ਤੈਅ ਸਮੇਂ `ਚ ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ ਕਰਵਾਉਣ ਦਾ ਐਲਾਨ

ਚੰਡੀਗੜ੍ਹ: ਪੰਚਕੂਲਾ ਸਥਿਤ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਚ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਗੁਰਦੁਆਰਾ ਸਾਹਿਬ ਵਿਚ ਹੋਈ ਅਰਦਾਸ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਵੱਡੀ ਗਿਣਤੀ ਵਿਚ ਮੌਜੂਦ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸੁਪਰੀਮ ਕੋਰਟ ਵਿਚ ਹਰਿਆਣਾ ਵਿਚ ਅਲੱਗ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਕੇਸ ਦੀ ਵਧੀਆ ਤਰੀਕੇ ਨਾਲ ਪੈਰਵੀ ਕੀਤੀ।

ਇਸ ਦਾ ਨਤੀਜਾ ਇਹ ਰਿਹਾ ਕਿ ਫੈਸਲਾ ਹਰਿਆਣਾ ਦੀ ਸਿੱਖ ਸੰਗਤ ਦੇ ਪੱਖ ਵਿਚ ਆਇਆ। ਇਸ ਨਾਲ ਪੰਥ ਨੂੰ ਏਕਤਾ ਅਤੇ ਮਜ਼ਬੂਤੀ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ 18 ਮਹੀਨਿਆਂ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਜਾਵੇਗੀ, ਉਦੋਂ ਤੱਕ ਐਡਹਾਕ ਕਮੇਟੀ ਵਿਵਸਥਾ ਦੇਖੇਗੀ। ਚੋਣ ਵਿਚ ਸਿੱਖ ਸਮਾਜ ਜਿਸ ਨੂੰ ਚੁਣੇਗਾ, ਉਸ ਨੂੰ ਕਮੇਟੀ ਦੀ ਕਮਾਨ ਸੌਂਪ ਦਿੱਤੀ ਜਾਵੇਗੀ। ਇਸ ਵਿਚ ਸਰਕਾਰ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ ਹੋਵੇਗੀ ਅਤੇ ਚੋਣ ਤੋਂ ਬਾਅਦ ਐਡਹਾਕ ਕਮੇਟੀ ਆਪਣਾ ਕੰਮਕਾਜ ਨਵੀਂ ਚੁਣੀ ਕਮੇਟੀ ਨੂੰ ਸਪੁਰਦ ਕਰ ਦੇਵੇਗੀ।
ਉਨ੍ਹਾਂ ਕਿਹਾ ਕਿ ਪੰਚਕੂਲਾ ਵਿਚ ਐਚ.ਐਸ.ਆਈ. ਡੀ.ਸੀ. ਦਾ ਪਲਾਟ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਦੇਣ ਦੀ ਗੱਲ ਚੱਲ ਰਹੀ ਹੈ। ਜਲਦ ਹੀ ਇਸ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਤੋਂ ਆਪਣੇ ਹੱਥ ਵਿਚ ਪ੍ਰਬੰਧ ਦੀ ਤਾਕਤ ਮਿਲੀ ਹੈ ਅਤੇ ਉਸ ਤਾਕਤ ਦਾ ਬਾਖੂਬੀ ਇਸਤੇਮਾਲ ਕਰਦੇ ਹੋਏ ਬਿਨਾਂ ਕਿਸੇ ਭੇਦਭਾਵ ਦੇ ਸਮਾਜ ਹਿੱਤ ਵਿਚ ਕੰਮ ਕਰਾਂਗੇ।
ਮੁੱਖ ਮੰਤਰੀ ਨੇ ਉਮੀਦ ਪ੍ਰਗਟਾਉਂਦੇ ਹੋਏ ਕਿਹਾ ਕਿ ਪੂਰਾ ਸਿੱਖ ਸਮਾਜ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਇਕਜੁੱਟ ਹੋ ਕੇ ਚੱਲੇਗਾ ਅਤੇ ਸਮਾਜ ਹਿੱਤ ਵਿਚ ਬਿਹਤਰੀਨ ਕੰਮ ਕਰੇਗਾ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਵੱਲੋਂ ਸਿੱਖ ਸਮਾਜ ਨੂੰ ਪੂਰਾ ਸਹਿਯੋਗ ਮਿਲੇਗਾ ਅਤੇ ਸਾਰੇ ਮਿਲ ਕੇ ਸਮਾਜ ਦਾ ਭਲਾ ਕਰਾਂਗੇ।
ਸਿੱਖ ਜਗਤ ਸਰਬਸੰਮਤੀ ਨਾਲ ਚੱਲੇ: ਬੀਰੇਂਦਰ ਸਿੰਘ
ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਬਾਰੇ ਸੁਪਰੀਮ ਕੋਰਟ ਵੱਲੋਂ ਦਿੱਤੇ ਇਤਿਹਾਸਕ ਫੈਸਲੇ ਨੂੰ ਮੰਨਦੇ ਹੋਏ ਆਪਸ ਵਿਚ ਮਿਲ ਬੈਠ ਕੇ ਸਰਬਸੰਮਤੀ ਨਾਲ ਚੱਲਣ ਤੇ ਸ਼੍ਰੋਮਣੀ ਕਮੇਟੀ (ਅੰਮ੍ਰਿਤਸਰ) ਦੀ ਸਰਬਉੱਚਤਾ ਮੰਨ ਕੇ ਅੱਗੇ ਵਧਣ ਤੇ ਹਰਿਆਣੇ ਦੇ ਸਿੱਖਾਂ ਦੀ ਬਾਂਹ ਫੜ੍ਹ ਕੇ ਉਨ੍ਹਾਂ ਨੂੰ ਵੀ ਨਾਲ ਲੈ ਕੇ ਚੱਲਣ। ਚੌਧਰੀ ਬੀਰੇਂਦਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਤੁਰਤ ਦਖਲ ਦੇ ਕੇ ਸਾਰੇ ਸਿੱਖ ਜਗਤ ਦੀ ਰਹਿਨੁਮਾਈ ਕਰਨ।