ਪੁਰਖਿਆਂ ਦੇ ਦੇਸ਼ `ਚ : ਵਾਹਗੇ ਦੀ ਲੀਕ ਟੱਪਦਿਆਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਚਿਰਾਂ ਦੀ ਤਾਂਘ ਸੀ ਕਿ ਪੁਰਖਿ਼ਆਂ ਦੇ ਦੇਸ਼ ਪਾਕਿਸਤਾਨ ਜਾਵਾਂ। ਦੇਸ਼ ਜੋ ਮੇਰੇ ਆਪਣਿਆਂ ਦਾ ਹੈ, ਆਪਣਾ ਹੀ ਹਿੱਸਾ ਜਿਸ ਨਾਲੋਂ ਟੁੱਟਣ ਦੀ ਚੀਸ ਮੇਰੇ ਪੁਰਖ਼ੇ ਆਖ਼ਰੀ ਸਾਹ ਤੀਕ ਹੰਢਾਉਂਦੇ ਰਹੇ। ਦੇਸ਼ ਜਿਸ ਵਿਚ ਉਨ੍ਹਾਂ ਦੀਆਂ ਉਮਰ ਭਰ ਦੀਆਂ ਸਾਂਝਾਂ ਸਨ, ਜਿਸ ਵਿਚ ਉਨ੍ਹਾਂ ਸੁਪਨੇ ਵੀ ਲਏ ਅਤੇ ਇਨ੍ਹਾਂ ਨੂੰ ਪੂਰਨ ਦੇ ਰਾਹ ਵੀ ਤੁੱਰੇ। ਪਰ ਸਮੇਂ ਦੇ ਹਾਕਮਾਂ ਨੇ ਉਨ੍ਹਾਂ ਦੇ ਸੁਪਨਿਆਂ ਦੀਆਂ ਕਿੱਚਰਾਂ ਉਨ੍ਹਾਂ ਦੇ ਰਾਹਾਂ ਵਿਚ ਵਿਛਾ ਦਿਤੀਆਂ ਅਤੇ ਉਹ ਲਹੂ-ਲੁਹਾਣ ਹੋਏ ਪੈਰਾਂ ਨਾਲ, ਜੀਵਨ ਦਾ ਰਹਿੰਦਾ ਸਫ਼ਰ ਪੂਰਾ ਕਰਨ ਲਈ ਮਰਨ ਵਿਚੋਂ ਜਿਊਣ ਦਾ ਆਹਰ ਕਰਦੇ ਰਹੇ।

ਗਰਮੀਆਂ ਵਿਚ ਤਿੰਨ ਸਾਲ ਬਾਅਦ ਪੰਜਾਬ ਆਇਆ ਤਾਂ ਮਨ ਵਿਚ ਇਹ ਧਾਰ ਕੇ ਆਇਆ ਸੀ ਕਿ ਇਸ ਵਾਰ ਪਾਕਿਸਤਾਨ ਵਿਚਲੇ ਗੁਰੂਘਰਾਂ ਦੇ ਦਰਸ਼ਨ ਵੀ ਕਰਨੇ ਆ, ਲਾਹੌਰ ਵੀ ਦੇਖਣਾ ਅਤੇ ਆਪਣੇ ਬਜੁ਼ਰਗਾਂ ਦੀਆਂ ਉਨ੍ਹਾਂ ਨਿਸ਼ਾਨੀਆਂ ਨੂੰ ਵੀ ਲਾਹੌਰ ਵਿਚ ਗਹੁ ਨਾਲ ਨਿਹਾਰਨਾ ਏ, ਜਿਨ੍ਹਾਂ ਦਾ ਜਿੱਕਰ ਅਕਸਰ ਹੀ ਗੱਲ-ਕੱਥ ਵਿਚ ਕਰਿਆ ਕਰਦੇ ਸਨ। ਅੰਬਰਸਰ ਤੇ ਲਾਹੌਰ ਉਨ੍ਹਾਂ ਦੀ ਰੂਹ ਦੇ ਬਹੁਤ ਕਰੀਬ ਸਨ ਅਤੇ ਇਨ੍ਹਾਂ ਦੀ ਜਿ਼ਆਰਤ ਲਈ ਉਹ ਮੌਕੇ ਦੀ ਭਾਲ ਵਿਚ ਰਹਿੰਦੇ ਸਨ।
ਜੁਲਾਈ ਦਾ ਆਖਰੀ ਹਫ਼ਤਾ। ਅੰਮ੍ਰਿਤਸਰ ਨੂੰ ਲੰਘ ਕੇ ਵਾਹਗਾ ਬਾਰਡਰ ਨੂੰ ਜਾ ਰਹੀ ਕਾਰ। ਜਾਂਦਾ ਸੋਚ ਰਿਹਾ ਸਾਂ ਕਿ ਇਸ ਸੜਕ ਤੇ ਮੇਰੇ ਸਹੁਰਾ ਸਾਹਿਬ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਦਿਆਂ ਲਾਹੌਰ ਨੂੰ ਜਾਣ ਲਈ ਕਈ ਵਾਰ ਸਾਈਕਲ ਤੇ ਸਫ਼ਰ ਕੀਤਾ ਹੋਵੇਗਾ ਅਤੇ ਉਨ੍ਹਾਂ ਲਈ ਇਹ ਰਾਹ ਬਹੁਤ ਜਾਣੇ-ਪਛਾਣੇ ਸਨ। ਪਰ ਇਸ ਰਾਹ `ਤੇ ਤੁੱਰਨਾ ਉਨ੍ਹਾਂ ਨੂੰ ਕਦੇ ਵੀ ਨਸੀਬ ਨਾ ਹੋਇਆ ਜਿਸ ਦਿਨ ਤੋਂ ਵਾਹਗੇ ਦੀ ਲੀਕ ਨੇ ਘੁੱਗ ਵੱਸਦੇ ਪੰਜਾਬ ਨੂੰ ਦੋਫਾੜ ਕਰ ਦਿਤਾ। ਉਨ੍ਹਾਂ ਦੇ ਮਨ ਵਿਚ ਬਹੁਤ ਚਾਹਨਾ ਸੀ ਕਿ ਇਨ੍ਹਾਂ ਰੁੱਸੇ ਰਾਹਾਂ ਨੂੰ ਮਨਾ ਕੇ, ਫਿਰ ਪੁਰਾਣੇ ਰਾਹਾਂ, ਥਾਵਾਂ, ਗਰਾਵਾਂ, ਯਾਰਾਂ-ਬੇਲੀਆਂ ਅਤੇ ਸੰਗੀ-ਸਾਥੀਆਂ ਦੀ ਨੇੜਤਾ ਮਾਣੀ ਜਾਵੇ। ਪਰ ਕਦ ਮਿੱਟਦੀਆਂ ਨੇ ਇਹ ਲਕੀਰਾਂ? ਇਸ ਲਕੀਰ ਨੇ ਸਿਰਫ਼ ਦਰਦ ਹੀ ਦਿੱਤੇ ਅਤੇ ਦਰਦਾਂ `ਚੋਂ ਉਗੇ ਹੋਏ ਗੀਤ ਅੱਜ ਤੀਕ ਵੀ ਪੰਜਾਬ ਦੀ ਫਿਜ਼ਾ ਵਿਚ ਸੋਗ ਧਰ ਰਹੇ ਨੇ।
ਵਾਹਗਾ ਬਾਰਡਰ `ਤੇ ਪਹੁੰਚਦਾ ਹਾਂ। ਉਚੀਆਂ ਲੰਮੀਆਂ ਵਲਗਣਾਂ ਅਤੇ ਲੋਹੇ ਦੇ ਵੱਡੇ ਵੱਡੇ ਗੇਟ। ਵਿਚਕਾਰ ਢਾਈ ਕੁ ਗਜ਼ ਚੌੜੀ ਪੱਟੀ। ਇਹ ਪੱਟੀ ਹੀ ਜਾਣ ਵਾਲੇ ਰਾਹੀਆਂ ਦੇ ਮੁਬਾਰਕ ਕਦਮਾਂ ਨੂੰ ਚੁੰਮਦੀ ਹੈ। ਇਸਨੂੰ ਅਥਾਹ ਖੁਸ਼ੀ ਹੁੰਦੀ ਹੈ ਕਿ ਕੋਈ ਤਾਂ ਹੈ ਜਿਹੜਾ ਦੋਹੀਂ ਪਾਸੀਂ ਵੱਸਦੇ ਆਪਣੇ ਪਿਆਰਿਆਂ ਦੀ ਮਿਲਣ-ਤੜਪ ਨੂੰ ਘਟਾਉਣ ਲਈ ਚਾਅ ਨਾਲ ਭਰਿਆ ਮੇਰੀ ਛੋਹ ਮਾਣਦਾ ਹੈ। ਇਹ ਨਿੱਕੀ ਜਹੀ ਭੌਂਏਂ ਹੀ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਦਾ ਸੱਭ ਤੋਂ ਵੱਡਾ ਸਬੱਬ ਅਤੇ ਵਸੀਲਾ।
ਦੋਹਾਂ ਗੇਟਾਂ ਦੇ ਦਰਮਿਆਨ ਇਸ ਨਿੱਕੇ ਜਹੇ ਜ਼ਮੀਂ ਦੇ ਟੁੱਕੜੇ ਨੂੰ ਯਾਦ ਹੈ ਜਦ ਇਸਦੀ ਹਿੱਕੜੀ ਤੇ ਲੀਕ ਵਾਹੀ ਗਈ ਤਾਂ ਇਸਦਾ ਕਲੇਜਾ ਫੱਟ ਗਿਆ ਸੀ। ਇਸਨੇ ਆਪਣੇ ਪਿੰਡੇ ਤੇ ਲਾਸ਼ਾਂ ਦੇ ਕਾਫ਼ਲਿਆਂ ਨੂੰ ਲੰਘਦਿਆਂ ਤੱਕਿਆ, ਸਿਰਾਂ ਦੇ ਸਾਈਂ ਗਵਾ ਆਈਆਂ ਮਾਵਾਂ ਦੇ ਕੀਰਨੇ ਸੁਣੇ, ਆਪਣੀ ਇੱਜਤ ਬਚਾਉਣ ਲਈ ਖੂਹਾਂ `ਚ ਡੁੱਬ ਮੋਈਆਂ ਜਾਂ ਆਪਣਿਆਂ ਵਲੋਂ ਮਾਰ-ਮੁਕਾਈਆਂ ਧੀਆਂ ਦੀ ਮੂਕ ਵੇਦਨਾ ਸੁਣੀ, ਬਾਪ ਦੀਆਂ ਰੁੱਲਦੀ ਪੱਗ ਦੀਆਂ ਲੀਰਾਂ ਨੂੰ ਕਿੱਕਰ ਤੇ ਟੰਗੀਆਂ ਨੂੰ ਦੇਖਿਆ ਅਤੇ ਲਹੂ-ਰੱਤੀਆਂ ਕਿਰਪਾਨਾਂ, ਤ੍ਰਿਸ਼ੂਲਾਂ ਤੇ ਨੇਜਿਆਂ ਦੀ ਕਰੂਰਤਾ ਵੀ ਦੇਖੀ। ਅਜੇਹੇ ਮਾਰੂ ਵਕਤਾਂ ਵਿਚ ਕੁਝ ਕਰਮਯੋਗੀਆਂ ਨੂੰ ਅਛੋਪਲੇ ਜਹੇ ਦੇਖਿਆ ਜਿਹੜੇ ਮਰ ਗਈ ਮਨੁੱਖਤਾ ਦਾ ਮਰਸੀਆ ਹੋਠਾਂ ਤੇ ਟਿਕਾ, ਭਲਿਆਈ ਤੇ ਬੰਦਿਆਈ ਦਾ ਸ਼ਬਦਨਾਮਾ ਬਣੇ। ਇੱਜ਼ਤਾਂ ਦੇ ਰੱਖਵਾਲੇ ਬਣੇ। ਉਨ੍ਹਾਂ ਨੇ ਬੇਗਾਨੇ ਹੋ ਗਏ ਆਪਣਿਆਂ ਨੂੰ ਗੱਲ਼ ਨਾਲ ਲਾਇਆ, ਧਾੜਵੀਆਂ ਤੋਂ ਬਚਾਇਆ ਅਤੇ ਮਾਨਵਤਾ ਨੂੰ ਜਿਊਂਦਾ ਰੱਖਣ ਲਈ ਆਪਣੀ ਜਾਨ ਦੀ ਵੀ ਪ੍ਰਵਾਹ ਨਾ ਕੀਤੀ। ਉਨ੍ਹਾਂ ਨੂੰ ਪਤਾ ਸੀ ਕਿ ਸਾਡੀਆਂ ਸ਼ਰਮਸ਼ਾਰੀਆਂ ਕਾਰਨ ਸਾਡੀਆਂ ਨਸਲਾਂ ਨੇ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਾ। ਫਿਰ ਤਵਾਰੀਖ਼ ਨੇ ਕਦੇ ਵੀ ਸਾਡੇ ਹੱਕ ਵਿਚ ਹਉਕਾ ਨਹੀਂ ਭਰਨਾ।
ਜਮੀਂ ਦੇ ਇਸ ਨਿੱਕੇ ਜਹੇ ਟੋਟੇ ਦੇ ਚੇਤਿਆਂ ਵਿਚ ਤਾਜ਼ਾ ਹੈ ਕਿ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ ਪੜ੍ਹਦੇ ਵਿਦਿਆਰਥੀ ਅਕਸਰ ਹੀ ਕਈ ਵਾਰ ਖਾਣਾ ਖਾਣ ਲਾਹੌਰ ਆ ਜਾਂਦੇ। ਆਪਣੇ ਸਾਥੀਆਂ ਨਾਲ ਰਾਤ ਗੁਜ਼ਾਰ, ਸਵੇਰੇ ਕਾਲਜ਼ ਦੇ ਟਾਈਮ ਵਾਪਸ ਪਰਤ ਜਾਂਦੇ। ਬੀਤੇ ਦੀਆਂ ਇਹ ਸੁਖਨ ਯਾਦਾਂ ਥੋੜ੍ਹਚਿਰੀਆਂ ਹੀ ਹੁੰਦੀਆਂ, ਕਿਉਂਕਿ ਜਲਦੀ ਹੀ ਇਸਦੇ ਕੰਨਾਂ ਵਿਚ ਮਾਸੂਮਾਂ ਦੀਆਂ ਲੇਰਾਂ ਸੁਣਾਈ ਦਿੰਦੀਆਂ। ਆਪਣੇ ਕੰਨਾਂ ਤੇ ਹੱਥ ਰੱਖ, ਤੋਬਾ ਕਰਦੀ ਕਿ ਹਿੱਚਕੀਆਂ, ਲੇਰਾਂ ਅਤੇ ਹੁੱਬਕੀਆਂ ਨੂੰ ਕਿਆਸਣ ਤੋਂ ਬਗੈਰ ਹੀ ਉਸ ਸਮੇਂ ਦੇ ਹਾਕਮਾਂ ਨੇ ਇਸ ਲਕੀਰ ਨੂੰ ਵਾਹਣ ਦੀ ਇਹ ਹਿਕਾਮਤ ਕਿਉਂ ਕੀਤੀ? ਇਨ੍ਹਾਂ ਬੇਦੋਸਿ਼ਆਂ ਦੇ ਕਤਲਾਂ ਲਈ ਕੌਣ ਨੇ ਜਿ਼ੰਮੇਵਾਰ? ਕਿਹੜੀਆਂ ਕੁਤਾਹੀਆਂ ਤੇ ਕੁਚਾਲਾਂ ਨਾਲ ਸਿਰਫ਼ ਪੰਜਾਬ ਤੇ ਬੰਗਾਲ ਨੂੰ ਹੀ ਦੁਫਾੜ ਕਰਕੇ ਇਸਦੀ ਤਵਾਰੀਖ਼ ਤੇ ਤਾਸੀਰ ਨੂੰ ਲਹੂ-ਰੰਗੀ ਰੰਗਤ ਦਿਤੀ ਗਈ?
ਧਰਤੀ ਦੇ ਪਿੰਡੇ ਤੇ ਵਾਹੀ ਹੋਈ ਇਹ ਲੀਕ ਸੋੋਚਦੀ ਹੈ ਕਿ ਮੈਂ ਤਾਂ ਸਿਰਫ਼ ਬੰਦਿਆਂ ਵਲੋਂ ਬੰਦਿਆਂ ਨੂੰ ਰੋਕਣ ਨੂੰ ਲਈ ਹੀ ਵਾਹੀ ਗਈ ਹਾਂ। ਮੈਂ ਨਹੀਂ ਰੋਕ ਸਕਦੀ ਪੰਛੀਆਂ ਦੀ ਪ੍ਰਵਾਜ਼। ਬੱਦਲਾਂ ਦਾ ਆਵਾਗਵਣ, ਜੋ ਇਕ ਛਰਾਟਾ ਅੰਮ੍ਰਿਤਸਰ ਤੇ ਦੂਸਰਾ ਲਾਹੌਰ ਦੇ ਵਿਚ ਵਰਾਉਂਦੇ ਨੇ। ਕਦੇ ਨਹੀਂ ਰੋਕ ਸਕਦੀ ਪੌਣ ਜਿਹੜੀ ਆਪਣਿਆਂ ਦੇ ਸੁਨੇਹੇ ਆਪਣੇ ਪਿੰਡੇ `ਤੇ ਉਕਰਾ, ਇਧਰੋਂ ਉਧਰ ਜਾਂਦੀ ਅਤੇ ਪਿਆਰਿਆਂ ਦੇ ਬੋਲਾਂ ਦਾ ਹੁੰਗਾਰਾ ਲੈ ਕੇ ਵਾਪਸ ਪਰਤਦੀ। ਨਹੀਂ ਰੋਕ ਸਕਦੀ ਸੂਰਜ ਦਾ ਚੜ੍ਹਨਾ ਅਤੇ ਡੁੱਬਣਾ। ਵੱਧਦੇ ਤੇ ਘੱਟਦੇ ਪ੍ਰਛਾਂਵਿਆਂ ਨੂੰ। ਇਸਦੀ ਧੁੱਪ ਵਿਚ ਪਿਘਲਣ ਵਾਲੇ ਉਨ੍ਹਾਂ ਪਲਾਂ ਨੂੰ ਜਦ ਕੋਈ ਮੇਰੀ ਜੂਹ ਟੱਪ ਕੇ ਆਪਣਿਆਂ ਦੀ ਗਲਵਕੜੀ ਦਾ ਨਿੱਘ ਮਾਨਣ ਲਈ ਉਤਾਵਲਾ ਹੁੰਦਾ। ਬੰਦਾ ਨਹੀਂ ਰੋਕ ਸਕਦਾ ਸਤਲੁਜ, ਬਿਆਸ, ਰਾਵੀ, ਜਿਹਲਮ ਜਾਂ ਝਨਾਬ ਦੇ ਪਾਣੀਆਂ ਨੂੰ ਕਿਉਂਕਿ ਇਨ੍ਹਾਂ ਨੇ ਪੰਜਾਬ ਦੀ ਧਰਤ ਨੂੰ ਸਿੰਜਣਾ ਏ। ਇਨ੍ਹਾਂ ਲਈ ਪਾਕਿਸਤਾਨ ਜਾਂ ਭਾਰਤ ਦੀ ਜਮੀਂ ਦੇ ਕੋਈ ਅਰਥ ਨਹੀਂ। ਇਨ੍ਹਾਂ ਲਈ ਬੰਦੇ ਜੰਮਣ ਵਾਲੀ ਧਰਤੀ ਵਿਚੋਂ ਉਗਦੇ ਸੋਨੇ ਨਾਲ ਪੰਜਾਬੀਆਂ ਦੇ ਭੜੌਲੇ ਭਰਨ ਦੀ ਹੀ ਤਰਜ਼ੀਹ ਹੈ। ਬੰਦੇ ਦੀ ਇਹ ਕੇਹੀ ਫਿਤਰਤ ਕਿ ਜਦ ਉਹ ਕੁਦਰਤੀ ਕਿਰਿਆਵਾਂ ‘ਤੇ ਕੋਈ ਵੀ ਹੁਕਮ ਚਲਾਉਣ ਤੋਂ ਅਸਮਰਥ ਹੋ ਜਾਵੇ ਤਾਂ ਫਿਰ ਆਪਣਿਆਂ ਤੇ ਜਾਬਰੀ ਹੁਕਮਾਂ ਦੀ ਤਾਮੀਲ ਕਰਨ ਲਈ ਨਵੇਂ ਨਵੇਂ ਰਾਹ ਲੱਭਦਾ ਹੈ।
ਇਸ ਲਕੀਰ ਕਾਰਨ ਪਤਾ ਨਹੀਂ ਕਿੰਨੇ ਘਰ ਖੰਡਰ ਬਣੇ? ਕਿੰਨੇ ਪਰਿਵਾਰਾਂ ਨੂੰ ਤੋੜਿਆ ਅਤੇ ਤੜਫਾਇਆ? ਕਿੰਨੇ ਸੁਪਨਿਆਂ ਨੂੰ ਮੌਲਣ ਤੋਂ ਪਹਿਲਾਂ ਹੀ ਕਬਰਾਂ ਵਿਚ ਸੰਵਾ ਦਿਤਾ? ਕਿੰਝ ਤੜਫੇ ਹੋਣਗੇ ਘਰ ਜਦ ਘਰਾਂ ਵਾਲੇ ਭਰੇ-ਭਕੁੰਨੇ ਘਰਾਂ ਚੋਂ ਖਾਲੀ ਹੱਥ ਬਾਹਰ ਨਿਕਲੇ ਹੋਣਗੇ? ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਕਿੰਨਿਆਂ ਨੇ ਜਿਉਂਦੇ ਜੀਅ ਪਹੁੰਚਣਾ? ਕਿਹੜੀ ਥਾਂ ਉਨ੍ਹਾਂ ਲਈ ਠਾਹਰ ਬਣੇਗੀ? ਸ਼ਾਹੀ ਠਾਠ ਵਿਚ ਰਹਿੰਦੇ ਲੋਕ ਜਦ ਰੋਟੀ ਤੋਂ ਆਤੁਰ ਹੋਏ, ਬੇਗਾਨਿਆਂ ਹੱਥਾਂ ਵੱਲ ਝਾਕਦੇ ਹੋਣਗੇ ਤਾਂ ਸਮੇਂ ਨੂੰ ਤਾਂ ਨਮੋਸ਼ੀ ਜਰੂਰ ਆਉਂਦੀ ਹੋਵੇਗੀ। ਪਰ ਹਾਕਮਾਂ ਨੂੰ ਨਵੀਆਂ ਮਿਲੀਆਂ ਗੱਦੀਆਂ ਦਾ ਚਾਅ ਸੀ। ਉਨ੍ਹਾਂ ਨੇ ਆਪਣਿਆਂ ਦੀਆਂ ਲਾਸ਼ਾਂ ਤੇ ਉਸਰੇ ਤਖਤਾਂ ਦੀ ਸਲਾਮਤੀ ਨੂੰ ਆਪਣਾ ਅਕੀਦਾ ਬਣਾ ਲਿਆ ਸੀ।
ਇਸ ਲੀਕ ਦੀ ਧੁੱਧਲ਼ ਨੇ ਲੋਕਾਂ ਦੇ ਡੁੱਲੇ ਲਹੂ, ਦੀਦਿਆਂ ਵਿਚ ਵੱਗਦੀ ਅੱਥਰੂਆਂ ਦੀ ਨੈਂਅ ਅਤੇ ਮੂਕ ਹੋਈਆਂ ਵਿਲਕਣੀਆਂ ਨੂੰ ਅਜੇ ਤੀਕ ਵੀ ਆਪਣੀ ਹਿੱਕ ਵਿਚ ਸਾਂਭਿਆ ਹੋਇਆ। ਇਸਦੀ ਫਿਜ਼ਾ ਵਿਚ ਡੌਰ-ਭੌਰ ਹੋਏ ਦੀਦਿਆਂ ਵਿਚ ਮਾਤਮ ਦਾ ਸਾਇਆ ਹੈ ਜੋ ਆਪਣੇ ਸਾਹਾਂ ਦੀ ਖੈਰ ਮਨਾਉਂਦਿਆਂ, ਆਪਣੇ ਪਿਆਰਿਆਂ ਦਾ ਮਾਤਮ ਮਨਾਉਣ ਜੋਗੇ ਵੀ ਨਹੀਂ ਸਨ। ਅੱਧ-ਜਲੀਆਂ ਲਾਸ਼ਾਂ, ਕੁੱਤਿਆਂ ਕਾਵਾਂ ਦੀਆਂ ਨੋਚੀਆਂ ਲੋਥਾਂ ਅਤੇ ਬੇਦੋਸਿ਼ਆਂ ਦੇ ਸਰੀਰਾਂ ਦੀਆਂ ਬੋਟੀਆਂ ਵੀ ਇਸ ਮਿੱਟੀ ਵਿਚ ਜ਼ਰੂਰ ਹੋਣਗੀਆਂ। ਇਨ੍ਹਾਂ ਬੋਟੀਆਂ `ਚੋਂ ਸਿੰਮੇ ਹੋਏ ਲਹੂ ਨੇ ਪਤਾ ਨਹੀਂ ਕਿਹੜੇ ਰੰਗ ਵਿਚ ਲੀਕ ਦੀ ਤਾਸੀਰ ਨੂੰ ਤਾਮੀਰ ਕੀਤਾ ਹੋਊ।
ਬਹੁਤ ਕੁਝ ਮਨ ਵਿਚ ਆਉਂਦਾ ਏ ਇਸ ਨਿੱਕੀ ਜਹੀ ਲਕੀਰ ਨੂੰ ਪਾਰ ਕਰਨ ਵੇਲੇ। ਕਿਉਂ ਵੰਡ ਦਾ ਨਾਸੂਰ ਸਾਡੀ ਹੀ ਹਿੱਕ ‘ਤੇ ਉੁਗਿਆ? ਕਿਉਂ ਅੰਮ੍ਰਿਤਾ ਪ੍ਰੀਤਮ ਨੂੰ ਧਾਹਾਂ ਮਾਰ ਕੇ ਵਾਰਸ ਸ਼ਾਹ ਨੂੰ ਹਾਕ ਮਾਰਨੀ ਪਈ? ਕਿਉਂ ਸਾਡੀਆਂ, ਕਹਾਣੀਆਂ ਤੇ ਕਵਿਤਾਵਾਂ ਵਿਚ ਸੋਗ ਦਾ ਰੰਗ ਗੂੜਾ ਹੋਇਆ? ਕਿਉਂ ਸਾਡੇ ਹਰਫ਼ਾਂ ਤੇ ਬੋਲਾਂ ਵਿਚ ਦਰਦਾਂ ਦੀ ਫ਼ਸਲ ਉਗੀ? ਇਸ ਦਰਦਵੰਤੀ ਇਬਾਰਤ ਨੂੰ ਸਮਝਣ ਅਤੇ ਇਸਦੀ ਦਵਾ ਬਣਨ ਲਈ ਕਿਸੇ ਵੀ ਪੀਰ/ਔਲੀਏ, ਫਕੀਰ ਜਾਂ ਅਹਿਲਕਾਰ ਨੇ ਪਹਿਲ ਕਿਉਂ ਨਾ ਕੀਤੀ? ਕੀ ਲੀਡਰਾਂ ਲਈ ਲੋਕ ਸਿਰਫ਼ ਵੋਟਾਂ ਸਨ। ਉਨ੍ਹਾਂ ਦੀ ਭਾਵਨਾਤਮਿਕਤਾ ਨੂੰ ਵਰਗਲਾ ਕੇ, ਨਿੱਜੀ ਹਓਮੈਂ ਨੂੰ ਪੱਠੇ ਪਾਉਣੇ ਅਤੇ ਨਿੱਜੀ ਚਾਹਤਾਂ ਦੀ ਪੂਰਨਤਾ ਹੀ ਉਨ੍ਹਾਂ ਦਾ ਨਿਰੋਲ ਮਕਸਦ ਸੀ।
ਇਸ ਨਿੱਕੇ ਜਹੇ ਟੋਟੇ `ਤੇ ਖੜਾ ਸੋਚਦਾ ਹਾਂ ਕਿ ਇਕ ਪਾਸਾ ਮੇਰਾ ਕਹਿਲਾਉਂਦਾ ਹੈ, ਜਦ ਕਿ ਦੂਸਰਾ ਬੇਗਾਨਾ। ਪਰ ਮੇਰੇ ਲਈ ਦੋਹਾਂ ਵਿਚ ਕੋਈ ਅੰਤਰ ਨਹੀਂ। ਉਹ ਵੀ ਮੇਰੇ ਨੇ ਅਤੇ ਇਹ ਵੀ ਮੇਰੇ ਆਪਣੇ। ਦੋਹੀਂ ਪਾਸੀਂ ਧਰਤ ਇੱਕੋ ਜਿਹੀ ਤੇ ਲੋਕ ਇੱਕੇ ਜਿਹੇ। ਬੋਲੀ, ਰਹਿਤਲ ਅਤੇ ਵਰਤਾਰਾ ਵਿਚ ਤਾਂ ਕੋਈ ਫਰਕ ਨਹੀਂ।
ਸੋਚਣ ਲੱਗਾ ਕਿ ਇਸ ਢਾਈ ਗਜ਼ ਲੰਬੇ ਰਾਹ ਨੂੰ ਲੰਘ ਕੇ ਲਾਹੌਰ ਨੂੰ ਜਾਣ ਵਾਲੇ ਰਸਤੇ `ਤੇ ਪੈਰ ਰੱਖਣ ਲਈ ਮੈਂਨੂੰ ਸੱਤਰ ਸਾਲ ਲੱਗ ਗਏ। ਪਤਾ ਨਹੀਂ ਕਿੰਨੇ ਲੋਕ ਇਨ੍ਹਾਂ ਰਾਹਾਂ ’ਤੇ ਪੈਰ ਧਰਨ ਅਤੇ ਆਪਣਿਆਂ ਨੂੰ ਮਿਲਣ ਦੀ ਤੜਪ ਮਨ ਵਿਚ ਲੈ ਕੇ ਆਖ਼ਰੀ ਸਫ਼ਰ ’ਤੇ ਤੁੱਰ ਗਏ। ਕਿੰਨੇ ਹੋਰ ਅਜੇਹੇ ਹੋਣਗੇ ਜਿਹੜੇ ਲਾਹੌਰ ਸਮੇਤ ਬਹੁਤ ਸਾਰੀਆਂ ਅਕੀਦਤਯੋਗ ਅਸਥਾਨਾਂ ਤੇ ਨੱਤਮਸਤਕ ਹੋਣ ਲਈ ਤਾਂਘਦੇ, ਕੋਈ ਤਰਕੀਬ ਲੱਭਦੇ ਹੋਣਗੇ। ਸਮੇਂ ਦੀਆਂ ਸਰਕਾਰਾਂ ਦਾ ਕੇਹਾ ਵਰਤਾਰਾ ਕਿ ਆਪਣਿਆਂ ਨੂੰ ਆਪਣਿਆਂ ਨਾਲ ਮਿਲਣ ਤੋਂ ਵਰਜਿਆ ਜਾ ਰਿਹਾ। ਉਹ ਆਪਣਿਆਂ ਦੇ ਸ਼ਗਨਾਂ, ਵਿਆਹਾਂ ਅਤੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਤੋਂ ਵਿਰਵੇ, ਸਿਰਫ਼ ਨੈਣਾਂ ਵਿਚ ਅਧੂਰੇ ਸੁਪਨਿਆਂ ਦੀ ਕਬਰ ਹੀ ਬਣਾਉਣ ਜੋਗੇ ਰਹਿ ਜਾਣਗੇ।
ਇਸ ਲੀਕ ਨੂੰ ਟੱਪ ਕੇ ਦੂਸਰੇ ਪਾਸੇ ਪੈਰ ਧਰਨ ਲੱਗਾ ਅਰਦਾਸ ਕਰਦਾ ਹਾਂ ਕਿ ਯਾ ਖੁਦਾਇਆ! ਬੰਦਿਆਂ ਨੂੰ ਪੰਛੀਆਂ ਵਰਗੀ ਪ੍ਰਵਾਜ਼ ਦਾ ਵਰਦਾਨ ਦੇ ਤਾਂ ਕਿ ਉਹ ਜਦ ਵੀ ਮਨ ਕਰੇ ਜਾਂ ਉਸਦਾ ਪਿਆਰਾ ਹਾਕ ਮਾਰੇ ਤਾਂ ਉਹ ਹੁੰਗਾਰਾ ਭਰ ਸਕੇ। ਉਹ ਇਸ ਲਕੀਰ ਨੂੰ ਉਵੇਂ ਹੀ ਪਾਰ ਕਰ ਸਕੇ ਜੀਕੂੰ ਪਿੰਡ ਵਿਚ ਇਕ ਗਵਾਂਢੀ ਤੋਂ ਦੂਸਰੇ ਗਵਾਂਢੀ ਦੇ ਘਰ ਕਦੇ ਲੱਸੀ ਲੈਣ ਜਾਂ ਕਦੇ ਦਾਲ ਲੈਣ ਚਲੇ ਜਾਈਦਾ। ਜਾਂ ਕਦੇ ਕਦਾਈਂ ਆਪਣੇ ਮਿੱਤਰ ਨੂੰ ਮਿਲਣ ਗਏ ਉਸਦੀ ਅੰਮੀਂ ਦੇ ਚੌਂਕੇ ਵਿਚ ਬਹਿ ਕੇ ਰੋਟੀ ਖਾ ਕੇ ਘਰ ਨੂੰ ਪਰਤਦੇ ਹਾਂ। ਕੋਈ ਉਚੇਚ ਨਹੀਂ। ਮਾਵਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਵੇਲੇ-ਕੁਵੇਲੇ ਘਰ ਪਰਤਣ ਦਾ। ਕਦੇ ਕਦਾਈਂ ਤਾਂ ਆਪਣੇ ਮਿੱਤਰਾਂ ਨਾਲ ਖੂਹ ਤੇ ਰਾਤ ਕੱਟ ਕੇ ਘਰਾਂ ਨੂੰ ਪਰਤਦੇ ਸਾਂ ਕਿਉਂਕਿ ਮਾਵਾਂ ਜਾਣਦੀਆਂ ਨੇ ਕਿ ਉਨ੍ਹਾਂ ਦੇ ਲਾਡਲਿਆਂ ਨੂੰ ਹਾਣੀਆਂ ਦੀ ਸੰਗਤ ਮਾਨਣਾ ਚੰਗਾ ਲੱਗਦਾ ਹੈ।
ਇਨ੍ਹਾਂ ਸੋਚਾਂ ਵਿਚ ਗ੍ਰਸਿਆ ਮੈਂ ਲਾਹੌਰ ਨੂੰ ਜਾਂਦੇ ਰਾਹ ਤੇ ਤੁੱਰ ਪੈਦਾ ਹਾਂ। ਦਫਤਰ ਵਿਚ ਜਾਂਦਾ ਹਾਂ ਤਾਂ ਨੌਜ਼ਵਾਨ ਇੰਮੀਗਰੇਸ਼ਨ ਅਫਸਰ ਕਹਿੰਦਾ ਹੈ, “ਸਰਦਾਰ ਜੀ, ਜੀ ਆਇਆਂ ਸਾਡੇ ਦੇਸ਼ ਵਿਚ।” ਮਨ `ਚ ਆਉਂਦਾ ਹੈ ਕਿ ਕਹਾਂ ਕਿ ਇਹ ਤਾਂ ਮੇਰੇ ਪੁਰਖਿਆਂ ਦਾ ਦੇਸ਼ ਹੈ। ਜਦ ਪੁੱਛਦਾ ਹੈ ਕਿ ਕਿਵੇਂ ਆਉਣਾ ਹੋਇਆ? ਤਾਂ ਦੱਸਦਾ ਹਾਂ ਕਿ ਮੈਂ ਆਪਣੇ ਪੁਰਖਿ਼ਆਂ ਦੇ ਦੇਸ਼ ਆਇਆ ਹਾਂ ਅਤੇ ਉਨ੍ਹਾਂ ਥਾਵਾਂ-ਗਰਾਵਾਂ ਦੀ ਅਕੀਦਤ ਕਰਨੀ ਏ ਜਿਥੇ ਸਾਡੇ ਗੁਰੂਆਂ, ਪੀਰਾਂ ਤੇ ਫਕੀਰਾਂ ਨੇ ਆਪਣੀ ਛੋਹ ਨਾਲ ਇਨ੍ਹਾਂ ਨੂੰ ਤੀਰਥ ਅਸਥਾਨ ਦਾ ਰੁੱਤਬਾ ਦਿਤਾ। ਸਾਡੀਆਂ ਪੀੜ੍ਹੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜ ਕੇ ਇਕ ਅਜੇਹੀ ਰਹਿਤਲ, ਸਭਿਅਤਾ ਅਤੇ ਵਿਰਸੇ ਨੂੰ ਸਿਰਜਿਆ, ਜਿਨ੍ਹਾਂ ’ਤੇ ਅਸੀਂ ਸਾਰੇ ਨਾਜ਼ ਕਰਦੇ ਹਾਂ ਭਾਂਵੇਂ ਕਿ ਅਸੀਂ ਕਿਧਰੇ ਵੀ ਰਹੀਏ।
ਇੰਮੀਗਰੇਸ਼ਨ ਦਫਤਰ ਤੋਂ ਬਾਹਰ ਨਿਕਲਦੇ ਹਾਂ ਤਾਂ ਸਾਹਮਣੇ ਅਸ਼ਰਫ ਸੁਹੇਲ ਦਾ ਫ਼ਰਜੰਦ ਆਪਣੇ ਮਿੱਤਰ ਨਾਲ ਸਾਨੂੰ ਲੈਣ ਲਈ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਿਹਾ ਸੀ। ਉਸਦੇ ਹੱਥ ਵਿਚ ਮੇਰੀ ਪੁਸਤਕ ‘ਜਿ਼ੰਦਗੀ’ ਦਾ ਸਰਵਰਕ ਸੀ ਕਿਉਂਕਿ ਨਾ ਤਾਂ ਮੈਂ ਉਸਨੂੰ ਪਹਿਲਾਂ ਮਿਲਿਆ ਸੀ ਅਤੇ ਨਾ ਹੀ ਉਹ ਮੈਂਨੂੰ ਕਦੇ ਮਿਲਿਆ ਸੀ। ਭਾਵੇਂ ਕਿ ਅਸ਼ਰਫ਼ ਸੁਹੇਲ ਹੁਰਾਂ ਨਾਲ ਟੋਰਾਂਟੋ ਵਿਖੇ ਕੁਝ ਦਿਨਾਂ ਦੀ ਸੰਗਤ ਮਾਣੀ ਸੀ।
ਪਾਕਿਸਤਾਨ ਦੇ ਸਕਿਊਰਿਟੀ ਵਾਲਿਆਂ ਦਾ ਮੁਹੱਬਤੀ ਵਰਤਾਅ, ਮਨ ਦੇ ਖੂੰਜੀਂ ਇਕ ਚਾਅ ਪੈਦਾ ਕਰ ਗਿਆ ਕਿ ਜਦ ਕੋਈ ਆਪਣਾ, ਆਪਣਿਆਂ ਦੇ ਘਰੀਂ ਆਉਂਦਾ ਏ ਤਾਂ ਹਰੇਕ ਪੰਜਾਬੀ ਇਸ ਤਰ੍ਹਾਂ ਹੀ ਆਪਣਿਆਂ ਦੀ ਆਮਦ ਦਾ ਚਾਅ ਮਨਾਉਂਦਾ ਹੈ। ਵਾਹਗਾ ਬਾਰਡਰ ਤੋਂ ਨਿਕਲਦੇ ਸਾਰ ਹੀ ਉਹੋ ਜਿਹੇ ਖੇਤ, ਫਸਲਾਂ ਅਤੇ ਲੋਕ ਨਜ਼ਰ ਆਏ। ਕੋਈ ਵੀ ਫਰਕ ਨਹੀਂ ਸੀ। ਅੱਧੇ ਘੰਟੇ ਵਿਚ ਹੀ ਅਸੀਂ ਲਾਹੌਰ ਵਿਖੇ ਅਸ਼ਰਫ਼ ਸੁਹੇਲ ਹੋਰਾਂ ਦੇ ਘਰ ਪਹੁੰਚ ਗਏ, ਜੋ ਬੀਹੀ ਵਿਚ ਖੜਾ ਸਾਨੂੰ ਹੀ ਉਡੀਕ ਰਿਹਾ ਸੀ। ਉਸਦੇ ਅੱਖਾਂ ਵਿਚ ਉਤਰਿਆ ਚਾਅ ਅਤੇ ਚਿਹਰੇ ਦੀ ਮੁਸਕਰਾਹਟ, ਆਪਣਿਆਂ ਦੀ ਖੁਸ਼ਆਮਦੀਦ ਵਿਚ ਹੋਰ ਵੀ ਗੂੜੀ ਹੋ ਗਈ।