‘ਆਪ` ਦੇ ਛੇ ਮਹੀਨਿਆਂ ਦੇ ਲੇਖੇ ਜੋਖੇ `ਤੇ ਸਵਾਲ ਚੁੱਕਣ ਵਾਲਿਆਂ ਨੂੰ ਵੰਗਾਰਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਆਪਣੇ 6 ਮਹੀਨਿਆਂ ਦੇ ਲੇਖੇ ਜੋਖੇ ਵਿਚ ਗਿਣਾਈਆਂ ਪ੍ਰਾਪਤੀਆਂ ਉਪਰ ਵਿਰੋਧੀ ਧਿਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ ਗਿਆ ਸੀ। ਹਾਲਾਂਕਿ ਆਮ ਆਦਮੀ ਪਾਰਟੀ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆਂ ਇਨ੍ਹਾਂ ਦੋਵਾਂ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ-ਆਪਣੀ ਸਰਕਾਰ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਸਾਡੇ ਕਾਰਜਕਾਲ ਤੋਂ ਅੱਧੇ ਕੰਮ ਵੀ ਕੀਤੇ ਹੋਏ ਸਾਬਤ ਕਰਕੇ ਦਿਖਾਉਣ ਤਾਂ ਉਹ ਜਨਤਕ ਤੌਰ ਉਤੇ ਮੁਆਫੀ ਮੰਗ ਲੈਣਗੇ।

‘ਆਪ` ਸਰਕਾਰ ਦੇ ਪੰਜਾਬ ਵਿਚ ਛੇ ਮਹੀਨੇ ਪੂਰੇ ਹੋਣ `ਤੇ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਪਾਰਟੀ ਵੱਲੋਂ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਜਨਤਕ ਕੀਤਾ ਹੈ। ਸ੍ਰੀ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਛੇ ਮਹੀਨਿਆਂ ਵਿਚ ਉਹ ਕੰਮ ਕਰ ਦਿਖਾਏ ਹਨ, ਜੋ ਪਿਛਲੀਆਂ ਸਰਕਾਰਾਂ ਪੰਜ ਸਾਲਾਂ ਵਿਚ ਵੀ ਨਹੀਂ ਕਰਦੀਆਂ ਸਨ। ਸ੍ਰੀ ਕੰਗ ਨੇ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੀਆਂ ਸਰਕਾਰਾਂ ਵੇਲੇ ਦੇ ਪਹਿਲੇ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਜਨਤਕ ਕਰਕੇ ਦਿਖਾਉਣ। ਪਾਰਟੀ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ ਛੇ ਮਹੀਨਿਆਂ ਵਿਚ 20 ਹਜ਼ਾਰ ਨੌਕਰੀਆਂ ਦਿੱਤੀਆਂ ਹਨ ਤੇ ਨੌਂ ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ। ਖੇਤੀ ਖੇਤਰ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ। ਲੋਕਾਂ ਨੂੰ 600 ਯੂਨਿਟ ਮੁਫਤ ਬਿਜਲੀ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਕੰਗ ਨੇ ਕਿਹਾ ਕਿ ਸਰਕਾਰ ਨੇ ਬਲਬੀਰ ਸਿੰਘ ਸੀਨੀਅਰ ਦੇ ਨਾਂ `ਤੇ ਸਪੋਰਟਸ ਸਕਾਲਰਸ਼ਿਪ ਸ਼ੁਰੂ ਕੀਤੀ ਹੈ ਤੇ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ ਦੇ ਸਿਤਾਰਿਆਂ ਨੂੰ ਵੀ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਸਾਬਕਾ ਮੰਤਰੀਆਂ ਤੇ ਸੀਨੀਅਰ ਅਫਸਰਾਂ `ਤੇ ਸ਼ਿਕੰਜੇ ਕੱਸੇ ਗਏ ਹਨ। ਸਿਹਤ ਦੇ ਮਿਆਰ ਨੂੰ ਉਚਾ ਚੁੱਕਣ ਲਈ ਵੀ 100 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ। ‘ਆਪ` ਆਗੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਅਤੇ ਸੰਗਠਿਤ ਅਪਰਾਧ ਨਾਲ ਜੁੜੇ 300 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਪੰਜਾਬ ਵਿਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ 4000 ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਨੇ ਜਿਹੜੀਆਂ ਪ੍ਰਾਪਤੀਆਂ ਦੇ 6 ਮਹੀਨਿਆਂ ਵਿਚ ਦਾਅਵੇ ਕਰਕੇ ਗਿਣਾਈਆਂ ਹਨ, ਉਹ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਛੇ ਮਹੀਨਿਆਂ ਦਾ ਮਾੜਾ ਪ੍ਰਸ਼ਾਸਨ, ਖੋਖਲੇ ਵਾਅਦੇ ਅਤੇ ਜ਼ੀਰੋ ਵਿਕਾਸ, ਭ੍ਰਿਸ਼ਟਾਚਾਰ ਆਪਣੇ ਸਿਖ਼ਰਾਂ ਨੂੰ ਛੂਹ ਰਿਹਾ ਹੈ, ਸੱਤਾ ਵਿਰੋਧੀ ਆਵਾਜ਼ਾਂ ਸੱਜੇ-ਖੱਬੇ ਗੂੰਜ ਰਹੀਆਂ ਹਨ। ਆਮ ਆਦਮੀ ਪਾਰਟੀ ਹਰ ਮੋਰਚੇ ਉਤੇ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਟਵਿੱਟਰ ਹੈਂਡਲ ਦਿੱਲੀ ਤੋਂ ਚੱਲ ਰਿਹਾ ਹੈ, ਜਿਨ੍ਹਾਂ ਨੂੰ ਪੰਜਾਬੀ ਤੱਕ ਲਿਖਣੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ 6 ਮਹੀਨਿਆਂ ਵਿਚ ਕੁਝ ਨਾ ਕਰ ਸਕੀ ਤਾਂ ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਦਾ ਮਾਮਲਾ ਬਣਾ ਲਿਆ ਪਰ ਜੇਕਰ ਕੋਈ ਸੱਚਾਈ ਸੀ ਤਾਂ ਭਾਜਪਾ ਆਗੂਆਂ ਦੇ ਨਾਮ ਕਿਉਂ ਨਾ ਜਨਤਕ ਕੀਤੇ। ਉੱਧਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਬਿਆਨਾਂ ਵਿਚ ਕੀਤੇ ਦਾਅਵਿਆਂ ਦੇ ਉਲਟ ਜ਼ਮੀਨੀ ਪੱਧਰ ਉਤੇ ਇਕ ਵੀ ਪ੍ਰਾਪਤੀ ਸਾਬਤ ਕਰਨ ਲਈ ਕਿਹਾ ਹੈ।
ਕੇਜਰੀਵਾਲ ਨੇ ਲੋਕਾਂ ਨੂੰ ਮੂਰਖ ਬਣਾ ਸੱਤਾ ਹਥਿਆਈ: ਭਾਜਪਾ
ਚੰਡੀਗੜ੍ਹ: ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਛੇ ਮਹੀਨਿਆਂ ਦੀ ਕਾਰਗੁਜ਼ਾਰੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਮਹੀਨਿਆਂ ਦੌਰਾਨ ਲੋਕਾਂ ਨੂੰ ਦਿਖਾਏ ਗਏ ਸੁਨਹਿਰੀ ਸੁਪਨੇ ਚਕਨਾਚੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾ ਕੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ‘ ਸਰਕਾਰ ਦੇ ਵਾਅਦੇ ਸਿਰਫ ਐਲਾਨਾਂ ਤੱਕ ਸੀਮਤ ਰਹਿ ਗਏ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਉਦਯੋਗ ਬੰਦ ਹੋ ਰਹੇ ਹਨ ਤੇ ਸਨਅਤਕਾਰ ਦੂਜੇ ਰਾਜਾਂ ਦਾ ਰੁਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਛੇ ਮਹੀਨਿਆਂ ਵਿਚ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ।
ਕਿਸਾਨਾਂ ਦੀ ਆਰਥਿਕਤਾ ਨੂੰ ਲੀਹ `ਤੇ ਲਿਆਵਾਂਗੇ: ਚੀਮਾ
ਪਟਿਆਲਾ: ਪੀ.ਏ.ਯੂ. ਵੱਲੋਂ ਰੌਣੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਕਰਵਾਏ ਗਏ ਕਿਸਾਨ ਮੇਲੇ ਦਾ ਉਦਘਾਟਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਤੇ ਪੰਜਾਬੀ ਇਸ ਮਿੱਟੀ ਵਿਚੋਂ ਸੋਨਾ ਉਗਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਤੀ ਦੇ ਧੰਦੇ ਵਿਚ ਆਏ ਨਿਘਾਰ ਕਾਰਨ ਕਿਸਾਨਾਂ ਦੀ ਵਿਗੜੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਸੰਜੀਦਗੀ ਨਾਲ ਯਤਨ ਕਰ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਦੇ ਰੁਝਾਨ ਨੂੰ ਪੂਰਨ ਰੂਪ ‘ਚ ਠੱਲ੍ਹ ਪਾਉਣ ਦੇ ਯਤਨ ਕੀਤੇ ਜਾਣਗੇ।