ਅਜੋਕੇ ਸਮੇਂ ਵਿਚ ਮਹਾਤਮਾ ਗਾਂਧੀ ਦੀ ਪ੍ਰਸੰਗਿਕਤਾ

ਕਰਮ ਬਰਸਟ
ਸੰਪਰਕ: 94170-73831
ਮਹਾਤਮਾ ਗਾਂਧੀ ਅਜਿਹੇ ਜਨਤਕ ਆਗੂ ਸਨ ਜਿਨ੍ਹਾਂ ਨੇ ਬਰਤਾਨਵੀ ਹਕੂਮਤ ਵਿਰੁੱਧ ਅਹਿੰਸਕ ਲੜਾਈ ਲੜਦਿਆਂ ਰਾਸ਼ਟਰੀ ਅੰਦੋਲਨ ਦੀ ਅਗਵਾਈ ਕੀਤੀ। ਉਸੇ ਦੌਰਾਨ ਉਹ ਸਿਆਸੀ ਸੰਘਰਸ਼ਾਂ ਦਾ ਅਧਿਆਤਮਿਕ ਅਮਲਾਂ ਨਾਲ ਵੀ ਤਾਲਮੇਲ ਬਿਠਾ ਰਹੇ ਸਨ। ਉਨ੍ਹਾਂ ਖ਼ੁਦ ਇਸ ਪ੍ਰਕਿਰਿਆ ਨੂੰ ‘ਸੱਚ ਦੇ ਨਾਲ ਮੇਰੇ ਪ੍ਰਯੋਗ’ ਦਾ ਨਾਮ ਦਿੱਤਾ। ਇਹ ਆਪਣੇ ਆਪ ਵਿਚ ਵਿਲੱਖਣ ਅਤੇ ਅਦਭੁਤ ਅਮਲ ਸੀ ਜਿਸ ਨੂੰ ਆਧੁਨਿਕ ਦੁਨੀਆ ਦੀ ਹੋਰ ਕੋਈ ਵੀ ਮਹਾਨ ਹਸਤੀ ਇੰਨੀ ਸਫ਼ਲਤਾ ਨਾਲ ਨਹੀਂ ਨਿਭਾ ਸਕੀ।

ਮਹਾਤਮਾ ਗਾਂਧੀ ਅਤੇ ਕਾਰਲ ਮਾਰਕਸ ਇਸ ਯੁੱਗ ਦੀਆਂ ਦੋ ਮਹਾਨ ਹਸਤੀਆਂ ਮੰਨੀਆਂ ਗਈਆਂ ਹਨ ਜੋ ਸਮਾਜਿਕ ਤਬਦੀਲੀ ਲਈ ਇਕੋ ਜਿੰਨੀਆਂ ਪ੍ਰਤੀਬੱਧ ਹੋਣ ਦੇ ਬਾਵਜੂਦ ਬਿਲਕੁਲ ਹੀ ਵੱਖੋ-ਵੱਖਰੀ ਵਿਚਾਰਧਾਰਾ ਵਾਲੀਆਂ ਸਨ। ਪਰ ਭਾਰਤੀ ਮੂਲ ਦੇ ਉੱਘੇ ਅਮਰੀਕੀ ਚਿੰਤਕ ਅਕੀਲ ਬਿਲਗਰਾਮੀ ਨੇ ਇਨ੍ਹਾਂ ਸ਼ਖ਼ਸੀਅਤਾਂ ਵਿਚਕਾਰ ਕੁਝ ਮਹੱਤਵਪੂਰਨ ਸਮਾਨਤਾਵਾਂ ਦੀ ਪਛਾਣ ਕੀਤੀ ਹੈ। ਉਸ ਨੇ ਦਲੀਲ ਦਿੱਤੀ ਹੈ ਕਿ ਦੋਵਾਂ ਨੇ ਹੀ ਆਧੁਨਿਕਤਾ (ਸਰਮਾਏਦਾਰੀ ਨਿਜ਼ਾਮ) ਦੀ ਇਕੋ ਜਿਹੀ ਆਲੋਚਨਾ ਕੀਤੀ ਹੈ ਕਿਉਂਕਿ ਉਹ ਸਮਾਜ ਤੇ ਮਨੁੱਖ ਦੇ ਕੁਦਰਤ ਤੋਂ ਵਿਗੋਚੇ ਨੂੰ ਆਧੁਨਿਕਤਾ ਦੇ ਮੂਲ ਲੱਛਣ ਮੰਨਦੇ ਹਨ। ਉਸ ਦਾ ਲੇਖ ‘ਗਾਂਧੀ, ਇਕ ਫਿਲਾਸਫ਼ਰ’ ਮਹਾਤਮਾ ਗਾਂਧੀ ਬਾਰੇ ਨਵੀਂ ਜਾਣਕਾਰੀ ਪ੍ਰਦਾਨ ਕਰਦਾ ਹੈ। ਮਹਾਤਮਾ ਗਾਂਧੀ ਦੇ ਵਿਚਾਰਾਂ ਵਿਚ ਆਪਾ ਵਿਰੋਧ ਅਤੇ ਬੇਮੇਲਤਾ ਦੀ ਆਮ ਧਾਰਨਾ ਦੇ ਉਲਟ ਬਿਲਗਰਾਮੀ ਨੇ ਉਨ੍ਹਾਂ ਦੇ ਦਰਸ਼ਨ ਵਿਚ ਸੰਪੂਰਨ ਇਮਾਨਦਾਰੀ ਅਤੇ ਨੈਤਿਕ ਦ੍ਰਿੜ੍ਹਤਾ ਨੂੰ ਉਜਾਗਰ ਕੀਤਾ ਹੈ। ਬਿਲਗਰਾਮੀ ਖ਼ੁਦ ਨਾਸਤਿਕ ਚਿੰਤਕ ਹੋਣ ਦੇ ਬਾਵਜੂਦ, ਅਜੋਕੇ ਸਮਿਆਂ ਦੀਆਂ ਸਮਾਜਿਕ ਸਿਆਸੀ ਲਹਿਰਾਂ ਵਿਚ ਧਰਮ ਦੀ ਗੰਭੀਰ ਦਖਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦਾ। ਉਹ ਕਹਿੰਦਾ ਹੈ, ‘‘ਧਰਮ ਮੁੱਖ ਤੌਰ ’ਤੇ ਵਿਸ਼ਵਾਸ ਅਤੇ ਸਿਧਾਂਤ ਦਾ ਮਾਮਲਾ ਨਹੀਂ ਸਗੋਂ ਇਹ ਕਿਸੇ ਭਾਈਚਾਰੇ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਦੀ ਪ੍ਰਤਿਨਿਧਤਾ ਵੀ ਕਰਦਾ ਹੈ। ਕਈ ਵਾਰ ਇਹ ਅਜਿਹੇ ਪਰਿਪੇਖ ਪ੍ਰਦਾਨ ਕਰ ਸਕਦਾ ਹੈ ਜਿੱਥੇ ‘ਇਕ ਮਜ਼ਬੂਤ ਮਜ਼ਦੂਰ ਅੰਦੋਲਨ’ ਵਰਗੇ ਏਕਤਾ ਦੇ ਰੂਪ ਗਾਇਬ ਹੁੰਦੇ ਹਨ, ਅਤੇ ਕਈ ਵਾਰ ਇਹ ਕਿਸੇ ਰਾਜਸੀ ਸੱਭਿਅਕ ਸਮਾਜ ਅੰਦਰ ਮਨੁੱਖ ਲਈ ਨੈਤਿਕ ਦ੍ਰਿਸ਼ਟੀਕੋਣ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਇਸ ਨੇ ਵੀਹਵੀਂ ਸਦੀ ਦੇ ਅਖੀਰ ’ਚ ਲਾਤੀਨੀ ਅਮਰੀਕਾ ਦੇ ਧਾਰਮਿਕ ਅੰਦੋਲਨ ਦੌਰਾਨ ਕੀਤਾ ਸੀ।’’ ਇਸ ਨੇ ਰੋਮਨ ਕੈਥੋਲਿਕ ਧਾਰਮਿਕ ਵਿਸ਼ਵਾਸ ਨੂੰ ਲਾਗੂ ਕਰਦਿਆਂ ਗ਼ਰੀਬਾਂ ਤੇ ਦੱਬੇ-ਕੁਚਲੇ ਲੋਕਾਂ ਦੀ ਸਮਾਜਿਕ ਅਤੇ ਰਾਜਨੀਤਿਕ ਮਾਮਲਿਆਂ ਵਿਚ ਸ਼ਮੂਲੀਅਤ ਕਰਾ ਕੇ ਮਦਦ ਕਰਨ ਦੀ ਕੋਸਿ਼ਸ਼ ਕੀਤੀ ਸੀ।
ਇਸ ਵੇਲੇ ਚਿੰਤਕ, ਮਹਾਤਮਾ ਗਾਂਧੀ ਦੀਆਂ ਰਾਜਨੀਤਿਕ ਸਫ਼ਲਤਾਵਾਂ ਨੂੰ ਉਨ੍ਹਾਂ ਦੇ ਫਲਸਫ਼ੇ ਤੋਂ ਪੂਰੀ ਤਰ੍ਹਾਂ ਵੱਖ ਕਰ ਕੇ ਸੋਚਦੇ ਹਨ। ਉਨ੍ਹਾਂ ਨੂੰ ਅਜਿਹੀ ਇਤਿਹਾਸਕ ਸ਼ਖ਼ਸੀਅਤ ਵਜੋਂ ਅੰਗਿਆ ਜਾ ਰਿਹਾ ਹੈ, ਜਿਸ ਨੇ ਅਹਿੰਸਾ ਤੇ ਸੱਤਿਆਗ੍ਰਹਿ ਦਾ ਸੁਮੇਲ ਕਰ ਕੇ ਭਾਰਤੀ ਸਿਆਸਤ ਨੂੰ ਵੱਖਰੀ ਦਿਸ਼ਾ ਦਿੱਤੀ। ਮਹਾਤਮਾ ਗਾਂਧੀ ਨੂੰ ਉਨ੍ਹਾਂ ਦੇ ਫਲਸਫ਼ੇ ਤੋਂ ਅਲੱਗ ਕਰ ਕੇ ਦੇਖਣਾ ਬੇਤੁਕਾ ਨਜ਼ਰੀਆ ਹੋਵੇਗਾ। ਜੇ ਉਹ ਮੌਲਿਕ ਦਾਰਸ਼ਨਿਕ ਨਾ ਹੁੰਦੇ ਤਾਂ ਸਮੁੱਚੀ ਭਾਰਤੀ ਜਨਤਾ ਤੇ ਆਪਣੇ ਸਾਥੀਆਂ ’ਤੇ ਉਹ ਪ੍ਰਭਾਵ ਨਾ ਪਾ ਸਕਦੇ ਸਨ, ਜੋ ਉਹ ਪਾ ਸਕੇ। ਜੇਕਰ ਉਨ੍ਹਾਂ ਦੀਆਂ ਸਿਆਸੀ ਕਾਰਵਾਈਆਂ ਤੇ ਦਾਰਸ਼ਨਿਕ ਵਿਚਾਰ ਇਕਸੁਰ ਨਾ ਹੁੰਦੇ ਤਾਂ ਜਨਤਕ ਲਾਮਬੰਦੀ ਨਾ ਕਰ ਸਕਦੇ। ਉਨ੍ਹਾਂ ਵਲੋਂ ਦੇਸ਼ ਦੀ ਜਨਤਾ ਨੂੰ ਕੀਤੀ ਗਈ ਅਪੀਲ ਵਿਚ ਇਮਾਨਦਾਰੀ ਅਤੇ ਵਫ਼ਾਦਾਰੀ ਅਹਿਮ ਤੱਤ ਹੈ। ਬਹੁਤ ਸਾਰੇ ਲੋਕ ਦੇਸ਼ ਦੇ ਵਿਸ਼ਾਲ ਸਮੂਹਾਂ ਦੀ ਲਾਮਬੰਦੀ ਨੂੰ ਉਨ੍ਹਾਂ ਦੀ ਇਸ ਵਫ਼ਾਦਾਰੀ ਪ੍ਰਤੀ ਹੁੰਗਾਰੇ ਵਜੋਂ ਦੇਖਣ ਦੇ ਸਮਰੱਥ ਨਹੀਂ ਹੋ ਸਕੇ। ਉਹ ਲੋਕਾਂ ਦੇ ਹੁੰਗਾਰੇ ਨੂੰ ਗਾਂਧੀ ਜੀ ਦੇ ਦਾਰਸ਼ਨਿਕ ਨਜ਼ਰੀਏ ਵਿਚ ਨਿਹਚੇ ਦੀ ਬਜਾਏ ਉਨ੍ਹਾਂ ਦੀਆਂ ਸਿਆਸੀ ਜੁਗਤਾਂ ਵਿਚ ਦੇਖਣ ਲੱਗਦੇ ਹਨ। ਇਹ ਕੱਚਘਰੜ ਨਜ਼ਰੀਆ ਹੈ। ਇਹ ਨਜ਼ਰੀਆ ਜਨਤਕ ਸਿਆਸਤ ਪ੍ਰਤੀ ਗ਼ੈਰ-ਜਮਹੂਰੀ ਸਮਝ ਦਾ ਲਖਾਇਕ ਹੈ, ਇਕ ਅਜਿਹੀ ਜਨਤਕ ਸਿਆਸਤ ਜਿਸ ਵਿਚ ਵਿਸ਼ਾਲ ਜਨਸਮੂਹ ਆਪਮੁਹਾਰੇ ਸ਼ਾਮਲ ਹੋ ਜਾਂਦੇ ਹਨ।
ਭਾਰਤ ਅਤੇ ਵਿਦੇਸ਼ਾਂ ਵਿਚਲੇ ਖੱਬੇ ਪੱਖੀ ਗਾਂਧੀ ਦੇ ਅਮਲ ਤੇ ਫਲਸਫ਼ੇ ਦੀ ਲੰਬੇ ਸਮੇਂ ਤੋਂ ਕਰੜੀ ਆਲੋਚਨਾ ਕਰਦੇ ਆ ਰਹੇ ਹਨ। ਉਂਜ ਇਹ ਸੋਚਣਾ ਵੀ ਵਾਜਬ ਨਹੀਂ ਹੋਵੇਗਾ ਕਿ ਗਾਂਧੀ ਨੇ ਕੁਝ ਗੰਭੀਰ ਸਿਆਸੀ ਗ਼ਲਤੀਆਂ ਨਹੀਂ ਕੀਤੀਆਂ ਜਾਂ ਇਸ ਗੱਲ ਤੋਂ ਇਨਕਾਰ ਕਰਨਾ ਕਿ ਉਨ੍ਹਾਂ ਦੇ ਕਈ ਵਿਚਾਰ ਸਮਕਾਲੀ ਅਮਲ ਨਾਲ ਮੇਲ ਨਹੀਂ ਖਾਂਦੇ ਸਨ। ਖ਼ਾਸਕਰ ਚੌਰਾਚੌਰੀ ਦੀ ਘਟਨਾ ਤੋਂ ਬਾਅਦ ਆਪਹੁਦਰੇ ਢੰਗ ਨਾਲ ਅੰਦੋਲਨ ਵਾਪਸ ਲੈ ਲੈਣਾ; ਪਹਿਲੀ ਆਲਮੀ ਜੰਗ ਲਈ ਫ਼ੌਜੀ ਭਰਤੀ ਲਈ ਰੰਗਰੂਟ ਤਿਆਰ ਕਰਨੇ; ਭੀਮ ਰਾਓ ਅੰਬੇਡਕਰ ਨੂੰ ਦਲਿਤਾਂ ਪ੍ਰਤੀ ਲਏ ਪੈਂਤੜੇ ਤੋਂ ਮੋੜਣ ਲਈ ਜਾਂ ਸੁਭਾਸ਼ ਚੰਦਰ ਬੋਸ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਤੋਂ ਰੋਕਣ ਲਈ ਮਰਨ ਵਰਤ ਦਾ ਐਲਾਨ ਕਰਨ ਤਕ ਚਲੇ ਜਾਣਾ।
ਇਸ ਦੇ ਬਾਵਜੂਦ ਮਹਾਤਮਾ ਗਾਂਧੀ ਦੀਆਂ ਲਿਖਤਾਂ ਵਿਚੋਂ ਉਨ੍ਹਾਂ ਨੂੰ ਇਕ ਰੈਡੀਕਲ ਅਤੇ ਮੌਲਿਕ ਚਿੰਤਕ ਵਜੋਂ ਤਲਾਸ਼ਣ ਦੀ ਲੋੜ ਹੈ। ਉਹ ਵਿਚਾਰਧਾਰਕ ਬੇਮੇਲਤਾ ਦੇ ਬਾਵਜੂਦ ਦਿਲਚਸਪ ਅਤੇ ਮੌਲਿਕ ਚਿੰਤਕ ਸਨ। ਉਹ ਕੋਈ ਅਜਿਹੇ ਦਾਰਸ਼ਨਿਕ ਨਹੀਂ ਸਨ ਜੋ ਵਿਚਾਰਾਂ ਦੀ ਇਕਸਾਰਤਾ ਲਈ ਯਤਨ ਕਰਦਾ। ਉਨ੍ਹਾਂ ਦੇ ਫ਼ੈਸਲੇ ਫੌਰੀ ਹਾਲਾਤ ਦੇ ਅਨੁਕੂਲ ਹੁੰਦੇ ਸਨ। ਕਾਰਲ ਮਾਰਕਸ ਨੇ ਜਮਾਤੀ ਸਮਾਜ ਵਿਚ ਆਜ਼ਾਦੀ ਅਤੇ ਸਮਾਨਤਾ ਨੂੰ ਬੁਰਜੂਆ ਆਦਰਸ਼ਾਂ ਵਜੋਂ ਖਾਰਜ ਕਰ ਦਿੱਤਾ ਸੀ। ਇਉਂ ਹੀ ਮਹਾਤਮਾ ਗਾਂਧੀ ਨੇ ਉਦਾਰਵਾਦੀ ਧਾਰਨਾਵਾਂ ਅਤੇ ਉਨ੍ਹਾਂ ਨਿਯਮਾਂ ਤੇ ਸੰਸਥਾਵਾਂ ਪ੍ਰਤੀ ਉਦਾਸੀਨਤਾ ਦਿਖਾਈ ਜੋ ਅਜਿਹੇ ਵਿਚਾਰਾਂ ਨੂੰ ਬੁਲੰਦ ਕਰਨ ਵਾਲੇ ਸਨ। ਸੁਤੰਤਰਤਾ ਅਤੇ ਸਮਾਨਤਾ ਵਿਚਕਾਰ ਤਣਾਅ ਦੇ ਇਹ ਸਰੋਤ ਉਨ੍ਹਾਂ ਦੋਵਾਂ ਦੇ ਆਦਰਸ਼ਾਂ ਨੂੰ ਰੱਦ ਕਰਨ ਲਈ ਕੇਂਦਰੀ ਨੁਕਤੇ ਸਨ, ਪਰ ਉਨ੍ਹਾਂ ਦੋਵਾਂ ਨੇ ਗਿਆਨਵਾਦੀ ਆਧੁਨਿਕਤਾ ਦੇ ਇਨ੍ਹਾਂ ਆਦਰਸ਼ਾਂ ਨਾਲੋਂ ਵੀ ਵੱਧ ਬੁਨਿਆਦੀ, ਕਿਤੇ ਵੱਧ ਮਾਨਵਤਾਵਾਦੀ ਵਿਵਸਥਾ ਦੀ ਮੰਗ ਕੀਤੀ।
ਪ੍ਰਸਿੱਧ ਇਤਿਹਾਸਕਾਰ ਬਿਪਿਨ ਚੰਦਰ ਦਾ ਲੇਖ ‘ਦਿ ਲੌਂਗ-ਟਰਮ ਡਾਇਨਾਮਿਕਸ: ਗਾਂਧੀਜੀ ਐਂਡ ਦਿ ਇੰਡੀਅਨ ਨੈਸ਼ਨਲ ਮੂਵਮੈਂਟ’ ਮਹਾਤਮਾ ਗਾਂਧੀ ਦੀ ਅਗਵਾਈ ਵਾਲੀ ਰਾਸ਼ਟਰੀ ਲਹਿਰ ਨੂੰ ਇਸ ਦੋਸ਼ ਤੋਂ ਬਚਾਉਣ ਦੀ ਕੋਸਿ਼ਸ਼ ਕਰਦਾ ਹੈ ਕਿ ਇਹ ਬੁਰਜੂਆ ਕਾਜ਼ ਹਿੱਤ ਚਲਾਇਆ ਗਿਆ ਗ਼ੈਰ-ਇਨਕਲਾਬੀ ਅੰਦੋਲਨ ਸੀ। ਗ੍ਰਾਮਸਕੀ ਦੇ ‘ਪੈਂਤੜੇ ਦੀ ਜੰਗ’ ਦੇ ਸਿਧਾਂਤ ਤੋਂ ਸੇਧ ਲੈਂਦਿਆਂ ਬਿਪਨ ਚੰਦਰ ਨੇ ਦਿਖਾਇਆ ਹੈ ਕਿ ਭਾਰਤੀ ਰਾਸ਼ਟਰੀ ਅੰਦੋਲਨ ਨੇ ਸਾਰੀਆਂ ਜਮਾਤਾਂ ਦੇ ਸਾਮਰਾਜ ਵਿਰੋਧੀ ਹਿੱਤਾਂ ਨੂੰ ਸੰਬੋਧਿਤ ਕੀਤਾ। ਇਹ ਵੀ ਕਿ ਗਾਂਧੀ ਦੀ ਸੰਘਰਸ਼-ਸੰਧੀ- ਸੰਘਰਸ਼ ਦੀ ਅਹਿੰਸਕ ਰਣਨੀਤੀ ਬੁਰਜੂਆ ਹਿੱਤਾਂ ਲਈ ਨਹੀਂ ਸੀ ਸਗੋਂ ਉਹ ਨੀਮ-ਜਮਹੂਰੀ, ਅਰਧ-ਚੌਧਰਵਾਦੀ ਬਸਤੀਵਾਦੀ ਰਾਜ ਵਿਰੁੱਧ ਬਹੁ-ਜਮਾਤੀ ਜਨਤਕ ਲਹਿਰ ਦੇ ਅਨੁਕੂਲ ਬਣਾਉਣ ਲਈ ਘੜੀ ਗਈ ਸੀ। ਚੱਲਦੇ ਸੰਘਰਸ਼ ਦੀ ਸਮੇਂ-ਸਮੇਂ ’ਤੇ ਵਾਪਸੀ ਨੇ ਉਨ੍ਹਾਂ ਦੇ ਬਹੁਤ ਸਾਰੇ ਸ਼ਾਗਿਰਦਾਂ ਨੂੰ ਪ੍ਰੇਸ਼ਾਨੀ ਜਾਂ ਗੁੱਸੇ ਵਿਚ ਵੀ ਪਾਇਆ, ਪਰ ਇਸ ਨੂੰ ਸਾਮਰਾਜਵਾਦ ਅੱਗੇ ਗੋਡੇ ਟੇਕਣਾ ਜਾਂ ਸਮਝੌਤਾ ਕਰਨ ਦੀ ਸੰਗਿਆ ਦੇਣਾ ਸਹੀ ਨਹੀਂ ਸੀ। ਇਸ ਦੇ ਉਲਟ ਉਹ ਆਤਮ ਨਿਰੀਖਣ ਅਤੇ ਸ਼ਕਤੀਆਂ ਦੇ ਪੁਨਰਗਠਨ ਲਈ ਲਏ ਰਣਨੀਤਕ ਪਿਛਲਮੋੜੇ ਵਾਲੇ ਪੈਂਤੜੇ ਸਨ ਤਾਂ ਕਿ ਜਨਤਕ ਸ਼ਕਤੀਆਂ ਨੂੰ ਹੋਰ ਬਿਹਤਰ ਢੰਗ ਨਾਲ ਲਾਮਬੰਦ ਕੀਤਾ ਜਾ ਸਕੇ।
ਬਹੁਤੇ ਵਿਚਾਰਵਾਨਾਂ ਲਈ ਮੰਜਿ਼ਲ ਅਤੇ ਸਾਧਨਾਂ ਵਿਚਕਾਰਲੇ ਆਪਾ-ਵਿਰੋਧਾਂ ਨੂੰ ਸਵੀਕਾਰ ਕਰਨ ਵਿਚ ਪ੍ਰੇਸ਼ਾਨੀ ਆਮ ਹੈ। ਮਹਾਤਮਾ ਗਾਂਧੀ ਸਮਾਜਿਕ ਅਤੇ ਸਿਆਸੀ ਚਿੰਤਕਾਂ ਵਿਚਕਾਰ ਅਜਿਹੇ ਇਕੱਲੇ ਵਿਅਕਤੀ ਜਾਪਦੇ ਹਨ ਜੋ ਮੰਜਿ਼ਲ ਅਤੇ ਸਾਧਨਾਂ ਵਿਚਕਾਰਲੇ ਕੱਟੜਮੁਖੀ ਵਿਰੋਧਭਾਸਾਂ ਨੂੰ ਸੰਪੂਰਨ ਤੌਰ ’ਤੇ ਰੱਦ ਕਰਦੇ ਹਨ। ਇਹ ਵੀ ਸੱਚ ਹੈ ਕਿ ਉਨ੍ਹਾਂ ਦਾ ਸਾਧਨਾਂ ਪ੍ਰਤੀ ਹੱਦ ਦਰਜੇ ਦਾ ਲਗਾਓ ਮਿੱਥੀ ਹੋਈ ਮੰਜਿ਼ਲ ਤਕ ਨੂੰ ਵੀ ਅਣਡਿੱਠ ਕਰ ਦਿੰਦਾ ਸੀ।
‘ਹਿੰਦ ਸਵਰਾਜ’ ਵਿਚ ਉਨ੍ਹਾਂ ਨੇ ਇਕ ਜਗ੍ਹਾ ਲਿਖਿਆ ਕਿ ਬਹੁਤ ਵੱਡੇ ਧਾਰਮਿਕ ਸਮਝੇ ਜਾਂਦੇ ਮਹਾਂਪੁਰਖਾਂ ਨੇ ਵੀ ਮੰਜਿ਼ਲ ਅਤੇ ਤੌਰ ਤਰੀਕਿਆਂ ਪ੍ਰਤੀ ਆਪਣੇ ਕੁਝ ਵਿਚਾਰਾਂ ਸਦਕਾ ਗੰਭੀਰ ਅਪਰਾਧ ਕੀਤੇ ਸਨ ਕਿਉਂਕਿ ਉਹ ਸਾਧਨਾਂ ਅਤੇ ਮੰੰਜਿ਼ਲ ਵਿਚਕਾਰ ਕੋਈ ਨੈਤਿਕ ਸਬੰਧ ਜਾਂ ਪਰਸਪਰ ਅੰਤਰ-ਨਿਰਭਰਤਾ ਨਹੀਂ ਦੇਖ ਸਕੇ।
ਮਹਾਤਮਾ ਗਾਂਧੀ ਨੇ ਰਾਜਨੀਤੀ ਅਤੇ ਅਧਿਆਤਮਿਕਤਾ ਵਿਚਕਾਰ ਕੋਈ ਵਖਰੇਵਾਂ ਨਹੀਂ ਕੀਤਾ। ਇਸ ਲਈ ਆਜ਼ਾਦੀ ਤੋਂ ਬਾਅਦ ਦੇ ਉਨ੍ਹਾਂ ਦੇ ਪ੍ਰੋਜੈਕਟ ਦੀ ਪੂਰੀ ਤਰ੍ਹਾਂ ਗੁੰਮਰਾਹਕੁਨ ਵਿਆਖਿਆ ਕੀਤੀ ਮਿਲਦੀ ਹੈ। ਗਲਤ ਵਿਆਖਿਆ ਦੇ ਨਤੀਜੇ ਜਲਦੀ ਹੀ ਸਪੱਸ਼ਟ ਹੋ ਗਏ ਸਨ। ਨਹਿਰੂ ਸਰਕਾਰ ਕੁਦਰਤੀ ਤੌਰ ’ਤੇ ਇਸ ਗੱਲ ਬਾਰੇ ਦੁਬਿਧਾ ਵਿਚ ਸੀ ਕਿ ਗਾਂਧੀਵਾਦੀ ਇਸ ਦੀਆਂ ਕਾਰਵਾਈਆਂ ਅਤੇ ਨੀਤੀਆਂ ਪ੍ਰਤੀ ਕਿਹੋ ਜਿਹੀ ਪ੍ਰਤੀਕਿਰਿਆ ਕਰਨਗੇ ਅਤੇ ਉਹ ਉਨ੍ਹਾਂ ਨਾਲ ਸਿੱਧੇ ਟਕਰਾਅ ਦਾ ਜੋਖ਼ਮ ਨਹੀਂ ਉਠਾ ਸਕਦੇ ਸਨ, ਇਸ ਲਈ ਉਹ ਕੁਝ (ਉਦਾਹਰਨ ਵਜੋਂ, ਜੇ.ਪੀ. ਨਰਾਇਣ) ਨੂੰ ਬੇਅਸਰ ਕਰਨ ਅਤੇ ਕੁਝ ਹੋਰਾਂ (ਮਿਸਾਲ ਵਜੋਂ ਰਾਮ ਮਨੋਹਰ ਲੋਹੀਆ) ਨੂੰ ਹਾਸ਼ੀਏ ’ਤੇ ਰੱਖਣ ਲਈ ਬੇਚੈਨ ਰਹਿੰਦੇ ਸਨ। ਇਸ ਤੋਂ ਇਲਾਵਾ ਉਹ ਬਹੁਤਿਆਂ ਦਾ ਦਿਲ ਜਿੱਤਣ ਅਤੇ ਬਾਕੀਆਂ ਨੂੰ ਭਾਰਤੀ ਰਾਜ ਭਾਗ ਵਿਚ ਸ਼ਾਮਲ ਕਰਨ ਲਈ ਤਿਆਰ ਰਹਿੰਦੇ ਸਨ। ਇਸ ਦੇ ਅਨੇਕਾਂ ਸਿਆਸੀ ਕਾਰਨ ਹੋ ਸਕਦੇ ਹਨ ਕਿਉਂਕਿ ਉਹ ਭਾਰਤ ਦੇ ਪੁਨਰ ਨਿਰਮਾਣ ਲਈ ਸਾਰੀਆਂ ਉਪਲੱਬਧ ਪ੍ਰਤਿਭਾਵਾਂ ਅਤੇ ਸਿਆਸੀ ਤੇ ਗ਼ੈਰ-ਸਿਆਸੀ ਸੰਗਠਨਾਂ ਦੇ ਸਹਿਯੋਗ ਦੀ ਲੋੜ ਸਮਝਦੇ ਸਨ।
ਮਹਾਤਮਾ ਗਾਂਧੀ ਨੇ ਹਿੰਦੋਸਤਾਨੀ ਸਿਆਸਤ ਵਿਚ ਪ੍ਰਵੇਸ਼ ਕੀਤਾ ਤਾਂ ਖੱਬੇ-ਪੱਖੀ ਕੁਝ ਪ੍ਰਸਿੱਧੀ ਪ੍ਰਾਪਤ ਕਰਨ ਵਿਚ ਸਫ਼ਲ ਹੋ ਰਹੇ ਸਨ ਕਿਉਂਕਿ ਉਹ 1917 ਦੇ ਰੂਸ ਵਿਚਲੇ ਮਹਾਨ ਅਕਤੂਬਰ ਇਨਕਲਾਬ ਤੋਂ ਪ੍ਰਭਾਵਿਤ ਸਨ। ਮਹਾਤਮਾ ਗਾਂਧੀ ਨੇ ਸਮਾਜਵਾਦੀ ਵਿਚਾਰਧਾਰਾ ਨੂੰ ਕਦੇ ਨਹੀਂ ਅਪਣਾਇਆ ਕਿਉਂਕਿ ਉਨ੍ਹਾਂ ਦਾ ਆਪਣਾ ਫਲਸਫ਼ਾ ਧਾਰਮਿਕ ਮੁਹਾਵਰੇ ਅਤੇ ਅਲੰਕਾਰ ਨਾਲ ਓਤ-ਪੋਤ ਸੀ। ਉਹ ਰੱਬ ਵਿਚ ਡੂੰਘਾ ਵਿਸ਼ਵਾਸ ਰੱਖਦੇ ਸਨ। ਬੇਸ਼ੱਕ ਖੱਬੇ-ਪੱਖੀ ਨੇਤਾਵਾਂ ਨੇ ਉਨ੍ਹਾਂ ਦੇ ਸਮਾਜਿਕ ਅਤੇ ਸਿਆਸੀ ਵਿਚਾਰਾਂ ਦੀ ਸ਼ਲਾਘਾ ਨਹੀਂ ਕੀਤੀ ਪਰ ਉਹ ਹਮੇਸ਼ਾ ਮਹਾਤਮਾ ਗਾਂਧੀ ਦੀਆਂ ਕਾਰਵਾਈਆਂ ਦਾ ਨੋਟਿਸ ਲੈਣ ਲਈ ਮਜਬੂਰ ਸਨ। ਸ਼ੁਰੂਆਤੀ ਦੌਰ ਵਿਚ ਭਾਰਤ ਅੰਦਰ ਖੱਬੇ-ਪੱਖੀ ਲਹਿਰ ਕਮਜ਼ੋਰ ਸੀ ਪਰ ਸਮੇਂ ਦੇ ਨਾਲ ਨਾਲ ਰੈਡੀਕਲ ਮਾਨਵਵਾਦ, ਕਮਿਊਨਿਜ਼ਮ ਅਤੇ ਸਮਾਜਵਾਦ ਦੇ ਰੂਪ ਵਿਚ ਇਸ ਦੀਆਂ ਤਿੰਨ ਵੱਡੀਆਂ ਵਿਚਾਰਧਾਰਾਵਾਂ ਉੱਭਰੀਆਂ। ਮਾਨਵਵਾਦੀ ਵਿਚਾਰਧਾਰਾ ਦੀ ਐੱਮ.ਐੱਨ. ਰਾਏ ਨੇ ਵਿਆਖਿਆ ਕੀਤੀ, ਜਿਸ ਨੇ ਆਪਣੀ ਵੱਖਰੀ ਸਿਆਸੀ ਪਾਰਟੀ ਸਥਾਪਤ ਕਰਨ ਲਈ ਮਾਰਕਸਵਾਦੀਆਂ ਨਾਲੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਭਾਰਤੀ ਕਮਿਊਨਿਸਟ ਪਾਰਟੀ ਦੀ ਸਥਾਪਨਾ 1925 ਵਿਚ ਹੋਈ ਅਤੇ ਡਾਂਗੇ ਇਸ ਦੇ ਪ੍ਰਮੁੱਖ ਨੇਤਾ ਸਨ। ਕਾਂਗਰਸ ਸੋਸ਼ਲਿਸਟ ਪਾਰਟੀ ਦੀ ਸਥਾਪਨਾ 1934 ਵਿਚ ਹੋਈ ਸੀ ਅਤੇ ਰਾਮ ਮਨੋਹਰ ਲੋਹੀਆ ਇਸ ਦੇ ਮੁੱਖ ਨੇਤਾਵਾਂ ਵਿਚੋਂ ਇਕ ਸਨ। ਆਜ਼ਾਦੀ ਨੂੰ ਲੈ ਕੇ ਖੱਬੇ-ਪੱਖੀਆਂ ਅਤੇ ਮਹਾਤਮਾ ਗਾਂਧੀ ਵਿਚਕਾਰ ਕਰੀਬੀ ਪਰ ਅਸਹਿਜ ਰਿਸ਼ਤਾ ਸੀ ਕਿਉਂਕਿ ਖੱਬੇਪੱਖੀਆਂ ਨੇ ਗਾਂਧੀ ਦੇ ਅਧਿਆਤਮਵਾਦ, ਟਰੱਸਟੀਸਿ਼ਪ ਅਤੇ ਵਿਕੇਂਦਰੀਕਰਨ ਸੰਕਲਪਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ। ਖੱਬੇਪੱਖੀ ਆਗੂ ਤਰੱਕੀ ਅਤੇ ਰਾਜਨੀਤੀ ਦੇ ਆਧੁਨਿਕਤਾਵਾਦੀ ਵਿਚਾਰਾਂ ਵਿਚ ਵਿਸ਼ਵਾਸ ਰੱਖਦੇ ਸਨ। ਉਹ ਆਜ਼ਾਦੀ ਦੀ ਲਹਿਰ ਵਿਚ ਕਈ ਵਾਰ ਸ਼ਾਮਲ ਅਤੇ ਬਾਹਰ ਹੁੰਦੇ ਰਹੇ। 1942 ਵਿਚ ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕੀਤਾ ਪਰ ਕਾਂਗਰਸ ਅੰਦਰਲੇ ਖੱਬੇਪੱਖੀਆਂ ਵਾਲਾ ਸਮਾਜਵਾਦੀ ਧੜਾ ਮਹਾਤਮਾ ਗਾਂਧੀ ਦੇ ਪੈਰੋਕਾਰ ਹੀ ਬਣਿਆ ਰਿਹਾ ਅਤੇ ਉਨ੍ਹਾਂ ਨੇ ਸਾਰੀਆਂ ਵੱਡੀਆਂ ਗਾਂਧੀਵਾਦੀ ਲਹਿਰਾਂ ਵਿਚ ਹਿੱਸਾ ਲਿਆ।
ਅਜਿਹਾ ਸਾਹਿਤ ਵੀ ਮਿਲਦਾ ਹੈ ਜੋ ਮਹਾਤਮਾ ਗਾਂਧੀ ਦੇ ਮਜ਼ਬੂਤ ਧਰਮ ਨਿਰਪੱਖ ਆਦਰਸ਼ਾਂ ਅਤੇ ਅਮਲਾਂ ਨੂੰ ਸਾਹਮਣੇ ਲਿਆਉਂਦਾ ਹੈ। ਉਹ ਇਸ ਦੋਸ਼ ਦਾ ਖੰਡਨ ਕਰਦਾ ਹੈ ਕਿ ਮਹਾਤਮਾ ਗਾਂਧੀ ਦੇ ਧਰਮ ਅਤੇ ਇਸ ਦੇ ਮੁਹਾਵਰੇ ਨੇ ਦੋ ਫਿ਼ਰਕਿਆਂ ਅੰਦਰ ਸੱ਼ਕ ਅਤੇ ਦੁਸ਼ਮਣੀ ਨੂੰ ਭੜਕਾਉਣ ਦਾ ਕੰਮ ਕੀਤਾ ਸੀ। ਪੁਨਰ-ਮੁਲਾਂਕਣ ਦਾ ਇਕ ਹੋਰ ਮਹੱਤਵਪੂਰਨ ਹਿੱਸਾ ਜਵਾਹਰ ਲਾਲ ਨਹਿਰੂ ਦੀ ਸ਼ਖ਼ਸੀਅਤ ਨਾਲ ਸਬੰਧਤ ਹੈ ਜਿਸ ਦੇ ਮਾਰਕਸਵਾਦ ਲਈ ਮੋਹ ਨੂੰ ਬਿਪਨ ਚੰਦਰ ਨੇ ਗਾਂਧੀਵਾਦੀ ਢਾਂਚੇ ਤੋਂ ਤੋੜ ਕੇ ਦਿਖਾਇਆ ਸੀ ਪਰ ਬਾਅਦ ਵਿਚ ਇਸ ਵਿਚਾਰ ਨੂੰ ‘ਫੈਬੀਅਨਵਾਦ ਦੇ ਹਲਕੇ ਰੂਪ’ ਤਕ ਪੇਤਲਾ ਕਰ ਦਿੱਤਾ ਗਿਆ। ਬਾਅਦ ਵਿਚ ਬਿਪਨ ਚੰਦਰ ਨੇ ਇਹ ਦਰਸਾਉਣ ਲਈ ਆਪਣੇ ਵਿਚਾਰਾਂ ਨੂੰ ਸੋਧ ਲਿਆ ਸੀ ਕਿ ਨਹਿਰੂ ਨੇ ਖ਼ੁਦ ਕਾਂਗਰਸ ਪਾਰਟੀ ਲਈ ਗਾਂਧੀਵਾਦੀ ਰਣਨੀਤੀ ਦਾ ਪੁਨਰ-ਮੁਲਾਂਕਣ ਕਰ ਲਿਆ ਸੀ ਤਾਂ ਕਿ ਪਾਰਟੀ ਜਥੇਬੰਦੀ ਨੂੰ ਇਸ ਦੇ ਅਸਲੀ ਜਮਹੂਰੀ ਆਦਰਸ਼ਾਂ ਨੂੰ ਪੂਰਾ ਕਰਨ ਲਈ ਸਮਾਜਵਾਦੀ ਦਿਸ਼ਾ ਵੱਲ ਮੋੜਿਆ ਜਾ ਸਕੇ। ਉਹ ਦੱਸਦਾ ਹੈ ਕਿ ਨਹਿਰੂ ਪਹਿਲੇ ਵਿਅਕਤੀਆਂ ਵਿਚੋਂ ਸਨ ਜਿਨ੍ਹਾਂ ਨੇ ਸਟਾਲਿਨਵਾਦੀ-ਮਾਰਕਸਵਾਦ ਦੀਆਂ ਬੇੜੀਆਂ ਨੂੰ ਤੋੜ ਕੇ ਇਹ ਮਹਿਸੂਸ ਕੀਤਾ ਕਿ ਭਾਰਤ ਵਿਚ ਸਮਾਜਵਾਦ ਤੋਂ ਬਿਨਾਂ ਕੋਈ ਸੱਚਾ ਲੋਕਤੰਤਰ ਨਹੀਂ ਹੋ ਸਕਦਾ, ਉੱਥੇ ਨਾਲ ਹੀ ਜਮਹੂਰੀਅਤ ਤੋਂ ਬਿਨਾਂ ਕੋਈ ਸਮਾਜਵਾਦ ਵੀ ਨਹੀਂ ਹੋ ਸਕਦਾ।
ਗਾਂਧੀਵਾਦ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲ ਸੀ ਅਤੇ ਅੱਜ ਦੁਨੀਆ ਨੂੰ ਉਨ੍ਹਾਂ ਸਮਾਜਾਂ ਵਿਚ ਸੱਚੇ ਧਾਰਮਿਕ ਵਿਸ਼ਵਾਸ ਵਾਲੇ, ਨਾਸਤਿਕ ਅਤੇ ਸਹਿਣਸ਼ੀਲ ਲੋਕਾਂ ਦੀ ਜ਼ਰੂਰਤ ਹੈ। ਫਿ਼ਰਕਾਪ੍ਰਸਤੀ ਆਧੁਨਿਕ ਭਾਰਤ ਵਿਚ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਭਾਈਚਾਰਕ ਏਕਤਾ ਵਰਗੇ ਤਿੰਨ ਨਰੋਏ ਤੱਤਾਂ ਨੂੰ ਤਬਾਹ ਕਰਨ ਵਿਚ ਲੱਗੀ ਹੋਈ ਹੈ। ਮਹਾਤਮਾ ਗਾਂਧੀ ਕੱਟੜ ਹਿੰਦੂ ਸਨ ਪਰ ਉਹ ਫਿ਼ਰਕੂ ਸਦਭਾਵਨਾ ਬਣਾਈ ਰੱਖਣ ਲਈ ਸੱਜੇਪੱਖੀ ਹਿੰਦੂਆਂ ਦੀਆਂ ਭਾਵਨਾਵਾਂ ਦੇ ਵਿਰੁੱਧ ਡਟੇ ਰਹਿਣ ਲਈ ਵੀ ਤਤਪਰ ਰਹਿੰਦੇ ਸਨ। ਉਨ੍ਹਾਂ ਨੇ ਫਿ਼ਰਕੂ ਸਦਭਾਵਨਾ ਲਈ ਲੜਾਈ ਲੜੀ ਅਤੇ ਅੰਤ ਵਿਚ ਇਸ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਉਹ ਸ਼ਰਧਾਵਾਨ ਹਿੰਦੂ ਸਨ ਪਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਸਨ।
ਭਾਰਤ ਵਿਚ ਰਾਸ਼ਟਰੀ ਏਕਤਾ ਲਈ ਫਿ਼ਰਕਾਪ੍ਰਸਤੀ ਗੰਭੀਰ ਖ਼ਤਰਾ ਹੈ। ਧਾਰਮਿਕ ਕੱਟੜਤਾ ਨੇ ਭਾਰਤ ਵਿਚ ਫਿ਼ਰਕੂ ਤਣਾਅ ਅਤੇ ਦੰਗਿਆਂ ਦਾ ਰੂਪ ਲੈ ਲਿਆ ਹੈ। ਇਤਿਹਾਸਕ ਸਥਾਨਾਂ ਬਾਰੇ ਹਿੰਦੂਤਵੀ ਸ਼ਕਤੀਆਂ ਦੇ ਦਾਅਵਿਆਂ ਨੇ ਫਿ਼ਰਕੂ ਤਣਾਅ ਨੂੰ ਹੋਰ ਵਧਾ ਦਿੱਤਾ ਹੈ ਅਤੇ ਰਾਸ਼ਟਰੀ ਏਕਤਾ ਨੂੰ ਖ਼ਤਰੇ ਵਿਚ ਪਾਇਆ ਹੈ। ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਸਟੇਟ ਧਰਮ-ਨਿਰਪੱਖਤਾ ਦੀ ਰਾਖੀ ਕਰਨ ਅਤੇ ਫਿ਼ਰਕੂ ਕੱਟੜਤਾ ਨੂੰ ਰੋਕਣ ਵਿਚ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ। ਇਸ ਲਈ ਇਸ ਔਖੇ ਸਮੇਂ ਵਿਚ ਇਕ ਹੋਰ ਮਹਾਤਮਾ ਗਾਂਧੀ ਦੀ ਲੋੜ ਹੈ।