ਸਿਆਸਤ ਅਤੇ ਸਿਆਸਤਦਾਨ

ਪੰਜਾਬ ਦੀ ਸਿਆਸਤ ਦਾ ਪਿੜ ਇਸ ਵਕਤ ਭਖਿਆ ਹੋਇਆ ਹੈ। ਤਕਰੀਬਨ ਸਾਰੀਆਂ ਸਿਆਸੀ ਧਿਰਾਂ ਆਪੋ-ਆਪਣੀ ਗੁਆਚੀ ਜ਼ਮੀਨ ਹਾਸਲ ਕਰਨ ਲਈ ਤਰਲੋ-ਮੱਛੀ ਹੋ ਰਹੀਆਂ ਹਨ। ਪੰਜਾਬ ਦੀ ਸਿਆਸਤ ਵਿਚ ਇਸ ਤੱਥ ਦੇ ਅਰਥ ਬਹੁਤ ਡੂੰਘੇ ਅਤੇ ਵਡੇਰੇ ਹਨ। ਇਸ ਦਾ ਸਪੱਸ਼ਟ ਜਿਹਾ ਮਤਲਬ ਇਹ ਹੈ ਕਿ ਪੰਜਾਬ ਦੇ ਲੋਕ ਇਕ ਵਾਰ ਤਾਂ ਸਾਰੀਆਂ ਰਵਾਇਤੀ ਧਿਰਾਂ ਨੂੰ ਰੱਦ ਕਰ ਚੁੱਕੇ ਹਨ।

ਕਾਂਗਰਸ ਪਾਰਟੀ ਦਾ ਜੋ ਹਸ਼ਰ ਪੰਜਾਬ ਵਿਚ ਹੋਇਆ ਹੈ ਅਤੇ ਅਗਾਂਹ ਹੋ ਰਿਹਾ ਹੈ, ਉਸ ਬਾਰੇ ਨਾ ਪਾਰਟੀ ਆਗੂਆਂ ਅਤੇ ਨਾ ਹੀ ਕਿਸੇ ਸਿਆਸੀ ਵਿਸ਼ਲੇਸ਼ਕ ਨੇ ਇਸ ਬਾਰੇ ਪੇਸ਼ੀਨਗੋਈ ਕੀਤੀ ਸੀ। 2017 ਵਿਚ ਜਦੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਦੇ ਦਸ ਸਾਲ ਦੇ ਸ਼ਾਸਨ ਨੂੰ ਪਾਸੇ ਕਰਕੇ ਸੱਤਾ ਵਿਚ ਆਈ ਸੀ ਤਾਂ ਕੌਮੀ ਪੱਧਰ ‘ਤੇ ਵੀ ਇਸ ਦੀ ਵਾਹਵਾ ਪੈਂਠ ਸੀ। ਕਾਰਨ ਇਹੀ ਸੀ ਕਿ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਬਹੁਤ ਸਾਰੇ ਰਾਜਾਂ ਵਿਚ ਸੱਤਾ ਵਿਚ ਸੀ ਅਤੇ ਪੰਜਾਬ ਅਜਿਹਾ ਰਾਜ ਬਣ ਗਿਆ ਸੀ ਜਿੱਥੇ ਕਾਂਗਰਸ ਨੇ ਆਪਣੀ ਭਰਵੀਂ ਹਾਜ਼ਰੀ ਲੁਆਈ ਸੀ ਪਰ 2022 ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਪੁੱਜਦਿਆਂ ਪਾਰਟੀ ਦਾ ਜੋ ਹਸ਼ਰ ਹੋੋਇਆ, ਇਹ ਉਸੇ ਦਾ ਨਤੀਜਾ ਹੈ ਕਿ ਅੱਜ ਪਾਰਟੀ ਦੇ ਅੰਦਰ ਤੇ ਬਾਹਰ, ਦੋਹੀਂ ਥਾਈਂ ਬੇਯਕੀਨੀ ਭਾਰੂ ਹੈ। ਭਾਰਤੀ ਜਨਤਾ ਪਾਰਟੀ ਜਿਸ ਨੂੰ ਹੁਣ ਦੂਜੀਆਂ ਪਾਰਟੀਆਂ ਦੇ ਆਗੂਆਂ ਤੇ ਕਾਰਕੁਨਾਂ ਨੂੰ ਆਪਣੇ ਅੰਦਰ ਸਮੋਣ ਵਿਚ ਕੋਈ ਝਿਜਕ ਨਹੀਂ, ਐਨ ਘਾਤ ਲਾ ਕੇ ਬੈਠੀ ਹੈ। ਹਕੀਕਤ ਇਹ ਵੀ ਹੈ ਕਿ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਭਾਰਤੀ ਜਨਤਾ ਪਾਰਟੀ ਦੇ ਪੈਰ ਉਸ ਤਰ੍ਹਾਂ ਨਹੀਂ ਲੱਗ ਸਕੇ ਕਿ ਇਹ ਰਾਜ ਅੰਦਰ ਮੋਹਰੀ ਭੂਮਿਕਾ ਨਿਭਾਅ ਸਕੇ। ਕੇਂਦਰੀ ਸੱਤਾ ਹੱਥ ਵਿਚ ਹੋਣ ਕਾਰਨ ਇਹ ਰਾਜ ਵਿਚ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਪ੍ਰਭਾਵ ਜਮਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।
ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅੰਦਰੂਨੀ ਅਤੇ ਬਹਿਰੂਨੀ, ਦੋਵੇਂ ਸੰਕਟਾਂ ਨਾਲ ਜੂਝਣਾ ਪੈ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਸਫਾਂ ਅੰਦਰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਭਾਵੇਂ ਦਿੱਲੀ ਵਾਲੇ ਸਰਨਾ ਭਰਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਵਾਪਸ ਆ ਗਏ ਹਨ ਪਰ ਇਸ ਵਾਪਸੀ ਦਾ ਪੰਜਾਬ ਦੀ ਸਿਆਸਤ ਉਤੇ ਕਿੰਨਾ ਕੁ ਅਸਰ ਪਵੇਗਾ, ਇਸ ਬਾਰੇ ਬਹੁਤੇ ਪੱਕ ਨਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਰਨਾ ਭਰਾਵਾਂ ਦਾ ਅਕਾਲੀ ਦਲ ਨਾਲ ਇਹ ਰਲੇਵਾਂ ਦਿੱਲੀ ਦੀ ਸਿੱਖ ਸਿਆਸਤ ਅੰਦਰ ਹੋਈ ਨਵੀਂ ਸਫਬੰਦੀ ਕਾਰਨ ਹੀ ਸੰਭਵ ਹੋ ਸਕਿਆ ਹੈ। ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀ ਸਿੱਖ ਸਿਆਸਤ ਨੂੰ ਟੇਢੇ ਢੰਗ ਨਾਲ ਆਪਣੇ ਹੱਥ ਕਰਨ ਦੀ ਵਿਉਂਤ ਬਣਾਈ ਹੋਈ ਹੈ, ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਉਥੇ ਆਪਣੀ ਹੋਂਦ ਦਰਜ ਕਰਵਾਉਣ ਲਈ ਹੱਥ-ਪੈਰ ਮਾਰ ਰਿਹਾ ਪ੍ਰਤੀਤ ਹੁੰਦਾ ਹੈ। ਜ਼ਾਹਿਰ ਹੈ ਕਿ ਪੰਜਾਬ ਅਤੇ ਦਿੱਲੀ ਦੀ ਸਿੱਖ ਸਿਆਸਤ ਅੰਦਰ ਅਕਾਲੀ ਦਲ ਬਹੁਤ ਪਛੜ ਰਿਹਾ ਹੈ। ਅਕਾਲੀ ਦਲ ਨੇ ਢਾਈ ਦਹਾਕੇ ਵੋਟਾਂ ਦੀ ਗਿਣਤੀ-ਮਿਣਤੀ ਦੇ ਹਿਸਾਬ ਨਾਲ ਜਿਸ ਭਾਰਤੀ ਜਨਤਾ ਪਾਰਟੀ ਨਾਲ ਚੋਣ ਗੱਠਜੋੜ ਕੀਤਾ ਸੀ, ਉਸ ਨੇ ਅਕਾਲੀ ਦਲ ਨੂੰ ਸੱਤਾ ਦੇ ਦਰਵਾਜ਼ੇ ਤੱਕ ਤਾਂ ਜ਼ਰੂਰ ਪਹੁੰਚਾਇਆ ਪਰ ਹੁਣ ਭਾਰਤੀ ਜਨਤਾ ਪਾਰਟੀ ਦੀ ਮਾਰੂ ਸਿਆਸਤ ਨੇ ਇਸ ਦੇ ਪੈਰ ਚੁੱਕ ਦਿੱਤੇ ਹਨ। ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਬਾਦਲਾਂ ਨੂੰ ਪੁੱਛੇ ਬਗੈਰ ਪਦਮ ਖਿਤਾਬ ਨਾਲ ਨਿਵਾਜ਼ ਕੇ ਇਹ ਤਾਂ ਸਪਸ਼ਟ ਕਰ ਦਿੱਤਾ ਸੀ ਕਿ ਭਾਰਤੀ ਜਨਤਾ ਪਾਰਟੀ ਆਪਣੀ ਅਗਲੀ ਸਿਆਸਤ ਲਈ ਪਰ ਤੋਲ ਰਹੀ ਹੈ; ਉਂਝ, ਅਕਾਲੀ ਆਗੂਆਂ ਦੇ ਇਹ ਚਿਤ-ਚੇਤੇ ਵੀ ਨਹੀਂ ਸੀ ਕਿ ਇਸ ਪਾਰਟੀ ਨੇ ਉਸੇ ਦੀ ਬਲੀ ਲੈਣ ਦਾ ਯਤਨ ਕਰ ਲੈਣਾ ਹੈ।
ਪੰਜਾਬ ਵਿਚ ਇਸ ਵਕਤ ਸੱਤਾਧਾਰੀ ਧਿਰ, ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਹਾਂ ਰਵਾਇਤੀ ਪਾਰਟੀਆਂ ਦੇ ਬਦਲ ਵਜੋਂ ਪੰਜਾਬ ਵਿਚ ਆਪਣੀ ਹਾਜ਼ਰੀ ਲੁਆਈ ਅਤੇ ਸਰਕਾਰ ਬਣਾਈ ਪਰ ਸਰਕਾਰ ਦਾ ਹੁਣ ਤੱਕ ਦਾ ਰਿਕਾਰਡ ਦਰਸਾ ਰਿਹਾ ਹੈ ਕਿ ਇਹ ਇਨ੍ਹਾਂ ਪਾਰਟੀਆਂ ਦਾ ਬਦਲ ਬਣਨ ਤੋਂ ਉੱਕਾ ਹੀ ਉੱਕ ਗਈ ਹੈ। ਇਸੇ ਕਰ ਕੇ ਇਸ ਸਿਆਸੀ ਖਲਾਅ ਵਿਚੋਂ ਹੀ ਇਕ ਵਾਰ ਫਿਰ ਤੱਤੇ ਸਿਆਸਤਦਾਨਾਂ ਦੀ ਦਾਲ ਗਲਣ ਲੱਗ ਪਈ ਹੈ। ਇਨ੍ਹਾਂ ਸਿਆਸਤਦਾਨਾਂ ਦਾ ਕੇਂਦਰੀ ਸੱਤਾ ਉਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨਾਲ ਕਿੰਨਾ ਕੁ ਰਾਬਤਾ ਹੈ, ਇਹ ਤਾਂ ਐਵੇਂ ਸਿਆਸੀ ਕਿਆਸਆਰਾਈਆਂ ਹੀ ਹਨ ਪਰ ਇਸ ਪ੍ਰਸੰਗ ਵਿਚ ਇਹ ਗੱਲ ਹਕੀਕਤ ਹੈ ਕਿ ਤੱਤੇ ਸਿਆਸਤਦਾਨਾਂ ਦੀ ਸਿਆਸਤ ਭਾਰਤੀ ਜਨਤਾ ਪਾਰਟੀ ਦੇ ਐਨ ਮੇਚ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਦਿੱਤਾ ਅਤੇ ਇਸੇ ਪ੍ਰਸੰਗ ਵਿਚ ਹੁਣ ਇਹ ਕਾਂਗਰਸ ਦੀ ਥਾਂ ਆਮ ਆਦਮੀ ਪਾਰਟੀ ਨੂੰ ਧਿਰ ਮੰਨ ਕੇ ਚੱਲ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿਚ ਤੱਤੇ ਸਿਆਸਤਦਾਨਾਂ ਨੂੰ ਧਿਰ ਵਜੋਂ ਉਭਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਹੁਣ ਸਪੱਸ਼ਟ ਹੀ ਹੋ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਕਈ ਮਾਮਲਿਆਂ ਵਿਚ ਬਹੁਤ ਕਮਜ਼ੋਰ ਸਰਕਾਰ ਸਾਬਤ ਹੋਈ ਹੈ। ਇਸ ਸੂਰਤ ਵਿਚ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਰੋਲ ਆਮ ਨਾਲੋਂ ਕੁਝ ਵਧੇਰੇ ਹੋ ਜਾਂਦਾ ਹੈ। ਪੰਜਾਬ ਦੇ ਰਾਜਪਾਲ ਦੀ ਸਰਗਰਮੀ ਅਤੇ ਪੰਜਾਬ ਸਰਕਾਰ ਨਾਲ ਵਾਰ-ਵਾਰ ਪੇਚਾ ਪਾਉਣ ਦੀ ਕਵਾਇਦ ਨੂੰ ਵੀ ਇਸੇ ਪ੍ਰਸੰਗ ਨਾਲ ਜੋੜ ਕੇ ਵਿਚਾਰਿਆ ਜਾਣਾ ਚਾਹੀਦਾ ਹੈ। ਉਂਝ ਵੀ ਇਸ ਵਕਤ ਭਾਰਤੀ ਜਨਤਾ ਪਾਰਟੀ ਦਾ ਮੁੱਖ ਏਜੰਡਾ 2024 ਵਾਲੀਆਂ ਲੋਕ ਸਭਾ ਚੋਣਾਂ ਹਨ। ਇਸ ਨੇ ਆਪਣੀ ਸਾਰੀ ਮਸ਼ੀਨਰੀ ਇਨ੍ਹਾਂ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਸਰਗਰਮ ਕੀਤੀ ਹੋਈ ਹੈ। ਇਸ ਸੂਰਤ ਵਿਚ ਪੰਜਾਬ ਦਾ ਵਿਸ਼ੇਸ਼ ਪ੍ਰਸੰਗ ਬਣਦਾ ਹੈ ਜਿਸ ਨੇ ਕੇਂਦਰੀ ਸੱਤਾ ਨੂੰ ਸਦਾ ਹੀ ਵੰਗਾਰਿਆ ਹੈ। ਇਸ ਵੰਗਾਰ ਵਿਚ ਕਿਹੜੀਆਂ ਧਿਰਾਂ ਖਾਸ ਭੂਮਿਕਾ ਨਿਭਾਉਣਗੀਆਂ ਅਤੇ ਕੀ-ਕੀ ਅਸਰ ਪਾਉਣਗੀਆਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।