ਹੁਣ ਵਿਧਾਨ ਸਭਾ ਰਾਹੀਂ ਸਿਆਸਤ

ਪੰਜਾਬ ਦਾ ਸਿਆਸੀ ਪਿੜ ਅੱਜ ਕੱਲ੍ਹ ਵਾਹਵਾ ਭਖਿਆ ਹੋਇਆ ਹੈ। ਆਮ ਆਦਮੀ ਪਾਰਟੀ (ਆਪ) ਵੱਲੋਂ ਲਾਏ ਇਨ੍ਹਾਂ ਦੋਸ਼ਾਂ ਤੋਂ ਬਾਅਦ ਕਿ ਭਾਰਤੀ ਜਨਤਾ ਪਾਰਟੀ ‘ਆਪ’ ਵਿਧਾਇਕਾਂ ਨੂੰ ਖਰੀਦਣ ਦੇ ਯਤਨ ਕਰ ਰਹੀ ਹੈ, ਤਕਰੀਬਨ ਸਾਰੀਆਂ ਹੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ।

ਪੰਜਾਬ ਦੇ ਰਾਜਪਾਲ ਨੇ ਤਕਨੀਕੀ ਆਧਾਰ ‘ਤੇ ਇਸ ਸੈਸ਼ਨ ਦੀ ਆਗਿਆ ਨਾ ਦੇ ਕੇ ਸਿਆਸੀ ਚੁਆਤੀ ਲਾ ਦਿੱਤੀ। ਰਾਜਪਾਲ ਦਾ ਤਰਕ ਸੀ ਕਿ ਕਿਸੇ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਤਾਂ ਪੇਸ਼ ਕੀਤਾ ਜਾ ਸਕਦਾ ਹੈ ਪਰ ਇਉਂ ਭਰੋਸੇ ਦੇ ਮਤੇ ਲਈ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀ ਕੋਈ ਤੁਕ ਨਹੀਂ ਬਣਦੀ। ਆਮ ਆਦਮੀ ਪਾਰਟੀ ਨੇ ਰਾਜਪਾਲ ਦੇ ਇਸ ਫੈਸਲੇ ਨੂੰ ਆਪਣੀ ਹੇਠੀ ਸਮਝਦਿਆਂ ਕੁਝ ਹੋਰ ਮੁੱਦਿਆਂ ਬਾਰੇ ਚਰਚਾ ਨੂੰ ਆਧਾਰ ਬਣਾ ਕੇ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ। ਇਸ ਇਕ ਨੁਕਤੇ ਤੋਂ ਹੀ ਆਮ ਆਦਮੀ ਪਾਰਟੀ ਦੀ ਸਿਆਸੀ ਦਿਆਨਤਦਾਰੀ ਅਤੇ ਸੰਜੀਦਗੀ ਉਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜ਼ਾਹਿਰ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਸੈਸ਼ਨ, ਮਗਰੋਂ ਦੱਸੇ ਗਏ ਮੱਦਿਆਂ ‘ਤੇ ਚਰਚਾ ਕਰਨ ਅਤੇ ਇਨ੍ਹਾਂ ਦਾ ਹੱਲ ਕਰਨ ਲਈ ਨਹੀਂ ਸੱਦਿਆ ਸਗੋਂ ਸਿਰਫ ਭਰੋਸੇ ਦਾ ਵੋਟ ਹਾਸਲ ਕਰਨ ਲਈ ਸੈਸ਼ਨ ਸੱਦਿਆ। ਇਸੇ ਕਰਕੇ ਇਹ ਮਤਾ ਪੇਸ਼ ਹੁੰਦੇ ਸਾਰ ਹੀ ਵਿਧਾਨ ਸਭਾ ਵਿਚ ਰੱਫੜ ਵੀ ਪੈ ਗਿਆ।
ਇਸੇ ਕਾਰਨ ਹੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਮਤਾ ਪੇਸ਼ ਕਰਨ ਮੌਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਝੜਪਾਂ ਹੋ ਗਈਆਂ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਰੋਸਗੀ ਮਤੇ ਨੂੰ ਗੈਰ-ਕਾਨੂੰਨੀ ਤੇ ਗੈਰ-ਸੰਵਿਧਾਨਕ ਕਰਾਰ ਦਿੱਤਾ। ਰੌਲੇ-ਰੱਪੇ ਕਰ ਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਦਨ ਦੀ ਕਾਰਵਾਈ ਤਿੰਨ ਵਾਰੀ ਮੁਲਤਵੀ ਕਰਨੀ ਪਈ ਅਤੇ ਆਖਰਕਾਰ ਕਾਂਗਰਸ ਦੇ ਸਾਰੇ ਮੈਂਬਰਾਂ ਨੂੰ ਸਦਨ ਵਿਚੋਂ ਕੱਢਣ ਦੇ ਹੁਕਮ ਹੋ ਗਏ। ਇਸ ਦੌਰਾਨ ਹੀ ਇਕ ਦਿਨ ਲਈ ਇਸ ਸੈਸ਼ਨ ਦੀ ਮਿਆਦ ਚਾਰ ਦਿਨ ਕਰ ਦਿੱਤੀ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸੇ ਦਾ ਵੋਟ ਹਾਸਲ ਕਰਨ ਲਈ ਮਤਾ ਪੇਸ਼ ਕਰਦਿਆਂ ਕਿਹਾ ਕਿ ‘ਇਹ ਸਦਨ ਮੰਤਰੀ ਮੰਡਲ ਵਿਚ ਆਪਣਾ ਵਿਸ਼ਵਾਸ ਪ੍ਰਗਟ ਕਰਦਾ ਹੈ`। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਮੁੱਖ ਮੰਤਰੀ ਵੱਲੋਂ ਪੇਸ਼ ਮਤੇ ਦੀ ਤਾਈਦ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੂੰ ਭਾਰਤੀ ਜਨਤਾ ਪਾਰਟੀ ਦੀ ‘ਬੀ` ਟੀਮ ਕਰਾਰ ਦਿੰਦਿਆਂ ਦੋਵਾਂ ਪਾਰਟੀਆਂ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਯਾਦ ਕਰਵਾਇਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿਚ ਪਿਛਲੇ ਦਰਵਾਜ਼ਿਓ ਆਪਣੀਆਂ ਸਰਕਾਰਾਂ ਬਣਾਉਣ ਲਈ ਦਲ-ਬਦਲੀ ਵਿਰੋਧੀ ਕਾਨੂੰਨ ਦੀ ਵਰਤੋਂ ਨਵੇਂ ਹਥਿਆਰ ਵਜੋਂ ਕਰ ਰਹੀ ਹੈ ਅਤੇ ਇਸ ਦੀ ਸਭ ਤੋਂ ਵੱਡੀ ਪੀੜਤ ਹੋਣ ਦੇ ਬਾਵਜੂਦ ਕਾਂਗਰਸ ਹੁਣ ਇਸੇ ਦੀ ਹਮਾਇਤ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਵਿਧਾਇਕਾਂ ਨੂੰ ਲੁਭਾ ਕੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਤੇ ਹੋਰ ਸੂਬਿਆਂ ਵਿਚ ਚੁਣੀਆਂ ਹੋਈਆਂ ਸਰਕਾਰਾਂ ਭੰਗ ਕੀਤੀਆਂ ਅਤੇ ਆਪਣੀ ਸਰਕਾਰਾਂ ਲੋਕਾਂ ਉਤੇ ਥੋਪ ਦਿੱਤੀਆਂ। ਇਸੇ ਤਰ੍ਹਾਂ ਦਿੱਲੀ ਵਿਚ ਤਿੰਨ ਦਫ਼ਾ ਸਰਕਾਰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਹੁਣ ਪੰਜਾਬ ਵਿਚ ਪੈਸੇ ਦੇ ਜ਼ੋਰ ਨਾਲ ਵਿਧਾਇਕਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਕਿ ਇਸ ਪਾਰਟੀ ਦੀ ਲੀਡਰਸ਼ਿਪ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ` ਕਰ ਰਹੀ ਹੈ ਪਰ ਰਾਜਸਥਾਨ ਵਿਚ ਖੁਦ ਖੱਖੜੀਆਂ-ਕਰੇਲੇ ਹੋ ਰਹੀ ਹੈ। ਇਸ ਯਾਤਰਾ ਦੌਰਾਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਰਗੇ ਰਾਜਾਂ ਤੋਂ ਜਾਣਬੁੱਝ ਕੇ ਦੂਰੀ ਰੱਖੀ ਗਈ ਹੈ ਤਾਂ ਕਿ ਚੋਣਾਂ ਵਿਚ ਪੂਰੀ ਤਰ੍ਹਾਂ ਭਾਜਪਾ ਨੂੰ ਪੂਰਾ ਲਾਹਾ ਦਿੱਤਾ ਜਾ ਸਕੇ।
ਅਸਲ ਵਿਚ ਪਿਛਲੇ ਛੇ ਮਹੀਨਆਂ ਦੌਰਾਨ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤਕਰੀਬਨ ਸਿਫਰ ਰਹੀ ਹੈ। ਪਾਰਟੀ ਕੋਲ ਦੱਸਣ ਲਈ ਅਜਿਹਾ ਕੋਈ ਕੰਮ ਨਹੀਂ ਜੋ ਇਸ ਨੇ ਸਿਰੇ ਚਾੜ੍ਹਿਆ ਹੋਵੇ। ਇਹ ਵੱਖਰੀ ਗੱਲ ਹੈ ਕਿ ਇਸ਼ਤਿਹਾਰਾਂ ਦੇ ਜ਼ੋਰ ‘ਤੇ ਇਹ ‘ਆਪਣੇ ਕੀਤੇ ਕੰਮ’ ਰੋਜ਼ ਗਿਣਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਾਂਗ ਇਸ ਨੇ ਵੀ ਮੀਡੀਆ ਉਤੇ ਇਸ ਕਦਰ ਪ੍ਰਭਾਵ ਪਾ ਲਿਆ ਗਿਆ ਹੈ ਕਿ ਸਰਕਾਰ ਦੀ ਬਣਦੀ ਆਲੋਚਨਾ ਵੀ ਮੀਡੀਆ ਵਿਚ ਨਸ਼ਰ ਨਹੀਂ ਹੋ ਰਹੀ। ਸੂਬੇ ਦਾ ਹਰ ਵਰਗ ਸਰਕਾਰ ਦੀ ਨਾ-ਅਹਿਲੀਅਤ ਤੋਂ ਔਖਾ ਹੈ। ਸਿੱਖਿਆ ਅਤੇ ਸਿਹਤ ਵਰਗੇ ਬੁਨਿਆਦੀ ਮੁੱਦਿਆਂ ਬਾਰੇ ਕਿਤੇ ਕੋਈ ਗੱਲ ਨਹੀਂ ਛੇੜੀ ਜਾ ਰਹੀ। ਇਨ੍ਹਾਂ ਦੋਹਾਂ ਖੇਤਰਾਂ ਵਿਚ ਵਾਰ-ਵਾਰ ਗੱਲ ਦਿੱਲੀ ਮਾਡਲ ਉਤੇ ਕੇਂਦਰਤ ਕੀਤੀ ਜਾ ਰਹੀ ਹੈ ਜਦਕਿ ਇਹ ਇਕ ਵਾਰ ਨਹੀਂ ਬਲਕਿ ਕਈ ਵਾਰ ਸਾਬਤ ਹੋ ਚੁੱਕਾ ਹੈ ਕਿ ਇਨ੍ਹਾਂ ਦੋਹਾਂ ਖੇਤਰਾਂ ਵਿਚ ਪੰਜਾਬ, ਦਿੱਲੀ ਵਾਲੇ ਅਖੌਤੀ ਮਾਡਲ ਤੋਂ ਕਿਤੇ ਅਗੇਰੇ ਹੈ ਪਰ ਆਮ ਆਦਮੀ ਪਾਰਟੀ ਦੇ ਆਗੂ 2024 ਵਿਚ ਆ ਰਹੀਆਂ ਅਗਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਦਿੱਲੀ ਮਾਡਲ ਦਾ ਗੁੱਡਾ ਬੰਨ੍ਹ ਰਹੇ ਹਨ। ਇਹੀ ਨਹੀਂ, ਗੁਜਰਾਤ ਅਤੇ ਹਿਮਾਚਲ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਮਾਡਲ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਮਾਡਲ ਹੈ ਕੀ ਅਤੇ ਇਸ ਮਾਡਲ ਤਹਿਤ ਪੰਜਾਬ ਕੀ ਕੰਮ ਕੀਤਾ ਗਿਆ ਹੈ, ਕਿਤੇ ਵੀ ਕੋਈ ਚਰਚਾ ਨਹੀਂ ਹੈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਜਾ ਕੇ ਆਮ ਆਦਮੀ ਪਾਰਟੀ ਦੇ ਆਗੂ ਆਏ ਦਿਨ ਬਿਆਨ ਦਾਗ ਦਿੰਦੇ ਹਨ ਕਿ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਗਿਆ ਹੈ ਜਦਕਿ ਇਸ ਮਸਲੇ ‘ਤੇ ਹਕੀਕਤ ਕੁਝ ਹੋਰ ਹੀ ਹੈ। ਅਸਲ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਗੱਲੀਂ-ਬਾਤੀਂ ਹੀ ਬੁੱਤਾ ਸਾਰ ਰਹੀ ਹੈ ਪਰ ਸਮਾਂ ਆ ਰਿਹਾ ਹੈ ਕਿ ਲੋਕ ਸਵਾਲਾਂ ਉਤੇ ਸਵਾਲ ਕਰ ਰਹੇ ਹਨ।