ਸ਼ਬਦ ਚਿਤਰ : ਪਾਰੇ ਵਰਗਾ ਆਦਮੀ

ਗੁਰਮੀਤ ਕੜਿਆਲਵੀ
ਫੋਨ: 98726-40994
ਜਦੋਂ ਵੀ ਮੈਂ ਆਪਣੇ ਬਾਪ ਬਾਰੇ ਸੋਚਦਾ ਹਾਂ-ਮੈਨੂੰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਯਾਦ ਆ ਜਾਂਦੀ ਹੈ। ਇਸਦੇ ਮੁੱਖ ਪਾਤਰ ਕਰਮ ਸਿੰਘ ਵਰਗਾ। ਦੁੱਖਾਂ-ਸੁੱਖਾਂ ਦੇ ਵੱਡੇ ਪਹਾੜ ਸਿਰ `ਤੇ ਚੁੱਕੀ ਫਿਰਨ ਵਾਲਾ।
ਫਿਰ ਜਦੋਂ ਵੱਡੀ ਕਲਾਸ ਵਿਚ ਪੜ੍ਹਦਿਆਂ ਹੈਮਿੰਗਵੇ ਦਾ ਨਾਵਲ ‘ਓਲਡ ਮੈਨ ਐਂਡ ਦਾ ਸੀ’ ਪੜ੍ਹਿਆ, ਜਾਪਿਆ ਜਿਵੇਂ ਲੇਖਕ ਨੇ ਨਾਵਲ ਵਿਚ ਬੁੱਢੇ ਮਛੇਰੇ ਦੇ ਰੂਪ ਵਿਚ ਮੇਰੇ ਬਾਪ ਨੂੰ ਹੀ ਚਿਤਰਿਆ ਹੋਵੇ।

ਜਦੋਂ ਵੀ ਬਾਪ ਜਿਸਨੂੰ ਅਸੀਂ ਸਾਰੇ ਭੈਣ-ਭਰਾ ‘ਪਾਪਾ’ ਕਹਿੰਦੇ ਸਾਂ, ਯਾਦ ਆਉਂਦੈ ਤਾਂ ਮੈਂ ਕਈ ਸਾਲ ਪਿੱਛੇ ਚਲਾ ਜਾਂਦਾਂ, ਜਦੋਂ ਅਜੇ ਛੇ-ਸੱਤ ਵਰ੍ਹਿਆਂ ਦਾ ਬਾਲ ਸਾਂ। ਬਾਪ ਨੇ ਉਦੋਂ ਮੂਸੇ ਵਾਲੇ ਪਿੰਡ ਵਾਲੀ ਜ਼ਮੀਨ ਵੇਚ ਕੇ ਤਿੰਨ ਪਹੀਆਂ ਵਾਲਾ ਟੈਂਪੂ ਲੈ ਲਿਆ ਸੀ। ਮੂਸੇ ਵਾਲੀ ਇਹ ਜ਼ਮੀਨ ਸੱਤਰਵਿਆਂ ਵਿਚ ਅਲਾਟ ਹੋਈ ਸੀ। ਇਸਦੇ ਪੈਸੇ ਕਿਸ਼ਤਾਂ ਵਿਚ ਤਾਰੇ ਸਨ। ਜ਼ਮੀਨ ਬਿਲਕੁਲ ਬੇਆਬਾਦ ਸੀ ਜਿਸਨੂੰ ਸਾਰੇ ਟੱਬਰ ਨੇ ਬੜੀ ਮਿਹਨਤ ਨਾਲ ਵੱਡੇ-ਵੱਡੇ ਬੂਝੇ, ਦੱਬ-ਸਰਕੜਾ ਪੁੱਟ-ਪੁੱਟ ਕੇ ਆਬਾਦ ਕੀਤਾ ਸੀ।
ਮੂਸੇ ਵਾਲੇ ਪਿੰਡ ਦਾ ਇਲਾਕਾ ਉਦੋਂ ਸੇਮ ਦਾ ਮਾਰਿਆ ਸੀ। ਆਏ ਸਾਲ ਸੇਮ ਨਾਲ ਫ਼ਸਲ ਮਾਰੀ ਜਾਂਦੀ। ਵਾਹੁਣ ਬੀਜਣ `ਤੇ ਇਧਰੋਂ-ਉਧਰੋਂ ਫੜ ਕੇ ਲਾਏ ਪੈਸੇ ਵੀ ਪੂਰੇ ਨਾ ਹੁੰਦੇ। ਦੱਸਦੇ ਨੇ ਕਿ ਜ਼ਮੀਨ ਵਿਚੋਂ ਸੱਪ ਵੀ ਬੜੇ ਨਿਕਲਦੇ ਸਨ। ਘਰ ਫਸਲ ਤਾਂ ਕੋਈ ਨ੍ਹੀਂ ਸੀ ਆਉਂਦੀ, ਬੱਸ ਘਰਦੇ ਜੀਆਂ ਪੱਲੇ ਸੱਪਾਂ ਦੀਆਂ ਮਿਧੀਆਂ ਸਿਰੀਆਂ ਹੀ ਰਹਿ ਜਾਂਦੀਆਂ ਸਨ। ਘਰ ਦਾ ਗੁਜ਼ਾਰਾ ਬਾਪ ਦੀ ਪੈਨਸ਼ਨ ਨਾਲ ਹੀ ਚੱਲੀ ਜਾਂਦਾ ਸੀ। ਅੜੇ-ਥੁੜ੍ਹੇ ਰਿਸ਼ਤੇਦਾਰਾਂ ਦੇ ਮੂੰਹਾਂ ਵੱਲੀ ਦੇਖਣਾ ਪੈਂਦਾ।
ਕੋਈ ਵਾਹ ਪੇਸ਼ ਨਾ ਚੱਲਦੀ ਵੇਖ ਬਾਪ ਨੇ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ। ਜ਼ਾਮਨੀ ਰਕਮ ਤਾਰ ਕੇ ਬੈਂਕ ਤੋਂ ਕਿਸ਼ਤਾਂ ਉੱਪਰ ਸਵਾਰੀਆਂ ਢੋਣ ਵਾਲਾ ਟੈਂਪੂ ਲੈ ਲਿਆ। ਸਾਲ-ਛੇ ਮਹੀਨੇ ਸਾਰੇ ਟੱਬਰ ਨੂੰ ਟੈਂਪੂ ਦਾ ਚਾਅ ਚੜ੍ਹਿਆ ਰਿਹਾ। ਧਰਮਕੋਟ-ਕੋਟ ਈਸੇ ਖਾਂ ਲਿੰਕ ਸੜਕ ’ਤੇ ਦੌੜਦਾ ਟੈਂਪੂ, ਜਿਵੇਂ ਸਾਰੇ ਟੱਬਰ ਦੇ ਚਾਵਾਂ ਵਿਚ ਵੀ ਦੌੜਦਾ ਰਹਿੰਦਾ। ਪਿੰਡ ਲਿੰਕ ਰੋਡ ਤੋਂ ਪਾਸੇ ਕਰ ਕੇ ਲਹਿੰਦੇ ਵੱਲ ਨੂੰ ਵਸਿਆ ਹੋਇਆ। ਅਸੀਂ ਗਲੀ ਦੇ ਪੰਜ-ਸੱਤ ਨਿਆਣੇ ਦੁੜੰਗੇ ਮਾਰਦੇ, ਅੱਧਾ-ਪੌਣਾ ਕਿਲੋਮੀਟਰ ਦੂਰ ਪੈਂਦੀ ਸੜਕ ਜਿੱਥੋਂ ਟੈਂਪੂ ਨੇ ਲੰਘਣਾ ਹੁੰਦਾ ਸੀ, ਰੋਟੀ ਫੜਾਉਣ ਜਾਂਦੇ। ਅਸੀਂ ਕਿੰਨਾ-ਕਿੰਨਾ ਚਿਰ ਟੈਂਪੂ ਨੂੰ ਉਡੀਕਦੇ ਰਹਿੰਦੇ। ਰੋਟੀ ਫੜਾਉਣ ਗਿਆਂ ਨੂੰ ਮਿੱਠੀਆਂ ਗੋਲੀਆਂ ਲੈਣ ਲਈ ਦਸੀ-ਦਸੀ ਮਿਲਦੀ। ਅਸੀਂ ਚਾਅ ਨਾਲ ਟਪੂਸੀਆਂ ਮਾਰਦੇ ਆਉਂਦੇ।
ਹੌਲੀ-ਹੌਲੀ ਟੈਂਪੂ ਨੇ ਆਪਣਾ ਅਸਲ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਕਿਸ਼ਤਾਂ ਟੁੱਟਣ ਲੱਗੀਆਂ। ਬਣਦਾ ਰੋਡ ਟੈਕਸ ਵੀ ਨਾ ਉਤਾਰ ਹੁੰਦਾ। ਡੀ.ਟੀ.ਓ. ਦੀ ਗੱਡੀ ਥਾਂ-ਥਾਂ ਕੁਥਾਂ ਟੈਂਪੂ ਨੂੰ ਆ ਘੇਰਦੀ। ਸਵਾਰੀਆਂ ਤੋਂ ਭਾੜੇ ਦੀ ਇਖੱਠੀ ਕੀਤੀ ਚਵਾਨੀਆਂ-ਅਠਿਆਨੀਆਂ ਵਾਲੀ ਭਾਨ, ਆਦਮ ਬੋ-ਆਦਮ ਬੋ ਕਰਦਾ ਆਇਆ ਡੀ.ਟੀ.ਓ. ਮਰੁੰਡ ਕੇ ਲੈ ਜਾਂਦਾ। ਜਿਵੇਂ ਕੋਈ ਦਿਓ ਘਰ ਖ਼ਾਲੀ ਕਰ ਦੇਵੇ। ਉਤੋਂ ਬਾਪੂ ਹੱਦੋਂ ਵੱਧ ਮੂੰਹ-ਕੂਲ। ਜਾਣ-ਪਛਾਣ ਵਾਲੀਆਂ ਸਵਾਰੀਆਂ ਕਿਰਾਇਆ ਵੀ ਨਾ ਦਿੰਦੀਆਂ। “ਚੰਗਾ ਭਾਈ ਬਾਵਿਆ…ਤੇਰੇ ਟੈਂਪੂ ਨੇ ਤਾਂ ਭਾਈ ਸਾਰੇ ’ਲਾਕੇ ਨੂੰ ਮੌਜ ਲਾਈਓ ਆ।” ਕਹਿ ਕੇ ਮੌਜ ਨਾਲ ਰਾਹ ਪੈ ਜਾਂਦੀਆਂ। ਆਥਣੇ ਬਾਪ ਭਾਂਅ-ਭਾਂਅ ਕਰਦਾ ਝੋਲਾ ਲੈ ਕੇ ਘਰ ਆ ਵੜਦਾ ਜੋ ਮਾਂ ਬੁੱਝੇ ਜਿਹੇ ਦਿਲ ਨਾਲ ਫੜ ਕੇ ਕੰਧ ਵਿਚ ਗੱਡੀ ਖਿੱਲ੍ਹੀ ’ਤੇ ਟੰਗ ਦਿੰਦੀ। ਟੱਬਰ ਦੇ ਵੱਡੇ ਜੀਆਂ ਦੇ ਚਿਹਰੇ ’ਤੇ ਫ਼ਿਕਰ ਚਿੰਤਾ ਦੀਆਂ ਗੂੜ੍ਹੀਆਂ ਲਕੀਰਾਂ ਫਿਰਨ ਲੱਗਦੀਆਂ, ਜਿਸਨੂੰ ਅਸੀਂ ਨਿੱਕੇ ਨਿਆਣੇ ਉਦੋਂ ਪੜ੍ਹਨ ਦੇ ਸਮਰੱਥ ਨ੍ਹੀਂ ਸਾਂ।
ਸਾਲ ਕੁ ਬਾਅਦ ਹੀ ਸੜਕ ’ਤੇ ਅਠਖੇਲ੍ਹੀਆਂ ਕਰਨ ਵਾਲਾ ਟੈਂਪੂ ਅੜੀਆਂ ਕਰਨ ਲੱਗ ਪਿਆ। ਮਾਰ ਖੁੰਢੇ ਸਾਨ੍ਹ ਵਾਂਗ ਸੜਕ ਦੇ ਐਨ ਵਿਚਾਲੇ ਅੜ ਖੜੋਂਦਾ। ਕਦੇ ਸਪੈਂਡਲ ਟੁੱਟ ਜਾਂਦਾ। ਕਦੇ ਕੜੱਕ-ਕੜੱਕ ਕਰ ਕੇ ਚੇਨ ਟੁੱਟਦੀ, ਕਦੇ ਗਲ਼ ਜਿਹਾ ਲਹਿ ਕੇ ਪਾਸੇ ਹੋ ਜਾਂਦਾ। ਕਦੇ ਟਾਇਰ ਪਾਟ ਜਾਂਦਾ ਤੇ ਕਦੇ ਤੇਲ ਪਾਈਪ। ਕਦੇ ਗੇਅਰ ਅੜ ਜਾਂਦਾ। ਫਸਿਆ ਗੇਅਰ ਖੱਢਣ ਲਈ ਵਾਰ ਵਾਰ ਟੈਂਪੂ ਦੇ ਮੂੰਹ ਉਪਰਲਾ ਟਾਪਾ ਚੱਕਣਾ ਪੈਂਦਾ। ਹਾਰ ਕੇ ਪੱਕੇ ਤੌਰ ’ਤੇ ਲਾਹ ਕੇ ਪਾਸੇ ਹੀ ਰੱਖ ਦਿੱਤਾ ਗਿਆ। ਟੈਂਪੂ ਬਾਰਾਂ ਮਹੀਨਿਆਂ ਵਿਚ ਹੀ ਬੁੱਢਾ-ਬੁੱਢਾ ਜਾਪਣ ਲੱਗ ਪਿਆ। ਬਾਪ ਵਲੋਂ ਸਵੈ ਰੁਜ਼ਗਾਰ ਲਈ ਚੁਣਿਆ ਇਹ ਖਿੱਤਾ ਵੀ ਕਾਮਯਾਬ ਨਾ ਹੋ ਸਕਿਆ।
ਸਾਡੀ ਇਸ ਤਿੰਨ ਟੈਰੀ ਟਰਾਂਸਪੋਰਟ ਦੇ ਫੇਲ੍ਹ ਹੋਣ ਦਾ ਇਕ ਹੋਰ ਵੀ ਕਾਰਨ ਸੀ, ਉਹ ਇਹ ਕਿ ਬਾਪ ਅੰਦਰੋਂ-ਬਾਹਰੋਂ ਇਕੋ ਜਿਹਾ ਸੀ, ਪਾਕ-ਸਾਫ਼। ਉਹ ਦੂਜਿਆਂ ਨੂੰ ਵੀ ਆਪਣੇ ਵਰਗਾ ਹੀ ਸਮਝਦਾ ਜੋ ਉਸਦੀ ਵੱਡੀ ਗ਼ਲਤੀ ਸੀ। ਉਸ ਨੇ ਮੇਰੀ ਮਾਸੀ ਭਾਵ ਆਪਣੀ ਸਾਲੀ ਦੇ ਮੁੰਡੇ ਨੂੰ ਟੈਂਪੂ ਚਲਾਉਣ ਲਈ ਡਰਾਈਵਰ ਰੱਖ ਲਿਆ ਸੀ। ਲੂੰਈ ਫੁਟਦੀ ਵਾਲਾ ਇਹ ਮੁੰਡਾ ਟੈਂਪੂ ਵਲ ਘੱਟ ਧਿਆਨ ਦਿੰਦਾ, ਸਾਡੇ ਗੁਆਂਢੀ ਮੁੰਡੇ ਨਾਲ ਰਲ਼ ਕੇ ਆਵਾਰਾਗਰਦੀ ਵੱਧ ਕਰਦਾ। ਦੋਵੇਂ ਸਵਾਰੀਆਂ ਦੀ ਥਾਵੇਂ, ਸ਼ਹਿਰ ਗੇੜਾ-ਸੇੜਾ ਰੱਖਣ ਵਾਲੀਆਂ ਤੀਵੀਆਂ ਵੱਧ ਢੋਂਹਦੇ। ਇਹ ਕਾਰ ਸੇਵਾ ਦੀ ਖ਼ਾਤਰ ਕਈ ਵਾਰ ਤਾਂ ਭਰਿਆ-ਭਰਾਇਆ ਗੇੜਾ ਵੀ ਮਿਸ ਕਰ ਦਿੰਦੇ। ਟੈਂਪੂ ਭਰ ਜਾਣ ’ਤੇ ਸਹੀ ਵੇਲਾ ਵਿਚਾਰ ਕੇ ਨਾ ਤੋਰਦੇ। ਫਿਰੋਜ਼ਪੁਰ ਵਲੋਂ ਰੋਡਵੇਜ ਦੀ ਬੱਸ ਆਉਣ ’ਤੇ ਸਵਾਰੀਆਂ ਬੱਸ ਦੇ ਵੱਡੇ ਢਿੱਡ ਵਿਚ ਵੜ ਜਾਂਦੀਆਂ। ਫਿਰ ਬੱਸ ਦੇ ਪਿੱਛੇ-ਪਿੱਛੇ ਖ਼ਾਲੀ ਟੈਂਪੂ ਭਜਾਈ ਲਿਜਾਂਦੇ। ਦੋਵੇਂ ਬਾਪੂ ਦੀ ਭਲਮਾਨਸੀ ਦਾ ਨਾਜਾਇਜ਼ ਫ਼ਾਇਦਾ ਚੁੱਕੀ ਜਾਂਦੇ। ਖੱਖ ਪੱਲੇ ਨ੍ਹੀਂ ਸੀ ਪਾਉਂਦੇ। ਆਖ਼ਰ ਉਹੀ ਹੋਇਆ ਜੋ ਹੋਣਾ ਨਿਸ਼ਚਿਤ ਸੀ। ਟੈਂਪੂ ਸੜਕ ’ਤੇ ਦੌੜਨ ਦੀ ਜ਼ਹਿਮਤ ਛੱਡ ਕੇ ਘਰ ਦੇ ਵਿਹੜੇ ਵਿਚ ਲੱਗੇ ਜਾਮ੍ਹਣ ਦੇ ਰੁੱਖ ਥੱਲੇ ਆਰਾਮ ਕਰਨ ਲੱਗਾ। ਕਿਸ਼ਤਾਂ ਟੁੱਟ ਗਈਆਂ। ਕਮਾਈ ਆਉਣੀ ਬੰਦ ਹੋ ਗਈ। ਆਰਥਿਕ ਤੰਗੀ ਦੇ ਪਹਾੜ ਟੱਬਰ ਸਿਰ ਟੁੱਟ ਪਏ।
ਜਦੋਂ ਘਰਦੇ ਵਡੇਰੇ ਜੀਅ ਗ਼ਰੀਬੀ ਨਾਲ ਘੋਲ ਕਰ ਰਹੇ ਸਨ, ਅਸੀਂ ਨਿਆਣੇ ਟੈਂਪੂ ਦੁਆਲੇ ਬਾਂਦਰ ਟਪੂਸੀਆਂ ਮਾਰਦੇ ਰਹਿੰਦੇ। ਟੈਂਪੂ ਦੀ ਛੱਤ ’ਤੇ ਚੜ੍ਹ ਕੇ ਜਾਮ੍ਹਣ ਤੋੜਦੇ। ਖੜ੍ਹੇ ਟੈਂਪੂ ਦੇ ਸਟੇਅਰਿੰਗ ਨੂੰ ਘੁਮਾਈ ਜਾਂਦੇ। ਟੈਂਪੂ ਉਦੋਂ ਭਾਰਤ ਦੇਸ਼ ਵਰਗਾ ਸੀ ਜਿਸਦੇ ਲੀਡਰ ਉਹਦਾ ਖੜ੍ਹੇ ਦਾ ਹੀ ਸਟੇਅਰਿੰਗ ਘੁੰਮਾਈ ਜਾਂਦੇ।
ਪਾਪਾ ਜੀ ਨੇ ਖੇਸ ਬੁਣਨ ਵਾਲੀ ਖੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਖੱਡੀ ਉਤੇ ਖੱਦਰ ਦੇ ਖੇਸ ਅਤੇ ਦੋੜੇ ਬਣਾ ਕੇ ਵੇਚ ਦਿਤੇ ਜਾਂਦੇ। ਬਾਪ ਸਾਰੀ ਦਿਹਾੜੀ ਖੱਡੇ ਵਿਚ ਲੱਤਾਂ ਲਮਕਾ ਕੇ ਟਿੱਕ-ਟਿੱਕ ਕਰਦਾ ਰਹਿੰਦਾ। ਉਧਰੋਂ ਬੈਂਕ ਵਾਲੇ ਟੈਂਪੂ ਦੀਆਂ ਕਿਸ਼ਤਾਂ ਵਸੂਲਣ ਲਈ ਲਗਾਤਾਰ ਗੇੜੇ ਮਾਰਨ ਲੱਗੇ। ਬਾਪ ਸਮੇਤ ਸਾਰੇ ਟੱਬਰ ਦਾ ਧਿਆਨ ਬੂਹੇ ਵਲ ਲੱਗਾ ਰਹਿੰਦਾ। “ਹੁਣ ਕੀ ਹੋਊ? ਆੲਂੇ ਤਾਂ ਭੁੱਖੇ ਮਰਜਾਂਗੇ।” ਮਾਂ ਸੁਆਲ ਬਣ ਜਾਂਦੀ।
“ਕੁਛ ਨ੍ਹੀਂ ਹੁੰਦਾ? ਸਭ ਠੀਕ ਹੋਜੂ। ਬਾਬਾ ਨਾਨਕ ਮੇਹਰ ਕਰੂ। ਸਭ ਦਿਨਾਂ ਦਾ ਹੇਰ-ਫੇਰ ਹੁੰਦਾ। ਦਿਨ ਫਿਰ ਜਾਣਗੇ। ਜੇ ਉਹ ਦਿਨ ਨ੍ਹੀਂ ਰਹੇ ਤਾਂ ਆਹ ਦਿਨ ਵੀ ਨ੍ਹੀਂ ਰਹਿਣੇ।” ਬਾਪ ਦੀਆਂ ਬੁੱਝੀਆਂ ਅੱਖਾਂ ਵਿਚ ਲਿਸ਼ਕ ਦਿਖਾਈ ਦੇਣ ਲੱਗਦੀ।
ਇਕ ਵਾਰ ਤਾਂ ਬੈਂਕ ਵਾਲਿਆਂ ਦਾ ਪਤਾ ਹੀ ਨਾ ਲੱਗਾ ਕਦੋਂ ਆ ਪਏ। ਭਿਣਕ ਪੈਂਦਿਆਂ ਹੀ ਪਾਪਾ ਖੱਡੀ ਤੋਂ ਉਤਰ ਕੇ ਤਖ਼ਤਿਆਂ ਉਹਲੇ ਲੁਕ ਗਿਆ। ਬੈਂਕ ਕਰਮਚਾਰੀ ਪੰਜ-ਸੱਤ ਮਿੰਟ, ਇਧਰ-ਉਧਰ ਵੇਖ-ਝਾਕ ਕੇ ਅਤੇ ਬਾਕੀ ਜੀਆਂ ਨੂੰ ਪੈਸੇ ਛੇਤੀ ਜਮ੍ਹਾਂ ਕਰਵਾਉਣ ਦੀ ਕਰੜੀ ਧਮਕੀ ਦੇ ਕੇ ਮੁੜ ਗਏ। ਉਨ੍ਹਾਂ ਦੇ ਜਾਣ ਦੇ ਕਿੰਨਾ ਚਿਰ ਬਾਅਦ ਹੀ ਬਾਪ ਤਖ਼ਤਿਆਂ ਦੇ ਉਹਲੇ ’ਚੋਂ ਬਾਹਰ ਆਇਆ, ਐਡੇ ਵੱਡੇ ਕੱਦ-ਕਾਠ ਵਾਲਾ ਬੰਦਾ ਜਿਵੇਂ ਨਿੱਕਾ ਜਿਹਾ ਹੋ ਗਿਆ ਸੀ। ਮੂੰਹ ਪੀਲਾ-ਭੂਕ। ਕੋਈ ਮਨੁੱਖ ਐਨਾ ਬੇਵੱਸ ਤੇ ਲਾਚਾਰ ਵੀ ਹੁੰਦਾ ਐ, ਖੇਡਣ ਦੀ ਉਸ ਨਿਆਣੀ ਉਮਰੇ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ। ਫ਼ੌਜੀ ਜੀਵਨ ਦੌਰਾਨ 1962 ਅਤੇ 1965 ਦੀਆਂ ਲੜਾਈਆਂ ਵਿਚ ਮੋਰਚਿਆਂ ’ਤੇ ਅੱਗੇ ਹੋ ਕੇ ਪੂਰੇ ਜਾਹੋ-ਜਲਾਲ ਨਾਲ ਲੜਨ ਵਾਲਾ ਜਵਾਨ ਹੁਣ ਜ਼ਲਾਲਤ ਹੰਢਾਅ ਰਿਹਾ ਸੀ।
“ਬਾਵਾ ਸਿੰਹੁ ਹਰ ਪਾਸਿਓਂ ਟੁੱਟਾ ਪਿਐ। ਟੱਬਰੀ ਵੱਡੀ ਐ। ਕੰਮ ਚੱਲਿਆ ਕੋਈ ਨ੍ਹੀਂ…ਕਰਜ਼ੇ ਨੇ ਦੱਬ ਲਿਆ… ਬੈਂਕ ਵਾਲੇ ਰੋਜ਼ ਗੇੜੇ ਮਾਰਦੇ ਆ… ਆਏ ਕਿੰਨੇ ਕੁ ਦਿਨ ਲੁਕਜੂ…ਮੈਨੂੰ ਤਾਂ ਲੱਗਦੈ ਅੱਕਿਆ ਵਿਐ ਫਾਹਾ ਲੈਜੂ ਕਿਸੇ ਦਿਨ…।” ਅਜਿਹੀ ਲੋਕ ਭਾਖਿਆ ਸੁਣਨ ਨੂੰ ਮਿਲਦੀ ਰਹਿੰਦੀ ਸੀ। ਸੁਣ ਕੇ ਅੰਦਰੋਂ ਦਹਿਲ ਜਾਂਦੇ ਸਾਂ। ਬਾਪੂ ਚੱਟਾਨ ਵਾਂਗ ਅਡੋਲ ਰਿਹਾ ਸੀ। ਐਨੀਆਂ ਦੁਸ਼ਵਾਰੀਆਂ ਦੇ ਬਾਵਜੂਦ ਢੇਰੀ ਨ੍ਹੀਂ ਸੀ ਢਾਹੀ। ਸ਼ਾਇਦ ਉਦੋਂ ਅੱਜ ਵਾਂਗੂੰ ਖ਼ੁਦਕੁਸ਼ੀ ਕਰ ਕੇ ਹਰ ਤਰ੍ਹਾਂ ਦੇ ਸੰਸਿਆਂ-ਫ਼ਿਕਰਾਂ ਤੋਂ ਛੁਟਕਾਰਾ ਪਾ ਲੈਣ ਦੀ ਭੈੜੀ ਰੀਤ ਅਜੇ ਨ੍ਹੀਂ ਸੀ ਪਈ।
ਖੱਡੀ ਦਾ ਕੰਮ ਵੀ ਬਹੁਤਾ ਨ੍ਹੀਂ ਸੀ ਚੱਲ ਰਿਹਾ, ਵੱਡੇ ਕਾਰਖ਼ਾਨਿਆਂ ਵਿਚ ਬੁਣੇ ਮਸ਼ੀਨੀ ਖੇਸ ਸਸਤੇ ਵੀ ਸਨ ਤੇ ਵਧੀਆ ਵੀ। ਲੋਕ ਡੱਗੀਆਂ ਵਾਲਿਆਂ ਤੋਂ ਇਹ ਖੇਸ ਖ਼ਰੀਦਣ ਨੂੰ ਪਹਿਲ ਦੇਣ ਲੱਗੇ ਸਨ। ਇਕ ਤਰ੍ਹਾਂ ਨਾਲ ਸਾਡਾ ਇਹ ਕਾਰੋਬਾਰ ਵੀ ਠੱਪ ਹੋਣ ਵਰਗਾ ਹੀ ਸੀ। ਉਂਜ ਵੀ ਇੱਕ ਹੱਥਖੱਡੀ ਵੱਡੇ ਪਰਿਵਾਰ ਦਾ ਪੇਟ ਪਾਲਣ ਦੇ ਸਮਰੱਥ ਨ੍ਹੀਂ ਸੀ। ਕਿਸੇ ਪਾਸਿਓਂ ਵਾਹ ਨਾ ਚੱਲਦੀ ਵੇਖ ‘ਪਾਪਾ ਜੀ’ ਵਿਹੜੇ ਦੇ ਹੋਰ ਬੰਦਿਆਂ ਨਾਲ ਰਲ਼ ਕੇ ਖੇਤਾਂ ਵਿਚ ਮਜ਼ਦੂਰੀ ਕਰਨ ਜਾਣ ਲੱਗੇ। ਪਾਪਾ ਜੀ ਦਾ ਸਰੀਰ ਭਾਰਾ ਹੋਇਆ ਪਿਆ ਸੀ। ਪੇਟ ਵਧਿਆ ਹੋਇਆ। ਖੇਤ ਵਿਚ ਗੁਡ-ਗੁਡਾਈ ਦਾ ਕੰਮ ਕਰਦਿਆਂ ਪੈਰਾਂ ਭਾਰ ਬੈਠਣਾ ਉਸ ਲਈ ਔਖਾ ਹੋ ਜਾਂਦਾ। ਉਸਨੂੰ ਹੌਂਕਣੀ ਚੜ੍ਹ ਜਾਂਦੀ। ਖੇਤੀ ਦਾ ਔਖਾ ਭਾਰਾ ਕੰਮ ਉਸਦੇ ਵੱਸ ਕਿੱਥੇ ਸੀ? ਕਈ ਸ਼ਰੀਕਾਂ ਨੂੰ ਬਾਪ ਦੀ ਅਜਿਹੀ ਹਾਲਤ ਵੇਖ ਕੇ ਅਲੌਕਿਕ ਅਨੰਦ ਚੜ੍ਹਦਾ। ਬਾਪ ਦੇ ਚਾਚੇ ਦਾ ਪੁੱਤ ਲਾਲ ਸਿਹੁੰ ਇਨ੍ਹਾਂ ’ਚੋਂ ਇਕ। “ਫ਼ੌਜੀਆ ! ਫ਼ੌਜ ’ਚ ਖਾਧੇ ਮੁਰਗੇ ਢਿੱਡ ’ਚ ਬਾਂਗਾਂ ਦਿੰਦੇ ਹੋਣੇ ਆਂ।” ਉਹ ਨਸ਼ਤਰ ਲਾਉਂਦਾ।
“ਲਾਲ ਸਿਆਂ! ਟੈਮ-ਟੈਮ ਦੀ ਗੱਲ ਐ। ਬਥੇਰੇ ਮੁਰਗਿਆਂ ਦੀਆਂ ਧੌਣਾਂ ਮਰੋੜੀਆਂ। ਟੈਮ ਬਦਲਦਾ ਰਹਿੰਦਾ। ਸਦਾ ਇਕੋ ਜਿਹਾ ਨ੍ਹੀਂ ਰਹਿੰਦਾ। ਕਦੇ ਟੈਮ ਆਊ…ਫੇਰ ਮੁਰਗਿਆਂ ਦੀਆਂ ਧੌਣਾਂ ਮਰੋੜਨ ਲੱਗ ਜਾਂਗੇ।”
ਦਿਹਾੜੀ ਨਾਲ ਚਾਰ ਪੈਸੇ ਘਰ ਆਉਣ ਲੱਗੇ ਸਨ। ਚੁੱਲ੍ਹਾ ਸੌਖਾ ਬਲ੍ਹਣ ਲੱਗਾ ਸੀ। ਸ਼ਰੀਕੇ ਦੇ ਢਿੱਡ ਵਿਚ ਫਿਰ ਸੂਲ ਉਠ ਪਿਆ। ਲਾਲੂ ਨੇ ਖੇਤ-ਮਾਲਕ ਨੂੰ ਉਂਗਲ ਦੇ ਦਿੱਤੀ, “ਬਾਵਾ ਤਾਂ ਮੁਫ਼ਤ ਦੀਆਂ ਰੋਟੀਆਂ ਪਾੜਦੈ। ਕੰਮ ਦਾ ਡੱਕਾ ਨ੍ਹੀਂ ਤੋੜਦਾ, ਮੁਫ਼ਤ ਦੀ ਦਿਹਾੜੀ ਲੈਂਦੈ। ਇਕ ਜੁਆਕ ਜਿੰਨਾ ਕੰਮ ਨ੍ਹੀਂ ਹੁੰਦਾ ਇਹਤੋਂ।”
“ਕੀ ਕਰੀਏ?”
“ਕਰਨਾ ਕੀ ਐ? ਜੁਆਬ ਦੇਹ।” ਤੇ ਉਸਨੇ ਬਾਪੂ ਨੂੰ ਕੰਮ ਤੋਂ ਜੁਆਬ ਦੇਣ ਲਈ ਵੀ ਲਾਲ ਨੂੰ ਹੀ ਕਹਿ ਦਿੱਤਾ ਸੀ।
“ਫ਼ੌਜੀਆ! ਤੂੰ ਵਈ ਰਮਾਨ ਕਰ ਚਾਰ ਦਿਨ। ਕੱਲ੍ਹ ਨੂੰ ਨਾ ਆਵੀਂ। ਮਾਲਕ ਨੇ ਆਖਿਆ।” ਲਾਲ ਦੀ ਗੱਲ ਸੁਣਦਿਆਂ ਬਾਪ ਦੇ ਹੱਥੋਂ ਰੰਬੀ ਛੁੱਟ ਗਈ ਸੀ। ਉਸਨੇ ਦੇਖਿਆ, ਲਾਲ ਵੱਟ ’ਤੇ ਖੜ੍ਹਾ ਮੁਸਕੜੀਏਂ ਹੱਸ ਰਿਹਾ ਸੀ। ਬਾਪ ਬੇਵਸੀ ਜਿਹੀ ’ਚ ਉਠ ਖੜ੍ਹਾ ਹੋਇਆ। ਗੁਡਾਈ ਕਰਦੇ ਬਾਕੀ ਦਿਹਾੜੀਦਾਰਾਂ ਨੇ ਵੀ ਰੰਬੀਆਂ ਥਾਏਂ ਸੁੱਟ ਦਿੱਤੀਆਂ।
“ਏਹ ਕੀ ਗੱਲ ਹੋਈ…ਜੇ ਏਹਨੂੰ ਕੰਮ `ਤੇ ਨ੍ਹੀਂ ਲਾਉਣਾ…ਸਾਡਾ ਵੀ ਜੁਆਬ ਐ।” ਹੱਥ ਝਾੜਦੇ ਉਹ ਖੇਤੋਂ ਬਾਹਰ ਆ ਗਏ। ਜਦੋਂ ਖੇਤ ਮਾਲਕ ਨੂੰ ਪਤਾ ਲੱਗਾ, ਉਸਦੇ ਹੱਥਾਂ ਦੇ ਤੋਤੇ ਉੱਡ ਗਏ। ਝੋਨੇ ਵਿਚ ਕੱਖ ਦਾ ਬੂਥ ਚੜ੍ਹਿਆ ਪਿਆ ਸੀ। ਦਿਹਾੜੀਆ ਉਨ੍ਹੀਂ ਦਿਨੀਂ ਬੜੀ ਮੁਸ਼ਕਿਲ ਨਾਲ ਮਿਲਦਾ। ਉਹ ਲਾਲੂ ਨਾਲ ਲਾਲ ਪੀਲਾ ਹੋਣ ਲੱਗਾ, “ਇਹ ਸਾਲਾ ਆਵਦੇ ਕੋਲੋਂ ਈ ਛੱਡੀ ਜਾਂਦੈ…ਮੈਂ ਕਦੋਂ ਬਾਵਾ ਸਿਹੰੁ ਨੂੰ ਜੁਆਬ ਦਿੱਤਾ ਕੰਮ ਤੋਂ।” ਉਸ ਨੇ ਸਾਰਿਆਂ ਦੀ ਮਿੰਨਤ-ਤਰਲਾ ਕਰ ਕੇ ਵਾਪਸ ਕੰਮ `ਤੇ ਲਾਇਆ। ਦਰਅਸਲ ਬਾਕੀ ਸਾਰੇ ਮੁੰਡੇ ਆਪਣੇ ਕੰਮ ਦੇ ਨਾਲ-ਨਾਲ ਵਿੱਤੋਂ ਵੱਧ ਹੰਭਲਾ ਮਾਰ ਕੇ ਬਾਪ ਦੇ ਹਿੱਸੇ ਦਾ ਵੀ ਕੰਮ ਕਰਦੇ ਸਨ। ਵੱਧ-ਚੜ੍ਹ ਕੇ ਜ਼ੋਰ ਲਾਉਂਦੇ ਤਾਂ ਜੋ ਬਾਪ ਦੀ ਕਮਜ਼ੋਰੀ ਕਾਰਨ ਪੈਣ ਵਾਲਾ ਖੱਪਾ ਪੂਰਿਆ ਜਾ ਸਕੇ, ਪਰ ਜ਼ਿੰਦਗੀ ਦੇ ਖੱਪੇ ਇਸ ਤਰ੍ਹਾਂ ਥੋੜ੍ਹਾ ਪੂਰੇ ਜਾਂਦੇ ਨੇ?
ਤੰਗੀ ਦੇ ਇਨ੍ਹਾਂ ਦਿਨਾਂ ਵਿਚ ਹੀ ਬੈਂਕ ਵਾਲਿਆਂ ਨੇ ਵੀ ਆਪਣਾ ਸ਼ਿਕੰਜਾ ਕੱਸ ਦਿੱਤਾ। ਆਪਣੀ ਡੁੱਬੀ ਰਕਮ ਉਗਰਾਹੁਣ ਲਈ ਉਨ੍ਹਾਂ ਨੇ ਘਰ ਵਿਚ ਗੇੜੇ `ਤੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਆਏ ਦਿਨ ਬਾਪੂ ਨੂੰ ਕਿਧਰੇ ਲੁਕਣਾ ਪੈਂਦਾ। ਬੈਂਕ ਵਾਲਿਆਂ ਤੋਂ ਕੁਝ ਨਾ ਕੁੱਝ ਖਹਿੜਾ ਛੁਡਾਉਣ ਲਈ ਘਰ ਦੇ ਕਿੱਲੇ ’ਤੇ ਬੱਝੀ ਮੱਝ ਵੇਚ ਦਿੱਤੀ ਗਈ। ਮੱਝ ਦੋ-ਢਾਈ ਕਿੱਲੋ ਦੁੱਧ ਦਿੰਦੀ ਸੀ। ਜਿਸ ਵਿਚੋਂ ਅੱਧਾ ਘਰ ਵਰਤ ਕੇ, ਬਾਕੀ ਵੇਚ ਦਿੱਤਾ ਜਾਂਦਾ। ਮਾਂ ਦੇ ਹੱਥਾਂ ’ਚ ਪਤਾ ਨ੍ਹੀਂ ਕੀ ਕਰਾਮਾਤ ਸੀ, ਕਿੱਲੋ ਦੁੱਧ ਹੀ ਨ੍ਹੀਂ ਸੀ ਮੁੱਕਦਾ। ਦਹੀਂ-ਲੱਸੀ ਵੀ ਜੁਆਕਾਂ ਨੂੰ ਪੀਣ-ਖਾਣ ਲਈ ਮਿਲ ਜਾਂਦੀ ਸੀ।
“ਕਰਮਾਂ ਵਾਲੀ ਦਾ ਦੁੱਧ ਈ ਬਾਹਲਾ ਸੰਘਣਾ…ਘਰ ਵਰਤਣ ਵਾਸਤੇ ਕਿੱਲੋ ਈ ਵਾਧੂ ਐ।” ਮਾਂ ਅਕਸਰ ਆਖਦੀ। ਸ਼ਾਇਦ ਸੱਚ ਈ ਬੋਲਦੀ ਹੋਵੇ?
ਇਕ ਵੇਲੇ ਦਾ ਚੁੱਲ੍ਹਾ ਇਹ ਕਰਮਾਂ ਵਾਲੀ ਹੀ ਚਲਾਉਂਦੀ ਸੀ। ਪਾਪਾ ਜੀ ਮੱਝ ਦੇ ਪਿੰਡੇ ’ਤੇ ਪਿਆਰ ਨਾਲ ਹੱਥ ਫੇਰਦੇ। ਥਣਾਂ ਨਾਲ ਲੱਗੀਆਂ ਚਿਚੜੀਆਂ ਤੋੜਦੇ। ਖੁਰ ਧੋ-ਧੋ ਸਾਫ਼ ਕਰਦੇ, ਸਿੰਗਾਂ ਨੂੰ ਤੇਲ ਨਾਲ ਚੋਪੜਦੇ। ਹੁਣ ਜਦੋਂ ਕੋਈ ਵਾਹ ਪੇਸ਼ ਨਾ ਗਈ, ਮੱਝ ਦਾ ਸੰਗਲ ਖੋਲ੍ਹ ਕੇ ਵਪਾਰੀ ਨੂੰ ਫੜਾ ਦਿੱਤਾ। ਮਾਂ ਮੱਝ ਦੀ ਖ਼ਾਲੀ ਪਈ ਖੁਰਲੀ ’ਤੇ ਸਿਰ ਸੁੱਟ ਕੇ ਕਿੰਨਾ ਚਿਰ ਰੋਂਦੀ ਰਹੀ ਸੀ। ਸਾਡੀਆਂ ਨਿਆਣਿਆਂ ਦੀਆਂ ਵੀ ਧਾਹਾਂ ਨਿਕਲ ਗਈਆਂ ਸਨ। ਦਰਅਸਲ ਸਾਡਾ ਤਾਂ ਮੱਝ ਨਾਲੋਂ ਵੀ ਵੱਧ ਕੱਟੇ ਨਾਲ ਮੋਹ ਸੀ, ਜਿਸਨੂੰ ਸਾਰੀ ਦਿਹਾੜੀ ਲਾਡ-ਲਡਾਉਂਦੇ ਨ੍ਹੀਂ ਸੀ ਥੱਕਦੇ। ਇਹ ਤਾਂ ਵੱਡੇ ਹੋਣ `ਤੇ ਪਤਾ ਲੱਗਾ ਕਿ ਗ਼ਰੀਬ ਪਰਿਵਾਰਾਂ ਦੇ ਲੋਕ ਮੱਝਾਂ, ਗਾਵਾਂ ਤੇ ਬੱਕਰੀਆਂ ਨੂੰ ਐਨਾ ਮੋਹ ਕਿਉਂ ਕਰਦੇ ਨੇ।
ਮੱਝ ਨੂੰ ਘਰੋਂ ਤੋਰ ਕੇ ਬਾਪੂ ਨੇ ਵੀ ਸਾਰੇ ਟੱਬਰ ਤੋਂ ਅੱਖ ਬਚਾ ਕੇ ਅੱਖਾਂ ਵਿਚ ਸਿੰਮ ਆਇਆ ਪਾਣੀ ਸਾਫ਼ ਕੀਤਾ ਸੀ।
“ਮੱਝ ਦਾ ਲੇਵਾ ਪੁੱਠਾ ਸੀ। ਊਂ ਵੀ ਅਹੁਰਿਆ ਜਿਹਾ ਸੀ। ਇਹੋ ਜਿਹਾ ਪਸ਼ੂ ਘਰੇ ਰੱਖਣਾ ਠੀਕ ਨ੍ਹੀਂ ਹੁੰਦਾ। ਵਫ਼ਾ ਨ੍ਹੀਂ ਕਰਦਾ। ਮੱਝ ਵੇਚਣੀ ਠੀਕ ਸੀ। ਆਹ ਦਹੁੰ-ਚਹੁੰ ਦਿਨਾਂ ਦੀ ਗੱਲ ਐ…ਅਗਲੇ ਹਫ਼ਤੇ ਹੋਰ ਲੈ ਆਵਾਂਗੇ।” ਇਹ ਦੋ-ਚਾਰ ਦਿਨ ਉਦੋਂ ਤਕ ਜਾਰੀ ਰਹੇ ਜਦੋਂ ਤਕ ਇਕ ਫੰਡਰ ਅਤੇ ਅਵਾਰਾ ਜਿਹੀ ਗਾਂ, “ਗਊ ਕਿੱਲੇ ’ਤੇ ਰੱਖਣੀ ਠੀਕ ਹੁੰਦੀ ਐ। ਗਊ ਮਾਤਾ ਦੀ ਸੇਵਾ ਤਾਂ ਤਾਰ ਦਿੰਦੀ ਐ ਬੰਦੇ ਨੂੰ” ਆਖਦਿਆਂ ਫੜ ਕੇ ਕਿੱਲੇ ’ਤੇ ਨ੍ਹੀਂ ਸੀ ਬੰਨ੍ਹ ਲਈ। ਅਸੀਂ ਹੈਰਾਨ ਸਾਂ, ਬਾਪ ਮੱਝ ਨਾਲੋਂ ਵੀ ਵੱਧ ਪਿਆਰ ਨਾਲ ਗਾਂ ਨੂੰ ਨਹਾਉਣ ਧਵਾਉਣ ਲੱਗਾ ਰਹਿੰਦਾ ਸੀ।
ਘਰ ਵਿਚ ਇੰਨੀ ਜ਼ਿਆਦਾ ਤੰਗੀ ਹੋਣ ਦੇ ਬਾਵਜੂਦ ਪਾਪਾ ਜੀ ਨੇ ਸਾਨੂੰ ਭੈਣ-ਭਰਾਵਾਂ ਨੂੰ ਪੜ੍ਹਨੋਂ ਨ੍ਹੀਂ ਸੀ ਹਟਾਇਆ। ਉਹ ਚਾਹੁੰਦਾ ਤਾਂ ਆਵਦਾ ਹੱਥ ਸੁਖਾਲਾ ਕਰਨ ਲਈ ਸਾਡੇ ਹੱਥਾਂ ਵਿਚੋਂ ਕਾਪੀ-ਪੈਨ ਛੁਡਾ ਕੇ ਵੱਗ ਚਾਰਨ ਵਾਲੀ ਸੋਟੀ ਫੜਾ ਦਿੰਦਾ, ਪਰ ਉਸਦੇ ਤਾਂ ਸੁਪਨੇ ਹੀ ਹੋਰ ਸਨ। ਸਾਨੂੰ ਕਿਸੇ ਮੁਕਾਮ ’ਤੇ ਪੁੱਜਦਾ ਕਰਨ ਲਈ ਤਾਂ ਉਹ ਮੰਡੀ `ਚ ਵੀ ਵਿਕ ਸਕਦਾ ਸੀ।
ਘੋਰ ਗਰੀਬੀ ਦੇ ਇਨ੍ਹਾਂ ਦਿਨਾਂ ਵਿਚ ਹੀ, ਇੱਕ ਦੁਪਹਿਰ ਨੂੰ ਡਾਕੀਏ ਨੇ ਰੁਜ਼ਗਾਰ ਦਫ਼ਤਰ ਦਾ ਕਾਰਡ ਆ ਫੜਾਇਆ। ਇਹ ਪੀਲਾ ਜਿਹਾ ਕਾਰਡ ਜਿਵੇਂ ਸਾਡੇ ਟੱਬਰ ਦੇ ਚਿਹਰਿਆਂ ਦੀ ਪਲੱਤਣ ਚੱਕ ਦੇਣ ਲਈ ਕਿਸੇ ਅਲਾਦੀਨ ਦੇ ਚਿਰਾਗ ਵਾਂਗੂੰ ਬਹੁੜਿਆ ਸੀ। ਉਨ੍ਹੀਂ ਦਿਨੀਂ ਬਾਪੂ ਮਨਾਵੇਂ ਵਾਲੇ ਸੋਢੀਆਂ ਦੀ ਕੰਬਾਇਨ ’ਤੇ ਡਰਾਈਵਰ ਜਾ ਲੱਗਾ ਸੀ। ਫ਼ੌਜ ਵਿਚ ਸਿੱਖੀ ਡਰਾਈਵਰੀ ਉਸ ਦੇ ਕੰਮ ਆ ਗਈ ਸੀ। ਉਥੋਂ ਹੀ ਪਾਪਾ ਜੀ ਡਰੇਨੇਜ਼ ਵਿਭਾਗ ਵਿਚ ਨੌਕਰੀ ਲਈ ਇੰਟਰਵਿਊ ਦੇਣ ਚਲੇ ਗਏ ਸਨ, ਜਿਥੇ ਉਨ੍ਹਾਂ ਨੂੰ ਵਰਕਨਦਾਜ਼ ਦੀ ਚੌਥੇ ਦਰਜੇ ਵਾਲੀ ਅਸਾਮੀ ਲਈ ਚੁਣ ਲਿਆ ਗਿਆ ਸੀ। ਇਹ ਤਾਂ ਪਰਿਵਾਰ ਦੀ ਜ਼ਿੰਦਗੀ ਵਿਚ ਕਿਸੇ ਵੱਡੇ ਇਨਕਲਾਬ ਦੇ ਆ ਜਾਣ ਵਾਲੀ ਗੱਲ ਸੀ। ਘੱਟ ਤਨਖ਼ਾਹ ਦੇ ਬਾਵਜੂਦ ਹੁਣ ਸਾਡੀ ਪੜ੍ਹਾਈ ਨਿਰਵਿਘਨ ਜਾਰੀ ਰਹਿ ਸਕਦੀ ਸੀ। ਘਰਦਿਆਂ ਦੇ ਚਿਹਰਿਆਂ ’ਤੇ ਵਰ੍ਹਿਆਂ ਬਾਅਦ ਫੇਰ ਰੌਣਕ ਪਰਤ ਆਈ ਸੀ।
ਗੱਲ ਉਦੋਂ ਦੀ ਹੈ, ਜਦੋਂ ਮੈਂ ਅਜੇ ਤੀਜੀ ਜਮਾਤੇ ਚੜ੍ਹਿਆ ਹੀ ਸਾਂ। ਪੜ੍ਹਨ ਵਿਚ ਤੇਜ਼ ਸਾਂ ਜਿਸ ਕਰਕੇ ਸਕੂਲ ਭੈਣ ਜੀ ਵੀ ਬੜਾ ਪਿਆਰ ਕਰਦੇ ਸਨ। ਕਾਲਜ ਦਾ ਮੋਨੀਟਰ ਵੀ ਮੈਨੂੰ ਹੀ ਬਣਾਇਆ ਹੋਇਆ ਸੀ। ਇਸਦੇ ਬਾਵਜੂਦ ਸਕੂਲ ਜਾਣ ਨੂੰ ਮੇਰਾ ਜੀਅ ਹੀ ਨ੍ਹੀਂ ਸੀ ਕਰਦਾ। ਕਿਸੇ ਨਾ ਕਿਸੇ ਬਹਾਨੇ ਟਾਲਾ ਮਾਰ ਜਾਂਦਾ। ਇਸਦਾ ਵੱਡਾ ਕਾਰਨ ਆਪਣੇ ‘ਗ਼ਰੀਬ ਕੱਪੜਿਆਂ’ ਕਾਰਨ ਅੰਦਰ ਪੈਦਾ ਹੋ ਚੁੱਕੀ ਹੀਣ-ਭਾਵਨਾ ਸੀ। ਮੈਨੂੰ ਜਾਪਦਾ ਜਿਵੇਂ ਮੇਰੇ ਨਾਲ ਦੇ ਹਾਣੀ ਮੇਰੇ ਕੱਪੜਿਆਂ ਵੱਲ ਵੇਖ ਕੇ ਗੁੱਝਾ-ਗੁੱਝਾ ਹੱਸਦੇ ਹੋਣ। ਪਹਿਲਾਂ ਵਾਂਗ ਮੈਂ ਇਕ ਦਿਨ ਸਕੂਲੋਂ ਘੇਸਲ ਮਾਰ ਲਈ ਸੀ। ਸਕੂਲ ਮਾਸਟਰਾਨੀ ਨੇ ਕਲਾਸ ਦੇ ਦੋ ਬੱਚੇ ਮੈਨੂੰ ਘਰੋਂ ਬੁਲਾਉਣ ਲਈ ਭੇਜ ਦਿੱਤੇ। ਕੁਦਰਤੀ ਬਾਪ ਉਸ ਦਿਨ ਅਜੇ ਕੰਮ ’ਤੇ ਨ੍ਹੀਂ ਸੀ ਗਿਆ। ਜਦੋਂ ਉਸਨੂੰ ਮੇਰੇ ਸਕੂਲੋਂ ਗ਼ੈਰ-ਹਾਜ਼ਰ ਰਹਿਣ ਦਾ ਪਤਾ ਲੱਗਾ, ਉਹ ਜੁੱਤੀ ਲਾਹ ਕੇ ਮੇਰੇ ਦੁਆਲੇ ਹੋ ਗਿਆ। ਮੈਂ ਆਪਣਾ ਕੱਛਾਂ ਤੋਂ ਫਟ ਚੁੱਕਾ ਕੁੜਤਾ ਦਿਖਾਇਆ ਤਾਂ ਉਸਦਾ ਗੁੱਸਾ ਸੱਤਵੇਂ ਅਸਮਾਨ ’ਤੇ ਜਾ ਪਹੁੰਚਿਆ। ਠਿੱਬੀ ਜੁੱਤੀ ਟਿਕਾ-ਟਿਕਾ ਕੇ ਮੇਰੀ ਗਿੱਚੀ ਵਿਚ ਮਾਰਨੀ ਸ਼ੁਰੂ ਕਰ ਦਿੱਤੀ, “ਸਾਲਾ ਵੱਡਾ ਨਵਾਬਜ਼ਾਦਾ…ਦਿੰਨਾਂ ਤੈਨੂੰ ਹੁਣੇ ਪੋਸ਼ਾਕ ਸੰਵਾ ਕੇ…ਪਟਿਆਲੇ ਆਲੇ ਰਾਜੇ ਦਾ ਕਾਕਾ ਜੁ ਹੋਇਆ।” ਬਾਪੂ ਨੂੰ ਐਨੇ ਗੁੱਸੇ ਵਿਚ ਮੈਂ ਪਹਿਲੀ ਵਾਰ ਦੇਖਿਆ ਸੀ। ਉਸ ਦਿਨ ਸਕੂਲ ਤਕ ਸਾਰੇ ਰਾਹ ਮੈਨੂੰ ਕੁੱਟਦਾ ਹੀ ਲੈ ਕੇ ਗਿਆ। ਸ਼ਾਮ ਨੂੰ ਜਦੋਂ ਮੈਂ ਸਕੂਲੋਂ ਆਇਆ, ਪਾਪਾ ਜੀ ਕੁੜਤੇ-ਪਜਾਮੇ ਲਈ ਮੋਟੇ ਖੱਦਰ ਦਾ ਨਵਾਂ ਕੱਪੜਾ ਲਿਆ ਚੁੱਕੇ ਸਨ। ਉਨ੍ਹਾਂ ਮੈਨੂੰ ਬੁੱਕਲ ਵਿਚ ਲੈ ਲਿਆ। ਅੱਖਾਂ ਵਿਚ ਪਾਣੀ ਤੈਰ ਰਿਹਾ ਸੀ।
“ਮੇਰਾ ਕਿਤੇ ਜੀਅ ਨ੍ਹੀਂ ਕਰਦੈ ਥੋਨੂੰ ਨਵੇਂ-ਨਵੇਂ ਕੱਪੜੇ ਲੈ ਕੇ ਦੇਣ ਨੂੰ। ਮੇਰਾ ਵੱਸ ਚੱਲੇ…।” ਅੱਗੇ ਉਸ ਤੋਂ ਬੋਲਿਆ ਨ੍ਹੀਂ ਸੀ ਗਿਆ। ਗੱਚ ਭਰ ਆਇਆ। ਅੱਖਾਂ ਦਾ ਪਾਣੀ ਘਰਾਲਾਂ ਬਣ ਕੇ ਕਰੜ-ਬਰੜੀ ਦਾਹੜੀ ਵਿਚ ਗੁਆਚ ਗਿਆ। ਉਹ ਕਿੰਨਾ ਹੀ ਚਿਰ ਮੈਨੂੰ ਬੁੱਕਲ ਵਿਚ ਲੈ ਕੇ ਸਿਰ ਪਲੋਸਦਾ ਰਿਹਾ।
‘ਆਮ ਆਦਮੀ’ ਵਾਂਗ ਬਾਪ ਵੀ ਹਮੇਸ਼ਾ ਤਿਲਕਵੀਂ ਰਾਜਨੀਤਕ ਵਿਚਾਰਧਾਰਾ ਵਾਲਾ ਹੀ ਰਿਹਾ। ਸਾਰੀ ਉਮਰ ਹੀ ਉਸ ਦੀ ਕੋਈ ਪੱਕੀ ਵਿਚਾਰਧਾਰਾ ਨ੍ਹੀਂ ਬਣ ਸਕੀ। ਉਹ ਕਦੇ ਕਿਸੇ ਦੇ ਗੁਣ-ਗਾਉਣ ਲੱਗਦਾ, ਕਦੇ ਕਿਸੇ ਦੇ। ਆਮ ਗ਼ਰੀਬਾਂ ਵਾਂਗ ਕਾਂਗਰਸ ਉਸਦੇ ਹੱਡਾਂ ਵਿਚ ਵੜੀ ਹੋਈ ਸੀ। ਇੰਦਰਾ ਗਾਂਧੀ ਉਸਨੂੰ ਦੇਸ਼ ਦੇ ਗਰੀਬਾਂ ਦੀ ਸਭ ਤੋਂ ਵੱਡੀ ਹਮਦਰਦ ਜਾਪਦੀ। ਉਹ ਕਾਂਗਰਸੀ ਨੇਤਾ ਬੂਟਾ ਸਿੰਘ ਦੇ ਗੁਣਗਾਣ ਕਰਦਾ ਰਹਿੰਦਾ। ਅੱਸੀਵੇਂ ਦਹਾਕੇ ਦੇ ਅਖ਼ੀਰਲੇ ਸਾਲਾਂ ਵਿਚ ਬਹੁਜਨ ਸਮਾਜ ਪਾਰਟੀ ਦਾ ਉਭਾਰ ਹੋਣਾ ਸ਼ੁਰੂ ਹੋਇਆ ਤਾਂ ਮੇਰੇ ਵਰਗੇ ਤੱਤੇ ਖ਼ੂਨ ਵਾਲੇ ਮੁੰਡੇ ਕੰਧਾਂ ’ਤੇ ਹਾਥੀ ਵਾਹੁਣ ਲੱਗੇ। ਮੈਂ ਪਾਰਟੀ ਝੰਡਾ ਚੁੱਕ ਕੇ ਥਾਂ-ਪੁਰ-ਥਾਂ ਰੈਲੀਆਂ, ਧਰਨਿਆਂ ਅਤੇ ਕਾਨਫਰੰਸਾਂ ’ਤੇ ਤੁਰਿਆ ਰਹਿੰਦਾ। ਸਗੋਂ ਪਿੰਡਾਂ ਦੇ ਦਲਿਤ ਵਿਹੜਿਆਂ ਅਤੇ ਭੱਠਿਆਂ ’ਤੇ ਜਾ ਕੇ ਪਾਰਟੀ ਦੀ ਸਕੂਲਿੰਗ ਵੀ ਕਰਨ ਲੱਗ ਪਿਆ ਸਾਂ। ਪਾਪਾ ਜੀ ਨੂੰ ਮੇਰੀਆਂ ਇਹ ਸਰਗਰਮੀਆਂ ਉੱਕਾ ਹੀ ਨ੍ਹੀਂ ਸੀ ਭਾਉਂਦੀਆਂ। ਉਹ ਮੈਨੂੰ ਪਾਰਟੀ ਵਿਚ ਕੰਮ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਗੁਆਂਢੀ ਮਾਸਟਰ ਨੂੰ ਸ਼ਲੋਕ ਸੁਣਾਉਂਦਾ ਰਹਿੰਦਾ। ਉਹ ਪਾਰਟੀ ਅਤੇ ਪਾਰਟੀ ਸੁਪਰੀਮੋ ਕਾਂਸ਼ੀ ਰਾਮ ਨੂੰ ਵੀ ਚੋਂਦੀਆਂ-ਚੋਂਦੀਆਂ ਗਾਹਲਾਂ ਕੱਢਦਾ,
“ਚਮਾਰਾਂ ਦੀ ਪਾਰਟੀ ਆ…ਆਹ ਸਾਡੇ ਛੋਹਰ ਚਮਾਰਾਂ ਦੇ ਟੇਟੇ ਚੜ੍ਹੇ ਫਿਰਦੇ ਆ…ਭੱਥਾ ਭੰਨਾ ਕੇ ਪਿਛਾਂਹ ਹਟਣਗੇ।”
ਕਦੇ ਉਹ ਆਖਦਾ “ਚਮਾਰ ਖੁੱਡੇ ਲਾਉਣਗੇ ਸਾਰਿਆਂ ਨੂੰ…ਏਹ ਪੜ੍ਹੀ-ਲਿਖੀ ਕੌਮ ਐ… ਬਾਕੀ ਸ਼ਡੂਲਕਾਸਟਾਂ ਦਾ ਹੱਕ ਖਾਈ ਜਾਂਦੀ ਆ। ਆਹ ਸਾਡੇ ਆਲੇ ਢੋਡਰ…ਮਗਰ ਲੱਗੇ ਫਿਰਦੇ। ਇਨ੍ਹਾਂ ਨੂੰ ਅਸਲੀਅਤ ਦਾ ਨ੍ਹੀਂ ਪਤਾ।” ਪਾਪਾ ਜੀ ਦੇ ਮਨ ’ਚ ਜੋ ਭਰਿਆ ਸੀ, ਉਹੀ ਬਾਹਰ ਨਿਕਲਣਾ ਸੀ। ਸਮਾਜ ਵਿਚ ਜਾਤੀਵਾਦ ਦੀਆਂ ਪੀਡੀਆਂ ਪਈਆਂ ਗੰਢਾਂ ਦੀ ਮਾਰ ਉਸਨੇ ਆਪਣੇ ਪਿੰਡੇ ’ਤੇ ਹੰਢਾਈ ਸੀ। ਫ਼ੌਜ ਵਿਚ ਜਾਤੀ ਅਧਾਰ ’ਤੇ ਭਾਰੀ ਵਿਤਕਰਾ ਹੁੰਦਾ ਰਿਹਾ ਸੀ। ਇੱਥੇ ਜਾਤੀ ਅਧਾਰ ’ਤੇ ਇਕ-ਦੂਜੇ ਦਾ ਰਿਕਾਰਡ ਖ਼ਰਾਬ ਕਰਨ ਦੀ ਕੋਈ ਕਸਰ ਬਾਕੀ ਨ੍ਹੀਂ ਸੀ ਛੱਡੀ ਜਾਂਦੀ। ਇਸੇ ਵਿਤਕਰੇ ਦਾ ਸ਼ਿਕਾਰ ਬਾਪ ਵੀ ਹੋਇਆ ਸੀ। ਕੁਝ ਆਪਣੇ ਅੱਖੜ ਸੁਭਾਅ ਕਰਕੇ ਅਤੇ ਕੁਝ ਜਾਤੀ ਖਿੱਚੋਤਾਣ ਕਰਕੇ। ਉਨ੍ਹਾਂ ਵੇਲਿਆਂ ਦੀਆਂ ਅੱਠ ਜਮਾਤਾਂ ਪਾਸ ਬਾਪ, ਫ਼ੌਜ ਵਿਚੋਂ ਬਿਨਾਂ ਕੋਈ ਫੀਤੀ ਲੁਆਇਆਂ, ਸਿਪਾਹੀ ਦਾ ਸਿਪਾਹੀ ਹੀ ਪੈਨਸ਼ਨ ਆ ਗਿਆ ਸੀ। ਰਿਸ਼ਤੇਦਾਰੀ ’ਚੋਂ ਲੱਗਦਾ ਫੁੱਫੜ ਜੱਗਰ ਸਿੰਘ ਅਕਸਰ ਕਹਿੰਦਾ ਹੁੰਦਾ ਸੀ, “ਬਾਵਾ ਸੂੰਅ ਨੇ ਸੁਭਾਅ ਨ੍ਹੀਂ ਬਦਲਿਆ ਸਾਰੀ ਉਮਰ…ਫ਼ੌਜ ’ਚ ਵੀ ਪਿੰਡ ਆਲਾ ਹੀ ਹਸਾਬ ਰੱਖਿਆ। ਇੱਟ-ਖੜਿੱਕਾ ਲਈ ਰੱਖਿਆ ਅਫਸਰਾਂ ਨਾਲ। ਅਫ਼ਸਰਾਂ ਅੱਗੇ ਝੁਕਦਾ ਈ ਨ੍ਹੀਂ ਸੀ। ਗ਼ਲਤ ਨੂੰ ਗ਼ਲਤ, ਠੀਕ ਨੂੰ ਠੀਕ। ਮੂੰਹ ’ਤੇ ਮਾਰਦਾ ਸੀ ਅਗਲੇ ਦੇ। ਇਉਂ ਨ੍ਹੀਂ ਚੱਲਦਾ ਫ਼ੌਜ ’ਚ…ਵੇਖਲੋ ਸਾਡੇ ਵਰਗੇ `ਨਪੜ੍ਹ ਬੰਦੇ੍ਹ ਫ਼ੌਜ ’ਚੋਂ ਸੂਬੇਦਾਰੀਆਂ ਕੁੱਟ ਕੇ ਲੈ ਆਏ, ਇਹ ਆ ਗਿਆ ਬੇਰੰਗ ਈ ਸਿਪਾਹੀ ਦਾ ਸਿਪਾਹੀ।” ਜੱਗਰ ਦਾ ਪਤਾ ਨਾ ਲੱਗਦਾ ਬਾਪ ਦੀ ਤਾਰੀਫ਼ ਕਰਦਾ ਹੈ ਜਾਂ ਬੁਰਾਈ।
ਬਾਪ ਦੀ ਕਾਂਗਰਸਪ੍ਰਸਤੀ ਦਾ ਵੱਡਾ ਕਾਰਨ ਘਰਾਂ ਵਿਚੋਂ ਲੱਗਦਾ ਭਰਾ ਵੀ ਸੀ। ਰਾਜੀਵ-ਲੌਂਗੋਵਾਲ ਸਮਝੌਤੇ ਬਾਅਦ ਹੋਈਆਂ ਚੋਣਾਂ ਵਿਚ ਉਹ ਦਫ਼ਤਰ ਦੀ ਹੈਡ ਕਲਰਕੀ ਤੋਂ ਅਸਤੀਫ਼ਾ ਦੇ ਕੇ ਕਾਂਗਰਸੀ ਟਿਕਟ ’ਤੇ ਵਿਧਾਨ ਸਭਾ ਦੀਆਂ ਪੌੜ੍ਹੀਆਂ ਜਾ ਚੜ੍ਹਿਆ ਸੀ। ਬਾਪ ਦਾ ਚਾਅ ਚੁੱਕਿਆ ਨ੍ਹੀਂ ਸੀ ਜਾਂਦਾ। ਉਧਰ ਵਿਧਾਇਕੀ ਵਾਲਾ ਬਟੇਰਾ ਪੈਰਾਂ ਥੱਲੇ ਆਉਣ ਨਾਲ ਬਾਪ ਦੇ ਚਚੇਰੇ ਭਰਾ ਦਾ ਦਿਮਾਗ ਸੱਤਵੇਂ ਅਸਮਾਨ ਜਾ ਚੜ੍ਹਿਆ। ਉਹ ਸ਼ਰਾਬ ਦੇ ਨਸ਼ੇ ਵਿਚ ਅੰਨ੍ਹਾ ਹੋ ਕੇ ਦੂਜੇ-ਚੌਥੇ ਦਿਨ ਕਾਰਬਾਈਨ ਨਾਲ ਤਾੜ-ਤਾੜ ਗੋਲੀਆਂ ਚਲਾਉਂਦਾ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਸੁਸਰੀ ਵਾਂਗ ਸੌਂ ਜਾਂਦਾ। ਅਸੀਂ ਸਾਰੇ ਘੁਰਨਿਆਂ ਵਿਚ ਜਾ ਵੜਦੇ। ਸੱਤਾ ਦੇ ਨਸ਼ੇ ਵਿਚ ਟੱਲੀ ਹੋਇਆ ਨੇਤਾ ਆਂਢ-ਗੁਆਂਢ ਨੂੰ ਬੇਵਜ੍ਹਾ ਗਾਹਲਾਂ ਕੱਢਦਾ। ਸਾਡੇ ਨਾਲ ਪਤਾ ਨ੍ਹੀਂ ਕੀ ਖ਼ੋਰ ਸੀ ਉਸਨੂੰ। ਉਹ ਆਪਣੇ ਅੰਗ-ਪਾਲਾਂ ਨੂੰ ਨਾਲ ਲੈ ਕੇ, ਦਰਵਾਜ਼ੇ ਮੂਹਰੇ ਸਾਨ੍ਹ ਵਾਂਗੂੰ ਖੌਰੂ ਪਾ ਜਾਂਦਾ। ਮੇਰੇ ਤੋਂ ਵੱਡਾ ਭਰਾ ਤਾਂ ਫ਼ੌਜ ’ਚ ਸੀ। ਸਾਨੂੰ ਬਾਕੀ ਭਰਾਵਾਂ ਨੂੰ ਗੁੱਸਾ ਚੜ੍ਹਦਾ, ਪਰ ਮਾਂ-ਬਾਪ ਅੰਦਰ ਵਾੜ ਕੇ ਬੂਹਾ ਭੇੜ ਲੈਂਦੇ। ਵਿਧਾਇਕ ਬਾਦਸ਼ਾਹ ਵੱਲੋਂ ਪਾਈ ਦਹਿਸ਼ਤ ਨੇ ਬਾਪ ਵਰਗਿਆਂ ਦੇ ਸਿਰੋਂ ਕਾਂਗਰਸ ਦਾ ਫਤੂਰ ਉੱਕਾ ਹੀ ਲਾਹ ਦਿੱਤਾ। ਉਸਨੇ ਬਿਲਕੁਲ ਹੀ ਕੂਹਣੀ-ਮੋੜ ਕੱਟ ਲਿਆ। ਹੁਣ ਉਹ ਦਿਨ ਰਾਤ ਬਸਪਾ ਦੇ ਸੋਹਲੇ ਗਾਉਣ ਲੱਗਿਆ ਸੀ। ਮੇਰੀ ਹਾਂ ਵਿਚ ‘ਹਾਂ’ ਵੀ ਭਰਨ ਲੱਗਾ। ਸਰਦਾਰ ਬੂਟਾ ਸਿੰਘ ਉਸ ਲਈ ‘ਬੂਟੀ ਰਾਮ’ ਬਣ ਗਿਆ, “ਇਹ ਬੂਟੀ ਨੇ ਈ ਕੌਮ ਦਾ ਭੱਠਾ ਬਹਾਇਐ। ਆਵਦਾ ਕੋੜਮਾ ਪਾਲਿਆ…ਕੌਮ ਜਾਵੇ ਢੱਠੇ ਖੂਹ ’ਚ।” ਉਸਨੇ ਕਾਂਗਰਸੀ ਲੀਡਰਾਂ ’ਤੇ ਤਵਾ ਲਾਉਣਾ ਸ਼ੁਰੂ ਕਰ ਦਿੱਤਾ ਸੀ।
“ਗਰੀਬ-ਗੁਰਬੇ ਦਾ ਦਿਮਾਗ ਨ੍ਹੀਂ ਠੀਕ। ਰਲ਼ ਕੇ ਨ੍ਹੀਂ ਹੰਭਲਾ ਮਾਰਦੇ। ਨਈਂ ਕੀ ਨ੍ਹੀਂ ਕਰ ਸਕਦੇ? ਜੇ ਰਲ਼ ਕੇ ਹੰਭਲਾ ਮਾਰ ਲੈਣ, ਦਿੱਲੀ ਚਾਰ ਹੱਥ ਦੂਰ ਨ੍ਹੀਂ ਏਹਨਾਂ ਤੋਂ।” ਸੱਥ ਵਿਚ ਖੜ੍ਹ ਕੇ, ਉਸਦੇ ਪ੍ਰਚਾਰ ਦੀ ਸੁਰ ਤਿੱਖੀ ਹੋਣ ਲੱਗ ਪਈ ਸੀ। ਹੁਣ ਉਹ ਮੇਰੇ ਨਾਲ ਘਰ ਆਉਣ ਵਾਲੇ ਪਾਰਟੀ ਵਰਕਰਾਂ ਨੂੰ ਪੂਰੇ ਆਦਰ-ਭਾਉ ਨਾਲ ਮਿਲਦਾ। ਉਨ੍ਹਾਂ ਦੀ ਸੇਵਾ ਹੋਣ ਲੱਗੀ। ਦਾਰੂ-ਪਿਆਲੇ ਦੇ ਸ਼ੌਕੀਨਾਂ ਦਾ ਮੂੰਹ ਵੀ ਬਾਪੂ ਦੀ ਫੌਜੀ ਰੰਮ ਨਾਲ ਕੌੜਾ ਹੋਣ ਲੱਗਾ।
ਬਾਪ ਦੀਆਂ ਇਨ੍ਹਾਂ ਗੱਲਾਂ ਨਾਲ ਵਿਧਾਇਕ ਬਾਦਸ਼ਾਹ ਸਗੋਂ ਹੋਰ ਚਿੜ੍ਹ ਗਿਆ। ਇਹ ਤਾਂ ਉਸਦੀ ਬਾਦਸ਼ਾਹਤ ਲਈ ਵੱਡੀ ਵੰਗਾਰ ਸੀ। ਉਹ ਬਾਪ ਨੂੰ ਨੌਕਰੀ ਤੋਂ ਕਢਾ ਦੇਣ ਦੀਆਂ ਧਮਕੀਆਂ ਦੇਣ ਲੱਗਾ। ਅਸੀਂ ਪਿੰਡ ’ਚ ਕਈ ਵਾਰ ਪੰਚਾਇਤ ਇਕੱਠੀ ਕਰ ਚੁਕੇ ਸਾਂ, ਪਰ ਵਿਧਾਇਕ ਬਾਦਸ਼ਾਹ ਤਾਂ ਪੰਚਾਇਤ ਨੂੰ ਹੀ ਟਿੱਚ ਸਮਝਦਾ ਸੀ। ਉਸਨੇ ਸਾਨੂੰ ਸਾਰੇ ਭਰਾਵਾਂ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਸਬੰਧੀ, ਥਾਣੇ ਬੰਦ ਕਰਵਾ ਦਿੱਤਾ। ਵੱਡੇ ਭਰਾ ਨੂੰ ਤਾਂ ਆਪਣੇ ਮੁਕਲਾਵੇ ਤੋਂ ਅਗਲੀ ਰਾਤ ਵੀ ਥਾਣੇ ਹੀ ਗੁਜ਼ਾਰਨੀ ਪਈ ਸੀ। ਸਾਨੂੰ ਬਾਪ ’ਤੇ ਰਹਿ-ਰਹਿ ਕੇ ਗੁੱਸਾ ਆਉਂਦਾ ਕਿ ਉਹ ਇਸ ਹੈਂਕੜਬਾਜ਼ ਨੂੰ ਲਲਕਾਰਦਾ ਕਿਉਂ ਨ੍ਹੀਂ। ਐਵੇਂ ਸਿਰ ਸੁੱਟ ਕੇ ਅੰਦਰ ਕਿਉਂ ਵੜ ਜਾਂਦਾ ਹੈ। ਉਸਨੂੰ ਅੱਗਿਓਂ ਹੋ ਕੇ ਟੱਕਰਦਾ ਕਿਉਂ ਨ੍ਹੀਂ।
…ਤੇ ਵਿਧਾਇਕ ਬਾਦਸ਼ਾਹ ਨੂੰ ਅੱਗਿਓਂ ਹੋ ਕੇ ਟੱਕਰਨ ਦਾ ਮੌਕਾ ਜਲਦੀ ਬਣ ਗਿਆ ਸੀ। ਪਹਿਲਾਂ ਵਾਂਗ ਹੀ ਇਕ ਦਿਨ ਉਸਨੇ ਸ਼ਰਾਬ ਅਤੇ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ, ਸਾਡੇ ਘਰਦੇ ਬੂਹੇ ਮੂਹਰੇ ਆ ਲਲਕਾਰਾ ਮਾਰਿਆ। ਉਸ ਵਲੋਂ ਆਪਣੀ ਲਾਇਸੰਸੀ ਕਾਰਬਾਈਨ ਨਾਲ ਚਲਾਈ ਗੋਲੀ ਦਰੱਖ਼ਤ ਦੇ ਪੱਤਿਆਂ ਨਾਲ ਘਸਰਦੀ ਅਸਮਾਨ ਵਲ ਨਿਕਲ ਗਈ ਸੀ।
“…ਖੜਜਾ ਤੇਰੀ ਵੱਡੇ ਲਾਟ ਸਾਬ੍ਹ ਦੀ…।” ਬਾਪ ਨੇ ਜੰਗਾਲ੍ਹੀ ਜਿਹੀ ਗੰਡਾਸੀ ਕੱਢ ਲਿਆਂਦੀ। ਬਾਪੂ ਦਾ ਜਲੌਅ ਉਸ ਦਿਨ ਵੇਖਣ ਵਾਲਾ ਸੀ, ਜਿਵੇਂ ਉਸ ਨੇ ਸਾਰੀ ਸਰਕਾਰ ਨੂੰ ਹੀ ਲਲਕਾਰ ਦਿੱਤਾ ਹੋਵੇ। ਅਸੀਂ ਵੀ ਸਾਰੇ ਭਰਾ ਸੋਟੀਆਂ ਲੈ ਕੇ ਨਿਕਲ ਆਏ ਸਾਂ। ਰਾਜ ਨੇਤਾ ਨੇ ਮੇਰੇ ਗਲ੍ਹਮੇ ਵਿਚ ਹੱਥ ਪਾ ਲਿਆ ਸੀ…ਅੱਗਿਓਂ ਮੈਂ ਵੀ ਉਸਦਾ ਗਲਾਵਾਂ ਫੜ ਲਿਆ। ਛੋਟੇ-ਵੱਡੇ ਦਾ ਅਤੇ ਰਿਸ਼ਤੇਦਾਰੀ ਦਾ ਫ਼ਰਕ ਕਿਤੇ ਦੂਰ ਰਹਿ ਗਿਆ। ਰਾਜ ਨੇਤਾ ਦੇ ਪਸੀਨੇ ਛੁੱਟ ਗਏ। ਉਹ ਇਕ ਦਮ ਠਠੰਬਰ ਗਿਆ। ਇੰਨੀ ਬਗ਼ਾਵਤ ਦੀ ਤਾਂ ਉਸਨੂੰ ਆਸ ਹੀ ਨ੍ਹੀਂ ਸੀ। ਉਹ ਆਪਣੇ ਅੰਗ ਰੱਖਿਅਕਾਂ ਸਮੇਤ ਉਨ੍ਹੀਂ-ਪੈਰੀਂ ਪੁੱਠਾ ਮੁੜ ਗਿਆ। ਉਸ ਦਿਨ ਤੋਂ ਬਾਅਦ ਸਾਡੀ ਕਦੇ ਉਸ ਨਾਲ ਤੂੰ ਤੂੰ-ਮੈਂ ਮੈਂ ਨਾ ਹੋਈ।
“ਹੱਥਾਂ ਬਾਝ ਕਰਾਰਿਆਂ ਵੈਰੀ ਹੋਏ ਨਾ ਮਿੱਤ। ਐਦੂੰ ਬਿਨਾਂ ਕੰਮ ਲੋਟ ਨ੍ਹੀਂ ਸੀ ਆਉਣਾ। ਇਹ ਕੰਮ ਤਾਂ ਆਪਾਂ ਨੂੰ ਬਹੁਤ ਸਾਲ ਪਹਿਲਾਂ ਕਰ ਲੈਣਾ ਚਾਹੀਦਾ ਸੀ।” ਬਾਪ ਆਖਦਾ।
“ਰੋਕਿਆ ਕੀਹਨੇ ਸੀ?” ਅਸੀਂ ਸਾਰੇ ਖੁੱਲ੍ਹ ਕੇ ਹੱਸਣ ਲੱਗ ਜਾਂਦੇ।
ਆਰਥਕ ਤੌਰ `ਤੇ ਥੁੜ੍ਹੇ-ਟੁੱਟੇ ਬੰਦੇ ਦੀ ਕਦੇ ਵੀ ਸਥਿਰ ਵਿਚਾਰਧਾਰਾ ਨ੍ਹੀਂ ਬਣਦੀ। ਪਾਪਾ ਜੀ ਦਾ ਸੁਭਾਅ ਵੀ ਇਕਸਾਰ ਨ੍ਹੀਂ ਸੀ ਰਹਿੰਦਾ। ਪਾਰੇ ਵਾਂਗ ਥਿਰਕਦਾ ਹੀ ਰਹਿੰਦਾ ਸੀ।
ਮੇਰੇ ਸਾਹਿਤਕ ਕਿਤਾਬਾਂ ਨਾਲ ਜੁੜੇ ਰਹਿਣ ਨੂੰ ਉਹ ਫ਼ਜ਼ੂਲ ਮਗਜ਼-ਪੱਚੀ ਵਾਲਾ ਕੰਮ ਸਮਝਦਾ। ਉਹ ਆਖਦਾ, “ਜਿੰਨਾ ਟੈਮ ਨਾਵਲ-ਘਾਣੀਆਂ ਲਿਖਣ ਪੜ੍ਹਨ `ਤੇ ਲਾਉਨੈ, ਉਹੀ ਕੋਰਸ ਦੀਆਂ ਕਿਤਾਬਾਂ ’ਤੇ ਲਾਏਂ ਤਾਂ ਕੁਛ ਦਾ ਕੁਛ ਬਣਜੇਂ।” ਉਹ ਮੈਨੂੰ ਸਿਵਲ ਇੰਜਨੀਅਰਿੰਗ ਦਾ ਡਿਪਲੋਮਾ ਕਰਵਾ ਕੇ ਓਵਰਸੀਅਰ ਬਣਾਉਣਾ ਚਾਹੁੰਦਾ ਸੀ। ਉਹ ਆਪਣੇ ਮਹਿਕਮੇ ਦੇ ਓਵਰਸੀਅਰਾਂ ਨੂੰ ਸੀਮਿੰਟ-ਬੱਜਰੀ ਵੇਚ-ਵੇਚ ਕੇ, ਨੋਟਾਂ ਦੀਆਂ ਗੁੱਥੀਆਂ ਜੇਬਾਂ ’ਚ ਭਰਦੇ ਵੇਖਦਾ। ਬਾਪ ਆਪ ਵੀ ਇਕ-ਅੱਧ ਬੋਰੀ ਇਧਰ-ਉਧਰ ਕਰ ਕੇ ਚਾਰ ਪੈਸੇ ਕਮਾ ਲੈਂਦਾ। ਬਾਪ ਦੇ ਆਖੇ ਮੈਂ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਜਿਸਨੂੰ ਪਿੰਡਾਂ ਵਾਲੇ “ਓਵਰਸੀਅਰੀ ਦਾ ਕੋਰਸ” ਆਖਦੇ, ਪਾਸ ਕਰ ਲਿਆ। ਬਾਪ ਮੈਨੂੰ ਡਿਪਲੋਮੇ ਤੋਂ ਬਾਅਦ ਏ.ਐਮ.ਆਈ. ਈ (ਇੰਜੀਨੀਅਰਿੰਗ ਦੀ ਗਰੈਜੂਏਸ਼ਨ) ਕਰ ਲੈਣ ਵਾਸਤੇ ਜ਼ੋਰ ਪਾਉਂਦਾ ਰਹਿੰਦਾ ਪਰ ਮੈਂ ਉਸਨੂੰ ਸੱਚ ਦੱਸਣ ਤੋਂ ਹਮੇਸ਼ਾਂ ਪਾਸਾ ਵੱਟੀ ਰੱਖਦਾ। ਦਰਅਸਲ ਮੈਂ ਇਹ ਦੱਸ ਕੇ ਉਸਦਾ ਦਿਲ ਨ੍ਹੀਂ ਸੀ ਤੋੜਨਾ ਚਾਹੁੰਦਾ ਕਿ ਮੈਂ ਤਾਂ ਡਿਪਲੋਮਾ ਹੀ ਮਸੀਂ ਪਾਸ ਕੀਤੈ। ਫੇਰ ਮੇਰੀ ਇਸ ਨੌਕਰੀ ਵਿਚ ਕੋਈ ਦਿਲਚਸਪੀ ਵੀ ਨ੍ਹੀਂ ਸੀ। ਇਸ ਮਾਮਲੇ ਨੂੰ ਲੈ ਕੇ ਉਹ ਮੇਰੇ ਨਾਲ ਤੱਤਾ-ਠੰਡਾ ਵੀ ਹੁੰਦਾ। ਫੇਰ ਮੇਰੀਆਂ ਕਹਾਣੀਆਂ ਲੇਖ ਵਗੈਰਾ ਅਖ਼ਬਾਰਾਂ ਰਸਾਲਿਆਂ ਵਿਚ ਛਪਣ ਲੱਗੇ। ਪਿੰਡ, ਆਲੇ-ਦੁਆਲੇ ਅਤੇ ਰਿਸ਼ਤੇਦਾਰਾਂ ਵਿਚੋਂ ਕੋਈ ਮੇਰੀ ਕਹਾਣੀ ਦੀ ਚਰਚਾ ਉਸ ਕੋਲ ਛੇੜ ਲੈਂਦਾ। ਹੌਲੀ-ਹੌਲੀ ਮੈਂ ਬਾਪ ਲਈ ‘ਖ਼ਾਸ’ ਬੰਦਾ ਬਣ ਗਿਆ। ਮੇਰੇ ਲੇਖਕ ਹੋਣ ਦਾ ਉਸਨੂੰ ਚਾਅ ਹੋ ਗਿਆ ਸੀ। ਜਦੋਂ ਕੋਈ ਲੇਖਕ ਯਾਰ ਬੇਲੀ ਘਰ ਆਉਂਦਾ, ਉਸਨੂੰ ਚਾਅ ਚੜ੍ਹ ਜਾਂਦਾ।
“ਗੁਰਮੀਤ ਦੀ ਘਾਣੀ ਆਈ ਆ ਖਵਾਰ ’ਚ। ਕਮਾਲ ਕੀਤੀ ਪਈ ਐ। ਮੁੰਡੇ ਨੇ ਨਾਉਂ ਕੱਢਤਾ ਪਿੰਡ ਦਾ।” ਬਾਪ ਦੀ ਫ਼ੌਜੀ ਰੰਮ ’ਤੇ ਨਿਗਾਹ ਰੱਖਣ ਵਾਲੇ ਮੇਰੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹ ਦਿੰਦੇ।
“ਬਾਈ ਬਾਵਾ ਸਿਆਂ! ਮੁੰਡਾ ਤਾਂ ਤੇਰਾ ਢੁੱਡੀਕਿਆਂ ਆਲੇ ਜਸਵੰਤ ਸਿਹੁੰ ਕੰਵਲ ਅਗੂੰ ਚੋਟੀ ਦਾ ਲਿਖਾਰੀ ਬਣੂ।” ਕਈ ਤਾਂ ਲੋੜੋਂ ਵੱਧ ਪਲੇਥਣ ਲਾ ਦਿੰਦੇ। ਸਾਡੇ ਇਲਾਕੇ ਵਿਚ ਅੱਧ ਪੜ੍ਹਿਆਂ ਲਈ ਬੂਟਾ ਸਿੰਘ ਸ਼ਾਦ ਅਤੇ ਜਸਵੰਤ ਸਿੰਘ ਕੰਵਲ ਬੜੇ ਵੱਡੇ ਨਾਂਅ ਸਨ। ਪਾਪਾ ਜੀ ਦੀਆਂ ਵਾਛਾਂ ਖਿੜ ਜਾਂਦੀਆਂ ਉਹ ਸੰਦੂਕ ਵਿਚੋਂ ਕੰਟੀਨ ਦੀ ਫ਼ੌਜੀ ਰੰਮ ਕੱਢ ਲਿਆਉਂਦਾ।
“ਮੁੰਡਾ ਤੇਰਾ ਨਾਂ ਚਮਕਾਊ। ਸੋਹਣੀ ਲਿਖਤ ਐ।” ਪਾਪਾ ਜੀ ਹੋਰ ਚੌੜੇ ਹੋ ਜਾਂਦੇ। ਮੇਰੀਆਂ ਤਾਰੀਫ਼ਾਂ ਦਾ ਸਿਲਸਿਲਾ ਉਦੋਂ ਤੱਕ ਜਾਰੀ ਰਹਿੰਦਾ ਜਦੋਂ ਤੱਕ ਬੋਤਲ ਥੱਲੇ ਨਾਲ ਨਾ ਜਾ ਲੱਗਦੀ।
“ਊਂ ਬਾਈ ਸਿਆਂ ਗੁੱਸਾ ਨਾ ਕਰੀਂ। ਮੁੰਡੇ ’ਤੇ ਨਿਗਾਹ ਰੱਖੀਂ। ਏਹ ਲਿਖਾਰੀ-ਲਖੂਰੀ ਜਏ ਹੁੰਦੇ ਅਵਾਰਾ ਈ ਐ। ਟੈਮ ਨਾਲ ਮੰਗ-ਵਿਆਹ ਲੈ। ਐਵੇਂ ਨਾ ਕੋਈ ਚੰਦ-ਚਾੜ ਦੇਵੇ।” ਪਿਆਲੇ ਦੇ ਜੁੱਟ ਜਾਣ ਲੱਗੇ ਬਾਪ ਨੂੰ ਚੁਕੰਨਾ ਕਰ ਜਾਂਦੇ।
ਜੁੱਟਾਂ ਦੀਆਂ ਉਂਗਲਾਂ ਦੀ ਕਲਾਕਾਰੀ ਰੰਗ ਲਿਆਉਣ ਲੱਗੀ ਸੀ। ਦਰਅਸਲ ਉਹ ਦੂਜਿਆਂ ਦੀਆਂ ਗੱਲਾਂ ਵਿਚ ਬੜੀ ਛੇਤੀ ਆ ਜਾਂਦਾ ਸੀ। ਉਹ ਮੈਨੂੰ ਦਿਨ-ਰਾਤ ਵਿਆਹ ਲਈ ਜ਼ੋਰ ਪਾਉਣ ਲੱਗਾ। ਨਿੱਤ ਨਵੇਂ-ਰਿਸ਼ਤਿਆਂ ਦੀ ਦੱਸ ਪੈਂਦੀ। ਫੁੱਫੜ ਜੱਗਰ ਵੱਲੋਂ ਲਿਆਂਦੇ ਰਿਸ਼ਤੇ ਨੇ ਤਾਂ ਕਈ ਦਿਨ ਘਰ ’ਚ ਰੱਫੜ ਪਾਈ ਰੱਖਿਆ।
“ਉਹ ਤਾਂ ਪਹੁੰਚ ਆਲੇ ਬੰਦੇ…ਐਵੇਂ ਅਵਾਰਾ ਤੁਰਿਆ ਫਿਰਦੈਂ ਓਵਰਸੀਅਰੀ ਦਾ ਕੋਰਸ ਕਰ ਕੇ। ਅਗਲੇ ਜ਼ਿੰਮੇਵਾਰੀ ਲੈਂਦੇ ਆ ਸੈਟ ਕਰਵਾਉਣ ਦੀ। ਆਪੇ ਨੌਕਰੀ ’ਤੇ ਲਵਾਉਣਗੇ। ਘਰੋਂ ਤਕੜੇ ਬੰਦੇ, ਉਨ੍ਹਾਂ ਦੀ ਤਾਂ ਇਕ ਰਜਾਈ ’ਚ ਨੌਂ ਮਣ ਰੂੰ ਹੋਊ…ਜਿੰਨੀ ਆਪਣੇ ਘਰ ਦੇ ਸਾਰੇ ਜੁੱਲਾਂ ’ਚ ਐ।”
“ਮੈਂ ਉਨ੍ਹਾਂ ਦੀ ਐਡੀ ਭਾਰੀ ਰਜਾਈ ਥੱਲੇ ਆ ਕੇ ਮਰਨੈਂ?” ਮੈਂ ਗੱਲ ਹਾਸੇ ਪਾ ਕੇ ਆਈ-ਗਈ ਕਰਨ ਦੀ ਚਾਲ ਚੱਲੀ।
“ਕਾਕਾ ਗੱਲ ਹਾਸੇ ਪਾਉਣ ਆਲੀ ਨ੍ਹੀਂ…ਅਗਲੇ ਘਰ ਭਰ ਦੇਣਗੇ ਬਾਵਾ ਸੂੰਅ ਦਾ…।” ਫੁੱਫੜ ਨੇ ਸੰਬੋਧਨ ਮੈਨੂੰ ਕੀਤਾ ਪਰ ਸੁਣਾਇਆ ਪਾਪਾ ਜੀ ਨੂੰ ਹੀ ਸੀ। ਉਸਦਾ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਸੀ।
“ਮੈਂ ਕੋਈ ਗਾਂ-ਮੱਝ ਥੋੜ੍ਹੀ ਆਂ ਜਿਹੜਾ ਮੈਨੂੰ ਮੰਡੀ ’ਚ ਲਾਉਣ ਲੱਗੇ ਓਂ।” ਮੈਂ ਅੱਧੇ ਸ਼ਬਦ ਮੂੰਹ ’ਚ ਹੀ ਘੁੱਟ ਲਏ ਸਨ।
“ਇਹਦੇ ਲਾਟ ਸਾਬ ਦੇ ਨੱਕ ਥੱਲੇ ਨ੍ਹੀਂ ਆਉਣਾ ਕੁਛ…ਇਹਦੇ ਡਮਾਕ ਨੂੰ ਕਾਮਰੇਟੀ ਚੜ੍ਹੀ ਵੀ ਐ। ਖ਼ੈਰ ਤੂੰ ਹਜੇ ਜੁਆਬ ਨਾ ਦੇਵੀਂ ਅਗਲਿਆਂ ਨੂੰ। ਰਿਸ਼ਤਾ ਹੱਥੋਂ ਨ੍ਹੀਂ ਜਾਣ ਦੇਣਾ। ਮੈਂ ਕੱਢੂੰ ਏਹਦੀ ਕਾਮਰੇਟੀ…।” ਤੇ ਮੇਰੀ ਕਾਮਰੇਟੀ ਕੱਢਣ ਲਈ ਉਸਨੇ ਘਰ ਵਿਚ ਕਈ ਦਿਨ ਝੱਜੂ ਪਾਈ ਰੱਖਿਆ ਸੀ। ਉਹ ਜਦੋਂ ਹੀ ਘਰ ਵੜਦਾ, ਮੈਂ ਕੋਈ ਨਾ ਕੋਈ ਬਹਾਨਾ ਮਾਰ ਕੇ ਖਿਸਕ ਜਾਂਦਾ। ਉਸਦੇ ਮੱਥੇ ਲੱਗਣ ਤੋਂ ਹਰ ਹੀਲੇ ਬਚਦਾ। ਮੇਰੇ ਵਾਲਾ ਗੁੱਸਾ ਬਾਕੀ ਛੋਟੇ ਭਰਾਵਾਂ ’ਤੇ ਨਿਕਲ ਜਾਂਦਾ।
ਫਿਰ ਹੌਲੀ-ਹੌਲੀ ਉਨ੍ਹਾਂ ਦਾ ਬਲੱਡ-ਪ੍ਰੈਸ਼ਰ ਥੱਲੇ ਆ ਗਿਆ। ਵਿਆਹ ਵਾਲੀ ਗੱਲ ਠੰਡੀ ਹੋ ਗਈ। ਉਹ ਬਹੁਤੇ ਦਿਨ ਕਿਸੇ ਨਾਲ ਗੁੱਸੇ ਰਹਿ ਹੀ ਨ੍ਹੀਂ ਸੀ ਸਕਦਾ।
“ਜੱਗਰ ਸਿਹੁੰ ਤਾਂ ਸਾਲਾ ਐਵੇਂ ਫਲੂਲੀਆਂ ਛੱਡਦੈ। ਫ਼ੌਜ ’ਚ ਏਹਦੀ ਬਹਿਣੀ-ਉਠਣੀ ਅੰਬਰਸਰੀਆਂ ਨਾਲ ਰਹੀ ਐ।” ਉਹ ਮੈਨੂੰ ਪੁਚਕਾਰਨ ਲੱਗਾ ਸੀ, “ਐਵੇਂ ਨ੍ਹੀਂ ਦਿਲ ਨੂੰ ਲਾਈਦੀ…ਵੱਧ-ਘੱਟ ਬੋਲ ਹੋ ਜਾਂਦੈ। ਲਿਖਣ-ਪੜ੍ਹਨ ਅੱਲ ਧਿਆਨ ਰੱਖ…ਸਾਲਾ ਜੱਗਰ ਐਮੇਂ ਭੁਕਾਨਾ ਫੁਲਾ ਗਿਆ ਅਖੇ ਰਜਾਈ ’ਚ ਨੌਂ ਮਣ ਰੂੰ ਐ…ਕੰਜਰ ਦਿਆ ਉਹ ਬੰਦੇ ਆ ਕਿ ਜਿੰਨ…ਅਖੇ ਨੌਂ ਮਣ !” ਤੇ ਬਾਪ ਕਿੰਨਾ ਚਿਰ ਫੁੱਫੜ ਜੱਗਰ ਨੂੰ ਸ਼ਲੋਕ ਸੁਣਾਈ ਜਾਂਦਾ ਰਿਹਾ ਸੀ।
ਤਾਅ ਉਮਰ ਮੈਂ ਬਾਪ ਨੂੰ ਕਦੇ ਸੁੱਖ ਦਾ ਸਾਹ ਲੈਂਦੇ ਨ੍ਹੀਂ ਸੀ ਦੇਖਿਆ। ਪਹਿਲਾਂ ਗ਼ਰੀਬੀ ਨਾਲ ਘੁਲਦਾ ਰਿਹਾ, ਫਿਰ ਜਦੋਂ ਹੱਥ ਕੁਝ ਖੁੱਲ੍ਹਾ ਹੋਇਆ, ਘਰ ਨੂੰ ਬੀਬੀ ਦੀ ਬਿਮਾਰੀ ਨੇ ਘੇਰ ਲਿਆ। ਬੀਬੀ ਨੂੰ ਗਠੀਏ ਦੀ ਬਿਮਾਰੀ ਸੀ। ਹੱਥ ਪੈਰ ਸੁੱਜ ਕੇ ਭੜੋਲਾ ਬਣ ਜਾਂਦੇ।
ਸਰਕਾਰੀ ਨੌਕਰੀ ਅਤੇ ਫ਼ੌਜ ਦੀ ਪੈਨਸ਼ਨ ਆਸਰੇ ਦਿਨ ਸੌਖੇ ਲੰਘਣ ਲੱਗੇ ਸਨ, ਪਰ ਹੁਣ ਤਾਂ ਬਿਮਾਰੀ ਨੇ ਘਰ ਹੀ ਕੁਲੰਜ ਕੇ ਰੱਖ ਦਿੱਤਾ ਸੀ। ਇਨ੍ਹਾਂ ਦਿਨਾਂ ਵਿਚ ਹੀ ਬੀਬੀ ਨੂੰ ਕੈਂਸਰ ਵੀ ਹੋ ਗਿਆ। ਬਾਪ ਉਸਨੂੰ ਇਲਾਜ ਲਈ ਜਗ੍ਹਾ-ਜਗ੍ਹਾ ਲਈ ਫਿਰਦਾ ਰਿਹਾ। ਮਹਿੰਗੇ ਅੰਗਰੇਜ਼ੀ ਤੇ ਦੇਸੀ ਡਾਕਟਰੀ ਇਲਾਜ ਤੋਂ ਇਲਾਵਾ ਟੂਣੇ-ਟਾਮਣ੍ਹੇ ਵੀ ਕਰਵਾਈ ਜਾਂਦੇ। ਮੰਦਰਾਂ, ਗੁਰਦੁਆਰਿਆਂ ਅਤੇ ਪੀਰਾਂ-ਫ਼ਕੀਰਾਂ ਦੀਆਂ ਸਰਦਲਾਂ ’ਤੇ ਮੱਥੇ ਰਗੜੇ ਜਾਂਦੇ ਰਹੇ। ਸਿਆਣਿਆਂ ਭੂਪਿਆਂ ਦੇ ਡੇਰਿਆਂ ’ਤੇ ਚੌਕੀਆਂ ਭਰੀਆਂ ਜਾਂਦੀਆਂ। ਮੈਨੂੰ ਪਾਪਾ ਜੀ ਦੇ ਹੌਸਲੇ ’ਤੇ ਹੈਰਾਨੀ ਹੁੰਦੀ। ਕਿਹੋ ਜਿਹਾ ਹੌਸਲੇ ਵਾਲਾ ਇਨਸਾਨ ਸੀ, ਜਿਹੜਾ ਕਦੇ ਅੱਕਦਾ-ਥੱਕਦਾ ਹੀ ਨ੍ਹੀਂ ਸੀ। ਦੁੱਖਾਂ ਦੇ ਪਹਾੜਾਂ `ਚ ਘਿਰੇ ਵੇਖ, ਕਈ ਸਕੇ-ਸੋਧਰੇ ਰਿਸ਼ਤੇਦਾਰ ਸਾਥੋਂ ਮੂੰਹ ਫੇਰ ਗਏ ਸਨ। ਬੀਬੀ ਦੀਆਂ ਨੂੰਹਾਂ ਨੂੰ ਵੀ ਬੀਬੀ ਕੋਲੋਂ ਮੁਸ਼ਕ ਆਉਣ ਲੱਗਾ ਸੀ। ਪਾਪਾ ਜੀ ਅਕਸਰ ਰੋਟੀ ਵੀ ਆਪ ਹੀ ਲਾਹੁੰਦੇ। ਬੀਬੀ ਦੇ ਤੇ ਆਵਦੇ ਲੀੜੇ-ਕੱਪੜੇ ਵੀ ਧੋਂਦੇ ਅਤੇ ਘਰਦਾ ਸਾਰਾ ਕੰਮ-ਕਾਰ ਵੀ ਆਪ ਹੀ ਕਰਦੇ। ਅਜੀਬ ਮਨੁੱਖ ਸੀ, ਡੋਲਦਾ ਹੀ ਨ੍ਹੀਂ ਸੀ। ਉਸ ਉੱਪਰ ਤਾਂ ਬਸ ਜੀਵਨ ਸਾਥੀ ਨੂੰ ਬਚਾ ਲੈਣ ਦੀ ਧੁਨ ਸਵਾਰ ਸੀ।
ਸਾਲ 1993 ਦੇ ਆਜ਼ਾਦੀ ਵਾਲੇ ਦਿਹਾੜੇ ਦਿੱਲੀ ਦੀ ਗੱਦੀ `ਤੇ ਕਾਬਜ਼ ਸਰਕਾਰ ਦਾ ਮੁਖੀ ਜੋ ਹਰ ਵੇਲੇ ਬੱਕਰੀ ਵਾਂਗ ਮੂੰਹ ਹਿਲਾਉਂਦਾ ਰਹਿੰਦਾ ਸੀ, ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾ ਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਗ਼ਰੀਬ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਮੁਫ਼ਤ ਇਲਾਜ ਦੇਣ ਦੀਆਂ ਡੀਗਾਂ ਮਾਰ ਰਿਹਾ ਸੀ, ਮਾਂ ਨੇ ਕੈਂਸਰ ਜਿਹੀ ਬਿਮਾਰੀ ਦੇ ਮਹਿੰਗੇ ਇਲਾਜ ਤੋਂ ਅਸਮਰੱਥ ਹੋਣ ਕਰਕੇ ਸਹਿਕਦਿਆਂ ਦਮ ਤੋੜ ਦਿੱਤਾ ਸੀ।
ਬੀਬੀ ਦੀ ਬਿਮਾਰੀ ਤੋਂ ਬਾਅਦ ਪਾਪਾ ਜੀ ਨੂੰ ‘ਹਮਦਰਦੀ’ ਦੀ ਕਿਤੇ ਵੱਧ ਜ਼ਰੂਰਤ ਸੀ ਪਰ ਘਰਦਿਆਂ ਦਾ ਵਤੀਰਾ ਤਾਂ ਸਗੋਂ ਜ਼ਲੀਲ ਕਰਨ ਵਾਲਾ ਹੁੰਦਾ। ਉਹ ਸਬਜ਼ੀਆਂ-ਭਾਜੀਆਂ ਤੇ ਘਰੇਲੂ ਵਰਤੋਂ ਵਾਲਾ ਹੋਰ ਸਾਮਾਨ ਝੋਲੇ ਭਰ-ਭਰ ਲਿਆਉਂਦਾ ਪਰ ਘਰ ਵਿਚ ਹੁੰਦੀ ਦੁਰਗਤੀ, ਮਾਨਸਿਕ ਤੌਰ ’ਤੇ ਤੋੜ ਰਹੀ ਸੀ। ਬਾਪ ਦੀ ਬਦੌਲਤ ਨੂੰਹਾਂ ਘਰ ਵਿਚ ਖੁੱਲ੍ਹਾ-ਡੁੱਲ੍ਹਾ ਖ਼ਰਚ ਕਰਦੀਆਂ ਪਰ ਫੇਰ ਵੀ ਨੱਕ-ਬੁੱਲ੍ਹ ਕੱਢਦੀਆਂ। ਉਹ ਟੁੱਟਣ ਲੱਗ ਪਿਆ। ਇਨ੍ਹਾਂ ਦਿਨਾਂ ਵਿਚ ਹੀ ਮੁਹੱਲੇ ਦੇ ਇਕ ਬੁਜ਼ਰਗ ਆਦਮੀ ‘ਜੀਤ ਸਿੰਘ’ ਨੇ ਨਵੀਂ ਬੁੱਢੀ ਲੈ ਆਂਦੀ। ਉਹ ਵੀ ਪਾਪਾ ਜੀ ਵਾਂਗ ਘਰਦਿਆਂ ਦਾ ਧੱਕਿਆ ਹੋਇਆ ਸੀ। ਪਾਪਾ ਜੀ ਵੀ ਧਮਕੀਆਂ ਦੇਣ ਲੱਗੇ।
“ਲੱਗਦੈ, ਬੁੜ੍ਹੇ ਜੀਤ ਆਲੀ ਕਰਨੀ ਪਊ ਮੈਨੂੰ ਵੀ।”
“ਗੱਲਾਂ ਵੇਖਲਾ ਕੀ ਕਰਦਾ। ਰਾਮ ਨਾਲ ਰੋਟੀ ਨ੍ਹੀਂ ਖਾ ਹੁੰਦੀ ਤੈਥੋਂ। ਨੂੰਹਾਂ-ਪੁੱਤਾਂ ਆਲਾਂ…ਚੰਗੀ-ਭਲੀ ਸੇਵਾ ਹੁੰਦੀ ਤੇਰੀ।” ਭੂਆ ਦੇ ਜੁਆਬ ਵਿਚ ਪਾਪਾ ਜੀ ਹੋਰ ਚਿੜ੍ਹ ਜਾਂਦੇ।
“ਕੀ ਅੰਤ ਐ ਸੇਵਾ ਦਾ। ਜਿਹੜੀ ਮੇਰੇ ਨਾਲ ਹੁੰਦੀ ਐ…ਖੇਤ ਪਈ ਗੱਦੋਂ ਨਾਲ ਨਾ ਹੋਵੇ। ਆਹ ਜੂਨ ਆ ਕੋਈ?”
“ਨਾ ਕੀ ਹੋਇਆ ਤੇਰੀ ਜੂਨ ਨੂੰ?”
“ਹਜੇ ਹੋਇਆ ਈ ਨ੍ਹੀਂ ਕੁੱਛ? ਚੜ੍ਹੇ ਮਹੀਨੇ ਦਸ ਹਜ਼ਾਰ ਲਿਆ ਕੇ ਟੱਬਰ ਦੇ ਢਿੱਡ ’ਚ ਪਾਉਨਾ…ਰੋਟੀ-ਟੁੱਕ ਦੇਣ ਵੇਲੇ ਫੇਰ ਵੀ ਚਿੜ੍ਹ-ਚਿੜ੍ਹ। ਆਖ਼ਰ ਮੈਂ ਵੀ ਇਨਸਾਨ ਆਂ…।” ਗੁੱਸੇ ਦੇ ਨਾਲ-ਨਾਲ, ਜੀਵਨ ਸਾਥੀ ਦੇ ਵਿਛੋੜੇ ਦੀ ਚੀਸ ਵੀ ਉਸਦੇ ਧੁਰ ਅੰਦਰੋਂ ਨਿਕਲ ਰਹੀ ਸੀ। ਅੱਖਾਂ ਵਿਚ ਪਾਣੀ ਤੈਰਨ ਲੱਗਾ।
“ਕਮ ਅਜ਼ ਕਮ…ਰੋਟੀ ਤਾਂ ਮਿਲੂ ਚੱਜ ਹਾਲ ਨਾਲ। ਬੁਢਾਪੇ ਦੇ ਚਾਰ ਦਿਨ ਸੌਖੇ ਕੱਟ ਜਾਣਗੇ।”
“ਸ਼ਰਮ ਨ੍ਹੀਂ ਆਉਂਦੀ ਗੱਲਾਂ ਕਰਦੇ ਨੂੰ। ਲੋਕ ਕੰਜਰ-ਚੌਰਾ ਕਹਿਣਗੇ। ਬੁੱਢੇ ਵਾਰੇ ਚੰਗੀ ਪੱਗ ਬੰਨ੍ਹਣ ਲੱਗਾਂ ਟੱਬਰ ਦੇ ਸਿਰ ’ਤੇ।”
“ਅੱਗੇ ਬੜੇ ਝੰਡੇ ਝੂਲਦੇ।”
“ਸਮਝਾਓ ਵੇ ਇਹਨੂੰ ਆਵਦੇ ਪਿਉ ਨੂੰ…ਘਰ ਪੱਟ ਦੂ।”
“ਪੱਟ ਦੇਊ ਕਿ ਵਸਾ ਦੇਊ…।” ਮੈਂ ਆਵਦੇ ਵਲੋਂ ਹੌਲੀ ਜਿਹੇ ਬੋਲਿਆ ਪਰ ਭੂਆ ਨੇ ਫੇਰ ਵੀ ਸੁਣ ਲਿਆ ਸੀ। ਪੇਕੇ ਪਿੰਡ ਰਹਿੰਦੀ ਇਹ ਭੂਆ ਰੋਟੀ ਲਾਹੁਣ ਵੇਲੇ “ਆਹ ਸਿਆਪਾ ਜਿਆ ਨਬੇੜ ਲਵਾਂ” ਆਖਦੀ ਸੀ। ਰੋਟੀ ਨੂੰ ਸਿਆਪਾ ਆਖਣ ਕਰਕੇ ਬਾਪ ਔਖਾ-ਭਾਰਾ ਹੁੰਦਾ ਰਹਿੰਦਾ ਸੀ।
“…ਹੈਂ…ਹੈਂ! ਉੱਚੀ ਬੋਲ ਵੇ ਕੀ ਕਿਆ ਤੈਂਅ?”
“…ਏਹੀ ਕਿਹਾ ਕਿ ਵਧੀਆ ਗੱਲ ਆ, ਸਾਨੂੰ ‘ਮੰਮੀ’ ਮਿਲ ਜਾਊ ਦੁਬਾਰਾ। ਨਾਲੇ ਤੈਨੂੰ ਰੋਟੀ ਵਾਲਾ ‘ਸਿਆਪਾ’ ਜਿਆ ਨਾ ਕਰਨਾ ਪਿਆ ਕਰੂ। ਹਾਂ! ਟੱਬਰ ਵਾਸਤੇ ਆਉਂਦੇ ਰਾਸ਼ਨ ਤੇ ਫ਼ਲ ਫਰੂਟ ਦੇ ਝੋਲੇ ਜ਼ਰੂਰ ਬੰਦ ਹੋ ਜਾਣਗੇ।”
“ਇਥੇ ਤਾਂ ਸਾਰੇ ਈ ਕੰਜਰ ਹੋਗੇ। ਤੇਰਾ ਵੀ ਪਤਾ ਮੈਨੂੰ… ਤੂੰ ਤਾਂ ਚਾਹੁੰਨੈ ਪਿਉ ਤੀਮੀ ਲਿਆਵੇ ਤਾਂ ਅਗਾਂਹ ਮੈਨੂੰ ਕੋਈ ਡੱਕਣ ਆਲਾ ਨਾ ਹੋਊ। ਤੂੰ ਬਥੇਰਾ ਕਾਰੇ ਹੱਥਾਂ। ਐਮੇ ਤਾਂ ਨ੍ਹੀਂ ਢਾਕੇ-ਬੰਗਾਲੇ ਤੁਰਿਆ ਫਿਰਦੈ।” ਭੂਆ ਹੱਥਲੇ ਭਾਂਡੇ ਥਾੲਂੇ ਸੁੱਟ ਖਲੋਂਦੀ। ਇਨ੍ਹਾਂ ਦਿਨਾਂ ਵਿਚ ਆਂਢ-ਗੁਆਂਢ ਵਿਚ ਵੀ ਪਾਪਾ ਜੀ ਵਲੋਂ ਨਵੀਂ ਤੀਵੀਂ ਲਿਆਉਣ ਦੀ ਚਵਾ-ਚਵੀ ਹੋਣ ਲੱਗੀ। ਮੈਂ ਕਈ ਦਿਨ ਲਗਾਤਾਰ ਬਾਪ ਦੀ ਨਵੀਂ ‘ਤੀਮੀ’ ਲਿਆਉਣ ਵਾਲੀ ਸਕੀਮ ਫੜਨ ਦੀ ਗੁੱਝੀ-ਗੁੱਝੀ ਕੋਸ਼ਿਸ਼ ਕਰਦਾ ਰਿਹਾ ਪਰ ਮੇਰੇ ਪਿੜ੍ਹ-ਪੱਲੇ ਕੁੱਝ ਨਾ ਪਿਆ। ਪਾਪਾ ਜੀ ਦੀ ਧਮਕੀ ਰੰਗ ਲਿਆਈ। ਉਸਦੇ ਬਦਲੇ ਹੋਏ ਤੇਵਰਾਂ ਅਤੇ ਮੇਰੀ ‘ਮੂਕ ਸਹਿਮਤੀ’ ਨੂੰ ਦੇਖਦਿਆਂ ਘਰਦਿਆਂ ਦਾ ਰਵੱਈਆ ਬਦਲ ਗਿਆ। ਉਸਦੀ ਘਰ ਵਿਚ ਉਚੇਚੀ ਖਾਤਰਦਾਰੀ ਹੋਣ ਲੱਗੀ। ਇਸ ਖਾਤਰਦਾਰੀ ਦੇ ਚਲਦਿਆਂ ਮੈਨੂੰ ‘ਨਵੀਂ ਮਾਂ’ ਨਾ ਜੁੜ ਸਕੀ। ਬਾਪ ਭੁਚਲਾਵੇ ’ਚ ਆ ਗਿਆ। ਮੈਨੂੰ ਉਸਦੇ ਪਾਰੇ ਵਾਂਗ ਥਿਰਕਦੇ ਸੁਭਾਅ `ਤੇ ਗੁੱਸਾ ਆਇਆ। “ਬੰਦੇ ਦਾ ਕੋਈ ਸਟੈਂਡ ਵੀ ਹੋਣਾ ਚਾਹੀਦਾ ਹੈ” ਮੈਂ ਅੰਦਰੇ-ਅੰਦਰ ਕੁੜਦਾ ਰਿਹਾ।
“ਪਾਪਾ ਜੀ ਸਾਡੀ ਨਵੀਂ ਮੰਮੀ ਦਾ ਕੀ ਬਣਿਆ?” ਮੈਂ ਘਰ ਦੇ ਵਿਹੜੇ ’ਚ ਬੈਠਦਿਆਂ ਪੁਛ ਲਿਆ। ਭੂਆ ਤੇ ਬਾਕੀ ਜੀਅ ਆਪਣੀ ਚਾਲ ਸਫ਼ਲ ਹੋਈ ਜਾਣ ਗੁੱਝਾ-ਗੁੱਝਾ ਮੁਸਕਰਾ ਰਹੇ ਸਨ। ਪਾਪਾ ਜੀ ਕੁਝ ਨ੍ਹੀਂ ਸਨ ਬੋਲੇ। ਉਨ੍ਹਾਂ ਦੀਆਂ ਅੱਖਾਂ ਹੋਰ ਡੂੰਘੀਆਂ ਹੋ ਗਈਆਂ ਸਨ।
“ਭੂਆ ਵਰਗਿਆਂ ਦੀਆਂ ਗੱਲਾਂ ’ਚ ਆ ਗਿਅਂੈ?” ਮੈਂ ਹੌਲੀ ਜਿਹੇ ਆਖਿਆ। ਉਸਦੇ ਮਸੀਂ ਚਾਰ ਕੁ ਬੋਲ ਨਿਕਲੇ ਸਨ।
“ਹੁਣ ਰਹਿ ਕਿੰਨੀ ਕੁ ਗਈ ਐ?” ਮੈਂ ਦੇਖਿਆ, ਉਸਦੀ ਨਿਗ੍ਹਾ ਬੈਠਕ ਵਿਚ ਲਟਕਦੀ ਜੀਵਨ ਸਾਥੀ ਦੀ ਫੋਟੋ ਵੱਲ ਸੀ। ਅੱਖਾਂ ਝੀਲ ਬਣੀਆਂ ਪਈਆਂ ਸਨ।
“ਆਏਂ ਕਿਸੇ ਦੇ ਰਹਿਮ `ਤੇ ਨ੍ਹੀਂ ਦਿਨ ਕੱਟਦਾ ਮੈਂ…ਜਿੰਨਾ ਚਿਰ ਕੱਟੀ ਸ਼ਾਨ ਨਾਲ ਈ ਕੱਟੂੰ…ਕਿਸੇ `ਤੇ ਬੋਝ ਨ੍ਹੀਂ ਬਣਦਾ।” ਉਸਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਅਤੇ ਛੋਟੇ ਪੋਤੇ ਨੂੰ ਉਂਗਲੀ ਲਾ ਬਾਹਰ ਤੁਰ ਗਿਆ ਸੀ।
…ਤੇ ਸੱਚਮੁੱਚ ਉਹ ਕਿਸੇ ’ਤੇ ਬੋਝ ਨ੍ਹੀਂ ਸੀ ਬਣਿਆ। ਦੋ-ਪਹੀਆ ਸਕੂਟਰ ਦੇ ਪਿੱਛੇ ਬੈਠਿਆਂ ਹੀ ਸਦਾ ਦੀ ਨੀਂਦ ਸੌਂ ਗਿਆ ਸੀ।