ਗੁਰਬਚਨ ਸਿੰਘ
‘ਇਡੀਅਨ ਐਕਸਪ੍ਰੈੱਸ’ ਦੀ ਇਕ ਖਬਰ ਅਨੁਸਾਰ 5 ਅਕਤੂਬਰ ਨੂੰ ਦਿੱਲੀ ਦੇ ਅੰਬੇਡਕਰ ਭਵਨ ਵਿਚ 10000 ਤੋਂ ਵਧੇਰੇ ਦਲਿਤ ਤੇ ਪਛੜੇ ਵਰਗਾਂ ਦੇ ਲੋਕਾਂ ਨੇ ਹਿੰਦੂ ਧਰਮ ਤਿਆਗਣ ਤੇ ਬੁੱਧ ਧਰਮ ਅਪਨਾਉਣ ਦਾ ਐਲਾਨ ਕਰ ਕੇ, ਮੋਹਨ ਭਾਗਵਤ ਸਮੇਤ ਮਨੂਵਾਦੀ ਹਿੰਦੂਆਂ ਦੇ ਮਨਾਂ ਵਿਚ ਬੌਖਲਾਹਟ ਪੈਦਾ ਕੀਤੀ ਹੈ। ਮੋਦੀ ਮੀਡੀਏ ਨੇ ਇਸ ਕਾਰਵਾਈ ਵਿਰੁੱਧ ਇਕ ਝਲਿਆਈ ਮੁਹਿੰਮ ਵਿੱਢ ਦਿੱਤੀ ਹੈ। ਉਨ੍ਹਾਂ ਦੇ ਮਨਾਂ ਵਿਚ ਡਰ ਪੈਦਾ ਹੋ ਗਿਆ ਹੈ ਕਿ ਜੇ ਧਰਮ ਬਦਲੀ ਦੀ ਇਹ ਮੁਹਿੰਮ ਜੋ਼ਰ ਫੜ ਗਈ ਤਾਂ ਮਨੂਵਾਦੀਆ ਦਾ ਹਿੰਦੂ ਬਹੁਗਿਣਤੀ ਦਾ ਫਰਾਡ ਹਮੇਸ਼ਾਂ ਲਈ ਨੰਗਾ ਹੋ ਜਾਏਗਾ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਗੁਜਰਾਤ ਅੰਦਰ ਇਸ ਮੁਹਿੰਮ ਵਿਰੁੱਧ ਪੋਸਟਰਬਾਜ਼ੀ ਆਰੰਭ ਹੋ ਗਈ ਹੈ। ਧਰਮ ਬਦਲੀ ਕਰਨ ਵਾਲੇ ਲੋਕਾਂ ਵਿਰੁੱਧ ਨਫਰਤ ਦੀ ਲਹਿਰ ਚਲਾ ਦਿੱਤੀ ਗਈ ਹੈ।
ਅੱਜ ਤੋਂ 66 ਸਾਲ ਪਹਿਲਾਂ 15 ਅਕਤੂਬਰ, 1956 ਨੂੰ ਨਾਗਪੁਰ ਦੇ ਦੀਕਸ਼ਾ ਭਵਨ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 3,65,000 ਦਲਿਤਾਂ ਨੂੰ ਨਾਲ ਲੈ ਕੇ ਬੁੱਧ ਧਰਮ ਅਪਨਾਉਣ ਦਾ ਐਲਾਨ ਕੀਤਾ ਸੀ। ਉਸ ਦਿਨ ਉਨ੍ਹਾਂ ਨੇ ਦੇਸ ਭਰ ਦੇ ਦਲਿਤ ਅਤੇ ਪਛੜੇ ਵਰਗਾਂ ਨੂੰ ਬੁੱਧ ਧਰਮ ਅਪਨਾਉਣ ਦੀ ਅਪੀਲ ਕੀਤੀ ਸੀ,
ਬੁੱਧ ਧਰਮ ਨੂੰ ਅਪਨਾਉਣ ਲਗਿਆਂ ਬਾਬਾ ਸਾਹਿਬ ਨੇ ਹੇਠ ਲਿਖੇ 22 ਪ੍ਰਣ ਕੀਤੇ ਸਨ:
1. ਮੈਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਕਦੇ ਵੀ ਈਸ਼ਵਰ ਨਹੀਂ ਮੰਨਾਂਗਾ ਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਾਂਗਾ।
2. ਮੈਂ ਈਸ਼ਵਰ ਦਾ ਅਵਤਾਰ ਮੰਨੇ ਜਾਂਦੇ ਰਾਮ ਅਤੇ ਸ਼ਨ ਵਿਚ ਕਦੇ ਯਕੀਨ ਨਹੀਂ ਕਰਾਂਗਾ ਅਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਾਂਗਾ।
3. ਮੈਂ ਗੌਰੀ ਗਣਪਤੀ ਆਦਿ ਹਿੰਦੂ ਧਰਮ ਦੇ ਕਿਸੇ ਵੀ ਦੇਵੀ-ਦੇਵਤੇ ਵਿਚ ਕਦੀ ਯਕੀਨ ਨਹੀਂ ਕਰਾਂਗਾ ਅਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਾਂਗਾ।
4. ਮੇਰਾ ਇਸ ਵਿਚ ਕੋਈ ਯਕੀਨ ਨਹੀਂ ਕਿ ਈਸ਼ਵਰ ਨੇ ਕਦੀ ਅਵਤਾਰ ਲਿਆ।
5. ਮੈਂ ਇਸ ਨੂੰ ਨਹੀਂ ਮੰਨਦਾ ਕਿ ਬੁੱਧ ਵਿਸ਼ਨੂੰ ਦਾ ਅਵਤਾਰ ਹਨ। ਇਹ ਝੂਠਾ ਤੇ ਕੂੜ ਪ੍ਰਚਾਰ ਹੈ।
6. ਮੈਂ ਕਦੀ ਵੀ ਸਰਾਧ ਨਹੀਂ ਕਰਵਾਵਾਂਗਾ ਅਤੇ ਨਾ ਹੀ ਕਦੇ ਪਿੰਡ ਦਾਨ ਕਰਾਂਗਾ।
7. ਮੈਂ ਕੋਈ ਵੀ ਕਿਰਿਆ ਕਰਮ ਬ੍ਰਾਹਮਣਾਂ ਦੇ ਹੱਥੋਂ ਨਹੀਂ ਕਰਵਾਵਾਂਗਾ।
8. ਮੈਂ ਬੁੱਧ ਧਰਮ ਦੀਆਂ ਸਿਖਿਆਵਾਂ ਅਤੇ ਸਿਧਾਂਤਾਂ ਵਿਰੁੱਧ ਕੋਈ ਕੰਮ ਨਹੀਂ ਕਰਾਂਗਾ।
9. ਮੈਂ ਇਸ ਸਿਧਾਂਤ ਨੂੰ ਮੰਨਦਾ ਹਾਂ ਕਿ ਸਾਰੇ ਮਨੁੱਖ ਇਕ ਬਰਾਬਰ ਹਨ।
10. ਮੈਂ ਸਮਾਜ ਵਿਚ ਬਰਾਬਰੀ ਲਿਆਉਣ ਦੇ ਯਤਨ ਕਰਾਂਗਾ।
11. ਮੈਂ ਤਥਾਗਤ ਬੁੱਧ ਦੇ ਦੱਸੇ ਨੇਕ ਅਸ਼ਟਾਂਗ ਮਾਰਗ ਨੂੰ ਅਪਨਾਵਾਂਗਾ।
12. ਮੈਂ ਤਥਾਗਤ ਬੁੱਧ ਦੀਆਂ 10 ਪਾਰਮਿਤਾਵਾਂ ਦਾ ਪਾਲਣ ਕਰਾਂਗਾ।
13. ਮੈਂ ਸਮੂਹ ਪ੍ਰਾਣੀ ਮਾਤਰ ਉਤੇ ਦਇਆ ਕਰਾਂਗਾ ਅਤੇ ਉਨ੍ਹਾਂ ਦੀ ਰੱਖਿਆ ਕਰਾਂਗਾ।
14. ਮੈਂ ਚੋਰੀ ਨਹੀਂ ਕਰਾਂਗਾ।
15. ਮੈਂ ਝੂਠ ਨਹੀਂ ਬੋਲਾਂਗਾ।
16. ਮੈਂ ਪਰ ਇਸਤਰੀ ਗਮਨ ਨਹੀਂ ਕਰਾਂਗਾ।
17. ਮੈਂ ਸ਼ਰਾਬ ਤੇ ਹੋਰਨਾਂ ਨਸ਼ਿਆਂ ਦੀ ਵਰਤੋਂ ਨਹੀਂ ਕਰਾਂਗਾ।
18. ਮੈਂ ਆਪਣਾ ਨਿੱਤ ਦਿਨ ਦਾ ਜੀਵਨ ਬੁੱਧ ਧਰਮ ਦੇ ਤਿੰਨ ਤੱਤਾਂ ਗਿਆਨ, ਸਦਾਚਾਰ ਤੇ ਕਰੁਣਾ ਦਾ ਸੁੁਮੇਲ ਕਰ ਕੇ ਜੀਆਂਗਾ।
19. ਮੈਂ ਮਨੁੱਖ ਮਾਤਰ ਦੀ ਉਨਤੀ ਲਈ ਹਾਨੀਕਾਰਕ ਅਤੇ ਮਨੁੱਖ ਮਾਤਰ ਦੀ ਨਾਬਰਾਬਰੀ ਨੂੰ ਆਪਣੀ ਨੀਂਹ ਮੰਨਣ ਵਾਲੇ ਹਿੰਦੂ ਧਰਮ ਦਾ ਤਿਆਗ ਕਰਦਾ ਹਾਂ ਅਤੇ ਬੁੱਧ ਧਰਮ ਨੂੰ ਸਵੀਕਾਰ ਕਰਦਾ ਹਾਂ।
20. ਮੇਰਾ ਪੂਰੀ ਦ੍ਰਿੜਤਾ ਨਾਲ ਯਕੀਨ ਹੈ ਕਿ ਇਹੀ ਸੱਚਾ ਧਰਮ ਹੈ।
21. ਮੇਰਾ ਯਕੀਨ ਹੈ ਕਿ ਮੇਰਾ ਨਵਾਂ ਜਨਮ ਹੋਇਆ ਹੈ।
22. ਮੈਂ ਪ੍ਰਣ ਕਰਦਾ ਹਾਂ ਕਿ ਹੁਣ ਤੋਂ ਮੈਂ ਬੁੱਧ ਧਰਮ ਦੀ ਸਿੱਖਿਆ ਅਨੁਸਾਰ ਵਿਹਾਰ ਕਰਾਂਗਾ।
ਗੁਰਮਤਿ ਨੇ ਬਾਬਾ ਸਾਹਿਬ ਦੇ ਇਨ੍ਹਾਂ 22 ਪ੍ਰਣਾਂ ਦੀ ਪਹਿਲਾਂ ਹੀ ਪੁਸ਼ਟੀ ਕੀਤੀ ਹੋਈ ਹੈ। ਗੁਰਮਤਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਸਿਰਫ ਈਸ਼ਵਰ ਹੀ ਨਹੀਂ ਮੰਨਦੀ ਬਲਕਿ ਇਨ੍ਹਾਂ ਦੀ ਸਿਰਜਕ ਹੋਂਦ ਤੋਂ ਮੂਲੋਂ ਹੀ ਇਨਕਾਰੀ ਹੈ।
ਮਨੂਵਾਦ ਸਾਡੇ ਆਲੇ-ਦੁਆਲੇ ਪਸਰੇ ਏਕੋ ‘ਬ੍ਰਹਮ’ ਦੇ ਵਿਅਕਤੀ ਰੂਪ ਬ੍ਰਹਮਾ ਦੀ ਘਾੜਤ ਘੜ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਇਸ ਬ੍ਰਹਮਾ ਰਾਹੀਂ ਹੋਈ ਮੰਨਦਾ ਹੈ। ਇਸੇ ਮਨ-ਕਲਪਿਤ ਬ੍ਰਹਮਾ ਦੀ ਹੋਂਦ ਰਾਹੀਂ ਉਹ ਚਾਰ ਵਰਣਾਂ ਦੀ ਪੈਦਾਇਸ਼ ਕਰਵਾਉਂਦਾ ਹੈ। ਇਸੇ ਮਨ-ਕਲਪਿਤ ਬ੍ਰਹਮਾ ਦੀ ਹੋਂਦ ਰਾਹੀਂ ਉਹ ਆਪਣਾ ਸਾਰਾ ਕਰਮਕਾਂਡੀ ਭਰਮਜਾਲ ਫੈਲਾਉਂਦਾ ਹੈ।
ਗੁਰਮਤਿ ਬ੍ਰਹਮਾ ਦੀ ਇਸ ਧਾਰਨਾ ਨੂੰ ਮੂਲੋਂ ਹੀ ਨਕਾਰ ਦੇਂਦੀ ਹੈ:
ਬ੍ਹਮਾ ਬਿਸਨੁ ਮਹੇਸ ਨ ਕੋਈ। ਅਵਰ ਨ ਦੀਸੈ ਏਕੋ ਸੋਈ। (ਪੰਨਾ 1035)
ਯਥਾ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਦੀ ਕੋਈ ਹੋਂਦ ਨਹੀਂ। ਸਭ ਥਾਂ ਇਸ ਏਕੋ ਬ੍ਰਹਮ ਦਾ ਹੀ ਪਸਾਰਾ ਹੈ।
ਗੁਰਮਤਿ ਨੇ ਬ੍ਰਹਮ ਅਤੇ ਮਨੂਵਾਦ ਵਲੋਂ ਵਰਤੇ ਜਾਂਦੇ ਅਖਰ ਬ੍ਰਹਮਾ ਵਿਚਕਾਰ ਸਪੱਸ਼ਟ ਨਿਖੇੜਾ ਕੀਤਾ ਹੈ :
ਬ੍ਰਹਮਾ ਬਡਾ ਕਿ ਜਾਸ ਉਪਾਇਆ। (ਪੰਨਾ 331)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ। (ਪੰਨਾ 559)
ਬ੍ਰਹਮੈ ਵਡਾ ਕਹਾਇ ਅੰਤ ਨ ਪਾਇਆ। (ਪੰਨਾ 1279)
ਬ੍ਰਹਮੈ ਇੰਦ੍ਰਿ ਮਹੇਸਿ ਨ ਜਾਨੀ। (ਪੰਨਾ 1032)
ਯਥਾ ਬ੍ਰਹਮਾ ਵੱਡਾ ਹੈ ਜਾਂ ਜਿਸ ਬ੍ਰਹਮ ਤੋਂ ਸਾਰਿਆਂ ਦੀ ਉਤਪਤੀ ਹੋਈ ਹੈ, ਉਹ ਵੱਡਾ ਹੈ। ਫਿਰ ਗੁਰਮਤਿ ਇਹ ਵੀ ਦੱਸਦੀ ਹੈ ਕਿ ਬ੍ਰਹਮਾ ਦੇ ਨਾਂ ਉਤੇ ਜਿਹੜਾ ਕਥਿਤ ਵੇਦਾਂ ਦਾ ਗਿਆਨ ਦਿੱਤਾ ਜਾਂਦਾ ਹੈ, ਉਹ ਸਾਰਾ ਮੋਹ ਮਾਇਆ ਦਾ ਪਸਾਰਾ ਭਾਵ ਮਨ-ਕਲਪਿਤ ਭਰਮਜਾਲ ਹੈ। ਗੁਰਮਤਿ ਇਹ ਵੀ ਦੱਸਦੀ ਹੈ ਕਿ ਬ੍ਰਹਮਾ ਆਪਣੇ-ਆਪ ਨੂੰ ਵੱਡਾ ਕਹਾਉਂਦਾ ਹੈ ਪਰ ਉਹ ਬ੍ਰਹਮ ਦਾ ਅੰਤ ਨਹੀਂ ਪਾ ਸਕਿਆ। ਬ੍ਰਹਮਾ, ਇੰਦਰ ਤੇ ਮਹੇਸ਼ ਨੂੰ ਬ੍ਰਹਮ ਦਾ ਕੋਈ ਗਿਆਨ ਨਹੀਂ।
ਕਾਲ ਪਾਇ ਬ੍ਰਹਮਾ ਬਪੁ ਧਰਾ॥ ਕਾਲ ਪਾਇ ਸਿਵਜੂ ਅਵਤਰਾ ॥
ਕਾਲ ਪਾਇ ਕਰ ਬਿਸਨ ਪ੍ਰਕਾਸਾ ॥ ਸਗਲ ਕਾਲ ਕਾ ਕੀਆ ਤਮਾਸਾ ॥ (ਚੌਪਈ ਸਾਹਿਬ)
ਭਾਵ ਬ੍ਰਹਮਾ ਵੀ ਕਾਲ ਵਸ ਹੈ। ਅਵਤਾਰ ਕਿਹਾ ਜਾਂਦਾ ਸ਼ਿਵਜੀ ਵੀ ਕਾਲ ਵਸ ਹੈ। ਬਿਸਨ ਵੀ ਕਾਲ ਵਸ ਹੈ। ਅਰਥਾਤ ਕਹੇ ਜਾਂਦੇ ਤਿੰਨੇ ਦੇਵਤੇ ਕਾਲ ਵਸ ਹਨ। ਇਸ ਲਈ ਇਹ ਅਵਤਾਰ ਨਹੀਂ ਹੋ ਸਕਦੇ। ਇਹ ਤਿੰਨੇ ਵੀ ਕਾਲ ਭਾਵ ਸਮੇਂ ਦਾ ਤਮਾਸ਼ਾ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਹਿੰਦੂ ਧਰਮ ਬਾਰੇ ਬੜਾ ਸਪੱਸ਼ਟ ਫਤਵਾ ਦਿੱਤਾ ਗਿਆ ਹੈ:
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥
ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਾਰਣਹਾਰ॥ (ਪੰਨਾ 556)
ਯਥਾ ਹਿੰਦੂ ਮੂਲੋਂ ਹੀ ਭਾਵ ਮੁੱਢ ਤੋਂ ਹੀ ਕੁਰਾਹੇ ਪਏ ਹੋਏ ਹਨ, ਜਿਹੜੇ ਨਾਰਦ ਦੇ ਕਹਿਣ ਉਤੇ ਕਿਸੇ ਦੀ ਵੀ ਪੂਜਾ ਕਰ ਸਕਦੇ ਹਨ, ਮਨ ਦੀਆਂ ਅੱਖਾਂ ਤੋਂ ਅੰਨ੍ਹੇ ਅਤੇ ਆਤਮਿਕ ਗਿਆਨ ਤੋਂ ਗੂੰਗੇ ਭਾਵ ਅਗਿਆਨ ਦੇ ਹਨ੍ਹੇਰੇ ਵਿਚ ਭਟਕ ਰਹੇ ਜਿਹੜੇ ਮੂਰਖ ਤੇ ਗਵਾਰ ਲੋਕ ਖੁਦ ਪੱਥਰਾਂ ਦੀ ਪੂਜਾ ਕਰਦੇ ਹਨ, ਉਹ ਭਲਾ ਤੁਹਾਨੂੰ ਕਿਵੇਂ ਤਾਰ ਦੇਣਗੇ?
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ ੧॥ (ਪੰਨਾ 776)
ਗੁਰਮਤਿ ਬ੍ਰਾਹਮਣੀ ਕਰਮਕਾਂਡ ਉਤੇ ਤਿੱਖਾ ਵਾਰ ਕਰਦਿਆਂ ਫੁਰਮਾਉਂਦੀ ਹੈ ਕਿ ਸਾਢੇ ਤਿੰਨ-ਤਿੰਨ ਗਜ ਦੀਆਂ ਧੋਤੀਆਂ ਪਹਿਨ ਕੇ ਤੇ ਤਿੰਨ-ਤਿੰਨ ਧਾਗਿਆਂ ਵਾਲੇ ਜਨੇਊ ਪਾ ਕੇ ਜਿਨ੍ਹਾਂ ਨੇ ਗਲਾਂ ਵਿਚ ਕਈ-ਕਈ ਮਾਲਾ ਪਹਿਨੀਆਂ ਹੋਈਆ ਹਨ ਅਤੇ ਹਥਾਂ ਵਿਚ ਲਿਸ਼ਕਦੇ ਲੋਟੇ ਫੜੇ ਹੋਏ ਹਨ, ਦਰਅਸਲ ਇਹ ਸੰਤ ਨਹੀਂ ਸਗੋਂ ਬਨਾਰਸ ਦੇ ਅਸਲੀ ਠੱਗ ਹਨ।
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥ (ਪੰਨਾ 1377)
ਯਥਾ ਬ੍ਰਾਹਮਣ ਜਗਤ ਦਾ ਗੁਰੂ ਹੋਣ ਦਾ ਦਾਅਵਾ ਕਰਦਾ ਹੈ ਪਰ ਭਗਤ ਉਸ ਨੂੰ ਆਪਣਾ ਗੁਰੂ ਨਹੀਂ ਮੰਨਦੇ ਕਿਉਂਕਿ ਉਹ ਚਾਰਾਂ ਵੇਦਾਂ ਵਿਚ ਹੀ ਉਲਝਿਆ ਹੋਇਆ ਹੈ ਅਤੇ ਇਸ ਉਲਝਣ ਵਿਚ ਹੀ ਆਪਣੀ ਜ਼ਿੰਦਗੀ ਬਿਤਾ ਕੇ ਮਰ ਜਾਂਦਾ ਹੈ।
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ ਪੜਿਆ ਮੁਕਤਿ ਨ ਹੋਈ॥
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 747-48)
ਗੁਰਮਤਿ ਅਨੁਸਾਰ ਧਰਮ ਦੇ ਨਾਂ ਉਤੇ ਕੀਤਾ ਜਾ ਰਿਹਾ ਇਹ ਸਾਰਾ ਪਾਖੰਡ ਤੇ ਕਰਮਕਾਂਡ ਜਮਾਂ ਦੀ ਨਿਆਈਂ ਸਾਰੇ ਸੰਸਾਰ ਨੂੰ ਲੁੱਟ ਰਿਹਾ ਹੈ। ਬੇਦ ਕਤੇਬ ਸਿਮ੍ਰਿਤੀਆਂ ਅਤੇ ਸਾਰੇ ਸ਼ਾਸਤਰ ਪੜ੍ਹ ਕੇ ਵੀ ਇਨ੍ਹਾਂ ਨਾਲ ਮਨ ਦੀ ਮੁਕਤੀ ਨਹੀਂ ਮਿਲਦੀ ਅਤੇ ਇਹ ਉਪਦੇਸ਼ ਚਾਰੇ ਵਰਨਾਂ ਭਾਵ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼ ਸਾਰਿਆਂ ਲਈ ਸਾਂਝਾ ਹੈ।
ਦਰੋਗ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ॥
ਹਕੁ ਸਚੁ ਖਾਲੁਕ ਖਲਕ ਮਿਆਨੇ ਸਿਆਮ ਮੂਰਤਿ ਨਾਹਿ॥ (ਪੰਨਾ 727)
ਯਥਾ ਵੇਦ ਕਤੇਬ ਆਦਿ ਅੱਡ-ਅੱਡ ਗ੍ਰੰਥ ਪੜ੍ਹ ਕੇ ਬੰਦਾ ਐਵੇਂ ਖੁਸ਼ ਹੁੰਦਾ ਰਹਿੰਦਾ ਹੈ ਅਤੇ ਫਜ਼ੂਲ ਦੇ ਵਾਦ-ਵਿਵਾਦ ਵਿਚ ਉਲਝਿਆ ਰਹਿੰਦਾ ਹੈ ਪਰ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਹੱਕ-ਸੱਚ ਦੀ ਪੈਰਵਾਈ ਕਰਨ ਵਾਲਾ ਸਾਰਿਆਂ ਦਾ ਮਾਲਕ ਖਲਕਤ ਵਿਚ ਹੀ ਵੱਸਦਾ ਹੈ ਅਤੇ ਉਸ ਦੀ ਹੋਂਦ ਸਿਆਮ ਰੰਗ ਦੀ ਮੂਰਤ ਭਾਵ ਸਨ ਵਿਚ ਨਹੀਂ।
ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦ ਬਹੁ ਥਾਕੋ ਰੇ॥
ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ॥ ੧॥
ਤੁਮ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ॥
ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ॥ ੧॥ ਰਹਾਉ॥ (ਪੰਨਾ 338-39)
ਗੁਰਮਤਿ ਸਨ ਦੇ ਅਵਤਾਰੀ ਪੁਰਸ਼ ਹੋਣ ਬਾਰੇ ਸੁਆਲੀਆ ਚਿੰਨ੍ਹ ਲਾਉਂਦੀ ਹੋਈ ਇਸ ਦੇ ਪੈਰੋਕਾਰਾਂ ਨੂੰ ਪੁੱਛਦੀ ਹੈ ਕਿ ਜੋ ਤੁਸੀਂ ਇਹ ਕਹਿੰਦੇ ਹੋ ਕਿ 84 ਲੱਖ ਜੂਨਾਂ ਵਿਚ ਭਟਕਣ ਤੋਂ ਬਾਅਦ ਜਦੋਂ ਨੰਦ ਥੱਕ ਗਿਆ ਤੇ ਉਸ ਦੀ ਭਗਤੀ ਤੋਂ ਖੁਸ਼ ਹੋ ਕੇ ਜਗਤ ਦੇ ਮਾਲਕ ਨੇ ਸ਼ਨ ਦੇ ਰੂਪ ਵਿਚ ਉਸ ਦੇ ਘਰ ਅਵਤਾਰ ਧਾਰਿਆ ਤਾਂ ਨੰਦ ਦੇ ਬੜੇ ਚੰਗੇ ਭਾਗ ਸਨ। ਪਰ ਤੁਸੀਂ ਜੋ ਕਹਿੰਦੇ ਹੋ ਕਿ ਜਗਤ ਦਾ ਮਾਲਕ ਨੰਦ ਦਾ ਪੁੱਤਰ ਸੀ ਤਾਂ ਫਿਰ ਨੰਦ ਕਿਸ ਦਾ ਪੁੱਤਰ ਸੀ? ਜਦੋਂ ਜਗਤ ਦੇ ਮਾਲਕ ਦੀ ਕੋਈ ਹੋਂਦ ਹੀ ਨਹੀਂ ਸੀ ਤਾਂ ਨੰਦ ਦੀ ਹੋਂਦ ਕਿਵੇਂ ਬਣੀ। ਫਿਰ ਜਦੋਂ ਦਸਾਂ ਦਿਸ਼ਾਵਾਂ ਵਿਚ ਧਰਤੀ ਤੇ ਆਕਾਸ਼ ਦੀ ਕੋਈ ਹੋਂਦ ਹੀ ਨਹੀਂ ਸੀ ਤਾਂ ਇਹ ਨੰਦ ਕਿੱਥੇ ਸੀ?
ਗੁਰਮਤਿ ਅਵਤਾਰਾਂ ਦੀ ਹੋਂਦ ਨੂੰ ਪੂਰਨ ਰੂਪ ਵਿਚ ਨਕਾਰਦੀ ਹੈ
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥
ਤਿਨ ਭੀ ਅੰਤ ਨ ਪਾਇਆ ਤਾ ਕਾ ਕਿਆ ਕਰਿ ਆਖ ਵਿਚਾਰੀ॥ (ਪੰਨਾ 423)
ਭਾਵ ਹਰ ਯੁੱਗ ਦੇ ਰਾਜਿਆਂ ਨੂੰ ਅਵਤਾਰੀ ਪੁਰਖ ਜਾਣ ਕੇ ਉਨ੍ਹਾਂ ਦੇ ਗੁਣ ਗਾਏ ਜਾਂਦੇ ਹਨ ਪਰ ਉਹ ਵੀ ਉਸ ਸਿਰਜਣਹਾਰ ਦਾ ਅੰਤ ਨਹੀਂ ਪਾ ਸਕੇ।
ਕੋਟਿ ਬਿਸਨ ਕੀਨੇ ਅਵਤਾਰ॥ ਕੋਟਿ ਬ੍ਰਹਿਮੰਡ ਜਾ ਕੇ ਧ੍ਰਮਸਾਲ॥
ਕੋਟਿ ਮਹੇਸ ਉਪਾਇ ਸਮਾਏ॥ ਕੋਟਿ ਬ੍ਰਹਮੇ ਜਗੁ ਸਾਜਣ ਲਾਏ॥
ਐਸੋ ਧਨੀ ਗੋਵਿੰਦ ਹਮਾਰਾ। । ਬਰਨਿ ਨਾ ਸਾਕਉ ਗੁਣ ਬਿਸਥਾਰਾ॥ (ਪੰਨਾ 1156)
ਯਥਾ ਸਾਡੇ ਆਲੇ-ਦੁਆਲੇ ਅਸੀਮ ਬ੍ਰਹਿਮੰਡ ਦੇ ਰੂਪ ਵਿਚ ਪਸਰੇ ਏਕੋ ਸਿਰਜਣਹਾਰ ਨੇ ਕਰੋੜਾਂ ਬਿਸਨ (ਵਿਸ਼ਨੂ) ਅਵਤਾਰ ਪੈਦਾ ਕੀਤੇ ਹਨ। ਇਸ ਬ੍ਰਹਿਮੰਡ ਵਿਚ ਜਿਨ੍ਹਾਂ ਦੇ ਕਰੋੜਾਂ ਧਰਮਸਾਲ ਹਨ। ਕਰੋੜਾਂ ਮਹੇਸ (ਸ਼ਿਵ ਜੀ) ਪੈਦਾ ਕੀਤੇ ਹਨ। ਕਰੋੜਾਂ ਬ੍ਰਹਮੇ ਇਸ ਜਗਤ ਦੀ ਉਸਾਰੀ ਵਿਚ ਲਗੇ ਹੋਏ ਹਨ। ਸਾਡਾ ਸਿਰਜਣਹਾਰ ਗੋਬਿੰਦ ਐਸਾ ਧਨੀ ਹੈ ਕਿ ਉਸ ਦੇ ਸਾਰੇ ਗੁਣਾਂ ਦਾ ਕੋਈ ਵਰਣਨ ਨਹੀਂ ਕਰ ਸਕਦਾ।
ਮਹਿਮਾ ਨ ਜਾਨਹਿ ਬੇਦ॥ ਬ੍ਰਹਮੇ ਨਹਿ ਜਾਨਹਿ ਭੇਦ॥
ਅਵਤਾਰ ਨ ਜਾਨਹਿ ਅੰਤ॥ ਪਰਮੇਸਰ ਪਾਰਬ੍ਰਹਮ ਬੇਅੰਤੁ॥ (ਪੰਨਾ 894)
ਯਥਾ ਸਾਰੇ ਵੇਦ ਉਸ ਬ੍ਰਹਮ ਦੀ ਮਹਿਮਾ ਭਾਵ ਉਸ ਦੇ ਗੁਣਾਂ ਦਾ ਗਿਆਨ ਨਹੀਂ ਰੱਖਦੇ। ਸਾਰੇ ਬ੍ਰਹਮੇ ਵੀ ਉਸ ਦਾ ਭੇਦ ਨਹੀਂ ਜਾਣਦੇ। ਅਵਤਾਰ ਉਸਦਾ ਅੰਤ ਨਹੀਂ ਪਾ ਸਕਦੇ। ਸਾਰਿਆਂ ਦੀ ਸੰਭਾਲ ਕਰਨ ਵਾਲਾ ਉਹ ਪਰਮੇਸਰ (ਪਰਮ ਈਸ਼ਵਰ) ਬ੍ਰਹਮ ਤੋਂ ਵੀ ਪਾਰ ਭਾਵ ਬੇਅੰਤ ਹੈ। ਸਪਸ਼ਟ ਹੈ ਕਿ ਗੁਰਮਤਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੂੰ ਨਾ ਤਾਂ ਈਸ਼ਵਰ ਮੰਨਦੀ ਹੈ ਅਤੇ ਨਾ ਹੀ ਉਨ੍ਹਾਂ ਦੀ ਪੂਜਾ ਕਰਦੀ ਹੈ।
ਗੁਰਮਤਿ ਰਾਮ ਕ੍ਰਿਸ਼ਨ ਨੂੰ ਨਾ ਅਵਤਾਰ ਮੰਨਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਪੂਜਦੀ ਹੈ। ਗੁਰਮਤਿ ਸਾਰੇ ਹਿੰਦੂ ਦੇਵੀ ਦੇਵਤਿਆਂ ਦੇ ਨਾਂ ਲੈ ਕੇ ਉਨ੍ਹਾਂ ਦੀ ਦੈਵੀ ਹੋਂਦ ਤੋਂ ਹੀ ਇਨਕਾਰੀ ਹੈ। ਗੁਰਮਤਿ ਆਪਣੇ ਆਲੇ-ਦੁਆਲੇ ਪਸਰੇ ਏਕੋ ਬ੍ਰਹਮ ਭਾਵ ਬ੍ਰਹਿਮੰਡੀ ਕੁਦਰਤ ਦੀ ਹੋਂਦ ਤੋਂ ਬਿਨਾਂ ਕਿਸੇ ਵੀ ਦੂਜੀ ਰੱਬੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੈ। ਜਦੋਂ ਗੁਰਮਤਿ ਵਿਸ਼ਨੂੰ ਦੇ ਅਵਤਾਰੀ ਰੂਪ ਤੋਂ ਹੀ ਇਨਕਾਰੀ ਹੈ ਤਾਂ ਭਗਵਾਨ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਮੰਨਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਸਰਾਧ ਤੇ ਪਿੰਡ ਦਾਨ ਕਰਨ ਸਮੇਤ ਗੁਰਮਤਿ ਹਰੇਕ ਕਿਸਮ ਦੇ ਕਰਮਕਾਂਡ ਦਾ ਵਿਰੋਧ ਕਰਦੀ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਮਨੂਵਾਦ ਦੇ ਪ੍ਰਗਟ ਰੂਪ ਬ੍ਰਾਹਮਣਵਾਦ ਦਾ ਕੱਟੜ ਵਿਰੋਧੀ ਹੈ।
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਰਾਹੀਂ ਗੁਰਮਤਿ ਹਰੇਕ ਕਿਸਮ ਦੀ ਮਨੁੱਖੀ ਬਰਾਬਰੀ ਦਾ ਬੁਲੰਦ ਐਲਾਨ ਕਰਦੀ ਹੈ। ਗੁਰਮਤਿ ਸਮੁੱਚੀ ਮਨੁੱਖੀ ਜਿ਼ੰਦਗੀ ਨੂੰ ਇਸ ਤੋਂ ਵੀ ਕਿਤੇ ਅੱਗੇ ਜਾ ਕੇ ਅਗਵਾਈ ਦੇਂਦੀ ਹੈ।
ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਵਿਚਾਰੀ॥ (ਪੰਨਾ 1198)
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ॥ (ਪੰਨਾ 1128)
ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਬੜਾ ਸਪੱਸ਼ਟ ਐਲਾਨ ਕਰਦੀ ਹੈ ਕਿ ਗੁਰਮਤਿ ਦਾ ਵਿਚਾਰ ਕਰਨ ਨਾਲ ਜਾਤ-ਵਰਣ ਦਾ ਸਾਰਾ ਸ਼ੰਕਾ ਮਿਟ ਜਾਂਦਾ ਹੈ। ਗੁਰਮਤਿ ਜਾਤ ਦਾ ਹੰਕਾਰ ਕਰਨ ਵਾਲੇ ਮਨੁੱਖ ਨੂੰ ਮੂਰਖ ਕਰਾਰ ਦੇਂਦੀ ਹੈ ਕਿਉਂਕਿ ਜਾਤਪਾਤ ਦਾ ਹੰਕਾਰ ਕਰਨ ਨਾਲ ਮਨੁੱਖੀ ਮਨ ਅਨੇਕ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਭਾਵ ਮਨੁੱਖੀ ਮਨ ਵਿਚ ਉਲਝਣਾਂ ਪੈਦਾ ਹੋ ਜਾਂਦੀਆ ਹਨ ਤੇ ਇਨ੍ਹਾਂ ਉਲਝਣਾਂ ਸਦਕਾ ਮਨ ਵਿਚੋਂ ਸਰਬ-ਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੀ ਭਾਵਨਾ ਮਰ ਜਾਂਦੀ ਹੈ।