ਭਾਜਪਾ ਵਿਰੁੱਧ ਸਾਂਝੇ ਮੋਰਚੇ ਦਾ ਹੋਕਾ

ਚੰਡੀਗੜ੍ਹ: ਹਰਿਆਣਾ ਦੇ ਕੱਦਾਵਰ ਆਗੂ ਮਰਹੂਮ ਚੌਧਰੀ ਦੇਵੀ ਲਾਲ ਦੇ 109ਵੇਂ ਜਨਮ ਦਿਵਸ ਮੌਕੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਰੱਖੀ ਗਈ ਸਨਮਾਨ ਰੈਲੀ ਵਿਚ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਕ ਮੰਚ ਉਤੇ ਆ ਕੇ ਸਾਂਝਾ ਮੋਰਚਾ ਬਣਾਉਣ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ, ਇਨੈਲੋ ਦੇ ਕਨਵੀਨਰ ਅਭੈ ਸਿੰਘ ਚੌਟਾਲਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ।

ਇਸ ਮੌਕੇ ਨਿਤੀਸ਼ ਕੁਮਾਰ ਨੇ 2024 ਵਿਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਪਾਰਟੀ ਨੂੰ ਵਿਆਪਕ ਗੱਠਜੋੜ ਦਾ ਹਿੱਸਾ ਬਣਾਉਣ ਦੀ ਅਹਿਮੀਅਤ ‘ਤੇ ਜੋਰ ਦਿੱਤਾ। ਸ਼ਰਦ ਪਵਾਰ ਵੀ ਨਿਤੀਸ਼ ਕੁਮਾਰ ਦੀ ਦਲੀਲ ਨਾਲ ਸਹਿਮਤ ਦਿਖਾਈ ਦਿੱਤੇ। ਨਿਤੀਸ਼ ਕੁਮਾਰ ਨੇ ਭਾਜਪਾ ਨੂੰ ਟੱਕਰ ਦੇਣ ਲਈ ਕਾਂਗਰਸ ਅਤੇ ਖੱਬੇ ਪੱਖੀਆਂ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਵਿਰੋਧੀ ਧਿਰ ਦਾ ਇਹ ਮੁੱਖ ਮੋਰਚਾ ਯਕੀਨੀ ਬਣਾਏਗਾ ਕਿ 2024 ਦੀਆਂ ਆਮ ਚੋਣਾਂ ਵਿਚ ਭਾਜਪਾ ਨੂੰ ਕਰਾਰੀ ਹਾਰ ਮਿਲੇ। ਰੈਲੀ ਵਿਚ ਉਨ੍ਹਾਂ ਕਿਹਾ ਕਿ ਜੇਕਰ ਗੈਰ ਭਾਜਪਾ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਉਹ ਉਨ੍ਹਾਂ ਲੋਕਾਂ ਤੋਂ ਛੁਟਕਾਰਾ ਪਾ ਸਕਦੇ ਹਨ ਜੋ ਦੇਸ ਨੂੰ ਬਰਬਾਦ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਭਾਜਪਾ ਉਤੇ ਦੋਸ਼ ਲਾਇਆ ਕਿ ਉਹ ਸਿਆਸੀ ਲਾਹਾ ਲੈਣ ਲਈ ਸਮਾਜ ਵਿਚ ਹਿੰਦੂ-ਮੁਸਲਿਮ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।