ਦਿਦਾਰ ਸਿੰਘ ਬੈਂਸ ਦੇ ਅੰਤਮ ਦਰਸ਼ਨਾਂ ਲਈ ਲੋਕ ਵੱਡੀ ਗਿਣਤੀ `ਚ ਪੁੱਜੇ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਦੁਨੀਆ ਭਰ ਵਿਚ ਸਿੱਖ ਆਗੂ ਅਤੇ ਦਾਨੀ ਵਜੋਂ ਸਥਾਪਿਤ ਸਰਦਾਰ ਦਿਦਾਰ ਸਿੰਘ ਬੈਂਸ (84) ਦਾ ਅੰਤਮ ਸੰਸਕਾਰ ਯੂਬਾ ਸਿਟੀ ਵਿਚ ਕਰ ਦਿੱਤਾ ਗਿਆ। ਇਸ ਮੌਕੇ ਉਨਾਂ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਪਤਨੀ ਸੰਤੀ ਬੈਂਸ, ਪੁੱਤਰ ਅਜੀਤ ਸਿੰਘ ਬੈਂਸ ਤੇ ਪੁੱਤਰ ਕਰਮਦੀਪ ਸਿੰਘ ਬੈਂਸ, ਧੀ ਦਲਜੀਤ ਕੌਰ ਅਤੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਸਮੇਤ ਵੱਡੇ ਪਰਿਵਾਰ ਵੱਲੋਂ ਸਰਦਾਰ ਦਿਦਾਰ ਸਿੰਘ ਬੈਂਸ ਨਾਲ ਆਪੋ-ਆਪਣੇ ਤਜਰਬੇ ਤੇ ਵਿਹਾਰ ਸਾਂਝੇ ਕੀਤੇ ਗਏ।

ਰਿਵਰ ਵੈਲੀ ਹਾਈ ਸਕੂਲ ਦੇ ਇੰਨਡੋਰ ਸਟੇਡੀਅਮ ਵਿਚ ਪ੍ਰਭਾਵਸ਼ਾਲੀ ਸਮਾਗਮ ਵਿਚ ਵੱਖ-ਵੱਖ ਸ਼ਖਸੀਅਤ ਸ਼ਾਮਿਲ ਹੋਈਆਂ। ਇਨ੍ਹਾਂ ਵਿਚ ਕੈਲੀਫੋਰਨੀਆ ਦੇ ਸਾਬਕਾ ਗਵਰਨਰ ਜੈਰੀ ਬਰਾਊਨ, ਕਾਂਗਰਸਮੈਨ, ਕਾਊਂਟੀ ਸੁਪਰਵਾਈਜ਼ਰ, ਯੂਬਾ ਤੇ ਯੋਲੋ ਕਾਊਂਟੀ ਦੇ ਉਚ ਅਧਿਕਾਰੀ, ਮੇਅਰ ਯੂਬਾ ਸਿਟੀ, ਮੇਅਰ ਲੈਥਰੋਪ ਸੁਖਮਿੰਦਰ ਧਾਲੀਵਾਲ ਤੋਂ ਇਲਾਵਾ ਸਿੱਖ ਭਾਈਚਾਰੇ ਵਿਚੋਂ ਸ੍ਰੀ ਤਖਤ ਕੇਸਗ੍ਹੜ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ, ਦਿਲਬਾਗ ਸਿੰਘ ਬੈਂਸ, ਜਸਵੰਤ ਸਿੰਘ ਬੈਂਸ, ਅਕਾਲੀ ਆਗੂ ਦਰਸ਼ਨ ਸਿੰਘ ਧਾਲੀਵਾਲ, ਬਾਬਾ ਬਲਬੀਰ ਸਿੰਘ ਬੁੱਢਾ ਦਲ, ਜੰਗ ਸਿੰਘ, ਗਿਆਨ ਸਿੰਘ ਸੰਧੂ ਕੈਨੇਡਾ, ਹਰਭਜਨ ਸਿੰਘ ਯੋਗੀ ਦੇ ਪੁੱਤਰ ਭਾਈ ਰਣਵੀਰ ਸਿੰਘ ਤੇ ਭਾਈ ਕੁਲਬੀਰ ਸਿੰਘ, ਬਲਦੇਵ ਸਿੰਘ ਸੱਲਾ ਈਸਟ ਕੋਸਟ, ਰਣਜੀਤ ਸਿੰਘ ਟੁੱਟ, ਜਥੇਦਾਰ ਤਾਰਾ ਸਿੰਘ, ਜਸਵਿੰਦਰ ਸਿੰਘ ਜੱਸੀ, ਨਿੱਝਰ ਬ੍ਰਦਰਜ਼, ਬਲਜੀਤ ਸਿੰਘ ਮਾਨ, ਸੁਰਿੰਦਰ ਸਿੰਘ ਅਟਵਾਲ, ਸੁਰਜੀਤ ਟੁੱਟ, ਦਲਵੀਰ ਸਿੰਘ ਸੰਘੇੜਾ, ਸੁਖਵੰਤ ਸਿੰਘ ਖੈਰਾ, ਜਤਿੰਦਰ ਭੰਗੂ, ਪੌਲ ਰਾਮ, ਸਰਬਜੀਤ ਥਿਆੜਾ, ਰੌਣਕ ਸਿੰਘ ਐਲ.ਏ., ਸੁਖਵਿੰਦਰ ਅਬਲੋਵਾਲ, ਮੱਖਣ ਸਿੰਘ ਮੱਲਾ ਬੇਦੀਆਂ ਆਦਿ ਨੇ ਹਾਜ਼ਰੀ ਭਰੀ।
ਇਸ ਤੋਂ ਬਾਅਦ ਗੁਰਦੁਆਰਾ ਟਾਇਰਾ ਬਿਉਨਾ ਜਿਸ ਦੇ ਸਰਦਾਰ ਬੈਂਸ ਬਾਨੀ ਸਨ, ਵਿਚ ਅੰਤਮ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਤਖਤ ਕੇਸਗ੍ਹੜ ਸਾਹਿਬ ਦੇ ਜਥੇਦਾਰ ਭਾਈ ਰਘਵੀਰ ਸਿੰਘ ਨੇ ਬੈਂਸ ਪਰਿਵਾਰ ਨੂੰ ਸਿਰੋਪਾਓ ਅਤੇ ਗੁਰਦੁਆਰਾ ਕਮੇਟੀ ਨੇ ਉਨ੍ਹਾਂ ਦੇ ਨਾਂ ਦੀ ਪਲੈਕ ਭੇਂਟ ਕੀਤੀ ਗਈ। ਜਥੇਦਾਰ ਭਾਈ ਰਘਵੀਰ ਸਿੰਘ ਜੀ ਨੇ ਕਿਹਾ ਕਿ ਸਰਦਾਰ ਦਿਦਾਰ ਸਿੰਘ ਬੈਂਸ ਨੇ ਬੜੀ ਸਾਦਗੀ ਵਾਲਾ ਜੀਵਨ ਜੀਵਿਆ ਤੇ ਉਹ ਮਹਾਨ ਦਾਨੀ ਸਨ ਜਿਨਾਂ ਨੇ ਸਿੱਖ ਕੌਮ ਲਈ ਕਿਰਤ ਕਰਦਿਆਂ ਸਾਰਾ ਜੀਵਨ ਲਾ ਦਿੱਤਾ। ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਕਥਾ ਕੀਤੀ ਤੇ ਸਰਦਾਰ ਬੈਂਸ ਦੇ ਨਾਂ ‘ਤੇ ਕੋਈ ਖਾਸ ਯਾਦਗਾਰ ਬਣਾਉਣ ਦੀ ਪ੍ਰਬੰਧਕਾਂ ਨੂੰ ਬੇਨਤੀ ਕੀਤੀ। ਜਥੇਦਾਰ ਭਾਈ ਰਘਵੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਭੇਜੇ ਸੋਗ ਸੰਦੇਸ਼ ਪੜ੍ਹੇ।
ਵਰਨਣਯੋਗ ਹੈ ਕਿ ਸਰਦਾਰ ਦਿਦਾਰ ਸਿੰਘ ਬੈਂਸ ਦਾ ਪਿੰਡ ਨੰਗਲ ਖੁਰਦ (ਨੇੜੇ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ) ਹੈ।
ਇਹ ਸਰਦਾਰ ਦਿਦਾਰ ਸਿੰਘ ਬੈਂਸ ਹੀ ਸਨ ਜਿਨ੍ਹਾਂ ਯੂਬਾ ਸਿਟੀ ਸਥਿਤ ਗੁਰਦੁਆਰਾ ਟਾਇਰਾ ਬਿਓਨਾ ਤੋਂ ਵਿਦੇਸ਼ਾਂ ਵਿਚ ਸਭ ਤੋਂ ਪਹਿਲਾਂ ਨਗਰ ਕੀਰਤਨ ਕੱਢਣ ਦੀ ਰੀਤ ਤੋਰੀ ਸੀ। ਸ੍ਰੀ ਅਕਾਲ ਤਖਤ ਸਾਹਿਬ ਨੇ ਉਨਾਂ ਨੂੰ ਪੰਥ ਰਤਨ ਅਤੇ ਭਾਈ ਸਾਹਿਬ ਦਾ ਖਿਤਾਬ ਦਿੱਤਾ ਸੀ। ਇਸੇ ਤਰ੍ਹਾਂ ਨਾਨਕਸਰ ਸੰਪਰਦਾ ਨੇ ਉਨ੍ਹਾਂ ਨੂੰ ਰਾਜ ਯੋਗੀ ਦਾ ਖਿਤਾਬ ਦਿੱਤਾ ਸੀ। ਸੰਤ ਲਾਭ ਸਿੰਘ ਵੱਲੋਂ ਆਰੰਭੀ ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹਾਂ ਦੌਰਾਨ ਉਨ੍ਹਾਂ ਵੱਖ-ਵੱਖ ਸਮੇਂ ਸੈਂਕੜੇ ਕੁੜੀਆਂ ਦੇ ਵਿਆਹ ਕੀਤੇ। ਉਨ੍ਹਾਂ ਯੂਬਾ ਸਿਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 14 ਏਕੜ ਜ਼ਮੀਨ ਸਿੱਖ ਪ੍ਰਚਾਰ ਲਈ ਦਾਨ ਦਿੱਤੀ। ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਉਨ੍ਹਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਅਤੇੇ ਵੱਖ-ਵੱਖ ਗੁਰਦੁਆਰਿਆਂ ਲਈ ਲੱਖਾਂ ਡਾਲਰ ਦਾਨ ਕੀਤੇ। ਇੱਕ ਸਮੇਂ ਉਹ ਪ੍ਰੈਜੀਡੈਂਸ਼ੀਅਲ ਰਾਊਂਡ ਟੇਬਲ ਦੇ ਮੈਂਬਰ ਰਹੇ।