ਆਮ ਆਦਮੀ ਪਾਰਟੀ ਵੱਲੋਂ 2024 ਦੀਆਂ ਚੋਣਾਂ ਇਕੱਲੇ ਲੜਨ ਦੀ ਤਿਆਰੀ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ਼ਾਰਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਹੋਰਨਾਂ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਦੀ ਥਾਂ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ‘ਤੇ ਤਿੱਖੇ ਹਮਲੇ ਕਰਦਿਆਂ ਭ੍ਰਿਸ਼ਟਾਚਾਰ ਖਿਲਾਫ ਲੜਾਈ ਦੇ ਨਾਂ ‘ਤੇ ਆਮ ਆਦਮੀ ਪਾਰਟੀ ਨੂੰ ‘ਮਧੋਲਣ‘ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਇਆ ਹੈ।

‘ਆਪ` ਸੁਪਰੀਮੋ ਨੇ ਕਿਹਾ ਕਿ ਭਾਜਪਾ ਅਗਾਮੀ ਗੁਜਰਾਤ ਚੋਣਾਂ ਵਿਚ ਹਾਰ ਤੋਂ ਖੌਫ਼ਜ਼ਦਾ ਹੈ। ਕੇਜਰੀਵਾਲ ਇਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੇ ਵੇਲੋਡੋਰਮ ਵਿਚ ‘ਆਪ` ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਪਲੇਠੇ ਕੌਮੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ‘ਆਪ` ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਦ੍ਰਿੜ੍ਹਤਾ ਨਾਲ ਲੜਨ ਦਾ ਅਹਿਦ ਲਿਆ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਭਾਰਤ ਨੂੰ ਨੰਬਰ ਇਕ ਬਣਾਉਣ ਤੇ ਭਾਜਪਾ ਦੇ ‘ਅਪਰੇਸ਼ਨ ਲੋਟਸ` ਨੂੰ ਨਾਕਾਮ ਕਰਨ ਸਬੰਧੀ ਦੋ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਪਾਰਟੀ ਨੁਮਾਇੰਦਿਆਂ ਨੇ ਪ੍ਰਵਾਨਗੀ ਦਿੱਤੀ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਦੀ ਪਾਰਟੀ ਦੇ ਮੰਤਰੀਆਂ ਤੇ ਆਗੂਆਂ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਝੂਠੇ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਭਾਜਪਾ ਨੂੰ ‘ਗੁਜਰਾਤ ਵਿਚ ‘ਆਪ` ਦੀ ਵਧਦੀ ਮਕਬੂਲੀਅਤ ਹਜ਼ਮ ਨਹੀਂ ਹੋ ਰਹੀ ਹੈ।` ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਭਾਜਪਾ ਅਗਾਮੀ ਗੁਜਰਾਤ ਅਸੈਂਬਲੀ ਚੋਣਾਂ ਤੋਂ ਪਹਿਲਾਂ ‘ਆਪ` ਦੇ ਵਧਦੇ ਆਧਾਰ ਤੋਂ ਇਸ ਕਦਰ ਪਰੇਸ਼ਾਨ ਹੈ ਕਿ ‘ਪ੍ਰਧਾਨ ਮੰਤਰੀ ਦੇ ਸਲਾਹਕਾਰ ਹਿਰੇਨ ਜੋਸ਼ੀ ਨੇ ਕਈ ਟੀਵੀ ਚੈਨਲਾਂ ਦੇ ਮਾਲਕਾਂ ਤੇ ਉਨ੍ਹਾਂ ਦੇ ਸੰਪਾਦਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ‘ਆਪ` ਪਾਰਟੀ ਨੂੰ ਗੁਜਰਾਤ ਵਿਚ ਕਵਰੇਜ ਨਾ ਦੇਣ। ਜੋਸ਼ੀ ਨੇ ਨਤੀਜੇ ਭੁਗਤਣ ਦੀ ਵੀ ਗੱਲ ਆਖੀ ਹੈ।“ ਮੁੱਖ ਮੰਤਰੀ ਨੇ ਕਿਹਾ, ‘’ਇਹ ਸਭ ਬੰਦ ਕਰ ਦਿਓ। ਜੇਕਰ ਇਨ੍ਹਾਂ ਸੰਪਾਦਕਾਂ ਨੇ ਜੋਸ਼ੀ ਦੇ ਸੁਨੇਹਿਆਂ ਵਾਲੇ ਸਕਰੀਨਸ਼ੌਟ ਸ਼ਾਂਝੇ ਕਰ ਦਿੱਤੇ ਤਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਲਾਹਕਾਰ ਦੇਸ਼ ਨੂੰ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ।“ ਉਨ੍ਹਾਂ ਕਿਹਾ, ‘’ਅਸੀਂ ਗੁਜਰਾਤ ਵਿਚ ਸਰਕਾਰ ਬਣਾਵਾਂਗੇ।“ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ `ਤੇ ਸੀ.ਬੀ.ਆਈ/ਈ.ਡੀ. ਦੀ ਦੁਰਵਰਤੋਂ ਦੇ ਦੋਸ਼ ਵੀ ਲਾਏ।
ਰਾਘਵ ਚੱਢਾ ਗੁਜਰਾਤ ਵਿਚ ਸਹਿ-ਇੰਚਾਰਜ ਨਿਯੁਕਤ
ਅਹਿਮਦਾਬਾਦ: ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸੂਬਾਈ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ‘ਆਪ` ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਗੁਜਰਾਤ ਦਾ ਇੰਚਾਰਜ ਲਾਇਆ ਸੀ।