ਕੁੱਕੀ ਗਿੱਲ ਵਲੋਂ ਸਿੱਖ ਨੌਜਵਾਨਾਂ ਨੂੰ ਬੀਤੇ ਤੋਂ ਸਬਕ ਸਿੱਖਣ ਲਈ ਗੁਹਾਰ

ਪੰਜਾਬ ਲਈ ਨਰੋਇਆ ਸਿਆਸੀ ਬਿਰਤਾਂਤ ਸਿਰਜਣ ਦੀ ਕਾਮਨਾ
ਹਜ਼ਾਰਾ ਸਿੰਘ
ਮਿਸੀਸਾਗਾ, ਕੈਨੇਡਾ
647-685-5997
ਕੁੱਕੀ ਗਿੱਲ ਨੇ ਆਪਣੇ ਜਿੰ਼ਦਗੀ ਭਰ ਦੇ ਕੜਵੇ ਤਜਰਬੇ ਦੇ ਆਧਾਰ `ਤੇ ਬਣੀ ਸਮਝ ਨਾਲ ਪੰਜਾਬ ਵਿਚਲੇ ਹਾਲਾਤਾਂ ਬਾਰੇ ਜਿਸ ਬੇਬਾਕੀ ਨਾਲ ਬੋਲਿਆ ਹੈ, ਇਹ ਉਸਦੀ ਇਸ ਖਿੱਤੇ ਦੇ ਲੋਕਾਂ ਵਾਸਤੇ ਪਰਉਪਕਾਰ ਵਰਗੀ ਸੇਵਾ ਹੈ। ਵਗ ਰਹੇ ਜਜ਼ਬਾਤੀ ਵਹਿਣ ਦੇ ਰੋੜ੍ਹ ਨੂੰ ਠਰੰਮੇ ਦੀ ਅਹਿਮੀਅਤ ਯਾਦ ਕਰਾਉਣ ਵਾਲੇ ਕੁੱਕੀ ਕੋਲ ਐਸਾ ਕਰਨ ਦੀ ਜੁਅੱਰਤ ਦੇ ਨਾਲ ਨਾਲ ਇਖਲਾਕੀ ਆਧਾਰ ਵੀ ਹੈ। ਕੁੱਕੀ ਤੋਂ ਬਿਨਾ ਇਹ ਦੋਵਂੇ ਸ਼ਰਤਾਂ ਪੂਰੀਆਂ ਕਰਨ ਵਾਲੇ ਬੰਦੇ ਵੀ ਵਿਰਲੇ-ਟਾਂਵੇਂ ਹੀ ਰਹਿ ਗਏ ਹਨ। ਕੁੱਕੀ ਨੇ ਪੰਜਾਬ ਦੇ ਦਰਦ ਦੀਆਂ ਜੜ੍ਹਾਂ ਫਰੋਲਣ ਦੀ ਵੰਗਾਰ ਪਾ ਕੇ ਨੌਜੁਆਨੀ ਨੂੰ ਭਾਵੁਕ ਵਹਿਣ ਤੋਂ ਬਚ ਕੇ ਕੁੱਝ ਠੋਸ ਸਿਰਜਣ ਦੀਆਂ ਤਰਬਾਂ ਛੇੜੀਆਂ ਹਨ। ਉਹ ਅਜੋਕੇ ਅਤਿ ਗੰਭੀਰ ਸੰਕਟ ਦੇ ਅਸਲ ਡੂੰਘੇ ਸਮਾਜਕ-ਰਾਜਨੈਤਿਕ ਕਾਰਨਾਂ ਬਾਰੇ ਅਜੇ ਵੀ ਕਿਤੇ-ਕਿਤੇ ਅਸਪਸ਼ਟਤਾ ਦੇ ਬਾਵਜੂਦ ਇੱਕੋ ਵੇਲੇ ਮਸਲੇ ਦੀਆਂ ਕਈ ਪਰਤਾਂ ਨਾਲ ਬੌਧਿਕ ਭੇੜ ਛੇੜ ਕੇ ਪੰਥਕ ਰਾਜਨੀਤੀ ਦੇ ਪੈਂਤੜਿਆਂ ‘ਤੇ ਐਸੇ ਸਵਾਲ ਚੁੱਕਦਾ ਹੈ, ਜੋ ਪਿਛਲੇ ਸੌ ਸਾਲ ਦੀ ਸਿੱਖ ਰਾਜਨੀਤੀ ਨੂੰ ਸਿਰ-ਪਰਨੇ ਖੜ੍ਹਾ ਕਰ ਦਿੰਦੇ ਹਨ।

ਲੋਕਾਂ ਨੂੰ ਭਾਵੁਕ ਕਰਨ ਲਈ ਸਿੱਖ ਆਗੂਆਂ ਵੱਲੋਂ ਘੜੇ ਗਏ ਖੋਖਲੇ ਪ੍ਰਵਚਨਾਂ ਕਾਰਨ ਵੀ ਪੰਜਾਬ ਦਾ ਕੋਈ ਸਪੱਸ਼ਟ ਸਿਆਸੀ ਬਿਰਤਾਂਤ ਸਿਰਜਿਆ ਨਹੀ ਜਾ ਸਕਿਆ। ਕੁੱਕੀ ਨੇ ‘ਕੌਮ ਗੁਲਾਮ ਹੈ’ ਵਾਲਾ ਪ੍ਰਵਚਨ ਉਸਾਰਨ ਵਾਲਿਆਂ ਨੂੰ ਗੁਲਾਮੀ ਅਤੇ ਗੁਲਾਮਾਂ ਦੇ ਅਰਥ ਸਮਝਣ ਲਈ ਸਵਾਲ ਕੀਤਾ ਹੈ ਕਿ ਉਹ ਗੁਲਾਮੀ ਵਾਲਾ ਗਲਤ ਪ੍ਰਵਚਨ ਕਿਉਂ ਉਸਾਰ ਰਹੇ ਹਨ। ਜੇਕਰ ਸਿੱਖਾਂ ਨੂੰ ਉਨ੍ਹਾਂ ਦੀ ਪਸੰਦ ਦਾ ਰਾਜ ਨਹੀਂ ਮਿਲਿਆ ਤਾਂ ਕੀ ਸਿੱਖ ਗੁਲਾਮ ਹੋ ਗਏ? ਗੁਲਾਮੀ ਵਾਲਾ ਪ੍ਰਵਚਨ ਸਿੱਖਾਂ ਦੇ ਜਜ਼ਬਾਤਾਂ ਨੂੰ ਵਕਤੀ ਤੌਰ ‘ਤੇ ਤਾਅ ਦੇਣ ਲਈ ਵਰਤਿਆ ਗਿਆ ਹੈ ਅਤੇ ਵਰਤਿਆ ਜਾ ਰਿਹਾ ਹੈ। ਇਹ ਆਪਣੇ ਲੋਕਾਂ ਨਾਲ ਧੋਖਾ ਹੈ ਅਤੇ ਸਿਆਸੀ ਸੂਝ ਬੂਝ ਦੀ ਘਾਟ ਦਾ ਸਬੂਤ ਹੈ। ‘ਸਿੱਖ ਕੌਮ ਇਕ ਗੁਲਾਮੀ ਤੋਂ ਦੂਸਰੀ ਗੁਲਾਮੀ ਤਕ’ ਬਿਰਤਾਂਤ ਸਿਰਜਣ ਵਾਲੇ ਕਥਿਤ ਚਿੰਤਨੀ ਬਰਿਗੇਡ ਨੂੰ ਪੁਰਾਣੇ ਰੋਮਨ ਗੁਲਾਮਾਂ ਜਾਂ ਅਮਰੀਕਾ ਦੇ ਕਾਲੇ ਗੁਲਾਮਾਂ ਦੀ ਭਿਆਨਕ ਕਥਾ ਦਾ ਕੀ ਪਤਾ ਨਹੀਂ ਹੈ ਕਿ ਅਸਲ ਗੁਲਾਮੀ ਕੀ ਹੁੰਦੀ ਹੈ? ਸਿੱਖਾਂ ਦੀ ਗੁਲਾਮੀ ਦਾ ਬਿਰਤਾਂਤ ਸਿਰਜਣ ਵਾਲੇ ਚਿੰਤਕ/ਇਤਿਹਾਸਕਾਰ ਨੇ ਸਾਰਾ ਜੋਰ ਲਗਾ ਕੇ ਕੁੱਕੀ ਦੀ ਜਿਵੇਂ ਬੇਸਿਰ ਤੇ ਬੇਅਸੂਲੀ ਆਲੋਚਨਾ ਕੀਤੀ ਹੈ ਉਹ ਗੈਰਜਿੰਮੇਵਾਰੀ ਦੀ ਹੱਦ ਹੈ, ਪਰੰਤੂ ਤਸੱਲੀ ਦੀ ਗੱਲ ਹੈ ਕਿ ਇਸ ਮੌਕੇ ਅਜਮੇਰ ਸਿੰਘ ਦੇ ਪੁਰਾਣੇ ਸਾਥੀ ਅਤੇ ਭੇਤੀ ਮਾਲਵਿੰਦਰ ਸਿੰਘ ਮਾਲੀ ਨੇ ਉਸ ਦੀ ਇਸ ਸ਼ਰਾਰਤ ਦਾ ਇਕ ਵਾਰ ਮੁੜ ਸਮੇਂ ਸਿਰ ਸਖਤ ਨੋਟਿਸ ਲੈਂਦਿਆਂ ਨੌਜਵਾਨੀ ਨੂੰ ਆਤਮਘਾਤੀ ਰਾਹ ਪੈਣ ਤੋਂ ਬਚਾਉਣ ਲਈ ਉਸੇ ਤਰ੍ਹਾਂ ਦਾ ਪਰਉਪਕਾਰ ਕੀਤਾ ਹੈ, ਜਿਸ ਤਰ੍ਹਾਂ ਦਾ ਪਰਉਪਕਾਰ ਉਸਨੇ ਇਤਿਹਾਸਕ ਕਿਰਸਾਨੀ ਅੰਦੋਲਨ ਦੇ ਪ੍ਰਵਚਨੀ ਬਿਰਤਾਂਤਕ ‘ਬਾਗ’ ਦੀ ਮਾਲੀ ਵਾਂਗ ਲਗਾਤਾਰ ਪਹਿਰੇਦਾਰੀ ਕਰਕੇ ਕੀਤਾ ਸੀ। ਕੁੱਕੀ ਅਤੇ ਮਾਲੀ ਦੋਹਾਂ ਦਾ ਨੌਜੁਆਨਾਂ ਨੂੰ ਸੁਝਾਅ ਹੈ ਕਿ ਉਹ ਨਾਹਰੇ-ਨੁਮਾ ਨਿਰਆਧਾਰ ਪ੍ਰਵਚਨਾਂ ਨੂੰ ਅੱਖਾਂ ਮੀਟ ਕੇ ਅੰਤਿਮ ਸੱਚ ਮੰਨਣ ਦੀ ਥਾਂ ਇਨ੍ਹਾਂ ਬਾਰੇ ਡੂੰਘਾ ਅਧਿਐਨ ਕਰਨ, ਸੰਵਾਦ ਰਚਾਉਣ ਅਤੇ ਕੋਈ ਠੋਸ ਸਿਆਸੀ ਬਿਰਤਾਂਤ ਘੜਨ।
ਪਿਛਲੇ ਲੰਮੇ ਸਮੇ ਤੋਂ, ‘ਨਿੱਤ ਤਰਥੱਲ ਰਹੇ ਜਿੰਦਾਬਾਦ ਗਾਜਕੇ’ ਦੇ ਵਰਤਾਰੇ ਅਨੁਸਾਰ ਚੱਲ ਰਹੀ ਸਿੱਖ ਰਾਜਨੀਤੀ ਵਿੱਚ ਟਕਰਾ ਦੀ ਭਾਵਨਾ ਭਾਰੂ ਰਹੀ ਹੈ। ਕੁੱਕੀ ਅਨੁਸਾਰ ਰਾਜਨੀਤੀ ਵਿੱਚ ਕਦੇ-ਕਦਾਈਂ ਕੋਈ ਮੌਕਾ ਟਕਰਾ ਵਾਲਾ ਆ ਵੀ ਸਕਦਾ ਪਰ ਹਮੇਸ਼ਾਂ ਟਕਰਾ ਦੀ ਰਾਜਨੀਤੀ ਠੀਕ ਨਹੀ। ਕੁੱਕੀ ਜ਼ੋਰ ਦੇ ਕੇ ਕਹਿ ਰਿਹਾ ਹੈ, ਹੁਣ ਟਕਰਾ ਦੀ ਥਾਂ ਵਿਚਾਰ ਦੀ ਰਾਜਨੀਤੀ ਉਭਾਰਨ ਦੀ ਜ਼ਰੂਰਤ ਹੈ, ਹੁਣ ਟਕਰਾ ਦਾ ਸਮਾਂ ਨਹੀ ਹੈ। ਜੋ ਲੋਕ ਹੁਣ ਵੀ ਨੌਜੁਆਨਾਂ ਨੂੰ ਟਕਰਾ ਦੇ ਰਾਹ ਤੋਰਨ ਦੀ ਗੱਲ ਕਰ ਰਹੇ ਹਨ, ਉਹ ਅਨਾੜੀ ਹਨ। ਟਕਰਾ ਦੇ ਰਸਤੇ ‘ਤੇ ਕੌਮ ਨੂੰ ਝੋਕਣਾ ਸਿਆਣੇ ਲੀਡਰ ਦਾ ਕੰਮ ਨਹੀਂ ਹੈ। ਗਲਤ ਬੁਣੇ ਸਿਆਸੀ ਬਿਰਤਾਂਤ ਕੌਮਾਂ ਦੀ ਖੁਆਰੀ ਦਾ ਕਾਰਨ ਬਣਦੇ ਹਨ। ਸਿੱਖ ਰਾਜ ਪ੍ਰਾਪਤ ਕਰਨ ਦੀ ਲੋਚਾ ਰੱਖਣ ਵਾਲਿਆਂ ਅੱਗੇ ਗੰਭੀਰ ਪ੍ਰਸ਼ਨ ਰੱਖਦਾ ਹੋਇਆ ਕੁੱਕੀ ਪੁੱਛਦਾ ਹੈ ਕਿ ਕੀ ਕਾਰਨ ਹੈ ਕਿ ਨਾਗਾਲੈਂਡ ਦੇ ਲੋਕਾਂ ਨੂੰ ਤਾਂ 1832 ਵਿੱਚ ਖੁੱਸਿਆ ਰਾਜ ਹਾਸਿਲ ਕਰਨ ਲਈ ਆਪਣਾ ਰਾਜਸੀ ਬਿਰਤਾਂਤ ਯਾਦ ਹੈ ਪਰ ਕੌਮ ਕੁਟਵਾਉਣ ਵਾਲੇ ਸਿੱਖ ਆਗੂਆਂ ਨੇ 1849 ਭੁਲਾ ਦਿੱਤਾ? ਹੁਣ ਰਾਜ ਦੀ ਗੱਲ ਕਰਨ ਵਾਲਿਆਂ ਨੂੰ ਪੰਜਾਬ ਸਿਰਜਣ ਵਾਸਤੇ ਸਿਧਾਂਤਕ ਬਿਰਤਾਂਤ ਬੁਣਨ ਦੀ ਲੋੜ ਹੈ, ਉਹ ਪੰਜਾਬ ਜਿਸ ਵਿੱਚ ਸਿੱਖਾਂ ਤੋਂ ਬਿਨਾਂ ਹੋਰ ਭਾਈਚਾਰਿਆਂ ਦੇ ਲੋਕ ਵੀ ਰਹਿੰਦੇ ਹਨ।
ਕੁੱਕੀ ਅਕਾਲੀ ਦਲ ਵੱਲੋਂ ਸਿੱਖ ਪੰਥ ਦੇ ਨਾਂ ਤੇ ਕੀਤੀ ਟਕਰਾ ਵਾਲੀ ਸਵਾਰਥੀ ਰਾਜਨੀਤੀ ਦੀ ਸਿਧਾਂਤਕ ਕਾਣ ਤੇੇ ਡੂੰਘਾ ਸਵਾਲ ਕਰਦਾ ਹੋਇਆ ਪੁੱਛਦਾ ਹੈ ਕਿ ਐਮਰਜੈਂਸੀ ਖਿਲਾਫ ਮੋਰਚਾ ਲਾ ਕੇ ਵੈਰ ਸਹੇੜਨ ਦੀ ਕੀ ਲੋੜ ਸੀ? ਐਮਰਜੈਂਸੀ ਤੋਂ ਬਾਅਦ ਬਣੀ ਸਰਕਾਰ ਤੋਂ ਪੰਜਾਬ ਲਈ ਕੀ ਹਾਸਿਲ ਕੀਤਾ? ਜੇ ਗੱਲ ਸਿਧਾਂਤ ਦੀ ਸੀ ਤਾਂ ਹੁਣ ਅਣਐਲਾਨੀ ਐਮਰਜੈਂਸੀ ਬਾਰੇ ਅਕਾਲੀ ਦਲ ਚੁੱਪ ਕਿਉਂ ਹੈ?
ਅਕਾਲੀ ਦਲ ਵੱਲੋਂ 1849 ਭੁਲਾ ਕੇ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੀਹ ਨੂੰ ਕੁੱਕੀ ਅਨਾੜੀ ਰਾਜਨੀਤੀ ਸਮਝਦਾ ਹੈ। ਅਕਾਲੀ ਦਲ ਨੇ ਸਪੱਸ਼ਟ ਰਾਜਨੀਤਕ ਬਿਰਤਾਂਤ ਸਿਰਜਣ ਦੀ ਬਜਾਇ ਜਿਸ ਸਵਾਰਥੀ ਤੇ ਗੈੇਰ ਸਿਧਾਂਤਕ ਰਾਜਨੀਤੀ ਦਾ ਖੇਲ੍ਹ ਖੇਲ੍ਹਿਆ ਹੈ, ਕੁੱਕੀ ਉਸਨੂੰ ਪੰਥ ਅਤੇ ਪੰਜਾਬ ਨਾਲ ਗਦਾਰੀ ਗਰਦਾਨਦਾ ਹੈ। ਉਹ ਲੋਕਾਂ ਨੂੰ 1984 ਦੀ ਪੀੜ ਵਿੱਚ ਧੱਕ ਕੇ ਲੌਂਗੋਵਾਲ ਵੱਲੋਂ ਕੀਤੇ ਸਮਝੌਤੇ ਨੂੰ ਪੰਜਾਬ ਵੇਚਣ ਤੱੁਲ ਸਮਝਦਾ ਹੈ ਅਤੇ ਲੌਂਗੋਵਾਲ ਦੀ ਫੋਟੋ ਸਿੱਖ ਅਜਾਇਬ ਘਰ ਵਿੱਚ ਲਗਵਾਉਣ ਵਾਲੇ ਸਿੱਖ ਪੰਥ ਦੇ ਚੌਧਰੀਆਂ ਦੀ ਅਸਪਸ਼ਟ ਸਮਝ ‘ਤੇ ਪ੍ਰਸ਼ਨਚਿੰਨ੍ਹ ਲਗਾਉਂਦਾ ਹੈ। ਸ. ਬਾਦਲ ਤੇ ਜਥੇਦਾਰ ਟੌਹੜਾ ਸਿੱਖ ਕੌਮ ਦੇ ਕਿਸ ਕਿਸਮ ਦੇ ਰਹਿਨੁਮਾ ਸਨ, ਜੋ ਇਕ ਪਾਸੇ ਰਾਜੀਵ-ਲੋਂਗੋਵਾਲ ਸਮਝੌਤੇ ਨੂੰ ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਆਖੀ ਗਏ ਅਤੇ ਨਾਲ ਹੀ ਸਮਝੌਤੇ ‘ਤੇ ਸਹੀ ਪਾ ਕੇ ਸੁਰਜੀਤ ਸਿੰਘ ਬਰਨਾਲਾ ਵਰਗੇ ਪਹਾੜਾ ਸਿੰਘ ਨਾਲੋਂ ਵੀ ਵਡੇ ਗੱਦਾਰ ਦੀ ਅਗਵਾਈ ਹੇਠ ਚੋਣ ਮੈਦਾਨ ਅੰਦਰ ਵੀ ਕੁਦ ਪਏ।
ਪੰਥ ਦੇ ਨਾਂ `ਤੇ ਰਾਜਨੀਤੀ ਕਰਨ ਵਾਲੇ ਅਕਾਲੀ ਚੌਧਰੀਆਂ ਦੀ ਸਿਧਾਂਤਕ ਕੰਗਾਲੀ ‘ਤੇ ਸਵਾਲ ਉਠਾਉਂਦਾ ਕੁੱਕੀ ਪੁਛਦਾ ਹੈ ਕਿ ਅਨੰਦਪੁਰ ਦੇ ਮਤੇ ਅਨੁਸਾਰ ਰਾਜਾਂ ਲਈ ਵੱਧ ਅਧਿਕਾਰਾਂ ਦਾ ਮੋਰਚਾ ਲਾਉਣ ਵਾਲੇ ਜੰਮੂ ਕਸ਼ਮੀਰ ਦਾ ਸੂਬਾ ਤੋੜੇ ਜਾਣ ‘ਤੇ ਵਧਾਈਆਂ ਕਿਸ ਮੂੰਹ ਨਾਲ ਦੇ ਰਹੇ ਸਨ? ਇੱਥੇ ਇਹ ਜਿ਼ਕਰ ਕਰਨ ਯੋਗ ਹੋਵੇਗਾ ਕਿ ਅਕਾਲੀ ਦਲ ਵੱਲੋਂ ਲਗਾਏ ਧਰਮ ਯੁੱਧ ਮੋਰਚੇ ਵਿੱਚ ਜੰਮੂ ਕਸ਼ਮੀਰ ਤੋਂ ਡਾ. ਫਾਰੂਖ ਅਬਦੁੱਲਾ ਮੋਰਚੇ ਦੀ ਹਮਾਇਤ ਕਰਨ ਅੰਮ੍ਰਿਤਸਰ ਵੀ ਆਇਆ ਸੀ, ਪਰ ਸੁਖਬੀਰ ਬਾਦਲ ਨੇ ਧਾਰਾ 370 ਤੋੜੇ ਜਾਣ ਦੀ ਹਮਾਇਤ ਕੀਤੀ ਸੀ।
ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਦਿੱਲੀ ਹਾਈ ਕਮਾਨ ਵੱਲੋਂ ਚਲਾਈ ਜਾ ਰਹੀ ਹੈ, ਕੁੱਕੀ ਇਸਨੂੰ ਪੰਜਾਬ ਦੀ ਹੇਠੀ ਸਮਝਦਾ ਹੋਇਆ ਇਸਨੂੰ ਦਿੱਲੀ ਦਰਬਾਰੀਆਂ ਦੀ ਸਰਕਾਰ ਆਖਦਾ ਹੈ। ਪੰਜਾਬ ਦੇ ਸਵੈਮਾਣ ‘ਤੇ ਮਾਰੀ ਜਾ ਰਹੀ ਇਸ ਸੱਟ ਕਾਰਨ ਉਹ ਪੰਜਾਬੀਆਂ ਨੂੰ ਸਵਾਲ ਕਰਦਾ ਹੈ ਕਿ ਕੀ ਅਸੀਂ ਦਿੱਲੀ ਦਰਬਾਰੀਆਂ ਦੀ ਸਰਕਾਰ ਚੁਣੀ ਸੀ ਜਾਂ ਪੰਜਾਬੀਆਂ ਦੀ। ਕੁੱਕੀ ਆਸਵੰਦ ਹੈ ਕਿ ਪੰਜਾਬ ਸਿਰਜਣ ਵਾਲੇ ਜਜ਼ਬੇ ਦਾ ਸਮੁੰਦਰ ਫਿਰ ਭਰੇਗਾ ਅਤੇ ਸਾਡੇ ਕਿਨਾਰਿਆਂ ‘ਤੇ ਘਰ ਬਣਾਉਣ ਦੀ ਲੋਚਾ ਰੱਖਣ ਵਾਲੇ ਦਿੱਲੀ ਦਰਬਾਰੀਆਂ ਨੂੰ ਭਾਜੜਾਂ ਪੈਣਗੀਆਂ। ਪੰਜਾਬ ਉਸਾਰਨ ਲਈ ਉਹ ਨੌਜੁਆਨਾਂ ਨੂੰ ਗੰਭੀਰ ਸੰਵਾਦ ਰਚਾਉਣ ਦੀ ਪ੍ਰੇਰਣਾ ਕਰਦਾ ਹੋਇਆ ਹਥਿਆਰਾਂ ਦੀ ਜੰਗ ਦੀ ਥਾਂ ਵਿਚਾਰਾਂ ਦੀ ਜੰਗ ਛੇੜਨ ਦਾ ਸੁਝਾ ਦਿੰਦਾ ਹੈ।
ਕੁੱਕੀ ਨੌਜੁਆਨਾਂ ਨੂੰ ਸੁਚੇਤ ਕਰਦਾ ਹੋਇਆ ਆਖਦੈ ਕਿ 1984 ਵਿੱਚ ਹਥਿਆਰ ਚੁੱਕਣ ਦੀ ਜੋ ਅਣਸਰਦੀ ਲੋੜ ਸੀ ਉਹ ਹੁਣ ਨਹੀਂ ਹੈ। ਕੁੱਕੀ ਨਹੀਂ ਚਾਹੁੰਦਾ, ਕੋਈ ਆਪਣੇ ਰਾਜਸੀ ਮਨੋਰਥ ਲਈ ਨੌਜੁਆਨਾਂ ਨੂੰ ਬਲੀ ਦੇ ਬੱਕਰਿਆਂ ਵਾਂਗ ਵਰਤ ਜਾਏ। ਕਈ ਜੋਸ਼ੀਲੇ ਨੌਜੁਆਨ ਕੁੱਕੀ ਦੀ ਇਸ ਗੱਲੋਂ ਆਲੋਚਨਾ ਵੀ ਕਰਦੇ ਹਨ। ਐਸੇ ਨੌਜੁਆਨਾਂ ਨੂੰ ਸਮਝਾਉਣ ਲਈ ਕੁੱਕੀ ਇਸ ਬਿਖੜੇ ਪੈਂਡੇ ਦੀਆਂ ਦੁਸ਼ਵਾਰੀਆਂ ਬਾਰੇ ਦੱਸਦਾ ਹੈ ਅਤੇ ਸਮੇ ਦੀ ਲੋੜ ਅਨੁਸਾਰ ਚਿੰਤਨ-ਮੰਥਨ ਕਰਕੇ ਕੋਈ ਪਾਏਦਾਰ ਪੰਜਾਬ ਪੱਖੀ ਧਿਰ ਖੜ੍ਹੀ ਕਰਨ ਵੱਲ ਤੁਰਨ ਦਾ ਬਦਲ ਸੁਝਾਉਂਦਾ ਹੈ। ਭਾਈ ਕੁੱਕੀ ਵਾਂਗ ਕਿਸੇ ਸਮੇ ਸਿਰਦਾਰ ਕਪੂਰ ਸਿੰਘ ਨੇ ਵੀ ਸਰਦਾਰ ਗਜਿੰਦਰ ਸਿੰਘ ਹੁਰਾਂ ਨੂੰ ਜਹਾਜ਼ ਅਗਵਾ ਕਰਨ ਵਰਗੀ ਮਾਅਰਕੇਬਾਜ਼ੀ ਤੋਂ ਵਰਜਿਆ ਸੀ। ਪਰ, “ਸ਼ਾਹ ਮੁਹੰਮਦਾ ਵਰਜ ਨਾਂ ਜਾਂਦਿਆਂ ਨੂੰ, ਫੌਜਾਂ ਹੋਇ ਮੁਹਾਣੀਆਂ ਕਦ ਮੁੜੀਆਂ”, ਸਰਦਾਰ ਗਜਿੰਦਰ ਸਿੰਘ ਹੁਰੀਂ ਜਹਾਜ਼ ਅਗਵਾ ਕਰਨੋ ਨਾਂ ਟਲੇ। ਸਿਰਦਾਰ ਕਪੂਰ ਸਿੰਘ ਜਿਨ੍ਹਾਂ ਨੂੰ ਕੌਮ ਵਾਸਤੇ ਕੁੱਝ ਕਰਨ ਲਈ ਤਿਆਰ ਕਰਨ ਵਾਸਤੇ ਰਾਜਸੀ ਫਲਸਫੇ ਦੇ ਡੂੰਘੇ ਭੇਦ ਸਮਝਾ ਰਿਹਾ ਸੀ, ਉਹ ਜਹਾਜ਼ ਅਗਵਾ ਕਰਕੇ ਜਲਾਵਤਨੀ ਦੀ ਖੁਆਰੀ ਸਹੇੜ ਕੇ ਬੈਠ ਗਏ। ਸਿਰਦਾਰ ਨੇ ਇਸਨੂੰ ਬਚਕਾਨਾ ਕੰਮ ਆਖਿਆ ਸੀ। ਹੁਣ 41 ਸਾਲਾਂ ਬਾਅਦ ਪਾਕਿਸਤਾਨ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਗਜਿੰਦਰ ਸਿੰਘ ਨੂੰ ਰਾਜਸੀ ਸ਼ਰਨ ਦੇ ਦੇਵੇ।
ਟਕਰਾ ਦੀ ਰਾਜਨੀਤੀ ਦੀ ਥਾਂ ਕੋਈ ਸਿਧਾਂਤਕ ਬਿਰਤਾਂਤ ਵਾਲੀ ਰਾਜਨੀਤੀ ਉਸਾਰਨ ਲਈ ਕੁੱਕੀ ਵਾਂਗ ਸਿਰਦਾਰ ਕਪੂਰ ਸਿੰਘ ਵੀ ਅਕਾਲੀਆਂ ਉੱਪਰ ਜ਼ੋਰ ਪਾਉਂਦਾ ਰਿਹਾ। ਉਸਦਾ ਵੀ ਇਹੋ ਕਹਿਣਾ ਸੀ ਕਿ ਜੇਕਰ ਸਿੱਖ ਸੋਚਦੇ ਹੋਣ ਕਿ ਉਹ ਡਰਾ-ਧਮਕਾ ਕੇ ਜਾਂ ਚਾਲਾਕੀ ਨਾਲ ਕੁੱਝ ਪ੍ਰਾਪਤ ਕਰ ਲੈਣਗੇ ਤਾਂ, ‘ਉਹ ਦਿਨ ਡੁਬਾ ਜਦ ਘੋੜੀ ਚੜ੍ਹਿਆ ਕੁੱਬਾ’। ਸਿਰਦਾਰ ਕਪੂਰ ਸਿੰਘ ਦਾ ਇਹੋ ਮੱਤ ਸੀ ਕਿ ਕੁਰਬਾਨੀਆਂ ਨਾਲ ਰਾਜ ਲੈਣ ਦੀ ਗੱਲ ਕਰਨ ਦੀ ਥਾਂ ਰਾਜਨੀਤੀ ਵਿੱਚ ਉਹ ਲੋਕ ਲੈ ਕੇ ਆਓ ਜੋ ਇਸ ਖੇਲ੍ਹ ਨੂੰ ਸਮਝਦੇ ਹੋਣ। ਸਮਝ ਵਿਹੂਣੇ ਤੱਤੇ ਅਨਸਰਾਂ ਨੂੰ ਉਨ੍ਹਾਂ ਇਹ ਗੱਲ ਯਾਦ ਰਖਣ ਲਈ ਕਿਹਾ ਸੀ ਕਿ ਜੇ ਸਿਰ ਦਿੱਤਿਆਂ ਹੀ ‘ਕੌਮੀ ਘਰ’ ਬਣਨੇ ਹੁੰਦੇ ਤਾਂ ਹੁਣ ਤਕ ਇਕ ਨਹੀਂ ਅਣਗਿਣਤ ‘ਬਕਰਸਿਤਾਨ’ ਬਣ ਗਏ ਹੁੰਦੇ।
ਪੰਜਾਬ ਅਤੇ ਪੰਜਾਬੀਆਂ ਦੀ ਮੌਜੂਦਾ ਮਾੜੀ ਹਾਲਤ ਦਾ ਕਾਰਨ ਕਹਿਣੀ ਅਤੇ ਕਰਨੀ ਵਿਚਲਾ ਫਰਕ ਹੈ। ਗੁਮਰਾਹਕੁਨ ਨਾਹਰੇ ਲਾ ਕੇ ਲੁੱਟ ਮਚਾਉਣ ਵਾਲੇ ਜਾਈ ਜਾ ਰਹੇ ਹਨ ਅਤੇ ਨਵੇਂ ਆ ਰਹੇ ਹਨ। ਰਵਾਇਤੀ ਧਿਰਾਂ ਦੀ ਥਾਂ ਖਾਲਿਸਤਾਨ ਦੇ ਨਾਹਰੇ ਤੇ ਰਾਜਨੀਤੀ ਕਰਨ ਵਾਲੇ ਵੀ ਨਾਹਰਿਆਂ ਤੋਂ ਅੱਗੇ ਨਹੀ ਗਏ। ਹਰ ਮਸਲੇ ਵਿੱਚ ਯੂ ਐਨ ਓ ਦਾ ਦਖਲ ਮੰਗਣ ਵਾਲਾ ਸਿਮਰਨਜੀਤ ਮਾਨ ਐਮ ਪੀ ਦੀ ਚੋਣ ਵੇਲੇ ਦੀਪ ਸਿੱਧੂ ਅਤੇ ਮੂਸੇਵਾਲੇ ਦੇ ਕਤਲ ਦੀ ਜਾਂਚ ਵੀ ਯੂ ਐਨ ਓ ਤੋਂ ਕਰਾਉਣ ਦੀ ਵੱਡੀ ਗੱਲ ਕਰਦਾ ਸੀ। ਕੁੱਕੀ ਪੁੱਛਦਾ ਹੈ ਕਿ ਹੁਣ ਐਮ ਪੀ ਬਣ ਕੇ ਲੋਕ ਸਭਾ ਵਿੱਚ ਜਾਂਚ ਦੇ ਮੁੱਦਿਆਂ ਬਾਰੇ ਮਾਨ ਕਿਉਂ ਨਹੀ ਬੋਲਿਆ? ਗੱਲ ਸਾਫ ਹੈ ਯੂ ਐਨ ਓ ਵਰਗੀਆਂ ਵੱਡੀਆਂ ਗੱਲਾਂ ਵੀ ਲੋਕਾਂ ਨੂੰ ਭਰਮਾਉਣ ਲਈ ਕੀਤੀਆਂ ਜਾਂਦੀਆਂ ਹਨ। ਭਲਾ ਕਿਸੇ ਐਕਸੀਡੈਂਟ ਦੀ ਯੂ ਐਨ ਓ ਕੀ ਜਾਂਚ ਕਰੂ? ਕੁੱਕੀ ਨੌਜੁਆਨਾਂ ਨੂੰ ਐਸੀ ਭਰਮਾਊ ਸਿਆਸਤ ਤੋਂ ਸਾਵਧਾਨ ਰਹਿਣ ਲਈ ਆਖਦਾ ਹੈ।
ਰੈਫਰੈਂਡਮ ਵਾਲਿਆਂ ਦੀ ਜਥੇਬੰਦੀ ਤੇ ਭਾਰਤ ਵਿੱਚ ਗੈਰਕਨੂੰਨੀ ਹੈ। ਪਰ ਉਹ ਚੋਰੀ-ਛੁਪੇ ਕਿਸੇ ਨਾਂ ਕਿਸੇ ਕੰਧ ‘ਤੇ ਨਾਹਰੇ ਲਿਖ ਕੇ ਖਾਲਿਸਤਾਨ ਲੈਣ ਦਾ ਭਰਮ ਸਿਰਜ ਰਹੇ ਹਨ। ਕੁੱਕੀ ਸਵਾਲ ਕਰਦਾ ਹੈ ਕਿ ਕੀ ਇਸ ਤਰਾਂ ਕੰਧਾਂ ਕਾਲੀਆਂ ਕਰਨ ਨਾਲ ਖਾਲਿਸਤਾਨ ਬਣ ਜਾਊ? ਇਸ ਵਾਸਤੇ ਕਿਸੇ ਪਾਏਦਾਰ ਜਥੇਬੰਦੀ ਦੀ ਲੋੜ ਹੈ ਜਿਸਦਾ ਕੋਈ ਠੋਸ ਰਾਜਨੀਤਕ ਨਜ਼ਰੀਆ ਅਤੇ ਆਧਾਰ ਹੋਵੇ।
ਕੁੱਕੀ ਕਿਸੇ ਜਥੇਬੰਦੀ ਵੱਲੋਂ ਔਰਤਾਂ-ਮਰਦਾਂ ਦੀ ਨਿੱਜੀ ਆਜ਼ਾਦੀ ਵਿੱਚ ਕਿਸੇ ਦਖਲਅੰਦਾਜ਼ੀ ਦਾ ਹਾਮੀ ਨਹੀ ਹੈ। ਮੁੜ ਸਿਰਜਿਆ ਜਾਣ ਵਾਲਾ ਪੰਜਾਬ ਸਾਰੇ ਪੰਜਾਬੀਆਂ ਦਾ ਹੈ, ਨਾਂ ਕੇਵਲ ਸਿੱਖਾਂ ਦਾ। ਕੁੱਕੀ ਦੇ ਨਜ਼ਰੀਏ ਤੋਂ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ ਵਾਲੇ ਸਮਾਜ, ਗੁਰਾਂ ਦੇ ਨਾਂ ਤੇ ਵਸਦੇ ਪੁਰਨ ਸਿੰਘ ਦੇ ਪੰਜਾਬ, ਸਿਰਦਾਰ ਗੁਰਤੇਜ ਸਿੰਘ ਦੇ ਸ਼੍ਰੇਣੀ ਮੁਕਤ ਲੋਕਤੰਤਰੀ ਪੰਜਾਬ ਅਤੇ ਸੁਮੇਲ ਸਿੱਧੂ ਦੇ ਹੀਰ ਵੰਨੇ ਪੰਜਾਬ, ‘ ਜਿੱਥੇ ਨਾਂ ਵੈਰ ਕੋਈ, ਜਿੱਥੇ ਨਾਂ ਗੈਰ ਕੋਈ’, ਦੀ ਝਲਕ ਪੈਂਦੀ ਹੈ।
ਕੁੱਲ ਮਿਲਾ ਕੇ ਕੁੱਕੀ ਅਤੇ ਮਾਲੀ ਇੱਕੋ ਵੇਲੇ ਪੰਜਾਬ ਵਿਚਲੀਆਂ ਕਈ ਬੇਤੁਕੀਆਂ ਧਾਰਾਵਾਂ, ਬੇਸਿਰ ਪੈਰ ਧਾਰਨਾਵਾਂ, ਭਾਵੁਕ ਵਹਿਣ ਦਾ ਲਾਹਾ ਲੈਣ ਵਾਲੀਆਂ ਧਿਰਾਂ ਨੂੰ ਆਪਣੇ ਇਖਲਾਕੀ ਧਰਾਤਲ ਤੋਂ ਸਵਾਲਾਂ ਜ਼ਰੀਏ ਵੰਗਾਰ ਰਹੇ ਹਨ ਅਤੇ ਭਾਵੁਕ ਹੋ ਕੇ ਵਰਤੇ ਜਾਣ ਵਾਲੇ ਨੌਜੁਆਨਾਂ ਨੂੰ ਵਿਚਾਰਾਂ ਦੀ ਦੁਨੀਆਂ ਵਿੱਚ ਠਿੱਲ ਕੇ ਨਰੋਆ ਪੰਜਾਬ ਸਿਰਜਣ ਵਾਸਤੇ ਸੰਵਾਦ ਜ਼ਰੀਏ ਕੋਈ ਜਥੇਬੰਦਕ ਬਾਨਣੂੰ ਬੰਨ੍ਹਣ ਦੀ ਸੇਧ ਵੱਲ ਇਸ਼ਾਰਾ ਕਰ ਰਹੇ ਹਨ।