ਭਗਵੰਤ ਮਾਨ ਦਾ ਜੱਦੀ ਸ਼ਹਿਰ ਸੰਗਰੂਰ ਬਣਿਆ ਸੰਘਰਸ਼ ਦਾ ਅਖਾੜਾ

ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਸ਼ਹਿਰ ਸੰਗਰੂਰ ਸੰਘਰਸ਼ ਦਾ ਅਖਾੜਾ ਬਣਿਆ ਹੋਇਆ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਇਥੇ ਪੱਕੇ ਮੋਰਚੇ ਲਾਏ ਹੋਏ ਹਨ। ਸੰਘਰਸ਼ੀਆਂ ਦੇ ਮੰਤਰੀਆਂ ਦੇ ਘਰਾਂ ਨੂੰ ਘੇਰਿਆ ਜਾ ਰਿਹਾ ਹੈ।

ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਦੋ ਆਗੂ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਇਹ ਅਧਿਆਪਕ ਪਿਛਲੇ ਡੇਢ ਹਫਤੇ ਤੋਂ ਇਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਮਰਨ ਵਰਤ ‘ਤੇ ਬੈਠੇ ਹਨ। ਟੈਂਕੀ ‘ਤੇ ਚੜ੍ਹਨ ਵਾਲਿਆਂ ਵਿਚ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਣੇ ਦੋ ਬੇਰੁਜ਼ਗਾਰ ਅਧਿਆਪਕ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਟੈਂਕੀ ‘ਤੇ ਵੀ ਮਰਨ ਵਰਤ ਜਾਰੀ ਰੱਖਣਗੇ।
ਇਸੇ ਤਰ੍ਹਾਂ ਸਰਕਾਰੀ ਵਿਭਾਗਾਂ ਦੇ ਆਊਟਸੋਰਸ ਤੇ ਐਨਾਲਿਸਟਮੈਂਟ ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਸਮੇਤ ਹੋਰ ਮੰਗਾਂ-ਮਸਲਿਆਂ ਦਾ ਹੱਲ ਕਰਵਾਉਣ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਕੱਚੇ ਮੁਲਾਜ਼ਮਾਂ ਵੱਲੋਂ ਧੂਰੀ ‘ਚ ਬੱਬਨਪੁਰ ਨਹਿਰ ਦੇ ਪੁਲ ਕੋਲ ਆਰੰਭੇ ਧਰਨੇ ਦੌਰਾਨ ਲੁਧਿਆਣਾ-ਧੂਰੀ ਮਾਰਗ ‘ਤੇ ਆਵਾਜਾਈ ਰੋਕੀ ਗਈ। ਇਸ ਮੌਕੇ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਠੇਕਾ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕਈ-ਕਈ ਸਾਲਾਂ ਤੋਂ ਵੱਖ-ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾਅ ਰਹੇ ਆਊਟਸੋਰਸ ਅਤੇ ਐਨਾਲਿਸਟਮੈਂਟ ਠੇਕਾ ਮੁਲਾਜ਼ਮ ਹਰ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਆਏ ਹਨ, ਪਰ ਸਰਕਾਰਾਂ ਸਦਾ ਹੀ ਇਨ੍ਹਾਂ ਨੂੰ ਪੱਕੇ ਕਰਨ ਤੋਂ ਭੱਜਦੀਆਂ ਰਹੀਆਂ ਹਨ।
ਇਸ ਦੇ ਉਲਟ ਹਰੇਕ ਅਦਾਰੇ ਵਿੱਚ ਨਿੱਜੀਕਰਨ/ ਪੰਚਾਇਤੀਕਰਨ ਕੀਤਾ ਜਾ ਰਿਹਾ ਹੈ। ਰਾਜ ਮਾਰਗ ਨੂੰ ਜਾਮ ਕਰਨ ਲਈ ਪਹੁੰਚੇ ਵੱਡੀ ਗਿਣਤੀ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਇਕੱਠ ਮਗਰੋਂ ਮੁੱਖ ਮੰਤਰੀ ਪੰਜਾਬ ਵੱਲੋਂ 28 ਅਕਤੂਬਰ ਨੂੰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਲਈ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਦੇ ਨਾਲ ਤੈਅ ਹੋਈ ਪੈਨਲ ਮੀਟਿੰਗ ‘ਚ ਆਊਟਸੋਰਸ/ਐਨਾਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸਬੰਧਤ ਵਿਭਾਗਾਂ ਵਿਚ ਮਰਜ਼ ਕਰਕੇ ਰੈਗੂਲਰ ਕਰਨ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ, ਨਿੱਜੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਤੇ ਧਨਾਢ ਠੇਕੇਦਾਰਾਂ ਨੂੰ ਸਰਕਾਰੀ ਵਿਭਾਗਾਂ ‘ਚੋਂ ਬਾਹਰ ਕੱਢ ਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਆਦਿ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ।
ਮਜੀਠੀਆ ਵੱਲੋਂ ਅਧਿਆਪਕਾਂ ਦੀ ਹਮਾਇਤ
ਮੁਹਾਲੀ: ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਦਾ ਰੋਹ ਲਗਾਤਾਰ ਵਧ ਰਿਹਾ ਹੈ। ਦੋ ਔਰਤਾਂ ਸਿੱਪੀ ਸ਼ਰਮਾ ਅਤੇ ਵੀਰਪਾਲ ਕੌਰ ਪਿੰਡ ਸੋਹਾਣਾ ਦੀ ਪਾਣੀ ਵਾਲੀ ਟੈਂਕੀ ਉਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੀਆਂ ਹੋਈਆਂ ਹਨ ਜਦੋਂਕਿ ਬਾਕੀ ਸਾਥੀ ਟੈਂਕੀ ਦੇ ਥੱਲੇ ਲੜੀਵਾਰ ਧਰਨੇ ‘ਤੇ ਬੈਠੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਧਰਨੇ ਵਿਚ ਪਹੁੰਚ ਕੇ ਸੰਘਰਸ਼ ਦੀ ਹਮਾਇਤ ਕੀਤੀ। ਉਨ੍ਹਾਂ ‘ਆਪ‘ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਚੋਣ ਵਾਅਦਿਆਂ ਤੋਂ ਮੁਨਕਰ ਹੋਣ ਦਾ ਦੋਸ਼ ਲਾਇਆ।