ਹੌਲੀ ਦੇ ਦਿਨ ਖੂਨ ਦੇ ਛਿੱਟੇ: ਬੱਬਰ ਅਕਾਲੀ ਫਾਂਸੀ `ਤੇ

ਸ਼ਹੀਦ ਭਗਤ ਸਿੰਘ ਦੀ ਕਲਮ ਤੋਂ
1923 ਵਿਚ ਘਰੋਂ ਦੌੜ ਕੇ ਭਗਤ ਸਿੰਘ ਕਾਨਪੁਰ ਆ ਗਏ ਸਨ। ਦੇਸ਼-ਭਗਤ ਗਣੇਸ਼ ਸ਼ੰਕਰ ਵਿਦਿਆਰਥੀ ਦੀ ਦੇਖ-ਰੇਖ ਵਿਚ ਹਫਤਾਵਾਰੀ ਪਰਚੇ ‘ਪ੍ਰਤਾਪ’ ਦੇ ਸੰਪਾਦਕੀ ਮੰਡਲ ਨਾਲ ਵੀ ਕੰਮ ਕਰਦੇ ਰਹੇ। ਕਾਨਪੁਰ ਵਿਚ ਉਨ੍ਹਾਂ ਦਾ ਸਾਥ ਇਨਕਲਾਬੀ ਸਾਥੀਆਂ ਬੀ.ਕੇ. ਦੱਤ, ਸ਼ਿਵ ਵਰਮਾ, ਜੈ ਦੇਵ ਕਪੂਰ, ਵਿਜੈ ਕੁਮਾਰ ਸਿਨਹਾ ਤੇ ਇਨਕਲਾਬੀ ਪਾਰਟੀ ਦੇ ਦੂਸਰੇ ਸਾਥੀਆਂ ਨਾਲ ਗੂੜ੍ਹਾ ਹੋਇਆ।

ਭਾਰਤ ਦੇ ਭਵਿੱਖ ਬਾਰੇ ਲੰਮੇ ਵਿਚਾਰ-ਵਟਾਂਦਰੇ ਹੋਏ। ਕਾਜ਼ੀ ਨਜ਼ਰੁਲ ਇਸਲਾਮ ਦੀਆਂ ਬੰਗਾਲੀ ਕਵਿਤਾਵਾਂ ਵੀ ਪੜ੍ਹੀਆਂ। ਕਾਨਪੁਰ ਪਹਿਲੀ ਬਾਲਸ਼ਵਿਕ ਸਾਜ਼ਿਸ਼ ਕੇਸ ਦਾ ਕੇਂਦਰ ਵੀ ਸੀ ਜਿਸ ਨਾਲ ਰੂਸ ਵਿਚ ਆਏ ਇਨਕਲਾਬ ਅਤੇ ਉਸ ਦੇ ਬਾਅਦ ਬਦਲੇ ਹਾਲਾਤ ਬਾਰੇ ਜਾਣਕਾਰੀ ਦਾ ਮੌਕਾ ਵੀ ਮਿਲਿਆ। ਪੰਜਾਬ ਵਿਚ ਬੱਬਰ ਅਕਾਲੀ ਲਹਿਰ ਚੱਲ ਰਹੀ ਸੀ। ਉਸ ਲਹਿਰ ਦੇ 6 ਸ਼ਹੀਦਾਂ ਦੀ ਫਾਂਸੀ ਉੱਤੇ ‘ਇੱਕ ਪੰਜਾਬੀ ਯੁਵਕ’ ਦੇ ਨਾਂ ਹੇਠ ਭਗਤ ਸਿੰਘ ਨੇ ਇਹ ਲੇਖ 15 ਮਾਰਚ 1926 ਦੇ ‘ਪ੍ਰਤਾਪ` ਵਿਚ ਲਿਖਿਆ ਸੀ। ਇਹ ਲੇਖ ਭਗਤ ਸਿੰਘ ਦੇ ਜਨਮ ਦਿਨ ਮੌਕੇ (28 ਸਤੰਬਰ) ਛਾਪਿਆ ਜਾ ਰਿਹਾ ਹੈ।
ਹੋਲੀ ਵਾਲੇ ਦਿਨ 27 ਫਰਵਰੀ ਦੇ ਦਿਨ ਜਦ ਅਸੀਂ ਖੇਡਣ ਮੱਲ੍ਹਣ ਵਿਚ ਰੁੱਝੇ ਹੋਏ ਸਾਂ, ਉਸ ਵੇਲੇ ਇਸ ਵਿਸ਼ਾਲ ਸੂਬੇ ਦੇ ਇਕ ਕੋਨੇ ਵਿਚ ਇਹ ਜ਼ਬਰਦਸਤ ਕਾਂਡ ਕੀਤਾ ਜਾ ਰਿਹਾ ਸੀ। ਸੁਣੋਗੇ ਤਾਂ ਡਰ ਜਾਉਗੇ। ਕੰਬ ਉੱਠੋਗੇ। ਲਾਹੌਰ ਸੈਂਟਰਲ ਜੇਲ੍ਹ ਵਿਚ ਠੀਕ ਉਸ ਦਿਨ 6 ਬੱਬਰ ਅਕਾਲੀ ਫਾਂਸੀ ਉੱਤੇ ਲਟਕਾ ਦਿੱਤੇ ਗਏ ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਜੀ, ਦਲੀਪ ਸਿੰਘ ਜੀ, ਨੰਦ ਸਿੰਘ ਜੀ, ਕਰਮ ਸਿੰਘ ਜੀ, ਧਰਮ ਸਿੰਘ ਜੀ। ਲਗਭਗ ਦੋ ਵਰ੍ਹਿਆਂ ਤੋਂ ਆਪਣੇ ਇਸ ਜੁਰਮ ਹੇਠ ਜੋ ਲਾਪ੍ਰਵਾਹੀ ਦਿਖਾ ਰਹੇ ਸਨ, ਉਸ ਤੋਂ ਇਹ ਜਾਣਿਆ ਜਾ ਸਕਦਾ ਸੀ ਕਿ ਉਹ ਉਸ ਦਿਨ ਦੀ ਉਡੀਕ ਕਿੰਨੇ ਚਾਅ ਨਾਲ ਕਰਦੇ ਸਨ। ਮਹੀਨਿਆਂ ਬਾਅਦ ਜੱਜ ਨੇ ਫੈਸਲਾ ਸੁਣਾਇਆ। ਪੰਜਾਂ ਨੂੰ ਫਾਂਸੀ, ਬਹੁਤਿਆਂ ਨੂੰ ਕਾਲੇ ਪਾਣੀ, ਦੇਸ਼ ਨਿਕਾਲਾ ਅਤੇ ਲੰਬੀਆਂ ਕੈਦਾਂ। ਸਾਰੇ ਗਰਜ ਉੱਠੇ। ਉਹਨਾਂ ਆਕਾਸ਼ ਨੂੰ ਆਪਣੇ ਨਾਅਰਿਆਂ ਨਾਲ ਗੂੰਜਾ ਦਿੱਤਾ। ਅਪੀਲ ਹੋਈ, ਪੰਜ ਦੀ ਥਾਂ ਛੇ ਮੌਤ ਦੀ ਸਜ਼ਾ ਦੇ ਭਾਗੀ ਬਣੇ। ਉਸ ਦਿਨ ਖਬਰ ਪੜ੍ਹੀ ਕਿ ਰਹਿਮ ਲਈ ਅਪੀਲ ਕੀਤੀ ਹੈ। ਪੰਜਾਬ ਗਵਰਨਰ ਨੇ ਐਲਾਨ ਕੀਤਾ ਕਿ ਅਜੇ ਫਾਂਸੀ ਨਹੀਂ ਦਿੱਤੀ ਜਾਵੇਗੀ।
ਉਡੀਕ ਸੀ ਪਰ ਚਾਣਚੱਕ ਕੀ ਵੇਖਦੇ ਹਾਂ ਕਿ ਹੋਲੀ ਵਾਲੇ ਦਿਨ ਗ਼ਮ ਵਿਚ ਡੁੱਬੇ ਲੋਕਾਂ ਦਾ ਇਕੱਠ ਉਨ੍ਹਾਂ ਬਹਾਦਰਾਂ ਦੇ ਮ੍ਰਿਤਕ ਸਰੀਰਾਂ ਨੂੰ ਸ਼ਮਸ਼ਾਨ ਨੂੰ ਲਈ ਜਾ ਰਿਹਾ ਹੈ। ਚੁਪ-ਚਾਪ ਉਨ੍ਹਾਂ ਦੀ ਅੰਤਮ ਕ੍ਰਿਆ ਹੋ ਗਈ।
ਸ਼ਹਿਰ ਵਿਚ ਉਹੀ ਚਹਿਲ ਪਹਿਲ ਸੀ। ਆਉਣ ਜਾਣ ਵਾਲਿਆਂ ‘ਤੇ ਉਵੇਂ ਹੀ ਰੰਗ ਸੁੱਟਿਆ ਜਾ ਰਿਹਾ ਸੀ। ਕੇਹੀ ਵੱਡੀ ਲਾਪ੍ਰਵਾਹੀ ਸੀ। ਜੇ ਉਹ ਰਾਹੋਂ ਥਿੜਕੇ ਹੋਏ ਸਨ ਤਾਂ ਹੋਣ ਦਿਉ, ਜੇ ਪਾਗਲ ਸਨ ਤਾਂ ਹੋਣ ਦਿਉ। ਉਹ ਨਿੱਡਰ ਦੇਸ਼ ਭਗਤ ਤਾਂ ਸਨ, ਉਨ੍ਹਾਂ ਨੇ ਜੋ ਕੁਝ ਵੀ ਕੀਤਾ ਸੀ। ਉਹ ਅਨਿਆਂ ਨਾ ਸਹਾਰ ਸਕੇ, ਦੇਸ਼ ਦੀ ਢਹਿੰਦੀ ਹਾਲਤ ਨਾ ਵੇਖ ਸਕੇ, ਨਿਰਬਲਾਂ ਉੱਤੇ ਕੀਤੇ ਜਾਣ ਵਾਲੇ ਜ਼ੁਲਮ ਉਹਨਾਂ ਲਈ ਅਸਹਿ ਹੋ ਗਏ, ਆਮ ਜਨਤਾ ਦੀ ਲੁੱਟ ਖਸੁੱਟ ਉਹਨਾਂ ਕੋਲੋਂ ਸਹਾਰੀ ਨਾ ਗਈ। ਉਹਨਾਂ ਨੇ ਲਲਕਾਰਿਆ ਅਤੇ ਉਹ ਕੁੱਦ ਪਏ ਕਰਮ ਖੇਤਰ ਵਿਚ। ਉਹ ਸਜੀਵ ਸਨ, ਉਹ ਸੁਹਿਰਦ ਸਨ। ਕਰਮ ਖੇਤਰ ਵਿਚ ਜੂਝਣ ਵਾਲੇ- ਧੰਨ ਹੈਂ ਤੂੰ! ਮੌਤ ਦੇ ਬਾਅਦ ਦੋਸਤ ਦੁਸ਼ਮਣ ਸਭ ਬਰਾਬਰ ਹੋ ਜਾਂਦੇ ਹਨ। ਇਹ ਆਦਰਸ਼ ਹੈ ਬਹਾਦਰ ਬੰਦਿਆਂ ਦਾ। ਜੇ ਉਹਨਾਂ ਕੋਈ ਘ੍ਰਿਣਤ ਕੰਮ ਕੀਤਾ ਹੋਵੇ ਤਾਂ ਵੀ ਆਪਣੇ ਦੇਸ਼ ਦੇ ਚਰਨਾਂ ਵਿਚ ਜਿਸ ਦਲੇਰੀ ਅਤੇ ਤੱਤਪਰਤਾ ਨਾਲ ਉਨ੍ਹਾਂ ਆਪਣੇ ਪ੍ਰਾਣ ਚੜ੍ਹਾ ਦਿੱਤੇ, ਉਸ ਨੂੰ ਵੇਖਦਿਆਂ ਹੋਇਆਂ ਤਾਂ ਉਹਨਾਂ ਦੀ ਪੂਜਾ ਹੋਣੀ ਚਾਹੀਦੀ ਸੀ। ਸ੍ਰੀ ਟੈਗਰਟ ਵਿਰੋਧੀ ਦਲ ਦੇ ਹੁੰਦਿਆਂ ਹੋਇਆਂ ਵੀ ਯਤਿੰਦਰ ਮੁਕਰਜੀ, ਬੰਗਾਲ ਦੇ ਵੀਰ ਇਨਕਲਾਬੀ ਦੀ ਮੌਤ ਉੱਤੇ ਅਫਸੋਸ ਜ਼ਾਹਰ ਕਰਦੇ ਹੋਏ, ਉਹਨਾਂ ਦੀ ਬੀਰਤਾ, ਦੇਸ਼ ਪ੍ਰੇਮ ਅਤੇ ਕਰਮਸ਼ੀਲਤਾ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਕਰ ਸਕਦੇ ਹਨ ਪਰ ਅਸੀਂ ਕਾਇਰ ਨਰ ਪਸ਼ੂ ਇਕ ਬਿੰਦ ਲਈ ਵੀ ਐਸ਼ ਆਰਾਮ ਛੱਡ ਕੇ ਬਹਾਦਰਾਂ ਦੀ ਮੌਤ ਉੱਤੇ ਆਹ ਭਰਨ ਦਾ ਹੌਸਲਾ ਨਹੀਂ ਕਰਦੇ। ਕਿੰਨੀ ਨਿਰਾਸ਼ਾਜਨਕ ਗੱਲ ਹੈ। ਉਹਨਾਂ ਗ਼ਰੀਬਾਂ ਦਾ ਅਪਰਾਧ ਜੋ ਨੌਕਰਸ਼ਾਹੀ ਦੀ ਨਜ਼ਰ ਵਿਚ ਸੀ, ਉਸ ਦੀ ਸਜ਼ਾ ਮਿਲ ਗਈ। ਇਸ ਭਿਆਨਕ ਦੁਖਾਂਤ ਨਾਟਕ ਦੀ ਇਕ ਹੋਰ ਝਾਕੀ ਖਤਮ ਹੋ ਗਈ। ਅਜੇ ਇਸ ਨਾਟਕ ਦਾ ਆਖਰੀ ਪਰਦਾ ਨਹੀਂ ਡਿੱਗਿਆ। ਨਾਟਕ ਅੱਗੇ ਕੁਝ ਦਿਨ ਹੋਰ ਭਿਆਨਕ ਦਿਖਾਲੇਗਾ। ਕਹਾਣੀ ਲੰਬੀ ਹੈ ਸੁਣਨ ਲਈ ਜ਼ਰਾ ਦੂਰ ਪਿੱਛੇ ਤੀਕ ਜਾਣਾ ਪਵੇਗਾ।
ਨਾਫਰਮਾਨੀ ਲਹਿਰ ਪੂਰੇ ਜੋਬਨ ਉੱਤੇ ਸੀ। ਪੰਜਾਬ ਕਿਸੇ ਨਾਲੋਂ ਪਿੱਛੇ ਨਹੀਂ ਰਿਹਾ। ਪੰਜਾਬ ਵਿਚ ਸਿੱਖ ਉੱਠੇ। ਘੂਕ ਨੀਂਦਰ ਤੋਂ ਉੱਠੇ ਅਤੇ ਉੱਠੇ ਵੀ ਪੂਰੇ ਜ਼ੋਰਾਂ ਨਾਲ। ਅਕਾਲੀ ਲਹਿਰ ਸ਼ੁਰੂ ਹੋਈ, ਸ਼ਹੀਦੀਆਂ ਦੀ ਝੜੀ ਲੱਗ ਗਈ। ਮਾਸਟਰ ਮੋਤਾ ਸਿੰਘ, ਖਾਲਸਾ ਮਿਡਲ ਸਕੂਲ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿਛਲੇ ਹੈੱਡਮਾਸਟਰ ਨੇ ਇਕ ਤਕਰੀਰ ਕੀਤੀ। ਉਹਨਾਂ ਦੇ ਵਾਰੰਟ ਨਿਕਲੇ ਪਰ ਬਾਦਸ਼ਾਹ ਦੀ ਪ੍ਰਾਹੁਣਚਾਰੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਦੀਆਂ ਤਕਰੀਰਾਂ ਫਿਰ ਵੀ ਹੁੰਦੀਆਂ ਰਹੀਆਂ। ਕੋਟ ਫਤੂਹੀ ਨਾਂ ਦੇ ਪਿੰਡ ਵਿਚ ਭਾਰੀ ਦੀਵਾਨ ਸਜਿਆ। ਪੁਲਿਸ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ। ਫਿਰ ਵੀ ਮਾਸਟਰ ਮੋਤਾ ਸਿੰਘ ਨੇ ਤਕਰੀਰ ਕੀਤੀ। ਅਖੀਰ ਪ੍ਰਧਾਨ ਦੀ ਆਗਿਆ ਨਾਲ ਸਾਰੇ ਸਰੋਤੇ ਉੱਠ ਪਏ। ਮਾਸਟਰ ਜੀ ਵੀ ਪਤਾ ਨਹੀਂ ਕਿਧਰ ਗਏ। ਬਹੁਤ ਦਿਨ ਇਸ ਤਰ੍ਹਾਂ ਹੀ ਲੁਕਣ ਮੀਟੀ ਖੇਡੀ ਜਾਂਦੀ ਰਹੀ। ਸਰਕਾਰ ਨੂੰ ਬੁਖਲਾਹਟ ਹੋਈ। ਅੰਤ ਵਿਚ ਇਕ ਹਮਜੋਲੀ ਨੇ ਧੋਖਾ ਦਿੱਤਾ ਅਤੇ ਡੇਢ ਸਾਲ ਬਾਅਦ ਇਕ ਦਿਨ ਮਾਸਟਰ ਸਾਹਿਬ ਫੜ ਲਏ ਗਏ। ਇਹ ਪਹਿਲਾ ਦ੍ਰਿਸ਼ ਸੀ ਉਸ ਭਿਆਨਕ ਨਾਟਕ ਦਾ।
ਗੁਰੂ ਕੇ ਬਾਗ਼ ਦਾ ਮੋਰਚਾ ਲੱਗਾ। ਨਿਹੱਥਿਆਂ ਉੱਤੇ ਜਦ ਭਾੜੇ ਦੇ ਟੱਟੂ ਟੁੱਟ ਪੈਂਦੇ, ਉਹਨਾਂ ਨੂੰ ਕੁੱਟ-ਕੁੱਟ ਅਧਮਰੇ ਕਰ ਦਿੰਦੇ, ਦੇਖਣ ਸੁਣਨ ਵਾਲਿਆਂ ਵਿਚੋਂ ਕੌਣ ਹੋਵੇਗਾ ਜਿਸ ਦਾ ਦਿਲ ਕੰਬ ਨਾ ਉੱਠਿਆ ਹੋਵੇ। ਚਾਰੇ ਪਾਸੇ ਗ੍ਰਿਫਤਾਰੀਆਂ ਦਾ ਦੌਰ ਸੀ। ਸਰਦਾਰ ਕਿਸ਼ਨ ਸਿੰਘ ਗੜਗੱਜ ਦੇ ਨਾਂ ਵਰੰਟ ਨਿਕਲੇ ਪਰ ਉਹ ਵੀ ਤਾਂ ਇਸੇ ਪਾਰਟੀ ਦੇ ਸਨ। ਉਨ੍ਹਾਂ ਗ੍ਰਿਫਤਾਰ ਹੋਣਾ ਨਾ ਮੰਨਿਆ। ਪੁਲਿਸ ਹੱਥ ਧੋ ਕੇ ਪਿੱਛੇ ਪੈ ਗਈ ਪਰ ਫਿਰ ਵੀ ਬਚਦੇ ਹੀ ਰਹੇ। ਉਹਨਾਂ ਦਾ ਜਥੇਬੰਦ ਕੀਤਾ ਹੋਇਆ ਆਪਣਾ ਕਰਾਂਤੀ ਦਲ ਸੀ। ਨਿਹੱਥਿਆਂ ਉੱਤੇ ਕੀਤੇ ਜਾਣ ਵਾਲੇ ਜ਼ੁਲਮ ਨੂੰ ਉਹ ਸਹਾਰ ਨਾ ਸਕੇ। ਇਸ ਕਰਾਂਤੀਪੂਰਨ ਲਹਿਰ ਦੇ ਨਾਲ-ਨਾਲ ਉਹਨਾਂ ਹਥਿਆਰਾਂ ਦੀ ਵਰਤੋਂ ਵੀ ਜ਼ਰੂਰੀ ਸਮਝੀ।
ਇਕ ਪਾਸੇ ਕੁੱਤੇ ਸ਼ਿਕਾਰੀ ਉਹਨਾਂ ਦੀ ਸੂਹ ਕੱਢਣ ਲਈ ਸੁੰਘਦੇ ਫਿਰਦੇ ਸਨ, ਦੂਜੇ ਪਾਸੇ ਫੈਸਲਾ ਹੋਇਆ ਕਿ ਝੋਲੀ ਚੁੱਕਾਂ ਦਾ ਸੁਧਾਰ ਕੀਤਾ ਜਾਵੇ। ਸਰਦਾਰ ਕਿਸ਼ਨ ਸਿੰਘ ਜੀ ਕਹਿੰਦੇ ਸਨ ਕਿ ਆਪਣੀ ਹਿਫਾਜ਼ਤ ਲਈ ਸਾਨੂੰ ਹਥਿਆਰਬੰਦ ਜ਼ਰੂਰ ਹੋਣਾ ਚਾਹੀਦਾ ਹੈ ਪਰ ਅਜੇ ਕੋਈ ਹੋਰ ਕਦਮ ਨਹੀਂ ਚੁੱਕਣਾ ਚਾਹੀਦਾ ਪਰ ਬਹੁਸੰਮਤੀ ਦੂਜੇ ਪਾਸੇ ਸੀ। ਅੰਤ ਵਿਚ ਇਹ ਫੈਸਲਾ ਹੋਇਆ ਕਿ ਤਿੰਨ ਆਦਮੀ (ਆਪਣੇ) ਨਾਵਾਂ ਦਾ ਐਲਾਨ ਕਰ ਦੇਣ ਅਤੇ ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲੈਣ ਅਤੇ ਝੋਲੀ ਚੁੱਕਾਂ ਦਾ ਸੁਧਾਰ ਆਰੰਭ ਕਰ ਦੇਣ। ਸ. ਕਰਮ ਸਿੰਘ, ਧੰਨਾ ਸਿੰਘ ਅਤੇ ਉਦੇ ਸਿੰਘ ਜੀ ਅੱਗੇ ਵਧੇ। ਇਹ ਠੀਕ ਸੀ ਜਾਂ ਗ਼ਲਤ, ਇਸ ਨੂੰ ਇਕ ਪਾਸੇ ਰੱਖ ਕੇ ਜ਼ਰਾ ਉਸ ਸਮੇਂ ਦੀ ਕਲਪਨਾ ਤਾਂ ਕਰੋ ਜਦ ਇਹਨਾਂ ਨਵੀਨ ਬਹਾਦਰਾਂ ਨੇ ਸੁਗੰਧ ਚੁੱਕੀ ਸੀ।
“ਅਸੀਂ ਦੇਸ਼ ਸੇਵਾ ਵਿਚ ਆਪਣਾ ਸਰਬੰਸ ਕੁਰਬਾਨ ਕਰ ਦੇਵਾਂਗੇ, ਅਸੀਂ ਇਹ ਪ੍ਰਤਿੱਗਿਆ ਕਰਦੇ ਹਾਂ ਕਿ ਲੜਦੇ-ਲੜਦੇ ਮਰ ਜਾਵਾਂਗੇ ਪਰ ਜੇਲ੍ਹ ਜਾਣਾ ਮਨਜ਼ੂਰ ਨਹੀਂ ਕਰਾਂਗੇ।”
ਜਿਹਨਾਂ ਨੇ ਆਪਣੇ ਪਰਿਵਾਰਾਂ ਦਾ ਮੋਹ ਤਿਆਗ ਦਿੱਤਾ ਸੀ, ਉਹ ਜਦੋਂ ਇਹੋ ਜਿਹੀ ਸਹੁੰ ਚੁੱਕ ਰਹੇ ਸਨ, ਉਸ ਸਮੇਂ ਕਿੰਨਾ ਸੋਹਣਾ ਦਿਲਚਸਪ ਪਵਿੱਤਰਤਾ ਨਾਲ ਸੰਜੋਇਆ ਹੋਇਆ ਨਜ਼ਾਰਾ ਹੋਵੇਗਾ। ਆਤਮ-ਤਿਆਗ ਦੀ ਹੱਦ ਕਿੱਥੇ ਹੈ? ਸਾਹਸ ਦੇ ਅੰਤ ਦਾ ਨਿਵਾਸ ਕਿੱਧਰ ਹੈ?
ਸ਼ਾਮ ਚੁਰਾਸੀ ਹੁਸ਼ਿਆਰਪੁਰ ਬਰਾਂਚ ਰੇਲਵੇ ਲਾਈਨ ਦੇ ਇਕ ਸਟੇਸ਼ਨ ਦੇ ਨੇੜੇ ਸਭ ਤੋਂ ਪਹਿਲਾਂ ਇਕ ਸੂਬੇਦਾਰ ‘ਤੇ ਹੱਥ ਸਾਫ ਕੀਤਾ ਗਿਆ। ਉਸ ਤੋਂ ਬਾਅਦ ਇਹਨਾਂ ਤਿੰਨਾਂ ਜਣਿਆਂ ਨੇ ਆਪਣੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ। ਸਰਕਾਰ ਨੇ ਪੂਰੀ ਤਾਕਤ ਲਾ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲੀ। ਰੁੜਕੇ ਕਲਾਂ ਨੂੰ ਸ. ਕਿਸ਼ਨ ਸਿੰਘ ਗੜਗੱਜ ਫਿਰ ਗਏ। ਉਹਨਾਂ ਦੇ ਨਾਲ ਇਕ ਨੌਜਵਾਨ ਵੀ ਸੀ ਜੋ ਉੱਥੇ ਹੀ ਜ਼ਖਮੀ ਹੋਣ ਕਾਰਨ ਫੜਿਆ ਗਿਆ ਪਰ ਕਿਸ਼ਨ ਸਿੰਘ ਉੱਥੇ ਵੀ ਆਪਣੇ ਹਥਿਆਰਾਂ ਦੀ ਸਹਾਇਤਾ ਨਾਲ ਬਚ ਨਿਕਲੇ। ਰਸਤੇ ਵਿਚ ਇਕ ਸਾਧ ਮਿਲਿਆ। ਉਹਨੇ ਇਹਨਾਂ ਨੂੰ ਦੱਸਿਆ ਕਿ ਉਸ ਕੋਲ ਇੱਕ ਇਹੋ ਜਿਹੀ ਬੂਟੀ ਹੈ ਜਿਸ ਨਾਲ ਮਨ ਚਾਹਿਆ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਝਾਂਸੇ ਵਿਚ ਆ ਕੇ ਇਕ ਦਿਨ ਇਹ ਹਥਿਆਰ ਰੱਖ ਕੇ ਸਾਧੂ ਕੋਲ ਗਏ। ਦਵਾਈ ਰਗੜਨ ਲਈ ਦੇ ਕੇ ਸਾਧੂ ਬੂਟੀ ਲੈਣ ਗਿਆ ਪੁਲਿਸ ਨੂੰ ਲੈ ਕੇ ਆਇਆ। ਸਰਦਾਰ ਸਾਹਿਬ ਫੜੇ ਗਏ। ਇਹ ਸਾਧੂ ਸੀ.ਆਈ.ਡੀ. ਦੇ ਮਹਿਕਮੇ ਦਾ ਸਬ-ਇੰਸਪੈਕਟਰ ਸੀ।
ਬੱਬਰ ਅਕਾਲੀਆਂ ਨੇ ਆਪਣਾ ਕੰਮ ਖੂਬ ਜ਼ੋਰ ਨਾਲ ਸ਼ੁਰੂ ਕਰ ਦਿੱਤਾ। ਕਿੰਨੇ ਹੀ ਸਰਕਾਰ ਦੇ ਪਿੱਠੂ ਮਾਰ ਦਿੱਤੇ ਗਏ। ਦੁਆਬਾ (ਬਿਆਸ ਤੇ ਸਤਲੁਜ ਵਿਚਕਾਰ) ਜਲੰਧਰ ਅਤੇ ਹੁਸ਼ਿਆਰਪੁਰ ਦਾ ਜ਼ਿਲ੍ਹਾ ਪਹਿਲਾਂ ਹੀ ਭਾਰਤ ਦੇ ਸਿਆਸੀ ਨਕਸ਼ੇ ਵਿਚ ਪ੍ਰਸਿੱਧ ਹੈ। 1915 ਦੇ ਸ਼ਹੀਦਾਂ ਵਿਚ ਵੀ ਜ਼ਿਆਦਾਤਰ ਇਹਨਾਂ ਹੀ ਜ਼ਿਲ੍ਹਿਆਂ ਦੇ ਲੋਕ ਸਨ। ਹੁਣ ਫਿਰ ਇਥੋਂ ਹੀ ਸਰਗਰਮੀਆਂ ਹੋਈਆਂ। ਪੁਲਿਸ ਮਹਿਕਮੇ ਨੇ ਸਾਰੀ ਤਾਕਤ ਖਰਚ ਕਰ ਦਿੱਤੀ ਪਰ ਕੁਝ ਨਾ ਬਣਿਆ। ਜਲੰਧਰ ਤੋਂ ਕੁਝ ਦੂਰ ਇਕ ਬਿਲਕੁਲ ਛੋਟੀ ਜਿਹੀ ਨਦੀ ਹੈ। ਉਹਦੇ ਕੰਢੇ ਇੱਕ ਪਿੰਡ ਵਿਚ ਸ. ਕਰਮ ਸਿੰਘ ਜੀ, ਸ. ਧੰਨਾ ਸਿੰਘ ਜੀ, ਸ. ਓਦੇ ਸਿੰਘ ਜੀ ਅਤੇ ਸ. ਅਨੂਪ ਸਿੰਘ ਇਕ-ਦੋ ਆਦਮੀਆਂ ਨਾਲ ਬੈਠੇ ਸਨ। ਬੈਠਿਆਂ-ਬੈਠਿਆਂ ਸ. ਧੰਨਾ ਸਿੰਘ ਨੇ ਕਿਹਾ- ਬਾਬਾ ਕਰਮ ਸਿੰਘ ਜੀ! ਸਾਨੂੰ ਇਥੋਂ ਇਸੇ ਵਕਤ ਤੁਰ ਪੈਣਾ ਚਾਹੀਦਾ ਹੈ, ਮੈਨੂੰ ਕਿਸੇ ਮਾੜੀ ਗੱਲ ਦੇ ਹੋਣ ਦਾ ਸੰਸਾ ਹੋ ਰਿਹਾ ਹੈ। 75 ਸਾਲ ਦੇ ਬਜ਼ੁਰਗ ਸ. ਕਰਮ ਸਿੰਘ ਜੀ ਨੇ ਜ਼ਰਾ ਵੀ ਧਿਆਨ ਨਾ ਦਿੱਤਾ ਪਰ ਸ. ਧੰਨਾ ਸਿੰਘ ਆਪਣੇ ਨਾਲ 18 ਸਾਲ ਦੇ ਸ. ਦਲੀਪ ਸਿੰਘ ਨੂੰ ਲੈ ਕੇ ਚਲੇ ਗਏ। ਬੈਠਿਆਂ-ਬੈਠਿਆਂ ਸ. ਕਰਮ ਸਿੰਘ ਜੀ ਨੇ ਸ. ਅਨੂਪ ਸਿੰਘ ਵੱਲ ਬੜੇ ਧਿਆਨ ਨਾਲ ਵੇਖਦਿਆਂ ਕਿਹਾ- ਅਨੂਪ ਸਿੰਘ ਤੂੰ ਚੰਗਾ ਆਦਮੀ ਨਹੀਂ ਪਰ ਇਸ ਦੇ ਬਾਅਦ ਉਹਨਾਂ ਆਪਣੀ ਇਸ ਗੱਲ ਵੱਲ ਧਿਆਨ ਨਾ ਦਿੱਤਾ। ਗੱਲਾਂ ਅਜੇ ਹੋ ਹੀ ਰਹੀਆਂ ਸਨ ਕਿ ਪੁਲਿਸ ਆ ਧਮਕੀ। ਸਾਰੇ ਬੰਬ ਸ. ਅਨੂਪ ਸਿੰਘ ਦੇ ਕਬਜ਼ੇ ਵਿਚ ਸਨ। ਇਹ ਪਿੰਡ ਵਿਚ ਲੁਕ ਗਏ। ਪੁਲਿਸ ਨੇ ਲੱਖ ਟੱਕਰਾਂ ਮਾਰੀਆਂ ਪਰ ਅਸਫਲ ਰਹੀ। ਅੰਤ ਵਿਚ ਪੁਲਿਸ ਵੱਲੋਂ ਐਲਾਨ ਕੀਤਾ ਗਿਆ ਕਿ ਬਾਗ਼ੀਆਂ ਨੂੰ ਬਾਹਰ ਕੱਢੋ ਨਹੀਂ ਤਾਂ ਪਿੰਡ ਨੂੰ ਅੱਗ ਲਾ ਦਿੱਤੀ ਜਾਵੇਗੀ ਪਰ ਪਿੰਡ ਵਾਲੇ ਡਟੇ ਰਹੇ।
ਹਾਲਾਤ ਨੂੰ ਵੇਖ ਕੇ ਸਾਰੇ ਆਪ ਹੀ ਬਾਹਰ ਨਿਕਲ ਗਏ। ਸਾਰੇ ਬੰਬ ਅਨੂਪ ਸਿੰਘ ਲੈ ਭੱਜਿਆ ਅਤੇ ਜਾ ਕੇ ਪੁਲਿਸ ਦੇ ਹਵਾਲੇ ਹੋ ਗਿਆ। ਬਾਕੀ ਚਾਰੇ ਜਣੇ ਉੱਥੇ ਹੀ ਘਿਰੇ ਹੋਏ ਖੜ੍ਹੇ ਸਨ। ਪੁਲਿਸ ਦੇ ਅੰਗਰੇਜ਼ ਕਪਤਾਨ ਨੇ ਕਿਹਾ- ਕਰਮ ਸਿੰਘ ਹਥਿਆਰ ਸੁੱਟ ਦਿਓ, ਤੁਹਾਨੂੰ ਮਾਫ ਕਰ ਦਿੱਤਾ ਜਾਵੇਗਾ। ਬਹਾਦਰ ਨੇ ਲਲਕਾਰ ਕੇ ਜਵਾਬ ਦਿੱਤਾ ਕਿ ਅਸੀਂ ਆਪਣੇ ਦੇਸ਼ ਲਈ ਸੁੱਚੇ ਇਨਕਲਾਬੀ ਵਾਂਗ ਲੜਦੇ-ਲੜਦੇ ਸ਼ਹੀਦ ਹੋ ਜਾਵਾਂਗੇ ਪਰ ਹਥਿਆਰ ਨਹੀਂ ਸੁੱਟ ਸਕਦੇ। ਉਹਨਾਂ ਆਪਣੇ ਤਿੰਨ ਸਾਥੀਆਂ ਨੂੰ ਲਲਕਾਰਿਆ। ਉਹ ਸ਼ੇਰ ਵਾਂਗ ਗਰਜ ਉੱਠੇ। ਲੜਾਈ ਛਿੜ ਪਈ। ਖੂਬ ਤਾੜ-ਤਾੜ ਗੋਲੀਆਂ ਚੱਲੀਆਂ। ਗੋਲੀ ਬਾਰੂਦ ਖਤਮ ਹੋਣ ‘ਤੇ ਉਹ ਛੱਪੜ ਵਿਚ ਕੁੱਦ ਪਏ। ਗੋਲੀਆਂ ਦੇ ਮੀਂਹ ਨਾਲ ਸਾਰੇ ਸੂਰਮੇ ਸ਼ਹੀਦ ਹੋ ਗਏ।
ਸ. ਕਰਮ ਸਿੰਘ ਦੀ ਉਮਰ 75 ਸਾਲ ਸੀ। ਉਹ ਕੈਨੇਡਾ ਰਹਿ ਚੁੱਕੇ ਸਨ। ਉਨ੍ਹਾਂ ਦਾ ਇਖਲਾਕ ਪਵਿੱਤਰ ਅਤੇ ਚਰਿੱਤਰ ਆਦਰਸ਼ਕ ਸੀ, ਸਰਕਾਰ ਨੇ ਸਮਝਿਆ ਕਿ ਬੱਬਰ ਅਕਾਲੀ ਖਤਮ ਹੋ ਗਏ ਪਰ ਨਿੱਤ ਉਨਤੀ ਕਰ ਰਹੇ ਸਨ। 18 ਵਰ੍ਹਿਆਂ ਦਾ ਦਲੀਪ ਸਿੰਘ ਬਹੁਤ ਸੁਨੱਖਾ, ਸਿਹਤਮੰਦ ਨੌਜਵਾਨ ਸੀ ਅਤੇ ਉਸ ਦਾ ਡਾਕੂਆਂ ਨਾਲ ਸਾਥ ਹੋ ਗਿਆ ਸੀ। ਧੰਨਾ ਸਿੰਘ ਦੀ ਸਿੱਖਿਆ ਨੇ ਉਸ ਨੂੰ ਡਾਕੂ ਤੋਂ ਸੱਚਾ ਇਨਕਲਾਬੀ ਬਣਾ ਦਿੱਤਾ। ਸਰਦਾਰ ਬੰਤਾ ਸਿੰਘ, ਵਰਿਆਮ ਸਿੰਘ ਆਦਿ ਕਈ ਪ੍ਰਸਿੱਧ ਡਾਕੂ ਡਾਕੇਜ਼ਨੀ ਛੱਡ ਕੇ ਇਹਨਾਂ ਵਿਚ ਆ ਰਲੇ।
ਇਹਨਾਂ ਸਭਨਾਂ ਵਿਚ ਮੌਤ ਦਾ ਡਰ ਨਹੀਂ ਸੀ। ਉਹ ਆਪਣੇ ਪਿਛਲੇ ਕੁਕਰਮਾਂ ਨੂੰ ਧੋ ਦੇਣਾ ਚਾਹੁੰਦੇ ਸਨ। ਇਹਨਾਂ ਦੀ ਗਿਣਤੀ ਜਲਦੀ ਵਧਦੀ ਜਾ ਰਹੀ ਸੀ, ਇਕ ਦਿਨ ‘ਮਾਨਹਾਣਾ’ ਨਾਂ ਦੇ ਪਿੰਡ ਵਿਚ ਸ. ਧੰਨਾ ਸਿੰਘ ਬੈਠੇ ਸਨ, ਪੁਲਿਸ ਆ ਗਈ। ਕਈ ਦਿਨਾਂ ਦੇ ਉਨੀਂਦੇ ਕਾਰਨ ਧੰਨਾ ਸਿੰਘ ਜੀ ਸੁੱਤੇ ਪਏ ਹੀ ਫੜ ਲਏ ਗਏ। ਹੱਥਾਂ ਵਿਚ ਹਥਕੜੀ ਲਾ ਦਿੱਤੀ ਗਈ ਅਤੇ ਉਹਨਾਂ ਨੂੰ ਬਾਹਰ ਲਿਆਂਦਾ ਗਿਆ। ਬਾਹਰ ਸਿਪਾਹੀ ਅਤੇ ਦੋ ਅੰਗਰੇਜ਼ ਅਫਸਰ ਉਹਨਾਂ ਨੂੰ ਘੇਰ ਕੇ ਖੜ੍ਹੇ ਹੋ ਗਏ। ਠੀਕ ਉਸੇ ਵਕਤ ਧਮਾਕਾ ਹੋਇਆ। ਧੰਨਾ ਸਿੰਘ ਨੇ ਬੰਬ ਚਲਾ ਦਿੱਤਾ ਸੀ, ਉਹ ਆਪ ਵੀ ਮਰੇ ਅਤੇ ਨਾਲ ਹੀ ਇਕ ਅੰਗਰੇਜ਼ ਅਫਸਰ ਅਤੇ ਦਸ ਸਿਪਾਹੀ। ਬਾਕੀ ਬੁਰੀ ਤਰ੍ਹਾਂ ਜ਼ਖਮੀ ਹੋਏ।
ਇੰਝ ਹੀ ਮੁੰਡੇਰ ਨਾਂ ਦੇ ਪਿੰਡ ਵਿਚ ਬੰਤਾ ਸਿੰਘ, ਜਵਾਲਾ ਸਿੰਘ ਆਦਿ ਕਈ ਲੋਕ ਘਿਰ ਗਏ। ਇਹ ਸਾਰੇ ਛੱਤ ਉੱਤੇ ਬੈਠੇ ਸਨ। ਗੋਲੀ ਚੱਲੀ, ਕੁਝ ਚਿਰ ਤਕ ਚੰਗੀ ਝੜਪ ਹੁੰਦੀ ਰਹੀ ਪਰ ਪੁਲਿਸ ਨੇ ਮਿੱਟੀ ਦਾ ਤੇਲ ਛਿੜਕ ਕੇ ਘਰ ਨੂੰ ਅੱਗ ਲਾ ਦਿੱਤੀ। ਫਿਰ ਵੀ ਵਰਿਆਮ ਸਿੰਘ ਬਚ ਨਿਕਲੇ ਅਤੇ ਬੰਤਾ ਸਿੰਘ ਉੱਥੇ ਹੀ ਮਾਰੇ ਗਏ।
ਜੇ ਇਸ ਤੋਂ ਪਹਿਲਾਂ ਦੀਆਂ ਇਕ-ਦੋ ਹੋਰ ਵਾਰਦਾਤਾਂ ਦਾ ਵਰਨਣ ਕਰ ਦਿੱਤਾ ਜਾਵੇ ਤਾਂ ਗ਼ੈਰ-ਜ਼ਰੂਰੀ ਨਹੀਂ ਹੋਵੇਗਾ। ਬੰਤਾ ਸਿੰਘ ਬਹੁਤ ਹੌਸਲੇ ਵਾਲੇ ਸਨ। ਇਕ ਵੇਰ ਸ਼ਾਇਦ ਜਲੰਧਰ ਛਾਉਣੀ ਵਿਚ ਜਾ ਕੇ ਰਸਾਲੇ ਵਿਚ ਪਹਿਰੇ ਉੱਤੇ ਖੜ੍ਹੇ ਸਿਪਾਹੀ ਦੀ ਘੋੜੀ ਅਤੇ ਰਫਲ ਖੋਹ ਕੇ ਲਿਆਏ ਸਨ। ਜਿਨ੍ਹਾਂ ਦਿਨਾਂ ਵਿਚ ਪੁਲਿਸ ਦੇ ਦਸਤੇ ਇਹਨਾਂ ਦੀ ਭਾਲ ਵਿਚ ਮਾਰੇ-ਮਾਰੇ ਫਿਰਦੇ ਸਨ, ਕਿਤੇ ਜੰਗਲ ਵਿਚ ਕਿਸੇ ਦਸਤੇ ਨਾਲ ਇਹਨਾਂ ਦੀ ਮੁਲਾਕਾਤ ਹੋ ਗਈ। ਸਰਦਾਰ ਬੰਤਾ ਸਿੰਘ ਨੇ ਫੌਰਨ ਚੁਣੌਤੀ ਦਿੱਤੀ “ਜੇ ਹਿੰਮਤ ਹੈ ਤਾਂ ਦੋ ਹੱਥ ਕਰ ਲਉ।” ਖੈਰ ਉੱਧਰ ਤਾਂ ਸਨ ਪੈਸੇ ਦੇ ਗ਼ੁਲਾਮ ਤੇ ਇੱਧਰ ਆਤਮ-ਤਿਆਗ ਵਾਲੇ ਇਨਸਾਨ। ਤੁਲਨਾ ਕਿਵੇਂ ਹੋ ਸਕਦੀ ਹੈ? ਸਿਪਾਹੀਆਂ ਦਾ ਦਸਤਾ ਚੁਪ-ਚਾਪ ਚਲਾ ਗਿਆ।
ਇਹਨਾਂ ਨੂੰ ਫੜਨ ਲਈ ਖਾਸ ਤੌਰ ‘ਤੇ ਪੁਲਿਸ ਤਾਇਨਾਤ ਕੀਤੀ ਗਈ ਸੀ ਪਰ ਉਹਦੀ ਸੀ ਇਹ ਹਾਲਤ। ਖੈਰ, ਗ੍ਰਿਫਤਾਰੀਆਂ ਦੀ ਭਰਮਾਰ ਸੀ। ਪਿੰਡ-ਪਿੰਡ ਪੁਲਿਸ ਤਾਜੀਰੀ ਚੌਕੀਆਂ ਬਿਠਾਈਆਂ ਜਾਣ ਲੱਗੀਆਂ। ਹੌਲੇ-ਹੌਲੇ ਬੱਬਰਾਂ ਦਾ ਜ਼ੋਰ ਘਟਣ ਲੱਗਾ। ਹੁਣ ਤਕ ਤਾਂ ਜਿਵੇਂ ਇਹਨਾਂ ਦਾ ਰਾਜ ਸੀ। ਜਿਥੇ ਜਾਂਦੇ, ਕੁਝ ਲੋਕ ਖੁਸ਼ੀ ਤੇ ਚਾਅ ਨਾਲ, ਕੁਝ ਡਰ ਅਤੇ ਸਹਿਮ ਨਾਲ ਇਹਨਾਂ ਦੀ ਆਉ ਭਗਤ ਕਰਦੇ। ਸਰਕਾਰ ਦੇ ਪਿੱਠੂ ਇਕਦਮ ਡਰੇ ਬੈਠੇ ਸਨ। ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਛਿਪਣ ਤੋਂ ਬਾਅਦ ਘਰ ਤੋਂ ਨਿਕਲਣ ਦਾ ਹੌਸਲਾ ਹੀ ਉਹਨਾਂ ਨੂੰ ਨਹੀਂ ਸੀ ਪੈਂਦਾ। ਇਹ ਉਹਨੀਂ ਦਿਨੀਂ ਹੀਰੋ ਸਮਝੇ ਜਾਂਦੇ ਸਨ। ਉਹ ਬੀਰ ਸਨ ਤੇ ਉਹਨਾਂ ਦੀ ਪੂਜਾ- ਪੀਰ ਪੂਜਾ ਸਮਝੀ ਜਾਂਦੀ ਸੀ ਪਰ ਹੌਲੀ ਹੌਲੀ ਉਹਨਾਂ ਦਾ ਜ਼ੋਰ ਖਤਮ ਹੋ ਗਿਆ। ਸੈਂਕੜੇ ਹੀ ਫੜੇ ਗਏ। ਮੁਕੱਦਮੇ ਸ਼ੁਰੂ ਹੋਏ।
ਵਰਿਆਮ ਸਿੰਘ ਇਕੱਲੇ ਬਚੇ ਹੋਏ ਸਨ। ਜਲੰਧਰ ਹੁਸ਼ਿਆਰਪੁਰ ਵਿਚ ਪੁਲਿਸ ਦਾ ਜ਼ਿਆਦਾ ਜ਼ੋਰ ਦੇਖ ਕੇ ਉਹ ਲਾਇਲਪੁਰ ਜਾ ਰਹੇ। ਉੱਥੇ ਇੱਕ ਦਿਨ ਬਿਲਕੁਲ ਘਿਰ ਗਏ ਪਰ ਚੰਗੀ ਤਰ੍ਹਾਂ ਸ਼ਾਨ ਨਾਲ ਲੜਦਿਆਂ ਬਚ ਨਿਕਲੇ ਪਰ ਬਹੁਤ ਥੱਕ ਗਏ। ਕੋਈ ਸਾਥੀ ਵੀ ਨਹੀਂ ਸੀ। ਹਾਲਤ ਬੜੀ ਅਜੀਬ ਸੀ। ਇਕ ਦਿਨ ਢੇਸੀਆਂ ਨਾਂ ਦੇ ਪਿੰਡ ਆਪਣੇ ਮਾਮੇ ਕੋਲ ਗਏ। ਹਥਿਆਰ ਬਾਹਰ ਰੱਖੇ ਹੋਏ ਸਨ। ਸ਼ਾਮ ਦੀ ਰੋਟੀ ਖਾਣ ਦੇ ਬਾਅਦ ਆਪਣੇ ਹਥਿਆਰਾਂ ਕੋਲ ਜਾ ਰਹੇ ਸਨ ਕਿ ਪੁਲਿਸ ਆ ਧਮਕੀ, ਘਿਰ ਗਏ। ਅੰਗਰੇਜ਼ ਨਾਇਕ ਨੇ ਉਹਨਾਂ ਨੂੰ ਪਿੱਛੋਂ ਦੀ ਆ ਕੇ ਫੜ ਲਿਆ। ਉਹਨਾਂ ਦੀ ਕਿਰਪਾਨ ਨੇ ਹੀ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਫਿਰ ਉਹ ਥੱਲੇ ਡਿੱਗ ਪਏ। ਹਥਕੜੀ ਲਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਗਈਆਂ ਤਾਂ ਗੋਲੀ ਨਾਲ ਮਾਰ ਦਿੱਤੇ ਗਏ। ਇਸ ਮੌਕੇ ‘ਤੇ ਇੱਕ ਅੰਗਰੇਜ਼ ਵੀ ਬੁਰੀ ਤਰ੍ਹਾਂ ਫੱਟੜ ਹੋਇਆ ਸੀ। ਇਹ ਘਟਨਾ 1924 ਦੇ ਅਖੀਰ ਦੀ ਹੈ (8 ਜੂਨ 1924)। ਦੋ ਵਰ੍ਹੇ ਦੀ ਪੂਰੀ ਸਖਤੀ ਦੇ ਬਾਅਦ ਅਕਾਲੀ ਜੱਥੇ ਦਾ ਅੰਤ ਹੋ ਗਿਆ। ਉੱਧਰ ਮੁਕੱਦਮਾ ਚੱਲਣ ਲੱਗਾ ਜਿਸ ਦਾ ਨਤੀਜਾ ਉਪਰ ਲਿਖ ਆਏ ਹਾਂ। ਉਸ ਦਿਨ ਇਨ੍ਹਾਂ ਸੂਰਬੀਰਾਂ ਨੇ ਛੇਤੀ ਫਾਂਸੀ ‘ਤੇ ਚੜ੍ਹਾਏ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਗਈ। ਉਹ ਸ਼ਾਂਤ ਹੋ ਗਏ।