ਚਰਨਜੀਤ ਸਿੰਘ ਪੰਨੂੰ
ਅਮਰੀਕਾ ਵੱਸਦੇ ਲਿਖਾਰੀ ਚਰਨਜੀਤ ਸਿੰਘ ਪਨੂੰ ਦੀ ਕਹਾਣੀ ‘ਦੋਹਰੀ ਕੈਦ’ ਉਨ੍ਹਾਂ ਰਿਸ਼ਤਿਆਂ ਦਾ ਬਿਆਨ ਹੈ ਜਿਨ੍ਹਾਂ ਦਾ ਭਾਰ ਸਦਾ ਔਰਤ ‘ਤੇ ਹੀ ਪੈਂਦਾ ਹੈ। ਇਸ ਕਹਾਣੀ ਅੰਦਰ ਪਰਵਾਸ ਅਤੇ ਪਰਵਾਜ਼ ਵੀ ਬਹੁਤ ਡੂੰਘੇ ਰਮੇ ਹੋਏ ਹਨ। ਇਹ ਵਕਤ-ਵਕਤ ਦੀਆਂ ਉਹ ਬਾਤਾਂ ਹਨ ਜੋ ਇਕ ਪਾਸੇ ਤਾਂ ਜ਼ਿੰਦਗੀ ਦੀ ਕੰਨੀ ਫੜੀ ਰੱਖਦੀਆਂ ਹਨ ਪਰ ਦੂਜੇ ਪਾਸੇ ਅੰਤਾਂ ਦੀਆਂ ਪ੍ਰੇਸ਼ਾਨੀਆਂ ਦਾ ਸਬਬ ਵੀ ਬਣਦੀਆਂ ਹਨ।
‘ਦੋ ਸਾਲ ਹੋ ਗਏ ਮੈਨੂੰ ਵਿਆਹੀ ਨੂੰ ਅਤੇ ਦੋ ਸਾਲ ਹੀ ਹੋ ਗਏ ਮੈਨੂੰ ਛੁੱਟੜ ਹੋਈ ਨੂੰ। ਹਾਏ… ਹਾਏ ਨੀ ਸੁੱਖੀਸਾਂਦੀ! ਮੇਰੀ ਜ਼ਬਾਨ ਸੜ ਜੇ… ਮੇਰਾ ਸੁਹਾਗ ਸਲਾਮਤ ਰਹੇ ਰੱਬ ਕਰਕੇ।’ ਸਾਹਮਣੇ ਵਾਧਰੇ `ਤੇ ਪਈ ਮੇਰੇ ਪਤੀ ਦੀ ਫ਼ੋਟੋ ਘੱਟੇ ਮਿੱਟੀ ਨਾਲ ਲੱਥਪੱਥ ਲਿੱਬੜੀ, ਮੇਰੇ ਵੱਲ ਵੇਖ ਕੇ ਮੁਸਕਰਾ ਰਹੀ ਹੈ। ਦੁਪੱਟੇ ਨਾਲ ਫ਼ੋਟੋ `ਤੇ ਪਿਆ ਘੱਟਾ ਝਾੜਦੀ ਹਾਂ…ਪੂੰਝਦੀ ਹਾਂ। ਇਹ ਫ਼ੋਟੋ ਆਪ ਮੁਹਾਰੇ ਮੇਰੀ ਛਾਤੀ `ਤੇ ਜਾ ਟਿਕਦੀ ਹੈ…। ਦੋ ਸਾਲ ਤੋਂ ਮੈਂ ਇਸੇ ਫ਼ੋਟੋ ਨੂੰ ਪੂਜਦੀ ਰਹੀ ਹਾਂ…ਇਹ ਫ਼ੋਟੋ ਮੇਰਾ ਸੁਹਾਗ ਹੈ, ਇਹੀ ਮੇਰਾ ਜੀਵਨ ਤੇ ਇਹੀ ਮੇਰਾ ਸਭ ਕੁਝ…।
ਸੁੱਖ ਹੋਵੇ ਦੋ-ਤਿੰਨ ਦਿਨ ਤੋਂ ਮੇਰੀ ਸੱਜੀ ਅੱਖ ਫ਼ਰਕ ਰਹੀ ਹੈ…। ਕੋਈ ਚੰਗੀ ਖ਼ਬਰ ਮਿਲੇ…ਖ਼ੁਦਾ ਖੈਰ ਕਰੇ, ਮੇਰਾ ਦਿਲ ਤਾਂ ਅੱਗੇ ਹੀ ਹੌਲਾ ਪੈ ਗਿਆ ਹੌਕੇ ਖਾ ਖਾ ਕੇ…। ਕਿਹੀ ਕੁਲੱਛਣੀ ਘੜੀ ਇਸ ਘਰ ਵਿਚ ਪੈਰ ਪਾਇਆ। ਦੋ ਸਾਲਾਂ ਵਿਚ ਦੋ ਪਹਿਰ ਵੀ ਸੁੱਖ ਦੀ ਘੜੀ ਨਹੀਂ ਦੇਖੀ। ਸਾਰੇ ਦਿਨ-ਰਾਤ ਇੱਦਾਂ ਹੀ ਤੜਫ਼ਦੀ ਨੂੰ ਲੰਘ ਗਏ…ਮੈਂ ਤਾਂ ਚਾਰ ਭੁਆਂਟਣੀਆਂ ਲੈਣ ਦੀ ਹੀ ਚੋਰ ਹੋਈ…ਇਸ ਫ਼ੋਟੋ ਨਾਲ। ਹਾਂ ਇਸ ਗਾਮੇ ਦੀ ਫ਼ੋਟੋ ਨਾਲ…। ਗਾਮਾ! ਜਿਸ ਨੂੰ ਲੋਕੀਂ ਮੇਰਾ ਪਤੀ ਕਹਿੰਦੇ…। ਹੈ ਨਾਂ ਗਾਮਿਆ? ਕੀ ਤੂੰ ਸੱਚਮੁੱਚ ਹੀ ਮੇਰਾ ਪਤੀ ਏਂ? ਮੇਰਾ ਜੀਵਨ ਸਾਥੀ ਏਂ? ਮੇਰੇ ਦੁੱਖ-ਸੁੱਖ ਦਾ ਸ਼ਰੀਕ ਏਂ? ਪਰ ਫ਼ੋਟੋ ਚੁੱਪ ਹੈ। ਤੇ ਉਸ ਦਿਨ…ਉਸ ਪਹਿਲੇ ਦਿਨ, ਜਿਸ ਦਿਨ ਤੂੰ ਘੋੜੀ ਚੜ੍ਹ ਕੇ ਆਉਣਾ ਸੀ…ਸਿਹਰੇ ਲਾ ਕੇ ਢੁਕਣਾ ਸੀ…ਤੇਰੀ ਉਡੀਕ ਸੀ ਮੈਨੂੰ…ਮੈਂ ਏਦਾਂ ਹੀ ਤੜਫ਼ਦੀ ਰਹੀ ਸੀ, ਸਾਰੀ ਰਾਤ। ਉਹ ਦਿਨ ਮੈਨੂੰ ਕਿੱਡਾ ਪਹਾੜ ਜੇਡਾ ਲੱਗਾ ਸੀ। ਹਰ ਪਲ ਹਰ ਘੜੀ…ਮੇਰੇ ਕੰਨ …ਮੇਰੀਆਂ ਅੱਖਾਂ ਬਾਹਰ ਪਿੰਡ ਦੀ ਫਿਰਨੀ ਵੱਲ ਵਿਚਰਦੇ ਰਹੇ, ਜਿੱਧਰੋਂ ਤੂੰ ਆਉਣਾ ਸੀ। ਤੂੰ ਕਦ ਆਏਂ ਤੇ ਕਦ ਮੈਂ ਘੋੜੀ ਚੜ੍ਹ ਕੇ ਚਲੀ ਜਾਵਾਂ ਤੇਰੇ ਨਾਲ…ਕਸ਼ਮੀਰ ਦੀ ਸੈਰ ਨੂੰ…। ਪਰ ਤੂੰ ਨਾ ਆਇਆ।
‘ਖਾਲੀ ਬਰਾਤ। ਲਾੜੇ ਤੋਂ ਸੱਖਣੀ ਬਰਾਤ।’ ਮੇਰੇ ਕੰਨਾਂ ਵਿਚ ਜਿਵੇਂ ਕਿਸੇ ਨੇ ਸਿੱਕਾ ਪਿਘਲਾ ਕੇ ਪਾ ਦਿੱਤਾ ਹੋਵੇ। ਕਸ਼ਮੀਰ ਦੀ ਲੜਾਈ ਲੱਗ ਗਈ ਸੀ…ਤੇਰੀ ਤਾਰ ਆ ਗਈ ਸੀ ‘ਛੁੱਟੀ ਨਹੀਂ ਮਿਲੀ’। ਕਿੰਨਾ ਅਨਰਥ ਹੋਇਆ ਸੀ। ਮਜਬੂਰੀ ਸੀ ਨੱਕ ਰੱਖਣ ਦੀ…ਲਾਜ ਰੱਖਣ ਦੀ…ਸਮਾਜ ਬਰਾਦਰੀ ਵਿਚ। ਸਾਹਾ ਜੂ ਸੁਧਾਇਆ ਹੋਇਆ ਸੀ…ਚੂੜਾ ਜੂ ਪਾਇਆ ਹੋਇਆ ਸੀ। ਮਜਬੂਰੀ ਸੀ ਤੇਰੇ ਮਾਪਿਆਂ ਦੀ ਜਾਂ ਮੇਰੇ ਮਾਪਿਆਂ ਦੀ। ਮੈਥੋਂ ਰੋਂਦੀ ਚੀਕਦੀ ਕੋਲੋਂ ਤੇਰੀ ਫ਼ੋਟੋ ਦੇ ਗਲ ਹਾਰ ਪੁਆ ਦਿੱਤੇ ਗਏ। ਮੈਂ ਰੋਣਾ ਨਹੀਂ ਸੀ ਚਾਹੁੰਦੀ, ਉਨ੍ਹਾਂ ਝੱਲੀਆਂ ਕੁੜੀਆਂ ਵਾਂਗ। ਜੋ ਸੁੱਖੀ ਸਾਂਦੀ ਆਪਣੇ ਜੀਵਨ ਸਾਥੀ ਨਾਲ ਤੁਰਨ ਲੱਗੀਆਂ ਰੋਂਦੀਆਂ ਨੇ। ਪਰ ਸੱਚ ਜਾਣੀਂ ਸੱਜਣਾ। ਉਸ ਦਿਨ ਮੈਂ ਹੀ ਨਹੀਂ, ਮੇਰੀ ਸਾਰੀ ਸਾਕ ਸਕੀਰੀ ਧਰਤੀ ਤੇ ਅਸਮਾਨ ਕੁੱਲ ਭੁੱਬਾਂ ਮਾਰ ਕੇ ਰੋਏ ਸਨ, ਜਿਵੇਂ ਉਸ ਘਰ ਵਿਚ ਸ਼ਾਦੀ ਨਹੀਂ ਸੋਗ ਗ਼ਮੀ ਹੋਈ ਹੋਵੇ। ਤੇ ਫਿਰ ਤੇਰੀ ਫ਼ੋਟੋ ਮੈਨੂੰ ਆਪਣੇ ਲੜ ਲਾ ਕੇ ਤੇਰੇ ਘਰ ਲੈ ਆਈ ਸੀ। ਉਸ ਦਿਨ ਤੋਂ ਮੈਂ ਤੇਰੀ ਇਸ ਫ਼ੋਟੋ ਨੂੰ ਸੰਵਾਰਦੀ ਰਹੀ ਹਾਂ। ਤੇਰੀਆਂ ਨਿਸ਼ਾਨੀਆਂ ਨੂੰ ਪੂਜਦੀ ਰਹੀ ਹਾਂ। ਕਾਂਵਾਂ ਤੋਂ, ਕਬੂਤਰਾਂ ਤੋਂ ਤੇ ਆਣ ਜਾਣ ਵਾਲੀਆਂ ਸਰਦ ਹਵਾਵਾਂ ਤੋਂ ਤੇਰੀ ਸੁੱਖ ਸਾਂਦ ਪੁੱਛਦੀ ਰਹੀ ਹਾਂ। ਤੇਰੀਆਂ ਚਿੱਠੀਆਂ ਆਈਆਂ…ਆਉਂਦੀਆਂ ਰਹੀਆਂ। ਮੈਨੂੰ ਬੜੀਆਂ ਮਿੱਠੀਆਂ ਲੱਗੀਆਂ। ਕਸ਼ਮੀਰ ਦੀ ਲੜਾਈ ਵੇਲੇ ਮੈਂ ਹਰ ਵੇਲੇ ਰਾਤ ਦਿਨ ਇਹੀ ਸੁੱਖਣਾ ਮੰਗਦੀ ਰਹੀ…ਰੱਬਾ ਭੈਣਾਂ ਦੇ ਵੀਰਾਂ ਨੂੰ ਤੱਤੀ `ਵਾ ਨਾ ਲੱਗੇ, ਸਖ਼ੀਆਂ ਦੇ ਸੁਹਾਗ ਸਲਾਮਤ ਰਹਿਣ। ਮਾਂਵਾਂ ਦੇ ਪੁੱਤ ਫੁੱਲਾਂ ਵਾਂਗ ਖਿੜਦੇ ਰਹਿਣ। ਮੁਟਿਆਰਾਂ ਦੇ ਗੱਭਰੂ ਹਰ ਵਕਤ ਉਨ੍ਹਾਂ ਸੰਗ ਹੱਸਦੇ ਰਹਿਣ। ਰੱਬਾ ਇਹ ਲੜਾਈਆਂ ਕਦੇ ਨਾ ਲੱਗਣ।
ਮੈਂ ਸੁੱਖ ਦਾ ਸਾਹ ਲਿਆ ਸੀ ਜਦੋਂ ਇਹ ਲੜਾਈ ਬੰਦ ਹੋ ਗਈ। ਤੇਰੀ ਇੰਤਜ਼ਾਰ ਸ਼ੁਰੂ ਹੋਈ। ਤੇਰੀਆਂ ਚਿੱਠੀਆਂ ਵੀ ਕਮਾਲ ਦੀਆਂ ਆਉਂਦੀਆਂ। ਇਕ ਚਿੱਠੀ ਵਿਚ ਤੂੰ ਆਉਣ ਦਾ ਲਾਰਾ ਲਾਉਂਦਾ ਤੇ ਅਗਲੀ ਵਿਚ ਫਿਰ ਨਾ ਆਉਣ ਦਾ ਨਵੇਂ ਤੋਂ ਨਵਾਂ ਬਹਾਨਾ। ਇਹ ਪੜ੍ਹ-ਪੜ੍ਹ ਕੇ ਮੇਰਾ ਮਨ ਅੱਕ ਗਿਆ। ਮੈਂ ਲਿਖਦੀ, ‘ਸਿਆਲ਼ੀ ਬਰਫ਼ਾਨੀ ਰਾਤਾਂ ਵਿਚ ਮੈਨੂੰ ਬੜੀ ਠੰਢ ਲੱਗਦੀ ਏ ਸੱਜਣਾ! ਛੇਤੀ ਫੇਰਾ ਪਾ ਜਾ ਇਕ ਵੇਰਾਂ।’ ਤਾਂ ਤੂੰ ਲਿਖਦਾ ‘ਠੰਢ ਤੋਂ ਬਚਾਅ ਵਾਸਤੇ ਭਾਰੀ ਰਜਾਈ ਲੈ ਕੇ ਸੌਂ ਜਾਇਆ ਕਰ।’ ਜਦ ਲਿਖਦੀ ‘…ਕਾਲੀਆਂ ਡਰਾਉਣੀਆਂ ਰਾਤਾਂ ਵਿਚ ਮੈਨੂੰ ਬੜਾ ਡਰ ਲੱਗਦਾ ਈ ਢੋਲ ਮਾਹੀਆ `ਕੱਲੀ ਨੂੰ।’ ਤਾਂ ਤੂੰ ਲਿਖਦਾ, ‘ਮੈਂ ਜਲਦੀ ਆ ਕੇ ਕੰਧਾਂ ਉੱਚੀਆਂ ਕਰਾ ਕੇ ਦੇ ਜਾਵਾਂਗਾ, ਡਰਨ ਦੀ ਲੋੜ ਨਹੀਂ.. ਤੂੰ ਮੰਜਾ ਬੇਬੇ ਕੋਲ ਡਾਹ ਲਿਆ ਕਰ।’ ਜੇ ਲਿਖਦੀ ‘ਤੇਰੀ ਯਾਦ ਬੜੀ ਆਉਂਦੀ ਏ ਮੇਰੀ ਜਾਨ…।’ ਤਾਂ ਜੁਆਬ ਮਿਲਦਾ…’ਮੈਂ ਵੀ ਬੜਾ ਯਾਦ ਕਰਦਾ ਹਾਂ ਤੈਨੂੰ… ਪਰ ਤੂੰ ਰੱਬ ਨੂੰ ਯਾਦ ਕਰਿਆ ਕਰ।’ ਜੇ ਕਹਿੰਦੀ, ਸਰੀਰ ਭੱਜਦਾ ਟੁੱਟਦਾ ਏ, ਬਿਮਾਰ ਰਹਿੰਦਾ ਏ… ਤਾਂ ਕਹਿੰਦਾ ‘ਸਿਆਣੇ ਡਾਕਟਰ ਨੂੰ ਦਿਖਾ…।’ ਅੰਨੇ ਅੱਗੇ ਰੋਣਾ ਅੱਖਾਂ ਦਾ ਖਪਾਅ! ਮੇਰੇ ਭੋਲੇ ਢੋਲਣਾ, ਤੈਨੂੰ ਕਿੱਦਾਂ ਸਮਝਾਵਾਂ। ਢਿੱਡ ਨਾਲੋਂ ਸਰੀਰ ਦੀ ਵੀ ਇਕ ਅਮੋੜ ਭੁੱਖ ਹੁੰਦੀ ਏ। ਅੰਬਾਂ ਦੀ ਭੁੱਖ ਅੰਬ ਪਾਪੜ ਨਹੀਂ ਮਿਟਾ ਸਕਦੇ।
ਫੇਰ ਤੇਰੀ ਚਿੱਠੀ ਆਉਂਦੀ, ‘ਹਮਾਰੇ ਸਾਹਿਬ ਨੇ ਬੋਲਾ ਹੈ ਅਗਲੇ ਮਹੀਨੇ ਛੁੱਟੀ ਭੇਜ ਦੂੰਗਾ…।’ ਅਗਲੇ ਮਹੀਨੇ ਚਿੱਠੀ ਆਈ ‘ਛੁੱਟੀ ਤਾਂ ਮਿਲ ਗਈ ਪਰ ਤਨਖ਼ਾਹ ਨਹੀਂ ਮਿਲੀ। ਪਿਛਲੇ ਪੈਸੇ ਸਾਂਭ ਲੁਕੋ ਕੇ ਰੱਖੇ ਸੀ ਚੋਰੀ ਹੋ ਗਏ, ਅਗਲੇ ਮਹੀਨੇ ਦੀ ਤਨਖ਼ਾਹ ਲੈ ਕੇ ਆਵਾਂਗਾ…ਤੇਰੇ ਲਈ ਨਾਲੇ ਸੋਹਣੀ ਜਿਹੀ ਸ਼ਾਲ ਲੈ ਕੇ ਆਵਾਂਗਾ, ਕਸ਼ਮੀਰੀ ਸ਼ਾਲ। ਕਸ਼ਮੀਰੀ ਸੇਬ ਤੇ ਬਦਾਮ। ਕਸ਼ਮੀਰੀ ਸੇਬ ਤੇ ਬਦਾਮ ਖਾ ਕੇ ਕਸ਼ਮੀਰਨਾਂ ਦੇ ਰੰਗ ਕਿੱਦਾਂ ਸੂਹੇ ਲਾਲ ਹੁੰਦੇ ਨੇ…। ਵੇਖੀਂ ਤੇਰਾ ਵੀ ਰੰਗ ਕਿੱਦਾਂ ਨਿੱਖਰਦਾ ਹੈ ਇਹ ਖਾ ਕੇ।’ ਚਿੱਠੀ ਦਾ ਇਕ ਇਕ ਅੱਖਰ ਸੂਈਆਂ ਵਾਂਗ ਮੇਰੇ ਕਾਲਜੇ ਵਿਚ ਚੁੱਭਦਾ ਏ। ਮੇਰੇ ਅੰਦਰੋਂ ਲਾਂਬੂ ਨਿਕਲਦੇ ਹਨ…’ਜਿਨ੍ਹਾਂ ਦੇ ਢੋਲ ਮਾਹੀ ਕੋਲ ਰਹਿੰਦੇ ਨੇ ਉਹ ਤਾਂ ਕਰਮਾਂ ਵਾਲੀਆਂ ਭੁੱਖੀਆਂ ਰਹਿ ਕੇ ਵੀ ਲਾਲ ਸੂਹਾ ਰੰਗ ਕੱਢ ਲੈਂਦੀਆਂ ਨੇ। ਢੱਠੇ ਖੂਹ ਵਿਚ ਪੈਣ ਤੇਰੇ ਸੇਬ, ਤੇਰੇ ਬਦਾਮ, ਤੇਰੀ ਸ਼ਾਲ। ਮੇਰਾ ਤਾਂ ਪਹਿਲਾ ਰੰਗ ਵੀ ਭੰਗ ਦੇ ਭਾੜੇ ਪੀਲਾ ਪੈਂਦਾ ਜਾਂਦਾ ਈ ਮਾਹੀਆ। ਬਹਾਰਾਂ ਦੀ ਰੁੱਤੇ ਜਿਨ੍ਹਾਂ ਦੇ ਕੰਤ ਪਰਦੇਸੀਂ ਬਾਹਰ ਫਿਰਦੇ ਨੇ ਉਨ੍ਹਾਂ ਨੂੰ ਬਹਾਰਾਂ ਦੀ ਕੀ ਸਾਰ। ਬਹਾਰ ਰੁੱਤ ਗਈ ਤੇ ਪਤਝੜ ਆ ਜਾਣੀ ਏ। ਪਤਝੜ ਦੀਆਂ ਸੁੱਕੀਆਂ ਡੋਡੀਆਂ ਫਿਰ ਨਹੀਂ ਹਰੀਆਂ ਹੋਣੀਆਂ…ਇਹ ਬਹਾਰਾਂ ਦਾ ਸਮਾਂ ਫਿਰ ਹੱਥ ਨਹੀਂ ਆਉਣਾ। ਮਕਾਨ ਡਿੱਗੂੰ ਡਿੱਗੂੰ ਕਰ ਰਿਹਾ ਏ ਜਿਵੇਂ ਤੇਰੀ ਹੀ ਉਡੀਕ ਕਰਦਾ ਏ, ਥੰਮ੍ਹੀਆਂ ਦੇ ਕੇ ਸਹਾਰਾ ਦਿੰਦੀ ਹਾਂ…ਪਰ ਇਹ ਲੱਕੜ ਦੀਆਂ ਥੰਮ੍ਹੀਆਂ ਅੰਦਰਂੋ-ਅੰਦਰ ਖੁਰ ਰਹੇ ਵੱਡੇ ਸਾਰੇ ਮਕਾਨ ਨੂੰ ਕਦ ਤੱਕ ਫੋਕਾ ਸਹਾਰਾ ਦਿੰਦੀਆਂ ਰਹਿਣਗੀਆਂ। ਛੇਤੀ ਆ ਕੇ ਸਾਂਭ ਚੰਨ ਮੱਖਣਾ। ਜੇ ਕਿਤੇ ਡਿੱਗ ਪਿਆ ਤਾਂ ਆ ਕੇ ਮੈਨੂੰ ਦੋਸ਼ ਨਾ ਦੇਈਂ। ਪਰ ਤੂੰ ਜੁਆਬ ਦਿੱਤਾ, ‘…ਮੈਂ ਆਪੇ ਆ ਕੇ ਫ਼ੌਜੀ ਪਰਮਿਟ ਵਾਲਾ ਸੀਮਿੰਟ ਬਥੇਰਾ ਲੈ ਲਵਾਂਗਾ …। ਸਾਰਾ ਮਕਾਨ ਆਪ ਆ ਕੇ ਮੁਰੰਮਤ ਕਰਾ ਜਾਵਾਂਗਾ। ਤੇਰੀ ਫ਼ਸਲ ਦੀ ਔੜ ਦਾ ਵੀ ਇਲਾਜ ਕਰ ਜਾਵਾਂਗਾ। ਟਿਊਬਵੈੱਲ ਵੀ ਲਵਾ ਕੇ ਦੇ ਜਾਵਾਂਗਾ…।’
ਤੇਰੀਆਂ ਚਿੱਠੀਆਂ ਪੜ੍ਹ ਕੇ ਸੋਚਦੀ ਹਾਂ, ‘ਆਪਣੀ ਕਿਸਮਤ `ਤੇ ਹੱਸਾਂ ਕਿ ਰੋਵਾਂ? ਜਦੋਂ ਮੇਰੇ ਦੇਸ਼ `ਤੇ ਭੀੜ ਬਣੀ ਸੀ ਤਾਂ ਮੈਂ ਦੇਸ਼ ਦੀ ਖ਼ਾਤਰ ਆਪਣੇ ਕੋਰੇ ਜਜ਼ਬਾਤਾਂ ਨੂੰ ਤਾਲੇ ਲਗਾ ਲਏ ਸਨ। ਹਿੱਕ `ਤੇ ਪੱਥਰ ਰੱਖ ਕੇ ਤੈਨੂੰ ਇਹੀ ਲਿਖਦੀ ਰਹੀ ਸੀ…ਪਿੱਛੇ ਸਭ ਠੀਕ ਠਾਕ ਹੈ, ਤੂੰ ਭਾਰਤ ਮਾਤਾ ਦੀ ਰਾਖੀ ਤੋਂ ਕੁਤਾਹੀ ਨਾ ਕਰੀਂ। ਮੇਰੀ ਲੋੜ ਹੈ ਤਾਂ ਮੈਂ ਵੀ ਆ ਜਾਨੀ ਆਂ ਬੰਦੂਕ ਫੜ ਕੇ। ਪਰ ਮੇਰੇ ਕੋਲੋਂ ਹੁਣ ਹੋਰ ਸਬਰ ਨਹੀਂ ਹੁੰਦਾ।’
‘ਮੈਨੂੰ ਪੈਸੇ ਦੀ ਲੋੜ ਨਹੀਂ, ਤੂੰ ਖਾਲੀ ਹੀ ਆ ਜਾ…ਮੈਂ ਰੁੱਖੀ ਸੁੱਖੀ ਖਾ ਲਾਂਗੀ…ਛੁੱਟੀ ਨਹੀਂ ਮਿਲਦੀ ਤਾਂ ਸਾਹਿਬ ਨੂੰ ਤਰਲਾ ਪਾ ਲੈ…ਉਹ ਨਹੀਂ ਮੰਨਦਾ ਤਾਂ ਸਾਹਬਣੀ ਨੂੰ ਫ਼ਰਿਆਦ ਕਰ ਵੇਖੀਂ। ਜੇ ਉਸ ਵਿਚ ਇਸਤ੍ਰੀਪਣ ਹੋਇਆ ਤਾਂ ਜ਼ਰੂਰ ਮੰਨ ਜਾਏਗੀ ਤੇ ਤੈਨੂੰ ਛੁੱਟੀ ਦਿਵਾ ਦੇਵੇਗੀ।’
ਤੇ ਫਿਰ ਤੂੰ ਆਇਆ ਸੀ, ਇਕ ਰਾਤ ਲਈ। ਮਿਹਰਬਾਨੀ ਹੋਈ ਸੀ ਸ਼ਾਇਦ ਸਾਹਬਣੀ ਦੀ …ਉਸ ਨੇ ਮੇਰੀ ਪੀੜ ਪਛਾਣ ਲਈ ਹੋਵੇਗੀ ਜਿਹੜੀ ਤੂੰ ਅਜੇ ਤਕ ਨਹੀਂ ਪਛਾਣ ਸਕਿਆ। ਵਿਹੜੇ ਵੜਦੇ ਨੂੰ ਤੈਨੂੰ ਮੈਂ ਪਹਿਲੀ ਵਾਰ ਛਿਪ ਕੇ ਵੇਖਿਆ ਸੀ ਬਾਰੀ ਓਹਲਿਓਂ। ਹਾਏ! ਤੂੰ ਮੈਨੂੰ ਕਿੰਨਾ ਪਿਆਰਾ ਲੱਗਾ ਸੀ…ਲੰਮਾ ਸਾਰਾ…ਸਰੂ ਦਾ ਸਰੂ…ਮੈਂ ਵੇਖ ਕੇ ਸਿਰ ਤੋਂ ਪੈਰਾਂ ਤਕ ਨਸ਼ਿਆ ਗਈ ਸੀ ਸਾਰੀ ਦੀ ਸਾਰੀ। ਮੇਰੀ ਪਿਛਲੇ ਸਾਲਾਂ ਦੀ ਸਾਰੀ ਦੁੱਖ ਪੀੜ ਕਿਧਰੇ ਦੌੜ ਗਈ। ਮੇਰੇ ਅੰਦਰ ਬਿਜਲੀਆਂ ਦੇ ਤੂਫ਼ਾਨ ਮਚਲ ਉੱਠੇ। ਤੇਰੇ ਭਰਾ-ਭਾਬੀ, ਮਾਂ-ਪਿਉ ਤੇ ਹਮਸਾਏ ਇਕ ਪਲ ਵਿਚ ਸਭ ਇਕੱਠੇ ਹੋ ਗਏ। ਸਾਰੇ ਤੈਨੂੰ ਗਲਵੱਕੜੀ ਪਾ ਕੇ ਮਿਲਦੇ ਰਹੇ, ਤੈਨੂੰ ਉਮਡਦੇ ਰਹੇ। ਮੈਂ ਇਹ ਸਭ ਤਾਕੀ ਓਹਲੇ ਹੀ ਵੇਖ ਕੇ ਅੱਗ ਦੀ ਲਾਟ ਵਾਂਗ ਲਰਜਦੀ ਰਹੀ। ਤੂੰ ਅੰਦਰ ਵੱਲ ਨੂੰ ਵਧਿਆ…। ਮੈਂ ਦਰਵਾਜ਼ੇ ਓਹਲੇ ਲੁਕ ਗਈ…। ‘ਆਪੇ ਮੈਨੂੰ ਲੱਭੇਗਾ…ਬੁਲਾਏਗਾ…ਮੈਂ ਕੂਹਣੀਆਂ ਵਿਚ ਆਪਣਾ ਚਿਹਰਾ ਛੁਪਾ ਲਵਾਂਗੀ। ਤੂੰ ਮੇਰੀ ਕੂਹਣੀ ਫੜ ਕਮਰਕੱਸਾ ਕਰ ਲਵੇਂਗਾ… ਮੈਨੂੰ ਆਪਣੇ ਵੱਲ ਖਿੱਚ ਕੇ ਗਲ਼ ਲਾ ਲਵੇਂਗਾ।’ ਪਰ ਤੇਰੇ ਪੈਰਾਂ ਦੀ ਆਹਟ ਫੇਰ ਪਰ੍ਹਾਂ ਪਿੱਛੇ ਨੂੰ ਚਲੇ ਗਈ। ਕੋਈ ਹੋਰ ਬਾਹਰੋਂ ਆ ਧਮਕਿਆ ਸੀ! ਮੇਰੇ ਜਜ਼ਬਾਤ ਸਿਸਕਦੇ ਰਹੇ…ਤੜਫਦੇ ਰਹੇ…ਫੜਫੜਾਉਂਦੇ ਰਹੇ…।
‘ਆ ਫ਼ੌਜੀਆ। ਅਸੀਂ ਤਾਂ ਤੇਰੇ ਵਿਆਹ ਦੇ ਵੀ ਅਜੇ ਸ਼ਗਨ ਮਨਾਉਣੇ ਨੇ…। ਪਹਿਲੇ ਤੋੜ ਦੀ ਰੱਖੀ ਆ ਤੇਰੇ ਲਈ। ਤੂੰ ਹੀ ਡਟ ਖੋਲ੍ਹ ਆ ਕੇ…?’ ਤੂੰ ਪਹਿਲਾਂ ਵੀ ਤਾਂ ਪੀਤੀ ਹੋਈ ਸੀ। ਝੱਟ ਉਧਰ ਚਲਾ ਗਿਆ, ਪਾਰਲੀ ਬੈਠਕ ਵਿਚ। ਉੱਥੇ ਬੈਠ ਕੇ ਤੁਸੀਂ ਪੀਂਦੇ ਰਹੇ, ਖਾਂਦੇ ਰਹੇ…ਹੱਸਦੇ ਰਹੇ…ਵਿਆਹ ਦੀ ਖ਼ੁਸ਼ੀ ਦੇ ਜਾਮ, ਤੇਰੇ ਨਾਮ ਦੇ, ਮੇਰੇ ਨਾਮ ਦੇ ਪਿਆਲੇ ਟਣਕਾਉਂਦੇ ਰਹੇ…ਗਲਾਸੀਆਂ ਟਣਕੀਆਂ…ਤਾੜੀਆਂ ਵੱਜੀਆਂ, ਵਾਹਵਾ ਵਾਹਵਾ ਹੋਈ ਹੁੰਦੀ ਰਹੀ। ਪਰ ਤੇਰੀ ਆਪਣੀ ਪਹਿਲੇ ਤੋੜ ਦੀ, ਕਿੰਨੇ ਸਾਲਾਂ ਦੀ ਜਜ਼ਬਾਤਾਂ ਤੇ ਰੀਝਾਂ ਭਰੀ ਬੰਦ ਬੋਤਲ, ਬੰਦ ਦੀ ਬੰਦ ਹੀ ਪਈ ਤੇਰੀ ਇੰਤਜ਼ਾਰ ਵਿਚ ਵਿੱਸ ਘੋਲਦੀ ਰਹੀ।
ਤੂੰ ਆਇਆ…ਡੂੰਘੀ ਰਾਤ ਨੂੰ…ਮੇਰੇ ਕਮਰੇ ਵਿਚ…ਲੜਖੜਾਉਂਦਾ…ਡੱਕੇ ਡੋਲੇ ਖਾਂਦਾ…। ਇਹੀ ਤਾਂ ਸੁਹਾਗ ਰਾਤ ਸੀ! ਮੇਰੇ ਸਬਰਾਂ ਦੇ ਬੰਨ੍ਹ ਟੁੱਟ ਗਏ। ਮੈਂ ਨਾ ਰੁਕ ਸਕੀ। ਉੱਠ ਕੇ ਤੈਨੂੰ ਕਲਾਵੇ ਵਿਚ ਕੱਸ ਲਿਆ…। ਪਰ ਤੇਰਾ ਕਲਾਵਾ ਢਿੱਲਾ ਪੈ ਗਿਆ। ਤੂੰ ਦਾਰੂ ਨਾਲ ਬੇਹੋਸ਼ ਡਿੱਗੂੰ ਡਿੱਗੂੰ ਕਰਦਾ ਮੇਰੀਆਂ ਬਾਂਹਾਂ ਵਿਚ ਡਿੱਗ ਪਿਆ। ਗੇਲਣੀ ਜਿਹਾ ਤੇਰਾ ਸਰੀਰ ਮੈਂ ਨਾ ਸਾਂਭ ਸਕੀ। ਸਹਾਰਾ ਦੇ ਕੇ ਮੰਜੇ `ਤੇ ਪਾ ਦਿੱਤਾ। ਹਾਏ ਰੱਬਾ! ਇਹ ਕੀ? ਤੂੰ ਕੈਆਂ ਕਰਨ ਲੱਗਾ, ਉਲਟੀਆਂ ਕਰਨ ਲੱਗਾ। ਮੈਂ ਸਾਰੀ ਰਾਤ ਤੇਰੀ ਸੇਵਾ ਕਰਦੀ ਰਹੀ, ਤੈਨੂੰ ਸਾਂਭਦੀ ਰਹੀ ਤੇ ਤੂੰ ਮਦਹੋਸ਼ ਪਿਆ ਰਿਹਾ। ਮੈਂ ਸਾਰੀ ਰਾਤ ਤੇਰੇ ਨਾਲ ਪਈ ਅੱਗ ਦੇ ਤੰਦੂਰ ਵਾਂਗ ਬਿਨ ਬਾਲਣ ਮੱਚਦੀ ਰਹੀ। ਤੂੰ ਅੱਖਾਂ ਨਾ ਖੋਲ੍ਹੀਆਂ… ਤੇਰੇ ਸਰੀਰ ਨੇ ਕੋਈ ਹਰਕਤ ਨਾ ਕੀਤੀ। ਕੁੱਕੜ ਨੇ ਬਾਂਗ ਦਿੱਤੀ… ਮੈਂ ਤੈਨੂੰ ਹਿਲਾਇਆ… ਤੇਰੀ ਦਾਰੂ ਉਤਰੀ … ਤੂੰ ਅੱਭੜਵਾਹ ਉੱਠਿਆ ਸੋਮਨ ਹੋਇਆ। ਮੈਂ ਤੇਰੇ ਨਾਲ ਲਿਪਟ ਗਈ। ਦਰਵਾਜ਼ਾ ਖੜਕਿਆ। ਬਾਹਰੋਂ ਮਾਂ ਜੀ ਨੇ ਆਵਾਜ਼ ਮਾਰੀ। ਮੈਂ ਸਿਰ `ਤੇ ਦੁਪੱਟਾ ਕਲੁੰਜਦੀ ਦਰਵਾਜ਼ਾ ਖੋਲ੍ਹਿਆ। ਮਾਂਜੀ ਨੇ ਮੇਰੀਆਂ ਅੱਖਾਂ ਵਿਚੋਂ ਝਾਕਿਆ। ਮੇਰੀਆਂ ਅੱਖਾਂ ਬੇਮਤਲਬ ਨੀਵੀਂਆਂ ਪੈ ਗਈਆਂ।
ਮਾਂ ਜੀ ਦੀਆਂ ਅੱਖਾਂ ਵਿਚ ਤਸੱਲੀ ਸੀ। ਉਸ ਨੇ ਸਰਹਾਂਦੀ ਵੇਖਿਆ…। ਦੁੱਧ ਦੀ ਗੜਵੀ ਖਾਲੀ ਸੀ..ਰਾਤ ਖੋਰੇ ਬਿੱਲੀ ਪੀ ਗਈ! ਖਾਲੀ ਗੜਵੀ ਚੁੱਕ ਕੇ ਉਹ ਪੁੱਤਰ ਵੱਲ ਹੋਈ…ਉਹ ਉਸ ਦੇ ਪ੍ਰਤੀਕਰਮ ਜਾਣਨਾ ਚਾਹੁੰਦੀ ਸੀ, ਪਰ ਉਹ ਅੱਧ ਸੁਰਤ ਅਰਧ ਉਣੀਂਦਾ ਟਿਕਿਆ ਰਿਹਾ। ਮਾਂ ਜੀ ਨੇ ਉਸ ਦਾ ਮੱਥਾ ਚੁੰਮਿਆ ਜਿਵੇਂ ਸ਼ਾਬਾਸ਼ ਦਿੱਤੀ ਹੋਵੇ।
‘ਉੱਠ ਮੇਰਾ ਪੁੱਤ। ਉੱਠ ਕੇ ਮੂੰਹ `ਤੇ ਛਿੱਟੇ ਮਾਰ ਕੁਝ ਸੁਰਤ ਆਵੇ ਸੂ…’। ਉਹ ਖਾਲੀ ਗੜਵੀ ਲੈ ਕੇ ਬਾਹਰ ਨਿਕਲ ਗਈ।
ਮੈਂ ਵਾਰ ਵਾਰ ਹਿਲਾਇਆ… ਤੂੰ ਅੱਖਾਂ ਖੋਲ੍ਹੀਆਂ… ਸਵੇਰ ਦੇ ਸੱਤ ਵੱਜੇ ਸਨ। ਤੂੰ ਇਕਦਮ ਉੱਠਿਆ ਤੇ ਤਿਆਰੀ ਕਰਨ ਲੱਗਾ।
‘ਹਮਾਰਾ ਸਾਹਿਬ ਬੋਲਤਾ ਥਾ ਕੱਲ੍ਹ ਜਲਦੀ ਆ ਜਾਣਾ। ਲੇਟ ਹੋ ਗਿਆ ਤਾਂ ਪਿੱਠੂ ਲਗਾ ਦੂੰ।’ ਤੂੰ ਚਲਾ ਗਿਆ। ਮੈਂ ਕਿੰਨੀ ਦੂਰ ਤਕ ਤੇਰਾ ਪਿੱਛਾ ਵੇਖਦੀ ਰਹੀ। ਇਹ ਮਜਬੂਰੀ ਸੀ ਪਤਾ ਨਹੀਂ ਪੈਸੇ ਦੀ? ਡਿਊਟੀ ਦੀ, ਤੇਰੀ ਜਾਂ ਮੇਰੀ? ਕਿਸੇ ਦੀ ਵੀ ਹੋਵੇ। ਇਹ ਮੇਰੀ ਮਜਬੂਰੀ ਨਹੀਂ ਸੀ। ਮੇਰਾ ਵੱਸ ਚੱਲਦਾ ਤਾਂ ਮੈਂ ਤੈਨੂੰ ਇਸ ਹਜ਼ਾਰ-ਬਾਰਾਂ ਸੌ ਦੀ ਨੌਕਰੀ ਬਦਲੇ ਕਦੇ ਵੀ ਦੂਰ ਨਾ ਜਾਣ ਦਿੰਦੀ, ਜੇ ਤੂੰ ਵਲਾਇਤ ਗਿਆ ਹੁੰਦਾ ਜਾਂ ਅਮਰੀਕਾ ਗਿਆ ਹੁੰਦਾ ਤਾਂ ਮੈਂ ਵੀ ਹੋਰਨਾ ਹਜ਼ਾਰਾਂ ਕਰਮਾਂ ਮਾਰੀਆਂ ਵਾਂਗ ਸਬਰ ਦਾ ਘੁੱਟ ਭਰ ਲੈਂਦੀ। ਜਿਨ੍ਹਾਂ ਦੇ ਖ਼ਾਵੰਦ ਚਾਰ ਲਾਵਾਂ ਲੈ ਕੇ ਫਿਰ ਪ੍ਰਦੇਸ ਚਲੇ ਜਾਂਦੇ ਨੇ ਪੇਟ ਦੀ ਖ਼ਾਤਰ। ਉਹ ਆਪਣੇ ਸੁਹਾਗ ਨੂੰ ਜਹਾਜ਼ `ਤੇ ਚੜ੍ਹਾ ਕੇ ਕਿੰਨੀਆਂ ਖ਼ੁਸ਼ ਹੁੰਦੀਆਂ ਨੇ… ਉਹ ਜਹਾਜ਼ ਹੈ ਜਾਂ ਸੂਲੀ? ਕੀ ਕੋਈ ਔਰਤ ਆਪਣੇ ਸੁਹਾਗ ਨੂੰ ਆਪ ਸੂਲੀ ਚੜ੍ਹਾਉਂਦੀ ਹੈ? ਤੇ ਫਿਰ ਸਾਰੀ ਉਮਰ ਉਹ ਕਾਂ ਉਡਾਉਂਦੀਆਂ ਫਿਰਦੀਆਂ ਜਹਾਜ਼ ਉਡੀਕਦੀਆਂ ਨੇ। ਨੀਂਗਰ ਚੰਦ ਜੀ ਆਪ ਆਉਣ ਦੀ ਥਾਂ ਡਾਲਰ ਪੈਸੇ ਭੇਜਦੇ ਨੇ। ਭੱਠ ਝੋਕਦੀਆਂ ਤ੍ਰੀਮਤਾਂ ਪੈਸੇ ਦੇਖ ਕੇ ਲੱਟੂ ਹੋ ਜਾਂਦੀਆਂ ਨੇ। ਆਪਣੇ ਤ੍ਰੀਮਤਪਨ ਤਿਆਗ ਕੇ ਮਸ਼ੀਨਾਂ ਬਣ ਜਾਂਦੀਆਂ ਨੇ। ਹੱਡ ਮਾਸ ਦੀਆਂ ਮਸ਼ੀਨਾਂ। ਉਹ ਜ਼ਮੀਨਾਂ ਖ਼ਰੀਦਦੀਆਂ ਨੇ, ਕੋਠੀਆਂ ਬਣਾਉਂਦੀਆਂ ਨੇ ਆਪਣੇ ਆਪ ਨੂੰ ਕੈਦ ਕਰਨ ਲਈ ਸੱਧਰਾਂ ਫੇਰ ਲੈਂਦੀਆਂ ਨੇ… ਸਰੀਰਕ ਭੁੱਖ ਮਾਰ ਲੈਂਦੀਆਂ ਨੇ… ਪੈਸੇ ਦੀ ਛਾਂ ਥੱਲੇ। ਜਾਂ ਆਸੇ-ਪਾਸੇ ਬਿਗਾਨੀ ਖੁਰਲੀ ਮੂੰਹ ਮਾਰਦੀਆਂ ਨੇ। ਮੈਂ ਏਦਾਂ ਨਹੀਂ ਕਰਾਂਗੀ…ਮੈਂ ਇਸ ਵਾਰ ਤੈਨੂੰ ਜਾਣ ਨਹੀਂ ਦੇਣਾ। ਨਹੀਉਂ…ਜਾਣ-ਦੇਣਾ। ਭੱਠ `ਚ ਪਵੇ ਤੇਰੀ ਨੌਕਰੀ …ਚੁੱਲ੍ਹੇ `ਚ ਪੈਣ ਤੇਰੇ ਐਹੋ ਜਿਹੇ ਨੋਟ…।
ਹੈਂ ਗਾਮਿਆਂ! ਤੇਰੇ ਨਾਲੋ ਤਾਂ ਤੇਰੀ ਫ਼ੋਟੋ ਹੀ ਚੰਗੀ ਹੈ, ਜਿਸ ਨਾਲ ਮੈਂ ਕਦੇ ਦੁੱਖ-ਸੁੱਖ ਫੋਲ ਕੇ ਦਿਲ ਦਾ ਭਾਰ ਹੌਲਾ ਕਰ ਲੈਂਦੀ ਹਾਂ, ਪਰ ਤੂੰ ਤਾਂ ਉਸ ਦਿਨ ਮੇਰੀ ਇਕ ਵੀ ਨਾ ਸੁਣੀ। ਮੇਰੀ ਬੰਦ ਪਈ ਕਿਤਾਬ ਫੋਲ ਕੇ ਦੇਖਦਾ ਤਾਂ ਇਸ ਵਿਚ ਕਿੰਨੇ ਨਾਵਲ ਕਹਾਣੀਆਂ ਸਮਾਈਆਂ ਪਈਆਂ ਨੇ।
ਤੇ ਫਿਰ ਤੇਰੇ ਜਾਣ ਬਾਅਦ ਚਿੱਠੀ ਦੀ ਉਡੀਕ ਸ਼ੁਰੂ ਹੋ ਗਈ। ਇਸੇ ਤਰ੍ਹਾਂ ਹੀ ਤੇਰੀਆਂ ਚਿੱਠੀਆਂ ਆਉਂਦੀਆਂ ਰਹੀਆਂ। ਅੱਜ ਫਿਰ ਤੇਰੀ ਚਿੱਠੀ ਆਈ ਹੈ… ਬਿਲਕੁਲ ਫੋਕੀ … ਨਿਰਮੋਹੀ … ਫਿਰ ਉਹ ਹੀ ਰਟ ਲਗਾਈ ਹੈ… ਮੈਂ ਜਲਦੀ ਆ ਰਿਹਾ ਹਾਂ।
ਹੂੰ… ਹੂੰ… ਬੇਕਿਰਕ ਬੁਜ਼ਦਿਲ! ਉਸ ਦਿਨ ਕੀ ਕਰ ਲਿਆ ਆ ਕੇ ਤੇ ਹੁਣ ਆ ਕੇ ਕੀ ਚੁਬਾਰਾ ਢਾਹ ਲਵਂੇਗਾ? ਹੁਣ ਵੀ ਆ ਜਾਈਂ ਡੱਫ ਕੇ ਤੇ ਰਾਤ ਮਰੇ ਸੱਪ ਵਾਂਗ ਪਿਆ ਰਹੀਂ ਤੇ ਸਵੇਰੇ ਉੱਠ ਕੇ ਚਲਾ ਜਾਈਂ ਆਪਣੀ ਸਾਬ੍ਹਣੀ ਕੋਲ। ਮੈਂ ਤੇਰੇ ਫੋਕੇ ਲਾਰਿਆਂ ਨਾਲ ਰੇਤਲੀਆਂ ਕੰਧਾਂ ਨੂੰ ਕਿਵੇਂ ਢਾਰਸ ਦੇਈ ਜਾਵਾਂ? ਆਪਣੀ ਮਾਂ ਦੀ ਹੀ ਗੱਲ ਸੁਣ ਲੈ। ਇਕ ਦਿਨ ਕਹਿਣ ਲੱਗੀ ”ਕੁੜੇ ਕਦੇ ਖੁੱਲ੍ਹ ਕੇ ਵੀ ਬੋਲਿਆ ਕਰ, ਹਰ ਵੇਲੇ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਏਂ। ਏਸੇ ਹਾਲ ਵਿਚ ਆਪਣਾ ਸਰੀਰ ਬਾਲਣ ਕਰ ਲਿਆ ਈ। ਦੋ ਸਾਲ ਹੋ ਗਏ ਅਜੇ ਓਵੇਂ ਦੀ ਓਵੇਂ ਹੀ।’ ਉਸ ਦੀ ਇਹ ‘ਓਵੇਂ ਦੀ ਓਵੇਂ’। ਮੈਨੂੰ ਦੁਨਾਲੀ ਵਾਂਗ ਵੱਜੀ ਹੈ। ਤੇਰੇ ਬਿਨਾਂ ਓਵੇਂ ਦੀ ਓਵੇਂ ਹੀ ਰਹਿਣਾ ਏ ‘ਜਿਵੇਂ’ ਕਿੱਦਾਂ ਹੋ ਜਾਊਂ? ਕੱਲ੍ਹ ਮਾਂ ਜੀ ਕਹਿੰਦੀ ‘ਪਥੇਰਾਂ ਵਾਲੇ ਬਾਬੇ ਕੋਲੋਂ ਲਾਚੀਆਂ ਲਿਆ ਕੇ ਖ਼ਾਹ… ਕੀ ਇਕੱਲੀਆਂ ਲਾਚੀਆਂ ‘ਓਵੇਂ’ ਦਾ ‘ਜਿਵੇਂ’ ਕਰ ਦੇਣਗੀਆਂ? ਕੀ ਮੈਂ ਉਸ ਲਈ ਕੋਈ ‘ਵਾ ਅੰਡਾ’ ਦੇ ਦਿਆਂ? ਜਾਂ ਮੈਂ ਕੋਈ ਪਵਨ ਸੂਤ ਹਨੂੰਮਾਨ ਜੰਮ ਧਰਾਂ? ਜਾਂ ਕੀ ਮੈਂ ਵੀ ‘ਓਵੇਂ’ ਦਾ ‘ਜਿਵੇਂ’ ਕਰਨ ਲਈ ਹੋਰਨਾਂ ਕਈਆਂ ਸਿੱਧੀਆਂ ਸਾਧੀਆਂ ਅਬਲਾਵਾਂ ਵਾਂਗ ਪਥੇਰਾਂ ਵਾਲੇ ਸਾਧ (ਸਾਨ੍ਹ) ਦੀਆਂ ਚੌਕੀਆਂ ਭਰਾਂ ਸੱਤ ਰਾਤਾਂ? ਕੀ ਬੁੱਲ੍ਹਾਂ ਨੂੰ ਵੱਜਣ ਤੋਂ ਬਿਨਾਂ ਮੁਰਲੀ ਵੱਜ ਸਕਦੀ ਹੈ? ਨਹੀਂ! ਨਹੀਂ! ਇਹ ਹਰਗਿਜ਼ ਨਹੀਂ ਹੋ ਸਕਦਾ…।
ਤੇਰੀ ਫਿਰ ਚਿੱਠੀ ਆਈ ਸੀ…। ‘ਮੈਂ ਜਲਦੀ ਆ ਜਾਵਾਂਗਾ ਨਾਵਾਂ ਕਟਾ ਕੇ… ਜਾਂ ਤੈਨੂੰ ਵੀ ਨਾਲ ਲੈ ਜਾਵਾਂਗਾ। ਸਾਹਿਬ ਨੇ ਬੋਲਾ ਥਾ ਤੀਵੀਂ ਨੂੰ ਵੀ ਨਾਲ ਲੈ ਆ। ਮੈਂ ਜ਼ਰੂਰ ਆਵਾਂਗਾ..ਭਾਵੇਂ ਕੁਝ ਵੀ ਹੋਵੇ।’ ਕੁਝ ਕਿਉ ਹੋਵੇਗਾ? ਮੈਂ ਹੋਰ ਫ਼ਿਕਰਾਂ ਵਿਚ ਡੁੱਬ ਗਈ। ਬੜਾ ਚੰਗਾ ਹੋਵੇ ਜੇ ਤੂੰ ਨਾਵਾਂ ਕਟਾ ਕੇ ਹੀ ਆ ਜਾਏਂ। ਤੂੰ ਫ਼ੌਜੀ ਨੌਕਰੀ ਕਰ ਕੇ ਦੇਸ਼ ਸੇਵਾ ਕਰਦਾ ਏਂ…ਖੇਤੀ ਕਰਨਾ ਵੀ ਤਾਂ ਦੇਸ਼ ਸੇਵਾ ਹੀ ਹੈ। ਦੇਸ਼ ਦਾ ਕਿਸਾਨ ਖੇਤੀ ਕਰ ਕੇ ਲੱਖਾਂ ਦੇਸ਼ ਵਾਸੀਆਂ ਦੇ ਢਿੱਡ ਅੰਨ੍ਹ ਪਾਉਂਦਾ ਏ। ਤੂੰ ਨੌਕਰੀ ਛੱਡ ਕੇ ਖੇਤੀ ਕਰ ਲੈ। ਤੂੰ ਖੇਤੀ ਕਰੇਂਗਾ। ਮੈਂ ਮੋਢੇ ਨਾਲ ਮੋਢਾ ਜੋੜ ਕੇ ਤੇਰਾ ਹੱਥ ਵਟਾਵਾਂਗੀ।
ਦੂਰੋਂ ਵੇਖਦੀ ਹਾਂ …ਔਹ ਸਾਹਮਣੇ ਆ ਰਿਹਾ ਹੈ…ਹੈ ਉਹ ਹੀ…। ਹਾਂ ਮੇਰਾ ਗਾਮਾ… ਮੇਰਾ ਗਾਮਾ…ਪਾਗਲਾ ਵਾਂਗ ਏਧਰ ਉੱਧਰ ਦੌੜਦੀ ਹਾਂ। ਉਹ ਆਪ ਆ ਕੇ ਮੈਨੂੰ ਲੱਭੇਗਾ…ਮੈਂ ਰੁੱਸ ਜਾਵਾਂਗੀ…ਉਹ ਮਨਾਏਗਾ…।
ਤੂੰ ਸਿੱਧਾ ਅੰਦਰ ਆ ਜਾਂਦਾ ਹੈਂ। ਮੇਰਾ ਸਬਰ ਡੋਲ ਜਾਂਦਾ ਹੈ। ਮੈਂ ਘੁੱਟ ਕੇ ਤੇਰੇ ਨਾਲ ਚੰਬੜ ਜਾਂਦੀ ਹਾਂ। ਮੇਰੀਆਂ ਅੱਖਾਂ ਪਾਟੇ ਬੱਦਲ ਵਾਂਗ ਮੂਸਲਾਧਾਰ ਵਰਖਾ ਕਰਦੀਆਂ ਨੇ… ਤੂੰ ਮੈਨੂੰ ਚੁੱਪ ਕਰਾਉਂਦਾ ਏਂ। ‘ਮੈਂ ਹੁਣ ਆ ਗਿਆ ਹਾਂ ਫ਼ੌਜ `ਚੋਂ ਪੱਕਾ…ਪਰ ਮੈਂ ਤੇਰੇ ਕੋਲ ਨਹੀਂ ਰਹਿ ਸਕਦਾ ਮੇਰੀ ਜਾਨ’। ਤੇਰੀਆਂ ਅੱਖਾਂ ਵਿਚ ਵੀ ਹੰਝੂ ਡਲ੍ਹਕ ਆਏ ਨੇ। ਮੇਰੀਆਂ ਸਿਸਕੀਆਂ ਨੂੰ ਗ਼ਸ਼ੀ ਪੈ ਗਈ ਹੈ। ‘ਹਾਏ ਕਿਉ? ਮੈਂ ਨਹੀਂ ਜਾਣ ਦੇਣਾ ਹੁਣ’ ਮੇਰੀ ਚੀਕ ਨਿਕਲ ਜਾਂਦੀ ਹੈ।
‘ਮੈਂ ਕਤਲ ਕਰ ਆਇਆ ਹਾਂ…ਉਸ ਮੁੰਡੇਬਾਜ਼ ਦਾ… ਜ਼ਾਲਮ ਜੰਗਲੀ ਸਾਹਿਬ ਦਾ…ਜਿਸ ਨੇ ਮੇਰੇ ਦੋ ਕੀਮਤੀ ਸਾਲ, ਮੇਰੇ ਜਜ਼ਬਾਤਾਂ ਦਾ ਖੂਨ ਕੀਤਾ…ਤੇ ਤੇਰੀਆਂ ਸੱਧਰਾਂ ਦਾ ਘਾਣ ਕੀਤਾ। ਕਿਸੇ ਨਾ ਕਿਸੇ ਬਹਾਨੇ ਉਹ ਤੇਰੀਆਂ ਚਿੱਠੀਆਂ ਪੜ੍ਹਦਾ ਮੈਨੂੰ ਬਲੈਕਮੇਲ ਕਰਦਾ ਰਿਹਾ ਤੇ ਮੈਨੂੰ ਰੋਕਦਾ ਰਿਹਾ। ਬਹੁਤ ਸਾਰੇ ਜਵਾਨ ਉਸ ਤੋਂ ਦੁਖੀ ਸਨ। ਜੀਹਨੇ ਉਸ ਅੱਗੇ ਗੋਡੇ ਟੇਕ ਖ਼ੁਸ਼ਾਮਦ ਸੇਵਾ ਕੀਤੀ, ਉਸ ਦੀ ਛੁੱਟੀ ਮਨਜ਼ੂਰ ਤੇ ਜੀਹਨੇ ਨਾਂਹ ਕੀਤੀ ਉਸ ਨੂੰ ਇਨਕਾਰ। ਇਕ ਜੁਆਨ ਆਪਣੀ ਤੀਵੀਂ ਲੈ ਗਿਆ। ਜੁਆਨ ਨੂੰ ਬਾਹਰ ਡਿਊਟੀ `ਤੇ ਭੇਜ ਦਿੰਦਾ ਤੇ ਉਸ ਦੀ ਘਰ ਵਾਲੀ ਨੂੰ ਆਪਣੇ ਘਰ ਅੜਦਲਪੁਣਾ ਕਰਵਾਉਂਦਾ। ਆਖ਼ਰ ਅਜੇਹੇ ਨਿਰਾਦਰ ਤੋਂ ਤੰਗ ਆ ਕੇ ਜੁਆਨ ਨੂੰ ਆਪਣੀ ਪੁੜਪੁੜੀ ਛੇਕਣੀ ਪਈ। ਮੈਂ ਸੋਚ ਲਿਆ ਕਿ ਅਜੇਹੇ ਵਹਿਸ਼ੀ ਕਮਾਂਡਰ ਤੋਂ ਛੁਟਕਾਰਾ ਪਾਉਣ ਲਈ ਮੈਨੂੰ ਆਪਣੀ ਪੁੜਪੁੜੀ ਦੀ ਥਾਂ ਉਸ ਦੀ ਪੁੜਪੁੜੀ ਛੇਕਣੀ ਬਿਹਤਰ ਹੈ। ਮੈਂ ਉਸ ਦਾ ਫਾਹਾ ਵੱਢ ਆਇਆ ਹਾਂ।’ ਕਹਿੰਦੇ ਕਹਿੰਦੇ ਤੇਰੇ ਹੋਠ ਕੰਬ ਰਹੇ ਨੇ।
‘ਹੁਣ ਕਿਸੇ ਦੀ ਛੁੱਟੀ ਨਹੀਂ ਰੁਕੇਗੀ…?’ ਮੈਂ ਆਪ ਮੁਹਾਰੇ ਬੁੜਬੁੜਾਉਂਦੀ ਹਾਂ।
‘…ਹਾਂ…ਹਾਂ…’ ਮੈਂ ਹੱਸਦੀ ਹਾਂ ਕਮਲ਼ਿਆਂ ਵਾਂਗ…,
‘ਅਸੀਂ ਦੋਹਰੀ ਕੈਦ ਕੱਟਾਂਗੇ… ਤੂੰ ਜੇਲ੍ਹ ਵਿਚ… ਤੇ ਮੈਂ ਇੱਥੇ ਚਾਰ ਕੰਧਾਂ ਦੀ ਵਲਗਣ ਵਿਚ… ਪਰ ਮੇਰੀਆਂ ਹੋਰ ਭੈਣਾਂ ਆਪਣੇ ਮਾਹੀ ਨੂੰ ਨਹੀਂ ਤਰਸਣਗੀਆਂ। ਉਨ੍ਹਾਂ ਨੂੰ ਜਿਊਣ ਦੀ ਪੂਰੀ ਖੁੱਲ੍ਹ ਹੋਵੇਗੀ।’ ਮੈਂ ਫਿਰ ਤੇਰੇ ਗਲ ਚੰਬੜ ਜਾਂਦੀ ਹਾਂ।’