ਸਿੱਖੀ ਅਤੇ ਕਮਿਊਨਿਜ਼ਮ ਦੀ ਸਾਂਝ

ਗੁਰਬਚਨ ਸਿੰਘ
ਫੋਨ: +91-98156-98451
ਜਲੰਧਰ ਵੱਸਦੇ ਵਿਦਵਾਨ ਗੁਰਬਚਨ ਸਿੰਘ ਗਾਹੇ-ਬਗਾਹੇ ਸਿੱਖੀ ਅਤੇ ਕਮਿਊਨਿਜ਼ਮ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ ਆਪਣੇ ਖਾਸ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ। ਇਸ ਲੇਖ ਵਿਚ ਉਨ੍ਹਾਂ ਸਿੱਖੀ ਅਤੇ ਕਮਿਊਨਿਜ਼ਮ ਵਿਚਕਾਰ ਸਾਂਝ ਬਾਰੇ ਗੱਲਾਂ ਕੀਤੀਆਂ ਹਨ। ਇਸ ਸਾਂਝ ਵਿਚ ਪਈਆਂ ਦੂਰੀਆਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਵੀ ਕੀਤਾ ਹੈ।

ਪੰਜਾਬ ਅੰਦਰ ਪਿਛਲੇ ਸਮੇਂ ਦੌਰਾਨ ਨਾਸਤਿਕ ਕਮਿਊਨਿਸਟਾਂ ਵਲੋਂ ਨਿਭਾਏ ਸਿੱਖੀ ਵਿਰੋਧੀ ਰੋਲ ਕਾਰਨ ਸਿੱਖਾਂ ਅਤੇ ਕਮਿਊਨਿਸਟਾਂ ਵਿਚਕਾਰ ਬਹੁਤ ਦੂਰੀ ਬਣੀ ਹੋਈ ਹੈ। ਕਿਸਾਨ ਅੰਦੋਲਨ ਦੌਰਾਨ ਇਹ ਦੂਰੀ ਖਤਮ ਕਰਨ ਦੇ ਬਹੁਤ ਯਤਨ ਹੋਏ ਪਰ ਇਹ ਯਤਨ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ। ਜੂਨ 1984 ਤੋਂ ਲੈ ਕੇ ਹੁਣ ਤਕ ਸਰਕਾਰੀ ਨੌਕਰਸ਼ਾਹੀ ਦਾ ਪੂਰਾ ਟਿੱਲ ਲੱਗਾ ਹੋਇਆ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਬਣਨ ਦਿੱਤੀ ਜਾਵੇ। ਇਸ ਦਾ ਕਾਰਨ ਬੜਾ ਸਪੱਸ਼ਟ ਹੈ ਕਿ ਜਿਸ ਦਿਨ ਆਗੂ ਰਹਿਤ ਸਿੱਖ ਜਜ਼ਬੇ ਅਤੇ ਗਰੀਬ ਪੱਖੀ ਕਮਿਊਨਿਸਟ ਰਾਜਨੀਤੀ ਦਾ ਸੁਮੇਲ ਹੋ ਗਿਆ, ਪੰਜਾਬ ਅੰਦਰ ਗੁਰੂ ਸਾਹਿਬ ਦਾ ਬਖਸ਼ਿਆ ‘ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ’ ਦਾ ਨਾਅਰਾ ਲੱਗ ਗਿਆ, ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਾ ਆਤਮਿਕ ਤੱਤ ਲੋਕਾਂ ਨੂੰ ਸਮਝ ਆ ਗਿਆ, ਉਸੇ ਦਿਨ ਪੰਜਾਬ ਅੰਦਰੋਂ ਰਾਜਨੀਤਕ ਠੱਗਾਂ ਦੀ ਸਫ ਵਲ੍ਹੇਟੀ ਜਾਵੇਗੀ। ਇਸ ਲਈ ਹਰ ਹਰਬਾ ਵਰਤ ਕੇ ਇਸ ਸਾਂਝ ਨੂੰ ਬਣਨ ਤੋਂ ਰੋਕਿਆ ਜਾਂਦਾ ਰਿਹਾ ਹੈ ਅਤੇ ਰੋਕਿਆ ਜਾ ਰਿਹਾ ਹੈ।
ਯਕੀਨਨ ਸਿੱਖੀ ਅਤੇ ਕਮਿਊਨਿਜ਼ਮ ਦੀ ਰੂਪ ਦੀ ਨਹੀਂ ਬਲਕਿ ਤੱਤ ਦੀ ਸਾਂਝ ਹੈ। ਸਿਰਦਾਰ ਕਪੂਰ ਸਿੰਘ ਨੇ ਆਪਣੀ ਲਿਖਤ ‘ਸਿੱਖੀ ਅਤੇ ਕਮਿਊਨਿਜ਼ਮ’ ਵਿਚ ਕਮਿਊਨਿਸਟ ਲਹਿਰ ਦੇ ਮੁਢਲੇ ਦੌਰ ਵਿਚ ਹੀ ਸਿੱਖਾਂ ਦੇ ਇਸ ਵੱਲ ਖਿੱਚੇ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਹੈ। ਉਨ੍ਹਾਂ ਦੇ ਸ਼ਬਦਾਂ ਵਿਚ, “ਕੁਝ ਵਿਦਵਾਨ ਸੋਚਦੇ ਹਨ ਕਿ ਇਹ ਇਕ ਇਤਫਾਕ ਹੈ, ਜਦੋਂ ਕਿ ਕੁਝ ਵਿਦਵਾਨ ਮੰਨਦੇ ਹਨ ਕਿ ਮੌਲਿਕ ਸਿੱਖ ਪ੍ਰੇਰਨਾ ਅਤੇ ਕਮਿਊਨਿਜ਼ਮ ਵਿਚਕਾਰ ਇਕ ਆਮ ਸਾਂਝ ਹੈ। ਸਿੱਖ ਕਮਿਊਨਿਸਟਾਂ ਦਾ ਇਕ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਕਮਿਊਨਿਜ਼ਮ ਹੋਰ ਕੁਝ ਨਹੀਂ ਸਗੋਂ ਇਹ ਸਿੱਖ ਫਲਸਫੇ ਦੀ ਵਿਆਖਿਆ ਅਤੇ ਵਿਸਥਾਰ ਹੈ।”
ਜਗਤ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਆਰਨੌਲਡ ਟਾਇਨਬੀ ਦੇ ਹਵਾਲੇ ਨਾਲ ਉਹ ਲਿਖਦੇ ਹਨ, “ਲੈਨਿਨ ਦੀ ਸਰਬ ਰੂਸੀ ਕਮਿਊਨਿਸਟ ਪਾਰਟੀ ਕੋਈ ਅਜਿਹੀ ਨਹੀਂ ਸੀ ਜਿਸ ਦੀ ਪਹਿਲਾਂ ਕਿਤੇ ਮਿਸਾਲ ਨਹੀਂ ਸੀ। ਇਸ ਲਈ ਇਸਲਾਮੀ ਇਤਿਹਾਸ ਵਿਚ ਓਟੋਮਨ ਪਾਦਸ਼ਾਹ ਦੇ ਪਰਿਵਾਰਕ ਗ਼ੁਲਾਮਾਂ, ਸਫ਼ਾਵੀ ਸ਼ਰਧਾਲੂ ਕਿਸ਼ੀਬਾਸ਼ ਭਾਈਚਾਰੇ ਅਤੇ ਮੁਗਲ ਹਕੂਮਤ ਵਿਰੁੱਧ ਆਪਣੇ ਹੀ ਹਥਿਆਰਾਂ ਨਾਲ ਲੜਨ ਦਾ ਫੈਸਲਾ ਕਰਨ ਵਾਲਾ ਸਿੱਖ ਖ਼ਾਲਸਾ ਦੇਖੇ ਜਾ ਸਕਦੇ ਹਨ। ਇਨ੍ਹਾਂ ਇਸਲਾਮੀ ਅਤੇ ਹਿੰਦੂ ਭਾਈਚਾਰਿਆਂ ਵਿਚੋਂ ਰੂਸੀ ਕਮਿਊਨਿਸਟ ਪਾਰਟੀ ਦੇ ਲੱਛਣ ਪਹਿਲਾਂ ਹੀ ਵੇਖੇ ਜਾ ਸਕਦੇ ਹਨ।”
ਸਿਰਦਾਰ ਕਪੂਰ ਸਿੰਘ ਇਸ ਚਰਚਾ ਵਿਚੋਂ ਪ੍ਰਗਟ ਹੁੰਦੇ ਤਿੰਨ ਸਵਾਲਾਂ ਨੂੰ ਸੰਬੋਧਨ ਹੁੰਦੇ ਹਨ:
1. ਕੀ ਇਨ੍ਹਾਂ ਇਸਲਾਮੀ ਭਾਈਚਾਰਿਆਂ ਦੇ ਓਹੀ ਲੱਛਣ ਸਨ, ਜਿਹੜੇ ਖਾਲਸਾ ਜਥੇਬੰਦੀ ਦੇ ਸਨ?
2. ਕੀ ਖਾਲਸਾ ਪੰਥ ਦੀ ਸਰਬ ਰੂਸੀ ਕਮਿਊਨਿਸਟ ਪਾਰਟੀ ਨਾਲ ਖਸਲਤ ਦੀ ਸਾਂਝ ਸੀ?
3. ਕੀ ਕਮਿਊਨਿਜ਼ਮ ਦੀ ਸਿੱਖੀ ਨਾਲ ਸਮਾਨਤਾ ਹੈ?
ਸਿਰਦਾਰ ਕਪੂਰ ਸਿੰਘ ਇਸਲਾਮ ਦੇ ਇਤਿਹਾਸ ਵਿਚੋਂ ਠੋਸ ਹਵਾਲੇ ਦੇ ਕੇ ਦੱਸਦੇ ਹਨ ਕਿ ਇਨ੍ਹਾਂ ਇਸਲਾਮੀ ਭਾਈਚਾਰਿਆਂ ਨੂੰ “ਰੂਸੀ ਕਮਿਊਨਿਸਟ ਪਾਰਟੀ ਦਾ ਮਾਡਲ ਸਮਝਣਾ ਪੂਰੀ ਤਰ੍ਹਾਂ ਗਲਤ ਹੈ।”
ਬੇਸ਼ੱਕ “ਖ਼ਾਲਸਾ ਪੰਥ ਦਾ ਜਨਮ ਕੋਈ ਇਤਫਾਕੀਆ ਘਟਨਾ ਨਹੀਂ ਸੀ, ਜਿਵੇਂ ਕਈ ਵਾਰ ਸਮਝਿਆ ਜਾਂਦਾ ਹੈ। ਖ਼ਾਲਸੇ ਦੇ ਨਿਸ਼ਾਨੇ ਅਤੇ ਖਸਲਤ ਬਾਰੇ ਇਹ ਬੁਨਿਆਦੀ ਗਲਤੀ ਨਾ ਸਿਰਫ਼ ਟਾਇਨਬੀ ਦੀ ਪੱਧਰ ਦੇ ਵਿਦਵਾਨਾਂ ਨੂੰ ਗਲਤ ਰਾਹੇ ਪਾ ਦਿੰਦੀ ਹੈ ਸਗੋਂ ਇਸ ਨੇ ਸਿੱਖ ਇਤਿਹਾਸਕ ਪ੍ਰੇਰਨਾ ਦੇ ਨਾਲ-ਨਾਲ ਹੋਰਨਾਂ ਹਿੰਦੋਸਤਾਨੀਆਂ ਦੇ ਸਿੱਖੀ ਪ੍ਰਤੀ ਵਿਹਾਰ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਹੈ। ਸਿੱਖ ਪੰਥ ਬਾਰੇ ਸਹੀ ਦ੍ਰਿਸ਼ਟੀ ਤੇ ਮੌਲਿਕ ਦਸਤਾਵੇਜ਼ਾਂ ਦੀ ਘਾਟ ਕਾਰਨ ਇਹ ਅਸਲੋਂ ਹੀ ਝੂਠਾ ਪ੍ਰਭਾਵ ਪੈਦਾ ਕੀਤਾ ਗਿਆ ਅਤੇ ਫਿਰ ਦ੍ਰਿੜ ਕਰ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੁਝ ਇਤਿਹਾਸਕ ਇਤਫਾਕੀਆ ਕਾਰਨਾਂ, ਜਿਵੇਂ ਮੁਗਲ ਹਾਕਮਾਂ ਨਾਲ ਲੜਨ ਨੂੰ ਮੁੱਖ ਰੱਖ ਕੇ ਕੀਤੀ ਸੀ। ਜਿਸ ਅਸਲੀਅਤ ਨੂੰ ਦ੍ਰਿੜਾਉਣ ਅਤੇ ਪ੍ਰਚਾਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾਂ ਵਿਚ ਏਨਾ ਜ਼ੋਰ ਦਿੱਤਾ, ਉਸ ਨੂੰ ਲਗਭਗ ਭੁਲਾ ਹੀ ਦਿੱਤਾ ਗਿਆ ਤੇ ਇੱਥੋਂ ਤਕ ਕਿ ਖੁਦ ਸਿੱਖਾਂ ਨੇ ਵੀ ਉਸ ਨੂੰ ਵਿਸਾਰ ਦਿੱਤਾ” ਕਿ “ਉਹ ਕੁਝ ਵੀ ਨਵਾਂ ਨਹੀਂ ਕਰ ਰਹੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦਾ ਸੁਭਾਵਿਕ ਨਿਕਲਦਾ ਤਰਕਸੰਗਤ ਸਿੱਟਾ ਨਹੀਂ।”
ਸਿਰਦਾਰ ਕਪੂਰ ਸਿੰਘ ਲਿਖਦੇ ਹਨ, “ਖਾਲਸਾ ਜਥੇਬੰਦੀ ਹਰ ਕਿਸਮ ਦੇ ਭੂਗੋਲਿਕ, ਨਸਲੀ ਅਤੇ ਲਿੰਗਕ ਭਿੰਨ-ਭੇਦ ਤੋਂ ਉਪਰ ਉੱਠ ਕੇ ਮਨੁੱਖੀ ਭਾਈਚਾਰੇ ਦੇ ਆਲਮੀ ਸਮਾਜ ਸਿਰਜਣ ਦੇ ਨਿਸ਼ਾਨੇ ਅਤੇ ਵਿਚਾਰਧਾਰਾ ਦੇ ਅਧਾਰ ਉਤੇ ਸੁਭਾਅ ਅਤੇ ਵਿਹਾਰ ਪੱਖੋਂ ਦ੍ਰਿੜ ਮਾਨਸਿਕਤਾ ਅਤੇ ਕਿਰਦਾਰ ਦੀਆਂ ਖਾਸੀਅਤਾਂ ਨੂੰ ਮੁੱਖ ਰੱਖ ਕੇ ਚੁਣੇ ਹੋਏ ਮਰਜੀਵੜੇ ਮੈਂਬਰਾਂ ਦੀ ਪਾਰਟੀ ਹੈ। ਇਸੇ ਮੰਤਵ ਲਈ ਖਾਲਸਾ ਪੰਥ ਰਾਜਸੀ ਸ਼ਕਤੀ ਹਾਸਲ ਕਰਨੀ ਚਾਹੁੰਦਾ ਹੈ। ਸਿੱਖ ਸਿਧਾਂਤ ਦੇ ਮੌਲਿਕ ਸੋਮੇ ਅਤੇ ਉਨ੍ਹਾਂ ਦੀ ਸਹੀ ਸਮਝ ਇਸ ਮਸਲੇ ਬਾਰੇ ਕੋਈ ਸ਼ੱਕ ਨਹੀਂ ਰਹਿਣ ਦਿੰਦੀ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ‘ਜਪੁ’ ਵਿਚ ਇਹ ਬਿਲਕੁਲ ਸਪਸ਼ਟ ਹੈ।”
… “ਇਕ ਵਾਰ ਜੇ ਮਸਲੇ ਨੂੰ ਇਸ ਤਰ੍ਹਾਂ ਸਮਝ ਲਿਆ ਜਾਵੇ ਤਾਂ ਸਪਸ਼ਟ ਹੋ ਜਾਵੇਗਾ ਕਿ ਜਿਥੋਂ ਤਕ ਦੋਵਾਂ ਪਾਰਟੀਆਂ ਦੀ ਖਾਸੀਅਤ ਦਾ ਸਬੰਧ ਹੈ, ਲੈਨਿਨ ਦੀ ਕਮਿਊਨਿਸਟ ਪਾਰਟੀ ਲਈ ਖਾਲਸਾ ਜਥੇਬੰਦੀ ਹੀ ਸਿਰਫ ਇਕੋ-ਇਕ ਅਤੇ ਅਸਲੀ ਮਾਡਲ ਹੈ। ਲੈਨਿਨ ਦੀ ਇਹ ਧਾਰਨਾ ਗਲਤ ਸੀ ਕਿ ਮਨੁਖੀ ਸਮਾਜਾਂ ਦੇ ਇਤਿਹਾਸ ਵਿਚ ਉਸ ਦੀ ਪਾਰਟੀ ਨਿਵੇਕਲਾ ਵਰਤਾਰਾ ਹੈ।”
ਸਿਰਦਾਰ ਕਪੂਰ ਸਿੰਘ ਅੱਗੇ ਲਿਖਦੇ ਹਨ, “19ਵੀਂ ਸਦੀ ਦੇ ਅਧ ਵਿਚ ਜਦੋਂ ਖਾਲਸਾ ਪੰਥ ਨੇ ਯੂਰਪੀਨ ਮਾਅਰਕੇਬਾਜ਼ੀ ਤੇ ਨੀਵੇਂ ਪਧਰ ਦੀ ਕੂਟਨੀਤੀ ਹਥੋਂ ਆਪਣੀ ਆਜ਼ਾਦੀ ਗੁਆਈ ਤਾਂ ਸਿੱਖ ਮਨਾਂ ਵਿਚ ਗਹਿਰੀ ਬੇਅਰਾਮੀ ਅਤੇ ਨਿਰਾਸ਼ਾ ਦਾ ਪਸਰਨਾ ਕੁਦਰਤੀ ਸੀ। ਸਿੱਖਾਂ ਦੀ ਅੰਗਰੇਜ਼ਾਂ ਹਥੋਂ ਹੋਈ ਰਾਜਸੀ ਬਰਬਾਦੀ ਦਾ ਕਾਰਨ ਉਨ੍ਹਾਂ ਦੀ ਜੰਗ ਦੇ ਮੈਦਾਨ ਵਿਚ ਹੋਈ ਹਾਰ ਨਹੀਂ ਸੀ ਬਲਕਿ ਰਾਜਸੀ ਛਲ-ਕਪਟ ਸੀ।”
1832 ਵਿਚ ਜਦੋਂ ਡਾ. ਵੋਲਫ ਲਾਹੌਰ ਆਇਆ ਤਾਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਸੀ, “ਤੁਸੀਂ ਕਹਿੰਦੇ ਹੋ ਕਿ ਤੁਸੀਂ ਧਰਮ ਦੇ ਪ੍ਰਚਾਰ ਦੀ ਖਾਤਰ ਇੱਥੇ ਆਏ ਹੋ ਤਾਂ ਤੁਸੀਂ ਇਸ ਦਾ ਪ੍ਰਚਾਰ ਹਿੰਦੁਸਤਾਨ ਵਿਚ ਆਏ ਆਪਣੇ ਅੰਗਰੇਜ਼ਾਂ ਵਿਚ ਕਿਉਂ ਨਹੀਂ ਕਰਦੇ?” … ਡਾ. ਵੋਲਫ ਨੇ ਜਦੋਂ ਇਹੀ ਸੁਆਲ ਸ਼ਿਮਲੇ ਵਿਚ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨੂੰ ਪੁੱਛਿਆ ਤਾਂ ਉਸ ਦਾ ਮੰਨਣਾ ਸੀ, “ਅਫਸੋਸ! ਸਾਰੇ ਹੀ ਦੇਸਵਾਸੀਆਂ ਦੀ ਸਾਡੇ ਬਾਰੇ ਇਹੀ ਰਾਇ ਹੈ।”
ਯੂਰਪੀਨ ਰਾਜਸੀ ਕਿਰਦਾਰ ਬਾਰੇ ਏਨੀ ਡੂੰਘੀ ਸਮਝ ਰੱਖਣ ਦੇ ਬਾਵਜੂਦ ਸਿੱਖ ਗੁਲਾਮ ਹੋਣੋਂ ਨਾ ਬਚ ਸਕੇ। ਬਾਕੀ ਦਾ ਹਿੰਦੋਸਤਾਨ ਪਹਿਲਾਂ ਹੀ ਗੁਲਾਮ ਹੋ ਚੁੱਕਾ ਸੀ ਪਰ ਸਿੱਖ ਆਪਣੀ ਪ੍ਰਭੂਸੱਤਾ ਦੇ ਗੁਆਚ ਜਾਣ ਬਾਰੇ ਆਪਣੇ ਮਨ ਦੀ ਧੁਰ ਗਹਿਰਾਈ ਵਿਚ ਕਦੀ ਵੀ ਸਮਝੌਤਾ ਨਾ ਕਰ ਸਕੇ। ਆਪਣੀ ਇਸੇ ਭਾਵਨਾ ਕਾਰਨ ਹੀ “20ਵੀਂ ਸਦੀ ਦੇ ਆਰੰਭ ਵਿਚ ਅਮਰੀਕਾ ਦੇ ਕੁਝ ਪਰਵਾਸੀ ਸਿੱਖਾਂ ਨੇ ਪ੍ਰਸਿੱਧ ਗ਼ਦਰ ਪਾਰਟੀ ਭਾਵ ਗੁਲਾਮੀ ਵਿਰੁੱਧ ਬਗਾਵਤ ਦੀ ਪਾਰਟੀ ਕਾਇਮ ਕੀਤੀ ਅਤੇ ਪਹਿਲੀ ਸੰਸਾਰ ਜੰਗ ਦੇ ਖਤਮ ਹੁੰਦੇ ਹੀ ਉਨ੍ਹਾਂ ਵਿਚੋਂ ਅਨੇਕ ਸਿੱਖ ਦੇਸ ਨੂੰ ਬਰਤਾਨਵੀ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਦੇ ਮੰਤਵ ਨਾਲ ਹਿੰਦੁਸਤਾਨ ਆ ਗਏ। ਇਹ ਕੋਸ਼ਿਸ਼ ਅਸਫਲ ਹੋ ਗਈ ਤੇ ਇਨ੍ਹਾਂ ਵਿਚੋਂ ਬਹੁਤੇ ਇਨਕਲਾਬੀ ਫਾਂਸੀਆਂ ਉਤੇ ਚੜ੍ਹ ਗਏ ਜਾਂ ਜੇਲ੍ਹਾਂ ਦਾ ਨਰਕ ਭੋਗਦੇ ਲਿਖਦੇ ਰਹੇ: ‘ਖਾਲਸਾ ਮਨੁਖਤਾ ਦੀ ਹੋਣੀ ਦਾ ਰਹਿਨੁਮਾ ਹੋਵੇਗਾ ਅਤੇ ਅਖੀਰ ਉਤੇ ਕੋਈ ਵਿਰੋਧੀ ਧੜਾ ਨਹੀਂ ਰਹੇਗਾ। ਮੁਢਲੀ ਕੌੜੀ ਨਿਰਾਸ਼ਾ ਤੋਂ ਬਾਅਦ ਸਾਰੇ ਮਹਿਸੂਸ ਕਰਨਗੇ ਕਿ ਖਾਲਸਾ ਜਿਸ ਜੀਵਨ ਜਾਚ ਨੂੰ ਬੁਲੰਦ ਕਰਦਾ ਹੈ, ਉਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਇਹ ਤੈਅਸ਼ੁਦਾ ਹੈ ਕਿ ਗੁਰੂ ਦੀ ਫੌਜ ਹਿੰਦੁਸਤਾਨ ਉਤੇ ਕਾਬਜ਼ ਹੋਵੇਗੀ ਅਤੇੇ ਦੇਸ ਦੀ ਭਲਾਈ ਯਕੀਨੀ ਬਣਾਏਗੀ। ਫਿਰ ਹੀ ਮਨੁਖਤਾ ਦੀ ਖੁਸ਼ਹਾਲੀ ਅਤੇ ਅਮਨ ਦਾ ਨਵਾਂ ਦੌਰ ਸ਼ੁਰੂ ਹੋਵੇਗਾ।”
ਸਿਰਦਾਰ ਕਪੂਰ ਸਿੰਘ ਦੀ ਲਿਖਤ ਅਨੁਸਾਰ, “ਇਨ੍ਹਾਂ ਵਿਚੋਂ ਬਚੇ ਹੋਏ ਸਿੱਖ ਇਨਕਲਾਬੀ ਹੀ ਸਿੱਖ ਕਮਿਊਨਿਸਟਾਂ ਦੇ ਗਰੁੱਪ ਦਾ ਧੁਰਾ ਬਣੇ। 20ਵੀਂ ਸਦੀ ਦੇ ਵੀਹਵਿਆਂ ਦੇ ਆਰੰਭ ਵਿਚ ਭਾਰਤ ਨੂੰ ਬਦੇਸੀ ਗੁਲਾਮੀ ਦੇ ਜੂਲੇ ਵਿਚੋਂ ਅਜ਼ਾਦ ਕਰਵਾਉਣ ਦੇ ਦ੍ਰਿੜ ਇਰਾਦੇ ਨਾਲ, ਬਦੇਸੀ ਸਹਾਇਤਾ ਅਤੇ ਮਦਦ ਲੈਣ ਦੇ ਨਿਸ਼ਾਨੇ ਨੂੰ ਮੁੱਖ ਰਖ ਕੇ ਇਨ੍ਹਾਂ ਨੇ ਕਮਿਊਨਿਸਟ ਇੰਟਰਨੈਸ਼ਨਲ ਨਾਲ ਸਬੰਧ ਬਣਾਏ। ਉਦੋਂ ਭਾਰਤ ਦੇ ਬਾਹਰ ਸਿਰਫ ਕਮਿਊਨਿਸਟ ਇੰਟਰਨੈਸ਼ਨਲ ਹੀ ਅਜਿਹੀ ਜਥੇਬੰਦੀ ਸੀ ਜਿਹੜੀ ਇਹ ਮਦਦ ਦੇਣ ਲਈ ਫੌਰੀ ਤਿਆਰ ਹੋ ਗਈ। ਇਸ ਨੇ ਕੁਝ ਬਹੁਤ ਦ੍ਰਿੜ ਅਤੇ ਸੁਹਿਰਦ ਪਰ ਜ਼ਰੂਰੀ ਨਹੀਂ ਰਾਜਸੀ ਤੌਰ ਉਤੇ ਸਿਆਣੇ ਸਿੱਖਾਂ ਨੂੰ ਰੂਸੀ ਕਮਿਊਨਿਸਟ ਪਾਰਟੀ ਦੇ ਪ੍ਰਭਾਵ ਤੇ ਜ਼ਾਬਤੇ ਥੱਲੇ ਲੈ ਆਂਦਾ ਅਤੇ ਇਸ ਤਰ੍ਹਾਂ ਕਾਇਮ ਹੋਇਆ ਰਿਸ਼ਤਾ ਸਥਾਈ ਬਣ ਗਿਆ।”
…“ਸਿੱਖਾਂ ਦੇ ਇਸ ਤਬਕੇ ਉਤੇ ਕਮਿਊਨਿਸਟ ਵਿਚਾਰਧਾਰਾ ਦੀ ਪਕੜ ਦਾ ਜਜ਼ਬਾਤੀ ਕਾਰਨ ਦੋ ਪੱਖੀ ਹੈ। ਖਾਲਸਾ ਜਥੇਬੰਦੀ ਤੇ ਲੈਨਿਨ ਦੀ ਰੂਸੀ ਕਮਿਊਨਿਸਟ ਪਾਰਟੀ ਦੀ ਸਮਾਨਤਾ ਤੇ ਕਮਿਊਨਿਸਟ ਪਾਰਟੀ ਦੇ ਕਾਰਕੰਨਾਂ ਤੋਂ ਕੁਰਬਾਨੀ ਤੇ ਸਮਰਪਣ ਦੀ ਭਾਵਨਾ ਦੀ ਮੰਗ ਕੁਦਰਤੀ ਤੌਰ ਉਤੇ ਸਿੱਖ ਵਾਸਤੇ ਖਿਚ ਰਖਦੀ ਹੈ ਕਿਉਂਕਿ ਇਹੀ ਭਾਵਨਾ ਉਸ ਨੂੰ ਸਿੱਖ ਸਿਧਾਂਤਾਂ ਅਤੇ ਗੁਰੂ ਗੋਬਿੰਦ ਸਿੰਘ ਵਲੋਂ ਖਾਲਸਾ ਪੰਥ ਦੀ ਸਾਜਨਾ ਵੇਲੇ ਆਪਣੇ ਸਾਥੀਆਂ ਦੀ ਸੇਵਾ ਵਾਸਤੇ ਤਿਆਗ ਦੀ ਦ੍ਰਿੜਾਈ ਗਈ ਪ੍ਰੇਰਨਾ ਨੂੰ ਪੂਰਾ ਕਰਨ ਦੇ ਮੌਕੇ ਦਿੰਦੀ ਹੈ। ਕਮਿਊਨਿਸਟ ਪਾਰਟੀ ਦੇ ਵਫਾਦਾਰ ਤੇ ਸਮਰਪਿਤ ਮੈਂਬਰ ਦੇ ਤੌਰ ਉਤੇ ਕੰਮ ਕਰਕੇ ਸਿੱਖਾਂ ਦੇ ਇਸ ਵਰਗ ਨੂੰ ਮਹਿਸੂਸ ਹੰੁਦਾ ਹੈ ਕਿ ਉਹ ਸਿੱਖੀ ਨੂੰ ਪਿਆਰ ਕਰ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਵਾਂਗ ਹੀ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਅਮਲ ਵਿਚ ਲਾਗੂ ਕਰ ਰਿਹਾ ਹੈ।”… “ਉਨ੍ਹਾਂ ਦੀ ਪਾਰਟੀ ਪ੍ਰਤੀ ਯਕੀਨੀ ਵਫਾਦਾਰੀ ਅਤੇ ਖਿਚ ਦਾ ਕਾਰਨ, ਉਨ੍ਹਾਂ ਦੀ ਇਹ ਸੋਚ ਸੀ ਕਿ ਇਸ ਦੇ ਪਿਛੋਕੜ ਵਿਚ ਬੁਨਿਆਦੀ ਕਾਰਨ ਇਨਸਾਨੀਅਤ ਹੈ। ਦਬੇ-ਕੁਚਲੇ, ਪਛੜਿਆਂ ਤੇ ਗਰੀਬਾਂ ਦੇ ਹਿਤਾਂ ਦੀ ਪੈਰੋਕਾਰੀ ਬੁਨਿਆਦੀ ਸਿੱਖ ਪ੍ਰੇਰਨਾ ਹੈ ਅਤੇ ਕਮਿਊਨਿਸਟ ਪਾਰਟੀ ਦੇ ਨਾਅਰੇ ਅਤੇ ਨਿਯਮ ਇਸ ਭਾਵਨਾ ਨੂੰ ਧਿਆਨ ਵਿਚ ਰਖ ਕੇ ਘੜੇ ਜਾਂਦੇ ਹਨ।”
‘ਜੀਵਨੀ ਗਦਰੀ ਬਾਬਾ ਸ਼ਹੀਦ ਮਾਸਟਰ ਊਧਮ ਸਿੰਘ ਕਸੇਲ’ ਸਿਰਦਾਰ ਕਪੂਰ ਸਿੰਘ ਦੀਆਂ ਇਨ੍ਹਾਂ ਸਾਰੀਆਂ ਧਾਰਨਾਵਾਂ ਦੀ ਪੁਸ਼ਟੀ ਕਰਦੀ ਹੈ। ‘ਸਾਂਝੀਵਾਲਤਾ ਦਾ ਵਣਜਾਰਾ’ ਦੇ ਨਾਂ ਹੇਠ ਸ੍ਰੀ ਚਰੰਜੀ ਲਾਲ ਕੰਗਣੀਵਾਲ ਵਲੋਂ ਗਦਰ ਲਹਿਰ ਦੇ ਦਸਤਾਵੇਜ਼ਾਂ ਤੇ ਹੋਰਨਾਂ ਥਾਵਾਂ ਤੋਂ ਇਕੱਠੇ ਕੀਤੇ ਗਏ ਤੱਥਾਂ ਦੇ ਹਵਾਲੇ ਨਾਲ ਸੰਪਾਦਤ ਕੀਤੀ ਗਈ ਇਸ ਕਿਤਾਬ ਨੇ ਗਦਰ ਲਹਿਰ ਬਾਰੇ ਬਹੁਤ ਸਾਰੇ ਨਵੇਂ ਪੱਖਾਂ ਨੂੰ ਪ੍ਰਗਟ ਕੀਤਾ ਹੈ। ਇਸ ਕਿਤਾਬ ਦੀ ਭੂਮਿਕਾ ਵਿਚ ਹੀ ਇਹ ਹਕੀਕਤ ਮੰਨ ਲਈ ਗਈ ਹੈ ਕਿ “ਸਿੱਖ ਇਤਿਹਾਸ ਦੇ ਅਮੀਰ ਗੁਣਾਂ ਨੂੰ ਆਪਣੇ ਸਮੇਂ ਮੁਤਾਬਿਕ ਅਜ਼ਾਦੀ ਲਹਿਰ ਦੀਆਂ ਬੁਨਿਆਦਾਂ ਪੱਕੀਆਂ ਕਰਨ ਵਾਸਤੇ ਪੂਰੀ ਯੋਗਤਾ ਨਾਲ ਅਮਲ ਵਿਚ ਲਿਆਉਣ ਲਈ ਊਧਮ ਸਿੰਘ ਕਸੇਲ ਦੀ ਉਘੀ ਭੂਮਿਕਾ ਹੈ। ਮਾਸਟਰ ਊਧਮ ਸਿੰਘ ਕਸੇਲ, ਮਾਸਟਰ ਤਾਰਾ ਸਿੰਘ, ਸ. ਤੇਜਾ ਸਿੰਘ ਸਮੁੰਦਰੀ ਨੇ ਸਿੱਖ ਲਹਿਰ ਦੀਆਂ ਨਰੋਈਆਂ ਰਵਾਇਤਾਂ ਨੂੰ ਅੱਗੇ ਤੋਰਦਿਆਂ ਜਨਤਕ ਪ੍ਰਚਾਰ, ਜਨਤਕ ਲਾਮਬੰਦੀ, ਜਨਤਕ ਮਸਲੇ ਅਤੇ ਜਨਤਕ ਲਹਿਰ ਦੀ ਨੋਕ ਸਾਮਰਾਜੀ ਦਾਬੇ ਨੂੰ ਵਗਾਹ ਮਾਰਨ ਲਈ ਅਵਾਮ ਨੂੰ ਪ੍ਰੇਰਿਤ ਕਰਨ ਵੱਲ ਸੇਧਤ ਕੀਤੀ।”
ਬਹੁਗਿਣਤੀ ਗਦਰੀ ਬਾਬੇ ਨਾ ਸਿਰਫ ਪੂਰਨ ਗੁਰਸਿੱਖ ਸਨ ਸਗੋਂ ਸਿੱਖੀ ਜੀਵਨ ਜਾਚ ਵਿਚ ਵੀ ਪਰਪੱਕ ਸਨ। ਉਨ੍ਹਾਂ ਦੀ ਪ੍ਰੇਰਨਾ ਦਾ ਸੋਮਾ ਸਿੱਖ ਇਤਿਹਾਸ ਸੀ ਅਤੇ ਉਨ੍ਹਾਂ ਦੀ ਸਾਂਝੀਵਾਲਤਾ ਦਾ ਆਧਾਰ ਗੁਰਮਤਿ ਸੀ। ਉਨ੍ਹਾਂ ਨੇ ਸਿੱਖ ਇਤਿਹਾਸ ਤੇ ਗੁਰਮਤਿ ਨੂੰ ਵੇਲੇ ਦੀਆਂ ਹਾਲਤਾਂ ਨਾਲ ਇਕਸੁਰ ਕਰਨ ਦੀ ਸਫਲ ਕੋਸ਼ਿਸ਼ ਕੀਤੀ।
‘ਗਰੀਬ ਦੀ ਰੱਖਿਆ, ਜਰਵਾਣੇ ਦੀ ਭਖਿਆ’ ਬੁਨਿਆਦੀ ਸਿੱਖ ਪ੍ਰੇਰਨਾ ਹੈ ਅਤੇ ਇਸ ਦੇ ਪਿਛੋਕੜ ਵਿਚ ਇਨਸਾਨੀਅਤ ਦਾ ਜਜ਼ਬਾ ਕੰਮ ਕਰਦਾ ਹੈ। ਆਪਣੇ ਇਸੇ ਜਜ਼ਬੇ ਕਾਰਨ ਜਦੋਂ 1917 ਵਿਚ ਰੂਸ ਅੰਦਰ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਕਿਰਤੀ ਇਨਕਲਾਬ ਆਇਆ ਅਤੇ ਦੁਨੀਆ ਭਰ ਵਿਚ ਇਸ ਦਾ ਪ੍ਰਚਾਰ ਹੋਇਆ ਕਿ ਹੁਣ ਰੂਸ ਦੀ ਤਰਜ਼ ਉਤੇ ਸਾਰੇ ਸੰਸਾਰ ਵਿਚ ਮਜ਼ਦੂਰਾਂ ਦੀ ਅਗਵਾਈ ਹੇਠ ਗਰੀਬਾਂ ਦਾ ਰਾਜ ਹੋਵੇਗਾ ਤਾਂ ਗਦਰ ਪਾਰਟੀ ਦੇ ਅਖ਼ਬਾਰ ਵਲੋਂ 1917 ਦੇ ‘ਰੂਸੀ ਇਨਕਲਾਬ ਬਾਰੇ ਖ਼ਬਰਨਾਮਾ’ ਦੇ ਨਾਂ ਹੇਠ 64 ਸਫਿਆਂ ਦਾ ਕਿਤਾਬਚਾ ਪੰਜਾਬੀ, ਉਰਦੂ ਤੇ ਹਿੰਦੀ ਵਿਚ ਛਾਪ ਕੇ ਸੰਸਾਰ ਭਰ ਵਿਚ ਮੁਫਤ ਵੰਡਿਆ ਗਿਆ। 28 ਮਾਰਚ 1917 ਦੀ ਹਿੰਦੁਸਤਾਨ ਗਦਰ ਪਾਰਟੀ ਦੀ ਅਖਬਾਰ ਦੀ ਮੋਟੀ ਸੁਰਖੀ ਸੀ- ‘ਰੂਸ ਅਜ਼ਾਦ ਹੋ ਗਿਆ!’ ਤੇ ਅਖ਼ਬਾਰ ਦਾ ਸਾਰਾ ਅੰਕ ਰੂਸੀ ਇਨਕਲਾਬ ਨੂੰ ਸਮਰਪਿਤ ਸੀ। ਗਦਰ ਪਾਰਟੀ ਦੀ ਇਸੇ ਨੀਤੀ ਕਾਰਨ ਤੀਜੀ ਕਮਿਊਨਿਸਟ ਇੰਟਰਨੈਸ਼ਨਲ ਨੇ ਅਮਰੀਕਾ ਦੀ ਕਮਿਊਨਿਸਟ ਪਾਰਟੀ ਨੂੰ ਹਦਾਇਤ ਕੀਤੀ ਕਿ ਉਹ ਹਿੰਦੁਸਤਾਨ ਦੀ ਗਦਰ ਪਾਰਟੀ ਨਾਲ ਸਬੰਧ ਸਥਾਪਤ ਕਰੇ।
ਇੱਥੇ ਸਵਾਲ ਪੈਦਾ ਹੋ ਸਕਦਾ ਹੈ ਕਿ ਸਾਂਝੇ ਪ੍ਰੇਰਨਾ ਸ੍ਰੋਤਾਂ ਦੇ ਬਾਵਜੂਦ ਇਹ ਗੱਠਜੋੜ ਟੁੱਟ ਕਿਉਂ ਗਿਆ? ਸਿੱਖੀ ਅਤੇ ਕਮਿਊਨਿਜ਼ਮ ਦੀ ਇਹ ਸਾਂਝ ਖਤਮ ਹੁੰਦੀ-ਹੁੰਦੀ ਇਕ-ਦੂਜੇ ਦੇ ਵਿਰੋਧ ਵਿਚ ਕਿਉਂ ਆ ਖੜ੍ਹੀ?
ਇਸ ਸਵਾਲ ਦੇ ਜਵਾਬ ਦਾ ਸਬੰਧ ਨਾ ਸਿਰਫ ਪੰਜਾਬ ਦੇ ਭਵਿੱਖ ਨਾਲ ਹੈ ਬਲਕਿ ਅਜੋਕੀਆਂ ਹਾਲਤਾਂ ਵਿਚ ਆਲਮੀ ਕਮਿਊਨਿਸਟ ਲਹਿਰ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਚਰਚਿਤ ਖੱਬੇ ਪੱਖੀ ਚਿੰਤਕ ਸਤਨਾਮ ਚਾਨਾ ਦੇ ਕਥਨ ਅਨੁਸਾਰ, “ਜਾਪਦਾ ਹੈ ਕਿ ਕਮਿਊਨਿਸਟ ਆਗੂਆਂ ਨੇ ਕਮਿਊਨਿਜ਼ਮ ਨੂੰ ਠੀਕ ਤਰ੍ਹਾਂ ਸਮਝਣ ਤੋਂ ਬਿਨਾਂ ਹੀ ਇਸ ਨੂੰ ਲਾਗੂ ਕਰਨ ਦਾ ਬੀੜਾ ਉਠਾਇਆ।”
ਯਕੀਨਨ ਕਾਮਰੇਡ ਲੈਨਿਨ ਤੇ ਕਾਮਰੇਡ ਸਟਾਲਿਨ ਸਮੇਤ, ਮਾਰਕਸ-ਏਂਗਲਜ਼ ਤੋਂ ਬਾਅਦ ਦੇ ਕਮਿਊਨਿਸਟ ਆਗੂਆਂ ਨੇ ਕਮਿਊਨਿਜ਼ਮ ਨੂੰ ਠੀਕ ਤਰ੍ਹਾਂ ਆਪਣੀ ਪਕੜ ਵਿਚ ਲਿਆਂਦੇ ਬਗੈਰ ਹੀ ਰੂਸ ਸਮੇਤ ਸਾਰੇ ਦੇਸਾਂ ਅੰਦਰ ਇਸ ਨੂੰ ਲਾਗੂ ਕਰਨ ਦੇ ਯਤਨ ਕੀਤੇ। ਕੁਦਰਤੀ ਹਕੀਕਤ ਭਾਵ ਕੁਦਰਤ ਅਤੇ ਮਨੁੱਖ ਦੇ ਹਕੀਕੀ ਰਿਸ਼ਤੇ ਤੋਂ ਟੁਟੇ ਹੋਣ ਕਾਰਨ ਇਹ ਯਤਨ ਅਸਫਲ ਹੋ ਗਏ। ਇਸੇ ਕਾਰਨ ਰੂਸ ਅਤੇ ਚੀਨ ਸਮੇਤ, ਜਿਨ੍ਹਾਂ ਦੇਸਾਂ ਵਿਚ ਵੀ ਕਮਿਊਨਿਸਟ ਇਨਕਲਾਬ ਆਏ, ਉਹ ਮੁੜ ਸਾਮਰਾਜੀ ਪੂੰਜੀਵਾਦੀ ਰਾਹ ਉਤੇ ਹੀ ਪੈ ਗਏ। ਮਨੁੱਖੀ ‘ਅਜ਼ਾਦੀ’ ਅਤੇ ਮਨੁੱਖੀ ‘ਵਿਕਾਸ’ ਬਾਰੇ ਮਾਰਕਸੀ ਧਾਰਨਾਵਾਂ ਨੂੰ ਸਮਝਿਆ ਹੀ ਨਾ ਗਿਆ। ਇਸੇ ਕਾਰਨ ਮਾਰਕਸ ਏਂਗਲਜ਼ ਤੋਂ ਬਾਅਦ ਦੇ ਕਮਿਊਨਿਸਟ ਆਗੂ ਧਰਮ ਬਾਰੇ ਮਾਰਕਸੀ ਦ੍ਰਿਸ਼ਟੀਕੋਣ ਨੂੰ ਸਮਝਣ ਤੋਂ ਊਣੇ ਰਹੇ।
ਇਸ ਦੀ ਇਕ ਮਿਸਾਲ ਮਾਰਕਸ-ਏਂਗਲਜ਼ ਤੇ ਲੈਨਿਨ ਦੀਆਂ ਧਰਮ ਬਾਰੇ ਬਣੀਆਂ ਧਾਰਨਾਵਾਂ ਵਿਚ ਸਪਸ਼ਟ ਵਖਰੇਵਾਂ ਹੈ। ਏਂਗਲਜ਼ ਅਨੁਸਾਰ ‘ਮਨੁੱਖੀ ਅਜ਼ਾਦੀ’ ਦਾ ਅਰਥ ਆਪਣੀਆਂ ਕੁਦਰਤੀ ਸਰੀਰਕ ਲੋੜਾਂ ਦੀ ਪਛਾਣ ਅਤੇ ਆਪਣੇ ਸਵੈ ਉਤੇ ਕਾਬੂ ਪਾ ਕੇ ਜੀਵਨ ਜਿਊਣ ਦੀ ਕਲਾ ਹੈ ਅਤੇ ਮਾਰਕਸ ਅਨੁਸਾਰ ‘ਮਨੁੱਖ ਵਿਕਾਸ’ ਦਾ ਅਰਥ ਮਨੁੱਖ ਦਾ ਆਤਮਿਕ ਵਿਕਾਸ ਹੈ।
ਮਾਰਕਸ ਦਾ ਧਰਮ ਬਾਰੇ ਕਥਨ ਹੈ: “ਮਨੁੱਖ ਨੇ ਧਰਮ ਬਣਾਇਆ ਹੈ, ਧਰਮ ਨੇ ਮਨੁੱਖ ਨਹੀਂ ਬਣਾਇਆ। ਬੇਸ਼ਕ ਧਰਮ ਉਸ ਮਨੁੱਖ ਦੀ ਆਤਮ ਚੇਤਨਾ ਅਤੇ ਆਤਮ ਬੁਲੰਦੀ ਹੈ ਜਿਸ ਨੇ ਜਾਂ ਤਾਂ ਹੁਣ ਤਕ ਖੁਦ ਨੂੰ ਪਛਾਣਿਆ ਨਹੀਂ ਤੇ ਜਾਂ ਖੁਦ ਨੂੰ ਫਿਰ ਗੁਆ ਲਿਆ ਹੈ। ਪਰ ਮਨੁੱਖ ਸੰਸਾਰ ਤੋਂ ਬਾਹਰ ਵਸਦੀ ਕੋਈ ਨਿੱਖੜੀ ਹੋਂਦ ਨਹੀਂ ਸਗੋਂ ਉਹ ਰਾਜ-ਸਮਾਜ ਦੇ ਸੰਸਾਰ ਦਾ ਮਨੁੱਖ ਹੈ। ਇਹ ਰਾਜ ਅਤੇ ਸਮਾਜ ਹੀ ਧਰਮ ਪੈਦਾ ਕਰਦਾ ਹੈ, ਜਿਹੜਾ ਸੰਸਾਰ ਦੀ ਉਲਟੀ ਚੇਤਨਾ ਹੈ। ਕਿਉਂਕਿ ਇਹ ਉਲਟਾ ਸੰਸਾਰ ਹੈ। ਧਰਮ ਇਸ ਸੰਸਾਰ ਦਾ ਆਮ ਸਿਧਾਂਤ ਹੈ, ਉਸ ਦਾ ਬੌਧਿਕ ਸਾਰ ਹੈ, ਉਸ ਦਾ ਸਧਾਰਨ ਤਰਕ ਹੈ, ਉਸ ਦਾ ਰੂਹਾਨੀ ਸਤਿਕਾਰ ਹੈ, ਉਸ ਦਾ ਜੋਸ਼ ਹੈ, ਉਸ ਦੀ ਇਖਲਾਕੀ ਮਾਨਤਾ ਹੈ, ਉਸ ਦੀ ਪਵਿੱਤਰ ਪੂਰਨਤਾ ਹੈ ਅਤੇ ਉਸ ਦੇ ਹੌਸਲੇ ਤੇ ਵਾਜਬੀਅਤ ਦਾ ਸਰਬਵਿਆਪੀ ਆਧਾਰ ਹੈ। ਇਹ ਮਨੁੱਖੀ ਤੱਤ ਦੀ ਕਲਪਿਤ ਪ੍ਰਾਪਤੀ ਹੈ ਕਿਉਂਕਿ ਮਨੁੱਖੀ ਤੱਤ ਨੇ ਅਜੇ ਕੋਈ ਹਕੀਕੀ ਪ੍ਰਾਪਤੀ ਨਹੀਂ ਕੀਤੀ। ਇਸ ਲਈ ਧਰਮ ਵਿਰੁੱਧ ਸੰਘਰਸ਼ ਅਸਿੱਧੇ ਰੂਪ ਵਿਚ ਉਸ ਸੰਸਾਰ ਵਿਰੁੱਧ ਸੰਘਰਸ਼ ਹੈ ਜਿਸ ਦਾ ਰੂਹਾਨੀ ਜਲੌਅ ਧਰਮ ਹੈ। ਧਾਰਮਿਕ ਦੁਖ ਇਕੋ ਵੇਲੇ ਅਮਲੀ ਦੁਖ ਦਾ ਪ੍ਰਗਟਾਵਾ ਹੈ ਅਤੇ ਅਮਲੀ ਦੁਖ ਵਿਰੁੱਧ ਇਕ ਰੋਸ ਹੈ। ਧਰਮ ਪੀੜਤ ਪ੍ਰਾਣੀ ਦਾ ਹਉਕਾ ਹੈ। ਬੇਦਰਦ ਸੰਸਾਰ ਦਾ ਦਰਦ ਹੈ। ਰੂਹ ਵਿਹੂਣੇ ਮਾਹੌਲ ਦੀ ਰੂਹ ਹੈ। ਇਹ ਲੋਕਾਂ ਦੀ ਅਫੀਮ ਹੈ। ਲੋਕਾਂ ਦੀ ਭਰਮਾਊ ਖੁਸ਼ੀ ਵਜੋਂ ਧਰਮ ਦਾ ਖਾਤਮਾ ਉਨ੍ਹਾਂ ਦੀ ਅਸਲੀ ਖੁਸ਼ੀ ਵਾਸਤੇ ਮੰਗ ਹੈ। ਉਨ੍ਹਾਂ ਨੂੰ ਇਹ ਕਹਿਣਾ ਕਿ ਆਪਣੀਆਂ ਹਾਲਤਾਂ ਬਾਰੇ ਬਣੇ ਆਪਣੇ ਭਰਮਾਂ ਨੂੰ ਤਿਆਗ ਦਿਉ ਦਾ ਮਤਲਬ ਉਨ੍ਹਾਂ ਨੂੰ ਇਹ ਕਹਿਣਾ ਹੈ ਕਿ ਉਨ੍ਹਾਂ ਹਾਲਤਾਂ ਨੂੰ ਤਿਆਗ ਦਿਉ, ਜਿਨ੍ਹਾਂ ਦੀ ਲੋੜ ਇਹ ਭਰਮ ਹਨ। ਇਸ ਲਈ ਧਰਮ ਦੀ ਆਲੋਚਨਾ ਮੁੱਢਲੇ ਰੂਪ ਵਿਚ ਹੰਝੂਆਂ ਦੀ ਉਸ ਵਾਦੀ ਦੀ ਆਲੋਚਨਾ ਹੈ ਜਿਸ ਦਾ ਜਲੌਅ ਧਰਮ ਹੈ।”
ਏਂਗਲਜ਼ ਦੇ ਕਥਨ ਅਨੁਸਾਰ : “ਸਾਰੇ ਧਰਮ ਹੋਰ ਕੁਝ ਨਹੀਂ ਸਗੋਂ ਰੋਜ਼ਾਨਾ ਜ਼ਿੰਦਗੀ ਵਿਚ ਭਾਰੂ ਜਾਂ ਪ੍ਰਬਲ ਸ਼ਕਤੀਆਂ ਦਾ ਮਨੁੱਖੀ ਮਨਾਂ ਵਿਚ ਬਣਿਆ ਅਕਸ ਹੈ, ਇਕ ਅਕਸ ਜਿਸ ਵਿਚ ਦੁਨਿਆਵੀ ਸ਼ਕਤੀਆਂ ਦੈਵੀ ਰੂਪ ਧਾਰਨ ਕਰ ਲੈਂਦੀਆਂ ਹਨ। ਇਤਿਹਾਸ ਦੇ ਆਰੰਭ ਵਿਚ ਇਹ ਕੁਦਰਤੀ ਸ਼ਕਤੀਆਂ ਹੀ ਸਨ ਜਿਹੜੀਆਂ ਪਹਿਲਾਂ ਇਸ ਤਰ੍ਹਾਂ ਪ੍ਰਗਟ ਹੋਈਆਂ ਅਤੇ ਜਿਹੜੀਆਂ ਅਗਲੇਰੇ ਵਿਕਾਸ ਦੌਰਾਨ ਅੱਡ-ਅੱਡ ਕਬੀਲਿਆਂ ਵਿਚਕਾਰ ਅਨੇਕ ਤਰ੍ਹਾਂ-ਤਰ੍ਹਾਂ ਦੇ ਗੁੰਝਲਦਾਰ ਅਤੇ ਰੰਗਬਰੰਗੇ ਮੂਰਤੀਕਰਨ ਵਿਚ ਬਦਲ ਗਈਆ।” (ਏਂਗਲਜ਼, ਐਂਟੀ ਡਿਹੂਰਿੰਗ, ਸਫਾ 410)
ਮਾਰਕਸ ਅਨੁਸਾਰ ਧਰਮਾਂ ਦਾ ਇਹ ਗੁੰਝਲਦਾਰ ਵਰਤਾਰਾ ਓਨਾ ਚਿਰ ਖਤਮ ਨਹੀਂ ਹੋਣਾ ਜਿੰਨਾ ਚਿਰ ਮਨੁੱਖੀ ਚੇਤਨਾ ਅੰਦਰ ਮਨੁੱਖ ਤੇ ਕੁਦਰਤ ਦਾ ਰਿਸ਼ਤਾ ਸਪੱਸ਼ਟ ਤੇ ਸਿੱਧਾ ਨਹੀਂ ਹੋ ਜਾਂਦਾ। “ਹਕੀਕੀ ਸੰਸਾਰ ਦਾ ਧਾਰਮਿਕ ਅਕਸ ਕਿਸੇ ਵੀ ਸੂਰਤ ਵਿਚ ਅੰਤਿਮ ਤੌਰ ਉਤੇ ਸਿਰਫ ਉਦੋਂ ਹੀ ਮਿਟੇਗਾ, ਜਦੋਂ ਮਨੁੱਖ ਦੀ ਰੋਜ਼ਾਨਾ ਜ਼ਿੰਦਗੀ ਦੇ ਅਮਲੀ ਰਿਸ਼ਤਿਆਂ ਦਾ ਪਸਾਰ ਅਤੇ ਮਨੁੱਖ ਦਾ ਆਪਣੇ ਨਾਲਦਿਆਂ ਮਨੁੱਖਾਂ ਅਤੇ ਕੁਦਰਤ ਨਾਲ ਰਿਸ਼ਤਾ ਬਿਲਕੁਲ ਸਪੱਸ਼ਟ ਤੇ ਤਰਕਸੰਗਤ ਬਣ ਜਾਏਗਾ।” (ਮਾਰਕਸ, ਸਰਮਾਇਆ, ਜਿਲਦ ਪਹਿਲੀ, ਸਫਾ 84)
ਮਾਰਕਸ-ਏਂਗਲਜ਼ ਨੇ ਆਪਣੀਆਂ ਲਿਖਤਾਂ ਵਿਚ ਕਿਤੇ ਵੀ ਧਰਮ ਦਾ ਅੰਨ੍ਹਾ ਵਿਰੋਧ ਨਹੀਂ ਕੀਤਾ ਪਰ ਲੈਨਿਨ ਦੀ ਧਰਮ ਬਾਰੇ ਧਾਰਨਾ ਉਨ੍ਹਾਂ ਤੋਂ ਬਿਲਕੁਲ ਵੱਖਰੀ ਹੈ: “ਕਮਿਊਨਿਸਟਾਂ ਦੇ ਸਮੁੱਚੇ ਸੰਸਾਰ ਦ੍ਰਿਸ਼ਟੀਕੋਣ ਦਾ ਆਧਾਰ ਵਿਗਿਆਨਕ ਸਮਾਜਵਾਦ ਭਾਵ ਮਾਰਕਸਵਾਦ ਹੈ। ਮਾਰਕਸਵਾਦ ਦਾ ਫਲਸਫੀ ਆਧਾਰ, ਜਿਵੇਂ ਮਾਰਕਸ ਅਤੇ ਏਂਗਲਜ਼ ਨੇ ਵਾਰ ਵਾਰ ਐਲਾਨ ਕੀਤਾ ਹੈ, ਵਿਰੋਧ ਵਿਕਾਸੀ ਪਦਾਰਥਵਾਦ ਹੈ ਜੋ ਕਤਈ ਤੌਰ ਉਤੇ ਨਾਸਤਿਕਵਾਦੀ ਤੇ ਸਮੁੱਚੇ ਧਰਮ ਦਾ ਦ੍ਰਿੜ ਵਿਰੋਧੀ ਹੈ।”… “ਧਰਮ ਲੋਕਾਂ ਲਈ ਅਫੀਮ ਹੈ, ਮਾਰਕਸ ਦਾ ਇਹ ਕਥਨ ਧਰਮ ਸਬੰਧੀ ਸਮੁੱਚੇ ਮਾਰਕਸਵਾਦੀ ਨਜ਼ਰੀਏ ਦਾ ਨੀਂਹ ਪੱਥਰ ਹੈ।”
… “ਮਾਰਕਸਵਾਦ ਪਦਾਰਥਵਾਦ ਹੈ। ਇਸ ਲਈ ਉਹ ਧਰਮ ਦਾ ਓਡਾ ਹੀ ਬੇਕਿਰਕ ਦੁਸ਼ਮਣ ਹੈ ਜਿੱਡਾ ਅਠਾਰਵੀਂ ਸਦੀ ਦੇ ਬੁੱਧੀਜੀਵੀਆਂ ਜਾਂ ਫਿਊਰਬਾਖ ਦਾ ਪਦਾਰਥਵਾਦ ਸੀ। ਇਹ ਸ਼ੰਕਾ ਰਹਿਤ ਹੈ। ਬਲਕਿ ਮਾਰਕਸ ਤੇ ਏਂਗਲਜ਼ ਦਾ ਵਿਰੋਧ ਵਿਕਾਸੀ ਪਦਾਰਥਵਾਦ ਬੁੱਧੀਜੀਵੀਆਂ ਤੇ ਫਿਊਰਬਾਖ ਦੇ ਪਦਾਰਥਵਾਦ ਤੋਂ ਵੀ ਅਗਾਂਹ ਜਾਂਦਾ ਹੈ। ਕਿਉਂਕਿ ਇਹ ਪਦਾਰਥਵਾਦੀ ਫਲਸਫੇ ਨੂੰ ਇਤਿਹਾਸ ਅਤੇ ਸਮਾਜੀ ਵਿਗਿਆਨਾਂ ਦੇ ਖੇਤਰ ਵਿਚ ਲਾਗੂ ਕਰਦਾ ਹੈ। ਸਾਨੂੰ ਧਰਮ ਵਿਰੁੱਧ ਲੜਨਾ ਚਾਹੀਦਾ ਹੈ, ਇਹ ਸਾਰੇ ਪਦਾਰਥਵਾਦ ਅਤੇ ਇਸ ਦੇ ਸਿੱਟੇ ਵਜੋਂ ਮਾਰਕਸਵਾਦ ਦਾ ੳ ਅ ਹੈ ਪਰ ਮਾਰਕਸਵਾਦ ਅਜਿਹਾ ਪਦਾਰਥਵਾਦ ਨਹੀਂ ਜਿਹੜਾ ੳ ਅ ਉਤੇ ਠਹਿਰ ਜਾਂਦਾ ਹੈ ਸਗੋਂ ਮਾਰਕਸਵਾਦ ਇਸ ਤੋਂ ਵੀ ਅਗਾਂਹ ਜਾਂਦਾ ਹੈ। ਇਹ ਕਹਿੰਦਾ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਧਰਮ ਵਿਰੁੱਧ ਕਿਵੇਂ ਲੜਿਆ ਜਾਵੇ ਅਤੇ ਇੰਝ ਕਰਨ ਲਈ ਸਾਨੂੰ ਪਦਾਰਥਵਾਦੀ ਢੰਗ ਨਾਲ ਧਰਮ ਅਤੇ ਵਿਸ਼ਵਾਸ ਦੇ ਸੋਮਿਆਂ ਦੀ ਜਨਤਾ ਵਿਚ ਵਿਆਖਿਆ ਕਰਨੀ ਚਾਹੀਦੀ ਹੈ।” (ਲੈਨਿਨ, ਕਿਰਤੀਆਂ ਦੀ ਪਾਰਟੀ ਦਾ ਧਰਮ ਵੱਲ ਵਤੀਰਾ, ਜਿਲਦ 9, ਸਫਾ 435)
ਇਹੀ ਉਹ ਵਖਰੇਵਾਂ ਹੈ ਜਿਸ ਨੇ ਸਿੱਖੀ ਅਤੇ ਕਮਿਊਨਿਜ਼ਮ ਵਿਚਕਾਰ ਨਿਖੇੜਾ ਪੈਦਾ ਕੀਤਾ ਅਤੇ ਕਮਿਊਨਿਸਟ ਧਰਮ ਬਾਰੇ ਮਾਰਕਸੀ ਧਾਰਨਾਵਾਂ ਨੂੰ ਛਡਦੇ-ਛਡਦੇ ਹੌਲੀ-ਹੌਲੀ ਧਰਮ ਦੇ ਕੱਟੜ ਵਿਰੋਧੀ ਬਣ ਗਏ। ਜਦੋਂ ਸਿਰਦਾਰ ਕਪੂਰ ਸਿੰਘ ਆਪਣੀ ਉਪਰਲੀ ਲਿਖਤ ਵਿਚ ਇਹ ਕਹਿੰਦੇ ਹਨ ਕਿ “ਇਸ ਵਿਸ਼ੇ ਤੋਂ ਚੰਗੀ ਤਰ੍ਹਾਂ ਜਾਣੂ ਸੱਜਣ ਇਹ ਜਾਣਦੇ ਹਨ ਕਿ ਸਿੱਖੀ ਵਿਚ ਸਭ ਤੋਂ ਉੱਚਤਮ ਤੇ ਬੁਲੰਦ ਕਦਰ ਧਰਮ ਹੈ, ਜਦਕਿ ਕਮਿਊਨਿਜ਼ਮ ਲਈ ਪਹਿਲੀ ਤਰਜੀਹ ਸਾਰੇ ਧਰਮਾਂ ਅਤੇ ਧਾਰਮਿਕ ਵਿਹਾਰਾਂ ਨੂੰ ਦਬਾਉਣਾ ਅਤੇ ਖਤਮ ਕਰਨਾ ਹੈ, ਜਿਵੇਂ ਲੈਨਿਨ ਨੇ ਆਪਣੇ ਲੇਖ ‘ਜੁਝਾਰੂ ਪਦਾਰਥਵਾਦ ਦੀ ਮਹੱਤਤਾ ਬਾਰੇ’ ਵਿਚ ਜ਼ਿਕਰ ਕੀਤਾ ਹੈ ਜਿੱਥੇ ਲੈਨਿਨ ਨੇ ਬੜੀ ਦ੍ਰਿੜਤਾ ਨਾਲ ‘ਧਾਰਮਿਕ ਵਿਚਾਰਧਾਰਾ ਵੱਲ ਕਿਸੇ ਵੀ ਵਿਹਾਰੀ ਝੁਕਾਅ’ ਦੀ ਨਿਖੇਧੀ ਕੀਤੀ ਹੈ।”
ਅਸਲ ਵਿਚ ਕਾਮਰੇਡ ਲੈਨਿਨ ਅਤੇ ਉਨ੍ਹਾਂ ਤੋਂ ਬਾਅਦ ਦੇ ਕਮਿਊਨਿਸਟ ਆਗੂਆਂ ਦੀ ਧਰਮ ਬਾਰੇ ਇਹੀ ਗਲਤ ਧਾਰਨਾ ਉਨ੍ਹਾਂ ਨੂੰ ਗਦਰ ਪਾਰਟੀ ਵਰਗੀਆਂ ਇਨਕਲਾਬੀ ਜਥੇਬੰਦੀਆਂ ਤੋਂ ਦੂਰ ਲੈ ਗਈ। ਉਨ੍ਹਾਂ ਨੇ ਰੂਹਾਨੀਅਤ ਵਿਹੂਣੇ ਕਮਿਊਨਿਸਟ ਸਮਾਜ ਦੀ ਸਿਰਜਣਾ ਕਰਨ ਦਾ ਬੀੜਾ ਚੁੱਕ ਲਿਆ ਜਿਹੜਾ ਕੁਦਰਤ ਤੋਂ ਦੂਰ ਹੁੰਦਾ-ਹੁੰਦਾ ਅੰਤਿਮ ਤੌਰ ਉਤੇ ਸਾਮਰਾਜੀ ਖਪਤਕਾਰੀ ਸਭਿਆਚਾਰ ਦਾ ਸ਼ਿਕਾਰ ਹੋ ਗਿਆ ਅਤੇ ਕਮਿਊਨਿਸਟ ਸਮਾਜ ਦੀ ਸਿਰਜਣਾ ਦਾ ਸੁਪਨਾ ਧੁੰਦਲਾ ਹੁੰਦਾ-ਹੁੰਦਾ ਲੋਪ ਹੋ ਗਿਆ।