ਨਾਨਕਸ਼ਾਹੀ ਕੈਲੰਡਰ ਵਾਲੇ ਪਾਲ ਸਿੰਘ ਪੁਰੇਵਾਲ ਦਾ ਦੇਹਾਂਤ

ਐਡਮੰਟਨ (ਕੈਨਡਾ): ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਾਲੇ ਵਿਦਵਾਨ ਪਾਲ ਸਿੰਘ ਪੁਰੇਵਾਲ ਦਾ ਦੇਹਾਂਤ ਹੋ ਗਿਆ। 90 ਸਾਲਾ ਸਿੱਖ ਵਿਦਵਾਨ ਅਤੇ ਸਾਬਕਾ ਇੰਜਨੀਅਰ ਪਾਲ ਸਿੰਘ ਪੁਰੇਵਾਲ ਅੱਜ ਕੱਲ੍ਹ ਕੈਨੇਡਾ ਦੇ ਸ਼ਹਿਰ ਐਡਮੰਟਨ ਵਿਚ ਰਹਿ ਰਹੇ ਸਨ। ਉਹ 1965 ਵਿਚ ਇੰਗਲੈਂਡ ਚਲੇ ਗਏ ਸਨ ਅਤੇ ਟੈਕਸਾਸ ਇੰਸਟਰੂਮੈਂਟਸ ਵਿਚ ਇਕ ਸੀਨੀਅਰ ਇੰਜੀਨੀਅਰ ਵਜੋਂ ਕੰਮ ਕੀਤਾ। ਬਾਅਦ ਵਿਚ 1974 ‘ਚ ਉਹ ਕੈਨੇਡਾ ਚਲੇ ਗਏ।

ਸ. ਪਾਲ ਸਿੰਘ ਪੁਰੇਵਾਲ ਦਾ ਜਨਮ 23 ਨਵੰਬਰ 1932 ਨੂੰ ਹੋਇਆ ਸੀ। 1960 ਵਿਚ ਉਨ੍ਹਾਂ ਸ਼ੰਕਰ ਦੇ ਸਰਕਾਰੀ ਹਾਈ ਸਕੂਲ ਵਿਚ ਬਤੌਰ ਸਾਇੰਸ ਅਧਿਆਪਕ ਪੜ੍ਹਾਇਆ। ਪੰਜਾਬ ਦੇ ਇਤਿਹਾਸ ਵਿਚ ਉਹ ਪਹਿਲੇ ਅਜਿਹੇ ਅਧਿਆਪਕ ਸਨ ਜਿਹੜੇ ਇੰਗਲੈਂਡ ਵਿਚ ਬਿਨਾਂ ਕੋਈ ਵਾਧੂ ਸਿਖਲਾਈ ਲਿਆਂ ਉਥੇ ਅਧਿਆਪਕ ਨਿਯੁਕਤ ਹੋਏ। ਉਨ੍ਹਾਂ ਵੱਖ-ਵੱਖ ਵਿਸ਼ਿਆਂ ‘ਤੇ ਖੋਜ ਪੱਤਰ ਵੀ ਲਿਖੇ।
ਉਨ੍ਹਾਂ ਸਿੱਖਾਂ ਦਾ ਨਿਆਰਾ ਕੈਲੰਡਰ ਤਿਆਰ ਕਰਨ ਲਈ 50 ਸਾਲ ਸਖਤ ਮਿਹਨਤ ਕੀਤੀ ਅਤੇ ਆਖਰਕਾਰ ਇਹ ਕੈਲੰਡਰ ਤਿਆਰ ਕਰ ਲਿਆ। ਇਸ ਸਬੰਧੀ ਉਹ ਚੰਡੀਗੜ੍ਹ ਦੀ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਨਾਲ ਜੁੜੇ ਰਹੇ। ਉਨ੍ਹਾਂ 1996 ਵਿਚ ਤਿਆਰ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ। ਖਾਸਲਾ ਪੰਥ ਦੇ 300 ਸਾਲਾ ਦਿਹਾੜੇ ‘ਤੇ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਵੀਕਾਰ ਕਰ ਲਿਆ ਅਤੇ ਮਗਰੋਂ 2003 ਵਿਚ ਅਕਾਲ ਤਖਤ ਨੇ ਤਿੰਨ ਤਾਰੀਖਾਂ ਛੱਡ ਕੇ ਇਸ ਨੂੰ ਸਵੀਕਾਰ ਕਰ ਲਿਆ। ਅਮਰੀਕਨ ਸਿੱਖ ਕੌਂਸਲ ਇਸ ਸਬੰਧੀ ਮਤੇ ਦੀ ਹਮਾਇਤ ਕੀਤੀ ਪਰ 2010 ਵਿਚ ਇਸ ਕੈਲੰਡਰ ਵਿਚ ਤਬਦੀਲੀਆਂ ਕਰ ਕੇ ਇਸ ਨੂੰ ਲਾਗੂ ਕਰ ਦਿੱਤਾ ਗਿਆ।
ਅਮਰੀਕੀ ਸਿੱਖ ਕੌਂਸਲ ਦਾ ਕਹਿਣਾ ਹੈ ਕਿ ਕੌਂਸਲ ਸ. ਪਾਲ ਸਿੰਘ ਪੁਰੇਵਾਲ ਦੇ ਸੁਪਨੇ ਨੂੰ ਹਰ ਹਾਲ ਪੂਰਾ ਕਰੇਗੀ ਅਤੇ ਮੂਲ ਕੈਲੰਡਰ ਲਾਗੂ ਕਰਨ ਲਈ ਯਤਨ ਕਰਦੀ ਰਹੇਗੀ। ਕੌਂਸਲ ਨੇ ਦਾਅਵਾ ਕੀਤਾ ਕਿ ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਦੇ ਗੁਰਦੁਆਰਿਆਂ ਵਿਚ ਮੂਲ ਕੈਲੰਡਰ ਜਾਰੀ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਦਲ ਖਾਲਸਾ ਨੇ ਪਾਲ ਸਿੰਘ ਪੁਰੇਵਾਲ ਦੇ ਕੈਨੇਡਾ ਵਿਚ ਹੋਏ ਅਕਾਲ ਚਲਾਣੇ `ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪਾਰਟੀ ਆਗੂਆਂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਮੰਡ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੂਲ ਕੈਲੰਡਰ ਨੂੰ ਬਹਾਲ (ਲਾਗੂ) ਕਰਨ ਦਾ ਅਧੂਰਾ ਕਾਰਜ ਪੂਰਾ ਕੀਤਾ ਜਾਵੇਗਾ ਤੇ ਇਸ ਸਬੰਧੀ ਜੱਦੋ-ਜਹਿਦ ਜਾਰੀ ਰਹੇਗੀ। ਸਿੱਖਾਂ ਦੀ ਵੱਖਰੀ ਪਛਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੇ ਮਾਰਚ 2003 ਵਿਚ ਲਾਗੂ ਹੋਣ ਤੋਂ ਅੱਠ ਵਰ੍ਹਿਆਂ ਬਾਅਦ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੇ ਇਕ ਪਰਿਵਾਰ ਦੇ ਹੁਕਮਾਂ ‘ਤੇ ਸੋਧਾਂ ਦੇ ਨਾਮ ਹੇਠ ਉਸ ਦੀ ਅਸਲ ਭਾਵਨਾ ਅਤੇ ਮੂਲ ਸਰੂਪ ਦਾ ਕਤਲ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਵੀ ਸ. ਪੁਰੇਵਾਲ ਦੇ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ ਕੀਤਾ।