ਕਮਲਜੀਤ ਸਿੰਘ
ਫੋਨ: 510-284-7106
ਫਰੀਮਾਂਟ (ਅਮਰੀਕਾ)
ਪੰਜਾਬ ਟਾਈਮਜ਼ ਦੇ ਪਹਿਲੀ ਅਕਤੂਬਰ 2022 ਦੇ ਅੰਕ ਵਿਚ ਗੁਲਜ਼ਾਰ ਸਿੰਘ ਸੰਧੂ ਦਾ ਅਮੋਲਕ ਸਿੰਘ ਜੰਮੂ ਬਾਰੇ ਲਿਖੀ ਪੁਸਤਕ ਦੇ ਹਵਾਲੇ ਨਾਲ ਲਿਖਿਆ ਲੇਖ ਪੜ੍ਹ ਕੇ ਅਜ ਤੋਂ 30-40 ਸਾਲ ਪਹਿਲਾਂ ਵਾਲੇ ਪੱਤਰਕਾਰਾਂ ਦੀ ਯਾਦ ਤਾਜਾ ਹੋ ਗਈ। ਸੁਰਿੰਦਰ ਤੇਜ ਵਲੋਂ ਅਮੋਲਕ ਸਿੰਘ ਜੰਮੂ ਬਾਰੇ ਸੰਪਾਦਿਤ ਕੀਤੀ ਪੁਸਤਕ (ਅਮੋਲਕ ਹੀਰਾ: ਯਾਦਾਂ ਤੇ ਯੋਗਦਾਨ) ਤੋਂ ਪਤਾ ਲਗਦਾ ਹੈ ਕਿ ਅਮੋਲਕ ਸਿੰਘ ਨੇ ਅਮਰੀਕ ਆ ਕੇ ਸਪਤਾਹਿਕ ਅਖਬਾਰ ਸ਼ੁਰੂ ਕਰਕੇ ਪੰਜਾਬ ਦੀ ਰਾਜਨੀਤੀ, ਸਾਹਿਤ ਅਤੇ ਸਭਿਆਚਾਰ ਦਾ ਪ੍ਰਚਮ ਬੁਲੰਦ ਕੀਤਾ ਅਤੇ ਆਪਣੀ ਨਾਮੁਰਾਦ ਬਿਮਾਰੀ ਦੇ ਬਾਵਜੂਦ ਆਖਰੀ ਸਾਹ ਤਕ ਆਪਣੇ ਮਿਸ਼ਨ ‘ਤੇ ਪੂਰੀ ਸਿ਼ਦਤ ਨਾਲ ਪਹਿਰਾ ਦਿਤਾ।
ਇਹ ਅਮੋਲਕ ਸਿੰਘ ਜੰਮੂ ਹੀ ਸੀ, ਜਿਸ ਨੇ ਇਸ ਬਿਗਾਨੀ ਧਰਤੀ ‘ਤੇ ਪੰਜਾਬੀ ਪੱਤਰਕਾਰੀ ਦੀਆਂ ਨੀਹਾਂ ਰਖੀਆਂ ਤੇ ਇਸ ਨੂੰ ਪੰਜਾਬੀ ਟ੍ਰਿਬਿਊਨ ਦੇ ਮਿਆਰ ‘ਤੇ ਖੜਾ ਰਖਿਆ। ਗੁਲਜ਼ਾਰ ਸੰਧੂ ਨੇ ਆਪਣੇ ਹੋਰ ਸਹਿਕਰਮੀਆਂ ਦਾ ਹਵਾਲਾ ਦੇ ਕੇ ਚਾਰ ਦਹਾਕੇ ਪਹਿਲਾਂ ਵਾਲੀ ਸਿਆਸਤ ਅਤੇ ਪੱਤਰਕਾਰਾਂ ‘ਤੇ ਮੁੜ ਨਜ਼ਰ ਮਾਰਨ ਦਾ ਮੌਕਾ ਦਿਤਾ ਹੈ। ਇਹ ਕਿਤਾਬ ਅਮਰੀਕਾ ਵਿਚ ਪੰਜਾਬੀ ਬੋਲੀ ਦੇ ਸਫਰ ਵਿਚ ਮੀਲ ਪੱਥਰ ਵਾਂਗ ਯਾਦ ਕੀਤੀ ਜਾਵੇਗੀ।
ਪੁਸਤਕ ਪੜ੍ਹ ਕੇ ‘ਪੰਜਾਬੀ ਟ੍ਰਿਬਿਊਨ’ ਬਾਰੇ ਅਨੇਕਾਂ ਯਾਦਾਂ ਤਾਜਾ ਹੋ ਗਈਆਂ ਹਨ ਅਤੇ ਉਸ ਦੇ ਸਾਰੇ ਸਟਾਫ ਮੈਂਬਰਾਂ ਨੂੰ ਪ੍ਰਣਾਮ ਕਹਿਣ ਦਾ ਮਨ ਕਰ ਆਇਆ ਹੈ। ਸਾਲ 1978 ਦਾ ਇਹ ਉਹ ਸਮਾਂ ਸੀ, ਜਦੋਂ ਪੰਜਾਬੀ ਪ੍ਰੈਸ (ਖਾਸ ਕਰਕੇ ਜਲੰਧਰ ਤੋਂ ਛਪਣ ਵਾਲੀ ਪ੍ਰੈਸ) ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਸੀ। ਪੰਜਾਬੀ ਵਿਚ ਛਪਣ ਵਾਲੇ ਅਖਬਾਰ ਸਿੱਖ ਧਰਮ ਅਤੇ ਹਿੰਦੀ ਪ੍ਰੈਸ ਰਾਸ਼ਟਰਵਾਦ ਦੇ ਸਹਾਰੇ ਆਪਣਾ ਕਾਰੋਬਾਰ ਵਧਾਉਣ ਵਿਚ ਰੁਝੇ ਹੋਏ ਸਨ। ਇਸੇ ਦੌੜ ਵਿਚ ‘ਜੱਗਬਾਣੀ’ ਅਤੇ ‘ਹਿੰਦੀ ਅਜੀਤ’ ਨੇ ਜਨਮ ਲਿਆ ਸੀ। ਪੇਂਡੂ ਜਾਂ ਉਹ ਪਾਠਕ, ਜਿਨ੍ਹਾਂ ਨੂੰ ਮੁਤਾਸਰ ਕੀਤਾ ਜਾ ਸਕਦਾ ਸੀ, ਇਨ੍ਹਾਂ ਵਿਉਪਾਰੀ ਪੱਤਰਕਾਰਾਂ ਦੇ ਨਿਸ਼ਾਨੇ ‘ਤੇ ਸਨ।
ਇਸ ਮਾਹੌਲ ਵਿਚ ‘ਪੰਜਾਬੀ ਟ੍ਰਿਬਿਊਨ’ ਨੇ ਜਨਮ ਲੈ ਕੇ ਪਾਠਕ ਨੂੰ ਸਮਤੋਲ, ਨਿਰਪੱਖ ਅਤੇ ਗੈਰ ਵਪਾਰਕ ਸੇਧ ਦੇਣ ਦੀ ਕੋਸਿ਼ਸ਼ ਕੀਤੀ, ਜਿਸ ਦਾ ਹਿੱਸਾ ਉਹ ਸਾਰੀਆਂ ਸ਼ਖਸੀਅਤਾਂ ਬਣੀਆਂ, ਜਿਸ ਦਾ ਜਿ਼ਕਰ ਗੁਲਜ਼ਾਰ ਸਿੰਘ ਸੰਧੂ ਨੇ ਕੀਤਾ ਹੈ। ਇਨ੍ਹਾਂ ਸ਼ਖਸੀਅਤਾਂ ਵਿਚ ਅਮੋਲਕ ਸਿੰਘ ਜੰਮੂ ਨੂੰ ਯਾਦ ਕਰਨਾ ਬਣਦਾ ਹੀ ਸੀ, ਜੋ ਆਪਣੇ ਨਿਰਪੱਖ ਅਤੇ ਗੈਰ-ਵਪਾਰਕ ਨਜ਼ਰੀਏ ‘ਤੇ ਡਟਿਆ ਰਿਹਾ। ਅੱਜ ਅਮਰੀਕਾ ਅਤੇ ਕੈਨੇਡਾ ਵਿਚ ‘ਪੰਜਾਬ ਟਾਈਮਜ਼’ ਨੂੰ ਉਹੀ ਇੱਜਤ-ਮਾਣ ਹਾਸਲ ਹੈ, ਜੋ ‘ਪੰਜਾਬੀ ਟ੍ਰਿਬਿਊਨ’ ਨੂੰ ਮਿਲਿਆ ਸੀ। ਹੁਣ ਤਾਂ ਅਮਰੀਕਾ ਵਿਚ ‘ਪੰਜਾਬ ਟਾਈਮਜ਼’ ਤੋਂ ਬਿਨਾ ਹੋਰ ਕੋਈ ਪੰਜਾਬੀ ਅਖਬਾਰ ਛਪਦਾ ਨਹੀਂ, ਪਰ ਕਰੋਨਾ ਤੋਂ ਪਹਿਲਾਂ ਜਿਹੜੇ ਛਪਦੇ ਵੀ ਸਨ, ਉਹ ਵਪਾਰਕ ਟੀਚੇ ਨੂੰ ਮੁਖ ਰਖ ਕੇ ਭੜਕਾਊ ਸਮੱਗਰੀ ਨੂੰ ਵੇਚਣ ਦਾ ਜਰੀਆ ਬਣਦੇ ਸਨ। ਇਨ੍ਹਾਂ ਪਰਚਿਆਂ ਵਿਚ ਕਾਮ-ਵਾਸਨਾ ਭਰੀਆਂ ਕਹਾਣੀਆਂ, ਤਸਵੀਰਾਂ ਅਤੇ ਜਾਦੂ-ਟੂਣੇ ਦੇ ਇਸ਼ਤਿਹਾਰ ਆਮ ਹੁੰਦੇ ਅਤੇ ਕੁਝ ਇਕ ਧਰਮ ਦੀ ਕੱਟੜਤਾ ਜਾਂ ਦੂਸਰੇ ਧਰਮਾਂ ‘ਤੇ ਕੀਟਾ-ਕਟਾਖਸ਼ ਕਰਨ ਨੂੰ ਧਾਰਮਕ ਸਥਾਨਾਂ ਨਾਲ ਜੁੜੇ ਲੋਕਾਂ ਤੋਂ ਇਸ਼ਤਿਹਾਰ ਲੈਣ ਦਾ ਸੋਮਾ ਸਮਝਦੇ।
ਸੁਰਿੰਦਰ ਤੇਜ ਨੇ ਜਿਹੜੀ ਚੋਣ ਕੀਤੀ ਹੈ, ਉਸ ਵਿਚ ਅਮੋਲਕ ਨੇ ਆਪਣੇ ਸੰਘਰਸ਼ ਦੇ ਸਾਲਾਂ ਨੂੰ ਬੜੇ ਸਜੀਵ ਅੰਦਾਜ਼ ਵਿਚ ਪੇਸ਼ ਕੀਤਾ ਹੈ ਅਤੇ ਆਪਣੇ ਸੰਘਰਸ਼ ਦੀ ਸਾਰੀ ਕੜਵਾਹਟ ਦੇ ਬਾਵਜੂਦ ‘ਟ੍ਰਿਬਿਊਨ’ ਦੇ ਆਪਣੇ ਸਾਰੇ ਸਾਥੀਆਂ ਬਾਰੇ ਬੜੇ ਖੁਲ੍ਹੇ ਮਨ ਨਾਲ ਜਾਣਕਾਰੀ ਦਿਤੀ ਹੈ। ਪੁਸਤਕ ਦਾ ਤੀਸਰਾ ਹਿੱਸਾ ਵਿਸ਼ੇਸ਼ ਤੌਰ ‘ਤੇ ਦਿਲਚਸਪ ਹੈ, ਜਿਸ ਵਿਚ ‘ਪੰਜਾਬ ਟਾਈਮਜ਼’ ਵਿਚ ਸਮੇਂ ਸਮੇਂ ਸਿਰ ਛਪੇ ਉਮਦਾ ਲੇਖ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਲੇਖਾਂ ਵਿਚੋਂ ਐਸ ਵਾਈ ਐਲ ਨਹਿਰੀ ਵਿਵਾਦ ਬਾਰੇ ਸ. ਪਾਲ ਸਿੰਘ ਢਿਲੋਂ ਦਾ ਲੇਖ ਵਿਸ਼ੇਸ਼ ਤੌਰ ‘ਤੇ ਜਿ਼ਕਰਯੋਗ ਹੈ। ਇਹ ਵਿਵਾਦ ਅਜ ਵੀ ਜਾਰੀ ਹੈ ਅਤੇ ਮੈਂ ਕਾਮਨਾ ਕਰਦਾ ਹਾਂ ਕਿ ਹਿੰਦੁਸਤਾਨ ਦੇ ਰਹਿਬਰ ਅਜ ਵੀ ਉਸ ਤੋਂ ਸੇਧ ਲੈ ਸਕਦੇ ਹਨ। ਇਸੇ ਤਰ੍ਹਾਂ ਸ. ਕਪੂਰ ਸਿੰਘ ਦਾ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਡਾ ਜਸਬੀਰ ਸਿੰਘ ਆਹਲੂਵਾਲੀਆ ਦਾ ਜਾਣਕਾਰੀ ਭਰਪੂਰ ਲੇਖ ਪੜ੍ਹ ਕੇ ਉਸ ਸਮੇਂ ਦੇ ਸੁਰਜੀਤ ਸਿੰਘ ਬਰਨਾਲਾ ਵਰਗੇ ਅਕਾਲੀ ਨੇਤਾਵਾਂ ਦੀ ਅਕਲ ‘ਤੇ ਹੈਰਾਨੀ ਹੁੰਦੀ ਹੈ ਕਿ ਸ. ਕਪੂਰ ਸਿੰਘ ਨੇ ਅਕਾਲੀ ਆਗੂਆਂ ਨੂੰ ਬੇਵਕੂਫ ਕਿੰਜ ਬਣਾਇਆ।
ਕਿਤਾਬ ਮੈਂ ਪਹਿਲਾਂ ਹੀ ਪੜ੍ਹ ਲਈ ਸੀ ਪਰ ਗੁਲਜ਼ਾਰ ਸੰਧੂ ਦਾ ਲੇਖ ਪੜ੍ਹ ਕੇ ਉਸ ਨੂੰ ਨਵੇਂ ਸਿਰਿਓਂ ਪੜ੍ਹਣ ਦਾ ਮਨ ਕਰ ਆਇਆ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਜੁੜੇ ਲੋਕਾਂ ਵਿਚ ਗੁਰਦਿਆਲ ਬੱਲ ਦਾ ਨਾਂ ਪੜ੍ਹ ਕੇ ਦਿਮਾਗੀ ਨਸਾਂ ਤਣਾਓਮੁਕਤ ਹੋ ਗਈਆਂ, ਕਿਉਂਕਿ ਉਸਦੇ ਮਲੰਗਪੁਣੇ ਨੇ ਜਿੰਦਗੀ ਨੂੰ ਸੌਖਿਆਂ ਜੀਣ ਦਾ ਸਾਥ ਨਹੀਂ ਛਡਿਆ। ਉਸ ਦੀ ਗੱਲ-ਬਾਤ ਵਿਚ ਅਜ ਵੀ ਮਲੰਗਪੁਣਾ, ਬੇਫਿਕਰੀ, ਧਾਮਿਕ ਕੱਟੜਤਾ ਤੋਂ ਦੂਰ ਸੋਚ ਅਤੇ ਤਰਕ ਭਰੀ ਦਲੀਲ ਦੀ ਖੁਸ਼ਬੋ ਮੌਜੂਦ ਹੈ। ਪੁਸਤਕ ਪੜ੍ਹ ਕੇ ਸਭ ਤੋਂ ਵੱਧ ਹੈਰਾਨੀ ਮੈਨੂੰ ਇਸ ਗੱਲ ‘ਤੇ ਹੋਈ ਕਿ ਬੱਲ ਵਰਗੇ ਬੰਦੇ ਦੀ ਕਰਮਜੀਤ ਵਰਗੇ ਇਨਸਾਨ ਨਾਲ ਕਿਵੇਂ ਨਿਭੀ ਗਈ। ਪੰਜਾਬੀਆਂ ਦੇ ਇਨੇ ਭਾਰੀ ਦਹਿਸ਼ਤ ਤੇ ਵਹਿਸ਼ਤ ਦੇ ਦੌਰ ‘ਚੋਂ ਲੰਘਣ ਦੇ ਬਾਵਜੂਦ ਕਰਮਜੀਤ ਨੇ ਅਜਕਲ੍ਹ ਫੇਸਬੁਕ ‘ਤੇ ਪੋਸਟਾਂ ਪਾ ਪਾ ਕੇ ਅੰਮ੍ਰਿਤਪਾਲ ਸਿੰਘ ਦਾ ਝੰਡਾ ਪੂਰੇ ਜਾਹੋ-ਜਲਾਲ ਨਾਲ ਚੁਕਿਆ ਹੋਇਆ ਹੈ।
ਗੁਰਮੁਖੀ ਅਖਬਾਰਾਂ ਨੂੰ ਬੇਭਰੋਸਗੀ, ਹੇਠਲੇ ਦਰਜੇ ਦਾ ਰੁਤਬਾ ਅਤੇ ਗੈਰ ਦਿਆਨਤਦਾਰੀ ਦਾ ਲੇਬਲ ਦੇਣ ਵਿਚ ਇਨ੍ਹਾਂ ਅਖਬਾਰਾਂ ਦੀ ਸੰਪਾਦਕੀ ਨੀਤੀ ਜਿੰਮੇਵਾਰ ਹੈ/ਸੀ, ਜਿਸ ਨੂੰ ਗੁਲਜ਼ਾਰ ਸੰਧੂ ਨੇ ਸੰਪਾਦਕ ਦੇ ਤੌਰ ‘ਤੇ ਅਤੇ ਅਮਰੀਕਾ ਵਿਚ ਅਮੋਲਕ ਸਿੰਘ ਨੇ ਇਹ ਲੇਬਲ ਲਾਹੁਣ ਵਿਚ ਹਿੱਸਾ ਪਾਇਆ। ਸੁਰਿੰਦਰ ਤੇਜ ਮੁਬਾਰਕ ਅਤੇ ਧੰਨਵਾਦ ਦਾ ਹੱਕਦਾਰ ਹੈ।