ਗੁਲਜ਼ਾਰ ਸਿੰਘ ਸੰਧੂ
ਹਥਲੇ ਲੇਖ ਵਿਚ ਮੈਂ 35 ਸਾਲ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਵਿਚ ਰਹਿ ਚੁੱਕੇ ਆਪਣੇ ਸਹਿ-ਕਰਮੀ ਅਮੋਲਕ ਸਿੰਘ ਜੰਮੂ ਦੀ ਪੁਸਤਕ (ਅਮੋਲਕ ਹੀਰਾ: ਯਾਦਾਂ ਤੇ ਯੋਗਦਾਨ, ਸੰਪਾਦਕ: ਸੁਰਿੰਦਰ ਤੇਜ) ਦੇ ਹਵਾਲੇ ਨਾਲ 40-50 ਸਾਲ ਪਹਿਲਾਂ ਦੇ ਸਿਆਸੀ ਤੇ ਸਦਾਚਾਰਕ ਪੁਰਾਣੇ ਪੰਜਾਬ ਦੀ ਬਾਤ ਪਾਉਣੀ ਹੈ। ਇਨ੍ਹਾਂ ਵਿਚ ਅਮੋਲਕ ਦੇ ਬਚਪਨ ਦਾ ਪਿੰਡ ਕੁੱਤੇ ਵੱਢ (ਹਰਿਆਣਾ) ਵੀ ਹੈ, ਉਸ ਦਾ ਪੰਜਾਬ ਯੂਨਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਵਾਲਾ ਵਿਦਿਆਰਥੀ ਕਾਲ ਵੀ। ਉਦੋਂ ਅਮੋਲਕ ਸਿੰਘ ਜੰਮੂ ‘ਪੰਜਾਬੀ ਟ੍ਰਿਬਿਊਨ’ ਵਿਚ ਪਰੂਫ ਰੀਡਰ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਸੰਪਾਦਕੀ ਉਸ ਵੇਲੇ ਉਚੇ ਤਖ਼ਤ `ਤੇ ਬੈਠਣ ਵਰਗੀ ਸੀ ਜਿਸ ਦੀ ਨੀਂਹ ਬਰਜਿੰਦਰ ਸਿੰਘ ਹਮਦਰਦ ਨੇ ਰੱਖੀ ਸੀ। ਉਸ ਨੇ ਪਰੂਫ਼ ਰੀਡਿੰਗ ਸੈਕਸ਼ਨ ਦੀ ਕਮਾਂਡ ਕਹਾਣੀਕਾਰ ਪ੍ਰੇਮ ਗੋਰਖੀ ਨੂੰ ਦੇ ਰੱਖੀ ਸੀ, ਭਾਵੇਂ ਉਹ ਦਸ ਜਮਾਤਾਂ ਹੀ ਪੜ੍ਹਿਆ ਹੋਇਆ ਸੀ। ਉਂਝ ਉਹਦੇ ਨਾਲ ਕੰਮ ਕਰਨ ਵਾਲੇ ਰਜਿੰਦਰ ਸੋਢੀ, ਅਮੋਲਕ ਜੰਮੂ, ਮੂਹਰਜੀਤ, ਰਣਜੀਤ ਰਾਹੀ, ਤਰਲੋਚਨ, ਸੁਰਿੰਦਰ ਸਿੰਘ ਆਦਿ ਪ੍ਰੇਮ ਗੋਰਖੀ ਨਾਲੋਂ ਵੱਧ ਪੜ੍ਹੇ ਹੋਏ ਸਨ। ਸੰਪਾਦਕੀ ਅਮਲੇ ਵਿਚ ਹਰਭਜਨ ਹਲਵਾਰਵੀ, ਸ਼ੰਗਾਰਾ ਸਿੰਘ ਭੁੱਲਰ, ਕਰਮਜੀਤ ਸਿੰਘ, ਦਲਬੀਰ ਸਿੰਘ, ਸੁਰਿੰਦਰ ਸਿੰਘ ਤੇਜ, ਦਲਜੀਤ ਸਰਾ, ਜਗਤਾਰ ਸਿੱਧੂ, ਸ਼ਾਮ ਸਿੰਘ, ਸੁਰਜੀਤ ਸਿੰਘ, ਅਸ਼ੋਕ ਸ਼ਰਮਾ, ਜਗਦੀਸ਼ ਬਾਂਸਲ, ਸ਼ਮਸ਼ੇਰ ਸੰਧੂ ਤੇ ਇਕ ਦੋ ਹੋਰ ਸਬ-ਐਡੀਟਰ, ਸੀਨੀਅਰ ਸਬ-ਐਡੀਟਰ ਤੇ ਐਸਿਸਟੈਂਟ ਐਡੀਟਰ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ।
ਇਸ ਅਦਾਰੇ ਦਾ ਪ੍ਰਬੰਧ ਰੁਲੀਆ ਰਾਮ ਸ਼ਰਮਾ ਦੇ ਹੱਥ ਸੀ, ਜੋ ਇਸ ਸੰਸਥਾ ਦਾ ਲਾਹੌਰ, ਸ਼ਿਮਲਾ ਤੇ ਅੰਬਾਲਾ ਹੁੰਦਿਆਂ ਵੀ ਜਨਰਲ ਮੈਨੇਜਰ ਰਹਿ ਚੁੱਕਿਆ ਸੀ, ਪੂਰੇ ਤੀਹ ਸਾਲ। ਟ੍ਰਿਬਿਊਨ ਦੇ ਹਿੰਦੀ ਅਤੇ ਪੰਜਾਬੀ ਐਡੀਸ਼ਨ ਨਿਕਲਣ ਨਾਲ ਇਸ ਸੰਸਥਾ ਵਿਚ ਅਜਿਹਾ ਖਿਲਾਰਾ ਪਿਆ ਕਿ ਰੁਲੀਆ ਰਾਮ ਨੇ ਇਸ ਤੋਂ ਸਨਿਆਸ ਲੈ ਲਿਆ। ਸੰਸਥਾ ਦੀ ਪ੍ਰਬੰਧਕੀ ਕਮਾਂਡ ਭਾਰਤੀ ਪ੍ਰਸ਼ਾਸਨ ਸੇਵਾ ਦੇ ਅਜਿਹੇ ਅਫਸਰ ਦੇ ਹੱਥ ਆ ਗਈ ਜਿਹੜਾ ਪੜ੍ਹਨ ਲਿਖਣ ਦਾ ਸ਼ੌਕੀਨ ਤਾਂ ਸੀ ਪਰ ਦ੍ਰਿਸ਼ਟੀਕੋਣ ਤੋਂ ਸੱਖਣਾ। ਉਸ ਦੇ ਦਫ਼ਤਰ ਵਾਲੇ ਰੈਕਾਂ ਵਿਚ ਪਲੈਟੋ, ਅਰਸਤੂ, ਰੂਸੋ ਤੋਂ ਲੈ ਕੇ ਸਵਾਮੀ ਵਿਵੇਕਾਨੰਦ ਤੇ ਅਰਵਿੰਦ ਵਰਗੇ ਚਿੰਤਕਾਂ ਦੀਆਂ ਪੁਸਤਕਾਂ ਚਿਣੀਆਂ ਹੋਈਆਂ ਸਨ ਪਰ ਉਸ ਦਾ ਸਾਰਾ ਜ਼ੋਰ ਮੁਖ ਸੰਪਾਦਕ ਪ੍ਰੇਮ ਭਾਟੀਆ ਨੂੰ ਤੁਰਦਾ ਕਰਨ ਅਤੇ ਆਪਣੇ ਆਪ ਨੂੰ ਮੈਨੇਜਿੰਗ ਐਡੀਟਰ ਥਾਪਣ `ਤੇ ਲਗਿਆ ਹੋਇਆ ਸੀ। ਰਾਜਨੀਤਕ ਪੱਖ ਤੋਂ ਇਹ ਸਮਾਂ ਨੀਲਾ ਤਾਰਾ ਅਪਰੇਸ਼ਨ ਵਾਲਾ ਵੀ ਸੀ, 1984 ਦੇ ਦਿੱਲੀ ਦੰਗਿਆਂ ਵਾਲਾ ਵੀ ਤੇ ਖਾੜਕੂ ਲਹਿਰ ਦੇ ਉਭਾਰ ਵਾਲਾ ਵੀ।
ਅਮੋਲਕ ਦੀਆਂ ਯਾਦਾਂ ਵਿਚ ਕਰਮਜੀਤ ਸਿੰਘ ਦੀ ਦਰਿਆਦਿਲੀ, ਗੁਰਦਿਆਲ ਬੱਲ ਦੀ ਵਿਦਵਤਾ ਤੇ ਮਲੰਗੀ ਤੇ ਅੱਠਵਾਂ ਕਾਲਮ ਲਿਖਣ ਵਾਲੇ ਦਲਬੀਰ ਸਿੰਘ ਦੀ ਨਿਧੜਕਤਾ ਦਾ ਚੰਗਾ ਵਰਣਨ ਹੈ, ਕਰਮਜੀਤ ਸਿੰਘ ਦੀ ਸਿੱਖੀ ਸੋਚ ਤੇ ਉਸ ਦੇ ਮਨ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪ੍ਰਤੀ ਸਤਿਕਾਰ ਸਮੇਤ। ਉਹ ਉਸ ਨੂੰ ਸਿੱਖ ਮੱਤ ਦੀਆਂ ਕਦਰਾਂ-ਕੀਮਤਾਂ ਦਾ ਪਹਿਰੇਦਾਰ ਮੰਨਦਾ ਸੀ। ਇਸ ਦੇ ਉਲਟ ਦਲਬੀਰ ਭਿੰਡਰਾਂਵਾਲੇ ਨੂੰ ਸਿੱਖੀ ਰਵਾਇਤਾਂ ਦਾ ਘਾਣ ਕਰਨ ਵਾਲਾ। ਇਹ ਗੱਲ ਵੱਖਰੀ ਹੈ, ਉਨ੍ਹਾਂ ਦੋਨਾਂ ਦੇ ਮਿਲ ਕੇ ਕੰਮ ਕਰਨ ਵਿਚ ਪੂਰੀ ਇਕਸਾਰਤਾ ਸੀ।
ਅਮੋਲਕ ਨੇ ਆਪਣੀਆਂ ਯਾਦਾਂ ਵਿਚ ਸ਼ਮਸ਼ੇਰ ਸੰਧੂ, ਕਰਮਜੀਤ ਸਿੰਘ ਤੇ ਗੁਰਦਿਆਲ ਬੱਲ ਦੇ ਕੁਝ ਹੋਰ ਗੁਣਾਂ ਦਾ ਵੀ ਜ਼ਿਕਰ ਕੀਤਾ ਹੈ। ਕਰਮਜੀਤ ਸਿੰਘ ਦੇ ਕੰਮ ਦੀ ਅਖ਼ਬਾਰੀ ਸੂਝ ਤੇ ਸਿਆਣਪ ਦਾ, ਸ਼ਮਸ਼ੇਰ ਸੰਧੂ ਦੀ ਸਭਿਆਚਾਰਕ ਸੂਝ ਦਾ। ਬੱਲ ਦੀ ਮਲੰਗੀ ਤੇ ਪੜ੍ਹਨ ਪੜ੍ਹਾਉਣ ਦੀ ਰੁਚੀ ਦਾ। ਬੱਲ ਨੇ ਤਾਲਸਤਾਇ, ਇਬਸਨ, ਡੀ ਐੱਚ ਲਾਰੈਂਸ ਤੇ ਆਗਸਤ ਸਟਰਿੰਡਬਰਗ ਦੀਆਂ ਰਚਨਾਵਾਂ ਹੀ ਨਹੀਂ, ਮਿਰਜ਼ਾ ਗਾਲਿਬ ਦੀ ਸ਼ਾਇਰੀ ਵੀ ਪੜ੍ਹੀ ਹੋਈ ਸੀ। ਉਹ ਉਨ੍ਹਾਂ ਲੋਕਾਂ ਨੂੰ ਚੰਗੇ ਸਮਝਦਾ ਸੀ ਜਿਹੜੇ ਫਰਾਂਸੀਸੀ ਲੇਖਕ ਫਲਾਬੇਅਰ ਦੇ ਨਾਵਲ ਵਾਲੀ ਮਾਦਾਮ ਬਾਵਰੀ ਤੇ ਈਰਾਨੀ ਲੇਖਿਕਾ ਅਜ਼ਰਾ ਨਫ਼ੀਸੀ ਦੀ ਲੋਲਿਤਾ ਵਾਲੀ ਸੋਚ ਦੇ ਮਾਲਕ ਸਨ। ਇਰਵਿੰਗ ਸਟੋਨ ਦੇ ਨਾਵਲ ‘ਲਸਟ ਫਾਰ ਲਾਈਫ’ ਦੇ ਪਾਤਰਾਂ ਸਮੇਤ। ਗੁਰਦਿਆਲ ਬੱਲ ਆਪਣੇ ਦੋਸਤਾਂ ਮਿੱਤਰਾਂ ਤੇ ਸਹਿਕਰਮੀਆਂ ਨੂੰ ਅਜਿਹੀਆਂ ਪੁਸਤਕਾਂ ਤੋਹਫੇ ਵਜੋਂ ਵੀ ਦਿੰਦਾ ਰਹਿੰਦਾ ਸੀ। ਇਹ ਭਾਣਾ ਮੇਰੇ ਨਾਲ ਵੀ ਉਸ ਦੀ ਪਹਿਲੀ ਮਿਲਣੀ ਸਮੇਂ ਹੀ ਵਰਤਿਆ ਸੀ। ਉਹ ਪਹਿਲੀ ਵਾਰ ਮੇਰੇ ਘਰ ਆਇਆ ਤਾਂ ਚਾਰ ਪੰਜ ਪੁਸਤਕਾਂ ਸਮੇਤ। ਖੂਭੀ ਇਹ ਕਿ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਇਹ ਪੁਸਤਕਾਂ ਮੇਰੇ ਕੋਲ ਛੱਡ ਗਿਆ। ਉਹ ਕੀ ਜਾਣੇ, ਮੈਂ ਬਹੁਤ ਘੱਟ ਪੜ੍ਹਦਾ ਹਾਂ।
ਅਮੋਲਕ ਨੂੰ ਪਰੂਫ ਰੀਡਰ ਤੋਂ ਸਬ-ਐਡੀਟਰ ਬਣਨ ਲਈ 12 ਸਾਲ ਲੱਗੇ। ਉਹ ਇਸ ਨੂੰ ਬਾਰਾਂ ਵਰ੍ਹਿਆਂ ਵਿਚ ਰੂੜੀ ਦੀ ਸੁਣੀ ਗਈ ਗਾਥਾ ਕਹਿੰਦਾ ਸੀ। ਇਹ ਗੱਲ ਵੱਖਰੀ ਹੈ ਕਿ ਉਸ ਨੇ ਏਸ ਸਮੇਂ ਵਿਚ ਪਹਿਲਾਂ ਐਮ. ਫਿਲ., ਫੇਰ ਲਾਅ ਦੀ ਡਿਗਰੀ ਲੈ ਕੇ ਟ੍ਰਾਂਸਲੇਸ਼ਨ ਦਾ ਡਿਪਲੋਮਾ ਵੀ ਕੀਤਾ ਅਤੇ ਜਰਨਲਿਜ਼ਮ ਤੇ ਮਾਸ ਕਮੀਊਨੀਕੇਸ਼ਨ ਦੀ ਮਾਸਟਰ ਡਿਗਰੀ ਵੀ ਲਈ। ਉਹ ਏਨਾ ਸਿਰੜੀ ਜਿਊੜਾ ਸੀ ਕਿ ਕਿਸੇ ਬਿੱਧ ‘ਟ੍ਰਿਬਿਊਨ’ ਦੀ ਨੌਕਰੀ ਛੱਡ ਕੇ ਸ਼ਿਕਾਗੋ ਪਹੁੰਚ ‘ਪੰਜਾਬ ਟਾਈਮਜ਼’ ਅਖਬਾਰ ਦਾ ਮਾਲਕ-ਸੰਪਾਦਕ ਹੋ ਗਿਆ।
ਅਮੋਲਕ ਸਿੰਘ ਜੰਮੂ ਦੀਆਂ ਯਾਦਾਂ ਨੂੰ ਸੰਪਾਦਕ ਨੇ ਲੇਖਕ ਦੀਆਂ ‘ਯਾਦਾਂ ਤੇ ਯੋਗਦਾਨ’ ਕਿਹਾ ਹੈ। ਇਸ ਵਿਚ ਅਮੋਲਕ ਦੇ ਵਿਦਿਅਕ ਜੀਵਨ ਦੀਆਂ ਗੱਲਾਂ ਵੀ ਹਨ, ‘ਪੰਜਾਬੀ ਟ੍ਰਿਬਿਊਨ’ ਵੇਲਿਆਂ ਦੀਆਂ ਵੀ ਤੇ ਅਮਰੀਕਾ ਜਾ ਕੇ ‘ਪੰਜਾਬ ਟਾਈਮਜ਼’ ਦਾ ਮਾਲਕ-ਸੰਪਾਦਕ ਹੋਣ ਤੋਂ ਪਿੱਛੋਂ ਦੀਆਂ ਵੀ। ਵਿਦਿਅਕ ਕਾਲ ਦੀ ਪੰਜਾਬ ਯੂਨੀਵਰਸਟੀ ਦਾ ਨਕਸ਼ਾ ਖਿੱਚਣ ਲਈ ਅਮੋਲਕ ਨੇ ਚਾਚੇ ਗੁਲਾਟੀ ਦੀ ਕੰਟੀਨ ਨੂੰ ਇਸ ਦਾ ਧੁਰਾ ਬਣਾਇਆ ਹੈ। ਗੁਲਾਟੀ ਦੀ ਕੰਟੀਨ ’ਤੇ ਆਉਣ ਵਾਲੇ ਉਸ ਦੇ ਅਣਧੋਤੇ ਗਲਾਸਾਂ ਵਾਲੀ ਚਾਹ ਪੀਣ ਨਾਲੋਂ ਇਕ ਦੂਜੇ ਨੂੰ ਮਿਲ ਕੇ ਵਧੇਰੇ ਖੁਸ਼ ਹੁੰਦੇ ਸਨ। ਇੱਥੇ ਆਉਣ ਵਾਲਿਆਂ ਵਿਚ ਹਸੂੰ-ਹਸੂੰ ਕਰਦੀ ਮਨਿੰਦਰ ਨਾਂ ਦੀ ਸ਼ਰਾਰਤੀ ਕੁੜੀ ਵੀ ਸੀ ਜਿਹੜੀ ਆਪਣੇ ਟੀਚਰਾਂ ਦੀਆਂ ਨਕਲਾਂ ਲਾਉਣ ਦੀ ਮਾਹਰ ਸੀ। ਜੇ ਕੋਈ ਉਸ ਦਾ ਮਜ਼ਾਕ ਉਡਾਉਂਦਾ ਤਾਂ ਉਹ ਮਜ਼ਾਕ ਉਡਾਉਣ ਵਾਲਿਆਂ ਨੂੰ ‘ਕਮਲਿਆਂ ਦਾ ਟੱਬਰ’ ਕਹਿ ਕੇ ਉਰੇ-ਪਰੇ ਹੋ ਜਾਂਦੀ। ਇਕ ਦਿਨ ਜਦੋਂ ਉਹ ਫਰ ਦਾ ਕੋਟ ਪਹਿਨ ਕੇ ਆਈ ਤੇ ਉਸ ਦੇ ਜਾਣੂ ਮੁੰਡੇ ਕੁੜੀਆਂ ਉਸ ਦੇ ਕੋਟ ਉੱਤੇ ਹਥ ਫੇਰ ਕੇ ਉਸ ਨੂੰ ਲੂੰਬੜੀ, ਰਿੱਛ ਜਾਂ ਮਿਆਊਂ ਬਿੱਲੀ ਕਹਿ ਕੇ ਛੇੜਦੇ ਤਾਂ ਉਹ ਛੇੜਨ ਵਾਲਿਆਂ ਨੂੰ ਇਸ ਦੇ ਮੈਂਬਰ ਕਹਿ ਛੱਡਦੀ। ‘ਕਮਲਿਆਂ ਦਾ ਟੱਬਰ’ ਉਸ ਦਾ ਤਕੀਆ ਕਲਾਮ ਸੀ।
ਇਨ੍ਹਾਂ ਵਿਚ ਉਹ ਵਿਦਿਆਰਥਣ ਵੀ ਸੀ ਜਿਸ ਨੂੰ ਉਸ ਦੇ ਧੱਕੜ ਸੁਭਾਅ ਕਾਰਨ ਸਾਰੇ ਨੇਤਾ ਜੀ ਕਹਿੰਦੇ ਸਨ ਤੇ ਮਾਹੀ ਮੁੰਡਾ ਵੀ। ਇਕ ਵਾਰੀ ਨੇਤਾ ਜੀ ਦੀ ਇਕ ਸਹੇਲੀ ਨੂੰ ਇਕ ਮੁੰਡੇ ਨੇ ਥੋੜ੍ਹਾ ਜਿਹਾ ਮੋਢਾ ਮਾਰਿਆ ਤਾਂ ਪਿਛੇ ਪਿੱਛੇ ਆ ਰਹੀ ਨੇਤਾ ਜੀ ਨੇ ਉਸ ਮੁੰਡੇ ਦੀ ਅਜਿਹੀ ਗਤ ਬਣਾਈ ਕਿ ਉਸ ਦੀ ਪਗੜੀ ਲਥ ਗਈ। ਪਿਛੋਂ ਜਾ ਕੇ ਪਤਾ ਲਗਿਆ ਕਿ ਉਹ ਮੁੰਡਾ ਸ਼ਰਮ ਦਾ ਮਾਰਿਆ ਯੂਨੀਵਰਸਟੀ ਹੀ ਛੱਡ ਗਿਆ ਅਤੇ ਨੇਤਾ ਜੀ ਦੀ ਧਾਂਕ ਹੋਰ ਵੀ ਉੱਚੀ ਹੋ ਗਈ।
ਗੁਲਾਟੀ ਦੀ ਕੰਟੀਨ ਯੂਨੀਵਰਸਿਟੀ ਦੀ ਸਥਾਪਨਾ ਜਿੰਨੀ ਪੁਰਾਣੀ ਸੀ ਤੇ ਉਸ ਦੀ ਆਪਣੀ ਉਮਰ ਕਈ ਵਿਦਿਆਰਥੀਆਂ ਦੇ ਦਾਦੇ ਜਿੰਨੀ ਸੀ। ਨਿਸਚੇ ਹੀ ਉਹਦੇ ਕੋਲ ਏਨੇ ਸਮੇਂ ਦੇ ਅਨੇਕਾਂ ਮੁੰਡੇ-ਕੁੜੀਆਂ ਦੇ ਰਾਜ਼ ਸਨ। ਉਸ ਨੇ ਉਸ ਲੋਹੜੀ ਵਾਲਾ ਜਸ਼ਨ ਵੀ ਤੱਕਿਆ ਸੀ ਜਦੋਂ ਸੁੰਦਰ-ਮੁੰਦਰੀਏ ਦੀ ਹੇਕ ਲਾ ਕੇ ਕਮਲਿਆਂ ਦਾ ਟੱਬਰ ਵਜੋਂ ਜਾਣੀ ਜਾਂਦੀ ਮਨਿੰਦਰ ਨੇ ਕੰਟੀਨ ‘ਤੇ ਚਾਹ ਪੀ ਰਹੇ ਕਈਆਂ ਨੂੰ ਆਪਣੇ ਨਾਲ ਨੱਚਣ ਲਾ ਲਿਆ ਸੀ। ਮੁੰਡਿਆਂ ਸਮੇਤ ਇਸ ਤੋਂ ਪਿਛੋਂ ਚਾਚੇ ਵਲੋਂ ਰਿਊੜੀਆਂ ਖਾਣ ਲਈ ਦਿੱਤੇ ਦਸਾਂ ਦੇ ਨੋਟ ਨੇ ਤਾਂ ਕੁੜੀਆਂ ਦਾ ਹੌਸਲਾ ਏਨਾ ਵਧਾ ਦਿੱਤਾ ਕਿ ਉਨ੍ਹਾਂ ਨੇ ਇਕ ਦੋ ਅਧਿਆਪਕਾਂ ਕੋਲੋਂ ਵੀ ਨੋਟ ਕਢਵਾ ਲਏ।
ਪੁਸਤਕ ਦਾ ਆਰੰਭ ਸ਼ਿਕਾਗੋ ਪਹੁੰਚੇ ਅਮੋਲਕ ਨੂੰ ਪਟਿਆਲਾ ਤੋਂ ਵੈਨਕੁਵਰ ਪਹੁੰਚੀ ਮਨਿੰਦਰ ਦੇ ਮਨ-ਮਸਤਕ ਵਿਚ ਤੀਹ ਸਾਲ ਪੁਰਾਣੀਆਂ ਯਾਦਾਂ ਨਾਲ ਹੁੰਦਾ ਹੈ; ਚਾਚੇ ਗੁਲਾਟੀ ਦੀ ਉਸ ਗੱਲ ਸਮੇਤ ਜਿਹੜੀ ਉਸ ਨੇ ਉਸ ਮੁੰਡੇ ਨੂੰ ਕਹੀ ਸੀ ਜਿਸ ਨੇ ਉਸ ਦੀ ਚਾਹ ਨੂੰ ਨਿਕੰਮੀ ਕਿਹਾ ਸੀ: ‘ਰਹਿਣ ਦੇ ਓ ਰਹਿਣ ਦੇ। ਤੇਰਾ ਤਾਂ ਅਜੇ ਜੰਮ ਨਹੀਂ ਮੁੱਕਿਆ। ਤੇਰਾ ਭਾਪਾ ਇਹੀਓ ਚਾਹ ਪੀ ਕੇ ਤੇਰੀ ਮਾਂ ਨਾਲ ਇਸ਼ਕ ਲੜਾਉਂਦਾ ਰਿਹੈ ਤੇ ਤੂੰ ਮੇਰੀ ਚਾਹ ਵਿਚ ਨੁਕਸ ਕੱਢਦੈਂ।’
ਅਮੋਲਕ ਨੇ ਵਿਦਿਅਕ ਸਮੇਂ ਦੀਆਂ ਇਹ ਗੱਲਾਂ ‘ਕਮਲਿਆਂ ਦਾ ਟੱਬਰ’ ਸਿਰਲੇਖ ਥੱਲੇ ਆਪਣੇ ਪਰਚੇ ‘ਪੰਜਾਬ ਟਾਈਮਜ਼’ ਵਿਚ ਲਿਖੀਆਂ ਤਾਂ ਉਹਨੂੰ ਮਨਿੰਦਰ ਨੇ ਹੀ ਨਹੀਂ, ਤੀਹ ਸਾਲ ਪੁਰਾਣੇ ਕਈ ਮਿੱਤਰਾਂ ਨੇ ਲੱਭ ਲਿਆ। ਇਨ੍ਹਾਂ ਵਿਚ ਲੋਕ ਨਾਥ, ਅਮਿਤੋਜ, ਕੁਮਾਰ ਵਿਕਲ, ਜਗਤਾਰ, ਵਰਿੰਦਰ ਮਹਿੰਦੀਰੱਤਾ, ਅਤਰ ਸਿੰਘ, ਵਿਸ਼ਵਾ ਨਾਥ ਤਿਵਾੜੀ, ਭੂਸ਼ਨ ਧਿਆਨਪੁਰੀ ਤੇ ਅੱਜ ਕਲ੍ਹ ਅਮਰੀਕਾ ਦੇ ਸ਼ਹਿਰ ਡਿਟਰਾਇਟ ਵਿਚ ਕਾਰਾਂ ਦੇ ਪੁਰਜ਼ੇ ਬਣਾਉਣ ਵਾਲੀ ਕੰਪਨੀ ਵਿਚ ਕੰਮ ਕਰਦਾ ਬਲਜੀਤ ਬਾਸੀ ਵੀ ਸੀ। ਉਹ ਬਾਸੀ ਜਿਹੜਾ ਆਪਣੇ ਮੁਢਲੇ ਜਵੀਨ ਵਿਚ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਉਂਦਾ ਤੇ ਚਿੜੀਆਂ ਕਬੂਤਰਾਂ ਦਾ ਹਵਾਲਾ ਦੇ ਕੇ ਕਹਿ ਛੱਡਦਾ ਸੀ ਕਿ ਜੇ ਰੱਬ ਉਨ੍ਹਾਂ ਨੂੰ ਕੰਮ ਕੀਤੇ ਬਿਨ ਭੁੱਖੇ ਨਹੀਂ ਰਹਿਣ ਦਿੰਦਾ ਤਾਂ ਉਹਨੇ ਕਿਹੜਾ ਰੱਬ ਦੇ ਮਾਂਹ ਮਾਰੇ ਹਨ।
ਅਮੋਲਕ ਦੀਆਂ ਯਾਦਾਂ ਵਿਚ ਕਾਮਰੇਡ ਕੁਲਦੀਪ ਦੀਆਂ ਉਨ੍ਹਾਂ ਪਿੰਨੀਆਂ ਦਾ ਜ਼ਿਕਰ ਵੀ ਹੈ, ਜਿਹੜੀਆਂ ਲੋਹੜੀ ਦੇ ਦਿਨਾਂ ਵਿਚ ਉਸ ਨੂੰ ਆਪਣੀ ਮਾਂ ਵੱਲੋਂ ਮਿਲੀਆਂ ਸਨ। ਉਸ ਦੇ ਸਾਥੀਆਂ ਨੂੰ ਪਤਾ ਸੀ ਕਿ ਉਹ ਕਿਸੇ ਸਾਥੀ ਨੂੰ ਸੁਲ੍ਹਾ ਮਾਰੇ ਬਿਨਾਂ ਆਪ ਹੀ ਖਾਂਦਾ ਰਹਿੰਦਾ ਸੀ। ਇਕ ਦਿਨ ਦੁਪਹਿਰ ਵੇਲੇ ਉਸ ਦੀ ਗ਼ੈਰ-ਹਾਜ਼ਰੀ ਵਿਚ ਪੂਰਨ ਨਾਂ ਦੇ ਇਕ ਮੁੰਡੇ ਨੇ ਸਾਰੀਆਂ ਪਿੰਨੀਆਂ ਕੱਢ ਕੇ ਆਪਣੇ ਸਾਥੀਆਂ ਨੂੰ ਵੰਡ ਦਿੱਤੀਆਂ ਤੇ ਪੀਪੀ ਵਿਚ ਨਿੱਕ-ਸੁੱਕ ਪਾ ਕੇ ਪਹਿਲਾਂ ਵਾਲੀ ਥਾਂ ਉੱਤੇ ਰੱਖ ਆਇਆ। ਕੁਲਦੀਪ ਨੇ ਹਾਲ ਪਾਹਰਿਆ ਮਚਾਈ ਤਾਂ ਖਾਣ ਵਾਲੇ ਕਹਿਣ ਲੱਗੇ ਕਿ ਉਸ ਨੇ ਕਾਮਰੇਡਾਂ ਵਾਂਗ ਵੰਡ ਕੇ ਨਹੀਂ ਖਾਧੀਆਂ ਹੋਣੀਆਂ, ਇਸ ਲਈ ਉਸ ਦੇ ਪਰੋਲਤਾਰੀ ਸਾਥੀਆਂ ਨੂੰ ਆਪੋ ਵਿਚ ਵੰਡਣੀਆਂ ਪੈ ਗਈਆਂ।
ਇਹ ਵੀ ਕਿ ਜਦੋਂ ਇਕ ਵਾਰੀ ਸਾਰੇ ਵਿਦਿਆਰਥੀ ਪਹਾੜ `ਤੇ ਪਿਕਨਿਕ ਲਈ ਗਏ ਤਾਂ ਕੋਲੋਂ ਦੀ ਲੰਘ ਰਹੀ ਕੁੜੀਆਂ ਦੀ ਇਕ ਟੋਲੀ ਨੇ ਮੁੰਡਿਆਂ ਦੀ ਟੋਲੀ ਨੂੰ ਰੋੜੇ ਮਾਰੇ ਸਨ। ਮੁੰਡਿਆਂ ਨੇ ਉਨ੍ਹਾਂ ਦੀ ਸ਼ਿਕਾਇਤ ਆਪਣੇ ਅਧਿਆਪਕ ਕੋਲ ਲਾਈ ਤਾਂ ਅਧਿਆਪਕ ਦਾ ਉੱਤਰ ਸੀ, ‘ਓਇ ਮੁੰਡਿਓ, ਤੁਸੀਂ ਸ਼ਿਕਾਇਤਾਂ ਕਰਦੇ ਹੋ, ਤੁਹਾਨੂੰ ਤਾਂ ਇਹ ਰੋੜੇ ਸਾਂਭ ਕੇ ਰੱਖਣੇ ਚਾਹੀਦੇ ਹਨ ਕਿ ਕੁੜੀਆਂ ਨੇ ਮਾਰੇ ਹਨ।`
ਅਮੋਲਕ ਨੇ ਆਪਣੇ ਪਿੰਡ ਕੁੱਤੇਵੱਢ ਬਾਰੇ ਵੀ ਜੋ ਕੁਝ ਲਿਖਿਆ ਹੈ, ਉਹ ਪੰਜਾਬ ਤੇ ਹਰਿਆਣਾ ਦੇ ਸਾਰੇ ਪਿੰਡਾਂ ਉੱਤੇ ਢੁਕਦਾ ਹੈ। ਹੁਣ ਕਿਸੇ ਪਿੰਡ ਵਿਚ ਦਾਣੇ ਭੁੰਨਣ ਵਾਲੀ ਭੱਠੀ ਨਹੀਂ। ਉਹ ਖੂਹ ਵੀ ਨਹੀਂ ਜਿਥੋਂ ਮਹਿਰੇ ਪਾਣੀ ਭਰ ਕੇ ਘਰ-ਘਰ ਪਹੁੰਚਾਉਂਦੇ ਸਨ। ਉਸ ਦੀ ਜਵਾਨੀ ਸਮੇਂ ਸਾਰੇ ਪਿੰਡ ਦਾ ਇਕ ਹੀ ਗੁਰਦੁਆਰਾ ਸੀ ਜਿਹੜਾ ਪਿੰਡ ਵਾਲਿਆਂ ਨੇ 1947 ਵਿਚ ਮੁਸਲਮਾਨਾਂ ਦੀ ਖਾਲੀ ਕੀਤੀ ਮਸੀਤ ਵਿਚ ਹੀ ਸਥਾਪਤ ਕਰ ਲਿਆ ਸੀ। ਹੁਣ ਉਸ ਪਿੰਡ ਵਿਚ ਤਿੰਨ ਗੁਰਦੁਆਰੇ ਹਨ, ਇਕ ਬਿਸ਼ਨੋਈ ਮੰਦਰ ਤੇ ਇਕ ਹਨੂੰਮਾਨ ਮੰਦਰ। ਅੱਜ ਪਿੰਡਾਂ ਦੇ ਬੋਹੜ ਤੇ ਪਿਪਲ ਭਾਵੇਂ ਕਾਇਮ ਹਨ ਪਰ ਉਨ੍ਹਾਂ ਥੱਲੇ ਨਾ ਡੰਗਰ ਬੈਠਦੇ ਹਨ, ਨਾ ਸੱਥਾਂ ਲਗਦੀਆਂ ਹਨ ਤੇ ਨਾ ਹੀ ਤਾਸ਼ ਦੀ ਬਾਜ਼ੀ।
ਗੱਲ ਮਨਿੰਦਰ ਨਾਲ ਅਮੋਲਕ ਦੀ ਫੋਨ ਕਾਲ ਤੋਂ ਸ਼ੁਰੂ ਹੋਈ ਸੀ, ਇਹ ਵੀ ਕਿ ਵਿਦਿਆਰਥੀ ਜੀਵਨ ਦੇ ਉਨ੍ਹਾਂ ਦਿਨਾਂ ਵਿਚ ਜਦੋਂ ਮਨਿੰਦਰ ਨੇ ਅਮੋਲਕ ਨੂੰ ਉਸ ਦੀ ‘ਕਾਸਟ’ ਪੁੱਛੀ ਸੀ ਤਾਂ ਅਮੋਲਕ ਨੇ ਮਜ਼ਾਕ ਵਿਚ ਆਪਣੇ ਆਪ ਨੂੰ ‘ਸ਼ਡਿਊਲਡ ਕਾਸਟ’ ਕਹਿ ਦਿੱਤਾ ਸੀ। ਤੀਹ ਸਾਲ ਪਿੱਛੋਂ ਗੱਲ ਕਰਦਿਆਂ ਜਦੋਂ ਮਨਿੰਦਰ ਨੇ ਇਹ ਪੁੱਛਿਆ ਕਿ ਜਸਪ੍ਰੀਤ ਕੀ ਕਰਦੀ ਹੈ, ਤਾਂ ਉਸ ਨੂੰ ਉੱਤਰ ਮਿਲਿਆ, ਰੋਟੀਆਂ ਪਕਾਉਂਦੀ ਹੈ। ਉਦੋਂ ਮਨਿੰਦਰ ਨੇ ਟੈਲੀਫੋਨ ’ਤੇ ਹੀ ਆਪਣੇ ਦਿਲ ਦੀ ਗੱਲ ਕਹਿ ਦਿਤੀ ਕਿ ਤੀਹ ਸਾਲ ਪਹਿਲਾਂ ਜੇ ਅਮੋਲਕ ਆਪਣੀ ਕਾਸਟ ਬਾਰੇ ਪੁੱਠਾ ਜਵਾਬ ਨਾ ਦਿੰਦਾ ਤਾਂ ਅੱਜ ਮਨਿੰਦਰ ਨੇ ਅਮੋਲਕ ਦੀ ਰੋਟੀ ਪਕਾਉਂਦੀ ਹੋਣਾ ਸੀ।
ਅਮੋਲਕ ਦੇ ਸਿਰੜ ਅਤੇ ਸਿਦਕ ਦੀ ਗਾਥਾ ਨੋਟ ਕਰਨ ਵਾਲੀ ਹੈ। ਉਸ ਨੂੰ ਪੱਠਿਆਂ ਦੀ ਬੇਤਰਤੀਬ ਕਮਜ਼ੋਰੀ ਦਾ ਅਜਿਹਾ ਰੋਗ ਸੀ ਕਿ ਅੰਤਿਮ ਸਮੇਂ ਉਸ ਦੇ ਗਲੇ ਦੀਆਂ ਰਗਾਂ ਵੀ ਕੰਮ ਕਰਨੋਂ ਹਟ ਗਈਆਂ ਸਨ ਤੇ ਉਹ ਮਸਨੂਈ ਯੰਤਰ ਦੁਆਰਾ ਕੰਮ ਕਰਦਾ ਸੀ; ਪਰਚੇ ਦੀ ਸੰਪਾਦਕੀ ਤੇ ਪਰਿਵਾਰ ਨਾਲ ਗੱਲਬਾਤ ਵੀ।
ਪੁਸਤਕ ਦੇ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਪੁਸਤਕ ਵਿਚ ਸ਼ਾਮਲ ਸਮੱਗਰੀ ਨੂੰ ਵਧੀਆ ਤਰਤੀਬ ਦਿਤੀ ਹੈ। ਤੇਜ ਉਂਝ ਵੀ ਅਮੋਲਕ ਦੇ ਸਿਰੜ ਤੇ ਉਸ ਦੀ ਪਤਨੀ ਜਸਪ੍ਰੀਤ ਦੇ ਸਿਦਕ ਤੋਂ ਭਲੀਭਾਂਤ ਜਾਣੂ ਹੈ, ਕਿਉਂਕਿ ਤੇਜ ਦੀ ਆਪਣੀ ਜੀਵਨ ਸਾਥਣ ਤਜਿੰਦਰ (ਹੁਣ ਮਰਹੂਮ) ਅਮੋਲਕ ਦੀ ਪਤਨੀ ਤੋਂ ਬੜੀ ਮੁਤਾਸਰ ਸੀ। ਉਹੀਓ ਹੈ ਜਿਸ ਨੇ ਅਮੋਲਕ ਦੇ ਅੰਤਲੇ ਸਾਹਾਂ ਤੱਕ ਉਸ ਨੂੰ ਸਾਂਭਿਆ ਤੇ ਉਸ ਦੇ ਤੁਰ ਜਾਣ ਪਿੱਛੋਂ ਅਮੋਲਕ ਦੇ ਮਿੱਤਰ ਪਿਆਰਿਆਂ ਦੀ ਸਹਾਇਤਾ ਨਾਲ ਉਹਦੇ ਵੱਲੋਂ ਕੱਢੇ ਗਏ ਪਰਚੇ ‘ਪੰਜਾਬ ਟਾਈਮਜ਼’ ਨੂੰ ਜਾਰੀ ਰੱਖ ਰਹੀ ਹੈ।
ਪੁਸਤਕ ਵਿਚ ਅਮੋਲਕ ਵਲੋਂ ਆਪਣੇ ਪਰਚੇ ‘ਪੰਜਾਬ ਟਾਈਮਜ਼’ ਵਿਚ ਛਾਪੇ ਕੁਝ ਲੇਖ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ‘ਪੰਜਾਬੀ ਟ੍ਰਿਬਿਊਨ’ ਵਿਚ ਪਰੂਫ ਰੀਡਰ ਦੀ ਆਸਾਮੀ ਉਤੇ ਇਕ ਦਹਾਕਾ ਉਲਝਿਆ ਰਹਿਣ ਵਾਲਾ ਅਮੋਲਕ ਸੰਪਾਦਕੀ ਜ਼ਿੰਮੇਵਾਰੀ ਨਿਭਾਉਂਦਿਆਂ ਕਿੰਨਾ ਸਿਆਣਾ ਸੀ। ਉਨ੍ਹਾਂ ਲੇਖਾਂ ਦੀਆਂ ਕੁਝ ਟੂਕਾਂ ਜਿਹੜੇ ਅਮੋਲਕ ਦੇ ਹੁੰਦਿਆਂ ‘ਪੰਜਾਬ ਟਾਈਮਜ਼’ ਵਿਚ ਛਪੇ:
ਵਿਗਿਆਨ ਨੇ ਸਾਨੂੰ ਲੰਮੀ ਉਮਰ ਦਿੱਤੀ ਹੈ। ਸਭ ਸੁੱਖ ਸਹੂਲਤਾਂ ਵਿਗਿਆਨ ਦੀ ਦੇਣ ਹਨ। ਵਿਗਿਆਨ ਜੰਗਾਂ ਨਹੀਂ ਦਿੰਦਾ। ਅਰਥਚਾਰੇ ਦੀ ਸਿਆਸਤ ਅਜਿਹਾ ਕਰਦੀ ਹੈ। ਜ਼ਾਲਮਾਨਾ ਵਰਤੋਂ ਵਿਗਿਆਨ ਦੀ ਵੀ ਹੁੰਦੀ ਹੈ ਤੇ ਧਰਮ ਦੀ ਵੀ। ਜਿਵੇਂ ਖਾੜਕੂਆਂ ਹੱਥੋਂ ਧਰਮ ਦੀ ਹੋਈ।… ਖਾੜਕੂ ਲਹਿਰ ਨੇ ਪੰਜਾਬ ਨੂੰ ਮਨੀਪੁਰ, ਨਾਗਾਲੈਂਡ ਜਾਂ ਕਸ਼ਮੀਰ ਬਣਾਉਣਾ ਚਾਹਿਆ ਸੀ। ਸਦੀਵੀ ਗੜਬੜ ਦਾ ਖਿੱਤਾ, ਫ਼ੌਜਾਂ ਦੀ ਸਪੈਸ਼ਲ ਤਾਕਤ ਐਕਟ ਦੇ ਪੈਰਾਂ ਹੇਠ ਮਿਧੀਂਦਾ ਜਿਸ ਵਿਚ ਖਾੜਕੂਆਂ ਦਾ ਬੋਲ-ਬਾਲਾ ਹੋਵੇ। ਪੰਜਾਬ ਦੇ ਲੋਕਾਂ ਇਹ ਪ੍ਰਵਾਨ ਨਹੀਂ ਕੀਤਾ। -ਗੁਰਦੀਪ ਸਿੰਘ ਦੇਹਰਾਦੂਨ
—
‘ਜਾਪੁ ਸਾਹਿਬ` ਅਨੁਸਾਰ ਵਾਹਿਗੁਰੂ ਸਿੱਖ ਇਨਕਲਾਬ ਦਾ ਪ੍ਰਮੁੱਖ ਚਿੰਨ੍ਹ ਹੈ। ਉਸ ਨੂੰ ਹਰ ਤਰ੍ਹਾਂ ਦੀ ਇਕਪਰਤਾ ਤੋਂ ਮੁਕਤ ਰੱਖਿਆ ਗਿਆ ਹੈ। ਉਸ ਦੇ ਵਿਸਥਾਰ ਲਈ ਜੋ ਭਾਸ਼ਾ ਵਰਤੀ ਗਈ ਹੈ, ਉਹ ਇਸਲਾਮੀ-ਫਾਰਸੀ-ਅਰਬੀ ਸਰੋਤ ਤੋਂ ਵੀ ਹੈ ਅਤੇ ਸੰਸਕ੍ਰਿਤ ਵੈਦਿਕ ਸਰੋਤ ਤੋਂ ਵੀ… ਸਿੱਖ ਇਨਕਲਾਬ ਵਲੋਂ ਜਿਸ ਬਰਾਬਰੀ, ਨਿਆਂ, ਸ਼ਾਇਰੀ ਅਤੇ ਵਿਸਮਾਦ ਦਾ ਵਾਅਦਾ ਕੀਤਾ ਗਿਆ ਸੀ, ਉਹ ਸਭ ਕੁਝ ਆਮ ਜੀਵਨ ਵਿਚ ਨਹੀਂ ਲਿਆਂਦਾ ਜਾ ਸਕਿਆ। -ਗੁਰਭਗਤ ਸਿੰਘ (ਡਾ.)
—
ਸਰਕਾਰ ਕੋਈ ਵੀ ਹੋਵੇ, ਉਸ ਕੋਲ ਸੋਚਣ ਸਮਝਣ ਵਾਲੇ ਬੰਦੇ ਨੂੰ ਕਾਬੂ ਕਰਨ ਦੇ ਦੋ ਹੀ ਮੁੱਖ ਤਰੀਕੇ ਹੁੰਦੇ ਹਨ: ਇਕ ਇਨਾਮ ਦਾ, ਦੂਜਾ ਸਨਮਾਨ ਦਾ। … ਕੀ ਭਰੋਸਾ, ਕਦੋਂ ਕਿਸੇ ਦੇ ਗਲ `ਚ ਹਾਰ ਪਾ ਦੇਣ। ਧੌਣਾਂ ਕੇਵਲ ਤਲਵਾਰਾਂ ਨਾਲ ਨਹੀਂ, ਮਾੜੀ ਨੀਅਤ ਵਾਲੇ ਬੰਦਿਆਂ ਹੱਥੋਂ ਪਏ ਫੁੱਲਾਂ ਦੇ ਹਾਰਾਂ ਨਾਲ ਵੀ ਵੱਢੀਆਂ ਜਾਂਦੀਆਂ ਹਨ। -ਲਾਲੀ ਬਾਬਾ, ਪਟਿਆਲਾ
—
ਪਰਮਾਤਮਾ ਇਸ ਕਰਕੇ ਮਹਾਨ ਨਹੀਂ ਕਿ ਬਹੁਤ ਸਾਰੇ ਲੋਕ ਉਸ ਨੂੰ ਮੰਨਦੇ ਹਨ ਬਲਕਿ ਇਸ ਕਰਕੇ ਮਹਾਨ ਹੈ ਕਿ ਉਸ ਨੇ ਸਾਨੂੰ ਨਾ ਮੰਨਣ ਦੀ ਖੁੱਲ੍ਹ ਦਿੱਤੀ ਹੋਈ ਹੈ। -ਰਣਧੀਰ ਸਿੰਘ (ਡਾ.)
—
ਇਹ ਸਾਰੀਆਂ ਉਮੀਦਾਂ ਅਤੇ ਅੰਦਾਜ਼ੇ ਗਲਤ ਸਾਬਤ ਹੋਏ ਅਤੇ 23 ਮਾਰਚ 1931 ਨੂੰ ਸ਼ਾਮ ਸੱਤ ਵਜੇ ਇਨ੍ਹਾਂ ਤਿੰਨਾਂ (ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ) ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ‘ਸਾਡੀ ਜਾਨ ਬਖ਼ਸ਼ ਦਿਓ` ਵਰਗੀ ਰਹਿਮ ਦੀ ਅਪੀਲ ਤਿੰਨਾਂ ਵਿਚੋਂ ਕਿਸੇ ਨੇ ਵੀ ਨਹੀਂ ਕੀਤੀ। ਹਾਂ! ‘ਸਾਨੂੰ ਫਾਂਸੀ ਦੀ ਬਜਾਏ ਗੋਲੀਆਂ ਨਾਲ ਉੜਾ ਦਿਓ`, ਭਗਤ ਸਿੰਘ ਦੀ ਅੰਤਮ ਇੱਛਾ ਸੀ ਜਿਸ ਦਾ ਸਨਮਾਨ ਨਹੀਂ ਕੀਤਾ ਗਿਆ।… ‘ਆਖਰੀ ਸਾਹ ਤੱਕ ਫਾਂਸੀ ’ਤੇ ਲਟਕਾਈ ਰੱਖਿਆ ਜਾਵੇ` ਵਾਲੇ ਇਨਸਾਫ਼ ਦੇ ਦੇਵਤੇ ਦੇ ਫ਼ੈਸਲੇ `ਤੇ ਸ਼ਬਦੀ ਅਰਥਾਂ ਵਿਚ ਹੂ-ਬ-ਹੂ ਅਮਲ ਕੀਤਾ ਗਿਆ। -ਡਾ. ਅੰਬੇਦਕਰ ਦੇ ਮਰਾਠੀ ਪਰਚੇ ਜਨਤਾ ਦਾ 31 ਅਪਰੈਲ 1931 ਦਾ ਸੰਪਾਦਕੀ
—
ਜਦੋਂ ਪੱਛਮੀ ਬੰਗਾਲ ਵਿਚ ਦੰਗੇ ਹੋਏ, ਆਰ. ਐਸ. ਐਸ. ਨੇ ਦੋ ਪੋਸਟਰ ਜਾਰੀ ਕੀਤੇ। ਇਕ ਪੋਸਟਰ ਦਾ ਕੈਪਸ਼ਨ ਸੀ: ਬੰਗਾਲ ਜਲ ਰਿਹਾ ਹੈ। ਇਸ ਵਿਚ ਪ੍ਰਾਪਰਟੀ ਸੜਨ ਦੀ ਤਸਵੀਰ ਸੀ। ਦੂਜੀ ਫੋਟੋ ਵਿਚ ਇਕ ਔਰਤ ਦੀ ਸਾੜ੍ਹੀ ਖਿੱਚੀ ਜਾ ਰਹੀ ਸੀ ਤੇ ਕੈਪਸ਼ਨ ਸੀ: ਬੰਗਾਲ ਵਿਚ ਹਿੰਦੂ ਔਰਤਾਂ `ਤੇ ਜ਼ੁਲਮ ਹੋ ਰਿਹਾ ਹੈ। ਬਹੁਤ ਛੇਤੀ ਇਨ੍ਹਾਂ ਫੋਟੋਆਂ ਦਾ ਸੱਚ ਸਾਹਮਣੇ ਆ ਗਿਆ। ਪਹਿਲੀ ਤਸਵੀਰ 2002 ਦੇ ਗੁਜਰਾਤ ਦੰਗਿਆਂ ਬਾਰੇ ਸੀ, ਜਦੋਂ ਉਸ ਰਾਜ ਦਾ ਮੁੱਖ ਮੰਤਰੀ ਮੋਦੀ ਸੀ (ਗੌਰੀ ਲੰਕੇਸ਼ ਅਕਸਰ ਮੋਦੀ ਨੂੰ ਬਸੀ ਬਸੀਆ, ਭਾਵ ਜਦੋਂ ਵੀ ਮੂੰਹ ਖੋਲ੍ਹੇ, ਝੂਠ ਬੋਲਣ ਵਾਲਾ ਕਹਿੰਦੀ ਸੀ); ਦੂਜੀ ਤਸਵੀਰ ਵਿਚ ਭੋਜਪੁਰੀ ਫਿਲਮ ਦਾ ਕੋਈ ਸੀਨ ਸੀ। -ਗੌਰੀ ਲੰਕੇਸ਼ ਦਾ ਆਖਰੀ ਸੰਪਾਦਕੀ: ਫੇਕ ਨਿਊਜ਼ ਦੇ ਜ਼ਮਾਨੇ ਵਿਚ
ਪੁਸਤਕ ਦੇ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਪੁਸਤਕ ਵਿਚ ਸ਼ਾਮਲ ਸਮੱਗਰੀ ਨੂੰ ਵਧੀਆ ਤਰਤੀਬ ਦੇ ਕੇ ਇਸ ਰਚਨਾ ਨੂੰ ਪੜ੍ਹਨਯੋਗ ਬਣਾਇਆ ਹੈ। ਮੇਰੇ ਵਲੋਂ ਆਪਣੇ ਸਾਬਕਾ ਸਹਿਕਰਮੀ ਅਤੇ ਉਸ ਦੇ ਪਰਿਵਾਰ ਨੂੰ ਸ਼ੁਭ ਇਛਾਵਾਂ, ਫੈਜ਼ ਦੇ ਇਸ ਸ਼ਿਅਰ ਰਾਹੀਂ:
ਜਿਸ ਧਜ ਸੇ ਕੋਈ ਮਕਤਲ ਮੇ ਗਿਆ
ਵੁਹ ਸ਼ਾਨ ਸਲਾਮਤ ਰਹਿਤੀ ਹੈ
ਯੇਹ ਜਾਨ ਤੋ ਆਨੀ ਜਾਨੀ ਹੈ
ਇਸ ਜਾਨ ਕੀ ਤੋ ਕੋਈ ਬਾਤ ਨਹੀਂ।