ਪੰਥਕ ਮੇਲ ਵੀ ਸੁਖਬੀਰ `ਤੇ ਭਾਰੀ ਪਿਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਮੁੜ ਹਾਸਲ ਕਰਨ ਲਈ ਹਰ ਹੀਲਾ ਵਰਤਣ ਲਈ ਜੁਗਤਾਂ ਘੜਨ ਵਿਚ ਜੁਟਿਆ ਹੋਇਆ ਹੈ। ਪਾਰਟੀ ਅੰਦਰ ਜਥੇਬੰਦਕ ਤਬਦੀਲੀਆਂ ਦੇ ਨਾਲ-ਨਾਲ ਬਾਦਲ ਧੜਾ ਹੁਣ ਪੰਥਕ ਸਿਆਸਤ ਰਾਹੀਂ ਆਪਣਾ ਪੈਰ ਧਰਾਵੇ ਦੀਆਂ ਕੋਸ਼ਿਸ਼ਾਂ ਵਿਚ ਹੈ। ਪਿਛਲੇ ਦਿਨੀਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਸ਼ਖਸੀਅਤਾਂ ਵੱਲੋਂ ਪੰਥਕ ਏਕੇ ਦੀਆਂ ਕੀਤੀਆਂ ਅਪੀਲਾਂ ਪਿੱਛੋਂ ਹੁਣ ਬਾਦਲਾਂ ਧੜੇ ਦੀਆਂ ਵਿਰੋਧੀਆਂ ਨਾਲ ਸਾਂਝਾ ਪੈਣ ਲੱਗੀਆਂ ਹਨ। ਇਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਦਿੱਲੀ ਦੇ ਰਲੇਵਾਂ ਨਾਲ ਹੋਈ ਹੈ। ਇਸ ਨੂੰ ਪੰਥਕ ਮੇਲ ਦਾ ਨਾਮ ਦਿੱਤਾ ਗਿਆ ਹੈ। ਇਸ ਨਾਲ ਲਗਭਗ 23 ਸਾਲ ਪਹਿਲਾਂ (1999 ਵਿਚ) ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਭਰਾਵਾਂ ਨੂੰ ਦਿੱਲੀ ਦੀ ਕਮਾਨ ਸੌਂਪੀ ਗਈ ਹੈ।

ਚਰਚਾ ਹੈ ਕਿ ਆਉਂਦੇ ਦਿਨਾਂ ਵਿਚ ਹੋਰ ਪੰਥਕ ਧੜੇ ਵੀ ਅਕਾਲੀ ਦਲ ਨਾਲ ਸਾਂਝ ਪਾ ਸਕਦੇ ਹਨ, ਹਾਲਾਂਕਿ ਇਸ ਸਭ ਵਿਚ ਵੱਡਾ ਅੜਿੱਕਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਹਨ। ਜ਼ਿਆਦਾਤਰ ਪੰਥਕ ਧਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨਾਲ ਸਾਂਝ ਪਾਉਣ ਵਿਚ ਕੋਈ ਹਰਜ ਨਹੀਂ ਪਰ ਸੁਖਬੀਰ ਬਾਦਲ ਨਾਲ ਮਿਲ ਕੇ ਕੰਮ ਕਰਨਾ ਉਨ੍ਹਾਂ ਲਈ ਔਖਾ ਹੈ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸਪੱਸ਼ਟ ਕੀਤਾ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਕਦੇ ਵੀ ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ਵਾਲੀ ਕਿਸੇ ਵੀ ਕਮੇਟੀ ਦੇ ਮੈਂਬਰ ਨਹੀਂ ਬਣਨਗੇ। ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਜਗਮੀਤ ਸਿੰਘ ਬਰਾੜ ਵੱਲੋਂ 21 ਮੈਂਬਰੀ ਸ਼੍ਰੋਮਣੀ ਅਕਾਲੀ ਯੂਨਿਟੀ ਕੋਆਰਡੀਨੇਸ਼ਨ ਕਮੇਟੀ ਵਿਚ ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਰਣਜੀਤ ਸਿੰਘ ਤਲਵੰਡੀ ਦਾ ਨਾਮ ਸ਼ਾਮਲ ਕਰਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਿਸ ਕਮੇਟੀ ਵਿਚ ਪੰਥ ਵਿਰੋਧੀ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਣ ਅਜਿਹੀ ਕਮੇਟੀ ਵਿਚ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੀ ਪਾਰਟੀ ਦੇ ਕਿਸੇ ਵੀ ਆਗੂ ਦੀ ਕਦੇ ਵੀ ਸ਼ਮੂਲੀਅਤ ਨਹੀਂ ਹੋ ਸਕਦੀ। ਅਕਾਲੀ ਦਲ (ਸੰਯੁਕਤ) ਤੋਂ ਇਲਾਵਾ ਹੋਰ ਧਿਰਾਂ ਵੀ ਸੁਖਬੀਰ ਨੂੰ ਅੱਗੇ ਲਾਉਣ ਤੋਂ ਨਾਰਾਜ਼ ਹਨ।
ਦੱਸ ਦਈਏ ਕਿ ਅਕਾਲੀ-ਭਾਜਪਾ ਸੱਤਾ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀਕਾਂਡ, ਮਾਫੀਆ ਰਾਜ, ਨਸ਼ਾ ਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੇ ਪੰਥਕ ਅਖਵਾਉਣ ਲਈ ਇਸ ਧਿਰ ਨੂੰ ਪੈਰੋਂ ਕੱਢ ਦਿੱਤਾ ਸੀ। ਪਿਛਲੇ ਤਕਰੀਬਨ 6 ਸਾਲਾਂ ਤੋਂ ਹਰ ਹੀਲਾ ਵਰਤਣ ਦੇ ਬਾਵਜੂਦ ਪਾਰਟੀ ਆਪਣੇ ਜੋਗਾ ਪੈਰ ਧਰਾਅ ਨਹੀਂ ਕਰ ਸਕੀ। ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਤਾਂ ਅਕਾਲੀ ਦਲ ਦਾ ਸਫਾਇਆ (ਸਿਰਫ 3 ਸੀਟਾਂ) ਹੀ ਹੋ ਗਿਆ। ਹੁਣ ਬਾਦਲ ਧੜਾ ਪੰਥਕ ਓਟ ਆਸਰੇ ਮੁੜ ਖੜ੍ਹਾ ਹੋਣ ਲਈ ਹੱਥ-ਪੈਰ ਮਾਰ ਰਿਹਾ ਹੈ। ਪਿਛਲੇ ਦਿਨ ਸੁਪਰੀਮ ਕੋਰਟ ਵੱਲੋਂ ਹਰਿਆਣੇ ਲਈ ਵੱਖਰੀ ਗੁਰਦੁਆਰਾ ਕਮੇਟੀ ਨੂੰ ਦਿੱਤੀ ਮਾਨਤਾ ਨੇ ਇਸ ਬਾਦਲ ਧੜੇ ਨੂੰ ਵੱਡੀ ਸੱਟ ਮਾਰੀ ਹੈ। ਇਹੀ ਕਾਰਨ ਹੈ ਕਿ ਸਿੱਖ ਰਾਜਨੀਤੀ ਵਿਚ ਲਗਭਗ 20 ਸਾਲ ਸਿਆਸੀ ਸ਼ਰੀਕ ਰਹੇ ਪਰਮਜੀਤ ਸਿੰਘ ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਹੈ। ਸਾਲ ਪਹਿਲਾਂ ਹੋਈਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ ‘ਤੇ ਚੋਣ ਜਿੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰਾਂ ਨੇ ਕੁਝ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਸਟੇਟ ਬਣਾ ਲਿਆ ਸੀ। ਇਸ ਨਾਲ ਅਕਾਲ ਦਲ ਨੂੰ ਕਰਾਰੀ ਸੱਟ ਲੱਗੀ ਸੀ ਤੇ ਇਸ ਧੜੇ ਕੋਲ ਸਿਰਫ 2-3 ਮੈਂਬਰ ਹੀ ਰਹਿ ਗਏ ਸਨ ਜਦੋਂ ਕਿ ਸਰਨਾ ਧੜੇ ਕੋਲ 14 ਮੈਂਬਰ ਹਨ।
ਦੋਵੇਂ ਦਲਾਂ ਦੇ ਰਲੇਵੇਂ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਇਹੀ ਆਖਿਆ ਕਿ ਇਹ ਪੰਥਕ ਇਕੱਤਰਤਾ ਮੁੜ ਪੰਥਕ ਸੁਰਜੀਤੀ ਦਾ ਸੰਕੇਤ ਦਿੰਦੀ ਹੈ। ਸਿੱਖ ਕੌਮ ਵਿੱਚ ਘਰੇਲੂ ਜੰਗ ਛੇੜਨ ਲਈ ਕੋਝੀਆਂ ਸਾਜ਼ਿਸ਼ਾਂ ਕੰਮ ਕਰ ਰਹੀਆਂ ਹਨ, ਇਹ ਏਕਤਾ ਹੀ ਇਨ੍ਹਾਂ ਸਾਜ਼ਿਸ਼ਾਂ ਨੂੰ ਅਸਫਲ ਕਰੇਗੀ। ਉਨ੍ਹਾਂ ਸਰਨਾ ਨੂੰ ਪੰਥ ਨੂੰ ਇੱਕਜੁਟ ਕਰਨ ਸਬੰਧੀ ਮੁਹਿੰਮ ਦੀ ਅਗਵਾਈ ਕਰਨ ਲਈ ਆਖਿਆ।
ਪਿਛਲੇ ਦਿਨੀਂ ਅਕਾਲੀ ਦਲ ਦੇ ਚੋਣ ਨਿਸ਼ਾਨ ਉਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜੇਤੂ ਰਹੇ ਧੜੇ ਨੇ ਭਾਜਪਾ ਦੀ ਸਰਪ੍ਰਸਤੀ ਨਾਲ ਅਕਾਲੀ ਦਲ ਤੋਂ ਤੋੜ-ਵਿਛੋੜਾ ਕਰ ਲਿਆ ਸੀ। ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਇਸ ਕਾਰਨ ਅਕਾਲੀ ਦਲ ਦੇ ਦਿੱਲੀ ਵਿਚ ਆਧਾਰ ਨੂੰ ਵੱਡਾ ਖੋਰਾ ਲੱਗਾ ਸੀ। ਸਰਨਾ ਭਰਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜਦੀਕੀ ਰਹੇ ਹਨ, ਉਨ੍ਹਾਂ ਅਨੁਸਾਰ ਅਕਾਲੀ ਦਲ ਦਿੱਲੀ ਜਥੇਦਾਰ ਟੌਹੜਾ ਦੀ ਸਲਾਹ ਨਾਲ ਹੀ ਬਣਾਇਆ ਗਿਆ ਸੀ। ਦਿੱਲੀ ਦੀ ਸਿਆਸਤ ਵਿਚ ਸਰਨਾ ਭਰਾਵਾਂ ਨੂੰ ਕਾਂਗਰਸ ਦੇ ਨੇੜੇ ਸਮਝਿਆ ਜਾਂਦਾ ਰਿਹਾ ਹੈ। ਅਕਾਲੀ ਆਗੂਆਂ ਨੇ ਇਸ ਮੇਲ ਨੂੰ ਭਾਜਪਾ ਤੇ ਆਰ.ਐਸ.ਐਸ. ਦਾ ਸਾਹਮਣਾ ਕਰਨ ਦੀ ਰਣਨੀਤੀ ਲਈ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਮੰਨਣਾ ਹੈ ਕਿ ਕਾਂਗਰਸ ਪਹਿਲਾਂ ਹੀ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ ਅਤੇ ਹੁਣ ਭਾਜਪਾ ਵੀ ਉਸ ਦੇ ਰਾਹ ਉਤੇ ਚੱਲ ਰਹੀ ਹੈ। ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉਤੇ ਚੋਣ ਲੜ ਕੇ ਜਿੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਫ ਸੰਕੇਤ ਦਿੱਤਾ ਕਿ ਸਰਨਾ ਭਰਾਵਾਂ ਲਈ ਸਿਆਸੀ ਲੜਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਬਜ਼ਾ ਕਰਨ ਦੀ ਹੈ।
ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਹਰਿਆਣਾ ਦੀ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਮਾਨਤਾ ਖਿਲਾਫ ਲਾਮਬੰਦੀ ਸ਼ੁਰੂ ਕੀਤੀ ਹੋਈ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬਾਦਲ ਧੜਾ ਪੰਥਕ ਓਟ ਆਸਰੇ ਸਿਆਸਤ ਵਿਚ ਭਾਰੂ ਰਿਹਾ ਹੈ। ਬੇਅਦਬੀ ਦੀ ਘਟਨਾਵਾਂ ਨੇ ਇਸ ਧਿਰ ਨੂੰ ਨਿਵਾਣਾਂ ਵੱਲ ਤੋਰ ਦਿੱਤਾ। ਪਿਛਲੇ ਤਕਰੀਬਨ 6 ਸਾਲਾਂ ਤੋਂ ਸਿਆਸਤ ਵਿਚ ਮੁੜ ਖੜ੍ਹਾ ਹੋਣ ਲਈ ਹੱਥ ਪੈਰ ਮਾਰ ਰਹੇ ਅਕਾਲੀ ਦਲ ਨੂੰ ਹੁਣ ਅਹਿਸਾਸ ਹੋਣ ਲੱਗਾ ਹੈ ਕਿ ਪੰਥਕ ਓਟ ਹੀ ਉਸ ਦੀ ਬੇੜੀ ਪਾਰ ਲਾ ਸਕਦੀ ਹੈ ਤੇ ਤਾਜ਼ਾ ਸਰਗਰਮੀਆਂ ਇਸੇ ਮੁਹਿੰਮ ਦਾ ਹਿੱਸਾ ਹਨ।