ਚੰਡੀਗੜ੍ਹ: ਅੱਸੂ ਦੀ ਝੜੀ ਕਾਰਨ ਕਿਸਾਨ ਨਿਰਾਸ਼ ਹਨ। ਬੇਮੌਸਮੇ ਮੀਂਹ ਤੇ ਤੇਜ ਹਵਾਵਾਂ ਨੇ ਪੰਜਾਬ ‘ਚ ਪੱਕੀਆਂ ਫਸਲਾਂ ਨੂੰ ਢੇਰੀ ਕਰ ਦਿੱਤਾ ਹੈ। ਪਹਿਲੀ ਅਕਤੂਬਰ ਤੋਂ ਝੋਨੇ ਦੀ ਸ਼ੁਰੂ ਹੋਣ ਵਾਲੀ ਸਰਕਾਰੀ ਖਰੀਦ ਹੁਣ ਪਛੜਨ ਦਾ ਖ਼ਦਸ਼ਾ ਬਣ ਗਿਆ ਹੈ।
ਨਮੀ ਵਧਣ ਕਰਕੇ ਮੰਡੀਆਂ ਵਿਚ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਬਾਰਸ਼ ‘ਆਪ` ਸਰਕਾਰ ਦੀ ਝੋਨੇ ਦੀ ਫਸਲ ਦੀ ਪਹਿਲੀ ਖਰੀਦ ਲਈ ਚੁਣੌਤੀ ਬਣ ਸਕਦੀ ਹੈ। ਇਹ ਵੀ ਖਦਸ਼ਾ ਹੈ ਕਿ ਕੇਂਦਰ ਸਰਕਾਰ ਝੋਨੇ ਦੀ ਖਰੀਦ ਮੌਕੇ ਨਵੇਂ ਅੜਿੱਕੇ ਖੜ੍ਹੇ ਕਰ ਸਕਦੀ ਹੈ। ਮੀਂਹ ਨੇ ਸਮੁੱਚੇ ਸੂਬੇ ਨੂੰ ਜਲ-ਥਲ ਕਰ ਦਿੱਤਾ ਹੈ। ਬਾਰਸ਼ ਦਾ ਸਭ ਤੋਂ ਵਧ ਅਸਰ ਫਸਲਾਂ `ਤੇ ਪਿਆ ਹੈ। ਨਰਮਾ ਪੱਟੀ ਵਿਚ ਨਰਮੇ-ਕਪਾਹ ਦੀ ਫਸਲ `ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਦਾ ਖਤਰਾ ਵਧ ਗਿਆ ਹੈ। ਉਂਜ ਚਿੱਟਾ ਮੱਛਰ ਮੀਂਹ ਨੇ ਧੋ ਦਿੱਤਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਨਮੀ ਫਸਲਾਂ ਲਈ ਬਿਮਾਰੀਆਂ ਦਾ ਘਰ ਹੈ ਅਤੇ ਅਜਿਹੇ ਮੌਸਮ ਵਿਚ ਸੁੰਡੀ ਦਾ ਖਤਰਾ ਵਧ ਜਾਂਦਾ ਹੈ ਜਿਨ੍ਹਾਂ `ਤੇ ਕੋਈ ਕੀਟਨਾਸ਼ਕ ਵੀ ਅਸਰ ਨਹੀਂ ਕਰਦਾ।
ਮੀਂਹ ਕਾਰਨ ਪੰਜਾਬ ਤੇ ਹਰਿਆਣਾ ਦੇ ਕਈ ਖੇਤਰਾਂ ਵਿਚ ਝੋਨੇ ਦੀ ਫਸਲ ਤਾਂ ਨੁਕਸਾਨੀ ਹੀ ਗਈ ਹੈ ਪਰ ਇਸ ਦੇ ਨਾਲ-ਨਾਲ ਬਹੁਤ ਸਾਰੇ ਖੇਤਰਾਂ ਵਿਚ ਸਬਜ਼ੀਆਂ ਦੀ ਕਾਸ਼ਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜਾਣਕਾਰੀ ਅਨੁਸਾਰ ਇਸ ਵਾਰ ਸੂਬੇ ਵਿਚ 31 ਲੱਖ ਹੈਕਟੇਅਰ ਵਿਚ ਝੋਨੇ, ਜਦਕਿ 5 ਲੱਖ ਹੈਕਟੇਅਰ ਵਿਚ ਬਾਸਮਤੀ ਦੀ ਖੇਤੀ ਕੀਤੀ ਗਈ ਸੀ। ਬਾਸਮਤੀ ਦੀਆਂ ਛੇਤੀ ਪੱਕਣ ਵਾਲੀਆਂ ਪੀ.ਬੀ.-1509 ਤੇ 126 ਵਰਗੀਆਂ ਅਗੇਤੀਆਂ ਕਿਸਮਾਂ ਦੀ ਕਈ ਥਾਵਾਂ ਉਤੇ ਵਾਢੀ ਵੀ ਸ਼ੁਰੂ ਹੋ ਗਈ ਸੀ। ਸੂਬੇ ਵਿਚ ਕਈ ਥਾਵਾਂ ਉਤੇ ਕਿਸਾਨਾਂ ਵੱਲੋਂ ਇਨ੍ਹਾਂ ਵੰਨਗੀਆਂ ਨੂੰ ਵੇਚਣ ਲਈ ਮੰਡੀਆਂ ਵਿਚ ਵੀ ਲਿਆਂਦਾ ਜਾ ਰਿਹਾ ਸੀ ਪਰ ਮੀਂਹ ਕਾਰਨ ਇਹ ਕਿਸਾਨ ਮੰਡੀਆਂ ਵਿਚ ਰੁਲਨ ਲਈ ਮਜਬੂਰ ਹੋ ਗਏ ਹਨ। ਦੂਜੇ ਪਾਸੇ ਖੇਤਾਂ ਵਿਚ ਤਿਆਰ ਖੜ੍ਹੀ ਝੋਨੇ ਦੀ ਫਸਲ ਨੂੰ ਵੱਢਣ ਦਾ ਕੰਮ ਇਕਦਮ ਰੁਕ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਤੇ ਤੇਜ ਚੱਲੀਆਂ ਹਵਾਵਾਂ ਨੇ ਪੱਕੀ ਫਸਲ ਧਰਤੀ ਉਤੇ ਵਿਛਾ ਦਿੱਤੀ ਹੈ, ਜਿਸ ਨਾਲ ਦਾਣਾ ਖਰਾਬ ਹੋਣ ਲੱਗਾ ਹੈ ਤੇ ਖੇਤਾਂ ਵਿਚ ਖੜ੍ਹੇ ਪਾਣੀ ਕਾਰਨ ਇਨ੍ਹਾਂ ਦੀ ਵਾਢੀ ਵੀ ਤਕਰੀਬਨ 10 ਦਿਨ ਤੱਕ ਪੱਛੜ ਗਈ ਹੈ। ਖੇਤੀਬਾੜੀ ਵਿਭਾਗ ਅਨੁਸਾਰ ਸੰਗਰੂਰ, ਪਟਿਆਲਾ, ਲੁਧਿਆਣਾ, ਮੁਹਾਲੀ ਆਦਿ ਜਿਲ੍ਹਿਆਂ ਵਿਚ ਮੀਂਹ ਜ਼ਿਆਦਾ ਪਿਆ ਹੈ।
ਝੋਨੇ ਦੀਆਂ ਪੀ.ਆਰ. 114, 121 ਕਿਸਮ ਤੇ ਕੁਝ ਹਾਈਬ੍ਰਿਡ ਬੀਜ ਇਨ੍ਹਾਂ ਦਿਨਾਂ ਵਿਚ ਨਿੱਸਰ ਰਹੇ ਹਨ ਪਰ ਮੀਂਹ ਨਾਲ ਇਨ੍ਹਾਂ ਵੰਨਗੀਆਂ ਦੇ ਦਾਣੇ ਕਾਲੇ ਹੋ ਕੇ ਖਰਾਬ ਹੋਣ ਦੀ ਸੰਭਾਵਨਾਵਾਂ ਬਣ ਗਈ ਹੈ। ਇਥੇ ਹੀ ਬੱਸ ਨਹੀਂ, ਪੰਜਾਬ ਵਿਚ ਸਬਜ਼ੀਆਂ ਦੀ ਵੱਧ ਕਾਸ਼ਤ ਕਰਨ ਵਾਲੇ ਕਿਸਾਨ ਵੀ ਬਰਸਾਤ ਕਾਰਨ ਮੁਸ਼ਕਲ ਵਿਚ ਫਸੇ ਨਜ਼ਰ ਆ ਰਹੇ ਹਨ। ਇਨ੍ਹਾਂ ਦਿਨਾਂ ਵਿਚ ਟਮਾਟਰ, ਗੋਭੀ ਤੇ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਇਹ ਫਸਲਾਂ ਵੀ ਖਰਾਬ ਹੋਣ ਦੀ ਕਗਾਰ ਉਤੇ ਪੁੱਜ ਗਈਆਂ ਹਨ। ਖੇਤੀ ਵਿਭਾਗ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਜੇਕਰ ਮੌਸਮ ਇਸੇ ਤਰ੍ਹਾਂ ਦਾ ਬਣਿਆ ਰਿਹਾ ਤਾਂ ਫਸਲਾਂ ‘ਤੇ ਅਸਰ ਪਵੇਗਾ। ਮੌਸਮ ਸਾਫ ਹੋ ਜਾਂਦਾ ਹੈ ਤਾਂ ਕਾਫੀ ਬਚਾਅ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਨਮੀ ਕਰਕੇ ਫੰਗਸ ਦਾ ਡਰ ਹੈ ਅਤੇ ਦਾਣੇ ਵੀ ਕਾਲੇ ਹੋ ਸਕਦੇ ਹਨ।
ਅਸਥਿਰ ਮਾਨਸੂਨ ਨੇ ਫਸਲਾਂ ਤਬਾਹ ਕੀਤੀਆਂ: ਮਾਹਿਰ
ਨਵੀਂ ਦਿੱਲੀ: ਖੇਤੀ ਤੇ ਖੁਰਾਕ ਨੀਤੀ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਮੌਜੂਦਾ ਮਾਨਸੂਨ ਸੀਜ਼ਨ ਵਿਚ ਇਕਸਾਰ ਮੀਂਹ ਨਾ ਪੈਣ ਕਰਕੇ ਸਾਉਣੀ ਸੀਜ਼ਨ ਦੀ ਫਸਲ ਵਿਚ ਮਾਮੂਲੀ ਨਿਘਾਰ ਜਰੂਰ ਆਇਆ ਹੈ, ਪਰ ਇਸ ਨਾਲ ਖੁਰਾਕ ਸੁਰੱਖਿਆ ‘ਤੇ ਅਸਰ ਪੈਣ ਜਾਂ ਮਹਿੰਗਾਈ ਦੇ ਸ਼ੂਟ ਵੱਟਣ ਜਿਹੇ ਕੋਈ ਆਸਾਰ ਨਹੀਂ ਹਨ ਕਿਉਂਕਿ ਭਾਰਤ ਕੋਲ ਕਾਫੀ ਭੰਡਾਰ ਉਪਲਬਧ ਹਨ। ਮਾਹਿਰਾਂ ਨੇ ਕਿਹਾ ਕਿ ਵਿਅਕਤੀਗਤ ਪੱਧਰ ‘ਤੇ ਕਿਸਾਨਾਂ ਨੂੰ ਅਸਥਿਰ ਮਾਨਸੂਨ ਦੀ ਵੱਡੀ ਮਾਰ ਪਈ ਹੈ ਤੇ ਅਜੇ ਤੱਕ ਬਹੁਤਿਆਂ ਨੂੰ ਸੂਬਾ ਸਰਕਾਰਾਂ ਵੱਲੋਂ ਕੋਈ ਮਦਦ ਵੀ ਨਹੀਂ ਮਿਲੀ। ਕੇਂਦਰੀ ਖੇਤੀ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਉਣੀ ਦੀ ਬਿਜਾਈ ਖਤਮ ਹੋਣ ਕੰਢੇ ਹੈ ਤੇ ਪਿਛਲੇ ਸਾਲ ਦੀ ਨਿਸਬਤ ਐਤਕੀਂ ਝੋਨੇ ਹੇਠ ਰਕਬਾ ਘਟਿਆ ਹੈ। ਤੇਲ ਬੀਜਾਂ, ਦਾਲਾਂ ਤੇ ਜੂਟ ਦੀ ਬਿਜਾਈ ਵੀ ਪੱਛੜੀ ਹੈ।