ਖਤਰਨਾਕ ਮੋੜ ਵੱਲ ਵਧ ਸਕਦੀ ਹੈ ਰੂਸ-ਯੂਕਰੇਨ ਜੰਗ

ਨਵੀਂ ਦਿੱਲੀ: ਤਕਰੀਬਨ ਸੱਤ ਮਹੀਨੇ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਖਤਰਨਾਕ ਮੋੜ ਲੈਂਦੀ ਦਿਖਾਈ ਦੇ ਰਹੀ ਹੈ। ਇਕ ਪਾਸੇ ਰੂਸ ਦੂਜੀ ਸੰਸਾਰ ਜੰਗ ਤੋਂ ਬਾਅਦ ਆਪਣੀ ਸਭ ਤੋਂ ਵੱਡੀ ਫੌਜੀ ਭਰਤੀ ਕਰ ਰਿਹਾ ਹੈ ਤੇ ਦੂਜੇ ਪਾਸੇ ਯੂਕਰੇਨ ਨੇ ਸੱਤ ਮਹੀਨੇ ਪਹਿਲਾਂ ਸ਼ੁਰੂ ਹੋਈ ਇਸ ਜੰਗ ਲਈ ਰੂਸ ਨੂੰ ਸਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਜੰਗ ਨੂੰ ਅੱਗੇ ਵਧਾਉਣ ਲਈ ਤਿੰਨ ਲੱਖ ਰੂਸੀ ਜਵਾਨ ਭਰਤੀ ਕਰਨ ਦਾ ਹੁਕਮ ਦਿੱਤਾ ਹੈ।

ਇਸ ਜੰਗ ‘ਚ ਪਹਿਲਾਂ ਹੀ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲੱਖਾਂ ਲੋਕ ਬੇਘਰ ਹੋ ਚੁੱਕੇ ਹਨ। ਰੂਸੀ ਰਾਸ਼ਟਰਪਤੀ ਦੇ ਫੈਸਲੇ ਨਾਲ ਠੰਢੀ ਜੰਗ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ।
ਉਧਰ, ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਵੱਲੋਂ ਜੰਗ ਦੇ ਪਰਮਾਣੂ ਤਬਾਹੀ ਤੱਕ ਵਧ ਜਾਣ ਦੇ ਸੰਕੇਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪੂਤਿਨ ਦਾ ਕਹਿਣਾ ਹੈ ਕਿ ਉਸ ਦੀ ਜੰਗ ਯੂਕਰੇਨ ਤੱਕ ਸੀਮਤ ਨਹੀਂ; ਯੂਕਰੇਨ ਸਾਂਝੀ ਯੂਰਪੀਅਨ ਫੌਜੀ ਮਸ਼ੀਨ ਦਾ ਪਿਆਦਾ ਬਣਿਆ ਹੋਇਆ ਹੈ; ਯੂਰਪ ਦੀ ਰਲ ਕੇ ਰੂਸ ਨੂੰ ਕਮਜ਼ੋਰ ਕਰਨ ਜਾਂ ਹਰਾਉਣ ਦੀ ਕੋਸ਼ਿਸ਼ ਰੂਸ ਨੂੰ ਉਕਸਾਉਣ ਵਾਲੀ ਹੈ। ਪੂਤਿਨ ਦੇ ਭਾਸ਼ਣ ਤੋਂ ਪਿੱਛੋਂ ਰੂਸ ਦੇ ਬਹੁਤ ਸਾਰੇ ਲੋਕ ਮਾਰਸ਼ਲ ਲਾਅ ਲੱਗਣ ਦੇ ਡਰ ਕਾਰਨ ਦੇਸ਼ ਤੋਂ ਬਾਹਰ ਜਾਣ ਦੀਆਂ ਤਿਆਰੀਆਂ ਕਰਨ ਲੱਗ ਪਏ ਹਨ।
ਪੂਤਿਨ ਦੇ ਇਸ ਬਿਆਨ ਨੂੰ ਦੂਸਰੀ ਆਲਮੀ ਜੰਗ ਤੋਂ ਬਾਅਦ ਦੋ ਦੇਸ਼ਾਂ ਦੇ ਆਪਸੀ ਯੁੱਧ ਨੂੰ ਆਲਮੀ ਪੱਧਰ ‘ਤੇ ਲੈ ਕੇ ਜਾਣ ਵਾਲਾ ਪਹਿਲਾ ਬਿਆਨ ਕਿਹਾ ਜਾ ਰਿਹਾ ਹੈ। ਰੂਸ ਨੇ 24 ਫਰਵਰੀ 2022 ਨੂੰ ਯੂਕਰੇਨ ਉੱਤੇ ਹਮਲਾ ਕੀਤਾ ਸੀ। ਉਸ ਦੇ ਸ਼ੁਰੂਆਤੀ ਬਿਆਨ ਇਸ ਨੂੰ ਸੀਮਤ ਜੰਗ ਵਜੋਂ ਦਰਸਾ ਰਹੇ ਸਨ ਕਿ ਯੂਕਰੇਨ ਨੂੰ ਹਥਿਆਰ ਵਿਹੂਣਾ ਕਰਕੇ ਰੂਸ ਨੂੰ ਪੈਦਾ ਹੋ ਰਿਹਾ ਖਤਰਾ ਖ਼ਤਮ ਕੀਤਾ ਜਾਵੇਗਾ। ਯੂਕਰੇਨ ਦੇ ਨਾਟੋ ਦਾ ਮੈਂਬਰ ਬਣਨ ਦੀਆਂ ਸੰਭਾਵਨਾਵਾਂ ਤੋਂ ਰੂਸ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਇਨ੍ਹਾਂ ਦਲੀਲਾਂ ਤਹਿਤ ਸ਼ੁਰੂ ਕੀਤੀ ਜੰਗ ਦੌਰਾਨ ਵੱਡੀ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਹਾਲੀਆ ਅਧਿਐਨ ਮੁਤਾਬਕ ਜੰਗ ਦੌਰਾਨ ਲਗਭਗ 66 ਲੱਖ ਲੋਕ ਘਰ-ਬਾਰ ਛੱਡ ਕੇ ਸ਼ਰਨਾਰਥੀ ਬਣੇ ਹਨ; ਉਨ੍ਹਾਂ ਨੇ ਹੋਰਾਂ ਦੇਸ਼ਾਂ ਵਿਚ ਸ਼ਰਨ ਲਈ ਹੋਈ ਹੈ। ਇਕ ਅਨੁਮਾਨ ਅਨੁਸਾਰ ਰੂਸ ਦਾ ਇਸ ਜੰਗ ਉੱਤੇ ਰੋਜ਼ਾਨਾ ਇਕ ਅਰਬ ਡਾਲਰ ਖਰਚ ਹੋ ਰਿਹਾ ਹੈ। ਯੂਕਰੇਨ ਦੇ ਸ਼ਹਿਰਾਂ ਦੀ ਵੱਡੀ ਤਬਾਹੀ ਹੋਈ ਹੈ।
ਇਸ ਜੰਗ ਦੇ ਨਤੀਜੇ ਬੇਹੱਦ ਤਬਾਹਕੁਨ ਹੋ ਸਕਦੇ ਹਨ। ਜੰਗ ਦੇ ਰੁਝਾਨ ਤੋਂ ਸਪੱਸ਼ਟ ਹੈ ਕਿ ਅਮਰੀਕਾ ਤੇ ਯੂਰਪ ਦੇ ਦੇਸ਼ ਯੂਕਰੇਨ ਦੀ ਹਰ ਤਰੀਕੇ ਨਾਲ ਖਾਸ ਤੌਰ ਉੱਤੇ ਹਥਿਆਰਾਂ ਨਾਲ ਮਦਦ ਕਰ ਰਹੇ ਹਨ।