ ਨੂੰ ਸਦਾ ਹਾਜ਼ਰ-ਨਾਜ਼ਰ ਸਮਝ, ਹੁਣ ਵੀ ਉਨ੍ਹਾਂ ਪਲਾਂ ਨੂੰ ਮੁੜ ਤੋਂ ਜੀਣ ਲਈ ਉਤਾਵਲੇ ਨੇ ਜਿਹੜੇ ਪਲ ਇਨ੍ਹਾਂ ਨੇ ਬਾਬਾ ਬੁੱਲੇ ਸ਼ਾਹ ਦੀ ਸੰਗਤ ਵਿਚ ਭਰਪੂਰਤਾ ਸੰਗ ਜੀਵੇ ਅਤੇ ਮਾਣੇ। ਇਨ੍ਹਾਂ ਬਸਤਰਾਂ ਵਿਚ ਬਾਬਾ ਬੁੱਲ੍ਹੇ ਸ਼ਾਹ ਦੇ ਪਿੰਡੇ ਦੀ ਮਹਿਕ, ਸਾਜ਼ ਵਿਚ ਉਨ੍ਹਾਂ ਦੇ ਪੋਟਿਆਂ ਦੀ ਛੋਹ, ਬਾਬਾ ਜੀ ਦੀ ਰੂਹ-ਰੇਜ਼ਤਾ ਤੇ ਰੂਹ- ਰੰਗਤਾ ਤਾਰੀ ਏ। ਇਨ੍ਹਾਂ ਵਿਚੋਂ ਹੀ ਤੁਸੀਂ ਬਾਬਾ ਬੁੱਲੇ੍ਹ ਸ਼ਾਹ ਦੇ ਸਾਖ਼ਸ਼ਾਤ ਦਰਸ਼ਨ ਕਰ ਸਕਦੇ ਹੋ।
ਬਾਬਾ ਬੁੱਲ੍ਹੇ ਸ਼ਾਹ ਦੇ ਦਰਬਾਰ ਵਿਚ ਨਤਮਸਤਕ ਹੋਏ ਤਾਂ ਦਰਗਾਹ ਦੇ ਮੌਲਵੀ ਅਤੇ ਹਾਜ਼ਰੀਨ ਨੇ ਸਾਡੀ ਖੁਸ਼-ਮਿਜ਼ਾਜ਼ੀ ਲਈ ਮੰਨਤਾਂ ਵੀ ਮੰਗੀਆਂ ਅਤੇ ਦੁਆਵਾਂ ਵੀ ਦਿੱਤੀਆਂ। ਅਸੀਂ ਬਾਬਾ ਬੁੱਲ੍ਹੇ ਸ਼ਾਹ ਕੋਲੋਂ ਦੁਆ ਮੰਗੀ ਕਿ ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਸਦਾ ਖੁਸ਼ ਰਹਿਣ। ਉਹ ਪੰਜਾਬੀ ਅਤੇ ਇਸਦੇ ਸਭਿਆਚਾਰ ਨਾਲ ਮੋਹ ਪਾਲਦੇ ਰਹਿਣ। ਉਨ੍ਹਾਂ ਦੇ ਚੇਤਿਆਂ ਵਿਚੋਂ ਕਦੇ ਨਾ ਵਿਸਰਨ ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ, ਗੁਰੂ ਨਾਨਕ, ਸਾਈਂ ਮੀਆਂ ਮੀਰ, ਪੀਲੂ, ਵਾਰਸ ਸ਼ਾਹ, ਬਾਬਾ ਨਜ਼ਮੀ, ਸਿ਼ਵ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਹੋਰ ਸਾਰੇ ਅਦੀਬ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪ੍ਰਣਾਏ ਹੋਏ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਬਣੇ। ਇਸਦੀ ਬੁਲੰਦਗੀ ਦੀ ਅਰਦਾਸ ਅਤੇ ਅਜ਼ਾਨ ਹਨ। ਦਰਗਾਹਾਂ ਅਤੇ ਹੋਰ ਧਾਰਮਿਕ ਅਸਥਾਨ `ਤੇ ਮੇਲੇ ਲੱਗਦੇ ਰਹਿਣ। ਰੂਹਦਾਰੀ ਨਾਲ ਜਿਊਣ ਵਾਲੇ ਪੰਜਾਬੀ ਆਪਣੀ ਦੀਦਾ-ਦਲੇਰੀ, ਦਰਿਆ-ਦਿਲੀ ਅਤੇ ਦਯਾ-ਭਾਵਨਾ ਨਾਲ ਦੁਨੀਆਂ ਦੇ ਹਰੇਕ ਬਸਿੰ਼ਦੇ ਦਾ ਮਨ ਮੋਂਹਦੇ ਰਹਿਣ ਅਤੇ ਪੰਜਾਬੀ ਦੀ ਅਲੰਬਰਦਾਰਤਾ ਨੂੰ ਚਾਰ ਚੰਨ ਲਾਉਂਦੇ ਰਹਿਣ।
ਬਾਬਾ ਬੁੱਲ੍ਹੇ ਸ਼ਾਹ ਦੇ ਦਰਬਾਰ ਵਿਚ ਇਕੱਲਾ ਹੀ ਪਗੜੀਧਾਰੀ ਸਰਦਾਰ ਸਾਂ। ਮੈਨੂੰ ਅਕੀਦਤ ਭੇਟ ਕਰਦਿਆਂ ਨੂੰ ਤੱਕ ਕੇ, ਬਹੁਤ ਸਾਰੇ ਲੋਕ ਇਕੱਤਰ ਹੋ ਗਏ। ਉਹ ਬਹੁਤ ਹੀ ਅਦਬ ਅਤੇ ਮੋਹਵੰਤੀਆਂ ਨਜ਼ਰਾਂ ਨਾਲ ਚਿਰ-ਵਿਛੁੰਨੇ ਆਪਣੇ ਸਰਦਾਰ ਭਰਾ ਦੇ ਦਰਸ਼ਨ ਕਰ ਕੇ ਖੁਸ਼ ਹੋ ਰਹੇ ਸਨ। ਦਰਅਸਲ ਪੰਜਾਬੀਆਂ ਲਈ ਸਾਰੇ ਪੀਰ/ਫ਼ਕੀਰ ਸਾਂਝੇ ਨੇ। ਸਾਂਝੇ ਨੇ ਗੁਰੂ ਅਤੇ ਔਲੀਏ। ਸਾਰੀਆਂ ਹੀ ਧਾਰਮਿਕ ਥਾਵਾਂ ਸਭ ਲਈ ਹੀ ਅਕੀਦਤਯੋਗ। ਪੂਰਨ ਸਤਿਕਾਰ, ਅਦਬ ਅਤੇ ਸ਼ਰਧਾ ਨਾਲ ਨਤਮਸਤਕ ਹੋਣਾ, ਸਾਰੇ ਪੰਜਾਬੀ ਆਪਣਾ ਧੰਨਭਾਗ ਸਮਝਦੇ।
ਦਰਬਾਰ ਤੋਂ ਬਾਹਰ ਆਏ ਤਾਂ ਲੋਕਲ ਟੀਵੀ ਚੈਨਲ ਵਾਲਾ ਇਕ ਸਖ਼ਸ਼ ਪੁੱਛਣ ਲੱਗਾ ਕਿ ਤੁਹਾਨੂੰ ਇਸ ਦਰਗਾਹ ਵਿਚ ਆ ਕੇ ਕਿਵੇਂ ਲੱਗਦਾ ਹੈ? ਤਾਂ ਮੈਂ ਕਿਹਾ ਕਿ ਮੈਂ ਆਪਣੇ ਹੀ ਸਾਈਂ ਦੇ ਦਰਬਾਰ ਆਇਆ ਹਾਂ। ਬਾਬਾ ਬੁੱਲ੍ਹੇ ਸ਼ਾਹ ਵਰਗੇ ਉਚ-ਦੁਮੇਲੜੇ ਫ਼ਕੀਰ ਦੀ ਦਰਗਾਹ `ਤੇ ਆਉਣ ਨੂੰ ਧੰਨਭਾਗ ਸਮਝਦਾ ਹਾਂ। ਕਿਤਾਬਾਂ ਵਿਚ ਬੁੱਲ੍ਹੇ ਸ਼ਾਹ ਦਾ ਕਲਾਮ ਬਹੁਤ ਪੜ੍ਹਿਆ ਸੀ ਅਤੇ ਸੁਣਿਆ ਵੀ ਬਹੁਤ ਸੀ। ਪਰ ਉਨ੍ਹਾਂ ਦੇ ਦਰਬਾਰ ਵਿਚ ਆ ਕੇ ਰੂਹ ਸ਼ਰਸ਼ਾਰ ਹੋ ਗਈ ਹੈ। ਮੇਰੇ ਲਈ ਇਹ ਜਿ਼ਆਰਤ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਬਾਬਾ ਬੁੱਲ੍ਹੇ ਸ਼ਾਹ ਜੀ ਦੇ ਸਾਈਂ ਬਾਬਾ ਸ਼ਾਹ ਅਨਾਇਤ ਅਲੀ ਜੀ ਦੀ ਦਰਗਾਹ ਮੇਰੇ ਪਿੰਡ ਵਿਚ ਹੈ ਜੋ ਸਾਰੇ ਪਿੰਡ ਵਾਸੀਆਂ ਲਈ ਬਹੁਤ ਹੀ ਪੂਜਣ-ਯੋਗ ਜਗ੍ਹਾ ਹੈ। ਉਥੇ ਹਰ ਸਾਲ ਪੰਦਰਾਂ ਹਾੜ ਨੂੰ ਉਨ੍ਹਾਂ ਦੀ ਯਾਦ ਵਿਚ ਬਹੁਤ ਹੀ ਭਰਵਾਂ ਮੇਲਾ ਲੱਗਦਾ ਹੈ ਜਿਸ ਵਿਚ ਦੇਸ਼-ਵਿਦੇਸ਼ ਵਿਚ ਵੱਸਦੇ ਮੇਰੇ ਪਿੰਡ ਵਾਸੀਆਂ ਦਾ ਹਾਜ਼ਰੀ ਲਗਵਾਉਣਾ ਸੁਨਿਸ਼ਚਿਤ ਹੁੰਦਾ ਹੈ। ਮੈਂ ਤਾਂ ਪਾਕਿਸਤਾਨ ਆਉਣ ਵੇਲੇ ਹੀ ਸੋਚਿਆ ਸੀ ਉਨ੍ਹਾਂ ਮੁਕੱਦਸ ਜਗਾਵਾਂ `ਤੇ ਜ਼ਰੂਰ ਜਾਣਾ ਹੈ ਜਿਨ੍ਹਾਂ ਦਾ ਮੇਰੇ ਪਿੰਡ ਨਾਲ ਕਿਸੇ ਨਾ ਕਿਸੇ ਕਿਸਮ ਦਾ ਕੋਈ ਸਬੰਧ ਜਾਂ ਵਾਸਤਾ ਏ। ਮੈਂ ਲਾਹੌਰ ਵਿਖੇ ਬਾਬਾ ਸ਼ਾਹ ਅਨਾਇਤ ਅਲੀ ਦੇ ਦਰਬਾਰ `ਤੇ ਵੀ ਜ਼ਰੂਰ ਜਾਵਾਂਗਾ ਤਾਂ ਕਿ ਮੈਂ ਆਪਣੇ ਪਿੰਡ ਵਾਲਿਆਂ ਵਲੋਂ ਉਨ੍ਹਾਂ ਦੇ ਚਰਨਾਂ ਵਿਚ ਨਤਮਸਤਕ ਹੋ ਸਕਾਂ। ਐਂਕਰ ਦਾ ਮੁਹੱਬਤੀ ਅੰਦਾਜ਼ ਅਤੇ ਉਸਦੇ ਬੋਲਾਂ ਵਿਚ ਭਰੀ ਅਪਣੱਤ ਕਮਾਲ ਸੀ। ਅਮਰੀਕਾ ਤੋਂ ਆ ਕੇ ਬੁੱਲ੍ਹੇ ਸ਼ਾਹ ਦੇ ਦਰਬਾਰ ਵਿਚ ਮੇਰੀ ਭਰੀ ਹਾਜ਼ਰੀ ਬਾਰੇ ਉਹ ਆਪਣੇ ਦਰਸ਼ਕਾਂ ਨੂੰ ਬਾਰ-ਬਾਰ ਦੱਸ ਅਤੇ ਸਮਝਾ ਰਿਹਾ ਸੀ ਕਿ ਮਨ ਵਿਚ ਕਿਸੇ ਵੀ ਜਗ੍ਹਾ ਦੀ ਅਕੀਦਤ ਕਰਨ ਦੀ ਤਮੰਨਾ ਹੋਵੇ ਤਾਂ ਖ਼ੁਦਾ ਕੋਈ ਨਾ ਕੋਈ ਅਜਿਹਾ ਸਬੱਬ ਜ਼ਰੂਰ ਬਣਾ ਦਿੰਦਾ ਹੈ ਕਿ ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।
ਦਰਗਾਹ ਤੋਂ ਬਾਹਰ ਨਿਕਲ ਰਿਹਾ ਸਾਂ ਤਾਂ ਮੈਨੂੰ ਬਾਬਾ ਬੁੱਲ੍ਹੇ ਸ਼ਾਹ ਬਾਰੇ ਇਕ ਦੰਦ ਕਥਾ ਯਾਦ ਆਈ ਕਿ `ਕੇਰਾਂ ਬਾਬਾ ਬੁੱਲ੍ਹੇ ਸ਼ਾਹ ਲਾਹੌਰ ਦੇ ਬਾਜ਼ਾਰ ਵਿਚ ਦੁੱਧ ਲੈਣ ਗਏ। ਦੇਖਿਆ ਕਿ ਇਕ ਨੌਜਵਾਨ ਗਵਾਲਣ ਤਖਤਪੋਸ਼ `ਤੇ ਦੁੱਧ ਦੀਆਂ ਗਾਗਰਾਂ ਰੱਖੀ ਦੁੱਧ ਵੇਚ ਰਹੀ ਸੀ। ਉਹ ਪੈਸੇ ਗਿਣਦੀ ਅਤੇ ਗਾਹਕ ਦੇ ਭਾਂਡੇ ਵਿਚ ਦੁੱਧ ਪਾ ਦਿੰਦੀ। ਇੰਨੇ ਚਿਰ ਨੂੰ ਇਕ ਖੂਬਸੂਰਤ ਨੌਜਵਾਨ ਦੁੱਧ ਲੈਣ ਆਇਆ। ਗਵਾਲਣ ਨੇ ਬਿਨ-ਗਿਣਿਆਂ ਹੀ ਪੈਸੇ ਲੈ ਲਏ ਅਤੇ ਉਸ ਦਾ ਭਾਂਡਾ ਦੁੱਧ ਨਾਲ ਨੱਕੋ-ਨੱਕ ਭਰ ਦਿੱਤਾ। ਇਹ ਦੇਖ ਕੇ ਬਾਬਾ ਬੁੱਲੇ੍ਹ ਸ਼ਾਹ ਹੈਰਾਨ ਹੋਇਆ ਕਿ ਉਸ ਨੇ ਪੈਸੇ ਵੀ ਨਹੀਂ ਗਿਣੇ ਅਤੇ ਦੁੱਧ ਵੀ ਅਣਮਿਣਿਆਂ ਹੀ ਭਾਂਡੇ ਵਿਚ ਪਾ ਦਿੱਤਾ ਹੈ। ਬਾਬਾ ਬੁੱਲ੍ਹੇ ਸ਼ਾਹ ਨੇ ਸੁੰਦਰ ਗਵਾਲਣ ਨੂੰ ਪੁੱਛਿਆ ਕਿ ਤੂੰ ਇਸ ਨੌਜਵਾਨ ਦੇ ਪੈਸੇ ਵੀ ਨਹੀਂ ਗਿਣੇ ਅਤੇ ਦੁੱਧ ਵੀ ਅਣਮਿਣਿਆਂ ਹੀ ਦੇ ਦਿੱਤਾ ਹੈ? ਤਾਂ ਉਸ ਦਾ ਉਤਰ ਸੀ ਕਿ ਬਾਬਾ! ਪਿਆਰ-ਮੁਹੱਬਤ ਵਿਚ ਹਿਸਾਬ-ਕਿਤਾਬ ਨਹੀਂ ਹੁੰਦਾ। ਬਾਬਾ ਬੁੱਲ੍ਹੇ ਸ਼ਾਹ ਹੈਰਾਨੀ ਨਾਲ ਇਹ ਸੋਚਦਾ ਪਰਤ ਆਇਆ ਕਿ ਮੇਰੇ ਨਾਲੋਂ ਤਾਂ ਇਹ ਗਵਾਲਣ ਹੀ ਸਿਆਣੀ ਹੈ ਜਿਹੜੀ ਜਾਣਦੀ ਹੈ ਕਿ ਪਿਆਰਿਆਂ ਨਾਲ ਕਦੇ ਹਿਸਾਬ ਕਿਤਾਬ ਨਹੀਂ ਕਰੀਦਾ। ਮੈਂ ਤਾਂ ਐਵੇਂ ਹੀ ਆਪਣੇ ਸਾਈਂ ਨਾਲ ਹਿਸਾਬ-ਕਿਤਾਬ ਵਿਚ ਉਲਝਿਆ ਰਿਹਾ। ਖੁਦ ਨੂੰ ਆਪਣੇ ਪਿਆਰੇ ਅੱਗੇ ਅਰਪਿਤ ਕਰਨਾ ਹੀ ਸਭ ਤੋਂ ਵੱਡੀ ਭਗਤੀ ਅਤੇ ਖੁ਼ਦਾ ਨੂੰ ਪਾਉਣਾ ਹੁੰਦਾ ਹੈ।
ਇਨ੍ਹਾਂ ਸੋਚਾਂ ਵਿਚ ਗਵਾਚਿਆ ਹੀ ਮੈਂ ਬਾਹਰ ਨਿਕਲ ਕੇ ਬਾਜ਼ਾਰ ਵਿਚ ਆ ਗਿਆ ਤਾਂ ਇਕ ਨੌਜਵਾਨ ਔਰਤ ਸਾਡੇ ਵੱਲ ਅਹੁਲੀ। ਮੇਰੀ ਪਤਨੀ ਨੂੰ ਦੱਸਣ ਲੱਗੀ ਕਿ ਮੈਂ ਵਿਦੇਸ਼ ਤੋਂ ਆਈ ਹਾਂ। ਮੇਰੇ ਪੇਕੇ ਬਟਾਲੇ ਹਨ ਅਤੇ ਮੈਂ ਆਪਣੇ ਸਹੁਰਿਆਂ ਦੇ ਸ਼ਹਿਰ ਕਸੂਰ ਆਈ ਹਾਂ। ਚੰਗਾ ਲੱਗਾ ਉਸਨੂੰ ਮਿਲ ਕੇ। ਸੋਚਦੇ ਰਹੇ ਕਿ ਅਗਰ ਇਸ ਤਰ੍ਹਾਂ ਦੋਹਾਂ ਪੰਜਾਬਾਂ ਵਿਚ ਰਿਸ਼ਤੇਦਾਰੀਆਂ ਅਤੇ ਸਬੰਧ ਪੈਦਾ ਹੁੰਦੇ ਰਹਿਣ ਤਾਂ ਪੰਜਾਬੀਆਂ ਦੀ ਪੀਢੀ ਸਾਂਝ `ਤੇ ਕੋਈ ਆਂਚ ਕਦੇ ਨਹੀਂ ਆਵੇਗੀ।
ਇਥੇ ਹੀ ਅਸ਼ਰਫ਼ ਸੁਹੇਲ ਹੋਰਾਂ ਦਾ ਮਿੱਤਰ ਅਤੇ ਬਾਲ ਲੇਖਕ ਅਕਬਰ ਆਪਣੇ ਦੋ ਪਿਆਰੇ ਬੱਚਿਆਂ ਨਾਲ ਮਿਲਣ ਲਈ ਆ ਗਿਆ। ਉਸਨੇ ਬਹੁਤ ਜ਼ੋਰ ਲਾਇਆ ਕਿ ਘਰ ਚੱਲੀਏ ਅਤੇ ਰਾਤ ਦਾ ਖਾਣ ਖਾ ਕੇ ਜਾਣਾ। ਪਰ ਅਸੀਂ ਉਸਦੀ ਮਨ-ਪਸੰਦ ਦੁਕਾਨ ਤੋਂ ਕਸੂਰ ਦੀ ਮਸ਼ਹੂਰ ਫਲੂਦਾ ਕੁਲਫ਼ੀ ਖਾਂਦਿਆਂ, ਉਸਦੇ ਨਿੱਕੇ ਬੱਚਿਆਂ ਦੀ ਸੰਗਤ ਵੀ ਮਾਣੀ। ਉਨ੍ਹਾਂ ਦੀਆਂ ਅਣਭੋਲ ਅਤੇ ਮਾਸੂਮ ਜਿਹੀਆਂ ਗੱਲਾਂ ਵਿਚੋਂ ਝਰਦੀ ਮਾਸੂਮੀਅਤ ਅਤੇ ਨਿਰਛਲਤਾ ਦਾ ਨਿੱਘਾ ਰੂਪ ਵੀ ਮਾਣਿਆ। ਬੱਚਿਆਂ ਦੀ ਇਹ ਕੇਹੀ ਪਾਕੀਜ਼ਗੀ ਹੁੰਦੀ ਕਿ ਹਰ ਵਿਅਕਤੀ ਬੱਚਾ ਬਣਨਾ ਲੋਚਦਾ ਕਿਉਂਕਿ ਜਦ ਵਿਅਕਤੀ ਵੱਡਾ ਹੁੰਦਾ ਤਾਂ ਦੁਨਿਆਵੀ ਕੂੜ-ਕਬਾੜ, ਕੁਫ਼ਰ, ਕਾਇਰਤਾ ਅਤੇ ਕਮੀਨਗੀ ਦੀਆਂ ਪਰਤਾਂ ਵਿਚ ਜਿਉਂਦਾ, ਖੁ਼ਦ ਤੋਂ ਬੇਮੁਖ ਹੋ ਜਾਂਦਾ। ਫਿਰ ਆਪਣੀ ਅਮਾਨਵਤਾ `ਤੇ ਰੋਂਦਾ, ਮਾਯੂਸੀ ਅਤੇ ਉਦਾਸੀ ਦੇ ਆਲਮ ਵਿਚ ਜਿਊਣ ਜੋਗਾ ਹੀ ਰਹਿ ਜਾਂਦਾ ਹੈ। ਬੰਦੇ ਵਿਚ ਬਚਪਨਾ ਝਲਕਦਾ ਰਹੇ ਤਾਂ ਉਹ ਸਾਰੀ ਉਮਰ ਬਚਪਨੀ ਬੇਲਾਗਤਾ ਅਤੇ ਪਾਰਦਰਸ਼ਤਾ ਦਾ ਸਿਰਨਾਵਾਂ ਬਣਿਆ ਰਹਿੰਦਾ ਏ।
ਰੂਹ-ਰੱਜਤਾ ਵਿਚ ਲੀਨ ਹੋਏ ਬਾਹਰ ਨਿਕਲੇ ਤਾਂ ਰਾਤ ਉਤਰ ਆਈ ਸੀ। ਰੌਸ਼ਨੀਆਂ ਵਿਚ ਜਗਮਗਾਉਂਦੇ ਕਸੂਰ ਦੀ ਰੌਸ਼ਨੀ ਵਿਚ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਰੌਸ਼ਨੀ ਸਭ ਤੋਂ ਜਿ਼ਆਦਾ ਤੇਜ਼ ਅਤੇ ਦੂਰ-ਦੂਰ ਤੀਕ ਫੈਲ ਰਹੀ ਸੀ। ਇਸ ਰੌਸ਼ਨੀ ਵਿਚ ਰੰਗਿਆਂ ਨੇ, ਅਸੀਂ ਲਾਹੌਰ ਨੂੰ ਮੋੜੇ ਪਾ ਦਿੱਤੇ ਕਿਉਂਕਿ ਅਸ਼ਰਫ਼ ਸੁਹੇਲ ਹੁਰਾਂ ਦੀ ਬੇਗਮ ਦਾ ਫ਼ੋਨ ਵਾਰ-ਵਾਰ ਆ ਰਿਹਾ ਸੀ ਕਿ ਉਹ ਕਦੋਂ ਲਾਹੌਰ ਪਹੁੰਚ ਜਾਣਗੇ? ਲਾਹੌਰ ਜਿਸਨੂੰ ਰਾਤ ਵੇਲੇ ਰੌਸ਼ਨੀਆਂ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਸੀ ਕਿਉਂਕਿ ਲਾਹੌਰ ਵਰਗਾ ਸ਼ਹਿਰ ਰਾਤ ਨੂੰ ਕਦੋਂ ਸੌਂਦਾ ਏ?