‘ਆਪ` ਦਾ ਮਿਸ਼ਨ ਗੁਜਰਾਤ ਤੇ ‘ਬਦਲਾਅ` ਦੀ ਸਿਆਸਤ

ਨਵਕਿਰਨ ਸਿੰਘ ਪੱਤੀ
ਆਮ ਆਦਮੀ ਪਾਰਟੀ ਇਹ ਕਹਿ ਕੇ ਸਿਆਸੀ ਮੈਦਾਨ ਵਿਚ ਨਿੱਤਰੀ ਸੀ ਕਿ ‘ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਆਏ ਹਾਂ`, ਪਰ ਪਾਰਟੀ ਦਾ ਪਿਛਲੇ ਸਾਲਾਂ ਦਾ ਰਿਪੋਰਟ ਕਾਰਡ ਦੱਸਦਾ ਹੈ ਕਿ ਇਹ ਪਾਰਟੀ ਹੋਰ ਰਵਾਇਤੀ ਪਾਰਟੀਆਂ ਵਾਂਗ ਸਿਰਫ ਚੋਣਾਂ ਜਿੱਤਣ ਤੱਕ ਹੀ ਸਿਮਟ ਗਈ ਹੈ। ਇਸ ਪਾਰਟੀ ਦੇ ਵੱਡੇ-ਵੱਡੇ ਦਾਅਵਿਆਂ ਅਤੇ ਇਸ ਦੀ ਹਕੀਕੀ ਸਿਆਸਤ ਬਾਰੇ ਵਿਸਥਾਰ ਸਹਿਤ ਚਰਚਾ ਨਵਕਿਰਨ ਸਿੰਘ ਪੱਤੀ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਆਮ ਆਦਮੀ ਪਾਰਟੀ ਨੇ ਗੁਜਰਾਤ ਚੋਣਾਂ ਵਿਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਦਿੱਲੀ, ਪੰਜਾਬ ਤੋਂ ਬਾਅਦ ਗੁਜਰਾਤ ਉਹ ਸੂਬਾ ਹੈ ਜਿਸ ‘ਤੇ ‘ਆਪ` ਨੇ ਸਭ ਤੋਂ ਵੱਧ ਕੇਂਦਰਿਤ ਕੀਤਾ ਹੈ ਹਾਲਾਂਕਿ ਦਿੱਲੀ ਦੀ ਕੰਧ ਨਾਲ ਲੱਗਦੇ ਅਤੇ ਕੇਜਰੀਵਾਲ ਦੇ ਜੱਦੀ ਪੁਸ਼ਤੀ ਸੂਬੇ ਹਰਿਆਣਾ ‘ਤੇ ਕਦੇ ਵੀ ਇਸ ਤਰ੍ਹਾਂ ਕੇਂਦਰਿਤ ਨਹੀਂ ਕੀਤਾ ਗਿਆ। ਪਹਿਲਾਂ ਲੱਗਦਾ ਸੀ ਕਿ ‘ਆਪ` ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਪੂਰੇ ਜੋਸ਼ ਨਾਲ ਕੁੱਦੇਗੀ ਪਰ ਹੁਣ ਉਹਨਾਂ ਗੁਜਰਾਤ ਚੋਣਾਂ ਲਈ ‘ਮਿਸ਼ਨ ਗੁਜਰਾਤ` ਤਹਿਤ ਬਕਾਇਦਾ ਇੱਕ ਖਾਕਾ ਤਿਆਰ ਕੀਤਾ ਹੈ ਜਿਸ ਦੇ ਚੱਲਦਿਆਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਲੱਗਭੱਗ ਹਰ ਹਫਤੇ ਗੁਜਰਾਤ ਚੋਣਾਂ ਵਿਚ ਪ੍ਰਚਾਰ ਲਈ ਪਹੁੰਚ ਰਹੇ ਹਨ। ਹਾਈਕਮਾਂਡ ਦੇ ਹੁਕਮਾਂ ਤਹਿਤ ਇਨ੍ਹਾਂ ਦਿਨਾਂ ਵਿਚ ਪੰਜਾਬ/ਦਿੱਲੀ ਦੇ ਜਿਆਦਤਰ ਵਿਧਾਇਕ ਗੁਜਰਾਤ ਦੇ ਪਿੰਡਾਂ ਵਿਚ ਵੋਟਰਾਂ ਨਾਲ ਸੰਪਰਕ ਬਣਾਉਣ ਲੱਗੇ ਹੋਏ ਹਨ। ਇਹ ਚਰਚਾ ਵੀ ਸੁਣਨ ਨੂੰ ਮਿਲੀ ਹੈ ਕਿ ਹਾਈਕਮਾਂਡ ਨੇ ਵਿਧਾਇਕਾਂ ਦੇ ਕੰਨ ਵਿਚ ਫੂਕ ਮਾਰੀ ਹੈ ਕਿ ਜਿਹੜਾ ਗੁਜਰਾਤ ਚੋਣਾਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਏਗਾ, ਉਸ ਨੂੰ ਵਜ਼ੀਰ ਬਣਾਇਆ ਜਾਵੇਗਾ; ਸੋ, ਮਾਰਕੀਟਿੰਗ ਕੰਪਨੀ ਦੇ ਸੇਲਜ਼ਮੈਨਾਂ ਵਾਂਗ ਐਮ.ਐਲ.ਏ. ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।
‘ਆਪ` ਦੀ ਸੋਸ਼ਲ ਮੀਡੀਆ ਟੀਮ ਨੇ ਵੀ ਰਾਘਵ ਚੱਢਾ, ਸੰਦੀਪ ਪਾਠਕ ਵਰਗਿਆਂ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਗੁਜਰਾਤ ਡੇਰੇ ਲਾਏ ਹੋਏ ਹਨ। ਇਹ ਕਹਿਣਾ ਅਤਿ ਕਥਨੀ ਨਹੀਂ ਹੋਵੇਗੀ ਕਿ ਗੁਜਰਾਤ ਚੋਣਾਂ ਵਿਚ ‘ਖਜ਼ਾਨਾ` ਪੰਜਾਬ ਦਾ ਅਤੇ ਪ੍ਰਚਾਰ ‘ਆਪ` ਦਾ ਹੋ ਰਿਹਾ ਹੈ। ਵੈਸੇ ਇਸ ਤਰ੍ਹਾਂ ਕਰਨ ਵਾਲੀ ‘ਆਪ` ਪਹਿਲੀ ਪਾਰਟੀ ਨਹੀਂ ਹੈ ਬਲਕਿ ਭਾਜਪਾ, ਕਾਂਗਰਸ, ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਇਸ ਤਰ੍ਹਾਂ ਕਰਦੀਆਂ ਆ ਰਹੀਆਂ ਹਨ। ਇੱਥੇ ‘ਆਪ` ਦਾ ਵਿਸ਼ੇਸ਼ ਜ਼ਿਕਰ ਇਸ ਕਾਰਨ ਹੋ ਰਿਹਾ ਹੈ ਕਿ ਇਹ ‘ਅਸੀਂ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਆਏ ਹਾਂ` ਦਾ ਦਾਅਵਾ ਕਰਕੇ ਇਸ ਖੇਤਰ ਵਿਚ ਨਿੱਤਰੀ ਸੀ।
ਸੱਤਾ ਖਾਤਰ ਜ਼ੋਰ-ਅਜ਼ਮਾਈ ਦਾ ਅਧਿਕਾਰ ਹਰ ਕਿਸੇ ਨੂੰ ਹੈ ਪਰ ਦੋ ਨੁਕਤੇ ਸਮਝਣੇ ਅਹਿਮ ਹਨ; ਪਹਿਲਾ ਇਹ ਕਿ ਗੁਜਰਾਤ ਭਾਜਪਾ ਦੀ ਫਿਰਕੂ ਰਾਜਨੀਤੀ ਦਾ ਧੁਰਾ ਹੈ ਤੇ ‘ਆਪ` ਇਸ ਸੂਬੇ ਵਿਚ ਧਰਮ ਨਿਰਪੱਖਤਾ ਦਾ ਚਿਹਰਾ ਲੈ ਕੇ ਜਾ ਰਹੀ ਹੈ ਜਾਂ ਫਿਰ ਭਾਜਪਾ ਦੀ ਪੈੜ ਵਿਚ ਪੈੜ ਧਰ ਕੇ ਅੱਗੇ ਵਧ ਰਹੀ ਹੈ। ਦੂਜਾ ਇਹ ਕਿ ਜੋ ਰਿਪੋਰਟ ਕਾਰਡ ਗੁਜਰਾਤੀਆਂ ਨੂੰ ਦਿਖਾਇਆ ਜਾ ਰਿਹਾ ਹੈ, ਉਸ ਵਿਚ ਕਿੰਨੀ ਅਸਲੀਅਤ ਹੈ।
ਗੁਜਰਾਤ ਵਿਚ ਪਿਛਲੇ ਕਈ ਦਹਾਕਿਆਂ ਤੋਂ ਭਾਜਪਾ ਦੀ ਸੱਤਾ ਹੈ ਤੇ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਹੈ। ਕਾਂਗਰਸ ਦੀ ਥਾਂ ‘ਆਪ` ਭਾਜਪਾ ਦਾ ਬਦਲ ਬਣਨ ਲਈ ਜੱਦੋਜਹਿਦ ਕਰ ਰਹੀ ਹੈ। 8-9 ਸਾਲ ਪਹਿਲਾਂ ਨਰਿੰਦਰ ਮੋਦੀ ਨੇ ਕਥਿਤ ਗੁਜਰਾਤ ਮਾਡਲ ਦਾ ਪ੍ਰਚਾਰ ਕਰ ਕੇ ਮੁੱਖ ਮੰਤਰੀ ਦੀ ਕੁਰਸੀ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਦਾ ਸਫਰ ਤੈਅ ਕੀਤਾ ਸੀ। ਮੋਦੀ ਦਾ ਗੁਜਰਾਤ ਮਾਡਲ ਹਿੰਦੂਤਵ ਦੀ ਫਿਰਕੂ ਰਾਜਨੀਤੀ ‘ਤੇ ਅਧਾਰਿਤ ਹੈ ਜਿੱਥੇ 2002 ਵਿਚ ਧਾਰਮਿਕ ਘੱਟ-ਗਿਣਤੀ ਮੁਸਲਮਾਨ ਭਾਈਚਾਰੇ ਦਾ ਸ਼ਰੇਆਮ ਕਤਲੇਆਮ ਰਚਾਇਆ ਗਿਆ ਸੀ, ਮੁਸਲਮਾਨ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਗਏ ਸਨ ਤੇ ਉਹਨਾਂ ਦੇ ਕਾਰੋਬਾਰ ਉਜਾੜੇ ਗਏ ਸਨ।
‘ਆਪ` ਦੀ ਕੋਈ ਠੋਸ ਵਿਚਾਰਧਾਰਾ ਨਹੀਂ ਹੈ। ਪੰਜਾਬ ਚੋਣ ਸਮੇਂ ਸ਼ਹੀਦ ਭਗਤ ਸਿੰਘ ਦੇ ਵਾਰਿਸ ਹੋਣ ਦਾ ਹੋਕਾ ਦੇਣ ਵਾਲੇ ਇਸ ਪਾਰਟੀ ਦੇ ਆਗੂ ਪੰਜਾਬ ਤੋਂ ਬਾਹਰ ਨਿੱਕਲਦਿਆਂ ਹੀ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪਾਸੇ ਛੱਡ ਬਹੁਗਿਣਤੀ ਨੂੰ ਖੁਸ਼ ਕਰਨ ਵਾਲੀ ਰਾਜਨੀਤੀ ਕਰਦੇ ਹਨ। ਗੁਜਰਾਤ ਵਿਚ ‘ਆਪ` ਦੀ ਹੁਣ ਤੱਕ ਪ੍ਰੈਕਟਿਸ ‘ਚੋਂ ਧਰਮ ਨਿਰਪੱਖਤਾ ਵਾਲੀ ਗੱਲ ਲੱਭਣੀ ਔਖੀ ਹੈ। ਅਰਵਿੰਦ ਕੇਜਰੀਵਾਲ ਨੇ ਕੁਝ ਮਹੀਨੇ ਪਹਿਲਾਂ ਗੁਜਰਾਤ ‘ਚ ਕਿਹਾ ਸੀ ਕਿ ‘ਅਸੀਂ ਦਿੱਲੀ ਦੇ ਸੀਨੀਅਰ ਨਾਗਰਿਕਾਂ ਨੂੰ ਮੁਫਤ ਤੀਰਥ ਯਾਤਰਾ ਕਰਵਾਉਂਦੇ ਹਾਂ। ਉਨ੍ਹਾਂ ਹਰਿਦੁਆਰ, ਰਿਸ਼ੀਕੇਸ਼, ਅਯੁੱਧਿਆ ਵਰਗੇ ਜਿਨ੍ਹਾਂ 12 ਤੀਰਥ ਸਥਾਨਾਂ ਦਾ ਜਿਕਰ ਕੀਤਾ, ਉਹ ਸਾਰੇ ਹਿੰਦੂ ਧਾਰਮਿਕ ਸਥਾਨ ਹਨ। ਗੁਜਰਾਤ ਸਰਕਾਰ ਪਹਿਲਾਂ ਹੀ 50 ਫੀਸਦ ਖਰਚਾ ਪੱਲਿਓਂ ਕਰ ਕੇ ਅਜਿਹੀ ਸਕੀਮ ਚਲਾ ਰਹੀ ਹੈ। ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਅਜਿਹੀ ਸਕੀਮ ਚਲਾਉਂਦੀ ਰਹੀ ਹੈ ਤਾਂ ਫਿਰ ‘ਬਦਲਾਅ` ਜਾਂ ‘ਬਦਲਾਅ ਦੀ ਰਾਜਨੀਤੀ` ਕਿੱਥੇ ਹੈ? ਤਿਰੰਗਾ ਵੰਡਣ ਦੀ ਮੁਹਿੰਮ ਹੋਵੇ ਜਾਂ ਤਿਰੰਗਾ ਯਾਤਰਾ ਹੋਵੇ, ਅਰਵਿੰਦ ਕੇਜਰੀਵਾਲ ਦਾ ਜ਼ੋਰ ਆਪਣੇ ਆਪ ਨੂੰ ਭਾਜਪਾ ਤੋਂ ਵੱਡਾ ਰਾਸ਼ਟਰਵਾਦੀ ਸਿੱਧ ਕਰਨ ‘ਤੇ ਲੱਗ ਜਾਂਦਾ ਹੈ।
ਗੁਜਰਾਤ ਦੇ ਮਸ਼ਹੂਰ ਸੋਮਨਾਥ ਮੰਦਰ ਜੋ 1990 ਵਿਚ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਕੱਢੀ ਗਈ ਰਥ ਯਾਤਰਾ ਸਮੇਂ ਚਰਚਾ ਵਿਚ ਆਇਆ ਸੀ ਅਤੇ ਜਿੱਥੇ ਭਾਜਪਾ ਦੇ ਵੱਡੇ ਲੀਡਰ ਅਕਸਰ ਜਾਂਦੇ ਹਨ, ਅਰਵਿੰਦ ਕੇਜਰੀਵਾਲ 2016 ਤੋਂ ਲਗਾਤਾਰ ਇੱਥੇ ਅਤੇ ਹੋਰ ਮੰਦਰਾਂ ਵਿਚ ਜਾ ਰਹੇ ਹਨ। ਗੁਜਰਾਤ ਵਿਚ ਹੋਰ ਵੀ ਧਾਰਮਿਕ ਸਥਾਨ ਹਨ ਲੇਕਿਨ ਕੇਜਰੀਵਾਲ ਜੀ ਅਜੇ ਤੱਕ ਸਿਰਫ ਗੁਜਰਾਤ ਦੇ ਮੰਦਰਾਂ ਵਿਚ ਹੀ ਗਏ ਹਨ।
ਆਰਥਿਕ ਸੰਕਟ ਦਾ ਝੰਬਿਆਂ ਪੰਜਾਬ ਨਸ਼ਿਆਂ, ਖੁਦਕੁਸ਼ੀਆਂ, ਵੱਡੀ ਪੱਧਰ ‘ਤੇ ਹੋ ਰਹੇ ਪਰਵਾਸ, ਗੈਂਗਸਟਰ ਵਰਤਾਰੇ, ਬੇਰੁਜ਼ਗਾਰੀ ਸਮੇਤ ਅਨੇਕਾਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਫਿਕਰ ਕਰਨ ਦੀ ਥਾਂ ਗੁਜਰਾਤ ਚੋਣਾਂ ਵਿਚ ਮਸਰੂਫ ਹਨ। ਇਹਨਾਂ ਦੀ ਇੱਕ ਮੌਕਾਪ੍ਰਸਤੀ ਇਹ ਵੀ ਹੈ ਕਿ ਜੋ ਪੰਜਾਬ ਵਿਚ ਐਲਾਨ ਕੀਤੇ ਹਨ, ਉਹ ਗੁਜਰਾਤ ਵਿਚ ਕੀਤੇ ਗਏ ਕੰਮ ਵਜੋਂ ਗਿਣਾਏ ਜਾ ਰਹੇ ਹਨ।
ਮਜ਼ਬੂਤ ਅਤੇ ਫਿਰਕੂ ਫਾਸ਼ੀਵਾਦੀ ਪਾਰਟੀ ਨਾਲ ਸੰਘਰਸ਼ ਸਮੇਂ ਵਿਰੋਧੀ ਧਿਰਾਂ ਨੂੰ ਨਾਲ ਲੈਣਾ ਹੁੰਦਾ ਹੈ ਪਰ ਆਮ ਆਦਮੀ ਪਾਰਟੀ ਦੀ ਪ੍ਰੈਕਟਿਸ ਇਸ ਦੇ ਬਿਲਕੁੱਲ ਉੱਲਟ ਹੈ। ਉਹ ਭਾਰਤ ਪੱਧਰ ‘ਤੇ ਖੁਦ ਵਿਰੋਧੀ ਧਿਰ ਵਿਚ ਹੁੰਦਿਆਂ ਵਿਰੋਧੀ ਧਿਰ ਦੇ ਇੱਕ ਹਿੱਸੇ ਨੂੰ ਖ਼ਤਮ ਕਰਨ ਵਾਲੀ ਪਹੁੰਚ ਅਪਣਾ ਰਹੀ ਹੈ। ਕਾਂਗਰਸ ਪਿਛਲੇ ਕਈ ਦਹਾਕਿਆਂ ਤੋਂ ਗੁਜਰਾਤ ਦੀ ਸੱਤਾ ਤੋਂ ਦੂਰ ਹੈ ਤਾਂ ਇਸ ਸੂਰਤ ਵਿਚ ‘ਆਪ` ਸੁਪਰੀਮੋ ਕੇਜਰੀਵਾਲ ਦਾ ਗੁਜਰਾਤ ਵਿਚ ਖੜ੍ਹ ਕੇ ਭਾਜਪਾ ਨੂੰ ਨਿਸ਼ਾਨੇ ‘ਤੇ ਲੈਣ ਦੀ ਥਾਂ ਕਾਂਗਰਸ ਖਿਲਾਫ ਹੱਲਾ ਬੋਲਦਿਆਂ ਇਹ ਕਹਿਣਾ ਕਿ ‘ਕਾਂਗਰਸ ਹੁਣ ਖਤਮ ਹੋ ਗਈ ਹੈ`, ਭਾਜਪਾ ਦੇ ਪਾਸੰਦੀਦਾ ਨਾਅਰੇ ‘ਕਾਂਗਰਸ ਮੁਕਤ ਭਾਰਤ` ਦੀ ਪੈੜ ਵਿਚ ਪੈੜ ਧਰਨਾ ਹੈ। ਇਸ ਤੋਂ ਇਹ ਪ੍ਰਭਾਵ ਵੀ ਪੈਂਦਾ ਹੈ ਕਿ ਕੇਜਰੀਵਾਲ ਟੀਮ ਦੀ ਮੁੱਖ ਸਿਆਸੀ ਲੜਾਈ ਭਾਜਪਾ ਨਾਲ ਨਹੀਂ, ਕਾਂਗਰਸ ਨਾਲ ਹੈ ਤੇ ਉਹ ਕਾਂਗਰਸ ਦੇ ਵੋਟ ਬੈਂਕ ਨੂੰ ਹੀ ਖੋਰਾ ਲਾਉਣਗੇ ਕਿਉਂਕਿ ਜਦ ਨਵੀਂ ਬਣੀ ਤੀਜੀ ਧਿਰ ਚੋਣ ਮੈਦਾਨ ਵਿਚ ਉੱਤਰਦੀ ਹੈ ਤਾਂ ਉਸ ਦਾ ਫਾਇਦਾ ਸੱਤਾ ਧਿਰ ਨੂੰ ਹੁੰਦਾ ਹੈ। ਸੱਤਾ ਵਿਰੋਧੀ ਵੋਟ ਦੋ ਥਾਂ ਵੰਡੀ ਜਾਂਦੀ ਹੈ। ਪੰਜਾਬ ਵਿਚ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੀ.ਪੀ.ਪੀ. ਦੇ ਤੀਜੀ ਧਿਰ ਵਜੋਂ ਚੋਣ ਲੜਨ ਦਾ ਫਾਇਦਾ ਉਸ ਸਮੇਂ ਅਸਿੱਧੇ ਢੰਗ ਨਾਲ ਪੰਜਾਬ ਦੀ ਸੱਤਾ ਧਿਰ ਨੂੰ ਹੋਇਆ ਸੀ। ਸੋ, ‘ਆਪ` ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਗੁਜਰਾਤ ਚੋਣਾਂ ਲੜਨ ਦਾ ਉਹਨਾਂ ਦਾ ਮੰਤਵ ਕੀ ਹੈ।
ਭ੍ਰਿਸ਼ਟਾਚਾਰ ਖਿਲਾਫ ਉੱਠੇ 2011 ਦੇ ਅੰਨਾ ਹਜ਼ਾਰੇ ਅੰਦੋਲਨ ਦੀ ਸਿਆਸੀ ਪੈਦਾਇਸ਼ ਕੇਜਰੀਵਾਲ ਜੀ 2014 ਵਿਚ ਫਿਰਕਾਪ੍ਰਸਤੀ ਨੂੰ ਭ੍ਰਿਸ਼ਟਾਚਾਰ ਨਾਲੋਂ ਵੱਧ ਖਤਰਨਾਕ ਕਹਿੰਦੇ ਸਨ ਜੋ ਅਟੱਲ ਸੱਚ ਵੀ ਹੈ ਪਰ ਪਿਛਲੇ ਅੱਠ ਸਾਲ ਦੇ ਸਿਆਸੀ ਸਫਰ ਵਿਚ ਕੇਜਰੀਵਾਲ ਜੀ ਇਸ ਤੋਂ ਕਦ ਯੂ-ਟਰਨ ਮਾਰ ਗਏ, ਇਸ ਦਾ ਉਨ੍ਹਾਂ ਦੇ ਜ਼ਿਆਦਾਤਰ ਸਹਿਯੋਗੀਆਂ ਨੂੰ ਇਲਮ ਨਹੀਂ ਹੋਇਆ। ਗੁਜਰਾਤ ਆਰ.ਐਸ.ਐਸ. ਦਾ ਗੜ੍ਹ ਹੈ ਪਰ ਆਰ.ਐਸ.ਐਸ. ਖਿਲਾਫ ਕੇਜਰੀਵਾਲ ਜੀ ਇੱਕ ਸ਼ਬਦ ਤੱਕ ਨਹੀਂ ਬੋਲ ਰਹੇ ਹਨ।
ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਵਿਚ ਪ੍ਰਦਰਸ਼ਨ ‘ਤੇ ਹੋਏ ਹਮਲੇ, ਜਾਮੀਆ ਮਿਲੀਆ ਇਸਲਾਮੀਆ ਅਤੇ ਜੇ.ਐਨ.ਯੂ. ਵਿਚ ਵਿਦਿਆਰਥੀਆਂ ‘ਤੇ ਹਮਲੇ ਦੌਰਾਨ ‘ਆਪ` ਨੇ ਜਬਰ ਖਿਲਾਫ ਝੰਡਾ ਨਹੀਂ ਚੁੱਕਿਆ, ਜੰਮੂ ਕਸ਼ਮੀਰ ਦੇ ਵੱਧ ਅਧਿਕਾਰਾਂ ਨੂੰ ਮਨਸੂਖ ਕਰਨ ਸਮੇਂ ਭਾਜਪਾ ਦੇ ਹਾਂ ਵਿਚ ਹਾਂ ਮਿਲਾਈ ਹੈ।
ਵੋਟਾਂ ਸਮੇਂ ਹਰ ਸੂਬੇ ਵਿਚ ਜਾ ਕੇ ਮਹੀਨੇ ਦਾ ਇੱਕ ਹਜ਼ਾਰ ਰੁਪਿਆ ਪ੍ਰਤੀ ਔਰਤ ਦੇਣ ਦਾ ਐਲਾਨ ਕਰਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਕੇਜਰੀਵਾਲ ਜੀ 2002 ਦੇ ਗੁਜਰਾਤ ਦੰਗਿਆਂ ਸਮੇਂ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਗੁਜਰਾਤ ਦੀ ਧੀ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਦੀ ਰਿਹਾਈ ਦਾ ਵਿਰੋਧ ਨਹੀਂ ਕਰ ਰਹੇ ਹਨ। ਬਿਲਕਿਸ ਬਾਨੋ ਨੂੰ ਕਈ ਸਾਲ ਪਹਿਲਾਂ ਐਲਾਨ ਕਰਨ ਦੇ ਬਾਵਜੂਦ ਅਜੇ ਤੱਕ ਗੁਜਰਾਤ ਸਰਕਾਰ ਨੇ ਘਰ ਬਣਾ ਕੇ ਨਹੀਂ ਦਿੱਤਾ ਹੈ, ਕੀ ਕੇਜਰੀਵਾਲ ਇਹ ਕਹਿਣ ਦੀ ਜੁਅਰਤ ਕਰ ਸਕਦੇ ਹਨ ਕਿ ਗੁਜਰਾਤ ਵਿਚ ਸਰਕਾਰ ਬਣਨ ‘ਤੇ ਬੇਘਰ ਬਿਲਕਿਸ ਬਾਨੋ ਨੂੰ ਉਹਨਾਂ ਦੀ ਸਰਕਾਰ ਘਰ ਬਣਾ ਕੇ ਦੇਵੇਗੀ।
5 ਅਕਤੂਬਰ ਨੂੰ ਦਿੱਲੀ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਦਿੱਲੀ ਦੇ ਡਾਕਟਰ ਅੰਬੇਡਕਰ ਭਵਨ ਵਿਚ ਬੁੱਧ ਧਰਮ ਦੇ ਇੱਕ ਸਮਾਗਮ ਵਿਚ ਚਲੇ ਗਏ ਸਨ ਜਿੱਥੇ ਉਹਨਾਂ ਲੱਗਭੱਗ 10 ਹਜ਼ਾਰ ਲੋਕਾਂ ਨਾਲ ਉਹ ਪ੍ਰਤਿੱਗਿਆਵਾਂ ਦੁਹਰਾਈਆਂ ਜੋ ਬੁੱਧ ਧਰਮ ਨਾਲ ਜੁੜੇ ਲੋਕ ਦਹਾਕਿਆਂ ਤੋਂ ਦੁਹਰਾ ਰਹੇ ਹਨ। ਵਿਰੋਧੀ ਧਿਰਾਂ ਨੇ ਇਸ ਨੂੰ ਮੁੱਦਾ ਬਣਾਇਆ ਤਾਂ ਬਹੁਗਿਣਤੀ ਨੂੰ ਖੁਸ਼ ਕਰਨ ਦੀ ਕਵਾਇਦ ਵਿਚ ਲੀਨ ‘ਆਪ` ਨੇ ਤਰਕ, ਦਲੀਲ ਨਾਲ ਗੱਲ ਕਰਨ ਦੀ ਬਜਾਇ ਗੁਜਰਾਤ ਚੋਣਾਂ ਦੇ ਮੱਦੇਨਜ਼ਰ ਆਪਣੇ ਮੰਤਰੀ ਤੋਂ ਹੀ ਅਸਤੀਫਾ ਲੈ ਲਿਆ ਹੈ। ਵਿਰੋਧੀ ਧਿਰਾਂ ਤਾਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਪੰਜਾਬ ਤੇ ਦਿੱਲੀ ਦੇ ਕੁਝ ਮੰਤਰੀਆਂ ਦੇ ਅਸਤੀਫੇ ਵੀ ਮੰਗ ਰਹੀਆ ਸਨ ਪਰ ਉਸ ਪਾਸੇ ਧਿਆਨ ਨਹੀਂ ਦਿੱਤਾ।
ਇਸ ਪਾਰਟੀ ਦੀ ਦਿੱਲੀ, ਪੰਜਾਬ ਦੀ ਪ੍ਰੈਕਟਿਸ ਅਤੇ ਗੁਜਰਾਤ ਦੇ ਚੋਣ ਪ੍ਰਚਾਰ ਤੋਂ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇਹ ‘ਬਦਲਾਅ` ਦੀ ਰਾਜਨੀਤੀ ਛੱਡ ਰਵਾਇਤੀ ਢਾਂਚੇ ਵਿਚ ‘ਚਿਹਰਾ` ਬਦਲਣ ਦੀ ਰਾਜਨੀਤੀ ਤੱਕ ਸੀਮਤ ਹੋ ਚੁੱਕੀ ਹੈ।