‘ਛੱਲੇ’ ਦੇ ਮੁੜ ਕੇ ਆਉਣ ਦੀਆਂ ਸੰਭਾਵਨਾਵਾਂ ਤਲਾਸ਼ਦਾ ਨਾਟਕ- ਛੱਲਾ

ਨਿਰੰਜਣ ਬੋਹਾ
ਡਾ. ਕੁਲਦੀਪ ਸਿੰਘ ਦੀਪ
ਸਾਹਿਤਕ ਖੇਤਰ ਵਿਚ ਡਾ. ਕੁਲਦੀਪ ਸਿੰਘ ਦਾ ਸ਼ੁਮਾਰ ਕਿਸਾਨੀ ਸੰਕਟ ਦੀ ਬਹੁ-ਪਰਤੀ ਪੇਸ਼ਕਾਰੀ ਕਰਨ ਵਾਲੇ ਸਿਰਮੋਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਲੋਕ ਨਾਟਕ ਪਰੰਪਰਾ ਨੂੰ ਅੱਗੇ ਤੋਰਨ ਵਾਲੇ ਨਾਟਕਕਾਰਾਂ ਵਿਚ ਕੀਤਾ ਜਾਂਦਾ ਹੈ। ਇਸ ਖੇਤਰ ਵਿਚ ਸਮਰਪਿਤ ਭਾਵ ਨਾਲ ਦਿਨ- ਰਾਤ ਕੰਮ ਕਰਨ ਦਾ ਗੁਰ ਉਸ ਆਪਣੇ ਡਾਕਟਰੇਟ ਦੀ ਡਿਗਰੀ ਦੇ ਗਾਈਡ ਗੁਰੂ ਡਾ. ਸਤੀਸ਼ ਕੁਮਾਰ ਵਰਮਾ ਪਾਸੋਂ ਹਾਸਲ ਕੀਤਾ ਹੈ। ਸੰਨ 2005 ਤੋਂ ਲੈ ਕੇ 2022 ਤਕ ਦੇ 17 ਕੁ ਸਾਲ ਦੇ ਛੋਟੇ ਜਿਹੇ ਵਕਫੇ ਦੌਰਾਨ ਜਿੱਥੇ ਉਸ ਸਾਹਿਤ ਦੇ ਖੇਤਰ `ਚ 30 ਮੌਲਿਕ ਤੇ ਸੰਪਾਦਿਤ ਪੁਸਤਕਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ ਹੈ,

ਉੱਥੇ ਹੀ ਸੈਂਕੜਿਆਂ ਦੀ ਤਦਾਦ ਵਿਚ ਸਾਹਿਤਕ ਤੇ ਰੰਗਮੰਚੀ ਸਟੇਜਾਂ `ਤੇ ਆਪਣੀ ਚਿਰ ਸਥਾਈ ਪ੍ਰਭਾਵ ਵਾਲੀ ਹਾਜ਼ਰੀ ਵੀ ਲੁਆਈ ਹੈ। ਉਸ ਦੀ ਨਵੀਂ ਨਾਟਕ ਪੁਸਤਕ ‘ਛੱਲਾ’ ਆਧੁਨਿਕ ਸਮੇਂ ਦੀ ਪ੍ਰਸੰਗਿਕਤਾ ਅਨੁਸਾਰ ਜੱਲੇ ਮਲਾਹ ਤੇ ਉਸ ਦੇ ਪੁੱਤਰ ਛੱਲੇ ਨਾਲ ਸਬੰਧਤ ਪੰਜਾਬ ਦੀ ਇਕ ਲੋਕ ਕਥਾ ਦੀ ਪੁਨਰ ਵਿਆਖਿਆ ਕਰਦਿਆਂ ਇਸ ਸਿੱਟੇ ਨੂੰ ਵਿਸ਼ੇਸ਼ ਤੌਰ `ਤੇ ਉਭਾਰਦੀ ਹੈ ਕਿ ਆਪਣੇ ਮਾਪਿਆਂ ਦੇ ਸਿਰ ਉਤਲੇ ਭਾਰ ਵੰਡਾਉਣ ਦੀ ਜਿੰ਼ਮੇਵਾਰੀ ਨੂੰ ਨਿਭਾਉਣ ਲਈ ਉਨ੍ਹਾਂ ਤੋਂ ਦੂਰ ਗਏ ਲੱਖਾਂ ਕਰੋੜਾਂ ਛੱਲੇ (ਨੌਜਵਾਨ) ਅੱਜ ਵੀ ਲੋਕ ਕਥਾ ਦੇ ਇਸ ਪਾਤਰ ਵਾਂਗ ਜਾਨਲੇਵਾ ਖਤਰਿਆਂ ਨਾਲ ਖੇਡਦਿਆਂ ਘਰ ਵਾਪਸੀ ਨੂੰ ਤਰਸ ਰਹੇ ਹਨ। ਸਗੋਂ ਹੁਣ ਤਾਂ ਇਨ੍ਹਾਂ ਛੱਲਿਆਂ ਦੀਆਂ ਮੁਸ਼ਕਲਾਂ ਲੋਕ ਕਥਾ ਦੇ ਛੱਲੇ ਨਾਲੋਂ ਵੀ ਕਈ ਗੁਣਾ ਵਧ ਗਈਆਂ ਹਨ। ਕਾਰਪੋਰੇਟੀ ਘਰਾਣਿਆਂ ਦੀ ਪੁਸ਼ਤ-ਪਨਾਹੀ ਕਰਨ ਵਾਲਾ ਦੇਸ਼ ਦਾ ਨਿਜ਼ਾਮ ਉਨ੍ਹਾਂ ਨੂੰ ਆਪਣੇ ਘਰ ਪਰਿਵਾਰ ਛੱਡ ਕੇ ਵਿਦੇਸ਼ ਜਾਣ ਲਈ ਮਜਬੂਰ ਕਰਦਾ ਹੈ ਤਾਂ ਕਈ ਵਾਰ ਉੱਥੋਂ ਗਿਆਂ ਦੀਆਂ ਹੱਡੀਆਂ ਵੀ ਮਾਪਿਆਂ ਤਕ ਨਹੀਂ ਪਹੁੰਚਦੀਆਂ।
ਨਾਟਕਕਾਰ ਜੱਲੇ ਤੇ ਛੱਲੇ ਦੀ ਲੋਕ ਕਥਾ ਵਿਚਲੀ ਛੱਲੇ ਦੇ ‘ਮੁੜ ਕੇ ਨਾ ਆਉਣ’ ਦੀ ਧਾਰਨਾ ਦਾ ਰੂਪਾਂਤਰਣ ਉਸ ਦੇ ‘ਮੁੜ ਕੇ ਆਉਣ ਦੀ’ ਸੁਖਾਵੀਂ ਸਥਿਤੀ ਵਿਚ ਕਰਨ ਦੀ ਇੱਛਾ ਤਾਂ ਰੱਖਦਾ ਹੈ ਪਰ ਉਸਦਾ ਯਥਾਰਥਵਾਦੀ ਨਜ਼ਰੀਆ ਇਸ ਵਾਪਸੀ ਦੇ ਰਾਹ ਦੀਆਂ ਰੁਕਾਵਟਾਂ ਬਣੀਆਂ ਸਮਕਾਲੀ ਆਰਥਿਕ ਤੇ ਸਮਾਜਿਕ ਸਥਿਤੀਆਂ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦਾ। ਜਦੋਂ ਨਾਟਕਕਾਰ ਦੇ ਜ਼ਿਹਨ ਵਿਚ ਸੰਨ 2014 ਦੌਰਾਨ ਇਰਾਕ ਵਿਚਲੀ ਇਸਲਾਮਿਕ ਸਟੇਟ ਮੂਲਵਾਦੀ ਜਥੇਬੰਦੀ ਵੱਲੋਂ 39 ਭਾਰਤੀ ਛੱਲਿਆਂ ਨੂੰ ਅਗਵਾ ਕਰ ਕੇ ਗੋਲੀਆਂ ਮਾਰਨ ਦੀ ਇਤਿਹਾਸਕ ਘਟਨਾ ਉਸਲਵੱਟੇ ਲੈ ਰਹੀ ਹੋਵੇ ਤਾਂ ਇਹ ਕਾਰਜ ਉਸ ਲਈ ਹੋਰ ਵੀ ਔਖਾ ਹੋ ਜਾਂਦਾ ਹੈ। ਯਥਾਰਥ ਦੀ ਕਰੂਰਤਾ ਉਸ ਨੂੰ ਇਹ ਇਜਾਜ਼ਤ ਨਹੀਂ ਦਿੰਦੀ ਕਿ ਕਿਸੇ ਛੱਲੇ ਨੂੰ ਸੁਖੀ ਸਾਂਦੀ ਵਾਪਸ ਘਰ ਲਿਆ ਕੇ ਹੋਰਨਾਂ ਛੱਲਿਆਂ ਦੇ ਮਾਪਿਆਂ ਨੂੰ ਵੀ ਮਾਨਸਿਕ ਰਾਹਤ ਦੇ ਸਕੇ ਪਰ ਉਹ ਮਾਪਿਆਂ ਦੀ ਇਸ ਆਸ ਨੂੰ ਬਿਲਕੁਲ ਖਤਮ ਹੋਇਆ ਵੀ ਨਹੀਂ ਵੇਖਣਾ ਚਾਹੁੰਦਾ। ਇਸ ਲਈ ਉਹ ਪ੍ਰਾਪਤ ਯਥਾਰਥ ਨੂੰ ਇੱਛਤ ਦੀ ਬਜਾਏ ਸੰਭਾਵਿਤ ਯਥਾਰਥ ਵਿਚ ਬਦਲ ਕੇ ਵਿਚ-ਵਿਚਾਲੇ ਦਾ ਰਾਹ ਲੱਭਦਾ ਹੈ। ਨਾਟਕ ਦੇ ਅੰਤਲੇ ਦ੍ਰਿਸ਼ ਸਮੇਂ ਲੈਪੀ ਬਾਬਾ ਵਲੋਂ ਆਪਣੇ ਗਲ ਵਿਚ ਲਮਕਾਇਆ ਲੈਪਟਾਪ ਲਾਹ ਕੇ ਪਰ੍ਹਾਂ ਵਗਾਹ ਮਾਰਨਾ ਤੇ ਕੋਈ ਨਵਾਂ ਹਾਰਡਵੇਅਰ ਬਣਾਉਣ ਦੀ ਗੱਲ ਕਰਨਾ ਅਜਿਹੇ ਹੀ ਸੰਭਾਵਿਤ ਯਥਾਰਥ ਦੀ ਆਮਦ ਦਾ ਸੰਕੇਤਕ ਪ੍ਰਗਟਾਵਾ ਹੈ। ਨਾਟਕ ਦੇ ਅੰਤਲੇ ਸੀਨ ਵਿਚ ਸੁਣਾਈ ਦਿੰਦੇ ਗੀਤ ਦੇ ਇਹ ਬੋਲ ਵੀ ਇਸ ਸੰਭਾਵਿਤ ਯਥਾਰਥ ਦੀ ਹੀ ਦੂਰਅੰਦੇਸ਼ ਨਿਸ਼ਾਨਦੇਹੀ ਕਰਦੇ ਹਨ:
ਛਲਿਓ ਇੰਝ ਨਹੀਂ ਢਹਿਣਾ
ਏਦਾਂ ਕਦ ਤੱਕ ਬਹਿਣਾ
ਉਏ ਆਖਿਰ ਉਠਣਾ ਪੈਣਾ
ਗੱਲ ਸੁਣ ਛੱਲਿਆ ਹੱਸ ਪੈ
ਤੇਗ ਦੀ ਧਾਰ `ਤੇ ਨੱਚ ਪੈ।
ਨਾਟਕ ਵਿਚਲੀ ਕਹਾਣੀ ਅਨੁਸਾਰ ਬੇਰੁਜ਼ਗਾਰੀ ਤੇ ਬੇਕਾਰੀ ਦੇ ਸਤਾਏ ਮਨੀ ਤੇ ਉਸ ਦੇ ਚਾਰ ਹੋਰ ਦੋਸਤ ਭਲਵਾਨ, ਬੰਬੀਰੀ, ਕਾਲਾ ਤੇ ਅੰਗਰੇਜ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਪੱਛਮੀ ਮੁਲਕ ਅਮਰੀਕਾ ਵੱਲ ਪਰਵਾਜ਼ ਭਰਦੇ ਹਨ ਪਰ ਏਜੰਟ ਵਲਂੋ ਧੋਖਾਧੜੀ ਕੀਤੇ ਜਾਣ `ਤੇ ਉਹ ਇਰਾਕ ਵਿਚ ਹੀ ਬੰਧੂਆ ਮਜ਼ਦੂਰ ਬਣ ਕੇ ਰਹਿ ਜਾਂਦੇ ਹਨ। ਨਾਟਕ ਇਸ ਤੱਥ ਨੂੰ ਸਰਵਜਨਕ ਸੱਚ ਵਜੋਂ ਉਭਾਰਦਾ ਹੈ ਕਿ ਦੁਨੀਆ ਭਰ ਦੇ ਸਾਮਰਾਜੀ ਸ਼ਾਸ਼ਕਾਂ, ਲੁਟੇਰਿਆਂ, ਦਰਿੰਦਿਆਂ ਤੇ ਜ਼ਾਲਮਾਂ ਦੀ ਮਾਨਸਿਕਤਾ ਇਕੋ ਜਿਹੀ ਹੁੰਦੀ ਹੈ। ਜੇ ਅਜਿਹੇ ਲੋਕ ਭਾਰਤ ਵਿਚ ਮਨੀ ਵਰਗੇ ਹੋਣਹਾਰ ਨੌਜਵਾਨਾਂ ਨੂੰ ਆਪਣੀ ਵਹਿਸ਼ਤ ਦਾ ਸ਼ਿਕਾਰ ਬਣਾ ਰਹੇ ਹਨ ਤਾਂ ਇਰਾਕ ਵਰਗੇ ਮੂਲਵਾਦੀ ਮੁਲਕਾਂ ਵਿਚ ਅਬੀਰ ਤੇ ਉਸਦੀ ਭਰਜਾਈ ਨੂੰ ਵੀ ਇਹੋ ਜਿਹੀ ਬਿਰਤੀ ਵਾਲੇ ਲੋਕਾਂ ਦੀ ਵਹਿਸ਼ਤ ਤੇ ਦਰਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਨਾਟਕਕਾਰ ਇਸ ਸਥਿਤੀ ਦਾ ਪ੍ਰਤੀਉਤਰ ਅਬੀਰ ਵਲੋਂ ਮਨੀ ਪ੍ਰਤੀ ਵਿਖਾਈ ਮਾਨਵੀ ਹਮਦਰਦੀ ਰਾਹੀਂ ਸਿਰਜਦਾ ਹੈ ਤਾਂ ਨਾਲ ਹੀ ਇਸ ਮਾਨਵੀ ਸਥਾਪਨਾ ਨੂੰ ਵੀ ਬਲ ਮਿਲ ਜਾਂਦਾ ਹੈ ਕਿ ਬੁਰਾਈ ਤੇ ਦਰਿੰਦਗੀ ਦੇ ਸਮਾਂਤਰ ਮਾਨਵਤਾ, ਸੁਹਿਰਦਤਾ ਤੇ ਚੰਗਿਆਈ ਵੀ ਹਰ ਹਾਲ, ਹਾਰ ਕਾਲ ਤੇ ਹਰ ਸਥਾਨ `ਤੇ ਆਪਣੀ ਹੋਂਦ ਜ਼ਰੂਰ ਰੱਖਦੀ ਹੈ। ਜੇ ਅਬੀਰ ਤੇ ਮਨੀ ਵਿਚਕਾਰ ਮਾਨਵੀ ਅਧਾਰ `ਤੇ ਭੈਣ-ਭਰਾ ਦਾ ਰਿਸ਼ਤਾ ਉਸਰਦਾ ਹੈ ਤਾਂ ਹੀ ਮਨੀ ਉਸਦੀ ਮਦਦ ਨਾਲ ਆਪਣੇ ਤਿੰਨ ਸਾਥੀਆਂ ਸਮੇਤ ਇਰਾਕ ਦੇ ਬਾਰਡਰ ਏਰੀਏ ਵਿਚ ਪਹੁੰਚਣ ਵਿਚ ਸਫਲ ਹੁੰਦਾ ਹੈ। ਆਈ. ਐਸ (ਇਸਲਾਮਿਕ ਸਟੇਟ) ਜਥੇਬੰਦੀ ਵੱਲੋਂ ਉਸ ਦੇ ਤਿੰਨੇ ਸਾਥੀ ਕਤਲ ਕਰ ਦਿੱਤੇ ਜਾਣ ਤੋਂ ਬਾਅਦ ਉਹ ਅਬੀਰ ਦੀ ਮਦਦ ਨਾਲ ਹੀ ਇਰਾਕੀ ਪੁਲਿਸ ਅੱਗੇ ਆਤਮ ਸਮਰਪਣ ਕਰ ਕੇ ਭਾਰਤ ਵਾਪਸ ਪਰਤਦਾ ਹੈ।
ਮਨੀ ਦੀ ਦੇਸ਼ ਵਾਪਸੀ `ਤੇ ਭਾਰਤੀ ਸਟੇਟ ਦੇ ਲੋਕਤੰਤਰੀ ਤੇ ਲੋਕ ਕਲਿਆਣਕਾਰੀ ਹੋਣ ਦਾ ਭਰਮ ਹੀ ਨਹੀਂ ਟੁੱਟਦਾ ਸਗੋਂ ਲੋਕਤੰਤਰ ਦੇ ਨਾਂ `ਤੇ ਖੇਡੀ ਜਾ ਰਹੀ ਅਲੋਕਤੰਤਰੀ ਖੇਡ ਦਾ ਸੱਚ ਵੀ ਉਜਾਗਰ ਹੁੰਦਾ ਹੈ। ਪੰਜ ਰਾਜਾਂ ਵਿਚ ਹੋਣ ਵਾਲੀਆਂ ਚੋਣਾਂ ਨੇੜੇ ਹੋਣ ਕਰਕੇ ਜਦੋਂ ਸਰਕਾਰ ਨੂੰ ਲੱਗਦਾ ਹੈ ਕਿ ਇਰਾਕ ਵਿਚ ਅਤਿਵਾਦੀਆਂ ਹੱਥੋਂ ਮਾਰੇ ਗਏ ਭਾਰਤੀ ਨੌਜਵਾਨਾਂ ਦਾ ਸੱਚ ਬਾਹਰ ਆਉਣ `ਤੇ ਉਸਨੂੰ ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ ਤਾਂ ਉਹ ਇਹ ਸਚਾਈ ਛੁਪਾਉਣ ਲਈ ਵਾਪਸ ਪਰਤੇ ਮਨੀ `ਤੇ ਹਰ ਤਰ੍ਹਾਂ ਦਾ ਦਬਾਅ ਪਾਉਂਦੀ ਹੈ। ਇਕ ਪਾਸੇ ਸੱਚ ਲੁਕਾਉਣ ਬਦਲੇ ਉਸਨੂੰ ਆਰਥਿਕ ਸਹਾਇਤਾ ਤੇ ਨੌਕਰੀ ਦਾ ਲਾਲਚ ਦਿੱਤਾ ਜਾਂਦਾ ਹੈ ਤਾਂ ਦੂਜੇ ਪਾਸੇ ਉਸਦਾ ਭਵਿੱਖ ਖਤਮ ਕਰਨ ਦੇ ਡਰਾਵੇ ਵੀ ਦਿੱਤੇ ਜਾਂਦੇ ਹਨ। ਜਦੋਂ ਉਹ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਸੱਚ ਬੋਲਣ ਲਈ ਬਜ਼ਿੱਦ ਰਹਿੰਦਾ ਹੈ ਤਾਂ ਉਸਨੂੰ ਸਰੀਰਕ ਤੇ ਮਾਨਸਿਕ ਤਸੀਹੇ ਵੀ ਦਿੱਤੇ ਜਾਂਦੇ ਹਨ। ਭਾਵੇਂ ਉਸ ਦੀ ਅਡੋਲਤਾ ਆਦਰਸ਼ਕ ਰੰਗਤ ਵਾਲੀ ਹੈ ਪਰ ਪ੍ਰਾਪਤ ਯਥਾਰਥ ਨੂੰ ਸੰਭਾਵਿਤ ਯਥਾਰਥ ਵਿਚ ਤਬਦੀਲ ਕਰਨ ਲਈ ਅਜਿਹੇ ਆਦਰਸ਼ ਦੀ ਸਿਰਜਣਾ ਬਹੁਤ ਜ਼ਰੂਰੀ ਹੁੰਦੀ ਹੈ।
ਨਾਟਕ ਵਿਚਲਾ ਲੈਪੀ ਬਾਬਾ ਦਾ ਕਰੈਕਟਰ ਗੁੰਝਲਦਾਰ ਵੀ ਹੈ ਤੇ ਦਿਲਚਸਪ ਵੀ। ਉਸ ਨੂੰ ਨਾਟਕ ਵਿਚ ਪੜ੍ਹੇ-ਲਿਖੇ ਪਾਗਲ ਵਜੋਂ ਪੇਸ਼ ਕੀਤਾ ਗਿਆ ਹੈ ਪਰ ਉਹ ਜਿਸ ਤਰ੍ਹਾਂ ਦੀ ਦਾਰਸ਼ਨਿਕ ਭਾਸ਼ਾ ਵਿਚ ਮਨੁੱਖੀ ਸੋਚ ਵਿਚ ਆਏ ਨਿਘਾਰ ਦੀ ਗੱਲ ਕਰਦਾ ਹੈ, ਉਸ ਤੋਂ ਲੱਗਦਾ ਹੈ ਕਿ ਅੱਜ ਦੇਸ਼ ਨੂੰ ਸਿਆਣੇ ਤੇ ਚਲਾਕ ਆਗੂਆਂ ਨਾਲੋਂ ਲੈਪੀ ਬਾਬੇ ਵਰਗੇ ਅਰਧ ਪਾਗਲਾਂ ਦੀ ਵੱਧ ਲੋੜ ਹੈ। ਨਾਟਕ ਦੇ ਸਟੇਜੀ ਮੰਚਨ ਦੀਆਂ ਲੋੜਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਕੋਈ ਵੀ ਕੁਸ਼ਲ ਨਿਰਦੇਸ਼ਕ ਇਸ ਦੇ ਮੰਚਨ ਰਾਹੀਂ ਨਾਟਕ ਸਿਰਜਣਾ ਦੀ ਉਦੇਸ਼ਮੁਖੀ ਪਹੁੰਚ ਨੂੰ ਉਭਾਰਨ ਦੇ ਨਾਲ ਨਾਲ ਨਾਟਕ ਦੇ ਦਰਸ਼ਕਾਂ `ਤੇ ਆਪਣੀ ਨਿਰਦੇਸ਼ਨ ਕਲਾ ਦਾ ਬੱਝਵਾਂ ਪ੍ਰਭਾਵ ਵੀ ਪਾ ਸਕਦਾ ਹੈ। ਪੁਸਤਕ `ਤੇ ਦਰਜ ਜਾਣਕਾਰੀ ਅਨੁਸਾਰ ਇਹ ਨਾਟਕ ਸੁਰਿੰਦਰ ਸਾਗਰ ਦੀ ਨਿਰਦਸ਼ਨਾ ਹੇਠ ਕਈ ਯੂਥ ਫੈਸਟੀਵਲਾਂ ਤੋਂ ਇਲਾਵਾ ਪੰਜਾਬੀ ਯੂਨੀਵਰਿਸਟੀ ਦੇ ਕਲਾ ਭਵਨ ਸਮੇਤ ਕਈ ਹੋਰ ਵੱਡੀਆਂ ਸਟੇਜਾਂ `ਤੇ ਸਫਲਤਾ ਪੂਰਵਕ ਖੇਡਿਆ ਜਾ ਚੁੱਕਾ ਹੈ। 96 ਪੰਨਿਆਂ `ਤੇ ਆਧਾਰਿਤ 180 ਰੁਪਏ ਮੁੱਲ ਦੀ ਇਸ ਪੁਸਤਕ ਨੂੰ ਓਏਸੀਜ਼ ਪਬਲੀਕੇਸ਼ਨਜ਼ ਪਟਿਆਲਾ ਨੇ ਛਾਪਿਆ ਹੈ।
ਫੋਨ: 89682-82700