ਮੇਰੀ ਦਿੱਲੀ, ਮੇਰਾ ਮੀਸ਼ਾ ਤੇ ਮੰਡੇਰ

ਗੁਲਜ਼ਾਰ ਸਿੰਘ ਸੰਧੂ
ਦਿੱਲੀ ਦੇ ਸਾਬਕਾ ਪੁਲੀਸ ਕਮਿਸ਼ਨਰ ਗੁਰਦਿਆਲ ਸਿੰਘ ਮੰਡੇਰ ਦੇ ਤਜਰਬੇ ਨੇ ਮੈਨੂੰ ਐਸ ਐਸ ਮੀਸ਼ਾ ਤੇ ਦਿੱਲੀ ਵਿਚਲੇ 32 ਸਾਲਾਂ ਦਾ ਆਪਣਾ ਸਮਾਂ ਚੇਤੇ ਕਰਵਾ ਦਿੱਤਾ ਹੈ। 1966 ਵਿਚ ਮੇਰਾ ਤੇ ਗੁਰਦਿਆਲ ਮੰਡੇਰ ਦਾ ਦਫ਼ਤਰ ਕਰਜ਼ਨ ਰੋਡ ਦਿੱਲੀ ਦੀਆਂ 1947 ਵਿਚ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਲਈ ਉਸਾਰੀਆਂ ਬੈਰਕਾਂ ਵਿਚ ਸੀ। ਉਨ੍ਹਾਂ ਨੂੰ ਪੱਕੇ ਟਿਕਾਣੇ ਮਿਲ ਜਾਣ ਉਪਰੰਤ ਇਹ ਬੈਰਕਾਂ ਸਰਕਾਰੀ ਦਫ਼ਤਰਾਂ ਲਈ ਵਰਤੀਆਂ ਜਾਣ ਲੱਗੀਆਂ। ਮੰਡੇਰ ਉਸ ਸਮੇਂ ਐਸ ਪੀ ਟਰੈਫਿਕ ਸੀ। ਉਸ ਦਾ ਦਫ਼ਤਰ ਥੱਲੇ ਵਾਲੀ ਬੈਰਕ ਵਿਚ ਸੀ ਤੇ ਮੇਰਾ ਉਪਰਲੀ ਮੰਜ਼ਿਲ ਵਾਲੀ ਵਿਚ। ਇਕ ਵਾਰੀ ਪੰਜਾਬੀ ਕਵੀ ਐਸ.ਐਸ. ਮੀਸ਼ਾ ਉਸ ਨੂੰ ਮਿਲਣ ਆਇਆ ਤਾਂ ਉਸ ਨੂੰ ਮੰਡੇਰ ਤੋਂ ਪਤਾ ਲੱਗਿਆ ਕਿ ਉਪਰਲੀ ਮੰਜ਼ਿਲ ਵਾਲੀ ਬੈਰਕ ਵਿਚ ਮੈਂ ਬੈਠਦਾ ਹਾਂ। ਮੰਡੇਰ ਦਾ ਸਹਾਇਕ ਮੀਸ਼ਾ ਨੂੰ ਮੇਰੇ ਦਫ਼ਤਰ ਛੱਡ ਗਿਆ ਤੇ ਸਮਾਂ ਪਾ ਕੇ ਮੈਂ ਤੇ ਮੰਡੇਰ ਅਕਸਰ ਹੀ ਇਕ ਦੂਜੇ ਨੂੰ ਮਿਲਦੇ ਰਹੇ।

ਉਸ ਸਮੇਂ ਦਿੱਲੀ ਦੇ ਪੁਲੀਸ ਕਰਮਚਾਰੀਆਂ ਦੀ ਗਿਣਤੀ ਲਗਭਗ ਪੰਜਾਹ ਹਜ਼ਾਰ ਸੀ, ਜਿਨ੍ਹਾਂ ਵਿਚੋਂ ਇਕ-ਚੁਥਾਈ ਮਹਿਲਾਵਾਂ ਸਨ। ਇਕ-ਦੋ ਵਾਰੀ ਮੈਂ ਗੁਰਦਿਆਲ ਦੀ ਮਦਦ ਨਾਲ ਆਪਣੇ ਮਿੱਤਰਾਂ ਦੇ ਟਰੈਫਿਕ ਚਲਾਨ ਵੀ ਮੁਆਫ ਕਰਵਾਏ। ਗੁਰਦਿਆਲ ਨਵੀਂ ਦਿੱਲੀ ਦੇ ਜਿੰਮਖਾਨਾ ਕਲੱਬ ਦਾ ਮੈਂਬਰ ਸੀ ਤੇ ਉਹ ਮੇਰੇ ਵਾਂਗ ਕਾਫੀ ਹਾਊਸ ਨਹੀਂ ਸੀ ਜਾਂਦਾ। ਸਾਡੀ ਸਾਂਝ ਮੀਸ਼ਾ ਕਾਰਨ ਬਣੀ ਜਿਹੜੀ ਛੇਤੀ ਹੀ ਪਰਿਵਾਰਕ ਸਾਂਝ ਵਿਚ ਬਦਲ ਗਈ। ਇਹ ਗੱਲ ਵੱਖਰੀ ਹੈ ਕਿ ਸਮੇਂ ਨਾਲ ਸਾਡੀ ਸਾਂਝ ਅੰਤਿਕਾ ਵਿਚ ਦਰਜ ਐਸ ਐਸ ਮੀਸ਼ਾ ਦੇ ਉਸ ਸ਼ਿਅਰ ਵਰਗੀ ਰਹਿ ਗਈ, ਜਿਸ ਵਿਚ ਮੁਹਾਂਦਰਾ ਭੁੱਲਣ ਦਾ ਜਿ਼ਕਰ ਹੈ। ਮੀਸ਼ਾ ਮਿੱਤਰ ਮੋਹ ਦਾ ਮੁਜੱਸਮਾ ਸੀ। ਐਵੇਂ ਤਾਂ ਨਹੀਂ ਉਸ ਦੇ ਅਕਾਲ ਚਲਾਣੇ ਤੋਂ 35 ਸਾਲ ਪਿੱਛੋਂ ਸਾਡੇ ਸਾਂਝੇ ਮਿੱਤਰ ਬਰਜਿੰਦਰ ਸਿੰਘ ਹਮਦਰਦ ਨੇ ਉਸ ਦੀਆਂ ਰਚਨਾਵਾਂ ਨੂੰ ਸਹਿਜ ਤੇ ਸੁਰੀਲੀ ਆਵਾਜ਼ ਵਿਚ ਗਾ ਕੇ ਤੇ ਉਨ੍ਹਾਂ ਦੀਆਂ ਸੀਡੀਆਂ ਭਰਵਾ ਕੇ ਉਸ ਨੂੰ ਤੇ ਉਸ ਦੀ ਮੋਹ ਮੁਹੱਬਤ ਵਾਲੀ ਬਿਰਤੀ ਨੂੰ ਅਮਰ ਕੀਤਾ।
ਫੇਰ ਜਦੋਂ ਮੰਡੇਰ ਦੀ ਉੱਨਤੀ ਦਿੱਲੀ ਦੇ ਪੁਲੀਸ ਕਮਿਸ਼ਨਰ ਵਜੋਂ ਹੋ ਗਈ ਤਾਂ ਉਸ ਨੂੰ ਇੰਡੀਆ ਇੰਟਰਨੈਸ਼ਲ ਸੈਂਟਰ ਦੇ ਸਾਹਮਣੇ ਲੋਦੀ ਰੋਡ ਦੀ ਕੋਠੀ ਅਲਾਟ ਹੋ ਗਈ ਤੇ ਮੈਂ ਭਾਰਤੀ ਨਗਰ ਦੀ 63 ਨੰਬਰ ਕੋਠੀ ਵਿਚ ਆ ਗਿਆ। ਫੇਰ ਤਾਂ ਸਾਡੇ ਦੋਨਾਂ ਦੇ ਪਰਿਵਾਰ ਇਕ ਦੂਜੇ ਦੇ ਚੰਗੇ ਜਾਣੂ ਹੋ ਗਏ। ਕਦੇ ਕਦਾਈਂ ਮੰਡੇਰ ਤੇ ਉਸ ਦੀ ਪਤਨੀ ਸੁਖਮਿੰਦਰ ਉਰਫ ਛੋਟੀ ਨਾਲ ਵੀ ਸ਼ਾਮ ਦੀ ਸੈਰ ਸਮੇਂ ਮੁਲਾਕਾਤ ਹੋ ਜਾਂਦੀ। ਦੋਵੇਂ ਬੜੇ ਮੋਹ ਨਾਲ ਮਿਲਦੇ। 1985 ਤੋਂ ਮੇਰੇ ਚੰਡੀਗੜ੍ਹ ਆਉਣ ਪਿੱਛੋਂ ਸਾਡੀਆਂ ਮੁਲਾਕਾਤਾਂ ਵਿਚ ਅਜਿਹਾ ਵਿਘਨ ਪਿਆ ਕਿ ਪਿਛਲੇ ਕਈ ਸਾਲਾਂ ਤੋਂ ਮੁਲਾਕਾਤ ਹੀ ਨਹੀਂ ਹੋਈ। ਉਸ ਦੇ ਤੁਰ ਜਾਣ ਦੀ ਖਬਰ ਵੀ ਮੀਡੀਆ ਰਾਹੀਂ ਮਿਲੀ।
ਇਹ ਵੀ ਸਬੱਬ ਦੀ ਗੱਲ ਹੈ ਕਿ ਮੇਰੀ ਲੰਮੀ ਠਾਹਰ ਵਾਲੀ ਦਿੱਲੀ ਬਾਰੇ ਬਲਬੀਰ ਮਾਧੋਪੁਰੀ ਦੀ ਪੁਸਤਕ ‘ਦਿੱਲੀ ਇਕ ਵਿਰਾਸਤ’ ਦਾ ਨਵਾਂ ਐਡੀਸ਼ਨ ਵੀ ਇਨ੍ਹਾਂ ਦਿਨਾਂ ਵਿਚ ਹੀ ਮੇਰੇ ਹੱਥ ਲੱਗਿਆ ਹੈ। ਮੇਰੇ ਵਾਂਗ ਉਹ ਵੀ ਦੁਆਬੀਆ ਹੈ। ਜਲੰਧਰ ਦੇ ਪਿੰਡ ਮਾਧੋਪੁਰ ਤੋਂ। ਮੈਂ ਉਸ ਦੀ ਸਵੈ-ਜੀਵਨੀ ‘ਛਾਂਗਿਆ ਰੁੱਖ’ ਤੋਂ ਕਾਫੀ ਪ੍ਰਭਾਵਿਤ ਸਾਂ ਪਰ ਇਹ ਨਹੀਂ ਸਾਂ ਜਾਣਦਾ ਕਿ ਉਸ ਦੀ ਖੋਜੀ ਬਿਰਤੀ ਦਿੱਲੀ ਦੀਆਂ ਨੀਂਹਾਂ ਫਰੋਲਣ ਵਿਚ ਵੀ ਕਮਾਲ ਦੀ ਹੈ। ਆਰਸੀ ਪਬਲਿਸ਼ਰਜ਼ ਦਿੱਲੀ ਵਲੋਂ ਪ੍ਰਕਾਸ਼ਿਤ 395 ਰੁਪਏ ਦੀ ਇਸ ਪੁਸਤਕ ਦੇ 176 ਪੰਨਿਆਂ ਵਿਚੋਂ ਲਗਪਗ ‘ਅੱਧੇ ਉਸ ਦਿੱਲੀ ਦੀ ਬਾਤ ਪਾਉਂਦੇ ਹਨ ਜਿਹੜੀ ਢਾਈ ਹਜ਼ਾਰ ਸਾਲਾਂ ਵਿਚ ਸੱਤ ਵਾਰ, ਉੱਜੜ ਚੁੱਕੀ ਹੈ। (1) ਲਾਲ ਕੋਟ (2) ਸੀਰੀ 3 ਰਾਇਪਥੋਰਾ (4) ਤੁਗ਼ਲਕਾਬਾਦ (5) ਫਿਰੋਜ਼ਾਬਾਦ (6) ਜਹਾਂਪਨਾਹ ਤੇ (7) ਸ਼ਾਹਜਹਾਂਬਾਦ ਜਿਸ ਨੂੰ ਅੱਜ ਪੁਰਾਣੀ ਦਿੱਲੀ ਕਹਿੰਦੇ ਹਨ।
ਬਲਬੀਰ ਮਾਧੋਪੁਰੀ ਨੇ ਇਨ੍ਹਾਂ ਵਿਚਲੇ ਇੰਦਰਪ੍ਰਸਥਾ, (ਲਾਲ ਕੋਟ) ਲਾਲ ਕੋਟ, ਕਿਲਾ ਰਾਇ ਪਿਥੋਰਾ। ਕੁਤਬ ਮੀਨਾਰ, ਅੱਲਾਹੀ ਦਰਵਾਜ਼ਾ, ਅਲਤਮਸ਼ ਦਾ ਮਕਬਰਾ, ਅੱਲਾਹੀ ਮੀਨਾਰ, ਲੋਹ-ਸਤੰਭ, ਭੁੱਲ ਭੁੱਲਣੀਆਂ, ਹੌਜ-ਇ-ਸਮਸੀ, ਜਹਾਜ਼ ਮਹਲ, ਗੰਧਕ ਦੀ ਮਸਜਿਦ, ਰਾਜੋ ਦੀ ਬੈਨ, ਬਲਬਨ ਦਾ ਮਕਬਰਾ, ਸੁਲਤਾਨ ਗੜ੍ਹੀ, ਸੀਰੀ, ਹੌਜ਼ ਖਾਸ, ਲੋਧੀ ਗਾਰਡਨ, ਮਕਬਰਾ ਖਾਨਾ-ਇ-ਖਾਨਾ, ਸਬਜ਼ ਬੁਰਜ, ਡੀਅਰ ਪਾਰਕ, ਹੁਮਾਂਯੰੂ ਦਾ ਮਕਬਰਾ, ਮਲਕਾ ਮੁਨੀਰਕਾ ਦਰਵਾਜ਼ਾ, ਸਫਦਰਜੰਗ ਦਾ ਮਕਬਰਾ, ਜਹਾਂਪਨਾਹ, ਕੋਟਲਾ ਫਿਰੋਜ਼ਸ਼ਾਹ ਤੁਗ਼ਲਕਾਬਾਦ, ਮਸਜਿਦ ਮੋਠ ਸ਼ਾਹਜਹਾਨਾਬਾਦ ਤੇ ਲਾਲ ਕਿਲਾ ਦੀ ਵਿਉਂਤਬੰਦੀ, ਪ੍ਰਸੰਗ ਅਤੇ ਮਹਿਰਾਬਾਂ ਤੇ ਗੰੁਬਦਾਂ ਦੀ ਖੂਬਸੂਰਤੀ ਦਾ ਬਹੁਤ ਵਧੀਆ ਵਰਣਨ ਹੈ; ਲੇਖਕ ਦੀ ਆਪਣੀ ਟਿੱਪਣੀ ਸਮੇਤ ਜਿਹੜੀ ਉਸ ਨੇ ਅੱਖੀਂ ਦੇਖੀ ਤੇ ਪੁੱਛੀ ਪੁਛਾਈ ਵੀ।
ਇਸ ਪੁਸਤਕ ਵਿਚ ਪੁਰਾਤਨ ਮਸਜਿਦਾਂ ਤੇ ਮਕਬਰਿਆਂ ਤੋਂ ਬਿਨਾ ਇਤਿਹਾਸਕ ਗੁਰਦੁਆਰਿਆਂ ਤੇ ਮੰਦਰਾਂ ਦਾ ਵੇਰਵਾ ਵੀ ਵਿਸਤਾਰ ਵਿਚ ਦਿੱਤਾ ਗਿਆ ਹੈ। ਨਾਨਕ ਪਿਆਓ, ਮਜਨੂੰ ਟਿੱਲਾ, ਬੰਗਲਾ ਸਾਹਿਬ, ਬਾਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਮੋਤੀ ਬਾਗ, ਦਮਦਮਾ ਸਾਹਿਬ, ਮਾਤਾ ਸੰੁਦਰੀ ਤੇ ਬੰਦਾ ਬਹਾਦਰ ਨਾਮੀ 10 ਗੁਰਦੁਆਰਿਆਂ ਵਿਚੋਂ ਬਹੁਤੇ ਸ਼ਾਹ ਆਲਮ ਦੋ ਦੇ ਰਾਜਕਾਲ ਵਿਚ ਬਣੇ ਜਦੋਂ ਮਾਝਾ ਦੇ ਪ੍ਰਸਿੱਧ ਜੋਧੇ ਬਘੇਲ ਸਿੰਘ ਨੇ ਚਾਰ ਹੋਰ ਕਮਾਂਡਰਾਂ ਦੀ ਸਹਾਇਤਾ ਨਾਲ ਤੀਹ ਹਜ਼ਾਰ ਸਿੱਖ ਘੋੜਸਵਾਰਾਂ ਦੇ ਸਿਰ ਉੱਤੇ ਸਾਰੀ ਦਿੱਲੀ ਉੱਤੇ ਕਬਜ਼ਾ ਕਰ ਲਿਆ ਸੀ। ਉਸ ਨੇ ਤੱਕਿਆ ਕਿ ਕਈ ਇਤਿਹਾਸਕ ਗੁਰਧਾਮਾਂ ਦੀਆਂ ਤਾਂ ਮੁਗ਼ਲਾਂ ਨੇ ਮਸੀਤਾਂ ਬਣਾ ਲਈਆਂ ਸਨ ਤਾਂ ਉਸ ਨੇ ਦਿੱਲੀ ਤੋਂ ਪਿੱਛੇ ਹਟਣ ਲਈ ਸ਼ਾਹ ਆਲਮ ਤੋਂ ਵੱਡੀ ਮੰਗ ਇਤਿਹਾਸਕ ਸਿੱਖ ਧਾਮਾਂ ਉੱਤੇ ਗੁਰਦੁਆਰੇ ਸਥਾਪਤ ਕਰਨ ਦੀ ਰੱਖੀ। ਇਨ੍ਹਾਂ ਸਾਰੇ ਗੁਰਦੁਆਰਿਆਂ ਕੋਲ ਬਹੁਤ ਵੱਡੇ ਹਾਲ ਕਮਰੇ, ਲੰਗਰ ਹਾਲ, ਮੁਸਾਫਿਰਖ਼ਾਨੇ ਤੇ ਬਾਗ ਹਨ ਜਿਨ੍ਹਾਂ `ਤੇ ਨਤਮਸਤਕ ਹੋਣ ਕੁੱਲ ਦੁਨੀਆਂ ਦੀਆਂ ਸਿੱਖ ਸੰਗਤਾਂ ਹੀ ਨਹੀਂ ਆਉਂਦੀਆਂ ਸਿੰਧੀ ਤੇ ਹੋਰ ਪਰਿਵਾਰ ਵੀ ਹੁਮਹੁਮਾ ਕੇ ਆਉਂਦੇ ਹਨ। ਸ਼ਾਹ ਆਲਮ ਨੇ ਬਘੇਲ ਸਿੰਘ ਦੀ ਮੰਗ ਉੱਤੇ ਫੁੱਲ ਚੜ੍ਹਾਉਂਦਿਆਂ ਗੁਰਧਾਮਾਂ ਵਾਸਤੇ ਸਥਾਨ ਹੀ ਖਾਲੀ ਨਹੀਂ ਕਰਵਾਏ ਨਜ਼ਰਾਨੇ ਵੀ ਦਿੱਤੇ। ਬਘੇਲ ਸਿੰਘ ਨੇ ਜਿਸ ਥਾਂ ਉੱਤੇ ਤੀਹ ਹਜ਼ਾਰ ਘੋੜੇ ਰੱਖੇ ਸਨ, ਉਸ ਨੂੰ ਅੱਜ ਤੀਸ ਹਜ਼ਾਰੀ ਕਿਹਾ ਜਾਂਦਾ ਹੈ।
ਮਾਧੋਪੁਰੀ ਪੰਜਾਬੀ ਸਾਹਿਤ ਦਾ ਉੱਦਮੀ, ਸਿਰੜੀ ਤੇ ਸਮਰਪਿਤ ਜੀਊੜਾ ਹੈ ਜਿਹੜਾ ਪਛੜੇ ਤੇ ਲਿਤਾੜੇ ਲੋਕਾਂ ਦੀ ਹੌਸਲਾ ਅਫਜ਼ਾਈ ਲਈ ਸਦਾ ਤਤਪਰ ਰਹਿੰਦਾ ਹੈ। ਹਥਲੀ ਪੁਸਤਕ ਤਾਂ ਇਹ ਵੀ ਦੱਸਦੀ ਹੈ ਕਿ ਮੁਗਲਾਂ ਤੋਂ ਸੱਤ-ਅੱਠ ਸੌ ਸਾਲ ਪਹਿਲਾਂ ਮੁਹੰਮਦ-ਬਿਨ-ਕਾਸਿਮ ਵਰਗੇ ਅਰਬੀ ਧਾੜਵੀ ਅਖੰਡ ਹਿੰਦੁਸਤਾਨ ਦੇ ਉਤਰੀ ਰਾਜਾਂ ਉੱਤੇ ਕਾਬਜ਼ ਹੰੁਦੇ ਆਏ ਹਨ। ਏਥੋਂ ਦੇ ਵਸਨੀਕ ਅਹਿੰਸਾ ਦੇ ਪੁਜਾਰੀ ਸਨ।
ਇਤਿਹਾਸ ਗਵਾਹ ਹੈ ਕਿ ਏਸ ਤਰ੍ਹਾਂ ਦੀ ਰਾਜਨੀਤਕ ਉਥਲ-ਪੁਥਲ ਸੰਸਾਰ ਭਰ ਵਿਚ ਸਦੀਆਂ ਤੋਂ ਹੰੁਦੀ ਆਈ ਹੈ। ਅੱਜ ਦੇ ਦਿਨ ਭਾਰਤ ਵਿਚ ਰਹਿ ਰਹੇ ਮੁਸਲਮਾਨਾਂ, ਈਸਾਈਆਂ ਜਾਂ ਪੁਰਤਗਾਲੀਆਂ ਦਾ ਕੋਈ ਦੋਸ਼ ਨਹੀਂ। ਇਸ ਮਸਲੇ ਨੂੰ ਹਰ ਆਏ ਦਿਨ ਉਭਾਰਨਾ ਆਪਣੇ ਹਿੰਦੂ ਪੁਰਖਿਆਂ ਨੂੰ ਨਿੰਦਣ ਸਮਾਨ ਹੈ।
ਹਥਲੇ ਲੇਖ ਦਾ ਬਾਨਣੂ ਗੁਰਦਿਆਲ ਮੰਡੇਰ ਦੀ ਦਿੱਲੀ ਨੇ ਬੰਨ੍ਹਿਆ ਸੀ। ਹਥਲੇ ਸ਼ਬਦ ਮੰਡੇਰ ਪ੍ਰਤੀ ਸ਼ਰਧਾਂਜਲੀ ਹਨ:
ਅੰਤਿਕਾ
ਐਸ ਐਸ ਮੀਸ਼ਾ
ਸ਼ਾਮ ਦੀ ਨਾ ਸਵੇਰ ਦੀ ਗੱਲ ਹੈ
ਵਕਤ ਦੇ ਹੇਰ ਫੇਰ ਦੀ ਗੱਲ ਹੈ
ਤੇਰੇ ਚਿਹਰੇ ਦਾ ਜ਼ਿਕਰ ਹੋਇਆ ਸੀ
ਲੋਕ ਸਮਝੇ ਸਵੇਰ ਦੀ ਗੱਲ ਹੈ
ਮੈਨੂੰ ਤੇਰਾ ਮੁਹਾਂਦਰਾ ਭੁੱਲਿਆ
ਸੋਚ, ਕਿੰਨੇ ਹਨੇਰ ਦੀ ਗੱਲ ਹੈ।