ਵਿਸ਼ਵ ਦੇ ਮਹਾਨ ਖਿਡਾਰੀ: ਅਠਾਈ ਓਲੰਪਿਕ ਮੈਡਲਾਂ ਦਾ ਜੇਤੂ ਮਾਈਕਲ ਫੈਲਪਸ

ਪ੍ਰਿੰ. ਸਰਵਣ ਸਿੰਘ
ਅਠਾਈ ਮੈਡਲ ਕਹਿ ਦੇਣੀ ਗੱਲ ਐ! ਉਹ ਵੀ ਓਲੰਪਿਕ ਖੇਡਾਂ ਦੇ। ਓਲੰਪਿਕ ਖੇਡਾਂ `ਚੋਂ ਤਾਂ ਇਕ ਮੈਡਲ ਜਿੱਤ ਲੈਣਾ ਵੀ ਮਾਣ ਨਹੀਂ ਹੁੰਦਾ। ਭਾਰਤ ਵਿਚ ਹੁਣ ਇਕੋ ਓਲੰਪਿਕ ਮੈਡਲ ਜਿੱਤਣ ਵਾਲੇ ਨੂੰ ਕਰੋੜਾਂ ਰੁਪਏ ਦੇ ਇਨਾਮ ਤੇ ਪਦਮ ਸਨਮਾਨ ਮਿਲਦੇ ਹਨ। ਅਮਰੀਕਾ ਦੇ ਇਸ ਤੂਫ਼ਾਨੀ ਤੈਰਾਕ ਮਾਈਕਲ ਫੈਲਪਸ ਨੇ ਚਾਰ ਓਲੰਪਿਕ ਖੇਡਾਂ `ਚੋਂ 23 ਸੋਨੇ, 3 ਚਾਂਦੀ, 2 ਕਾਂਸੀ, ਕੁਲ 28 ਤਗ਼ਮੇ ਜਿੱਤੇ ਹਨ!

ਉਹ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਵੱਧ ਮੈਡਲ ਜਿੱਤਣ ਵਾਲਾ ਓਲੰਪੀਅਨ ਹੈ। ਪਹਿਲਾਂ ਸੋਵੀਅਤ ਰੂਸ ਦੀ ਲਾਰੀਸਾ ਲਤੀਨੀਨਾ ਦਾ 18 ਮੈਡਲ ਜਿੱਤਣ ਦਾ ਰਿਕਾਰਡ ਸੀ। ਫੈਲਪਸ ਨੇ ਵਰਲਡ ਚੈਂਪੀਅਨਸਿ਼ਪਾਂ, ਓਲੰਪਿਕ ਖੇਡਾਂ ਤੇ ਪੈਨ ਅਮੈਰੀਕਨ ਖੇਡਾਂ `ਚੋਂ 83 ਮੈਡਲ ਜਿਤਦਿਆਂ 39 ਵਰਲਡ ਰਿਕਾਰਡ ਨਵਿਆਏ। ਬੀਜਿੰਗ ਦੀਆਂ ਓਲੰਪਿਕ ਖੇਡਾਂ-2008 `ਚੋਂ 8 ਗੋਲਡ ਮੈਡਲਾਂ ਨਾਲ 1 ਓਲੰਪਿਕ ਰਿਕਾਰਡ ਤੇ 7 ਵਰਲਡ ਰਿਕਾਰਡ ਨਵਿਆ ਕੇ ਦੁਨੀਆ ਦੰਗ ਕਰ ਦਿੱਤੀ ਸੀ ਮਾਂ ਦੇ ਪੁੱਤ ਨੇ। ਇਕੋ ਓਲੰਪਿਕਸ ਵਿਚੋਂ 8 ਗੋਲਡ ਮੈਡਲ ਤੇ 7 ਵਰਲਡ ਰਿਕਾਰਡ! ਬਰਤਾਨਵੀ ਇੰਡੀਆ ਅਤੇ ਆਜ਼ਾਦ ਭਾਰਤ ਨੇ 1896 ਤੋਂ ਸ਼ੁਰੂ ਹੋਈਆਂ ਓਲੰਪਿਕ ਖੇਡਾਂ `ਚੋਂ 2021 ਤਕ ਕੁਲ 10 ਗੋਲਡ ਮੈਡਲ ਜਿੱਤੇ ਹਨ। ਕਾਸ਼! ਫੈਲਪਸ ਕਿਤੇ ਭਾਰਤ ਵਿਚ ਜੰਮਿਆ ਹੁੰਦਾ। ਬੀਜਿੰਗ ਦੀਆਂ ਓਲੰਪਿਕ ਖੇਡਾਂ ਸਮੇਂ ਸ਼ਗੂਫ਼ੇ ਵੀ ਛੱਡੇ ਗਏ ਪਈ ਅਮਰੀਕਾ ਭਾਰਤ ਦੇ ਸਾਰੇ ਖਿਡਾਰੀ ਲੈ ਲਵੇ ਤੇ ਇਵਜ਼ ਵਿਚ ਭਾਰਤ ਨੂੰ ਇਕੋ ਮਾਈਕਲ ਫੈਲਪਸ ਦੇ ਦੇਵੇ। ਫਿਰ ਦੇਖੇ ਭਾਰਤ ਦੇ ਹੱਥ!
ਵਿਸ਼ਵ ਦੇ ਇਸ ਉਡਣੇ ਤੈਰਾਕ ਨੂੰ ‘ਫਲਾਈਂਗ ਫਿਸ਼’ ਕਿਹਾ ਜਾਂਦੈ। ਉਸ ਨੂੰ ‘ਪਾਣੀਆਂ ਦਾ ਚੈਂਪੀਅਨ’ ਤੇ ‘ਬਾਲਟੀਮੋਰ ਬੁਲੇਟ’ ਦੇ ਖਿ਼ਤਾਬ ਵੀ ਮਿਲੇ ਹਨ। ਉਹਦੀਆਂ ਤਾਰੀਆਂ ਭੂਚਾਲ ਲਿਆ ਦਿੰਦੀਆਂ ਸਨ ਤੈਰਨ ਤਲਾਵਾਂ `ਚ। ਅੱਗ ਲਾ ਦਿੰਦੀਆਂ ਸਨ ਪਾਣੀਆਂ ਨੂੰ। ਉਸ ਨੇ ਖੇਡਾਂ ਦੀ ਦੁਨੀਆ ਵਿਚ ਉਹ ਕੁਝ ਕਰ ਵਿਖਾਇਐ ਜਿਸ ਨੂੰ ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦੈ। ਹੈਰਾਨ ਹੋਈਦੈ ਕਿ ਅਜਿਹੇ ਅਫ਼ਲਾਤੂਨ ਵੀ ਇਸ ਧਰਤੀ ਉਤੇ ਵਿਚਰ ਰਹੇ ਹਨ! ਜਿੰਨਾ ਤੇਜ਼ ਉਹ ਤੈਰਦਾ ਸੀ ਆਮ ਬੰਦਾ ਤਾਂ ਤੁਰ ਕੇ ਵੀ ਉਹਦੇ ਨਾਲ ਨਹੀਂ ਸੀ ਰਲ ਸਕਦਾ। 100 ਮੀਟਰ ਦੀ ਤਾਰੀ ਉਸ ਨੇ 8 ਮਿੰਟ ਪ੍ਰਤੀ ਕਿਲੋਮੀਟਰ ਦੀ ਰਫਤਾਰ ਨਾਲ ਤੈਰੀ ਹੋਈ ਹੈ। ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਉਹਦੇ ਰਿਕਾਰਡਾਂ ਨਾਲ ਭਰੀ ਪਈ ਹੈ। ਉਸ ਨੂੰ ਖੇਡਾਂ ਦੇ ਸਭ ਤੋਂ ਵੱਡੇ ਟਾਈਟਲ ‘ਲੌਰੀਅਸ ਵਰਲਡ ਸਪੋਰਟਸ ਅਵਾਰਡ’ ਨਾਲ ਸਨਮਾਨਿਆ ਗਿਐ। ਉਹਦੇ ਬਾਰੇ ਲੇਖਕਾਂ ਨੇ ਲੱਖਾਂ ਲਫਜ਼ ਲਿਖੇ ਤੇ ਵੀਡੀਓਜ਼ ਬਣਾਉਣ ਵਾਲਿਆਂ ਨੇ ਸੈਂਕੜੇ ਫਿ਼ਲਮਾਂ ਬਣਾਈਆਂ। ਉਹਦੀ ਮਸ਼ਹੂਰੀ ਦਾ ਕੋਈ ਹੱਦ ਬੰਨਾ ਨਾ ਰਿਹਾ।
ਉਸ ਨੇ 11 ਅਗਸਤ 2008 ਨੂੰ ਬੀਜਿੰਗ ਵਿਚ 4+100 ਮੀਟਰ ਦੀ ਰੀਲੇਅ ਤਾਰੀ `ਚ ਆਪਣੇ ਹਿੱਸੇ ਦੀ ਤਾਰੀ 47.51 ਸੈਕੰਡ ਵਿਚ ਲਾਈ ਸੀ। 200 ਮੀਟਰ ਉਹ 1:42.96 ਸੈਕੰਡ `ਚ ਤੈਰਿਆ ਤੇ 400 ਮੀਟਰ 3:47.79 ਸੈਕੰਡ ਵਿਚ। 2000 ਤੋਂ 2016 ਤਕ ਪੰਜ ਵਾਰ ਉਸ ਨੇ ਓਲੰਪਿਕ ਖੇਡਾਂ ਵਿਚ ਭਾਗ ਲਿਆ। ਸੱਤ ਵਾਰ ਉਹ ਵਿਸ਼ਵ ਦਾ ਸਰਬੋਤਮ ਤੈਰਾਕ ਐਲਾਨਿਆ ਗਿਆ। 2001 ਤੋਂ 16 ਤਕ ਵਿਸ਼ਵ ਪੱਧਰ `ਤੇ 83 ਤਗ਼ਮੇ ਜਿੱਤ ਕੇ ਗਲ਼ੇ ਦੇ ਨਾਲ ਆਪਣੀਆਂ ਬਾਂਹਵਾਂ ਵੀ ਭਰ ਲਈਆਂ। ਸਾਰੇ ਮੈਡਲ ਪਹਿਨੀ ਉਹਦੀਆਂ ਤਸਵੀਰਾਂ ਅਜਾਇਬ ਘਰਾਂ ਦੀ ਸ਼ਾਨ ਬਣੀਆਂ। ਉਸ ਨੇ ਦੋ ਕਿਤਾਬਾਂ ਵੀ ਲਿਖੀਆਂ। ਇਕ ਦਾ ਨਾਂ ‘ਬਿਨੀਥ ਦੀ ਸਰਫੇਸ’ ਹੈ ਤੇ ਦੂਜੀ ਦਾ ‘ਨੋ ਲਿਮਟਸ: ਦਿ ਵਿੱਲ ਟੂ ਸਕਸੀਡ’। ਬੌਬ ਨੇ ਉਸ ਦੀ ਜੀਵਨੀ ਲਿਖੀ ਹੈ ‘ਮਾਈਕਲ ਫੈਲਪਸ, ਦੀ ਅਨਟੋਲਡ ਸਟੋਰੀ ਆਫ਼ ਏ ਚੈਂਪੀਅਨ’।
ਆਪਣੇ ਵਿਸ਼ਵ ਰਿਕਾਰਡਾਂ ਬਾਰੇ ਫੈਲਪਸ ਦਾ ਕਹਿਣਾ ਹੈ, ਮੇਰੇ ਸਿਰੇ ਦੇ ਰੱਖੇ ਰਿਕਾਰਡ ਅਟੁੱਟ ਨਹੀਂ ਜੋ ਕਦੇ ਨਾ ਟੁੱਟਣ। ਰਿਕਾਰਡ ਆਖ਼ਰ ਟੁੱਟਣ ਹੀ ਲਈ ਹੁੰਦੇ ਹਨ। ਜੇ ਉਸ ਨੇ ਪਹਿਲੇ ਤਾਰੂਆਂ ਦੇ ਰਿਕਾਰਡ ਤੋੜੇ ਨੇ ਤਾਂ ਕੋਈ ਵਜ੍ਹਾ ਨਹੀਂ ਕਿ ਉਸ ਦੇ ਰਿਕਾਰਡ ਕੋਈ ਹੋਰ ਨਾ ਤੋੜੇ। ਇਹ ਵੱਖਰੀ ਗੱਲ ਹੈ ਕਿ ਸਮਾਂ ਘੱਟ ਲੱਗੇ ਜਾਂ ਵੱਧ। ਬੰਦਾ ਆਏ ਦਿਨ ਤਕੜੇ ਤੋਂ ਤਕੜਾ ਹੋ ਰਿਹੈ। ਉਹ ਆਸ਼ਾਵਾਦੀ ਹੈ ਪਰ ਫੋਕੇ ਫੈਂਟਰ ਨਹੀਂ ਸੀ ਮਾਰਦਾ। ਨਾ ਜਿੱਤ ਦੇ ਅਫਰੇਵੇਂ ਵਿਚ ਹੈਂਕੜ ਵਿਖਾਉਂਦਾ ਸੀ। ਉਸ ਨੇ ਮਿਸ਼ੀਗਨ ਯੂਨੀਵਰਸਿਟੀ ਵਿਚ ਚਾਰ ਸਾਲ ਲਾਏ ਸਨ ਜਿਥੇ ਪੰਜਾਬੀ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਇੰਜਨੀਅਰਿੰਗ ਦੀ ਉਚੇਰੀ ਪੜ੍ਹਾਈ ਕੀਤੀ ਸੀ। ਫੈਲਪਸ ਉਥੇ ਸਪੋਰਟਸ ਮਾਰਕੀਟਿੰਗ ਐਂਡ ਮੈਨੇਜਮੈਂਟ ਦੇ ਕੋਰਸ ਦਾ ਵਿਦਿਆਰਥੀ ਸੀ ਜੋ ਤੈਰਨ ਦੀ ਕੋਚਿੰਗ ਵੀ ਲੈਂਦਾ ਰਿਹਾ। ਉਸ ਨੇ ਪੜ੍ਹਾਈ ਵੀ ਖੁੱਭ ਕੇ ਕੀਤੀ ਤੇ ਤੈਰਾਕੀ ਵੀ ਪੂਰੇ ਤਾਣ ਨਾਲ ਕੀਤੀ।
ਉਹਦਾ ਪਰਿਵਾਰਕ ਨਾਂ ਮਾਈਕਲ ਫਰੈੱਡ ਫੈਲਪਸ ਦੂਜਾ ਹੈ। ਉਸ ਦਾ ਜਨਮ 30 ਜੂਨ 1985 ਨੂੰ ਅਮਰੀਕਾ ਦੇ ਸ਼ਹਿਰ ਬਾਲਟੀਮੋਰ ਲਾਗੇ ਟਾਊਸਨ, ਮੈਰੀਲੈਂਡ ਵਿਚ ਹੋਇਆ। ਉਹ ਦੋ ਭੈਣਾਂ ਦਾ ਛੋਟਾ ਭਰਾ ਹੈ। ਉਨ੍ਹਾਂ ਦੀ ਮਾਂ ਮਿਡਲ ਸਕੂਲ ਦੀ ਪ੍ਰਿੰਸੀਪਲ ਸੀ। ਪਿਤਾ ਫੁੱਟਬਾਲ ਦਾ ਸ਼ੌਂਕੀ ਤੇ ਲਹਿਰੀ ਸੁਭਾਅ ਦਾ ਬੰਦਾ ਸੀ। ਫੈਲਪਸ 9 ਸਾਲਾਂ ਦਾ ਸੀ ਜਦੋਂ ਉਹਦਾ ਪਿਤਾ ਉਹਦੀ ਮਾਂ ਨੂੰ ਤਲਾਕ ਦੇ ਕੇ ਚਲਾ ਗਿਆ ਤੇ ਕਿਸੇ ਹੋਰ ਨਾਲ ਸ਼ਾਦੀ ਕਰ ਲਈ। ਬੱਚਿਆਂ ਦੀ ਪਾਲਣਾ ਪੋਸ਼ਣਾ ਤੇ ਪੜ੍ਹਾਈ ਮਾਂ ਨੇ ਕਰਾਈ। ਫੈਲਪਸ ਦੇ ਪੁਰਖਿਆਂ ਦਾ ਪਿਛੋਕੜ, ਇੰਗਲਿਸ਼, ਆਇਰਸ਼, ਸਕਾਟਿਸ਼, ਵੈਲਿਸ਼ ਤੇ ਜਰਮਨ ਦੀ ਅੰਸ਼-ਵੰਸ਼ ਦਾ ਹੈ। ਉਹਦੇ `ਚ ਦੋਗਲੀਆਂ ਨਸਲਾਂ ਦਾ ਲਹੂ ਤੈਰਦੈ!
ਫੈਲਪਸ ਨੂੰ ਨਿੱਕੇ ਹੁੰਦਿਆਂ ਹੀ ਅਟੈਨਸ਼ਨ ਡੈਫੀਸਿਟ ਡਿਸਆਰਡਰ ਦੀ ਬਿਮਾਰੀ ਸੀ। ਪਰ ਉਸ ਵਿਚ ਲੋਹੜੇ ਦੀ ਊਰਜਾ ਸੀ ਜੋ ਉਸ ਨੂੰ ਟਿਕਾਅ ਨਹੀਂ ਸੀ ਲੈਣ ਦਿੰਦੀ। ਉਹਦੇ ਮਾਪਿਆਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਕਿ ਇਹਨੂੰ ਤੈਰਨ ਲਾਓ। ਫੈਲਪਸ ਪਾਣੀ `ਚ ਸਿਰ ਡਬੋਣ ਤੋਂ ਡਰਦਾ ਸੀ। ਉਸ ਨੂੰ ਸੇਫਟੀ ਜੈਕਟ ਪੁਆ ਕੇ ਪਾਣੀ `ਚ ਉਤਾਰਿਆ ਤਾਂ ਉਸ ਨੇ ਪਹਿਲਾਂ ਪੁੱਠੀ ਤਾਰੀ ਲਾਈ, ਫਿਰ ਸਿੱਧੀ। ਉਦੋਂ ਉਹ 7 ਸਾਲਾਂ ਦਾ ਸੀ ਕਿ ਕੋਚ ਬੌਬ ਬਾਊਮੈਨ ਦੀਆਂ ਨਜ਼ਰਾਂ `ਚ ਆ ਗਿਆ ਜਿਸ ਨੇ ਉਸ ਨੂੰ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ। ਉਹ ਹਾਲੇ 15 ਸਾਲਾਂ ਦਾ ਹੋਇਆ ਸੀ ਕਿ ਸਿਡਨੀ ਦੀਆਂ ਓਲੰਪਿਕ ਖੇਡਾਂ-2000 ਲਈ ਅਮਰੀਕਾ ਦੀ ਰਿਲੇਅ ਟੀਮ ਵਿਚ ਚੁਣਿਆ ਗਿਆ। ਅਮਰੀਕਾ ਦੀ ਤੈਰਾਕੀ ਦੇ 70 ਸਾਲਾਂ ਵਿਚ ਇਹ ਪਹਿਲੀ ਵਾਰ ਸੀ ਕਿ ਏਨੀ ਛੋਟੀ ਉਮਰ ਦਾ ਤੈਰਾਕ ਅਮਰੀਕਾ ਦੀ ਟੀਮ ਵਿਚ ਚੁਣਿਆ ਗਿਆ। ਸਿਡਨੀ ਤੋਂ ਉਹ ਕੋਈ ਤਗ਼ਮਾ ਤਾਂ ਨਾ ਜਿੱਤ ਸਕਿਆ ਪਰ ਉਥੋਂ ਨਵਾਂ ਉਤਸ਼ਾਹ ਲੈ ਕੇ ਮੁੜਿਆ।
ਸਿਡਨੀ ਤੋਂ ਮੁੜ ਕੇ 15 ਸਾਲ 9 ਮਹੀਨੇ ਦੀ ਛੋਟੀ ਉਮਰ ਵਿਚ ਮਾਈਕਲ ਫੈਲਪਸ ਨੇ 200 ਮੀਟਰ ਬਟਰ ਫਲਾਈ ਤਾਰੀ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ! 2001 ਵਿਚ ਉਸ ਨੇ 400 ਮੀਟਰ ਫਰੀ ਸਟਾਈਲ ਤਾਰੀ ਦਾ ਵੀ ਨਵਾਂ ਵਰਲਡ ਰਿਕਾਰਡ ਬਣਾਇਆ। ਉਹਦੀਆਂ ਚਾਰ ਚੁਫੇਰੇ ਧੰੁਮਾਂ ਪੈਣੀਆਂ ਸ਼ੁਰੂ ਹੋ ਗਈਆਂ। ਇਹਦੇ ਨਾਲ ਉਹਦੀਆਂ ਕੌਮਾਂਤਰੀ ਜਿੱਤਾਂ ਦਾ ਦੌਰ ਸ਼ੁਰੂ ਹੋ ਗਿਆ। ਉਸ ਦਾ ਕੱਦ ਵੀ 6 ਫੁੱਟ 4 ਇੰਚ ਉੱਚਾ ਹੋ ਗਿਆ ਤੇ ਵਜ਼ਨ 88 ਕਿਲੋਗਰਾਮ। ਹੁਣ ਤਾਂ ਸੁੱਖ ਨਾਲ 90 ਕਿੱਲੋ ਹੈ। ਉਹਦੀਆਂ ਲੱਤਾਂ ਬਾਹਾਂ ਲੰਮੀਆਂ ਹਨ, ਲੱਕ ਪਤਲਾ, ਮੋਢੇ ਚੌੜੇ ਤੇ ਜੁੱਸਾ ਗੁੰਦਵਾਂ। ਧੌਣ ਲੰਮੀ, ਠੋਡੀ ਚੌੜੀ, ਸਿਰ ਦਾ ਆਕਾਰ ਛੋਟਾ ਜਿਸ ਕਰਕੇ ਧੌਣ ਵਰਗਾ ਹੀ ਲੱਗਦੈ। ਚਿਹਰਾ ਲੰਮੂਤਰਾ ਹੈ, ਅੱਖਾਂ ਨਸਵਾਰੀ ਤੇ ਸਿਹਲੀਆਂ ਸੰਘਣੀਆਂ। ਹੱਸਦਾ ਹੈ ਤਾਂ ਗੋਲ ਬੁੱਲ੍ਹਾਂ `ਚੋਂ ਚਿੱਟੇ ਦੰਦ ਚਮਕਦੇ ਹਨ। ਪਿੰਡੇ `ਤੇ ਵਾਲ ਨਾਮਾਤਰ, ਹੱਥ ਚੌੜੇ ਚਪਟੇ ਚੱਪੂਆਂ ਵਰਗੇ, ਕੰਨ ਵੱਡੇ ਤੇ ਸਿਰ ਦੇ ਵਾਲ ਛੋਟੇ ਹਨ। ਜੇ ਬਾਹਾਂ ਖਿਲਾਰ ਕੇ ਮਿਣਤੀ ਕਰਾਵੇ ਤਾਂ ਉਹਦੇ ਪੁਰ ਦੀ ਲੰਬਾਈ 2.01 ਮੀਟਰ ਬਣਦੀ ਹੈ।
ਉਸ ਨੇ 2003 ਵਿਚ ਟਾਊਸਨ ਦੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ। 2004 ਤੋਂ 8 ਤਕ ਉਹ ਐਨ ਆਰਬਰ ਰਿਹਾ। ਉਥੇ ਉਸ ਦੇ ਕੋਚ ਬੌਬ ਨੂੰ ਮਿਸ਼ੀਗਨ ਯੂਨੀਵਰਸਿਟੀ ਦੀ ਜੌਬ ਮਿਲ ਗਈ ਸੀ। ਚਾਰ ਸਾਲਾਂ ਬਾਅਦ ਬੌਬ ਬਾਲਟੀਮੋਰ ਮੁੜਿਆ ਤਾਂ ਉਹ ਵੀ ਨਾਲ ਈ ਮੁੜ ਪਿਆ। 2003 ਵਿਚ ਤੈਰਾਕੀ ਦੀ ਵਿਸ਼ਵ ਚੈਂਪੀਅਨਸਿ਼ਪ `ਚੋਂ ਉਸ ਨੇ 4 ਗੋਲਡ ਤੇ 2 ਸਿਲਵਰ ਮੈਡਲ ਜਿੱਤੇ। 2004 `ਚ ਏਥਨਜ਼ ਦੀਆਂ ਓਲੰਪਿਕ ਖੇਡਾਂ `ਚੋਂ ਉਸ ਨੇ 6 ਸੋਨੇ ਤੇ 2 ਤਾਂਬੇ ਦੇ ਤਗ਼ਮੇ ਜਿਤਦਿਆਂ 3 ਓਲੰਪਿਕ ਤੇ 2 ਵਰਲਡ ਰਿਕਾਰਡ ਨਵਿਆਏ। 2005 ਦੀ ਵਰਲਡ ਚੈਂਪੀਅਨਸਿ਼ਪ `ਚ ਉਸ ਨੇ 1 ਸਿਲਵਰ ਤੇ 5 ਗੋਲਡ ਮੈਡਲ ਜਿੱਤੇ। 2007 ਦੀ ਵਿਸ਼ਵ ਤੈਰਾਕੀ ਚੈਂਪੀਅਨਸਿ਼ਪ ਵਿਚ ਉਹ 7 ਸੋਨੇ ਦੇ ਤਗ਼ਮੇ ਜਿੱਤਣ ਨਾਲ 5 ਵਿਸ਼ਵ ਰਿਕਾਰਡ ਰੱਖ ਗਿਆ!
ਏਥਨਜ਼-2004 ਦੀਆਂ ਓਲੰਪਿਕ ਖੇਡਾਂ `ਚ ਫੈਲਪਸ 200 ਮੀਟਰ ਫਰੀ ਸਟਾਈਲ ਤਾਰੀ ਵਿਚ ਆਸਟ੍ਰੇਲੀਆ ਦੇ ਤੈਰਾਕ ਇਆਨ ਥੋਰਪੇ ਤੋਂ ਹਾਰ ਗਿਆ ਸੀ। ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਤੋਂ ਪਹਿਲਾਂ ਇਆਨ ਥੋਰਪੇ ਨੇ ਭਵਿੱਖਬਾਣੀ ਕੀਤੀ ਸੀ ਕਿ ਕੋਈ ਵੀ ਤੈਰਾਕ ਇਕੋ ਓਲੰਪਿਕਸ ਵਿਚੋਂ ਅਮਰੀਕਾ ਦੇ ਅਦਭੁਤ ਤੈਰਾਕ ਮਾਰਕ ਸਪਿਟਜ਼ ਦਾ 7 ਸੋਨ ਤਗਮੇ ਜਿੱਤਣ ਦਾ ਰਿਕਾਰਡ ਕਦੇ ਵੀ ਨਹੀਂ ਤੋੜ ਸਕੇਗਾ। ਪਰ ਮਾਈਕਲ ਫੈਲਪਸ ਨੇ ਬੀਜਿੰਗ ਤੋਂ 8 ਗੋਲਡ ਮੈਡਲ ਜਿੱਤ ਕੇ ਥੋਰਪੇ ਦੀ ਭਵਿੱਖਬਾਣੀ ਝੁਠਲਾ ਦਿੱਤੀ ਸੀ।
ਲੰਡਨ-2012 ਦੀਆਂ ਓਲੰਪਿਕ ਖੇਡਾਂ `ਚ ਮਾਈਕਲ ਫੈਲਪਸ ਤੇ ਉਸੈਨ ਬੋਲਟ ਦੀ ਚਰਚਾ ਸਭ ਤੋਂ ਵੱਧ ਸੀ। ਸੁਆਲ ਸੀ, ਕੀ ਉਹ ਬੀਜਿੰਗ ਦੀਆਂ ਜਿੱਤਾਂ ਨੂੰ ਦੁਹਰਾਅ ਸਕਣਗੇ? ਉਥੇ ਫੈਲਪਸ ਨੇ 4 ਸੋਨੇ ਤੇ 2 ਚਾਂਦੀ ਦੇ ਤਗ਼ਮੇ ਜਿੱਤੇ। ਲੰਡਨ ਦੀਆਂ ਓਲੰਪਿਕ ਖੇਡਾਂ `ਚ ਭਾਗ ਲੈ ਕੇ ਫੈਲਪਸ ਤੈਰਨ ਤੋਂ ਰਿਟਾਇਰ ਹੋ ਗਿਆ ਸੀ। ਬਾਅਦ ਵਿਚ ਖ਼ਬਰਾਂ ਆਈਆਂ, ਸੰਭਵ ਹੈ ਉਹ 2016 ਵਿਚ ਰੀਓ ਡੀ ਜਨੇਰੋ ਦੀਆਂ ਓਲੰਪਿਕ ਖੇਡਾਂ ਵਿਚ ਵੀ ਭਾਗ ਲੈ ਲਵੇ। ਉਹ ਮੁੜ ਸਰਗਰਮ ਹੋ ਗਿਆ। ਉਸ ਨੇ 31 ਸਾਲ ਦੀ ਉਮਰੇ ਸੱਚਮੁੱਚ ਰੀਓ ਦੀਆਂ ਓਲੰਪਿਕ ਖੇਡਾਂ `ਚ ਭਾਗ ਲਿਆ ਅਤੇ 5 ਸੋਨੇ ਤੇ 1 ਚਾਂਦੀ ਦਾ ਤਗ਼ਮਾ ਜਿੱਤ ਕੇ ਤੈਰਾਕੀ ਤੋਂ ਰਿਟਾਇਰ ਹੋਇਆ। ਉਸ ਨੂੰ ਬੇਅੰਤ ਇਨਾਮ ਸਨਮਾਨ ਮਿਲੇ ਹਨ। 2003, 4, 6, 7, 8, 9 ਤੇ 12 ਵਿਚ ਉਹ ਵਿਸ਼ਵ ਦੇ ਸਰਬੋਤਮ ਤੈਰਾਕ ਦਾ ਅਵਾਰਡ ਲੈ ਚੁੱਕੈ। ਮੈਰੀਲੈਂਡ ਦੀ ਅਸੰਬਲੀ ਨੇ ਉਹਦਾ ਉਚੇਚਾ ਮਾਣ ਸਨਮਾਨ ਕੀਤਾ। ਉਹਦੇ ਮਾਨਾਂ ਸਨਮਾਨਾਂ ਦੀ ਗਿਣਤੀ ਦਰਜਨਾਂ ਵਿਚ ਹੈ। ਉਹ ਅਮਰੀਕਾ ਹੀ ਨਹੀਂ ਵਿਸ਼ਵ ਦਾ ਵਿਸ਼ੇਸ਼ ਵਿਅਕਤੀ ਹੈ।
ਕਈਆਂ ਨੇ ਸ਼ੱਕ ਪ੍ਰਗਟ ਕੀਤਾ ਸੀ ਕਿ ਫੈਲਪਸ ਕਿਤੇ ਡੋਪਿੰਗ ਨਾ ਕਰਦਾ ਹੋਵੇ। ਵਾਡਾ ਵੱਲੋਂ ਉਸ ਦਾ 9 ਵਾਰ ਡੋਪ ਟੈੱਸਟ ਹੋਇਆ। ਉਹ ਹਰ ਵਾਰ ਖਰਾ ਖਿਡਾਰੀ ਨਿਕਲਿਆ। ਲਾਜ਼ਮੀ ਡੋਪ ਟੈੱਸਟਾਂ ਤੋਂ ਬਿਨਾਂ ਉਹ ਵਾਧੂ ਟੈੱਸਟਾਂ ਲਈ ਵੀ ਆਪਣੇ ਆਪ ਨੂੰ ਪੇਸ਼ ਕਰਦਾ ਰਿਹਾ। ਇਹ ਵੱਖਰੀ ਗੱਲ ਹੈ ਕਿ 19 ਸਾਲ ਦੀ ਉਮਰੇ ਉਹ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਸੀ। ਏਥਨਜ਼ ਦੀਆਂ ਓਲੰਪਿਕ ਖੇਡਾਂ `ਚੋਂ 8 ਮੈਡਲ ਜਿੱਤ ਕੇ ਮੁੜਿਆ ਤਾਂ ਸ਼ਰਾਬ ਦੇ ਸਰੂਰ ਵਿਚ ਆਪਣੇ ਸ਼ਹਿਰ ਨੇੜੇ ਸੈਲਿਸਬਰੀ ਦੇ ਇਕ ‘ਸਟਾਪ’ ਸਾਈਨ `ਤੇ ਨਾ ਰੁਕਿਆ। ਸਿੱਧਾ ਲੰਘ ਜਾਣ `ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੁਰਮਾਨਾ ਹੋਇਆ ਤੇ 18 ਮਹੀਨੇ ਦੀ ਪੋ੍ਰਬੇਸ਼ਨ ਲੱਗੀ। ਉਸ ਨੂੰ ਸਕੂਲ ਦੇ ਬੱਚਿਆਂ ਸਾਹਮਣੇ, ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਔਗੁਣਾਂ ਬਾਰੇ ਭਾਸ਼ਨ ਦੇਣ ਦੀ ਸਜ਼ਾ ਭੁਗਤਣੀ ਪਈ। ਉਸ ਨੇ ਮੰਨਿਆ ਕਿ ਅੱਗੋਂ ਉਹ ਅਜਿਹੀ ਗ਼ਲਤੀ ਨਹੀਂ ਕਰੇਗਾ।
ਉਸ ਦੇ ਕੋਚ ਦਾ ਕਹਿਣਾ ਹੈ ਕਿ ਫੈਲਪਸ ਬੜਾ ਮਿਹਨਤੀ ਤੇ ਇਰਾਦੇ ਦਾ ਪੱਕਾ ਸੀ। ਉਹ ਕੋਚਿੰਗ ਦੇ ਸਬਕ ਸਮਝਦਾ ਸੀ ਅਤੇ ਦਿਲ ਜਾਨ ਨਾਲ ਅਭਿਆਸ ਕਰਦਾ ਸੀ। ਫੈਲਪਸ ਦਿਲ ਦਾ ਦਿਆਲੂ ਹੈ। ਉਸ ਨੇ ਆਪਣੇ ਸਪਾਂਸਰ ‘ਸਪੀਡ’ ਤੋਂ ਮਿਲੇ ਦਸ ਲੱਖ ਡਾਲਰਾਂ ਦੇ ਵਜ਼ੀਫ਼ੇ ਨਾਲ ਆਪਣੇ ਸ਼ਹਿਰ ਵਿਚ ਮਾਈਕਲ ਫੈਲਪਸ ਫਾਊਂਡੇਸ਼ਨ ਬਣਾਈ ਜੋ ਬੱਚਿਆਂ ਨੂੰ ਸਿਹਤ ਨਰੋਈ ਰੱਖਣ, ਤੈਰਾਕੀ ਦੀ ਕੋਚਿੰਗ ਦੇਣ ਤੇ ਵਧੀਆ ਇਨਸਾਨ ਬਣਨ ਦੀ ਲਗਨ ਲਾਉਣ ਲਈ ਹੈ। ਉਹਦੇ ਸ਼ਹਿਰ ਵਾਸੀਆਂ ਨੇ ਇਕ ਸੜਕ ਦਾ ਨਾਂ ‘ਮਾਈਕਲ ਫੈਲਪਸ ਵੇਅ’ ਰੱਖ ਦਿੱਤਾ ਹੈ। ਉਹ ਜੀਂਦੇ ਜੀਅ ਮਿੱਥ ਬਣ ਗਿਆ ਹੈ। ਉਸ ਦਾ ਵਿਆਹ ਕਲੋਰਾਡੋ ਦੀ ਜੰਮਪਲ ਮਿਸ ਅਮਰੀਕਾ, ਨਿਕੁਲ ਜੌਨ੍ਹਸਨ ਨਾਲ 2016 ਵਿਚ ਹੋਇਆ। ਨਿਕੁਲ ਦਾ ਰੰਗ ਗੋਰਾ ਹੈ, ਅੱਖਾਂ ਨਸਵਾਰੀ ਤੇ ਵਾਲ ਭੂਰੇ ਹਨ। ਉਨ੍ਹਾਂ ਦੇ ਤਿੰਨ ਪੁੱਤਰ ਵਿਹੜੇ ਦੇ ਭਾਗ ਹਨ। ਫੈਲਪਸ ਨੇ ਆਪਣੇ ਖੇਡ ਕੈਰੀਅਰ ਵਿਚ 39 ਵਿਸ਼ਵ ਰਿਕਾਰਡ ਬਣਾਏ ਜਿਨ੍ਹਾਂ ਵਿਚ 29 ਵਿਅਕਤੀਗਤ ਤੇ 10 ਰਿਲੇਅ ਟੀਮਾਂ ਦੇ ਹਨ। ਉਸ ਤੋਂ ਪਹਿਲਾਂ ਅਮਰੀਕਾ ਦੇ ਹੀ ਮਾਰਕ ਸਪਿਟਜ਼ ਨੇ 33 ਵਿਸ਼ਵ ਰਿਕਾਰਡ ਰੱਖੇ ਸਨ ਜਿਨ੍ਹਾਂ ਵਿਚ 26 ਵਿਅਕਤੀਗਤ ਤੇ 7 ਰਿਲੇਅ ਟੀਮਾਂ ਦੇ ਸਨ। 37 ਸਾਲਾਂ ਦੇ ਘੁੱਗ ਵਸਦੇ ਉਡਣੇ ਤੈਰਾਕ ਮਾਈਕਲ ਫੈਲਪਸ ਦਾ ਕਹਿਣਾ ਹੈ ਕਿ ਹੁਣ ਉਹਦਾ ਪੂਲ ਦੇ ਪਾਣੀਆਂ ਤੋਂ ਜੀਅ ਭਰ ਗਿਆ ਹੈ ਤੇ ਉਹ ਸਾਗਰਾਂ `ਚ ਤੈਰਨ ਦੇ ਸੁਫ਼ਨੇ ਲੈ ਰਿਹੈ! ਵੇਖਦੇ ਹਾਂ ਖੁੱਲ੍ਹੇ ਸਾਗਰਾਂ ਨੂੰ ਉਹ ਕਦੋਂ ਰੰਗ ਭਾਗ ਲਾਉਂਦੈ?