ਦੋ ਸਾਲਾਂ ਦੀ ਥਾਂ ਦਲੇਰ ਮਹਿੰਦੀ ਦੋ ਮਹੀਨਿਆਂ ਪਿੱਛੋਂ ਹੀ ਜੇਲ੍ਹ ਵਿਚੋਂ ਰਿਹਾਅ

ਪਟਿਆਲਾ: ਵਿਦੇਸ਼ ਭੇਜਣ ਦੇ ਮਾਮਲੇ ‘ਚ ਧੋਖਾਧੜੀ ਦੇ ਦੋਸ਼ਾਂ ਤਹਿਤ ਹੋਈ ਦੋ ਸਾਲਾਂ ਦੀ ਸਜਾ ਅਧੀਨ ਦੋ ਮਹੀਨਿਆਂ ਤੋਂ ਪਟਿਆਲਾ ਜੇਲ੍ਹ ‘ਚ ਬੰਦ ਗਾਇਕ ਦਲੇਰ ਮਹਿੰਦੀ ਹਾਈ ਕੋਰਟ ਤੋਂ ਰਾਹਤ ਮਿਲਣ ਮਗਰੋਂ ਜੇਲ੍ਹ ਤੋਂ ਬਾਹਰ ਆ ਗਏ। ਉਨ੍ਹਾਂ ਵੱਲੋਂ ਪਾਈ ਗਈ ਅਪੀਲ ‘ਤੇ ਰਾਹਤ ਤਾਂ 15 ਸਤੰਬਰ ਨੂੰ ਹੀ ਮਿਲ ਗਈ ਸੀ ਪਰ ਰਿਹਾਈ 16 ਸਤੰਬਰ ਨੂੰ ਸ਼ਾਮ ਪੰਜ ਵਜੇ ਹੀ ਸੰਭਵ ਹੋ ਸਕੀ ਕਿਉਂਕਿ ਪਹਿਲਾਂ ਦਸਤਾਵੇਜ਼ ਨਹੀਂ ਪੁੱਜੇ ਸਨ।

ਜ਼ਿਕਰਯੋਗ ਹੈ ਕਿ ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ 19 ਸਤੰਬਰ 2003 ਨੂੰ ਥਾਣਾ ਸਦਰ ਪਟਿਆਲਾ ਵਿਚ ਕੇਸ ਦਰਜ ਕੀਤਾ ਗਿਆ ਸੀ। ਮਹਿੰਦੀ ਉਤੇ ਦੋਸ਼ ਲੱਗੇ ਸਨ ਕਿ ਉਨ੍ਹਾਂ 13 ਲੱਖ ‘ਚ ਕਲਾਕਾਰ ਮੰਡਲੀ ਦੇ ਮੈਂਬਰ ਵਜੋਂ ਵਿਅਕਤੀ ਨੂੰ ਕੈਨੇਡਾ ਲਿਜਾਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਕੀਤਾ ਗਿਆ, ਤੇ ਨਾ ਹੀ ਪੈਸੇ ਮੋੜੇ ਗਏ।
ਇਸ ਕੇਸ ਦੌਰਾਨ ਦਲੇਰ ਦੇ ਭਰਾ ਸ਼ਮਸ਼ੇਰ ਮਹਿੰਦੀ ਨੂੰ ਵੀ ਕਈ ਮਹੀਨੇ ਜੇਲ੍ਹ ‘ਚ ਰਹਿਣਾ ਪਿਆ। ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸ਼ਮਸ਼ੇਰ ਮਹਿੰਦੀ ਤੇ ਇਕ ਹੋਰ ਮੁਲਜ਼ਮ ਦੀ ਮੌਤ ਹੋ ਗਈ ਸੀ। ਮਗਰੋਂ 2004 ‘ਚ ਚਲਾਨ ਪੇਸ਼ ਕਰਦਿਆਂ ਪੁਲਿਸ ਨੇ ਦਲੇਰ ਮਹਿੰਦੀ ਨੂੰ ‘ਬੇਕਸੂਰ‘ ਵੀ ਗਰਦਾਨਿਆ। ਇਸ ਕਰਕੇ ਕਈ ਸਾਲਾਂ ਤੱਕ ਉਹ ਟਰਾਇਲ ‘ਚ ਵੀ ਸ਼ਾਮਲ ਨਾ ਹੋਏ। ਪਰ ਮੁੱਦਈ ਧਿਰ ਦੇ ਵਕੀਲ ਦੀ ਅਰਜ਼ੀ ‘ਤੇ ਅਦਾਲਤ ਨੇ ਦਲੇਰ ਮਹਿੰਦੀ ਨੂੰ ਟਰਾਇਲ ਦਾ ਸਾਹਮਣਾ ਕਰਨ ਦੀ ਤਾਕੀਦ ਕੀਤੀ। ਇਸ ਦੌਰਾਨ 2018 ‘ਚ ਦਲੇਰ ਨੂੰ ਦੋ ਸਾਲ ਦੀ ਸਜਾ ਹੋ ਗਈ। ਪਰ ਫੈਸਲੇ ਨੂੰ ਚੁਣੌਤੀ ਦੇਣ ਕਰ ਕੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।
ਹਾਲਾਂਕਿ ਜੁਲਾਈ 2022 ਨੂੰ ਇਥੋਂ ਦੀ ਹੀ ਇਕ ਉਪਰਲੀ ਅਦਾਲਤ ਵੱਲੋਂ ਦੋ ਸਾਲ ਦੀ ਸਜਾ ਵਾਲਾ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖੇ ਜਾਣ ਕਰਕੇ 14 ਜੁਲਾਈ ਨੂੰ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਹਾਈ ਕੋਰਟ ਦਾ ਰੁਖ ਕੀਤਾ।