ਆਸ਼ਾ ਪਾਰਿਖ ਨੂੰ ਇਨਾਮ

ਬੀਤੇ ਵੇਲਿਆਂ ਦੀ ਮਸ਼ਹੂਰ ਅਦਾਕਾਰਾ ਆਸ਼ਾ ਪਾਰਿਖ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਪੁਰਸਕਾਰ, ਸਾਲ 2020 ਦੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਸ਼ਾ ਭੌਂਸਲੇ, ਹੇਮਾ ਮਾਲਿਨੀ, ਪੂਨਮ ਢਿੱਲੋਂ, ਉਦਿਤ ਨਾਰਾਇਣ ਅਤੇ ਟੀ.ਐੱਸ. ਨਾਗਭਰਨ ਦੀ ਪੰਜ ਮੈਂਬਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਕਮੇਟੀ ਨੇ ਸਨਮਾਨ ਲਈ ਆਸ਼ਾ ਪਾਰਿਖ ਦਾ ਨਾਂ ਚੁਣਿਆ ਹੈ।

ਯਾਦ ਰਹੇ ਕਿ ਆਸ਼ਾ ਪਾਰਿਖ ਨੇ ਪੰਜ ਦਹਾਕੇ ਤੱਕ ਫੈਲੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 10 ਸਾਲ ਦੀ ਉਮਰ ‘ਚ ਕੀਤੀ ਸੀ। ਉਨ੍ਹਾਂ 1952 ‘ਚ ਆਈ ਫਿਲਮ ‘ਆਸਮਾਨ’ ਤੋਂ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਹ ਦੋ ਸਾਲ ਮਗਰੋਂ ਬਿਮਲ ਰੌਇ ਦੀ ਫਿਲਮ ‘ਬਾਪ ਬੇਟੀ’ ਨਾਲ ਚਰਚਾ ‘ਚ ਆਈ। ਪਾਰਿਖ ਨੇ 1959 ਵਿਚ ਆਈ ਨਾਸਿਰ ਹੁਸੈਨ ਦੀ ਫਿਲਮ ‘ਦਿਲ ਦੇ ਕੇ ਦੇਖੋ’ ‘ਚ ਸ਼ੰਮੀ ਕਪੂਰ ਨਾਲ ਮੁੱਖ ਕਿਰਦਾਰ ਨਿਭਾਇਆ। ‘ਦਿਲ ਦੇਕੇ ਦੇਖੋ’, ‘ਕਟੀ ਪਤੰਗ’, ‘ਤੀਸਰੀ ਮੰਜ਼ਿਲ’ ਅਤੇ ‘ਕਾਰਵਾਂ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਆਸ਼ਾ ਪਾਰਿਖ ਨੇ 1990 ਦੇ ਦਹਾਕੇ ਦੇ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਟੀ.ਵੀ. ਸੀਰੀਅਲ ‘ਕੋਰਾ ਕਾਗਜ਼’ ਦਾ ਨਿਰਮਾਣ ਕੀਤਾ ਜਿਸ ਨੂੰ ਕਾਫੀ ਸਲਾਹਿਆ ਗਿਆ। ਪਾਰਿਖ 1998-2001 ਤੱਕ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ.ਬੀ.ਐੱਫ.ਸੀ.) ਦੀ ਪ੍ਰਧਾਨ ਵੀ ਰਹੀ। ਉਹ ਇਸ ਅਦਾਰੇ ਦੀ ਪਹਿਲੀ ਮਹਿਲਾ ਪ੍ਰਧਾਨ ਸਨ। ਸਾਲ 2017 ‘ਚ ਉਨ੍ਹਾਂ ਆਪਣੀ ਸਵੈ-ਜੀਵਨੀ ‘ਦਿ ਹਿੱਟ ਗਰਲ’ ਪੇਸ਼ ਕੀਤੀ।
ਆਸ਼ਾ ਪਾਰਿਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ 68ਵੇਂ ਕੌਮੀ ਫਿਲਮ ਐਵਾਰਡ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਤਾ। ਰਾਸ਼ਟਰਪਤੀ ਨੇ ਇਸ ਸਨਮਾਨ ਲਈ ਉੱਘੀ ਅਦਾਕਾਰ ਨੂੰ ਵਧਾਈ ਵੀ ਦਿੱਤੀ। ਆਸ਼ਾ ਪਾਰਿਖ ਨੇ ਕਿਹਾ, “ਆਪਣੇ 80ਵੇਂ ਜਨਮ ਦਿਨ (2 ਅਕਤੂਬਰ) ਤੋਂ ਇੱਕ ਦਿਨ ਪਹਿਲਾਂ ਇਹ ਵੱਕਾਰੀ ਐਵਾਰਡ ਪ੍ਰਾਪਤ ਕਰਕੇ ਮੈਂ ਬੇਹੱਦ ਖੁਸ਼ ਹੈ।” ਚੇਤੇ ਰਹੇ ਕਿ ਆਸ਼ਾ ਪਾਰਿਖ ਨੂੰ 1992 ਵਿਚ ਪਦਮਸ੍ਰੀ ਦਾ ਖਿਤਾਬ ਵੀ ਮਿਲ ਚੁੱਕਿਆ ਹੈ।
ਆਸ਼ਾ ਪਾਰਿਖ ਮੂਲ ਤੌਰ ‘ਤੇ ਗੁਜਰਾਤ ਤੋਂ ਹੈ। ਉਸ ਦੀ ਮਾਂ ਸੁਧਾ ਉਰਫ ਸਲਮਾ ਪਾਰਿਖ ਵੋਹਰਾ ਮੁਸਲਮਾਨ ਹੈ ਅਤੇ ਉਸ ਦਾ ਪਿਤਾ ਬੱਚੂਭਾਈ ਪਾਰਿਖ ਗੁਜਰਾਤੀ ਹਿੰਦੂ ਹੈ। ਉਹ ਉਦੋਂ ਸਿਰਫ 8 ਵਰ੍ਹਿਆਂ ਦੀ ਸੀ ਜਦੋਂ ਉਸ ਦੀ ਮਾਂ ਨੇ ਉਸ ਨੂੰ ਕਲਾਸੀਕਲ ਨਾਚ ਸਿੱਖਣ ਲਈ ਲਾ ਦਿੱਤਾ। ਆਸ਼ਾ ਪਾਰਿਖ ਨੇ ਕਈ ਗੁਰੂਆਂ ਤੋਂ ਨਾਚ ਦੀ ਸਿਖਲਾਈ ਹਾਸਲ ਕਤਿੀ ਜਿਨ੍ਹਾਂ ਵਿਚੋਂ ਪੰਡਿਤ ਬੰਸੀ ਲਾਲ ਭਾਰਤੀ ਅਹਿਮ ਹਨ।
ਜਦੋਂ 1954 ਵਿਚ ਆਸ਼ਾ ਪਾਰਿਖ ਦੀ ਫਿਲਮ ‘ਬਾਪ ਬੇਟੀ’ ਆਈ ਤਾਂ ਇਹ ਬਹੁਤੀ ਚੱਲੀ ਨਹੀਂ। ਇਸ ਤੋਂ ਬਾਅਦ ਉਸ ਅਤੇ ਉਸ ਦੇ ਮਾਪਿਆਂ ਨੇ ਸਾਰਾ ਧਿਆਨ ਪੜ੍ਹਾਈ ਵੱਲ ਲਾਇਆ। 16 ਸਾਲ ਦੀ ਉਮਰ ਵਿਚ ਉਸ ਨੇ ਫਿਰ ਫਿਲਮੀ ਦੁਨੀਆ ਵਿਚ ਮੁੜ ਆਉਣ ਦਾ ਫੈਸਲਾ ਕੀਤਾ। ਉਦੋਂ ਪਹਿਲਾਂ-ਪਹਿਲ ਉਸ ਦਾ ਨਾਂ ਵਿਜੈ ਭੱਟ ਦੀ ਫਿਲਮ ‘ਗੂੰਜ ਉਠੀ ਸ਼ਹਿਨਾਈ’ (1959) ਲਈ ਚੱਲਿਆ ਪਰ ਇਹ ਫਿਲਮ ਆਖਰਕਾਰ ਅਮੀਤਾ ਨੂੰ ਮਿਲ ਗਈ। ਉਂਝ, ਇਸ ਤੋਂ ਕੇਵਲ 8 ਦਿਨਾਂ ਬਾਅਦ ਫਿਲਮ ਨਿਰਮਾਤਾ ਸੁਬੋਧ ਮੁਖਰਜੀ ਅਤੇ ਨਿਰਦੇਸ਼ਕ ਨਾਸਿਰ ਹੁਸੈਨ ਨੇ ਉਸ ਨੂੰ ‘ਦਿਲ ਦੇ ਕੇ ਦੇਖੋ’ ਲਈ ਬਤੌਰ ਨਾਇਕਾ ਸਾਈਨ ਕਰ ਲਿਆ। ਮਗਰੋਂ ਉਸ ਨੇ ਨਾਸਿਰ ਹੁਸੈਨ ਨਾਲ ਛੇ ਹੋਰ ਫਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚ ‘ਜਬ ਪਿਆਰ ਕਿਸੀ ਸੇ ਹੋਤਾ ਹੈ’ (1961), ‘ਫਿਰ ਵੋਹੀ ਦਿਲ ਲਾਇਆ ਹੂੰ’ (1963), ‘ਤੀਸਰੀ ਮੰਜ਼ਿਲ’ (1966), ‘ਬਹਾਰੋਂ ਕੇ ਸਪਨੇ’ (1967), ‘ਪਿਆਰ ਕਾ ਮੌਸਮ’ (1969), ਅਤੇ ‘ਕਾਰਵਾਂ’ (1971) ਸ਼ਾਮਿਲ ਹਨ।
ਇਸ ਵਕਤ ਤੱਕ ਆਸ਼ਾ ਪਾਰਿਖ ਗਲੈਮਰ ਗਰਲ ਵਜੋਂ ਮਸ਼ਹੂਰ ਹੋ ਗਈ ਅਤੇ ਇਸ ਤੋਂ ਬਾਅਦ ਰਾਜ ਖੋਸਲਾ ਦੀਆਂ ਤਿੰਨ ਫਿਲਮਾਂ- ‘ਦੋ ਬਦਨ’ (1966), ‘ਚਿਰਾਗ’ (1969) ਅਤੇ ‘ਮੈਂ ਤੁਲਸੀ ਤੇਰੇ ਆਂਗਨ ਕੀ’ 1978) ਨਾਲ ਉਸ ਦੀ ਪਛਾਣ ਗੰਭੀਰ ਅਦਾਕਾਰਾ ਵਜੋਂ ਵੀ ਬਣੀ। ਆਸ਼ਾ ਪਾਰਿਖ ਅੱਜ ਕੱਲ੍ਹ ਸਾਰਾ ਧਿਆਨ ਕਾਰਾ ਭਵਨ ਅਤੇ ਆਸ਼ਾ ਪਾਰਿਖ ਹਸਪਤਾਲ (ਮੁੰਬਈ) ਵੱਲ ਲਾ ਰਹੀ ਹੈ।
-ਆਮਨਾ ਕੌਰ