ਉਮਰਾਂ ਦੀ ਧੂੜ ਝਾੜੋ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿ਼ਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿ਼ਕਸ ਵਰਗੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਸੁਣਾ ਰਿਹਾ ਹੋਵੇ। ਉਹ ਅਸਲ ਵਿਚ ਕਾਵਿਕ ਵਾਰਤਕ ਦੇ ਸ਼ਾਹ-ਅਸਵਾਰ ਹਨ, ਜਿਨ੍ਹਾਂ ਦੀਆਂ ਲਿਖਤਾਂ ਜ਼ਿੰਦਗੀ ਦੇ ਸਰੋਕਾਰਾਂ ਨਾਲ ਸੰਵਾਦ ਰਚਾਉਂਦੀਆਂ ਹਨ, ਜੋ ਅੰਤਰੀਵੀ ਨਾਦ ਬਣ ਕੇ ਉਨ੍ਹਾਂ ਦੀ ਕਿਰਤ ਵਿਚ ਫੈਲਦਾ ਹੈ। ਉਹ ਉਨ੍ਹਾਂ ਵਿਸ਼ਿਆਂ ਦੀਆਂ ਪਰਤਾਂ ਫਰੋਲਦੇ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ।

ਜਿ਼ੰਦਗੀ, ਮਹਾਂ ਵਰਦਾਨ, ਪ੍ਰਾਪਤੀਆਂ ਦਾ ਸਿਰਲੇਖ। ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ। ਨਵੇਂ ਕੀਰਤੀਮਾਨਾਂ ਦਾ ਨਾਮਕਰਨ। ਨਵੇਂ ਸੁਪਨਿਆਂ ਦੀ ਅੱਖ ਵਿਚ ਝਾਕਣਾ। ਨਵੇਂ ਸਫ਼ਰ ਦਾ ਅਗਾਜ਼ ਅਤੇ ਨਵੀਨ ਪ੍ਰਵਾਜ਼।
ਜਿ਼ੰਦਗੀ ਸਾਲਾਂ ਦੀ ਗਿਣਤੀ ਨਹੀਂ। ਨਾ ਹੀ ਰੋਜ਼ਮਰਾ ਵਿਚ ਬੀਤੇ ਪਲਾਂ ਦਾ ਹਿਸਾਬ। ਨਾ ਹੀ ਨਿੱਤਾਪ੍ਰਤੀ ਦੀਆਂ ਮਨੁੱਖੀ ਕਿਰਆਵਾਂ ਵਿਚ ਗੁਆਚਣਾ ਅਤੇ ਨਾ ਹੀ ਖੁਦ ਨੂੰ ਬੇਲੋੜੀਆਂ ਕਿਰਿਆਵਾਂ ਵਿਚ ਉਲਝਾਉਣਾ।
ਜਿ਼ੰਦਗੀ ਦੇ ਮੱਥੇ ਤੋਂ ਉਮਰਾਂ ਦੀ ਜੰਮ ਰਹੀ ਧੂੜ ਨੂੰ ਝਾੜੋ। ਇਸ ਦੇ ਪਿੰਡੇ ‘ਤੇ ਉਗੀ ਸਾਲਾਂ ਦੀ ਮੈਲ਼ ਨੂੰ ਸਾਫ਼ ਕਰੋ। ਇਸ ਦੀ ਤਾਸੀਰ ਵਿਚ ਸਥਾਪਤ ਦਾਇਰਿਆਂ ਤੋਂ ਬਾਹਰ ਨਿਕਲਣਾ ਅਤੇ ਵਲਗਣਾਂ ਨੂੰ ਤੋੜਨ ਦਾ ਰੰਗ ਭਰੋ। ਨਿੱਕੇ ਨਿੱਕੇ ਦਾਇਰਿਆਂ ਵਿਚ ਸਿਮਟ ਕੇ ਕਦੇ ਵੀ ਵੱਡੀਆਂ ਪ੍ਰਾਪਤੀਆਂ ਦਾ ਮਾਣ ਨਹੀਂ ਬਣਿਆ ਜਾ ਸਕਦਾ ਅਤੇ ਨਾ ਹੀ ਨਵੇਂ ਸਰੋਕਾਰਾਂ ਨੂੰ ਸਮਝਿਆ ਅਤੇ ਅਪਣਾਇਆ ਜਾ ਸਕਦਾ।
ਜਿ਼ੰਦਗੀ ਦਾ ਹਰ ਪਲ ਕੀਮਤੀ। ਹਰ ਸਾਹ ਅਮੁੱਲ। ਹਰ ਕਦਮ ਤੁਹਾਡੇ ਸਫ਼ਰ ਦਾ ਗਵਾਹ। ਮਸਤਕ ਵਿਚ ਉਘੜੀ ਹਰ ਸੋਚ ਤੁਹਾਡੇ ਭਵਿੱਖ ਦੀ ਜਨਮਦਾਤੀ। ਰੂਹ-ਸਰਵਰ ਵਿਚ ਪੈਦਾ ਹੋਈ ਹਲਚਲ, ਤੁਹਾਡੇ ਅੰਤਰੀਵ ਦੇ ਜਿਉਂਦੇ ਹੋਣ ਦੀ ਨਿਸ਼ਾਨੀ।
ਜੀਵਨ ਬੁਢਾਪੇ ਦਾ ਨਾਮ ਨਹੀਂ ਅਤੇ ਨਾ ਹੀ ਖ਼ੁਦ ਦਾ ਸਿੱਥਲ ਹੋ ਕੇ ਬੈਠਣਾ। ਜਿ਼ੰਦਗੀ ਨੂੰ ਜਿ਼ੰਦਾ-ਦਿਲੀ ਨਾਲ ਜਿਊਣ ਵਾਲੇ ਆਪਣੀ ਅਪੰਗਤਾ ਵਿਚੋਂ ਵੀ ਅਮੀਰਤਾ ਭਾਲਦੇ। ਮੌਤ ਨੂੰ ਸਾਹਮਣੇ ਦੇਖ ਕੇ ਉਸਨੂੰ ਕੁਝ ਸਮਾਂ ਠਹਿਰਨ ਲਈ ਹੁਕਮ ਕਰ ਸਕਦੇ। ਉਹ ਮਰਨ ਤੋਂ ਪਹਿਲਾਂ ਕੁਝ ਅਜੇਹਾ ਕਰਨਾ ਲੋਚਦਾ ਕਿ ਜਿਸ ਨਾਲ ਉਹ ਸਦਾ ਲਈ ਤੁਰ ਜਾਣ ਤੋਂ ਪਹਿਲਾਂ ਰੂਹ ਦਾ ਸੁਖਨ ਮਾਣ ਸਕਣ। ਸ਼ਹੀਦ ਭਗਤ ਸਿੰਘ ਫਾਂਸੀ ‘ਤੇ ਚੜ੍ਹਨ ਤੋਂ ਪਹਿਲਾਂ, ਮੌਤ ਤੋਂ ਬੇਖੌਫ਼, ਕਿਤਾਬਾਂ ਦੀ ਸੰਗਤ ਮਾਣਦਿਆਂ ਸ਼ਰਸ਼ਾਰ ਹੁੰਦਾ ਰਿਹਾ। ਹਿੰਮਤੀਆਂ ਸਾਹਵੇਂ ਮੌਤ ਵੀ ਠਠੰਬਰਦੀ।
ਜਿ਼ੰਦਗੀ ਵਿਚ ਝੂਰੋ ਨਾ ਸਗੋਂ ਇਸਦੀ ਰਜ਼ਾ ਵਿਚ ਬੁੱਲ੍ਹੇ ਵਾਂਗ ਨੱਚੋ, ਗਾਵੋ ਅਤੇ ਆਪਣੇ ਅੰਦਰ ਨੂੰ ਰਿਝਾਓ। ਰੂਹ ਦੇ ਨਗ਼ਮਿਆਂ ਵਿਚ ਜਿ਼ੰਦਗੀ ਦੀਆਂ ਰਹਿਮਤਾਂ ਦਾ ਨਾਦ ਗੁਣਗੁਣਾਓ। ਜਿ਼ੰਦਗੀ ਨੂੰ ਕਦੇ ਵੀ ਢ਼ਲਦੇ ਪ੍ਰਛਾਵਿਆਂ ਦਾ ਨਾਮ ਨਾ ਦਿਓ। ਸਗੋਂ ਇਸਨੂੰ ਸਰਘੀ ਭਰਿਆ ਵਰਤਾਰਾ ਸਮਝ ਕੇ ਮਾਣੋ। ਇਸ ਦੀ ਤਿੱਖੜ ਦੁਪਹਿਰ ਦੀ ਉਡੀਕ ਵਿਚ ਖੁਦ ਨੂੰ ਜਵਾਨ ਰੱਖੋ ਅਤੇ ਸੰਦਲੀ ਰਾਹਾਂ ਦੇ ਸਫ਼ਰ ਲਈ ਮਾਨਸਿਕ ਰੂਪ ਵਿਚ ਤਿਆਰ ਰਹੋ।
ਜੀਵਨ ਦੇ ਪਿੰਡੇ ‘ਤੇ ਲਈ ਚਾਦਰ ਨੂੰ ਝਾੜ ਕੇ, ਇਸ ‘ਤੇ ਜੰਮੇ ਹੋਏ ਬੀਤੇ ਦੇ ਘੱਟੇ-ਮਿੱਟੀ ਨੂੰ ਲਾਹੋ। ਫਿਰ ਰੂਹ-ਕੈਨਵੈਸ ‘ਤੇ ਉਨ੍ਹਾਂ ਪਲਾਂ ਦੀ ਕਲਾਕਰੀ ਕਰੋ ਜਿਨ੍ਹਾਂ ਨੂੰ ਤੁਸੀਂ ਜਿਊਣਾ ਲੋਚਦੇ ਅਤੇ ਇਸ ਕਲਾਕ੍ਰਿਤ ਨੂੰ ਆਪਣੇ ਮਸਤਕ ਦੀ ਤਖਤੀ ‘ਤੇ ਸਜਾਓ।
ਆਪਣੀ ਲੈਟਰ ਪੈਡ ‘ਤੇ ਕਈ ਸਾਲਾਂ ਦਾ ਪਿਆ ਹੋਇਆ ਘੱਟਾ ਪੂੰਝੋ। ਕਲਮ ਉਠਾਓ ਅਤੇ ਫਿਰ ਆਪਣੇ ਪੁਰਾਣੇ ਮਿੱਤਰਾਂ ਨੂੰ ਇਕ ਪਿਆਰਾ ਜਿਹਾ ਪੱਤਰ ਲਿਖੋ। ਪੱਤਰ ਕਿ ਜਿਸ ਵਿਚ ਬੀਤੇ ਪਲਾਂ ਦੀ ਤਸ਼ਬੀਹ ਹੋਵੇ, ਬੇਲਾਗਤਾ ਨਾਲ ਭਰੇ ਹੋਏ ਵਕਤ ਦਾ ਵਰਣਨ ਹੋਵੇ, ਬੇਤੁਕਲਫ਼ੀ ਵਿਚ ਮਾਣੇ ਹੁਸੀਨ ਪਲਾਂ ਦਾ ਬਿਰਤਾਂਤ ਹੋਵੇ। ਇਸ ਵਿਚ ਸਮੇਂ ਨੂੰ ਆਪਣੇ ਵਿਚੋਂ ਮਨਫ਼ੀ ਕਰ ਕੇ, ਮੁੜ ਕੇ ਬਚਪਨੇ ਵਿਚ ਪਰਤਣ ਅਤੇ ਇਸਨੂੰ ਦੁਬਾਰਾ ਜਿਊਣ ਦੀ ਲੋਚਾ ਹੋਵੇ। ਆਪਣੇ ਸੱਜਣਾਂ ਨੂੰ ਆਖੋ ਕਿ ਆਓ! ਫਿਰ ਮਿਲੀਏ। ਪੁਰਾਣੇ ਦਿਨਾਂ ਦੀ ਆਗੋਸ਼ ਵਿਚ ਬਹਿ, ਉਮਰਾਂ ਨੂੰ ਪਰ੍ਹਾਂ ਸੁੱਟ, ਬਚਪਨੀ ਗੁਲਸ਼ਰਿਆਂ ਅਤੇ ਹਸਾਸ ਹਾਸੀਆਂ ਵਿਚ ਖ਼ੁਦ ਨੂੰ ਲੋਟ-ਪੋਟ ਕਰੀਏ।
ਉਮਰ ਨੂੰ ਭੁੱਲ ਕੇ, ਘਰ ਦੇ ਪਿੱਛਵਾੜੇ ਵਿਚ ਕਈ ਸਾਲਾਂ ਤੋਂ ਰੱਕੜ ਬਣੀ ਕਿਆਰੀ ਵੱਲ ਧਿਆਨ ਦਿਓ। ਇਸਨੂੰ ਸਿੰਝੋ, ਵੱਤਰ ਆਉਣ ‘ਤੇ ਇਸਦੀ ਗੋਡੀ ਕਰੋ ਅਤੇ ਇਸਦੀ ਵੱਤਰਤਾ ਵਿਚ ਸੂਹੀਆਂ ਸੋਚਾਂ ਦੇ ਬੀਜ ਬੀਜੋ। ਇਸ ਵਿਚ ਪੁੰਘਰਦੇ ਬੀਜਾਂ ਅਤੇ ਇਨ੍ਹਾਂ ਨੂੰ ਦਿਨ-ਬ-ਦਿਨ ਵੱਧਦਾ ਦੇਖੋ। ਇਨ੍ਹਾਂ ਦੀਆਂ ਪੱਤੀਆਂ, ਡਾਲੀਆਂ ਅਤੇ ਫੁੱਲਾਂ ਨਾਲ ਸੁਗੱਲਾਂ ਕਰੋ। ਫ਼ਲਾਂ ਅਤੇ ਫੁੱਲਾਂ ਨੂੰ ਨਿਹਾਰੋ। ਤੁਹਾਡੀ ਜੀਵਨ-ਸ਼ੈਲੀ ਵਿਚੋਂ ਉਮਰਾਂ ਦਾ ਤੈਅ ਕੀਤਾ ਪੈਂਡਾ ਖੁਦ-ਬ-ਖੁਦ ਅਲੋਪ ਹੋ ਜਾਵੇਗਾ ਅਤੇ ਤੁਸੀਂ ਨਵੀਂ ਜਿ਼ੰਦਗੀ ਦੇ ਪਲੇਠੇ ਕਦਮ ਦਾ ਨਾਮ ਹੋਵੋਗੇ।
ਲੂਣ ਤੋਂ ਪ੍ਰਹੇਜ਼ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਮਨਾਹੀ ਨੂੰ ਉਲੰਘਣ ਲਈ ਜ਼ਰੂਰੀ ਹੁੰਦਾ ਕਿ ਕਦੇ ਕਦਾਈਂ ਤਲੀ ਤੇ ਉਗੀ ਉਮਰ ਦੀ ਰੇਖਾ ਨੂੰ ਭੁੱਲ ਜਾਈਏ। ਚਟਪਟੇ ਖਾਣੇ ਦਾ ਲੁਤਫ਼ ਮਾਣੋ। ਕਰਾਰੇ ਪਕੌੜਿਆਂ ਨੂੰ ਚਟਨੀ ਨਾਲ ਖਾਵੋ। ਗਰਮ ਜਲੇਬੀਆਂ ਨੂੰ ਖਾਣ ਦੀ ਜਿੱ਼ਦ ਕਰੋ ਅਤੇ ਜੇਕਰ ਠੰਢੀਆਂ ਹੋਣ ਤਾਂ ਗਰਮ ਦੁੱਧ ਵਿਚ ਡੁਬੋ ਕੇ ਖਾਓ, ਤੁਹਾਡੀ ਨੀਰਸ ਜਿ਼ੰਦਗੀ ਵਿਚੋਂ ਬਕਬਕਾਪਣ ਗਵਾਚ ਜਾਵੇਗਾ ਅਤੇ ਮਿਠਾਸ ਪਰਤ ਆਵੇਗੀ। ਤੁਸੀਂ ਫਿਰ ਤੋਂ ਪਹਿਲੇ ਰੰਗਾਂ ਵਿਚ ਪਰਤ ਕੇ, ਜਿ਼ੰਦਗੀ ਦੀ ਲਜ਼ੀਜ਼ਤਾ ਨੂੰ ਮਾਨਣ ਦੀ ਲਾਲਸਾ ਮਨ ਵਿਚ ਪੈਦਾ ਕਰੋਗੇ। ਇਹੀ ਲਾਲਸਾ ਤੁਹਾਡੇ ਲਈ ਜਿੰ਼ਦਗੀ ਨੂੰ ਰੱਜ ਕੇ ਜਿਊਣ ਦਾ ਸਬੱਬ ਬਣੇਗੀ। ਕਾਹਦੇ ਲਈ ਭੁੱਖੇ ਰਹਿਣਾ ਅਤੇ ਕੈਲਰੀਆਂ ਵਿਚੋਂ ਜੀਵਨ ਦੀ ਅਉਧ ਨੂੰ ਕਿਆਸਣਾ!
ਉਮਰ ਨੂੰ ਦਫ਼ਤਰਾਂ ਦੇ ਦਾਇਰੇ ਅਤੇ ਘਰ ਦੀ ਚਾਰਦੀਵਾਰੀ ਵਿਚ ਗੁਜ਼ਾਰ ਕੇ ਗਵਾਏ ਹੋਏ ਵਕਤ ਨਾਲ ਨਾ ਮਿਣੋ। ਸਗੋਂ ਘਰ ਤੋਂ ਬਾਹਰ ਨਿਕਲੋ। ਕੁਦਰਤ ਨਾਲ ਇਕਮਿੱਕ ਹੋਵੋ, ਚੜ੍ਹਦੇ ਸੂਰਜ ਦੀਆਂ ਕਿਰਨਾਂ ਨੂੰ ਨਿਹਾਰੋ ਅਤੇ ਅੰਦਰ ਨੂੰ ਰੁਸ਼ਨਾਓ। ਸੂਰਜ ਦੀ ਯਾਤਰਾ ਵਿਚ ਖੁਦ ਨੂੰ ਰੁਚਿਤ ਕਰੋ। ਡੁੱਬ ਰਹੇ ਸੂਰਜ ਦੇ ਨਜ਼ਾਰੇ ਨੂੰ ਆਪਣੇ ਦੀਦਿਆਂ ਵਿਚ ਕੈਦ ਕਰੋ ਜਦੋਂ ਇਹ ਲਾਲ ਸੂਹਾ ਅੱਗ ਦਾ ਗੋਲਾ ਬਣ ਕੇ, ਧਰਤੀ ਦੇ ਸੀਨੇ ਨਾਲ ਲੱਗ ਕੇ ਅਲੋਪ ਹੋ ਜਾਂਦਾ ਏ। ਰਾਤ ਨੂੰ ਆਉਣ ਅਤੇ ਤਾਰਿਆਂ ਨੂੰ ਟਿਮਟਿਮਾਉਣ ਵਾਸਤੇ ਅਰਾਧਨਾ ਕਰਦਾ ਹੈ। ਟਿਕੀ ਹੋਈ ਰਾਤ ਵਿਚ ਤਾਰਿਆਂ ਦੀਆਂ ਖਿੱਤੀਆਂ ਵਿਚੋਂ ਵੱਖੋ-ਵੱਖਰੇ ਆਕਾਰਾਂ ਦੀ ਅਜਿਹੀ ਸਿਰਜਣਾ ਕਰੋ ਕਿ ਤੁਹਾਡੇ ਅੰਦਰਲੀ ਸਿਰਜਣਾਤਮਿਕਤਾ ਤੁਹਾਡੇ ਬਲਿਹਾਰੇ ਜਾਵੇ। ਸੁੱਤੀ ਹੋਈ ਕਾਇਨਾਤ ਦਾ ਅੰਗ ਬਣੋ।
ਕਦੇ ਕਦਾਈਂ ਨੇੜੇ ਦੀ ਝੀਲ ਦਾ ਗੇੜਾ ਵੀ ਲਾਓ ਜਦ ਪੁੰਨਿਆਂ ਦਾ ਚੰਦ ਝੀਲ ਦੇ ਅੰਦਰ ਉਤਰ ਕੇ ਝੀਲ ਦੇ ਪਾਣੀ ਵਿਚ ਪਿੱਘਲ ਜਾਂਦਾ ਹੈ। ਝੀਲ ਵਿਚ ਚੰਦਰਮਾ ਦੇ ਪਿੱ਼ਘਲਣ ਨਾਲ ਤੁਹਾਡੇ ਵਿਚੋਂ ਸਾਲਾਂ ਦੀ ਗਰਦ ਆਪਣੇ ਆਪ ਹੀ ਲਹਿ ਜਾਵੇਗੀ। ਤੁਸੀਂ ਜਿ਼ੰਦਗੀ ਦਾ ਦਾ ਖੁਸ਼ਖੱਤ ਬਣ ਕੇ ਝੀਲ ਤੇ ਚੰਦਰਮਾ ਦੀ ਮੁਹੱਬਤ ਦੀ ਇਬਾਰਤ ਲਿਖੋਗੋ।
ਜਿ਼ੰਦਗੀ ਨੂੰ ਘਰ ਦੀ ਚਾਰ ਦੀਵਾਰੀ ਵਿਚ ਗੁਆਣ ਵਾਲਿਓ, ਜਿ਼ੰਦਗੀ ਅਜੇਹੀ ਨਹੀਂ। ਜਿ਼ੰਦਗੀ ਤਾਂ ਬਹੁਤ ਹੀ ਖੂਬਸੂਰਤ ਅਤੇ ਇਸਨੂੰ ਹੋਰ ਖੂਬਸੂਰਤ ਬਣਾਉਣਾ ਤੁਹਾਡਾ ਮਕਸਦ। ਘਰਾਂ ਤੋਂ ਬਾਹਰ ਨਿਕਲੋ। ਸਮੁੰਦਰ ਦੀ ਵਿਸ਼ਾਲਤਾ ਨੂੰ ਦੇਖੋ ਅਤੇ ਇਸ ਦੀਆਂ ਨੱਚਦੀਆਂ ਲਹਿਰਾਂ ਸੰਗ ਖੁਦ ਨੂੰ ਨੱਚਣ ਲਾਓ। ਕਦੇ ਰਾਤ ਨੂੰ ਸ਼ਾਂਤ ਹੋਏ ਸਮੁੰਦਰ ਵਿਚ ਝਾਤੀਆਂ ਮਾਰਦੇ ਚੰਨ ਨੂੰ ਦੇਖ ਕੇ ਖੁਦ ਚੰਨ ਬਣਨ ਦਾ ਸੁਪਨਾ ਜ਼ਰੂਰ ਲੈਣਾ। ਕਦੇ ਜੰਗਲ ਵਿਚ ਬਿਰਖ਼ਾਂ ‘ਤੇ ਸਜੀਆਂ ਪਰਿੰਦਿਆਂ ਦੀਆਂ ਮਹਿਫ਼ਲਾਂ ਦਾ ਹਿੱਸਾ ਬਣਨਾ। ਉਨ੍ਹਾਂ ਨੂੰ ਸਵੇਰ ਵੇਲੇ ਦੀ ਆਸਾ ਦੀ ਵਾਰ ਜੇਹੇ ਅਤੇ ਸ਼ਾਮ ਨੂੰ ਰਹਿਰਾਸ ਵਰਗੇ ਪਲਾਂ ਵਿਚ ਰੁੱਝਿਆਂ ਨੂੰ ਸੁਣਨਾ, ਤੁਹਾਡੇ ਮਨ ਵਿਚ ਪੰਛੀ ਬਣ ਕੇ ਇਨ੍ਹਾਂ ਦੀ ਸੰਗਤ ਵਿਚ ਸ਼ਾਮਲ ਹੋਣ ਦਾ ਚਾਅ ਪੈਦਾ ਹੋਵੇਗਾ। ਕਦੇ ਰਿਸ਼ੀਆਂ ਵਰਗੇ ਪਹਾੜਾਂ ਵੰਨੀਂ ਆਪਣੇ ਕਦਮਾਂ ਨੂੰ ਅਹੁਲਣ ਲਾਓ ਤਾਂ ਤੁਹਾਡੇ ਵਿਚੋਂ ਉਮਰ, ਕੱਚੇ ਪਹਾੜ ਤੋਂ ਡਿਗਦੀ ਮਿੱਟੀ ਵਾਂਗ ਕਿਰ ਜਾਵੇਗੀ। ਤੁਸੀਂ ਸਾਬਤ-ਸਬੂਤੇ ਪਹਿਲੇ ਸਰੂਪ ਵਿਚ ਜਿ਼ੰਦਗੀ ਦੀਆਂ ਦਿਲਦਾਰੀਆਂ ਨੂੰ ਮਾਨਣ ਦਾ ਸ਼ਰਫ਼ ਬਣ ਜਾਵੋਗੇ। ਪਹਾੜਾਂ ਦੇ ਸਾਥ ਵਿਚ ਬੰਦਾ ਪਹਾੜਾਂ ਵਰਗਾ ਬਣ ਜਾਂਦਾ ਜੋ ਸਦਾ ਅਡੋਲ ਰਹਿ ਕੇ ਅੰਬਰ ਨਾਲ ਵੀ ਗੱਲਾਂ ਕਰਦੇ, ਬਰਫ਼ ਦੇ ਤੋਦਿਆਂ ਨੂੰ ਹਿੱਕ ‘ਤੇ ਸਜਾਉਂਦੇ, ਬਿਰਖ਼ਾਂ ਦਾ ਹਾਰ ਗਲ ਵਿਚ ਪਾਉਂਦੇ ਅਤੇ ਜੀਵਨ-ਦਾਨ ਹਰ ਜੀਵ ਦੀ ਤਲੀ ‘ਤੇ ਧਰਦੇ। ਪਹਾੜ ਤੰਦਰੁਸਤੀ, ਤਾਂਘ, ਤਮੰਨਾਵਾਂ ਅਤੇ ਤ੍ਰਿਪਤੀ ਦੀ ਅਜਿਹੀ ਜੁਗਤੀ ਤੁਹਾਡੇ ਨਾਮ ਕਰਦੇ ਕਿ ਤੁਹਾਡੇ ਲਈ ਜੀਵਨ ਦੇ ਅਰਥ ਹੀ ਬਦਲ ਜਾਂਦੇ।
ਕਦੇ ਸੋਚਿਆ ਜੇ ਕਿ ਜਿ਼ੰਦਗੀ ਦਾ ਕੀ ਅਰਥ ਹੈ? ਜਿ਼ੰਦਗੀ ਸਾਥੋਂ ਕੀ ਮੰਗਦੀ ਹੈ? ਅਸੀਂ ਜਿ਼ੰਦਗੀ ਨੂੰ ਕੀ ਦੇ ਰਹੇ ਹਾਂ? ਸਾਨੂੰ ਜਿ਼ੰਦਗੀ ਨੂੰ ਕੀ ਦੇਣਾ ਚਾਹੀਦਾ ਹੈ? ਜਿੰ਼ਦਗੀ ਨੂੰ ਖੂਬਸੂਰਤ ਬਣਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ? ਪਰ ਅਸੀਂ ਕੀ ਕਰ ਰਹੇ ਹਾਂ? ਜਿ਼ੰਦਗੀ ਦੇ ਸਰੋਕਾਰਾਂ ਦੀ ਬਾਤ ਪਾਉਣ ਦੀ ਤਾਂ ਸਾਡੇ ਕੋਲ ਵਿਹਲ ਹੀ ਨਹੀਂ। ਤਾਂ ਹੀ ਅਸੀਂ ਜਿ਼ੰਦਗੀ ਨੂੰ ਸਿਰਫ਼ ਸਾਲਾਂ ਵਿਚ ਮਿਣਨ ਜੋਗੇ। ਇਸ ਮਾਨਸਿਕਤਾ ਨੂੰ ਨਿਕਾਰੋ। ਜਿ਼ੰਦਗੀ ਨੂੰ ਜਿਊਣ ਜੋਗੇ ਅਤੇ ਮਾਣੇ ਪਲਾਂ ਦਾ ਨਾਮ ਦੇਵੋਗੇ ਤਾਂ ਜਿ਼ੰਦਗੀ ਤੁਹਾਨੂੰ ਆਪਣੀ ਗਲਵਕੜੀ ਵਿਚ ਲੈਂਦੀ, ਤੁਹਾਡੇ ਲਈ ਸੁਖਨ ਅਤੇ ਸਕੂਨ ਦਾ ਸਬੱਬ ਬਣੇਗੀ। ਤੁਹਾਡੀਆਂ ਬਲਾਵਾਂ ਵੀ ਉਤਾਰੇਗੀ ਅਤੇ ਤੁਹਾਨੂੰ ਦੁਆਵਾਂ ਨਾਲ ਨਿਵਾਜੇਗੀ।
ਮਾਯੂਸੀ ਦੇ ਆਲਮ ਵਿਚ ਜਿ਼ੰਦਗੀ ਦਾ ਮਰਸੀਆ ਪੜ੍ਹਨ ਵਾਲਿਓ! ਧੜਕਦਾ ਗੀਤ ਬਣੋ ਜਿਸ ਵਿਚ ਉਤਸ਼ਾਹ, ਉਮਾਹ ਅਤੇ ਤਲਬਗੀਰੀ ਜਾਗਦੀ ਹੋਵੇ। ਹਿੰਮਤ, ਹੌਂਸਲਾ, ਹੱਠ ਅਤੇ ਹਮਦਰਦੀ ਦੀ ਭਾਵਨਾ ਹੋਵੇ। ਖਾਲੀ ਬਸਤਿਆਂ ਨੂੰ ਅੱਖਰਾਂ ਦਾ ਦਾਨ ਮਿਲੇ। ਭੁੱਖੇ ਢਿੱਡਾਂ ਲਈ ਰੋਟੀ ਦੀ ਬੁਰਕੀ ਹੋਵੇ। ਸੁਪਨਹੀਣਾਂ ਲਈ ਸੁਪਨੇ ਹੋਣ। ਹਾਰਿਆਂ ਲਈ ਜਿੱਤਾਂ ਦੇ ਪ੍ਰਚਮ ਹੋਣ। ਨਿਰਾਸ਼ਤਾ ਦੀ ਗਹਿਰ ਵਿਚ ਡੁੱਬਿਆਂ ਲਈ ਸੂਹੇ ਅੰਬਰ ਦਾ ਚੰਦੋਆ ਹੋਵੇ। ਬੰਦੇ ਦੇ ਹੋਠਾਂ ‘ਤੇ ਬੰਦਿਆਈ ਹੋਵੇ। ਕਿਰਤੀਆਂ ਦੀ ਕਰਮਯੋਗਤਾ ਦਾ ਨਾਦ ਹੋਵੇ ਅਤੇ ਇਸ ਵਿਚ ਸੁਰਬੱਧ ਜਿ਼ੰਦਗੀ ਦਾ ਰਿਆਜ਼ ਹੋਵੇ ਕਿਉਂਂਕਿ ਜਿ਼ੰਦਗੀ ਅਜੇਹੀ ਬੇਨਿਆਜ਼ ਕਿ ਜਿਸਦੀ ਸਾਹ-ਸੁਰੰਗੀ ਵਿਚੋਂ ਜੀਵਨ ਸੰਧੂਰੀ ਭਾਅ ਮਾਰਦਾ।
ਜਿ਼ੰਦਗੀ ਦੀ ਤਾਸੀਰ ਵਿਚੋਂ ਉਮਰ ਦੀ ਧੂੜ ਨੂੰ ਪੂੰਝਣ ਲਈ ਬਹੁਤ ਜ਼ਰੂਰੀ ਹੁੰਦਾ ਕਿ ਧੂੜ ਨਾਲ ਲੱਥਪੱਥ ਬੰਦ ਅਲਮਾਰੀ ਵਿਚ ਪਈਆਂ ਉਨ੍ਹਾਂ ਪੁਸਤਕਾਂ ਨੂੰ ਝਾੜੋ ਜੋ ਤੁਹਾਡਾ ਸਾਥ ਲੋਚਦੀਆਂ ਲੋਚਦੀਆਂ ਸਿਉਂਕ ਦਾ ਸਿ਼ਕਾਰ ਹੋ ਗਈਆਂ। ਤੁਹਾਡੇ ਕੋਲ ਨਹੀਂ ਸੀ ਫੁਰਸਤ। ਪਾਟੇ ਵਰਕੇ, ਖਸਤਾ ਹਾਲਤ ਜਿਲਦਾਂ ਅਤੇ ਜੰਗਾਲੇ ਜਿ਼ੰਦਰਿਆਂ ਦੀਆਂ ਕੈਦੀ ਬਣੀਆਂ ਕਿਤਾਬਾਂ ਦੀ ਕਹਾਣੀ, ਅਲਮਾਰੀ ਦੀ ਜ਼ੁਬਾਨੀ ਸੁਣੋ। ਤੁਹਾਡੇ ਲਈ ਇਨ੍ਹਾਂ ਦੀ ਦਰਦ-ਗਾਥਾ ਔਖੀ ਹੋ ਜਾਊ ਉਲਥਾਣੀ। ਇਨ੍ਹਾਂ ਦੇ ਵਰਕਿਆਂ ‘ਤੇ ਲਟ-ਲਟ ਬਲਦੇ ਨੇ ਹਰਫ਼, ਵਾਕਾਂ ਵਿਚ ਦੀਵਿਆਂ ਵਾਂਗ ਜਗਦੇ ਨੇ ਸ਼ਬਦ ਅਤੇ ਸ਼ਬਦਾਂ ਦੀ ਸਰਜ਼ਮੀਂ ‘ਤੇ ਟਿਮਟਿਮਾਉਂਦੇ ਨੇ ਅਰਥਾਂ ਦੇ ਜੁਗਨੂੰ ਜਿਨ੍ਹਾਂ ਨੇ ਤੁਹਾਡੇ ਲਈ ਜਿ਼ੰਦਗੀ ਦੀ ਸਹੀ ਅਰਥਕਾਰੀ ਕਰਨੀ ਹੈ। ਕਿਤਾਬਾਂ ਦਾ ਸੰਗ ਸੱਭ ਤੋਂ ਉਤਮ। ਇਸਦੀ ਰਹਿਬਰੀ ਵਿਚ ਸਦਾ ਲਈ ਉਤਰ ਜਾਂਦੀ ਹੈ ਜਿ਼ੰਦਗੀ ਦੇ ਮੱਥੇ ਤੋਂ ਸਾਲਾਂ ਦੀ ਧੂੜ। ਜੇਕਰ ਇਕ ਕਿਤਾਬ ਤੁਹਾਡੇ ਲਈ ਬਹੁਤ ਸਾਰੀਆਂ ਕਿਤਾਬਾਂ ਦੀ ਸਿਰਜਣਾ ਦਾ ਆਧਾਰ ਬਣਦੀ ਹੈ ਤਾਂ ਕਿਤਾਬ ਦੀ ਸ਼ੁਕਰਗੁਜ਼ਾਰੀ ਵਿਚ ਆਪਣੀ ਉਮਰ ਨੂੰ ਭੁਲਾ ਦੇਵੋ। ਤੁਹਾਡੇ ਸਾਹ ਸਦਾ ਰਿਣੀ ਰਹਿਣਗੇ।
ਉਮਰ ਨੂੰ ਵਗਾਹ ਕੇ ਮਾਰਨ ਲਈ ਜ਼ਰੂਰੀ ਹੁੰਦਾ ਕਿ ਕਦੇ ਬੱਚਿਆਂ ਨਾਲ ਬੱਚੇ ਬਣੋ। ਉਨ੍ਹਾਂ ਨਾਲ ਤਾਸ਼ ਖੇਡੋ, ਕੈਰਮ ਬੋਰਡ ਖੇਡੋ ਤੇ ਰੋਲ-ਘਛੋਲੇ ਮਾਰੋ। ਪਾਣੀ ਦੇ ਛਿੱਟਿਆਂ ਨਾਲ ਖੁਦ ਨੂੰ ਭਿਉਂ ਕੇ ਬੱਚਿਆਂ ਨੂੰ ਨੁੱਚੜਨ ਲਾਓ। ਕਦੇ ਉਨ੍ਹਾਂ ਨਾਲ ਝੀਲ ਦੇ ਸ਼ਾਂਤ ਪਾਣੀਆਂ ਵਿਚ ਮੱਛੀਆਂ ਨੂੰ ਫੜਦਿਆਂ ਸਮਾਂ ਬਿਤਾਓ। ਮੱਛੀ ਦੇ ਕੁੰਡੀ ਵਿਚ ਫਸਣ ਅਤੇ ਫਿਰ ਉਸਨੂੰ ਝੀਲ ਵਿਚ ਸੁੱਟਣ ਸਮੇਂ ਬੱਚੇ ਦੇ ਮੁੱਖ ‘ਤੇ ਪਸਰੀ ਖੁਸ਼ੀ ਨੂੰ ਨਿਹਾਰੋ, ਤੁਹਾਡੇ ਲਈ ਉਮਰ ਦੇ ਕੋਈ ਅਰਥ ਨਹੀਂ ਰਹਿ ਜਾਣਗੇ। ਉਨ੍ਹਾਂ ਨਾਲ ਬੋਟਿੰਗ ਕਰੋ ਤਾਂ ਦੇਖਣਾ ਕਿ ਪਾਣੀ ਦੀਆਂ ਪੈਦਾ ਹੋ ਰਹੀਆਂ ਲਹਿਰਾਂ ਵਿਚ ਬਣ ਰਹੇ ਅਕਾਰ ਕਿੰਨੇ ਰੂਪ ਅਖਤਿਆਰ ਕਰਦੇ। ਇਨ੍ਹਾਂ ਨੂੰ ਦੇਖਦਿਆਂ ਤੁਹਾਡੇ ਚੇਤਿਆਂ ਵਿਚੋਂ ਹੀ ਵਿਸਰ ਜਾਂਦਾ ਹੈ ਕਿ ਤੁਸੀਂ ਉਮਰ-ਦਰਾਜ਼ ਹੋ।
ਸਾਲਾਂ ਦੀ ਗਿਣਤੀ ਨੂੰ ਵਧਣ ਤੋਂ ਨਹੀਂ ਰੋਕਿਆ ਜਾ ਸਕਦਾ। ਪਰ ਅਸੀਂ ਉਮਰ ਨੂੰ ਤਾਂ ਖਲਿਆਰ ਸਕਦੇ ਹਾਂ। ਇਸਨੂੰ ਠਹਿਰ ਜਾਣ ਲਈ ਹੁਕਮ ਕਰ ਸਕਦੇ ਹਾਂ ਕਿਉਂਕਿ ਇਹ ਸਾਡੇ ਹੱਥ ਹੁੰਦਾ। ਸੁਪਨੇ ਲੈਣ ਤੋਂ ਕੌਣ ਰੋਕੇਗਾ? ਪੜ੍ਹਨ ਤੋਂ ਕਿਸੇ ਨੇ ਨਹੀਂ ਰੋਕਣਾ? ਨਾ ਹੀ ਗਿਆਨ-ਪ੍ਰਾਪਤੀ ਤੋਂ ਕੋਈ ਹੋੜ ਸਕਦਾ? ਨਹੀਂ ਕੋਈ ਰੋਕ ਸਕਦਾ ਰਾਂਗਲੇ ਦਿਨਾਂ ਦੀ ਕਲਾ-ਨਿਕਾਸ਼ੀ ਕਰਨ ਤੋਂ? ਨਾ ਹੀ ਖੁਆਬਾਂ, ਖਿ਼ਆਲਾਂ ਅਤੇ ਖ਼ਬਤਾਂ ਲਈ ਕੋਈ ਖੜੋਤ ਹੁੰਦੀ? ਕਲਾਕਾਰੀ, ਕਲਮਕਾਰੀ, ਕਿਰਤਕਾਰੀ ਅਤੇ ਕਰਮਯੋਗਤਾ ਨੂੰ ਕੋਈ ਨਹੀਂ ਹੋੜ ਸਕਦਾ ਅਤੇ ਨਾ ਹੀ ਕੋਈ ਸਫਿ਼ਆਂ ‘ਤੇ ਉਗੀ ਸੁੱਚੇ ਸ਼ਬਦਾਂ ਦੀ ਵਰਣਮਾਲਾ ਨੂੰ ਉਗਣ ਤੋਂ ਰੋਕ ਸਕਦਾ।
ਜਿ਼ੰਦਗੀ ਘੁੱਟ-ਘੁੱਟ ਕੇ ਮਰਨ ਦਾ ਨਾਮ ਨਹੀਂ ਅਤੇ ਨਾ ਹੀ ਤਰਸ, ਤੜਪ ਤੇ ਤ੍ਰਹਿਣ ਦੇ ਪਾਤਰ ਬਣੇ ਰਹਿਣ ਵਿਚ। ਇਸਨੂੰ ਜਿ਼ੰਦਾਦਿਲ਼ੀ ਨਾਲ ਜਿਊਣਾ, ਜਿ਼ੰਦਗੀ ਦਾ ਸੁੱਚਾ ਹਰਫ਼ਨਾਮਾ। ਇਸ ਲਈ ਜ਼ਰੂਰੀ ਹੈ ਕਿ ਵਕਤ-ਬ-ਵਕਤ ਆਪਣੀ ਮਾਨਸਿਕਤਾ ਵਿਚੋਂ ਸਾਲਾਂ ਦੀ ਝਾੜ-ਪੂੰਝ ਕਰਦੇ ਰਹੋ। ਜ਼ਰੂਰੀ ਹੁੰਦਾ ਹੈ ਕਿ ਉਮਰ ਦੇ ਆਖਰੀ ਪਹਿਰ ਨੂੰ ਰੱਜ ਕੇ ਜੀਓ। ਆਪਣਿਆਂ ਦੇ ਮੋਢੇ ‘ਤੇ ਆਖਰੀ ਸਫ਼ਰ ‘ਤੇ ਜਾਣ ਲੱਗਿਆਂ ਕਬਰ ਦਾ ਸਫ਼ਰ ਮੁਕੰਮਲ ਕਰੋ। ਤੁਹਾਡੇ ਜਨਾਜ਼ੇ ਵਿਚ ਸ਼ਾਮਲ ਹਰ ਸਖ਼ਸ਼ ਦੇ ਮੂੰਹੋਂ ਇਹ ਨਿਕਲੇ ਕਿ ਵਾਹ! ਕੇਹੀ ਪਿਆਰੀ ਅਤੇ ਭਰਪੂਰ ਜਿ਼ੰਦਗੀ ਜੀਅ ਕੇ ਇਸ ਨੇ ਆਪਣੇ ਸਾਹਾਂ ਨੂੰ ਆਖਰੀ ਅਲਵਿਦਾ ਕਹੀ। ਤੇ ਉਹ ਸੋਚਣ ਕਾਸ਼! ਸਾਡੇ ਹਿੱਸੇ ਵੀ ਅਜਿਹੀ ਜਿ਼ੰਦਗੀ ਵਰਗਾ ਹਰ ਪੜਾਅ ਆਵੇ। ਅਸੀਂ ਵੀ ਜਿ਼ੰਦਗੀ ਦੀ ਰੁਖਸਤਗੀ ਨੂੰ ਅਜਿਹੇ ਮਾਣਮੱਤੇ ਰੂਪ ਵਿਚ ਮਾਣ ਸਕੀਏ ਅਤੇ ਇਸ ਫਾਨੀ ਸੰਸਾਰ ਤੋਂ ਹੱਸਦੇ ਹੱਸਦੇ ਵਿਦਾ ਹੋਈਏ।