ਗਾਇਕਾ ਜੈਨੀ ਜੌਹਲ ਦਾ ਗੀਤ ‘ਲੈਟਰ ਟੂ ਸੀ.ਐੱਮ.` ਯੂਟਿਊਬ ਤੋਂ ਹਟਾਇਆ

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਇਨਸਾਫ਼ ਦੀ ਮੰਗ ਲਈ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ। 8 ਅਕਤੂਬਰ ਨੂੰ ਰਿਲੀਜ਼ ਹੋਏ ਜੈਨੀ ਦੇ ਇਸ ਗੀਤ ਨੇ ਪੰਜਾਬ ਦੀ ਸਿਆਸਤ ‘ਚ ਹਲਚਲ ਮਚਾ ਦਿੱਤੀ ਹੈ।

ਇਸ ਗੀਤ ਦਾ ਟਾਈਟਲ ‘ਲੈਟਰ ਟੂ ਮੁੱਖ ਮੰਤਰੀ` ਹੈ। ਇਸ ਗੀਤ `ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ। ਇਸ ਗੀਤ ਨੂੰ ਖੁਦ ਜੈਨੀ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ। ਜੈਨੀ ਦਾ ਇਹ ਗੀਤ 8 ਅਕਤੂਬਰ ਸ਼ਨਿਚਰਵਾਰ ਨੂੰ ਹੀ ਯੂਟਿਊਬ `ਤੇ ਰਿਲੀਜ਼ ਹੋਇਆ ਸੀ।
ਇਸ ਗੀਤ ਨੂੰ ਬਲਾਕ ਹੋਣ ਤੱਕ 2 ਲੱਖ 32 ਹਜ਼ਾਰ 463 ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 47 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ। ਗੀਤ ਵਿਚ ਮੁੱਖ ਮੰਤਰੀ ਗੁਜਰਾਤ `ਚ ਵੋਟਾਂ ਲਈ ਘੁੰਮਣ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਇਨਸਾਫ ਦੀ ਉਡੀਕ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਵਿਧਾਨ ਸਭਾ ਚੋਣਾਂ ਵਿਚ ‘ਆਪ` ਦੀ ਰਿਕਾਰਡ ਜਿੱਤ ਦਾ ਵੀ ਜ਼ਿਕਰ ਹੈ। ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧੂ ਦੇ ਪ੍ਰਸੰਸਕ ਕੁਮੈਂਟ ਕਰ ਕੇ ਇਨਸਾਫ ਦੀ ਮੰਗ ਕਰ ਰਹੇ ਹਨ। ਗੀਤ ਵਿਚ ਗਾਇਕਾ ਨੇ ਸਵਾਲ ਕੀਤਾ ਹੈ ਕਿ ਸਿੱਧੂ ਦੀ ਸੁਰੱਖਿਆ `ਚ ਕਟੌਤੀ ਕਰ ਕੇ ਤਾਰੀਫ਼ ਲੁੱਟਣ ਵਾਲਿਆਂ ਦੀ ਸੂਚੀ ਜਨਤਕ ਕਰਨ ਵਾਲੇ ਅਫਸਰਾਂ ਦਾ ਅਜੇ ਤੱਕ ਖੁਲਾਸਾ ਕਿਉਂ ਨਹੀਂ ਕੀਤਾ ਗਿਆ।